ਖੁਸ਼ੀਆਂ ਦਾ ਦੇਵਤਾ

ਅਵਤਾਰ ਗੋਂਦਾਰਾ
ਫੋਨ: 559-375-2589
ਭਾਰਤ ਵਿਚ ਨਾ ਡਾਕਟਰਾਂ ਦੀ ਥੁੜ੍ਹ ਹੈ, ਨਾ ਹੀ ਇੰਜੀਨੀਅਰਾਂ, ਆਰਕੀਟੈਕਟਾਂ ਦੀ। ਵੱਡੀਆਂ ਫੀਸਾਂ ਖਰਚ ਕੇ ਬਣੇ ਜਿੱਥੇ ਪਹਿਲਿਆਂ ਦਾ ਜੀਵਨ-ਮਨੋਰਥ, ਲੋਕਾਂ ਦੀ ਸਿਹਤ ਨਹੀਂ, ਪੈਸਾ ਹੈ; ਉਥੇ ਮਗਰਲਿਆਂ ਦਾ ਉਦੇਸ਼ ਚੰਗੀਆਂ ਸੜਕਾਂ, ਹੰਢਣਸਾਰ ਪੁਲ, ਸੁਹਣੇ ਨਗਰ ਅਤੇ ਪਾਰਕਾਂ ਦੀ ਉਸਾਰੀ ਨਹੀਂ, ਸਗੋਂ ਕਮਿਸ਼ਨ ਰਾਹੀਂ ਮਾਇਆ ਇਕੱਠੀ ਕਰਨਾ ਹੁੰਦਾ ਹੈ। ਪਹਿਲਾਂ ਗੈਰ ਕਾਨੂੰਨੀ ਉਸਾਰੀਆਂ ਕਾਲੋਨੀਆਂ ਨੂੰ ਬਣਦੇ ਉਸਰਦੇ ਦੇਖਣਾ ਤੇ ਫਿਰ ਉਨ੍ਹਾਂ ਨੂੰ ਰੈਗੂਰਲ ਕਰਨ ਦੇ ਨਾਂ ‘ਤੇ ਆਪਣਾ ਹਿੱਸਾ ਬਟੋਰਨਾ। ਮਾਹਿਰਾਂ ਦੀ ਇਸ ਭੀੜ ਵਿਚ ਕਈ ਅਜਿਹੇ ਮਰਜੀਵੜੇ ਵੀ ਹੁੰਦੇ ਹਨ, ਜੋ ਵਹਿਣ ਦੇ ਉਲਟ ਚੱਲਦੇ ਹਨ। ਅਜਿਹੀ ਹੀ ਸ਼ਖਸੀਅਤ ਹੈ, ਡਾ. ਹਰਸ਼ਿੰਦਰ ਕੌਰ।

ਉਹ ਪਟਿਅਲੇ ਦੇ ਸਰਕਾਰੀ ਹਸਪਤਾਲ ਵਿਚ ਬੱਚਿਆਂ ਦੇ ਵਿਭਾਗ ਵਿਚ ਤਾਇਨਾਤ ਹੈ। ਉਹ ਉਨ੍ਹਾਂ ਡਾਕਟਰਾਂ ‘ਚੋਂ ਨਹੀਂ, ਜਿਨ੍ਹਾਂ ਲਈ ਰੋਗੀ ਇੱਕ ਚੁੰਗ ਹੋਵੇ; ਉਹ ਉਸ ਨੂੰ ਸਿਹਤਮੰਦ ਤੇ ਖੁਸ਼ ਦੇਖਣ ਲਈ ਯਤਨਸ਼ੀਲ ਹੈ।
ਕਈ ਕੌਮਾਂਤਰੀ, ਕੌਮੀ ਅਤੇ ਰਾਜਕੀ ਇਨਾਮਾਂ ਨਾਲ ਨਿਵਾਜੀ ਇਸ ਸਮਾਜ ਸੇਵੀ ਨੇ ਲੰਮਾ ਤੇ ਬਿਖੜਾ ਪੈਂਡਾ ਤੈਅ ਕੀਤਾ ਹੈ। ਪਿਛਲੇ ਦਿਨੀਂ ਇਸ ਸਫਰ ਦੇ ਮੋੜਾਂ-ਘੋੜਾਂ ਬਾਰੇ ਉਸ ਦੇ ਮੂੰਹੋਂ ਸੁਣਨ ਦਾ ਮੌਕਾ ਮਿਲਿਆ। ਥਾਂ ਸੀ, ਕਵੀ ਅਤੇ ਵਿਗਿਆਨੀ ਡਾ. ਗੁਰੂਮੇਲ ਸਿੱਧੂ ਦਾ ਫਰਿਜ਼ਨੋ ਨਿਵਾਸ, ਜਿੱਥੇ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਦੇ ਕਾਰਕੁਨ ਹਾਜਰ ਸਨ। ਡਾ. ਹਰਸ਼ਿੰਦਰ ਕੌਰ ਦੇ ਬੋਲਾਂ ਵਿਚ ਸਫਰ ਦਾ ਥਕੇਵਾਂ ਨਹੀਂ, ਚਿਹਰੇ ‘ਤੇ ਮਿਲੇ ਸਨਮਾਨਾਂ, ਕੀਤੀ ਸੇਵਾ ਦਾ ਖੇੜਾ ਹੈ।
ਉਸ ਦਾ ਪਹਿਲਾ ਪ੍ਰਭਾਵ ਅਜਿਹਾ ਸੀ ਕਿ ਮਿਥੇ ਸਮੇਂ ਤੋਂ ਕਾਫੀ ਪੱਛੜ ਕੇ ਆਉਣਾ, ਕਿਸੇ ਨੂੰ ਚੁੱਭਿਆ ਨਹੀਂ। ਪੰਜਾਬੀਆਂ ਦੇ ਸਮੇਂ ਦੀ ਪਾਬੰਦੀ ਤੋਂ ਬੇਨਿਆਜ ਖੁੱਲ੍ਹੇ ਡੁੱਲੇ ਸੁਭਾ ਦੀ ਰਿਆਇਤ ਦਿੰਦਿਆਂ ਸਭਾ ਦੇ ਸਕੱਤਰ ਹਰਜਿੰਦਰ ਕੰਗ ਨੇ ਉਸ ਨੂੰ ਜੀ ਆਇਆਂ ਆਖਿਆ ਅਤੇ ਲਹਿੰਦੇ ਪੰਜਾਬ ਦੇ ਸ਼ਾਇਰ ਮੁਨੀਰ ਨਿਆਜੀ ਦੀਆਂ ਸਤਰਾਂ ਨਾਲ ਗੱਲ ਤੋਰੀ,
ਜਰੂਰੀ ਬਾਤ ਕਹਿਨੀ ਹੋ
ਕੋਈ ਵਾਅਦਾ ਨਿਭਾਨਾ ਹੋ
ਉਸੇ ਆਵਾਜ਼ ਦੇਨੀ ਹੋ
ਉਸੇ ਵਾਪਿਸ ਬੁਲਾਨਾ ਹੋ
ਹਮੇਸ਼ਾ ਦੇਰ ਕਰ ਦੇਤਾ ਹੂੰ ਮੈਂ।
ਆਪਣੀ ਪ੍ਰੇਰਣਾ, ਜ਼ਿੰਦਗੀ ‘ਚ ਆਏ ਕੂਹਣੀ ਮੋੜਾਂ ਬਾਰੇ ਉਹ ਗੱਲ ਸ਼ੁਰੂ ਕਰਦੀ ਹੈ। ਕਹਾਣੀਕਾਰ ਕਰਮ ਸਿੰਘ ਮਾਨ ਪੁੱਛਦਾ ਹੈ ਕਿ ਬਾਕੀ ਡਾਕਟਰਾਂ ਦੇ ਉਲਟ ਮਾਇਆ ਦੀ ਥਾਂ, ਉਸ ਨੇ ਮੋਹ ਦਾ ਰਾਹ ਕਿਵੇਂ ਫੜ੍ਹ ਲਿਆ? ਉਹ ਦੱਸਦੀ ਹੈ, ਕਿਸੇ ਪਿੰਡ ਕੈਂਪ ਲਾਉਣ ਜਾਂਦਿਆਂ ਦੋ ਦਹਾਕੇ ਪਹਿਲਾਂ, ਰਾਹ ‘ਚ ਵਾਪਰੀ ਘਟਨਾ ਨੇ ਉਸ ਨੂੰ ਅੰਦਰ ਤੱਕ ਹਲੂਣ ਦਿੱਤਾ ਸੀ। ਹੱਡਾ ਰੋੜੀ ਵਿਚ ਕਿਸੇ ਦੇ ਰੋਣ ਦੀ ਆਵਾਜ਼ ਤੋਂ ਚੌਂਕੀ ਆਪਣੇ ਪਤੀ ਨਾਲ ਉਹ ਉਧਰ ਜਾਂਦੀ ਹੈ, ਜਿੱਥੇ ਕੁੱਤੇ ਇੱਕ ਨਵਜਾਤ ਨੂੰ ਕੋਹ ਕੇ ਮਾਰ ਚੁਕੇ ਹਨ। ਧਿਆਨ ਨਾਲ ਦੇਖਣ ‘ਤੇ ਪਤਾ ਲੱਗਦਾ ਹੈ ਕਿ ਲਾਸ਼ ਕੁੜੀ ਦੀ ਹੈ। ਇਸ ਬਾਰੇ ਉਹ ਪਿੰਡ ਵਿਚ ਗੱਲ ਤੋਰਦੀ ਹੈ ਪਰ ਕਿਸੇ ਲਈ ਇਹ ਅਲੋਕਾਰੀ ਘਟਨਾ ਨਹੀਂ। ਪਿੰਡ ਵਾਲੇ ਸਰਸਰੀ ਦੱਸਦੇ ਹਨ ਕਿ ਫਲਾਣਿਆਂ ਦੀ ਗਰੀਬ ਘਰ ਦੀ ਔਰਤ ਆਪਣੀ ਨਵਜੰਮੀ ਕੁੜੀ ਨੂੰ ਹੱਡਾ ਰੋੜੀ ਵਿਚ ਸੁੱਟ ਕੇ ਆਈ ਹੈ। ਉਹ ਦੱਸਦੇ ਹਨ ਕਿ ਪਹਿਲਾਂ ਹੀ ਤਿੰਨ ਕੁੜੀਆਂ ਦੀ ਮਾਂ ਨੂੰ ਉਸ ਦੇ ਪਤੀ ਨੇ ਧਮਕੀ ਦਿੱਤੀ ਸੀ ਕਿ ਚੌਥੀ ਕੁੜੀ ਜੰਮਣ ‘ਤੇ ਉਹ ਸਾਰੀਆਂ ਨੂੰ ਘਰੋਂ ਕੱਢ ਦੇਵੇਗਾ।
ਡਾ. ਹਰਸ਼ਿੰਦਰ ਕੌਰ ਨੂੰ ਔਰਤ ਹੋਣ ਦੇ ਸੰਤਾਪ ਦਾ ਪਹਿਲੀ ਵਾਰ ਪਤਾ ਲੱਗਦਾ ਹੈ ਤੇ ਫਿਰ ਖੋਜ ਸ਼ੁਰੂ ਹੋ ਹੁੰਦੀ ਹੈ। ਉਹ ਦੱਸਦੀ ਹੈ, “ਉਸ ਨੂੰ ਭਰੂਣ ਹੱਤਿਆ ਦਾ ਪਤਾ ਨਹੀਂ ਸੀ। ਆਪ ਕਿਤੇ ਵਿਤਕਰਾ ਦੇਖਿਆ ਨਹੀਂ ਸੀ। ਫਿਰ ਕੈਂਪਾਂ ਵਿਚ ਮੈਂ ਮੁੰਡੇ-ਕੁੜੀ ਦੇ ਪੈਦਾ ਹੋਣ ਵਿਚ ਔਰਤ ਮਰਦ ਦੇ ਰੋਲ ਬਾਰੇ ਬਾਕਾਇਦਾ ਦੱਸਣਾ ਸ਼ੁਰੂ ਕੀਤਾ।” ਉਹ ਦੁਨੀਆਂ ਦੀਆਂ 383 ਕੁੜੀ-ਮਾਰ ਜਾਤੀਆਂ ਬਾਰੇ ਦਸਦੀ ਹੈ, ਜਿਨ੍ਹਾਂ ਦੀ ਹੁਣ ਕੋਈ ਹੋਂਦ ਨਹੀਂ। ਔਰਤ ਪ੍ਰਤੀ ਵਿਤਕਰੇ ਦੀ ਤਲਾਸ਼ ਉਸ ਨੂੰ ਲਾਇਬਰੇਰੀਆਂ, ਮਰਦਮਸ਼ੁਮਾਰੀਆਂ, ਘਰੇ ਪਈਆਂ ਪੁਰਾਣੀਆਂ ਪੁਸਤਕਾਂ ਤੱਕ ਲਿਜਾਂਦੀ ਹੈ। ਉਸ ਨੇ ਆਮ ਪੇਂਡੂ ਔਰਤਾਂ ਅਤੇ ਲੜਕੀਆਂ ਨਾਲ ਹੁੰਦੇ ਵਿਤਕਰੇ ਤੇ ਸ਼ੋਸ਼ਣ ਦੀ ਵਿਆਪਕਤਾ ਨੂੰ ਡੂੰਘਾਈ ਤੱਕ ਦੇਖਿਆ ਹੈ।
ਡਾ. ਹਰਸ਼ਿੰਦਰ ਕੌਰ ਦਾ ਮਨ ਡਾਵਾਂਡੋਲ ਵੀ ਹੁੰਦਾ ਹੈ। ਕਈ ਸਾਲਾਂ ਦੇ ਪ੍ਰਚਾਰ ਪ੍ਰਸਾਰ ਨਾਲ ਵੀ ਜੇ ਉਹ ਕੁੱਖ ਪਲਦੀ ਕਿਸੇ ਕੁੜੀ ਨੂੰ ਨਹੀਂ ਬਚਾ ਸਕੀ ਤਾਂ ਇਸ ਭੱਜ ਨੱਠ ਦਾ ਕੀ ਮਕਸਦ? ਨਾਲ ਦੇ ਡਾਕਟਰ ਤਰੱਕੀਆਂ ਲੈ ਗਏ, ਕਈਆਂ ਨੇ ਚੋਖੀਆਂ ਕਮਾਈਆਂ ਕੀਤੀਆਂ। ਡਾਕਟਰੀ ਭਾਈਚਾਰਾ ਉਸ ਨੂੰ ਸਿਰਫਿਰੀ ਸਮਝਦਾ ਹੈ। ਉਹ ਸਭ ਕੁਝ ਛੱਡ ਦੇਣ ਬਾਰੇ ਸੋਚਦੀ ਹੈ, ਤਾਂ ਉਸ ਨੂੰ ਇੱਕ ਕੈਨੇਡਾ ਨਿਵਾਸੀ ਦਾ ਫੋਨ ਆਉਂਦਾ ਹੈ। ਉਹ ਦੱਸਦਾ ਹੈ ਕਿ ਉਹ ਪਤਨੀ ਨੂੰ ਲੈ ਕੇ ਰੋਪੜ ਦੇ ਮਸ਼ਹੂਰ ਐਨ. ਆਈ. ਆਰ. ਕਲਿਨਿਕ ‘ਚ ਗਰਭਪਾਤ ਕਰਾਉਣ ਆਇਆ ਸੀ। ਜਦੋਂ ਉਸ ਦੀ ਪਤਨੀ ਓਪਰੇਸ਼ਨ ਥੀਏਟਰ ‘ਚ ਸੀ, ਤਾਂ ਉਸ ਨੇ ਉਥੇ ਪਏ ਅਖਬਾਰ ਵਿਚ ਉਸ ਦਾ ਲੇਖ ‘ਕੁੜੀਆਂ ਤਾਂ ਕੁੜੀਆਂ ਨੇ, ਕੁੜੀਆਂ ਦਾ ਕੀ ਏ’ ਪੜ੍ਹਿਆ। ਉਹ ਕਹਿੰਦਾ, ਪੜ੍ਹਦਿਆਂ ਪੜ੍ਹਦਿਆਂ ਮੇਰਾ ਗੱਚ ਭਰ ਆਇਆ ਤੇ ਮੈਂ ਤੁਰੰਤ ਕਿਹਾ ਅਸੀਂ ਅਬੌਰਸ਼ਨ ਨਹੀਂ ਕਰਾਉਣਾ। ਅਸੀਂ ਕੈਨੇਡਾ ਵਾਪਸ ਆ ਗਏ। ਸਾਡੇ ਲੜਕੀ ਹੋਈ ਹੈ ਅਤੇ ਅਸੀਂ ਉਸ ਦਾ ਨਾਂ ‘ਹਰਸ਼ਿੰਦਰ’ ਰੱਖਿਆ ਹੈ।
ਇਸ ਘਟਨਾ ਨੇ ਉਸ ਦੇ ਡੋਲਦੇ ਮਨ ਨੂੰ ਫਿਰ ਤਕੜਾ ਕੀਤਾ। ਪਿੰਡ ਪਿੰਡ ਫਿਰਨ ਦੀ ਥਾਂ, ਉਸ ਨੇ ਇੱਕ ਪਿੰਡ ਮੱਲਾ ਖੇੜੀ ਅਪਨਾਇਆ, ਜਿੱਥੇ 100 ਮੁੰਡਿਆਂ ਪਿਛੇ 83 ਕੁੜੀਆਂ ਸਨ। ਧਾਗਿਆਂ ਦੀ ਮਦਦ ਨਾਲ ਯ ੈ ਕਰੋਮੋਸੋਮਾਂ ਦੀ ਲੀਲਾ ਦੱਸੀ ਕਿ ਮੁੰਡਾ-ਕੁੜੀ ਕਿਵੇਂ ਬਣਦੇ ਹਨ। ਪ੍ਰੇਰਣਾ ਤੇ ਪ੍ਰਚਾਰ ਦਾ ਅਸਰ ਇਹ ਹੋਇਆ ਕਿ ਮੁੰਡਿਆਂ-ਕੁੜੀਆਂ ਦੀ ਅਨੁਪਾਤ 100 ਅਤੇ 103 ਵਿਚ ਬਦਲ ਗਈ। ਇਸ ਦੀ ਚਰਚਾ ਦੇਸ਼ ਵਿਦੇਸ਼ ਤੱਕ ਹੋਈ। ਨੀਦਰਲੈਂਡ ਤੋਂ ਟੀਮ ਆਈ, ਉਸ ਨੇ ਪਿੰਡ ਦਾ ਦੌਰਾ ਕੀਤਾ ਤੇ ਦਸਤਾਵੇਜ਼ੀ ਫਿਲਮ ਬਣਾਈ, ਜਿਸ ਨਾਂ ਰੱਖਿਆ, ‘A ਲਅਦੇ ੱਟਿਹ ਅ ਟਹਰeਅਦ, A ਲਅਦੇ ੱਟਿਹ ਅ ਮਸਿਸਿਨ।’
ਇੰਨੇ ਮਿਸ਼ਨਰੀ ਕੰਮ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਮੁਅੱਤਲ ਤੇ ਕੇਂਦਰ ਸਰਕਾਰ ਵਲੋਂ ਤੰਗ ਕੀਤੇ ਜਾਣ ਦਾ ਕਾਰਨ ਕੀ ਸੀ? ਕਵੀ ਸੰਤੋਖ ਮਿਨਹਾਸ ਪੁੱਛਦਾ ਹੈ। ਡਾ. ਹਰਸ਼ਿੰਦਰ ਕੌਰ ਦੱਸਦੀ ਹੈ, ਕਿਵੇਂ ਉਸ ਦੇ ਕੰਮ ਦੀ ਖਬਰ ਯੂ. ਐਨ. ਓ. ਤੱਕ ਪਹੁੰਚੀ ਤੇ ਕਿਵੇਂ ਉਨ੍ਹਾਂ ਨੇ ਉਥੇ ਬੋਲਣ ਲਈ ਸੱਦਾ ਦਿੱਤਾ, ਜਿਸ ਦਾ ਵਿਸ਼ਾ ਸੀ, ‘ਪੰਜਾਬੀ ਕੁੜੀ ਮਾਰ ਕਿਉਂ ਹਨ?’ ਇਸ ਵਿਸ਼ੇ ਨੇ ਉਸ ਨੂੰ ਹੋਰ ਉਕਸਾਇਆ ਤੇ ਉਸ ਨੇ ਮੁਲਕ ਭਰ ਵਿਚ ਮੁੰਡੇ-ਕੁੜੀ ਦੇ ਅਨੁਪਾਤ ਬਾਰੇ ਖੋਜ ਕੀਤੀ।
ਉਸ ਦੀ ਕਹਾਣੀ ਵਿਚ ਗਲੋਬਲੀ ਵਰਤਾਰੇ ਦੀਆਂ ਪਰਤਾਂ ਖੁਲ੍ਹਦੀਆਂ ਹਨ। ਕੁੜੀ ਮਾਰਾਂ ਵਿਚ ਸਾਰੇ ਮੁਲਕਾਂ ਦਾ ਨੁਮਾਇਆ ਯੋਗਦਾਨ ਹੈ। ਚੀਨ ਵਿਚ ਯਾਂਗਸੀ ਦਰਿਆ ਦਾ ਵਹਿਣ ਇਸ ਕਰਕੇ ਬਦਲਿਆ ਕਿਉਂਕਿ ਸਮੇਂ ਦੇ ਫੇਰ ਨਾਲ ਲੱਖਾਂ ਕੁੜੀਆਂ ਦੇ ਦੱਬੇ ਪਿੰਜਰਾਂ ਨੇ ਉਸ ਦੇ ਕਿਨਾਰੇ ਬੰਨ ਮਾਰ ਦਿੱਤਾ। ਭਾਰਤ ਸਰਕਾਰ ਦੇ ਹਵਾਲਿਆਂ ਮੁਤਾਬਕ ਰਾਜਸਥਾਨ ਦੇ ਭੱਟੀ ਰਾਜਪੂਤਾਂ ਵਿਚ 10,000 ਮੁੰਡਿਆਂ ਪਿੱਛੇ 50 ਕੁੜੀਆਂ ਰਹਿ ਗਈਆਂ ਹਨ। ਹਰਿਆਣਾ ਪੰਜਾਬ ਨੂੰ ਮਾਤ ਪਾ ਰਿਹਾ ਸੀ। ਬੰਬਈ ਦੇ ਇੱਕ ਹਸਪਤਾਲ ਵਿਚ ਇੱਕ ਸਾਲ ਵਿਚ 1000 ਕੁੜੀਆਂ ਦੀ ਭਰੂਣ ਹੱਤਿਆ ਦੀ ਰਿਪੋਰਟ ਇੱਕ ਮੈਡੀਕਲ ਰਸਾਲੇ ‘ਚ ਛਪੀ। ਉਸ ਕੋਲ ਘਰਾਂ ਵਿਚ ਨਜਦੀਕੀ ਰਿਸ਼ਤੇਦਾਰਾਂ ਵਲੋਂ ਕੁੜੀਆਂ ਦੇ ਸੋਸ਼ਣ ਦੇ ਦਹਿਲਾਉਣ ਵਾਲੇ ਕਿੱਸੇ-ਕਹਾਣੀਆਂ ਹਨ। ਉਹ ਯੂ. ਐਨ. ਓ. ਜਾ ਕੇ ਪੰਜਾਬੀਆਂ ਬਾਰੇ ਦਰਜ ਅੰਕੜਿਆਂ ਨੂੰ ਚੁਣੌਤੀ ਦਿੰਦੀ ਹੈ ਕਿ ਕੁੜੀ ਮਾਰਾਂ ਵਿਚ ਬਾਕੀ ਸੂਬਿਆਂ ਦਾ ਹਾਲ ਏਦੂੰ ਵੀ ਮਾੜਾ ਹੈ। ਸੱਚ ਦੱਸਣਾ ਮਹਿੰਗਾ ਪਿਆ ਤੇ ਸਰਕਾਰ ਨੂੰ ਲੱਗਿਆ ਕਿ ਕੌਮਾਂਤਰੀ ਭਾਈਚਾਰੇ ਵਿਚ ਮੁਲਕ ਦੀ ਭੰਡੀ ਹੋਈ ਹੈ। ਫਿਰ ਵਿਭਾਗੀ ਕਾਰਵਾਈਆਂ ਤੇ ਸੁਹੀਆ ਏਜੰਸੀਆਂ ਦੀ ਘੇਰਾਬੰਦੀ ਸ਼ੁਰੂ ਹੋਈ। ਕਈ ਹਫਤੇ ਘਰ ਦਹਿਸ਼ਤ ਨਾਲ ਘਿਰਿਆ ਰਿਹਾ। ਯੂ. ਐਨ. ਓ. ਦੇ ਦਖਲ ਅਤੇ ਲੋਕਾਂ ਦੇ ਵਿਰੋਧ ਕਰਨ ‘ਤੇ ਉਹ ਮਾਨਸਿਕ ਤੌਰ ‘ਤੇ ਤੋੜਨ ਵਾਲੇ ਇਸ ਸੰਤਾਪ ‘ਚੋਂ ਸਾਬਤ ਕਦਮੀਂ ਨਿਕਲਦੀ ਹੈ। ਹਾਲਾਤ ਬਦਲਦੇ ਹਨ। ਹੱਥਕੜੀਆਂ ਚੁੱਕੀ ਫਿਰਦੀ ਸਰਕਾਰ, ਹੁਣ ਉਸ ਨੂੰ ਇੱਕ ਤੋਂ ਬਾਅਦ ਇੱਕ ਇਨਾਮ ਨਾਲ ਨਿਵਾਜ ਰਹੀ ਹੈ।
ਉਸ ਨੇ ਨਸ਼ਿਆਂ ਨਾਲ ਰਸਾਤਲ ਵਿਚ ਪਹੁੰਚੇ ਪੰਜਾਬੀ ਪਰਿਵਾਰਾਂ, ਬੇਰੁਜਗਾਰੀ ਹੰਢਾ ਰਹੇ ਅਤੇ ਵਿਦੇਸ਼ਾਂ ਨੂੰ ਜਾਣ ਲਈ ਕਾਹਲੇ ਨੌਜਵਾਨਾਂ ਨੂੰ ਨੇੜਿਓਂ ਦੇਖਿਆ ਹੈ। ਗਰੀਬ ਕੁੜੀਆਂ ਦੀ ਦੁਰ ਦਸ਼ਾ ਨੇ ਉਸ ਨੂੰ ਟਰੱਸਟ ਬਣਾਉਣ ਲਈ ਪ੍ਰੇਰਿਆ, ਜੋ ਦਰਜਨਾਂ ਲੋੜਵੰਦ ਗਰੀਬ ਕੁੜੀਆਂ ਦੀ ਪੜ੍ਹਾਈ ਲਿਖਾਈ ਦਾ ਫਰਜ਼ ਨਿਭਾ ਰਿਹਾ ਹੈ।
ਜਦੋਂ ਡਾ. ਹਰਸ਼ਿੰਦਰ ਕੌਰ ਨੂੰ ਪੰਜਾਬ ਦੇ ਅਜੋਕੇ ਨਿਘਾਰ ਦੇ ਕਾਰਨਾਂ ਬਾਰੇ ਟਿੱਪਣੀ ਕਰਨ ਨੂੰ ਕਿਹਾ ਗਿਆ ਤਾਂ ਉਸ ਨੇ ਇਸ ਦਾ ਠੁਣਾ ਮਾੜੀਆਂ ਸਰਕਾਰੀ ਨੀਤੀਆਂ ਸਿਰ ਭੰਨਿਆ। ਮੁਫਤ ਬਿਜਲੀ ਪਾਣੀ ਨੇ ਲੋਕਾਂ ਦਾ ਉਦਮ ਖੋਹ ਲਿਆ ਹੈ, ਉਨ੍ਹਾਂ ਨੂੰ ਮੰਗਤੇ ਬਣਾ ਦਿੱਤਾ ਹੈ। ਉਹ ਸਰਕਾਰਾਂ ਨੂੰ ਸੁਆਲ ਕਰਨੋਂ ਹਟ ਗਏ ਹਨ। ਉਸ ਨੇ ਦੱਸਿਆ, ਜਦੋਂ ਉਸ ਨੇ ਬੋਲਣ ਲਈ ਸੱਦਾ ਭੇਜਣ ਵਾਲੇ ਅਦਾਰਿਆਂ ਤੋਂ ਟਰੱਸਟ ਲਈ ਪੈਸੇ ਮੰਗਣੇ ਸ਼ੁਰੂ ਕੀਤੇ, ਤਾਂ ਕਈਆਂ ਨੇ ਸੱਦਣਾ ਹੀ ਬੰਦ ਕਰ ਦਿੱਤਾ। ਉਨ੍ਹਾਂ ਨੇ ਵੀ ਜੋ ਆਪਣੇ ਸਾਲਾਨਾ ਸਮਾਗਮਾਂ ‘ਤੇ ਗਾਉਣ ਵਾਲਿਆਂ ਨੂੰ ਲੱਖਾਂ ਰੁਪਏ ਦਿੰਦੇ ਹਨ। ਡਾ. ਹਰਸ਼ਿੰਦਰ ਕੌਰ ਨੇ ਉਨ੍ਹਾਂ ਪਰਵਾਸੀਆਂ ਨੂੰ ਵੀ ਕੋਸਿਆ ਜੋ ਸੋਨੇ ਦੇ ਮੋਟੇ ਕੜੇ, ਮੁੰਦੀਆਂ ਤੇ ਗਾਨੀਆਂ ਪਾ ਕੇ, ਆਪਣੀਆਂ ਪੰਜਾਬ ਫੇਰੀਆਂ ਦੌਰਾਨ ਅਮੀਰੀ ਦਾ ਲੱਚਰ ਵਿਖਾਵਾ ਕਰਦੇ ਹਨ, ਤੇ ਉਥੋਂ ਦੇ ਮੁੰਡੇ-ਕੁੜੀਆਂ ਵਿਚ ਝੂਠੇ ਸੁਫਨਿਆਂ ਦਾ ਬੀਅ ਬੀਜਦੇ ਹਨ। ਉਸ ਨੇ ਪਰਵਾਸੀਆਂ ਨੂੰ ਵਿਦੇਸ਼ ਫੇਰੀਆਂ ‘ਤੇ ਆਉਂਦੇ ਭਾਰਤੀ ਸਿਆਸਤਦਾਨਾਂ ਨੂੰ ਸੁਆਲ ਕਰਨ ਦਾ ਸੱਦਾ ਦਿੱਤਾ।
ਵੱਖ ਵੱਖ ਧਿਰਾਂ ਦੀਆਂ ਜਿੰਮੇਵਾਰੀਆਂ ਅਤੇ ਬੇਵਸਾਹੀਆਂ ਦੀ ਲੰਮੀ ਚਰਚਾ ਬਾਅਦ ਕਵਿਤਾਵਾਂ ਦਾ ਦੌਰ ਸ਼ੁਰੂ ਹੁੰਦਾ ਹੈ। ਆਪਣੀਆਂ ਕਵਿਤਾਵਾਂ ਦੇ ਪਾਠ ਮਗਰੋਂ ਡਾ. ਹਰਸ਼ਿੰਦਰ ਕੌਰ ਦੇ ਇਸਰਾਰ ‘ਤੇ ਹਾਜਰ ਕਵੀਆਂ ‘ਚੋਂ ਅਸ਼ਰਫ ਗਿੱਲ, ਡਾ. ਗੁਰੂਮੇਲ ਸਿੱਧੂ, ਕਰਮ ਸਿੰਘ ਮਾਨ, ਮਹਿੰਦਰ ਸਿੰਘ ਢਾਅ, ਸੁਰਿੰਦਰ ਮੰਢਾਲੀ, ਨਵਦੀਪ ਧਾਲੀਵਾਲ, ਗੁੱਡੀ ਸਿੱਧੂ ਤੇ ਸੰਤੋਖ ਮਿਨਹਾਸ ਆਪਣੀਆਂ ਕਵਿਤਾਵਾਂ ਨਾਲ ਹਾਜਰੀ ਲੁਆਉਂਦੇ ਹਨ।
ਡਾ. ਹਰਸ਼ਿੰਦਰ ਕੌਰ ਨੇ ਦੱਸਿਆ ਕਿ ਜਨਮ ਸਮੇਂ ਵਾਪਰੀ ਘਟਨਾ ਨੇ ਉਸ ਦਾ ਜੀਵਨ ਮਿਸ਼ਨ ਤੈਅ ਕਰ ਦਿੱਤਾ। ਉਸ ਦੇ ਜਨਮ ‘ਤੇ ਗੁਆਂਢਣਾਂ ਅਫਸੋਸ ਕਰਨ ਆਈਆਂ ਤਾਂ ਉਸ ਦੇ ਡੈਡੀ ਨੇ ਛਿੱਛਕੇਰ ਦਿੱਤੀਆਂ ਤੇ ਕਹਿੰਦੇ, “ਤੁਸੀਂ ਅਫਸੋਸ ਕਰਨ ਆਈਆਂ ਹੋ, ਅਸੀਂ ਕੁੜੀ ਦਾ ਨਾਂ ਹਰਸ਼ ਇੰਦਰ ਰੱਖਾਂਗੇ, ਖੁਸ਼ੀਆਂ ਦਾ ਦੇਵਤਾ।”
ਨਿਜੀ ਖੁਸ਼ੀ ਨੂੰ ਉਸ ਨੇ ਲੋਕਾਂ ਦੀ ਖੁਸ਼ੀ ਨਾਲ ਪਿਉਂਦ ਕਰ ਲਿਆ ਹੈ। ਡਾ. ਹਰਸ਼ਿੰਦਰ ਕੌਰ ਆਪਣੇ ਕੰਮਾਂ ਤੇ ਲਿਖਤਾਂ ਰਾਹੀਂ ਆਪਣੇ ਨਾਂ ਦੀ ਲੱਜ ਪਾਲ ਰਹੀ ਹੈ।