ਮੀਨਾ ਕੁਮਾਰੀ ਨੂੰ ਖ਼ਾਸ ਕਰ ਕੇ ਦੁਖਾਂਤਕ ਫ਼ਿਲਮਾਂ ਵਿਚ ਉਸ ਦੀਆਂ ਯਾਦਗਾਰੀ ਭੂਮਿਕਾਵਾਂ ਲਈ ਯਾਦ ਕੀਤਾ ਜਾਂਦਾ ਹੈ। 1952 ਵਿਚ ਦਿਖਾਈ ਗਈ ਫ਼ਿਲਮ ‘ਬੈਜੂ ਬਾਵਰਾ’ ਨਾਲ ਉਹ ਕਾਫ਼ੀ ਮਸ਼ਹੂਰ ਹੋਈ। ਮੀਨਾ ਕੁਮਾਰੀ ਦਾ ਅਸਲੀ ਨਾਂ ਮਹਿਜ਼ਬੀਂ ਬਾਨੋ ਸੀ ਜੋ ਬੰਬਈ ਵਿਚ ਪੈਦਾ ਹੋਈ ਸੀ। ਉਸ ਦੇ ਪਿਤਾ ਅਲੀ ਬਖਸ਼ ਵੀ ਫ਼ਿਲਮਾਂ ਅਤੇ ਪਾਰਸੀ ਰੰਗਮੰਚ ਦੇ ਮੰਨੇ ਹੋਏ ਕਲਾਕਾਰ ਸਨ ਅਤੇ ਉਨ੍ਹਾਂ ਨੇ ਕੁਝ ਫ਼ਿਲਮਾਂ ਵਿਚ ਸੰਗੀਤਕਾਰ ਦਾ ਵੀ ਕੰਮ ਕੀਤਾ ਸੀ। ਉਸ ਦੀ ਮਾਂ ਪ੍ਰਭਾਵਤੀ ਦੇਵੀ (ਬਾਅਦ ਵਿਚ ਇਕਬਾਲ ਬਾਨੋ) ਵੀ ਮਸ਼ਹੂਰ ਨਿਰਤਕੀ ਅਤੇ ਅਦਾਕਾਰਾ ਸੀ ਜਿਸ ਦਾ ਸਬੰਧ ਟੈਗੋਰ ਪਰਿਵਾਰ ਨਾਲ ਸੀ।
ਮਹਿਜ਼ਬੀਂ ਨੇ ਪਹਿਲੀ ਵਾਰ ‘ਫਰਜ਼ੰਦ-ਏ-ਵਤਨ’ ਫ਼ਿਲਮ ਲਈ ਛੇ ਸਾਲ ਦੀ ਉਮਰ ਵਿਚ ਕੰਮ ਕੀਤਾ ਸੀ। ਉਸ ਦਾ ਨਾਂ ਮੀਨਾ ਕੁਮਾਰੀ ਵਿਜੈ ਭੱਟ ਦੀ ਮਸ਼ਹੂਰ ਫ਼ਿਲਮ ‘ਬੈਜੂ ਬਾਵਰਾ’ ਵਿਚ ਪਿਆ।
ਮੀਨਾ ਕੁਮਾਰੀ ਦੇ ਫ਼ਿਲਮਾਂ ਵਿਚ ਆਉਣ ਨਾਲ ਭਾਰਤੀ ਸਿਨਮਾ ਵਿਚ ਨਵੀਆਂ ਅਭਿਨੇਤਰੀਆਂ ਦਾ ਖ਼ਾਸ ਦੌਰ ਸ਼ੁਰੂ ਹੋਇਆ ਜਿਸ ਵਿਚ ਨਰਗਿਸ, ਨਿੰਮੀ, ਸੁਚਿਤਰਾ ਸੇਨ ਅਤੇ ਨੂਤਨ ਸ਼ਾਮਲ ਸਨ। 1953 ਤਕ ਮੀਨਾ ਕੁਮਾਰੀ ਦੀਆਂ ਤਿੰਨ ਸਫਲ ਫ਼ਿਲਮਾਂ ਆ ਚੁੱਕੀਆਂ ਸਨ ਜਿਨ੍ਹਾਂ ਵਿਚ ‘ਦਾਇਰਾ’, ‘ਦੋ ਬੀਘਾ ਜ਼ਮੀਨ’ ਅਤੇ ‘ਪਰਿਣੀਤਾ’ ਸ਼ਾਮਲ ਸਨ। ‘ਪਰਿਣੀਤਾ’ ਤੋਂ ਮੀਨਾ ਕੁਮਾਰੀ ਲਈ ਐਨ ਨਵਾਂ ਦੌਰ ਸ਼ੁਰੂ ਹੋਇਆ। ਇਸ ਵਿਚ ਉਸ ਦੀ ਭੂਮਿਕਾ ਨੇ ਭਾਰਤੀ ਔਰਤਾਂ ਨੂੰ ਖ਼ਾਸ ਪ੍ਰਭਾਵਿਤ ਕੀਤਾ ਸੀ। ਇਸ ਫ਼ਿਲਮ ਵਿਚ ਭਾਰਤੀ ਨਾਰੀਆਂ ਦੀ ਆਮ ਜ਼ਿੰਦਗੀ ਦੀਆਂ ਤਕਲੀਫ਼ਾਂ ਦਾ ਚਿਤਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਇਸ ਫ਼ਿਲਮ ਨਾਲ ਉਸ ਦੀ ਪਛਾਣ ਸਿਰਫ਼ ਦੁਖਾਂਤਕ ਭੂਮਿਕਾਵਾਂ ਕਰਨ ਵਾਲੀ ਤਕ ਹੀ ਸੀਮਿਤ ਹੋ ਗਈ। ਅਜਿਹਾ ਹੋਣ ਦੇ ਬਾਵਜੂਦ ਉਸ ਦੀ ਅਦਾਕਾਰੀ ਦੀ ਖ਼ਾਸ ਸ਼ੈਲੀ ਅਤੇ ਪ੍ਰਭਾਵਸ਼ਾਲੀ ਆਵਾਜ਼ ਦਾ ਜਾਦੂ ਭਾਰਤੀ ਦਰਸ਼ਕਾਂ ਉਤੇ ਹਮੇਸ਼ਾ ਛਾਇਆ ਰਿਹਾ।
ਮੀਨਾ ਕੁਮਾਰੀ ਦਾ ਵਿਆਹ ਮਸ਼ਹੂਰ ਫ਼ਿਲਮਸਾਜ਼ ਕਮਾਲ ਅਮਰੋਹੀ ਨਾਲ ਹੋਇਆ ਜਿਸ ਨੇ ਉਸ ਦੀਆਂ ਕੁਝ ਮਸ਼ਹੂਰ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਸੀ। ਮੀਨਾ ਉਸ ਦੀ ਦੂਸਰੀ ਪਤਨੀ ਸੀ, ਪਰ ਇਹ ਰਿਸ਼ਤਾ ਜ਼ਿਆਦਾ ਦੇਰ ਤਕ ਕਾਮਯਾਬ ਨਾ ਰਿਹਾ। ਉਹ ਦੋਨੋਂ 1964 ਵਿਚ ਅਲੱਗ ਹੋ ਗਏ।
ਸ਼ਰਮੀਲੀ ਮੀਨਾ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਕਵਿਤਰੀ ਵੀ ਸੀ, ਪਰ ਕਦੇ ਵੀ ਉਸ ਨੇ ਆਪਣੀਆਂ ਕਵਿਤਾਵਾਂ ਪ੍ਰਕਾਸ਼ਿਤ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਸ ਦੀਆਂ ਲਿਖੀਆਂ ਬਹੁਤ ਸਾਰੀਆਂ ਉਰਦੂ ਕਵਿਤਾਵਾਂ ਗੁਲਜ਼ਾਰ ਕੋਲ ਮੌਜੂਦ ਹਨ, ਕਿਉਂਕਿ ਉਹ ਆਪਣਾ ਸਾਰਾ ਲਿਖਿਆ ਸਾਹਿਤ ਗੁਲਜ਼ਾਰ ਨੂੰ ਦੇ ਗਈ ਸੀ। ਸ਼ਰੀਫ਼ ਭਾਰਤੀ ਨਾਰੀ ਦੀ ਅਦਾਕਾਰੀ ਵਿਚ ਉਸ ਦਾ ਕੋਈ ਮੁਕਾਬਲਾ ਨਹੀਂ ਸੀ। ਉਸ ਦੀਆਂ ਮਸ਼ਹੂਰ ਫ਼ਿਲਮਾਂ ‘ਛੋਟੀ ਬਹੂ’, ‘ਸਾਹਿਬ ਬੀਬੀ ਔਰ ਗ਼ੁਲਾਮ’, ‘ਮੇਰੇ ਅਪਨੇ’, ‘ਬਹੂ ਬੇਗ਼ਮ’, ‘ਦੁਸ਼ਮਨ’ ਅਤੇ ਖ਼ਾਸ ਕਰ ਕੇ ‘ਪਾਕੀਜ਼ਾ’ ਹਨ। ‘ਪਾਕੀਜ਼ਾ’ ਉਸ ਦੇ ਜੀਵਨ ਦੀ ਯਾਦਗਾਰ ਫ਼ਿਲਮ ਸੀ ਕਿਉਂਕਿ ਕਮਾਲ ਅਮਰੋਹੀ ਨਾਲ ਨਿਕਾਹ ਕਰਨ ‘ਤੇ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਸੀ ਅਤੇ ਕਮਾਲ ਨਾਲੋਂ ਵੱਖ ਹੋਣ ਕਾਰਨ ਇਹ ਫ਼ਿਲਮ ਵਿਚਕਾਰ ਹੀ ਬੰਦ ਹੋ ਗਈ ਤੇ ਲਗਾਤਾਰ 14 ਸਾਲ ਬੰਦ ਰਹੀ। ਜ਼ਿੰਦਗੀ ਦੇ ਆਖਰੀ ਸਮੇਂ ਜਦੋਂ ਉਹ ਕੈਂਸਰ ਨਾਲ ਬਹੁਤ ਬਿਮਾਰ ਸੀ ਤੇ ਮੌਤ ਦੇ ਨਜ਼ਦੀਕ ਪਹੁੰਚ ਚੁੱਕੀ ਸੀ, ਉਸ ਵਕਤ ਕਮਾਲ ਅਮਰੋਹੀ ਉਸ ਕੋਲ ਪਹੁੰਚਿਆ ਤੇ ਉਸ ਨੇ ਇਸ ਫ਼ਿਲਮ ਨੂੰ ਪੂਰਾ ਕਰਨ ਲਈ ਉਸ ਨੂੰ ਮਨਾ ਲਿਆ। ਉਸ ਵਕਤ ਡਾਕਟਰਾਂ ਵੱਲੋਂ ਉਸ ਨੂੰ ਸੰਪੂਰਨ ਤੌਰ ‘ਤੇ ਆਰਾਮ ਕਰਨ ਦੀ ਸਖ਼ਤ ਹਦਾਇਤ ਕੀਤੀ ਹੋਈ ਸੀ, ਪਰ ਉਸ ਨੂੰ ਜਿਵੇਂ ਮੌਤ ਨਜ਼ਰ ਆ ਰਹੀ ਸੀ, ਇਸ ਲਈ ਉਸ ਨੇ ਕਿਸੇ ਵੀ ਹਾਲਤ ਵਿਚ ‘ਪਾਕੀਜ਼ਾ’ ਫ਼ਿਲਮ ਨੂੰ ਪੂਰਾ ਕਰਨ ਲਈ ਮਨ ਬਣਾ ਲਿਆ ਅਤੇ ਫ਼ਿਲਮ ਦੁਬਾਰਾ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ਫ਼ਿਲਮ ਦੀ ਭੱਜ ਦੌੜ ਅਤੇ ਡਾਂਸ ਦੀ ਸਖ਼ਤ ਮਿਹਨਤ ਕਾਰਨ ਮੀਨਾ ਦਿਨੋ ਦਿਨ ਕਮਜ਼ੋਰ ਹੁੰਦੀ ਗਈ। ਫ਼ਿਲਮ ਦੇ ਆਖਰੀ ਸੈਟ ਜੋ ਮੁਜਰਾ ਦਾ ਸੀ, ਵਿਚ ਬਹੁਤ ਜ਼ਿਆਦਾ ਸ਼ਰਾਬ ਪੀ ਕੇ ਉਸ ਨੇ ਇਹ ਰੋਲ ਅਦਾ ਕੀਤਾ। ਉਸ ਮੁਜਰੇ ਵਿਚ ਬਲਦੇ ਹੋਏ ਲੈਂਪ ਨੂੰ ਤੋੜ ਕੇ ਉਸ ਦੇ ਕੱਚ ਉਪਰ ਨੱਚਣ ਦੀ ਅਦਾਕਾਰੀ ਕਰਨੀ ਸੀ, ਪਰ ਨਸ਼ੇ ਵਿਚ ਧੁੱਤ ਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਮੀਨਾ ਕੁਮਾਰੀ ਨੇ ਸੱਚਮੁੱਚ ਕੱਚ ‘ਤੇ ਨੱਚ ਕੇ ਵਿਖਾਇਆ। ਇਥੇ ਉਹ ਬੇਹੋਸ਼ ਹੋ ਗਈ ਤੇ ਉਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ। ਬਾਕੀ ਦਾ ਦ੍ਰਿਸ਼ ਉਸ ਦੀ ਥਾਂ ਸਾਧਨਾ ਖੋਟੇ ਨਾਂ ਦੀ ਅਦਾਕਾਰਾ ਜਿਸ ਦੀ ਆਵਾਜ਼ ਮੀਨਾ ਕੁਮਾਰੀ ਨਾਲ ਮਿਲਦੀ ਸੀ, ਉਸ ਨੂੰ ਘੁੰਡ ਵਿਚ ਲਕੋ ਕੇ ਕਰਾਇਆ ਗਿਆ। ਹਸਪਤਾਲ ਪਹੁੰਚਾਉਣ ਤੋਂ ਬਾਅਦ ਮੀਨਾ ਕੁਮਾਰੀ ਦੀ ਕਿਸੇ ਨੇ ਸਾਰ ਤਕ ਨਾ ਲਈ। ਕਮਾਲ ਅਮਰੋਹੀ ਬਹੁਤ ਮਤਲਬਪ੍ਰਸਤ ਇਨਸਾਨ ਸੀ। ਫ਼ਿਲਮ ਪੂਰੀ ਹੋਣ ਦੀ ਹੀ ਦੇਰ ਸੀ ਕਿ ਉਸ ਨੇ ਮੀਨਾ ਕੁਮਾਰੀ ਤੋਂ ਮੂੰਹ ਫੇਰ ਲਿਆ। ਕੁਝ ਦਿਨ ਕੋਮਾ ਵਿਚ ਰਹਿਣ ਤੋਂ ਬਾਅਦ ਮੀਨਾ ਕੁਮਾਰੀ ਦੀ ਮੌਤ ਹੋ ਗਈ। ਅਸਲ ਵਿਚ ਕਮਾਲ ਅਮਰੋਹੀ ਨੇ ਮੀਨਾ ਕੁਮਾਰੀ ਨੂੰ ਆਪਣੇ ਜਾਲ ਵਿਚ ਫਸਾ ਕੇ ਉਸ ਦੀ ਸਾਰੀ ਜ਼ਿੰਦਗੀ ਤਬਾਹ ਕਰ ਦਿੱਤੀ। ਉਸ ਨੇ ਮੀਨਾ ਕੁਮਾਰੀ ਨੂੰ ਮਰਦੇ ਦਮ ਤਕ ਤਲਾਕ ਨਾ ਦਿੱਤਾ ਤਾਂ ਕਿ ਉਹ ਕਿਸੇ ਹੋਰ ਨਾਲ ਵਿਆਹ ਨਾ ਕਰ ਸਕੇ। ਉਹ ਆਪਣੇ ਜ਼ਮਾਨੇ ਦੀ ਬਹੁਤ ਖ਼ੂਬਸੂਰਤ ਅਦਾਕਾਰਾ ਸੀ। ਉਸ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ, ਜਿਨ੍ਹਾਂ ਵਿਚ ਉਸ ਜ਼ਮਾਨੇ ਦੇ ਮਸ਼ਹੂਰ ਕਲਾਕਾਰ ਅਸ਼ੋਕ ਕੁਮਾਰ, ਪ੍ਰਸਿਧ ਗਾਇਕ ਕਿਸ਼ੋਰ ਕੁਮਾਰ, ਗੁਰੂ ਦੱਤ, ਮਨੋਜ ਕੁਮਾਰ, ਦੇਵ ਆਨੰਦ, ਰਾਜੇਸ਼ ਖੰਨਾ ਅਤੇ ਧਰਮਿੰਦਰ, ਉਸ ਤੋਂ ਜਾਨ ਵਾਰਦੇ ਸਨ, ਪਰ ਤਲਾਕ ਨਾ ਹੋਣ ਕਰ ਕੇ ਮੀਨਾ ਕਿਸੇ ਨਾਲ ਵਿਆਹ ਨਾ ਕਰ ਸਕੀ। ਉਸ ਦੀ ਮਾਂ ਬਣਨ ਦਾ ਬਹੁਤ ਇੱਛਾ ਸੀ। ਉਸ ਨੇ ਕਮਾਲ ਅਮਰੋਹੀ ਦੀ ਦੂਸਰੀ ਬੇਗ਼ਮ ਦੇ ਇਕ ਬੱਚੇ ਨੂੰ ਆਪਣੇ ਪੁੱਤਰ ਵਾਂਗ ਪਾਲਿਆ। ਮੀਨਾ ਕੁਮਾਰੀ ਦੀ ਜ਼ਿੰਦਗੀ ਦਾ ਇਹ ਦੁਖਾਂਤ ਰਿਹਾ ਕਿ ਜਦੋਂ ਉਸ ਦਾ ਜਨਮ ਹੋਇਆ, ਉਸ ਦੇ ਮਾਂ ਬਾਪ ਇੰਨੇ ਗ਼ਰੀਬ ਸਨ ਕਿ ਹਸਪਤਾਲ ਵਿਚ ਉਸ ਦੇ ਜਨਮ ਦੀ ਫੀਸ ਅਦਾ ਨਾ ਕਰ ਸਕੇ, ਕੁਝ ਦਿਨ ਬਾਅਦ ਕਿਸੇ ਨੇ ਇਹ ਫੀਸ ਭਰ ਕੇ ਉਸ ਨੂੰ ਛੁਡਵਾਇਆ ਸੀ। -ਸੁਖਚੈਨ ਸਿੰਘ ਲਾਇਲਪੁਰੀ