ਗੰਦੀਆਂ ਬਸਤੀਆਂ ਵਿਚ ਗੁੰਮਦੀ ਮਾਸੂਮੀਅਤ ਦਾ ਰੁਦਨ: ਸਲਾਮ ਬੰਬੇ

ਕੁਲਦੀਪ ਕੌਰ
ਫਿਲਮਸਾਜ਼ ਮੀਰਾ ਨਾਇਰ ਦੀ ਫਿਲਮ ‘ਸਲਾਮ ਬੰਬੇ’ ਬਾਰੇ ਪਿਛਲੇ ਸਾਲਾਂ ਵਿਚ ਲਗਾਤਾਰ ਲਿਖਿਆ ਗਿਆ ਹੈ। ਇਸ ਫਿਲਮ ਦੀ ਪਟਕਥਾ ਅਤੇ ਵਿਚਾਰਧਾਰਾ ਬਾਰੇ ਗੱਲ ਕਰਨ ਤੋਂ ਪਹਿਲਾਂ ਇਸ ਫਿਲਮ ਨੂੰ ਬਣਾਉਣ ਦੀ ਪ੍ਰਕਿਰਿਆ ਅਤੇ ਕਾਰਨਾਂ ਬਦਏ ਜਾਣਨਾ ਘੱਟ ਦਿਲਚਸਪ ਨਹੀਂ ਹੈ। ਇਸ ਫਿਲਮ ਦਾ ਕੇਂਦਰੀ ਧੁਰਾ ਬੰਬਈ ਦੀਆਂ ਗੰਦੀਆਂ ਬਸਤੀਆਂ ਵਿਚ ਰਹਿੰਦੇ ਉਹ ਬੱਚੇ ਹਨ ਜਿਨ੍ਹਾਂ ਦਾ ਬਚਪਨ ਵੱੱਖ ਵੱਖ ਤਰਾਂ੍ਹ ਦੀਆਂ ਨਿੱਜੀ ਅਤੇ ਸਮਾਜਿਕ ਤਰਾਸਦੀਆਂ ਦਾ ਸ਼ਿਕਾਰ ਹੈ। ਫਿਲਮ ਦੇ ਸਾਰੇ ਕਿਰਦਾਰ ਇਨ੍ਹਾਂ ਅਸਲ ਬੱਚਿਆਂ ਨੇ ਹੀ ਅਦਾ ਕੀਤੀ ਹਨ ਜਿਸ ਕਾਰਨ ਫਿਲਮ ਵਿਚ ਕਿਤੇ ਵੀ ਬਣਾਵਟ ਜਾਂ ਧੱਕੇ ਨਾਲ ਥੋਪੀ ਨੈਤਕਿਤਾ ਦਾ ਪ੍ਰਵਚਨ ਨਜ਼ਰ ਨਹੀਂ ਆਉਂਦਾ।

ਇਸ ਫਿਲਮ ਦੀ ਖੂਬਸੂਰਤੀ ਇਸ ਤੱਥ ਵਿਚ ਹੈ ਕਿ ਇਹ ਫਿਲਮ ਉਨ੍ਹਾਂ ਫਿਲਮਾਂ ਦੇ ਟਾਕਰੇ ਤੇ ਪੱਛੜੇ ਮੁਲਕਾਂ ਦੇ ਬਾਸ਼ਿੰਦਿਆਂ ਦੀ ਉਮੀਦ ਨਾਲ ਭਰੀ ਤਸਵੀਰ ਸਿਰਜਦੀ ਹੈ ਜਿਹੜੀਆਂ ਫਿਲਮਾਂ ਵਿਚ ਭਾਰਤ ਵਰਗੇ ਮੁਲਕਾਂ ਨੂੰ ਸੱਪਾਂ, ਜੋਗੀਆਂ, ਬੇਕਾਰਾਂ ਅਤੇ ਅੰਧ-ਵਿਸ਼ਵਾਸੀਆਂ ਦਾ ਮੁਲਕ ਕਹਿ ਕੇ ਭੰਡਿਆ ਜਾਂਦਾ ਹੈ। ਇਸ ਦੇ ਨਾਲ ਹੀ ਫਿਲਮ ਨਾਲ ਸਬੰਧਿਤ ਹੋਰ ਸਵਾਲ ਵੀ ਉਠਦੇ ਹਨ ਜਿਵੇਂ ਅਜਿਹੀ ਫਿਲਮ ਬਣਾਉਣ ਵਾਲੇ ਦਾ ਫਿਲਮ ਵਿਚ ਕੰਮ ਕਰਨ ਵਾਲਿਆਂ (ਕਿਉਂਕਿ ਇਸ ਫਿਲਮ ਦੇ ਜ਼ਿਆਦਾਤਰ ਅਦਾਕਾਰ ਬੱਚੇ ਸਨ) ਨਾਲ ਕੀ ਸਬੰਧ ਬਣਦਾ ਹੈ? ਅਜਿਹੀਆਂ ਫਿਲਮਾਂ ਉਨ੍ਹਾਂ ਬੱਚਿਆਂ ਦੇ ਹਾਲਾਤ ਦਾ ਗਵਾਹ ਬਣਨ ਦੇ ਬਾਵਜੂਦ ਦਰਸ਼ਕਾਂ ਦੀ ਵੱਡੀ ਗਿਣਤੀ ਖਿੱਚਣ ਵਿਚ ਕਾਮਯਾਬ ਕਿਉਂ ਨਹੀਂ ਹੋ ਸਕਦੀਆਂ? ਇਸ ਤੋਂ ਵੀ ਵਧ ਕੇ ਸਵਾਲ ਇਹ ਕਿ ਅਜਿਹੀਆਂ ਫਿਲਮਾਂ ਮਹੱਤਵਪੂਰਨ ਸਵਾਲ ਕੌਮਾਂਤਰੀ ਪੱਧਰ ਤੱਕ ਉਠਾਉਣ ਦੇ ਬਾਵਜੂਦ ਇਨ੍ਹਾਂ ਸਬੰਧੀ ਕੋਈ ਜ਼ਿਕਰਯੋਗ ਤਬਦੀਲੀ ਕਿਉਂ ਨਹੀਂ ਕਰ ਕਰ ਸਕਦੀਆਂ।
ਫਿਲਮ ‘ਸਲਾਮ ਬੰਬੇ’ ਬੰਬਈ ਦੀ ਗੰਦੀ ਬਸਤੀ ਵਿਚ ਵੱਸਦੇ ਬਾਰਾਂ ਸਾਲਾਂ ਕ੍ਰਿਸ਼ਨਾ ਦੀ ਕਹਾਣੀ ਹੈ। ਕ੍ਰਿਸ਼ਨਾ ਆਪਣੇ ਪਿੰਡ ਸਰਕਸ ਵਿਚ ਕੰਮ ਕਰਦਾ ਹੈ। ਸਰਕਸ ਵਾਲਿਆਂ ਵੱਲੋਂ ਉਸ ਨੂੰ ਕੱਢਣ ਤੋਂ ਬਾਅਦ ਉਹ ਬੰਬਈ ਦੀ ਟਿਕਟ ਖਰੀਦ ਕੇ ਬੰਬਈ ਦੀ ਕਿਸੇ ਗੰਦੀ ਬਸਤੀ ਨੂੰ ਆਪਣੀ ਠਾਹਰ ਬਣਾ ਲੈਂਦਾ ਹੈ। ਇਥੇ ਉਸ ਵਰਗੇ ਹੀ ਸੈਂਕੜੇ ਬੱਚੇ ਰਹਿੰਦੇ ਹਨ ਜਿਨ੍ਹਾਂ ਲਈ ਹਰ ਨਵਾਂ ਦਿਨ ਨਵਾਂ ਸੰਘਰਸ਼ ਅਤੇ ਨਵੀਂ ਜ਼ਲਾਲਤ ਲੈ ਕੇ ਆਉਂਦਾ ਹੈ। ਕ੍ਰਿਸ਼ਨਾ ਚਾਹ ਦੇ ਢਾਬੇ ‘ਤੇ ਕੰਮ ਕਰਦਾ ਹੈ। ਇਥੋਂ ਚਾਹ ਪੀਣ ਵਾਲੇ ਗਾਹਕਾਂ ਵਿਚ ਬਹੁਤੇ ਉਹ ਲੋਕ ਹਨ ਜਿਹੜੇ ਨਾਲ ਲਗਦੇ ਕੋਠੇ ‘ਤੇ ਆਪਣੀ ਜਿਸਮਾਨੀ ਹਵਸ ਪੂਰੀ ਕਰਨ ਆਉਂਦੇ ਹਨ। ਇਥੇ ਹੀ ਉਸ ਦੀ ਦੋਸਤੀ ਡਰੱਗਜ਼ ਦਾ ਧੰਦਾ ਕਰਦੇ ਚਿਲਮ ਨਾਲ ਹੁੰਦੀ ਹੈ। ਚਿਲਮ ਉਸ ਲਈ ਪਹਿਲੇ ਪਹਿਲ ਉਮੀਦ ਦੀ ਕਿਰਨ ਬਣਦਾ ਹੈ ਪਰ ਸਮਾਂ ਬੀਤਣ ਨਾਲ ਨਸ਼ੇ ਦੀ ਮਾੜੀ ਲਤ ਕਾਰਨ ਚਿਲਮ ਨਾ ਸਿਰਫ ਆਪਣੇ ਕੰਮ-ਧੰਦੇ ਤੋਂ ਹੱਥ ਧੋ ਬੈਠਦਾ ਹੈ ਸਗੋਂ ਉਸ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਵੀ ਕ੍ਰਿਸ਼ਨਾ ‘ਤੇ ਆ ਪੈਂਦੀ ਹੈ। ਕ੍ਰਿਸ਼ਨਾ ਨੂੰ ਕੋਠੇ ਉਤੇ ਨੇਪਾਲ ਤੋਂ ਅਗਵਾ ਕਰ ਕੇ ਲਿਆਦੀ ਕੁੜੀ ‘ਸੋਲਹ ਸਾਲ’ ਨਾਲ ਦਿਲੀ ਹਮਦਰਦੀ ਹੈ। ਉਹ ਉਸ ਕੁੜੀ ਨੂੰ ਛੁਡਾਉਣ ਲਈ ਕੋਠੇ ਨੂੰ ਅੱਗ ਲਗਾ ਦਿੰਦਾ ਹੈ ਜਿਸ ਬਾਰੇ ਪਤਾ ਲੱਗਣ ‘ਤੇ ਉਸ ਨੂੰ ਜਿਸਮਾਨੀ ਤਸ਼ੱਦਦ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸੇ ਬਸਤੀ ਵਿਚ ਰਹਿੰਦਾ ਬਾਬਾ ਨਾਮ ਦਾ ਦਲਾਲ ਨਾ ਸਿਰਫ ਪੈਸੇ ਲਈ ਆਪਣੀ ਪਤਨੀ ਤੋਂ ਵੇਣਵਾਗਿਰੀ ਕਰਵਾਉਂਦਾ ਹੈ ਸਗੋਂ ਉਹ ਬਸਤੀ ਵਿਚ ਰਹਿਣ ਵਾਲਿਆਂ ਨਾਲ ਗੁੰਡਾਗਰਦੀ ਵੀ ਕਰਦਾ ਹੈ। ਕਿਹੜੀ ਕੁੜੀ ਕਿੰਨੇ ਵਿਚ ਵਿਕੇਗੀ ਤੋਂ ਲੈ ਕੇ ਕਿਹੜਾ ਬੱਚਾ ਕਿੱਥੇ ਭੀਖ ਮੰਗੇਗਾ ਤੱਕ, ਉਹ ਬਸਤੀ ਵਿਚ ਰਹਿਣ ਵਾਲਿਆਂ ਲਈ ਆਪਣੀ ਤਰ੍ਹਾਂ ਦੇ ਨਿਯਮ ਬਣਾਉਂਦਾ ਰਹਿੰਦਾ ਹੈ ਜਿਨ੍ਹਾਂ ਖਿਲਾਫ ਕਿਤੇ ਕਾਰਵਾਈ ਨਹੀਂ ਹੋ ਸਕਦੀ। ਕ੍ਰਿਸ਼ਨਾ ਅਤੇ ਉਸ ਵਰਗੇ ਅਨੇਕਾਂ ਬੱਚਿਆਂ ਦੀ ਮਾਸੂਮੀਅਤ ਨੂੰ ਵੇਚਣ ਵਾਲਾ ਕੋਈ ਇਕ ਕਿਰਦਾਰ ਨਹੀਂ ਸਗੋਂ ਬੇਘਰੀ, ਬੇਕਾਰੀ ਗਰੀਬੀ ਦਾ ਉਹ ਚੱਕਰ ਹੈ ਜਿਸ ਕਾਰਨ ਉਨ੍ਹਾਂ ਦੀਆਂ ਉਮੀਦਾਂ ਇਕ ਇਕ ਕਰ ਕੇ ਖੁਰਦੀਆਂ ਜਾਂਦੀਆਂ ਹਨ। ਹੱਡ-ਤੋੜਵੀਂ ਮਿਹਨਤ ਕਰਨ ਦੇ ਬਾਵਜੂਦ ਕ੍ਰਿਸ਼ਨਾ ਦਾ ਘਰ ਵਾਪਸ ਜਾਣ ਲਈ 500 ਰੁਪਏ ਨਾ ਜੁਟਾ ਪਾਉਣਾ ਤਰਾਸਦੀ ਦਾ ਸਿਖਰ ਹੋ ਨਿਬੜਦਾ ਹੈ।
ਇਸ ਫਿਲਮ ਦਾ ਮੁੱਖ ਕਿਰਦਾਰ ਸਈਅਦ ਹੁਣ ਬੰਗਲੌਰ ਵਿਚ ਰਿਕਸ਼ਾ ਚਲਾਉਂਦਾ ਹੈ। ਉਸ ਸਮੇਂ ਉਹ ਬੰਬਈ ਵਿਚ ਸੰਘਰਸ਼ ਕਰ ਰਿਹਾ ਸੀ। ਉਸ ਲਈ ਫਿਲਮ ਦੀ ਰਿਲੀਜ਼ ਅਤੇ ਸੰਸਾਰ ਪੱਧਰ ‘ਤੇ ਹੋਈ ਚਰਚਾ ਤੋਂ ਬਾਅਦ ਵੀ ਕੋਈ ਫਰਕ ਨਹੀਂ ਪਿਆ। ਉਹ ਉਨ੍ਹਾਂ ਦਿਨਾਂ ਨੂੰ ਹੁਣ ਹੇਰਵੇ ਅਤੇ ਹੈਰਾਨੀ ਨਾਲ ਯਾਦ ਕਰਦਾ ਹੈ। ਨਿਰਦੇਸ਼ਕ ਅਤੇ ਉਸ ਦੀ ਟੀਮ ਭਾਵੇਂ ਫਿਲਮ ਤੋਂ ਪ੍ਰਾਪਤ ਹੋਏ ਮੁਨਾਫੇ ਨਾਲ ਇਕ ਟਰੱਸਟ ‘ਸਲਾਮ ਬੰਬੇ’ ਰਾਹੀ ਅਜਿਹੇ ਬੱਚਿਆਂ ਦੇ ਪੁਨਰ-ਵਸੇਵੇ ਲਈ ਕੰਮ ਕਰ ਰਹੇ ਹਨ। ਉਂਜ, ਇਮਾਨਦਾਰੀ ਨਾਲ ਬਣਾਈ ਇਸ ਫਿਲਮ ਤੋਂ ਸਬਕ ਸਿੱਖਣ ਦਾ ਵਧੀਆ ਮੌਕਾ ਭਾਰਤ ਦੇ ਨੀਤੀਘਾੜਿਆਂ ਨੇ ਗੁਆ ਲਿਆ ਹੈ।