ਸਭਿਆਚਾਰਕ ਨੀਤੀ ਇੱਕ ਗੋਰਖ ਧੰਦਾ

ਗੁਲਜ਼ਾਰ ਸਿੰਘ ਸੰਧੂ
ਪਿਛਲੇ ਦਿਨਾਂ ਵਿਚ ਸੋਸ਼ਲ ਮੀਡੀਏ ਰਾਹੀਂ ਦੇਸ਼-ਵਿਦੇਸ਼ ਵਿਚ ਆ ਰਿਹਾ ਸਭਿਆਚਾਰਕ ਬਦਲਾਓ ਚਰਚਾ ਦਾ ਵਿਸ਼ਾ ਰਿਹਾ ਹੈ। ਪੰਜਾਬ ਦੇ ਸਭਿਆਚਾਰਕ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲੱਚਰ ਗਾਇਕੀ ਨੂੰ ਨੱਥ ਪਾਉਣ ਲਈ ਸੁਰਜੀਤ ਪਾਤਰ ਦੀ ਕਮਾਂਡ ਥੱਲੇ ਸਭਿਆਚਾਰਕ ਕਮਿਸ਼ਨ ਸਥਾਪਤ ਕਰਨ ਦਾ ਐਲਾਨ ਕੀਤਾ ਹੈ। ਉਧਰ ਚੀਨ ਦੀ ਸਰਕਾਰ ਨੇ ਕਮਿਊਨਿਸ਼ਟ ਨਾਇਕਾਂ ਦੇ ਕਾਰਟੂਨ ਪੋਸਟ ਕਰਨ ਵਾਲੀਆਂ ਫੇਸਬੁਕਾਂ ‘ਤੇ ਜੁਰਮਾਨੇ ਲਾਉਣੇ ਸ਼ੁਰੂ ਕਰ ਦਿੱਤੇ ਹਨ। ਚੀਨ ਸਰਕਾਰ ਨੇ ਇਸ ਤੋਂ ਪਹਿਲਾਂ ਇਸ ਅਮਲ ਨੂੰ ਰੋਕਣ ਲਈ ਪਾਬੰਦੀ ਲਾਈ ਸੀ, ਜੋ ਕਾਰਗਰ ਨਹੀਂ ਹੋਈ ਜਾਪਦੀ।

ਪੱਛਮੀ ਚੀਨ ਦੇ ਸ਼ਿਆਚਿਨ ਸੂਬੇ ਦੀ ਇੱਕ ਕੰਪਨੀ ਉਤੇ ਇਕ ਕ੍ਰਾਂਤੀਕਾਰੀ ਗੀਤ ਦੀ ਨਕਲ ਲਾਉਣ ਉਤੇ ਬਹੁਤ ਭਾਰੀ ਜੁਰਮਾਨਾ ਲਾਇਆ ਹੈ। ਉਨ੍ਹਾਂ ਨੂੰ ਕੌਣ ਦੱਸੇ, ਸਾਡੇ ਦੇਸ਼ ਦਾ ‘ਸ਼ੰਕਰਜ਼ ਵੀਕਲੀ’ ਰਸਾਲਾ ਨੇਤਾ ਲੋਕਾਂ ਦੇ ਕਾਰਟੂਨ ਛਾਪਦਾ ਸੀ ਤਾਂ ਨੇਤਾ ਲੋਕ ਉਸ ਪਰਚੇ ਦੀ ਬੇਸਬਰੀ ਨਾਲ ਉਡੀਕ ਕਰਦੇ ਸਨ, ਪੰਡਿਤ ਜਵਾਹਰ ਲਾਲ ਨਹਿਰੂ ਤੱਕ। ਇਸ ਉਤੇ ਸੋਸ਼ਲ ਮੀਡੀਆ ਨੇ ਟਿਪਣੀ ਕਰਦਿਆਂ ਇਹ ਵੀ ਕਿਹਾ ਹੈ ਕਿ ਚੀਨ ਦੀ ਸਰਕਾਰ ਨੇ ਇਹ ਹੱਦ ਵੀ ਤੈਅ ਕਰ ਦਿੱਤੀ ਹੈ ਕਿ ਉਥੋਂ ਦੇ ਲੋਕਾਂ ਨੂੰ ਆਨ ਲਾਈਨ ਕਿੰਨਾ ਕੁ ਹੱਸਣ ਦੀ ਆਗਿਆ ਹੈ।
ਇਸੇ ਤਰ੍ਹਾਂ ਕੈਨੇਡਾ ਦੀ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ, ਕੈਲਗਰੀ ਨੇ ਐਲਬਰਟਾ ਦੇ ਹਿਊਮਨ ਰਾਈਟਸ ਮੰਤਰੀ ਇਰਫਾਨ ਸਾਬਰ ਨੂੰ ਮੰਗ ਪੱਤਰ ਦੇ ਕੇ ਵਾਸਤਾ ਪਾਇਆ ਹੈ ਕਿ ਭਾਰਤ ਤੋਂ ਟੂਰਿਸਟ ਵੀਜ਼ੇ ਉਤੇ ਜਾਣ ਵਾਲੇ ਉਨ੍ਹਾਂ ਯਾਤਰੀਆਂ ਨੂੰ ਰੋਕਣ ਜੋ ਕੈਨੇਡਾ ਜਾ ਕੇ ਵਹਿਮਾਂ ਭਰਮਾ ਦੇ ਪ੍ਰਚਾਰ ਰਾਹੀਂ ਡਾਲਰ ਹੀ ਨਹੀਂ ਕਮਾਉਂਦੇ, ਭੋਲੇ-ਭਾਲੇ ਲੋਕਾਂ ਨੂੰ ਗੁਮਰਾਹ ਵੀ ਕਰਦੇ ਹਨ। ਉਨ੍ਹਾਂ ਨੇ ਇਹ ਮੰਗ ਕੈਨੇਡਾ ਦੀ ਫੈਡਰਲ ਸਰਕਾਰ ਕੋਲੋਂ ਵੀ ਕੀਤੀ ਹੈ।
ਸਪਸ਼ਟ ਹੈ ਕਿ ਆਪਣੇ ਸਭਿਆਚਾਰ ਨੂੰ ਚੁਸਤ-ਦਰੁਸਤ ਰੱਖਣ ਲਈ ਕੇਵਲ ਪੰਜਾਬ ਹੀ ਨਹੀਂ, ਹੋਰ ਦੇਸ਼ ਵੀ ਚਿੰਤਤ ਹਨ। ਉਰਦੂ ਭਾਸ਼ਾ ਵਿਚ ਤਨਜ਼ ਮਜ਼ਾਹ ਰਾਹੀਂ ਮਾੜੇ ਰਾਹ ਤੁਰਨ ਵਾਲਿਆਂ ਨੂੰ ਡਾਂਟਣ ਵਾਲਾ ਟੀæ ਐਨæ ਰਾਜ ਲਿਖਦਾ ਹੈ:
ਸਾਧੂਓਂ ਕਾ ਹੋਗਾ ਸੰਗਮ ਅਬ ਕੇ ਜੋ ਭੀ ਘਾਟ ਪਰ
ਹੈ ਖਬਰ ਸਭ ਐਸ਼ੋ ਇਸ਼ਰਤ ਟੈਂਟ ਹੀ ਮੇਂ ਪਾਏਂਗੇ।
ਮੁਫਲਸੀ, ਬੇਰੋਜ਼ਗਾਰੀ, ਰੇਪ, ਰਿਸ਼ਵਤ, ਕਤਲ ਸਭ
ਵਕਤੇ ਆਖਿਰ ਨਾਮ ਤੇਰੇ ਐ ਵਤਨ ਕਰ ਜਾਏਂਗੇ।
ਉਸ ਦੇ ਬੋਲ ਸਭਿਆਚਾਰਕ ਪ੍ਰਦੂਸ਼ਣ ਨੂੰ ਕਿੰਨਾ ਕੰਟਰੋਲ ਕਰ ਸਕੇ ਹਨ, ਸਭ ਜਾਣਦੇ ਹਨ। ਭਾਵਨਾ ਸਭਨਾਂ ਦੀ ਠੀਕ ਹੈ, ਪਰ ਮਸਲਾ ਮੰਗ ਤੇ ਪ੍ਰਾਪਤੀ (ਸਪਲਾਈ ਤੇ ਡਿਮਾਂਡ) ਦਾ ਹੈ। ਜੇ ਮੰਗ ਹੀ ਨਾ ਹੋਵੇ ਤਾਂ ਸਪਲਾਈ ਕਰਨ ਵਾਲਿਆਂ ਦੀ ਕੀ ਮਜਾਲ ਹੈ ਕਿ ਦੁਕਾਨ ਖੋਲ੍ਹ ਕੇ ਬਹਿ ਜਾਣ। ਚੀਨ ਦੀ ਸਰਕਾਰ ਦਾ ਡੰਡਾ ਸਖਤ ਹੈ। ਚੱਲ ਸਕਦਾ ਹੈ। ਕੈਨੇਡਾ ਦੀ ਸਰਕਾਰ ਵੀ ਹਿਊਮਨ ਰਾਈਟਸ ਵਾਲਿਆਂ ਤੋਂ ਸੇਧ ਲੈ ਕੇ ਗਲਤ ਟੋਲੀਆਂ ਨੂੰ ਵੀਜ਼ੇ ਲਾਉਣ ਤੋਂ ਨਾਂਹ ਕਰ ਸਕਦੀ ਹੈ। ਪੰਜਾਬ ਸਰਕਾਰ ਕਿੱਥੋਂ ਤੱਕ ਜਾ ਸਕਦੀ ਹੈ, ਕੁਝ ਕਹਿ ਨਹੀਂ ਸਕਦੇ!
ਇਥੇ ਬੈਂਕਾਕ ਦੇ ਮਾਲਿਸ਼ ਘਰਾਂ ਦੀ ਮਿਸਾਲ ਦੇਣੀ ਕੁਥਾਂ ਨਹੀਂ। ਉਸ ਦੇਸ਼ ਦੀ ਆਰਥਕਤਾ ਮਾਲਿਸ਼ ਘਰਾਂ ਦੇ ਸਿਰ ‘ਤੇ ਖੜ੍ਹੀ ਹੈ। ਇਥੋਂ ਤੱਕ ਕਿ ਨਵਾਂ ਮਾਲਿਸ਼ ਘਰ ਸਥਾਪਤ ਕਰਨ ਸਮੇਂ ਉਥੋਂ ਦੀ ਸਰਕਾਰ ਉਦਘਾਟਨ ਕਰਨ ਲਈ ਹਾਜ਼ਰ ਹੁੰਦੀ ਹੈ। ਇਨ੍ਹਾਂ ਵਿਚ ਜੋ ਕੁਝ ਹੁੰਦਾ ਹੈ, ਨਫੀਸ ਵੇਸਵਾਪਣ ਤੋਂ ਘੱਟ ਨਹੀਂ। ਲੱਚਰ ਗਾਇਕੀ ਵੀ ਇਸੇ ਦਾ ਇੱਕ ਰੂਪ ਹੈ। ਸ਼ੁੱਭ ਇਛਾਵਾਂ ਕਬੂਲ ਕਰੋ ਮੇਰੇ ਪੰਜਾਬੀਓ, ਪਰ ਚਲੋ ਜ਼ਰਾ ਬੱਚ ਕੇ!
ਤਲਾਕ ਤੋਂ ਅੱਧੀ ਸਦੀ ਪਿੱਛੋਂ ਭੁੱਲ ਬਖਸ਼ਾਉਣਾ: ਅਮਰੀਕਾ ਦੀ ਕੈਨਟੱਕੀ ਸਟੇਟ ਦੀ ਇੱਕ ਜੋੜੀ ਤਲਾਕ ਤੋਂ 50 ਸਾਲ ਪਿੱਛੋਂ ਮੁੜ ਵਿਆਹ ਕਰਵਾ ਰਹੀ ਹੈ। ਮਰਦ ਦਾ ਨਾਂ ਹੈਰਾਲਡ ਹਾਲੈਂਡ ਹੈ ਤੇ ਔਰਤ ਦਾ ਲਿਲੀਅਨ ਬਾਨਰਸ। ਉਨ੍ਹਾਂ ਦਾ ਵਿਆਹ 1955 ਦੀ ਕ੍ਰਿਸਮਸ ਨੂੰ ਹੋਇਆ ਸੀ। ਪੰਜ ਬੱਚਿਆਂ ਦੇ ਮਾਤਾ-ਪਿਤਾ ਬਣਨ ਪਿੱਛੋਂ 1968 ਵਿਚ ਜੁਦਾ ਹੋ ਗਏ। ਦੋਨਾਂ ਨੇ ਨਵੇਂ ਵਿਆਹ ਵੀ ਰਚਾ ਲਏ। ਦੋਵਾਂ ਦੇ ਨਵੇਂ ਜੀਵਨ ਸਾਥੀ 2015 ਵਿਚ ਅਕਾਲ ਚਲਾਣਾ ਕਰ ਗਏ। ਹੁਣ 2018 ਦੀ 14 ਅਪਰੈਲ ਨੂੰ ਉਹ ਮੁੜ ਇੱਕ ਦੂਜੇ ਨਾਲ ਵਿਆਹ ਕਰ ਰਹੇ ਹਨ। ਥੋੜ੍ਹੇ ਦਿਨ ਪਹਿਲਾਂ ਉਹ ਦੋਵੇਂ ਆਪਣੀ ਔਲਾਦ ਤੇ ਉਨ੍ਹਾਂ ਦੇ ਬਾਲ ਬੱਚਿਆਂ ਨਾਲ ਮਿਲ ਕੇ ਇੱਕ ਜਸ਼ਨ ਮਨਾ ਚੁਕੇ ਹਨ। ਪਰ ਵਿਆਹ ਦੀ ਰਸਮੀ ਕਾਰਵਾਈ ਲਈ ਸਬੱਬ ਨਾਲ 14 ਅਪਰੈਲ ਦਾ ਦਿਨ ਮਿਥਿਆ ਗਿਆ ਹੈ, ਜਿਸ ਦਿਨ ਉਤਰੀ ਭਾਰਤ ਵਿਚ ਵਿਸਾਖੀ ਮਨਾਈ ਜਾਂਦੀ ਹੈ।
ਚੇਤੇ ਰਹੇ, ਉਨ੍ਹਾਂ ਨੇ ਪਹਿਲਾ ਵਿਆਹ ਕ੍ਰਿਸਮਸ ਵਾਲੇ ਦਿਨ ਕੀਤਾ ਸੀ। ਰਾਲਡ 83 ਵਰ੍ਹਿਆਂ ਦਾ ਹੈ ਤੇ ਇਹ ਗੱਲ ਕਹਿਣ ਤੋਂ ਨਹੀਂ ਝਿਜਕਦਾ ਕਿ ਤਲਾਕ ਲੈਂਦੇ ਸਮੇਂ ਉਹ ਗਲਤ ਸੀ। ਇਸ ਗਲਤੀ ਉਤੇ ਪਰਦਾ ਪਾਉਣ ਲਈ ਇਹ ਦਲੀਲ ਦਿੰਦਾ ਹੈ ਕਿ ਉਸ ਵੇਲੇ ਦੇ ਤੋੜ ਵਿਛੋੜੇ ਦਾ ਮੁੱਖ ਕਾਰਨ ਦੂਰ ਦੁਰਾਡੇ ਸ਼ਹਿਰ ਵਿਚ ਰੁਜ਼ਗਾਰ ਮਿਲਣਾ ਸੀ। ਹੁਣ ਤਾਂ ਉਸ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਆਪਣੀ ਪਤਨੀ ਨੂੰ ਉਥੇ ਲੈ ਜਾਵੇਗਾ, ਜਿੱਥੇ ਵੀ ਉਹ ਰਹਿਣਾ ਪਸੰਦ ਕਰੇਗੀ। ਬੁੱਢੀ ਜੋੜੀ ਜ਼ਿੰਦਾਬਾਦ!
ਜੱਜ ਦੇ ਅਰਦਲੀ ਤੋਂ ਮੰਤਰੀ ਦਾ ਸਲਾਹਕਾਰ: ਪੰਜਾਬੀ ਦੇ ਪਾਠਕ ਨਿੰਦਰ ਘੁਗਿਆਣਵੀ ਨੂੰ ਉਸ ਦੀ ਚਰਚਿਤ ਜੀਵਨ ਗਾਥਾ ‘ਮੈਂ ਸਾਂ ਜੱਜ ਦਾ ਅਰਦਲੀ’ ਕਰਕੇ ਜਾਣਦੇ ਹਨ ਭਾਵੇਂ ਉਹ ਇਸ ਰਚਨਾ ਤੋਂ ਪਿੱਛੋਂ ਅਨੇਕਾਂ ਹੋਰ ਪੁਸਤਕਾਂ ਲਿਖ ਚੁਕਾ ਹੈ। ਹੁਣ ਜੱਜ ਦਾ ਅਰਦਲੀ ਰਹਿ ਚੁਕੇ ਇਸ ਨਿੰਦਰ ਨੂੰ ਪੰਜਾਬ ਦੇ ਸਭਿਆਚਾਰ ਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਉਚਤਮ ਸਾਹਿਤ ਸਭਿਆਚਾਰ ਸੰਸਥਾ ਪੰਜਾਬ ਕਲਾ ਪ੍ਰੀਸ਼ਦ ਦਾ ਮੀਡੀਆ ਤੇ ਸਭਿਆਚਾਰ ਸਲਾਹਕਾਰ ਅਤੇ ਸੰਯੋਜਕ ਲੈ ਲਿਆ ਹੈ। ਬੰਦਾ ਜੁਗਤੀ ਹੈ, ਨਵੀਆਂ ਜੁਗਤਾਂ ਦੀ ਆਸ ਰੱਖੀ ਜਾ ਸਕਦੀ ਹੈ।
ਅੰਤਿਕਾ: ਬਰਜਿੰਦਰ ਚੌਹਾਨ
ਫੇਰ ਕੀ ਮਜਬੂਰ ਜੇ ਹੋਣਾ ਪਿਐ ਪਰਵਾਸ ‘ਤੇ
ਬੇਘਰੇ ਹੋਣਾ ਵੀ ਪੈਂਦਾ ਹੈ ਕਦੇ ਘਰ ਵਾਸਤੇ।
ਕਿਸ਼ਤੀਆਂ ਦਾ ਡੁੱਬਣਾ ਤੇਰੇ ਲਈ ਹੈ ਹਾਦਸਾ
ਰੋਜ਼ ਦਾ ਪਰ ਸ਼ੁਗਲ ਹੈ ਇਹ ਤਾਂ ਸਮੁੰਦਰ ਵਾਸਤੇ।
ਰਾਹ ਦਿਆਂ ਰੁੱਖਾਂ ਲਈ ਸਤਿਕਾਰ ਤਾਂ ਚਾਹੀਦਾ ਹੈ
ਪਰ ਉਨ੍ਹਾਂ ਦਾ ਮੋਹ ਨਹੀਂ ਚੰਗਾ ਮੁਸਾਫਰ ਵਾਸਤੇ।