ਜਪੁਜੀ ਦਾ ਰੱਬ (ਕਿਸ਼ਤ 11)

ਡਾæ ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਕੀ ਹੈ ਜਪੁਜੀ ਦਾ ਰੱਬ? ਸਾਡੇ ਸਾਹਮਣੇ ਗੁਰੂ ਨਾਨਕ ਦੀ ਜੀਵਨੀ ਹੈ ਅਤੇ ਸਾਡੇ ਕੋਲ ਜਪੁਜੀ ਦਾ ਸਾਰ ਮੂਲ ਮੰਤਰ ਤੇ ਇਸ ਦੀ ਵਿਆਖਿਆ ਹੈ। ਭਾਵੇਂ ਸੰਪੂਰਣ ਜਪੁਜੀ ਦਾ ਵਿਸ਼ਲੇਸ਼ਣ ਹਾਲੇ ਬਾਕੀ ਹੈ, ਫਿਰ ਵੀ ਇਨ੍ਹਾਂ ਦੋਹਾਂ ਸ੍ਰੋਤਾਂ ਦੇ ਮੁਲਾਂਕਣ ਤੋਂ ਕਈ ਸੰਤੋਸ਼ਜਨਕ ਉਤਰ ਮਿਲ ਜਾਂਦੇ ਹਨ।

ਮੂਲ ਮੰਤਰ ਦੇ ਅਧਿਐਨ ਤੋਂ ਇੰਜ ਜਾਪਦਾ ਹੈ ਕਿ ਗੁਰੂ ਸਾਹਿਬ ਨੇ ਇਸ ਬ੍ਰਹਿਮੰਡ ਦੇ ਮੂਲ ਸ੍ਰੋਤ ਭਾਵ ਪਰਮ ਸਤਿ ਬਾਰੇ ਸਭ ਨੂੰ, ਖਾਸ ਕਰ ਦੁਨੀਆਂ ਦੇ ਸਭ ਬੁੱਧੀਜੀਵੀਆਂ ਤੇ ਗਿਆਨੀਆਂ ਨੂੰ, ਇਕ ਬੁਝਾਰਤ ਪਾਈ ਹੈ, “ਭਾਈ! ਸ੍ਰਿਸ਼ਟੀ ਦੇ ਪਰਮ-ਸਤਿ ਦਾ ਅਸਲ ਨਾਂ, ਭਾਵ ਇਸ ਦੀ ਅਸਲੀਅਤ ਲੱਭਣੀ ਹੈ। ਇਸ ਕਾਰਜ-ਹਿੱਤ ਉਸ ਦੇ ਗੁਣ ਪਤਾ ਕਰੋ। ਸ਼ਰਤ ਹੈ ਕਿ ਇਨ੍ਹਾਂ ਨੂੰ ਤਾਰਕਿਕ ਤੇ ਗਣਿਤੀ ਢੰਗ ਅਨੁਸਾਰ ਸਹੀ ਸਹੀ ਲੱਭਿਆ ਜਾਵੇ। ਜੋ ਕਹਿਣਾ ਖਰਾ ਕਹਿਣਾ, ਨਿਰਪੱਖ ਤੇ ਬੇਲਿਹਾਜ ਹੋ ਕੇ ਕਹਿਣਾ। ਗੱਲ ਨੂੰ ਪਰਖ ਕੇ ਲੈਣਾ, ਕੋਈ ਕੂੜ ਨਹੀਂ ਮਾਰਨਾ, ਕਿਸੇ ਦੀ ਸੁਣੀ ਸੁਣਾਈ ਗੱਲ ਨਹੀਂ ਕਰਨੀ ਤੇ ਕਿਸੇ ਦੀ ਨਕਲ ਨਹੀਂ ਕਰਨੀ। ਹਾਂ, ਅਤੇ-ਪਤੇ ਦੇ ਤੌਰ ‘ਤੇ ਉਸ ਦੇ ਕੁਝ ਗੁਣ, ਜੋ ਇਨ੍ਹਾਂ ਹੀ ਸਿਧਾਂਤਾਂ ਤੇ ਸ਼ਰਤਾਂ ਅਨੁਸਾਰ ਜਾਣੇ ਗਏ ਹਨ, ਦੱਸ ਦਿੰਦਾ ਹਾਂ। ਉਹ ਸ੍ਰਿਸ਼ਟੀ ਦਾ ਰਚੈਤਾ ਹੈ, ਹਰ ਦਬਾਅ-ਪ੍ਰਭਾਵ ਤੋਂ ਮੁਕਤ ਹੈ, ਦਵੈਸ਼-ਭਾਵ ਤੋਂ ਉਪਰ ਹੈ, ਸਮੇਂ-ਕਾਲ ਵਿਚ ਆਉਂਦਾ ਨਹੀਂ, ਜੂਨੀਆਂ ਵਿਚ ਪੈਂਦਾ ਨਹੀਂ, ਇਕ ਸਦਾ-ਸਦੀਵੀ ਝਲਕ ਹੈ ਤੇ ਆਪੇ ਆਪ ਪ੍ਰਕਾਸ਼ਮਾਨ ਹੈ। ਪਰਮ-ਅਗੇਤਾ ਸਮਝ ਕੇ ਇਸ ਖੋਜ ਕਾਰਜ ਵਲ ਉਚੇਚਾ ਧਿਆਨ ਦਿਓ।”
ਇਹ ਇਕ ਸੰਸਾਰ ਪੱਧਰੀ ਮੁਹਿੰਮ ਹੈ, ਜਿਸ ਵਿਚ ਹੱਥ ਵਟਾਉਣ ਲਈ ਗੁਰੂ ਜੀ ਕੇਵਲ ਸਿੱਖਾਂ ਨੂੰ ਹੀ ਨਹੀਂ ਸਗੋਂ ਦੁਨੀਆਂ ਦੇ ਹਰ ਸੋਝੀਦਾਰ ਨੂੰ ਮੁਖਾਤਿਬ ਹੋਏ ਹਨ। ਇਸ ਸਮਝ ਮੁਤਾਬਕ ਸਿੱਖ ਉਹੀ ਨਹੀਂ, ਜੋ ਪੰਜਾਬ ਦੀ ਧਰਤੀ ‘ਤੇ ਪੈਦਾ ਹੋ ਕੇ ਬਾਣੀ ਪੜ੍ਹਦੇ ਹਨ ਤੇ ਸਮੂਹ ਕੱਕਾਰ ਧਾਰਨ ਕਰ ਕੇ ਆਪਣੇ ਆਪ ਨੂੰ ‘ਸਿੱਖ’ ਕਹਾਉਂਦੇ ਹਨ ਸਗੋਂ ਉਹ ਸਭ ਵਿਅਕਤੀ ਵੀ ਸਿੱਖੀ ਵਿਚ ਸ਼ਾਮਲ ਹਨ ਜੋ ਭਾਵੇਂ ਕਿਤੇ ਵੀ ਹੋਣ, ਜਾਣੇ-ਅਨਜਾਣੇ ਆਪਣੇ ਨਿਰੋਲ ਤੇ ਨਿਰਪੱਖ ਕਿਰਦਾਰ ਰਾਹੀਂ ਪਰਮ ਸਤਿ ਦੇ ਸਦੀਵੀ ਗੁਣਾਂ ਦੀ ਭਾਲ ਕਰ ਰਹੇ ਹਨ। ਅਜਿਹੇ ਉਜਲ-ਮੁਖ ਪੁਰਸ਼ ਭਾਵੇਂ ਇਸ ‘ਧਰਤ ਮਹਤ’ ਦੇ ਕਿਸੇ ਕੋਨੇ ਵਿਚ ਰਹਿੰਦਿਆਂ ਇਹ ‘ਮਸਕਤਿ’ ਭਰਿਆ ਕਾਰਜ ਕਰਦੇ ਹੋਣ, ਉਹ ਗੁਰੂ ਜੀ ਦੇ ਆਸੇæ ਮੁਤਾਬਕ ਕੰਮ ਕਰ ਰਹੇ ਹਨ ਤੇ ਉਨ੍ਹਾਂ ਦੀ ਪ੍ਰਸ਼ੰਸਾ ਦੇ ਪਾਤਰ ਹਨ। ਜਿਨ੍ਹਾਂ ਨੂੰ ਇਹ ਕਾਰਜ ਦਰਕਾਰ ਹੈ, ਉਨ੍ਹਾਂ ਦੀ ਮੂਲ ਮੰਤਰ ਵਿਚ ਅੰਕਿਤ ਮੁੱਦਿਆਂ ਬਾਰੇ ਸਪਸ਼ਟਤਾ ਤੇ ਪ੍ਰਤਿਬੱਧਤਾ ਪਹਿਲਾਂ ਹੀ ਬਣੀ ਹੁੰਦੀ ਹੈ, ਜੇ ਨਾ ਹੋਵੇ ਤਾਂ ਬਣਾਉਣੀ ਪੈਂਦੀ ਹੈ। ਪਰ ਬਹੁਤੇ ਸਿੱਖ ਚਿੰਤਕਾਂ ਦੀ ਸਪਸ਼ਟਤਾ ਤੇ ਪ੍ਰਤਿਬੱਧਤਾ ‘ਰੱਬ’ ਦੇ ਮਸਲੇ ‘ਤੇ ਆ ਕੇ ਅਟਕ ਜਾਂਦੀ ਹੈ। ਕਾਰਨ, ਉਹ ਆਪਣੇ ਮਨ ਦੀ ਕਰਦੇ ਹਨ, ਗੁਰੂ ਸਾਹਿਬ ਦੀ ਨਹੀਂ ਸੁਣਦੇ ਜੋ ਉਨ੍ਹਾਂ ਨੇ ਜਪੁਜੀ ਦੇ ਅਰੰਭ ਵਿਚ ਹੀ ਬਿਨਾ ਭਰਮ ਭਉ ਸਪਸ਼ਟ ਬਿਆਨ ਕੀਤੀ ਹੋਈ ਹੈ।
ਫਿਰ ਕੀ ਹੈ ਜਪੁਜੀ ਦਾ ‘ਰੱਬ’ ਭਾਵ ਗੁਰੂ ਨਾਨਕ ਦੇ ਸੰਕਲਪ ਦਾ ‘ਰੱਬ’, ਜਿੱਥੇ ਆ ਕੇ ਹਰ ਸਿੱਖ ਇੱਧਰ ਉਧਰ ਝੋਕ ਖਾ ਜਾਂਦਾ ਹੈ? ਕੀ ਉਹ ਮਨੁੱਖ ਵਾਂਗ ਕਿਸੇ ਉਚੀ ਲੰਮੀ ਉਦਾਰ ਛਵੀ ਵਾਲਾ ਦੀਦਾਵਰ ਇਨਸਾਨ ਹੈ? ਜੀ ਨਹੀਂ, ਜੋ ਕੁਝ ਗੁਰੂ ਜੀ ਨੇ ਆਪਣੇ ਅਨੁਭਵ ਰਾਹੀਂ ਦੱਸਿਆ ਹੈ, ਉਸ ਮੁਤਾਬਕ ਤਾਂ ਉਹ ‘ਅਜੂਨੀ’ ਹੈ। ਆਪਣੀ ਇਸ ਵਿਸ਼ੇਸ਼ਤਾਈ ਕਰਕੇ ਉਹ ਜੀਵ-ਦੇਹੀ ਧਾਰਨ ਹੀ ਨਹੀਂ ਕਰਦਾ! ਉਹ ਮਨੁੱਖ-ਜਾਤੀ ਤਾਂ ਕੀ, ਕਿਸੇ ਜੀਵ-ਜਾਤੀ ਵਿਚ ਵੀ ਨਹੀਂ ਆਉਂਦਾ। ਉਹ ਕਿਸੇ ਦੀ ਜਾਣ-ਪਛਾਣ ਵਾਲਾ ਨਹੀਂ ਹੈ ਤੇ ਨਾ ਹੀ ਕਿਸੇ ਦਾ ਹਮ-ਜਿਨਸ। ਨਾ ਉਹ ਚਾਬਕ-ਵਾਹ ਨਿਰਦਈ ਨਿਗਰਾਨ ਹੈ, ਨਾ ਮਿਹਰਬਾਨ। ਨਾ ਉਹ ਡਰਦਾ ਹੈ, ਨਾ ਡਰਾਉਂਦਾ ਹੈ। ਉਸ ਦਾ ਕੋਈ ਦਰਬਾਰ ਨਹੀਂ, ਕੋਈ ਧਰਮਰਾਜ ਨਹੀਂ ਤੇ ਜਮਦੂਤਾਂ ਦੀ ਕੋਈ ਧਾੜ ਨਹੀਂ। ਇਹ ਸਭ ਗੱਲਾਂ ਮਿਥਿਆਚਾਰ ਹਨ ਜੋ ਸਮੇਂ ਦੀ ਰਟਨ-ਰਟਾਣ ਕਾਰਨ ਮਨੁੱਖਾ-ਬੁੱਧੀ Ḕਤੇ ਸੱਚ ਵਾਂਗ ਉਕਰ ਗਿਆ ਹੈ। ਇਨ੍ਹਾਂ ਮਿੱਥਾਂ ਤੇ ਮਾਨਤਾਵਾਂ ਦੇ ਸ਼ੁਰੂਆਤੀ ਕਾਰਨ ਕੁਝ ਵੀ ਹੋਣ, ਮਨੁੱਖ ਨੂੰ ਹੁਣ ਇਨ੍ਹਾਂ ਦੇ ਪ੍ਰਭਾਵ ਤੋਂ ਸੁਤੰਤਰ ਹੋਣਾ ਔਖਾ ਲਗਦਾ ਹੈ। ਸਾਧਾਰਨ ਭਾਸ਼ਾ ਵਿਚ ਕਹੀਏ ਤਾਂ ਅਜੋਕਾ ਸਿੱਖ ਹੁਣ ਇਨ੍ਹਾਂ ਗੱਲਾਂ ਨਾਲ ਇੰਨਾ ਗਿੱਝ ਗਿਆ ਹਨ ਕਿ ਗੁਰੂ ਸਾਹਿਬ ਦੀ ਨਸੀਹਤ ਨੂੰ ਵੀ ਨਜ਼ਰ-ਅੰਦਾਜ਼ ਕਰ ਦਿੰਦਾ ਹੈ। ਬੁੱਧੀ ‘ਤੇ ਜੰਮੀ ਮਿਥਿਹਾਸ ਦੀ ਇਹ ਪਰਤ ਗੁਰੂ ਸਾਹਿਬ ਦੀ ਸਿੱਖਿਆ ਦੇ ਸਹੀ ਗਿਆਨ ਤੋਂ ਬਿਨਾ ਲਹਿ ਨਹੀਂ ਸਕਦੀ ਪਰ ਉਹ ਇਸ ਗਿਆਨ ਤੋਂ ਆਨੇ ਬਹਾਨੇ ਪਾਸਾ ਵੱਟਦਾ ਹੈ।
ਪਰਮ ਸਤਿ, ਜਿਸ ਨੂੰ ਹਾਲੇ ਸਭ ਨੇ ਰਲ ਕੇ ਖੋਜਣਾ ਹੈ, ਵਲੋਂ ਸਭ ਵਿਅਕਤੀ ਸਮਾਨ ਤੇ ਸੁਤੰਤਰ ਬਣੇ ਹਨ। ਸਭ ਕੁਦਰਤ ਦੇ ਇਕੋ ਜਿਹੇ ਨਿਜ਼ਾਮ ਵਿਚ ਰਹਿ ਰਹੇ ਹਨ ਤੇ ਇਕੋ ਜਿਹੇ ਨਿਯਮ ਹੰਢਾ ਰਹੇ ਹਨ। ਜਨਮ ਪੱਖੋਂ ਸਭ ਖੁਦਮੁਖਤਿਆਰ ਹਨ ਅਤੇ ਸਭ ਆਪਣੇ ਕੀਤੇ ਲਈ ਆਪ ਜਿੰਮੇਵਾਰ ਹਨ। ਸਭ ਨੂੰ ਇਕੋ ਜਿਹੇ ਅੰਗਾਂ ਵਾਲੇ ਸ਼ਰੀਰ ਮਿਲੇ ਹਨ ਤੇ ਜਿਉਂਦਾ ਰਹਿਣ ਲਈ ਲੋੜੀਂਦੇ ਹਵਾ, ਪਾਣੀ ਤੇ ਧਰਤ-ਅਕਾਸ਼। ਸਭ ਨੂੰ ਆਪਣੇ ਚੰਗੇ ਮਾੜੇ ਕੰਮ ਦਾ ਫਲ ਨਿਯਮਾਂ ਅਨੁਸਾਰ ਆਪ ਹੀ ਮਿਲਦਾ ਹੈ। ਗੱਲ ਕੇਵਲ ਨਿਯਮਾਂ ਭਾਵ ਹੁਕਮ ਨੂੰ ਜਾਣਨ-ਪਛਾਣਨ ਦੀ ਹੈ ਤੇ ਕੁਦਰਤ ਦੇ ਇਸ ‘ਹੁਕਮ ਰਜਾਈ’ ਚਲਦੇ ਢਾਂਚੇ ਨੂੰ ਸਮਝਣ ਦੀ ਹੈ। ਇਹ ਗੁਰੂ ਜੀ ਵਲੋਂ ਪਰਖੀ ਤੇ ਅਜ਼ਮਾਈ ਹੋਈ ਅਟੱਲ ਸੱਚਾਈ ਹੈ, ਜਿਸ ਵਿਚ ਕਿਸੇ ਕਿੰਤੂ-ਪ੍ਰੰਤੂ ਦੀ ਕੋਈ ਗੁੰਜਾਇਸ਼ ਨਹੀਂ ਹੈ।
ਅਜਿਹੇ ਕਿੰਤੂ ਪ੍ਰੰਤੂ ਕਰਦੇ ਹਜ਼ਾਰਾਂ ਸਿੱਖ ਸ਼ਰਧਾਲੂ ਗੁਰੂ ਜੀ ਦੀ ਬਾਣੀ ਦੇ ਬਾਵਜੂਦ ਅੱਜ ਅਨੇਕ ਸਵਾਲਾਂ ਵਿਚ ਘਿਰੇ ਫਿਰਦੇ ਹਨ। ਬਹੁਤੇ ਪੁੱਛਦੇ ਹਨ ਕਿ ਹੁਕਮ ਦਾ ਸੰਚਾਲਕ ਉਹ ਪਰਮ ਸਤਿ ਕਿਵੇਂ ਪੈਦਾ ਹੋਇਆ ਜਾਂ ਕਿਵੇਂ ਹੋਂਦ ਵਿਚ ਆਇਆ? ਮੂਲ ਮੰਤਰ ਅਨੁਸਾਰ ਇਹ ਤਾਂ ਪ੍ਰਸ਼ਨ ਹੀ ਨਿਰਮੂਲ ਹੈ। ਉਹ ਤਾਂ ਕਦੇ ਪੈਦਾ ਹੋਇਆ ਜਾਂ ਹੋਂਦ ਵਿਚ ਆਇਆ ਹੀ ਨਹੀਂ, ਸਦਾ ਤੋਂ ਹੀ ਬਣਿਆ ਬਣਾਇਆ ਹੈ। ਇਹ ਸਮਝਣਾ ਬਹੁਤ ਕਠਿਨ ਹੈ, ਤਦੇ ਇਹ ਬਹੁਤਿਆਂ ਦੇ ਗਲੇ ਨਹੀਂ ਉਤਰਦੀ। ਫਿਰ ਵੀ ਇਹ ਗੱਲ, ਹੈ ਇਵੇਂ ਹੀ। ਜ਼ੋਰ ਲਾ ਕੇ ਸਮਝੀ ਨਹੀਂ ਜਾਂਦੀ ਤੇ ਕਿਸੇ ਦੇ ਚਰਨ ਲਗ ਕੇ ਜਾਣੀ ਨਹੀਂ ਜਾਂਦੀ। ਨੱਕ ਰਗੜਨ ਨਾਲ, ਸੰਨਿਆਸ ਲੈਣ ਨਾਲ ਤੇ ਸਮਾਧੀ ਲਾਉਣ ਨਾਲ ਵੀ ਇਸ ਦਾ ਕੋਈ ਸਬੰਧ ਨਹੀਂ। ਬਾਹਰਲੇ ਕਰਮ ਦੇ ਅੰਦਰੂਨੀ ਬੋਧ ਦੀ ਗੱਲ ਹੈ, ਬੁੱਧੀ ਦੇ ਵਿਕਾਸ ਨਾਲ ਹੀ ਆਵੇਗੀ। ਇਸ ਨੂੰ ਸਮਝਣ ਲਈ ਹੀ ਤਾਂ ‘ਜਪੁ’ ਕਰਨਾ ਹੈ। ਜੋ ਕੁਝ ਪਤਾ ਹੈ, ਉਸ ਨਾਲ ਹੀ ਹੋਰ ਪਰਮਾਣਿਤ ਗੱਲਾਂ ਜੋੜ ਜੋੜ ਕੇ ਬੁੱਧੀ ਦੇ ਵਿਕਾਸ ਦੀ ਮਸ਼ਕ ਜਾਰੀ ਰੱਖਣੀ ਹੈ।
ਕਈ ਸ਼ੰਕੇ ਨਾਲ ਪੁੱਛਦੇ ਹਨ ਕਿ ਕੀ ਉਸ ਦਾ ਕਦੇ ਵੀ ਅੰਤ ਨਹੀਂ ਹੋ ਸਕਦਾ? ਜੀ, ਕਦੇ ਵੀ ਨਹੀਂ। ਉਹ ਤਾਂ ਅਕਾਲ ਹੈ ਭਾਵ ਹਮੇਸ਼ਾ ਤੋਂ ਇਵੇਂ ਹੈ, ਇਵੇਂ ਰਿਹਾ ਹੈ ਤੇ ਇਵੇਂ ਹੀ ਰਹੇਗਾ। ਉਹ ਤਾਂ ਅਜੂਨੀ ਹੈ ਭਾਵ ਜੂਨ-ਮੁਕਤ ਹੈ। ਜੇ ਉਹ ਜੰਮਦਾ ਹੀ ਨਹੀਂ ਤਾਂ ਮਰੇਗਾ ਕਿਥੋਂ! ਪਰ ਜੇ ਜੰਮਦਾ ਨਹੀਂ ਤਾਂ ਇਸ ਦਾ ਭਾਵ ਇਹ ਨਹੀਂ ਕਿ ਉਹ ਹੈ ਈ ਨਹੀਂ। ਉਹ ਹੈ, ਪਰ ਉਦਾਂ ਨਹੀਂ ਜਿਵੇਂ ਸਮਝਿਆ ਜਾਂਦਾ ਹੈ ਭਾਵ ਜਿਵੇਂ ਗ੍ਰੰਥੀ, ਗਿਆਨੀ, ਪ੍ਰਚਾਰਕ, ਕਥਾ-ਕੀਰਤਨੀਏ ਤੇ ਸੰਤ-ਮਹੰਤ ਦੱਸਦੇ ਹਨ। ਉਹ ਉਦਾਂ ਹੈ ਜਿਵੇਂ ਗੁਰੂ ਜੀ ਨੇ ਸਮਝਾਇਆ ਹੈ।
ਉਹ ਕਿੱਥੇ ਰਹਿੰਦਾ ਹੈ? ਇਹ ਨਿਰਮੂਲ ਪ੍ਰਸ਼ਨ ਵੀ ਬਹੁਤੇ ਸਿੱਖਾਂ ਦੇ ਮਨਾਂ ਵਿਚ ਵਾਰ ਵਾਰ ਆਉਂਦਾ ਹੈ। ਸਾਰੀ ਕਾਇਨਾਤ ਉਸ ਦਾ ਘਰ ਹੈ ਤੇ ਇਸ ਦੇ ਕਣ ਕਣ ਵਿਚ ਉਸ ਦਾ ਵਾਸ ਹੈ। ਜੋ ਕੁਝ ਦਿਸਦਾ ਹੈ, ਉਹ ਉਹੀ ਤਾਂ ਹੈ ਤੇ ਜੋ ਕੁਝ ਨਹੀਂ ਦਿਸਦਾ ਉਹ ਵੀ ਉਹੀ ਹੈ।
ਉਸ ਨੇ ਸ੍ਰਿਸ਼ਟੀ ਨੂੰ ਕਿਵੇਂ ਸਾਜਿਆ ਹੈ? ਉਸ ਨੇ ਸ੍ਰਿਸ਼ਟੀ ਨੂੰ ਸਾਜਿਆ ਹੀ ਨਹੀਂ ਹੈ ਕਿਉਂਕਿ ਸ੍ਰਿਸ਼ਟੀ ਤਾਂ ਉਹ ਆਪ ਹੈ। ਪਾਣੀ ਨੇ ਸਮੁੰਦਰ ਨੂੰ ਕਦੋਂ ਬਣਾਇਆ, ਸਮੁੰਦਰ ਤਾਂ ਉਹ ਆਪ ਹੈ। ਜਿਵੇਂ ਸਮੁੰਦਰ ਵਿਚ ਲਹਿਰਾਂ ਉਠਦੀਆਂ ਦਬਦੀਆਂ ਰਹਿੰਦੀਆਂ ਹਨ, ਤਿਵੇਂ ਹੀ ਸ੍ਰਿਸ਼ਟੀ ਵਿਚ ਉਥਲ-ਪੁਥਲ ਆਉਂਦੀ ਰਹਿੰਦੀ ਹੈ। ਬਹੁ-ਭਾਂਤੀ ਸ਼ਕਲਾਂ ਬਣਦੀਆਂ-ਮਿਟਦੀਆਂ ਰਹਿੰਦੀਆਂ ਹਨ ਤੇ ਸੰਸਾਰ ਮਿਟ ਮਿਟ ਬਣਦਾ ਰਹਿੰਦਾ ਹੈ। ਇਹ ਸਭ ਕੁਝ ਉਹ ਜਾਣ ਕੇ ਨਹੀਂ ਕਰਦਾ। ਇਹ ਤਾਂ ਉਸ ਦੇ ਹੁਕਮਾਂ/ਨਿਯਮਾਂ ਮੁਤਾਬਕ ਹੁੰਦਾ ਰਹਿੰਦਾ ਹੈ। ਜੇ ਕੋਈ ਹੁਕਮ ਸ਼ਬਦ ਨੂੰ ਨਿਯਮ ਦੀ ਥਾਂ ਕਿਸੇ ਮੱਧ-ਕਾਲੀਨ ਸ਼ਾਸ਼ਕ ਦੇ ਨਿਰਦੇਸ਼ ਵਾਂਗ ਸਮਝੀ ਜਾਵੇ ਤਾਂ ਗਲਤੀ ਉਸ ਦੀ।
ਕੀ ਕੋਈ ਉਸ ਉਤੇ ਨਿਯੰਤਰਣ ਕਰ ਸਕਦਾ ਹੈ ਭਾਵ ਉਸ ਦੀਆਂ ਪ੍ਰਕ੍ਰਿਆਵਾਂ ਨੂੰ ਪ੍ਰਭਾਵਤ ਕਰ ਸਕਦਾ ਹੈ? ਇਹ ਪ੍ਰਸ਼ਨ ਤਾਂ ਕੋਈ ਸਿੱਖ ਪੁੱਛਦਾ ਹੀ ਨਹੀਂ ਕਿਉਂਕਿ ਸਭ ਇਸ ਦਾ ਉਤਰ ਤਾਂ ਉਹ ਬਚਪਨ ਤੋਂ ਹੀ ਹਾਂ-ਵਾਚਕ ਮੰਨਦੇ ਹਨ। ਪਰ ਜੀ ਨਹੀਂ, ਇਹ ਗੁਰੂ ਨਾਨਕ ਦੇ ਮੂਲ ਮੰਤਰ ਦੀ ਧਾਰਨਾ ਦੇ ਅਨੁਕੂਲ ਨਹੀਂ ਹੈ। ਉਹ ਪਰਮ ਸਤਿ ਹੋਣ ਕਰਕੇ ਅੰਤਿਮ ਭਾਵ ਅਖੀਰਲੀ ਸ਼ਕਤੀ ਹੈ। ਹੋਰ ਸਭ ਸ਼ਕਤੀਆਂ ਉਸ ਅੱਗੇ ਹਾਰਦੀਆਂ ਹਨ। ਉਸ ਦਾ ਰਸਤਾ ਕੋਈ ਨਹੀਂ ਰੋਕ ਸਕਦਾ, ਨਾ ਹੀ ਕੋਈ ਉਸ ਦਾ ਰੁੱਖ ਮੋੜ ਸਕਦਾ ਹੈ। ਉਸ ਦਾ ਰਵੱਈਆ ਬੇਪ੍ਰਵਾਹ ਹੈ। ਉਹ ਤਰਸ-ਦਇਆ ਦੀ ਭਾਵਨਾ ਤੋਂ ਉਤੇ ਹੈ। ਨਾ ਉਹ ਗਲਤ ਚਲਦਾ ਹੈ, ਨਾ ਗਲਤੀ ਕਰਦਾ ਹੈ ਤੇ ਨਾ ਆਪਣੇ ਫੈਸਲਿਆਂ ‘ਤੇ ਮੁੜ-ਵਿਚਾਰ ਕਰਦਾ ਹੈ। ਜੇ ਕੋਈ ਉਸ ਅੱਗੇ ਨੱਕ ਰਗੜ ਕੇ ਦਯਾ ਦੀ ਭੀਖ ਮੰਗੇ ਜਾਂ ਅਰਦਾਸ ਕਰੇ ਤਾਂ ਵੀ ਉਹ ਪਸੀਜਦਾ ਨਹੀਂ। ਕਿਸੇ ਦੀ ਦੁਆ-ਅਰਦਾਸ ਨਹੀਂ ਸੁਣਦਾ ਤੇ ਕਿਸੇ ਨੂੰ ਲੋੜਵੰਦ ਸਮਝ ਕੇ ਮਦਦ ਨਹੀਂ ਕਰਦਾ। ਜੇ ਕੋਈ ਸਮਝੇ ਕਿ ਪੁਕਾਰ ਸੁਣ ਕੇ ਉਹ ਪਸੀਜ ਜਾਂਦਾ ਹੈ, ਇਹ ਉਸ ਦੇ ਮਨ ਦਾ ਵਿਸ਼ਵਾਸ ਹੈ ਤੇ ਉਸ ਦੀ ਆਸ ਹੈ, ਜਿਸ ਦਾ ਘੇਰਾ ਉਸ ਤੀਕ ਹੀ ਸੀਮਤ ਹੁੰਦਾ ਹੈ, ਵਿਸ਼ਵ-ਵਿਆਪੀ ਨਹੀਂ।
ਮੂਲ-ਮੰਤਰ ਦੇ ਆਸੇæ ਅਨੁਸਾਰ ਉਹ ਮਨੁੱਖ ਵਾਂਗ ਨਹੀਂ ਹੈ, ਕਿਉਂਕਿ ਉਹ ਦੇਹਧਾਰੀ ਜੀਵ ਨਹੀਂ ਹੈ। ਇਸ ਲਈ ਉਸ ਕੋਲ ਅਜਿਹੇ ਕੰਮਾਂ ਦਾ ਭਾਵ ਅਰਦਾਸਾਂ ਸੁਣਨ ਤੇ ਮਿਹਰ-ਤਰਸ ਕਰਨ ਦਾ ਕੋਈ ਜੁਗਾੜ ਨਹੀਂ ਹੈ। ਉਸ ਨੇ ਸਭ ਨੂੰ ਨੱਕ, ਕੰਨ, ਅੱਖਾਂ, ਦਿਮਾਗ ਆਦਿ ਅੰਗ ਦਿੱਤੇ ਹੋਏ ਹਨ ਜਿਨ੍ਹਾਂ ਨਾਲ ਉਹ ਆਪਣੀ ਮਦਦ ਆਪ ਕਰ ਸਕਦੇ ਹਨ ਜਾਂ ਆਪਸ ਵਿਚ ਇਕ ਦੂਜੇ ਦੀ ਮਦਦ ਕਰ ਸਕਦੇ ਹਨ। ਗੁਰੂ ਸਾਹਿਬ ਦੇ ਲਿਖੇ ਅਨੁਸਾਰ ਤਾਂ ਇਹੀ ਸੱਚ ਹੈ, ਉਂਜ ਭਰਮ ਪਾਲਣ ‘ਤੇ ਕੋਈ ਜਜ਼ੀਆ ਨਹੀਂ। ਜਿਨ੍ਹਾਂ ‘ਸੇਵਕ ਸੁਰਤਿ’ ਵਾਲੇ ਲੋਕਾਂ ਦੀ ਫਰਿਆਦ ਕੀਤੇ ਬਿਨਾ ਤਸੱਲੀ ਨਹੀਂ ਹੁੰਦੀ, ਉਹ ਅਜਿਹਾ ਕਰਦੇ ਹੀ ਹਨ ਤੇ ਕਰਦੇ ਰਹਿਣਗੇ। ਜੋ ਲੋਕ ਆਮ ਜਨਤਾ ਨੂੰ ਚਾਰ ਕੇ ਉਸ ਦਾ ਵਿਸਾਹਿਕ ਸ਼ੋਸ਼ਣ ਕਰਨਾ ਚਾਹੁੰਦੇ ਹਨ, ਉਹ ਵੀ ਅਜਿਹਾ ਕਰਦੇ ਹਨ ਤੇ ਕਰਦੇ ਹੀ ਰਹਿਣਗੇ। ਆਪਣੇ ਤੌਰ ‘ਤੇ ਕੋਈ ਜੋ ਮਰਜ਼ੀ ਸੋਚੇ ਪਰ ਅਨੁਭਵ ਇਸ ਭਰਮ ਦੀ ਪੁਸ਼ਟੀ ਨਹੀਂ ਕਰਦਾ। ਗੁਰੂ ਨਾਨਕ ਦੀ ਸਿੱਖਿਆ ਦਾ ਆਧਾਰ ਅਨੁਭਵ ਹੈ ਤੇ ਜੋ ਗੱਲ ਅਨੁਭਵ ‘ਤੇ ਪੂਰੀ ਨਹੀਂ ਉਤਰਦੀ, ਉਹ ਕੂੜ ਭਾਵ ਮਿੱਥਿਆ ਹੈ। ਪ੍ਰਮਾਣ-ਰਹਿਤ ਗੱਲ ਅੰਧ-ਵਿਸ਼ਵਾਸ ਦੇ ਆਸਰੇ ਹੀ ਅਟਕਦੀ ਹੈ ਪਰ ਸਿੱਖੀ ਦੀ ਵਿਗਿਆਨਕ ਸੋਚ ਦੇ ਤਾਣੇ-ਬਾਣੇ ਵਿਚ ਇਸ ਦੇ ਟਿਕਣ ਦੀ ਕੋਈ ਥਾਂ ਨਹੀਂ ਹੈ। ਜੇ ਕੋਈ ਇਸ ਤੋਂ ਉਲਟ ਸੋਚਦਾ ਹੈ, ਉਹ ਮੂਲ ਮੰਤਰ ਅਨੁਸਾਰ ਨਹੀਂ, ਆਪਣੀ ਹਉਮੈ ਅਨੁਸਾਰ ਵਿਚਰਦਾ ਹੈ।
ਕੀ ਉਸ ਨੂੰ ਵੇਖਿਆ ਜਾਂ ਮਿਲਿਆ ਜਾ ਸਕਦਾ ਹੈ? ਜੀ ਨਹੀਂ, ਜਿੱਦਾਂ ਤੁਸੀਂ ਸਮਝਦੇ ਹੋ, ਉਦਾਂ ਕੁਝ ਨਹੀਂ ਹੁੰਦਾ। ਮੂਲ ਮੰਤਰ ਅਨੁਸਾਰ ਉਹ ਤੁਹਾਡੇ ਤੋਂ ਵਖਰੀ ਸਤਹ ‘ਤੇ ਵਿਚਰਦਾ ਹੈ। ਜਿਵੇਂ ਇਕ ਉਡਦਾ ਜਹਾਜ ਸੜਕ ‘ਤੇ ਜਾਂਦੇ ਵਾਹਨ ਨਾਲ ਨਹੀਂ ਟਕਰਾਉਂਦਾ, ਉਵੇਂ ਹੀ ਉਹ ਤੁਹਾਨੂੰ ਨਹੀਂ ਟੱਕਰ ਸਕਦਾ ਭਾਵੇਂ ਤੁਸੀਂ ਉਸ ਨੂੰ ਲੱਖ ਭਾਲਦੇ ਫਿਰੋ। ਜੇ ਇੱਦਾਂ ਹੁੰਦਾ ਫਿਰ ੴ ਦੀ ਵਿਧੀ ਤੇ ਖੋਜ ਦੀ ਲੋੜ ਹੀ ਨਹੀਂ ਸੀ। ਉਹ ਕੋਈ ਗੁਫਾ ਵਿਚ ਛੁਪਿਆ ਸਾਧੂ-ਸੰਤ ਨਹੀਂ ਜੋ ਤੁਹਾਨੂੰ ਢੂੰਡਣ ‘ਤੇ ਲੱਭ ਪਵੇਗਾ। ਤੁਹਾਡੀਆਂ ਇੰਦਰੀਆਂ ਤੇ ਸੋਚ ਹੀ ਅਜਿਹੀਆਂ ਨਹੀਂ ਕਿ ਉਹ ਤੁਹਾਨੂੰ ਲੱਭੇ। ਸੋਚ ਬਦਲੋ, ਇੰਦਰੀਆਂ ਨੂੰ ਆਸਰਾ ਦਿਓ ਤਾਂ ਹੀ ਉਸ ਨੂੰ ਖੋਜ ਸਕਦੇ ਹੋ।
ਤੁਸੀਂ ਮਾਦੇ ਦਾ ਉਹ ਬੁੱਤ ਹੋ ਜਿਸ ਦੀਆਂ ਗਿਆਨ ਇੰਦਰੀਆਂ ਸੀਮਤ ਹਨ ਤੇ ਸੀਮਤ ਗਿਆਨ ਇੱਕਠਾ ਕਰ ਸਕਦੀਆਂ ਹਨ। ਦੂਜੇ ਪਾਸੇ, ਉਹ ਇਕ ਅਣਦਿਸਦੀ ਮੂਰਤ ਹੈ, ਇਕ ਛਿੰਨ-ਭੰਗਰੀ ਝਲਕ ਦਾ ਅਹਿਸਾਸ ਹੈ ਤੇ ਇਕ ਦੁਰਾਡਾ ਸੰਕਲਪ ਹੈ। ਉਸ ਦੀਆਂ ਸਭ ਵਿਸ਼ੇਸ਼ਤਾਈਆਂ ਦੇ ਪੂਰੇ ਗਿਆਨ ਦੀ ਅਣਹੋਂਦ ਵਿਚ ਮਨੁੱਖ ਲਈ ਇਸ ਝਲਕ ਜਾਂ ਸੰਕਲਪ ਦਾ ਨਿਰਮਾਣ ਕਰਨਾ ਔਖਾ ਹੈ। ਇਸ ਲਈ ਉਸ ਦੇ ਦੀਦਾਰ ਦਾ ਤਾਂ ਹਾਲੇ ਖਿਆਲ ਕਰਨਾ ਵੀ ਸੰਭਵ ਨਹੀਂ। ਉਸ ਦੇ ਚਾਰੇ ਪਾਸੇ ਮਾਯਾ ਦੀ ਧੁੰਦ ਪਸਰੀ ਹੋਈ ਹੈ ਤੇ ਮਨੁੱਖ ਦੀ ਬੁੱਧੀ ਇੰਨੀ ਕਮਜ਼ੋਰ ਹੈ ਕਿ ਇਸ ਚੁਫੇਰੀ ਧੁੰਦ ਨੂੰ ਬੇਧ ਨਹੀਂ ਸਕਦੀ। ਮਾਯਾ ਦੇ ਭੇਤ ਇੰਨੇ ਗੁੰਝਲਦਾਰ ਹਨ ਕਿ ਹਰ ਕਦਮ ‘ਤੇ ਗਲਤੀ ਤੇ ਸ਼ੰਕੇ ਦਾ ਮਾਹੌਲ ਬਣਿਆ ਰਹਿੰਦਾ ਹੈ। ਕੇਵਲ ਵਿਗਿਆਨਕ ਵਿਧੀ ਹੀ ਇਸ ਅੰਧ-ਸਾਗਰ ਨੂੰ ਪਾਰ ਕਰਵਾਉਣ ਦੀ ਉਮੀਦ ਬੰਨਾਉਂਦੀ ਹੈ। ਇਸ ਲਈ ਸਮਾਂ ਪੈਣ ‘ਤੇ ਹੀ ਇਸ ਦੀ ਅਸਲ ਰੂਪ ਰੇਖਾ ਦਾ ਕੋਈ ਬੋਧ ਹੋ ਸਕਦਾ ਹੈ।
ਪਰ ਸਿੱਧੇ ਰੂਪ ਵਿਚ ਨਾ ਸਹੀ ਉਸ ਦੀ ਕਾਇਨਾਤ ਰਾਹੀਂ ਤਾਂ ਉਸ ਦੇ ਦਰਸ਼ਨ ਹਰ ਵੇਲੇ ਹੁੰਦੇ ਹੀ ਰਹਿੰਦੇ ਹਨ। ਇਹ ਮਿੱਟੀ, ਇਹ ਪਾਣੀ, ਇਹ ਚੁਫੇਰੇ ਫਿਰਦੇ ਲੋਕ, ਇਹ ਜੀਵ-ਜੰਤੂ ਤੇ ਬਨਸਪਤੀ ਸਭ ਪਰਮ ਸਤਿ ਦਾ ਹੀ ਰੂਪ ਹਨ। ਜਿੰਨਾ ਚਿਰ ਅਸਲੀਅਤ ਸਾਹਮਣੇ ਨਹੀਂ ਆ ਜਾਂਦੀ, ਉਨ੍ਹਾਂ ਚਿਰ ਉਸ ਦੀ ਕਾਇਨਾਤ ਨੂੰ ਕੁਰੇਦਣਾ, ਜਾਣਨਾ, ਸਮਝਣਾ, ਸਵੀਕਾਰਨਾ ਤੇ ਪਿਆਰ ਕਰਨਾ ਹੀ ਉਸ ਦੇ ਦਰਸ਼ਨ ਕਰਨ ਸਮਾਨ ਹੈ। ਇਹ ਕੋਈ ਸਰਾਪ ਨਹੀਂ, ਮਨੁੱਖ ਦੀ ਹੋਣੀ ਹੈ। ਗੁਰੂ ਨਾਨਕ ਅਨੁਸਾਰ ਅਗਿਆਨ ਦੀ ਅੰਧੇਰੀ ਰਾਤ ਦਾ ‘ਅਮ੍ਰਿਤ ਵੇਲਾ’ ਭਾਵ ਪਹੁ-ਫੁੱਟੀ ਵੇਲਾ ਹੋਣ ਵਾਲਾ ਹੈ। ਗਿਆਨ ਦੀ ਸੱਜਰੀ ਸਵੇਰ ਹੋਣ ਤੀਕ ਉਸ ਦੇ ਗੁਣ ਪਛਾਣਨ ਦਾ ਇਹ ‘ਮੁਸ਼ਕਤ’ ਭਰਿਆ ਸੰਘਰਸ਼ ਹੀ ਮਨੁੱਖਤਾ ਦਾ ਪੰਧ ਹੈ ਤੇ ਇਸੇ ਲੰਮੇ ਪੰਧ ‘ਤੇ ਚੱਲੀ ਚੱਲਣਾ ਹੀ ਮਨੁੱਖ ਦਾ ਅਸਲੀ ‘ਜਪੁ’ ਹੈ।
ਕੀ ਗੁਰੂ ਨਾਨਕ ਸਿੱਖ ਧਰਮ ਦੇ ਮੋਢੀ ਸਨ? ਜੀ ਨਹੀਂ, ਗੁਰੂ ਨਾਨਕ ਸਿੱਖ ਧਰਮ ਦੇ ਨਹੀਂ, ਸਿੱਖ ਵਿਚਾਰਧਾਰਾ ਜਾਂ ਸਿੱਖੀ ਦੇ ਮੋਢੀ ਸਨ। ਇਤਿਹਾਸ ਤੇ ਰਵਾਇਤ-ਦੋਵੇਂ ਗਵਾਹ ਹਨ ਕਿ ਗੁਰੂ ਨਾਨਕ ਬਚਪਨ ਤੋਂ ਹੀ ਕਿਸੇ ਧਰਮ ਵਲ ਨਹੀਂ ਗਏ। ਉਨ੍ਹਾਂ ਨੇ ਹਿੰਦੂ ਤੇ ਇਸਲਾਮ-ਦੋਹਾਂ ਧਰਮਾਂ ਦੀ ਸਿੱਖਿਆ ਲੈਣ ਤੋਂ ਨਾਂਹ ਕਰ ਦਿੱਤੀ ਸੀ। ਉਲਟਾ ਉਨ੍ਹਾਂ ਨੇ ਦੋਹਾਂ ਦੇ ਨੁਮਾਇੰਦਿਆਂ ਨੂੰ ਕਠੋਰ ਪ੍ਰਸ਼ਨ ਪੁੱਛ ਕੇ ਵਾਪਸ ਤੋਰ ਦਿੱਤਾ ਸੀ। ਉਨ੍ਹਾਂ ਨੇ ਦੋਹਾਂ ਮੱਤਾਂ ਦੀਆਂ ਕੁਰੀਤੀਆਂ ਤੇ ਝੂਠੀਆਂ ਧਾਰਨਾਵਾਂ ਦਾ ਖੋਖਲਾਪਣ ਨਕਾਰ ਕੇ ਉਨ੍ਹਾਂ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸ਼ੁਭ ਸੋਚ ਤੇ ਅਮਲਾਂ ਬਿਨਾ ਦੋਵੇਂ ਮੱਤ ਖੱਜਲ-ਖਵਾਰੀ ਦਾ ਘਰ ਹਨ। ਇਹ ਹੀ ਨਹੀਂ, ਉਹ ਦੂਜੇ ਹੋਰ ਧਰਮਾਂ ਦੀ ਹਕੀਕਤ ਤੋਂ ਵੀ ਜਾਣੂ ਸਨ। ਉਹ ਸਮਝਦੇ ਸਨ ਕਿ ਸਾਰੇ ਧਰਮ ਯਥਾਰਥ ਤੋਂ ਕਟੇ ਹੋਏ ਸਨ। ਇਸ ਕਰਕੇ ਇਹ ਸਭ ਨਿਰਮੂਲ ਤੇ ਕਠੋਰ ਰਹੁ-ਰੀਤਾਂ ਦਾ ਪੁਲੰਦਾ ਸਨ। ਇਨ੍ਹਾਂ ਸਭਨਾਂ ਦੀਆਂ ਮਾਨਤਾਵਾਂ ਮਿਥਿਹਾਸ ਤੇ ਬੇਬੁਨਿਆਦ ਪਰੰਪਰਾਵਾਂ ਦਾ ਅਡੰਬਰ ਸਨ। ਗਿਆਨ ਧਿਆਨ ਨੂੰ ਤਾਂ ਇਨ੍ਹਾਂ ਨੇ ਨਾਦ ਬਿਨੋਦ ਭਾਵ ਮਨੋਰੰਜਨ ਦਾ ਧੰਦਾ ਬਣਾ ਲਿਆ ਸੀ। ਇਹ ਸੱਚ ਦੀ ਖੋਜ ਦੇ ਅਸਮਰਥ ਸਨ ਅਤੇ ਇਸ ਦੇ ਰਾਹ ਵਿਚ ਰੋੜੇ ਸਨ। ਉਨ੍ਹਾਂ ਦਾ ਉਂਜ ਕਿਸੇ ਧਰਮ ਵਿਸ਼ੇਸ਼ ਨਾਲ ਕੋਈ ਵੈਰ-ਵਿਰੋਧ ਨਹੀਂ ਸੀ। ਉਹ ਤਾਂ ਸਭ ਧਰਮਾਂ ਤੋਂ ਹੀ ਅੱਕੇ ਪਏ ਸਨ। ਕਾਰਨ ਇਹੀ ਕਿ ਉਹ ਸੱਚ ਭਾਲਦੇ ਸਨ ਤੇ ਇਨ੍ਹਾਂ ਵਿਚ ਸੱਚ ਹੈ ਨਹੀਂ ਸੀ। ਇਸ ਲਈ ਉਨ੍ਹਾਂ ਆਪਣੇ ਸਿੱਖਾਂ ਨੂੰ ਸਮਝਾਇਆ ਕਿ ਇਨ੍ਹਾਂ ਪਿੱਛੇ ਮੱਤ ਜਾਓ। ਆਪਣੀ ਸਮਝ-ਬੂਝ ਤੇ ਤਰਕ ਨਾਲ ਇਨ੍ਹਾਂ ਦੀ ਇਕ ਇਕ ਕੁਰੀਤੀ ਨੂੰ ਤਿਆਗ ਦਿਓ। ਉਨ੍ਹਾਂ ਨੇ ਆਪਣੀ ਅਦੁੱਤੀ ਸਮਝ ਅਨੁਸਾਰ ਆਪਣੇ ਸਿੱਖਾਂ ਨੂੰ ਅਜਿਹਾ ਗਿਆਨ ਹਾਸਲ ਕਰਨ ਦਾ ਉਪਦੇਸ਼ ਦਿਤਾ ਜੋ ਸਮਾਨ-ਸੋਝੀ, ਪਰਖ-ਪੜਤਾਲ ਅਤੇ ਅਨੁਭਵ ਵਿਚੋਂ ਉਸਰਿਆ ਹੋਵੇ। ਅਜਿਹਾ ਗਿਆਨ ਜਿਸ ਵਿਚ ਗਣਿਤੀ ਵਿਧੀ ਦੀ ਵਰਤੋਂ ਨਾਲ ਸਥਿਰਤਾ ਤੇ ਸ਼ੁਧਤਾ ਆਈ ਹੋਵੇ। ਜੋ ਸੱਚ ਤੋਂ ਉਗਿਆ ਹੋਵੇ ਤੇ ਸੱਚਾਈ ਨਾਲ ਸਤਿ ਭਾਵ ਪਰਮ ਸਤਿ ਤੀਕ ਲੈ ਜਾਣ ਦੀ ਸਮਰਥਾ ਰੱਖਦਾ ਹੋਵੇ।
ਮੂਲ ਮੰਤਰ ਦੇ ਉਪਰੋਕਤ ਅਧਿਐਨ ਤੋਂ ਪੱਕੀ ਤਰ੍ਹਾਂ ਜਾਪਦਾ ਹੈ ਕਿ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਇਕ ਨਵੇਂ ਧਰਮ ਜਾਂ ਮਜ੍ਹਬ ਦੀ ਥਾਂ ਇਕ ਨਵੀਂ ਸਿੱਖ, ਇਕ ਨਵੀਂ ਸੋਚ ਤੇ ਇਕ ਨਵਾਂ ਮੱਤ ਦਿੱਤਾ ਜੋ ਤਰਕਸੰਗਤ ਤੇ ਵਿਗਿਆਨਕ ਸੀ। ਸਿੱਖੀ ਦੀ ਇਸ ਵਿਗਿਆਨਕ ਵਿਲੱਖਣਤਾ ਤੋਂ ਅਣਜਾਣ ਬਹੁਤੇ ਅਜੋਕੇ ਸਿੱਖ ਇਸ ਨੂੰ ਨਵਾਂ ਧਰਮ ਹੀ ਕਹੀ ਜਾਂਦੇ ਹਨ। ਉਹ ਨਹੀਂ ਜਾਣਦੇ ਕਿ ਧਰਮ ਤਾਂ ਧਰਮ ਹੀ ਹੁੰਦੇ ਹਨ, ਇਨ੍ਹਾਂ ਵਿਚ ਨਵਾਂ-ਪੁਰਾਣਾ ਕੁਝ ਨਹੀਂ ਹੁੰਦਾ। ਸਾਰੇ ਹੀ ਧਰਮ ਕਲਪਨਾ, ਵਿਸ਼ਵਾਸ, ਧਾਰਮਿਕ ਬਿੰਬਾਂ ਤੇ ਪੂਜਾ-ਪਾਠ ‘ਤੇ ਉਸਰੇ ਹੁੰਦੇ ਹਨ ਤੇ ਇਹ ਇਨ੍ਹਾਂ ਗੱਲਾਂ ‘ਤੇ ਆ ਕੇ ਹੀ ਸੰਪੰਨ ਹੁੰਦੇ ਹਨ। ਸਾਰਿਆਂ ਵਿਚੋਂ ਯਥਾਰਥ, ਤਰਕ ਤੇ ਸੱਚ ਅਲੋਪ ਹੋਏ ਹੁੰਦੇ ਹਨ। ਗਿਆਨ ਦੀ ਕਸੌਟੀ ‘ਤੇ ਕੋਈ ਪੂਰਾ ਨਹੀਂ ਉਤਰਦਾ। ਜੇ ਕੋਈ ਉਤਰੇਗਾ ਤਾਂ ਫਿਰ ਉਹ ਧਰਮ ਨਹੀਂ ਇਕ ਵਿਗਿਆਨਕ ਫਲਸਫਾ ਹੋਵੇਗਾ।
ਇਸੇ ਲਈ ਗੁਰੂ ਸਾਹਿਬ ਨੇ ਸਿੱਖੀ ਨੂੰ ਸਿੱਖ ਧਰਮ ਦੇ ਤੌਰ ‘ਤੇ ਨਹੀਂ ਸਗੋਂ ਸਿੱਖ ਮੱਤ ਭਾਵ ਸਿੱਖ ਜਾਚ ਜਾਂ ਸਿੱਖ ਸੋਚ ਦੇ ਤੌਰ ‘ਤੇ ਦਿੱਤਾ ਹੈ। ਉਨ੍ਹਾਂ ਨੇ ਇਸ ਵਿਚ ਮੰਨਣ ਤੇ ਵਿਸ਼ਵਾਸ ਦੀ ਥਾਂ ਖੋਜਣ, ਸਿੱਖਣ ਤੇ ਅਨੁਭਵ ਦੀ ਗੱਲ ਮੂਹਰੇ ਰੱਖੀ ਹੈ। ਇੰਨਾ ਕਰ ਕੇ ਉਨ੍ਹਾਂ ਨੇ ਸਿੱਖ ਮੱਤ ਨੂੰ ਹਿੰਦੂ, ਇਸਲਾਮ ਤੇ ਹੋਰ ਧਰਮਾਂ ਤੋਂ ਨਿਵੇਕਲਾ ਕੀਤਾ ਹੈ। ਜੋ ਲੋਕ ਅੱਜ ਸਿੱਖੀ ਨੂੰ ਹਿੰਦੂ ਧਰਮ ਤੋਂ ਵੱਖ ਸਾਬਤ ਕਰਨ ਲਈ ਅੱਡੀ ਚੋਟੀ ਦਾ ਜੋਰ ਲਾ ਰਹੇ ਹਨ, ਉਹ ਸਿੱਖੀ ਦੇ ਇਸ ਵਿਗਿਆਨਕ ਨੁਕਤੇ ਤੋਂ ਅਨਜਾਣ ਲਗਦੇ ਹਨ। ਉਹ ਮਹਿਸੂਸ ਕਰਦੇ ਹਨ ਕਿ ਹਿੰਦੂਤਵ ਦਾ ਭਿਆਨਕ ਅਜ਼ਗਰ ਸਿੱਖੀ ਨੂੰ ਨਿਗਲ ਜਾਵੇਗਾ ਪਰ ਇਹ ਨਹੀਂ ਸੋਚਦੇ ਕਿ ਮਿਥਿਹਾਸ, ਪਖੰਡ ਤੇ ਅੰਧਵਿਸ਼ਵਾਸ ਇਕ ਵਿਗਿਆਨਕ ਵਿਚਾਰਧਾਰਾ ‘ਤੇ ਕਿਵੇਂ ਹਾਵੀ ਹੋ ਸਕਦੇ ਹਨ। ਦਰਅਸਲ ਅਜਿਹੇ ਵਿਅਕਤੀਆਂ ਨੇ ਸਿੱਖੀ ਦੇ ਅੰਦਰੂਨੀ ਵਿਗਿਆਨ ਨੂੰ ਖਗੋਲਿਆ ਹੀ ਨਹੀਂ। ਉਨ੍ਹਾਂ ਨੇ ਪਹਿਲਾਂ ਇਸ ਨੂੰ ਅਣਗੌਲਿਆ ਕਰ ਕੇ ਇਸ ਨੂੰ ਦੂਜੇ ਧਰਮਾਂ ਦੇ ਪੱਧਰ ‘ਤੇ ਲਿਆਂਦਾ; ਫਿਰ ਦੇਖਾ ਦੇਖੀ ਇਸ ਵਿਚ ਦੂਜੇ ਧਰਮਾਂ ਵਾਂਗ ਨਿਰਮੂਲ ਰਸਮ-ਰਿਵਾਜ਼ ਲਿਆਂਦੇ; ਫਿਰ ਇਸ ਦਾ ਉਨ੍ਹਾਂ ਨਾਲ ਟਾਕਰਾ ਕੀਤਾ ਤੇ ਅਖੀਰ ਵਿਚ ਇਸ ਨੂੰ ਇਕ ਨਿਮਾਣਾ ਅਲਪ-ਸੰਖਿਅਕ ‘ਧਰਮ’ ਦੱਸ ਕੇ ਰੌਲਾ ਪਾਇਆ ਕਿ ਬਹੁ-ਮਤ ਵਾਲੇ ਧਰਮ ਇਸ ਨੂੰ ਨਿਗਲ ਜਾਣਗੇ। ਜੇ ਉਨ੍ਹਾਂ ਅਨੁਸਾਰ ਇਹ ਧਰਮ ਹੈ, ਫਿਰ ਤਾਂ ਉਹ ਸੱਚ ਮੁੱਚ ਇਸ ਨੂੰ ਨਿਗਲ ਹੀ ਜਾਣਗੇ। ਜੇ ਸਿੱਖੀ ਧਰਮ ਹੈ, ਫਿਰ ਤਾਂ ਵਿਗਿਆਨ ਵੀ ਧਰਮ ਹੈ ਤੇ ਵਿਗਿਆਨ ਨੂੰ ਵੀ ਨਿਗਲ ਜਾਣਗੇ। ਲੋੜ ਹੈ, ਗੁਰੂ ਨਾਨਕ ਦੀ ਸਿੱਖਿਆ ਅਨੁਸਾਰ ਇਸ ਵਿਚ ਛੁਪੇ ਸੱਚ ਨੂੰ ਸਮਝਣ ਦੀ ਤੇ ਕੂੜ ਤੋਂ ਦੂਰ ਰਹਿਣ ਦੀ।
ਮੂਲ ਮੰਤਰ ਦੇ ਅਧਿਐਨ ਤੋਂ ਪਤਾ ਚਲਦਾ ਹੈ ਕਿ ਗੁਰੂ ਜੀ ਨੇ ਇਸ ਦੇ ਅਰੰਭ ਵਿਚ ਹੀ ਸਭ ਧਰਮਾਂ ਨੂੰ ਗੰਢ ਮਾਰ ਕੇ ਇਕ ਪਾਸੇ ਰੱਖ ਦਿੱਤਾ ਹੈ। ਇਸ ਨਾਲ ਉਨ੍ਹਾਂ ਨੇ ਇਹ ਸੰਕੇਤ ਦਿੱਤਾ ਹੈ ਕਿ ਹੁਣ ਵਿਗਿਆਨ ਦਾ ਸਮਾਂ ਆ ਗਿਆ ਹੈ ਤੇ ਅੰਧ-ਵਿਸ਼ਵਾਸ ਦਾ ਯੁਗ ਖਤਮ ਹੋ ਗਿਆ ਹੈ। ਧਰਮ ਦਾ ਸੱਚ ਇਹ ਹੈ ਕਿ ਇਸ ਦੀ ਬੁਨਿਆਦ ਵਿਸ਼ਵਾਸ ਉਤੇ ਟਿਕੀ ਹੁੰਦੀ ਹੈ। ਵਿਸ਼ਵਾਸ ਦਾ ਅਰਥ ਹੈ ਹਨੇਰਾ, ਭਾਵ ਬਿਨਾ ਗਿਆਨ ਤੋਂ ਭਰੋਸਾ। ਹਨੇਰੇ ਤੇ ਵਿਸ਼ਵਾਸ ਦਾ ਦੂਜਾ ਨਾਂ ਅੰਧ-ਵਿਸ਼ਵਾਸ ਹੈ। ਅੰਧ-ਵਿਸ਼ਵਾਸ ਅਗਿਆਨ ਤੇ ਪਰਦੇ ਦਾ ਪ੍ਰਤੀਕ ਹੈ। ਧਰਮ ਦਾ ਤਾਣਾ-ਬਾਣਾ ਇਸ ਹਨੇਰੇ ਦੇ ਪਰਦੇ ਵਿਚ ਕੱਤਿਆ ਬੁਣਿਆ ਜਾਂਦਾ ਹੈ ਤੇ ਇਸ ਵਿਚ ਹੀ ਵਿਛਾਇਆ ਜਾਂਦਾ ਹੈ।
ਸੰਸਾਰ ਦੀ ਅਸਲੀਅਤ ਹੁੰਦੀ ਕੁਝ ਹੋਰ ਹੈ ਤੇ ਇਸ ਵਿਚ ਦਿਖਦੀ ਕੁਝ ਹੋਰ ਜਾਂਦੀ ਹੈ। ਵਿਚਾਰ ਧਰਤ ਵਲੋਂ ਨਹੀਂ ਅਰਸ਼ ਵਲੋਂ ਆਏ ਹੁੰਦੇ ਹਨ। ਕਿਸੇ ਸਵਾਲ ਦਾ ਕੋਈ ਉਤਰ ਨਹੀਂ ਹੁੰਦਾ ਕਿਉਂਕਿ ਸਭ ਸਵਾਲਾਂ ਦਾ ਉਤਰ ਇੱਕੋ ਹੁੰਦਾ ਹੈ। ਇਸ ਦੇ ਦਰ ਵਿਵੇਕ ਵਲ ਨਹੀਂ ਖੁਲ੍ਹਦੇ ਤੇ ਨਾ ਹੀ ਵਿਵੇਕ ਦਾ ਪ੍ਰਕਾਸ਼ ਇਸ ਵਿਚ ਪ੍ਰਵੇਸ਼ ਹੁੰਦਾ ਹੈ। ਵਿਗਿਆਨ ਦੇ ਜ਼ਮਾਨੇ ਵਿਚ ਅਜਿਹੇ ਧਰਮਾਂ ਦਾ ਕੋਈ ਭਵਿੱਖ ਨਹੀਂ, ਇਨ੍ਹਾਂ ਨੂੰ ਚਲਾਉਣ ਲਈ ਜਾਂ ਤਾਂ ਕਠੋਰ ਸ਼ਕਤੀ ਵਰਤਣੀ ਪੈਂਦੀ ਹੈ ਤੇ ਜਾਂ ਸਾਇੰਸ ਤੋਂ ਕੁਝ ਤੱਥ ਲੈ ਕੇ ਇਸ ਦੇ ਖਸਤਾ ਹਿੱਸਿਆਂ ‘ਤੇ ਟਾਕੀਆਂ ਲਾਉਣੀਆਂ ਪੈਂਦੀਆਂ ਹਨ। ਅਜੋਕੇ ਸਮੇਂ ਵਿਚ ਆਪਣੀ ਹੋਂਦ ਕਾਇਮ ਰੱਖਣ ਲਈ ਸਭ ਪੁਰਾਤਨ ਧਰਮ ਇੱਦਾਂ ਹੀ ਕਰਦੇ ਹਨ। ਜੋ ਨਹੀਂ ਕਰਦੇ, ਉਹ ਬੁਰੀ ਤਰ੍ਹਾਂ ਪਛੜ ਰਹੇ ਹਨ।
ਦੂਜੇ ਪਾਸੇ ਗੁਰੂ ਜੀ ਦਾ ਮੱਤ ਇਕ ਧਰਮ ਨਾ ਹੋ ਕੇ ਅਨੁਭਵ ਤੋਂ ਸਿੱਖਣ ਤੇ ਸਿੱਖਣ ਤੋਂ ਗਿਆਨ ਵਲ ਜਾਣ ਦਾ ਸਿੱਖੀ ਸਿਧਾਂਤ ਹੈ। ਇਸ ਦਾ ਆਧਾਰ ਵਿਗਿਆਨ ਉਤੇ ਟਿਕਿਆ ਹੈ ਜਿਸ ਦਾ ਸੰਕੇਤ ੴ ਦਾ ਸੂਤਰ ਹੈ। ਗੁਰੂ ਜੀ ਨੇ ਮੂਲ ਮੰਤਰ ਨੂੰ ‘ਹਰਿ ਨਾਮ ਰਸਾਇਣ’ ਕਹਿ ਕੇ ਇਸ ਨੂੰ ਆਪ ਵਿਗਿਆਨ ਦਾ ਦਰਜਾ ਦਿੱਤਾ ਹੈ। ਵਿਗਿਆਨ ਦਾ ਉਦੇਸ਼ ਗਿਆਨ ਹੈ ਤੇ ਗਿਆਨ ਚਾਨਣ ਦਾ ਪ੍ਰਤੀਕ ਹੈ। ਚਾਨਣ ਹਨੇਰੇ ਨੂੰ ਦੂਰ ਕਰਕੇ ਪਾਰਦਰਸ਼ਤਾ ਲਿਆਉਂਦਾ ਹੈ। ਪਾਰਦਰਸ਼ਤਾ ਨਾਲ ਝੂਠ ਦੇ ਪਰਦੇ ਲੱਥਦੇ ਹਨ, ਪਰਦੇ ਉਤਰਨ ਨਾਲ ਪਖੰਡ ਨੰਗੇ ਹੁੰਦੇ ਹਨ ਤੇ ਭਰਮ ਟੁੱਟਦੇ ਹਨ। ਯਥਾਰਥ ਦੇ ਛੁਪੇ ਸਬੰਧਾਂ ਤੇ ਕੜੀਆਂ ਦੀ ਸਮਝ ਪੈਂਦੀ ਹੈ ਅਤੇ ਇਨ੍ਹਾਂ ਵਿਚ ਸਮੋਏ ਤਰਕ ਨੂੰ ਰਿੜਕ ਕੇ ਅਸਲੀਅਤ ਦੀ ਸਹੀ ਤਸਵੀਰ ਉਭਰਦੀ ਹੈ। ਇਸ ਅਸਲੀ ਤਸਵੀਰ ਅਨੁਸਾਰ ਹੀ ਬੁੱਧੀ ਦੀਆਂ ਅੱਖਾਂ ਖੁਲ੍ਹਦੀਆਂ ਹਨ ਤੇ ਯਥਾਰਥਕ ਸੰਕਲਪ ਬਣਦੇ ਹਨ। ਫਿਰ ਸਾਰਥਕ ਜੀਵਨ ਦੀ ਜਾਚ ਆਉਂਦੀ ਹੈ ਤੇ ਪਰਮ ਸਤਿ ਦੀ ਸਹੀ ਸੇਧ ਮਿਲਦੀ ਹੈ। ਬਾਕੀ ਸਭ ਵਿਖਾਵਾ ਹੈ ਤੇ ਕੂੜ ਦਾ ਵਣਜ ਹੈ।
(ਚਲਦਾ)