ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਜਪੁਜੀ ਦਾ ਰੱਬ ਭਾਵੇਂ ਭਗਤਾਂ ਲਈ ਇਕ ਪੂਜਨੀਕ ਤੇ ਸਰਬ-ਕਲਾ ਸਮਰੱਥ ਪੁਰਸ਼ ਹੈ ਪਰ ਗੁਰੂ ਨਾਨਕ ਲਈ ਇਕ ਸੋਚ-ਬਿੰਬ ਤੇ ਸਦੀਵੀ ਖੋਜ ਪ੍ਰਸਤਾਵ ਹੈ। ਇਹ ਕਿਸੇ ਦੇ ਹੱਥ ਆਉਣ ਵਾਲੀ ਚੀਜ਼ ਨਹੀਂ। ਜਿੰਨਾ ਨੇੜੇ ਜਾਓ, ਉਨਾ ਹੀ ਦੂਰ ਚਲਾ ਜਾਂਦਾ ਹੈ। ਇਹ ਮਨੁੱਖੀ ਸਮਝ ਦੇ ਦਿਸਹੱਦੇ ਤੋਂ ਬਾਹਰ ਚਮਕਦੀ ਇਕ ਸਦੀਵੀ ਪੀਂਘ ਹੈ ਜਿਸ ਦੀ ਰਹੱਸਮਈ ਹੋਂਦ ਮਨੁੱਖੀ ਵਿਵੇਕ ਨੂੰ ਹਮੇਸ਼ਾ ਨਵੀਂਆਂ ਬੁਲੰਦੀਆਂ ਵਲ ਧੂਹ ਪਾਉਂਦੀ ਰਹੇਗੀ। ਇਹ ਉਹ ਪਰਮ-ਸਤਿ ਹੈ ਜੋ ਅਸਲੀਅਤ ਤਾਂ ਹੈ ਪਰ ਅਗਿਆਤ ਕਿਸਮ ਦੀ।
ਇਸ ਅਗਿਆਤ ਅਸਲੀਅਤ ਦਾ ਹਾਲੇ ਨਾਮ ਵੀ ਪਤਾ ਨਹੀਂ।
ਉਂਜ ਸਥਾਪਤ ਧਰਮਾਂ ਵਾਲਿਆਂ ਨੇ ਪਹਿਲਾਂ ਹੀ ਇਸ ਦੇ ਕਈ ਨਾਂ ਰੱਖੇ ਹੋਏ ਹਨ ਪਰ ਸਭ ਫਰਜੀ ਹਨ। ਕਾਰਨ ਇਹ ਕਿ ਇਹ ਗਲਤ ਵਿਧੀ ਨਾਲ ਭਗਤਾਂ ਦੀ ਮਰਜੀ ਅਨੁਸਾਰ ਰੱਖੇ ਹੋਏ ਹਨ। ਅਸਲ ਨਾਮ ਦਾ ਪਤਾ ਉਸ ਦੀਆਂ ਸਭ ਵਡਿਆਈਆਂ ਦੀ ਜਾਣਕਾਰੀ ਬਿਨਾ ਨਹੀਂ ਲੱਗ ਸਕਦਾ। ਕੋਈ ਚੀਜ਼ ਜੋ ਕੁਝ ਹੈ, ਉਹ ਆਖਰ ਕੁਝ ਗਿਆਤ ਗੁਣਾਂ ਦਾ ਪੁਲੰਦਾ ਹੀ ਤਾਂ ਹੁੰਦੀ ਹੈ। ਗੁਣਾਂ ਦੇ ਗਿਆਨ ਤੋਂ ਬਿਨਾ ਕਿਸੇ ਚੀਜ਼ ਦੀ ਹੋਰ ਕੋਈ ਗਿਆਤ ਹੋਂਦ ਨਹੀਂ ਹੁੰਦੀ। ਖੰਡ ਕੀ ਹੈ? ਦਾਣੇਦਾਰ ਹੈ, ਭਾਰੀ ਹੈ, ਚਿੱਟੀ ਹੈ, ਭਾਂਡੇ ਵਿਚ ਪਾਇਆਂ ਥਾਂ ਘੇਰਦੀ ਹੈ, ਪਾਣੀ ਆਦਿ ਤਰਲ ਪਦਾਰਥਾਂ ਵਿਚ ਪਾਇਆਂ ਘੁਲ ਜਾਂਦੀ ਹੈ ਤੇ ਜੀਭ ‘ਤੇ ਰੱਖਿਆਂ ਮਿੱਠਾ ਸਵਾਦ ਦਿੰਦੀ ਹੈ। ਇਹ ਤਾਂ ਸਭ ਇਸ ਦੇ ਗੁਣ ਹਨ। ਫਿਰ ਖੰਡ ਕਿੱਥੇ ਹੈ ਤੇ ਇਸ ਦੀ ਹੋਂਦ ਕੀ ਹੈ? ਕੁਝ ਵੀ ਨਹੀਂ। ਬੱਸ ਇਹ ਗੁਣ ਹੀ ਇਸ ਦੀ ਹੋਂਦ ਹਨ।
ਇਸ ਤਰ੍ਹਾਂ ਮਨੁੱਖ ਦੀਆਂ ਗਿਆਨ ਇੰਦਰੀਆਂ ਬਣੀਆਂ ਹੀ ਪਦਾਰਥ ਦੇ ਗੁਣ ਜਾਣਨ ਦੇ ਸੀਮਤ ਜਿਹੇ ਕਾਰਜ ਲਈ ਹਨ। ਗੁਣ ਤੋਂ ਬਿਨਾ ਇਹ ਕਿਸੇ ਪਦਾਰਥ ਦੇ ਯਥਾਰਥ ਬਾਰੇ ਕੁਝ ਵੀ ਦੱਸ ਨਹੀਂ ਸਕਦੀਆਂ। ਜੇ ਪਦਾਰਥ ਦਾ ਹੀ ਇਸ ਦੇ ਗੁਣਾਂ ਤੋਂ ਬਿਨਾ ਕੁਝ ਪਤਾ ਨਹੀਂ ਲਗਦਾ ਤਾਂ ਪਰਮ-ਸਤਿ ਬਾਰੇ ਕੀ ਕਹੀਏ? ਕੁਝ ਕਹਿਣ ਤੋਂ ਪਹਿਲਾਂ ਇਸ ਦਾ ਨਾਮ ਜਾਣਨਾ ਜਰੂਰੀ ਹੈ ਤੇ ਨਾਮ ਜਾਣਨ ਤੋਂ ਵੀ ਪਹਿਲਾਂ ਇਸ ਦੇ ਗੁਣ ਜਾਣਨੇ ਜਰੂਰੀ ਹਨ। ਗੁਣਾਂ ਦੀ ਸਹੀ ਜਾਂਚ ਤੇ ਪ੍ਰਸਤੁਤੀ ਲਈ ਗਣਿਤੀ ਮਿਆਰ ਦੀ ਸੋਚ ਜਰੂਰੀ ਹੈ ਤੇ ਇਸ ਕੰਮ ਲਈ ਜਰੂਰੀ ਹੈ ਗਣਿਤ। ਇਸ ਲਈ ਪਰਮ-ਸਤਿ ਦੀ ਸਹੀ ਜਾਣਕਾਰੀ ਲਈ ੴ ਦੀ ਵਿਗਿਆਨਕ ਵਿਧੀ ਦੀ ਵਰਤੋਂ ਅਤਿ ਜਰੂਰੀ ਹੈ। ਇਹ ਵਿਧੀ ਯਕੀਨੀ ਬਣਾਉਂਦੀ ਹੈ ਕਿ ਜੋ ਗੱਲ ਕਹੀ ਜਾਵੇ, ਉਹ ਤਰਕ-ਸੰਗਤ ਹੋਵੇ। ਪ੍ਰਮਾਣੀਕ ਹੋਵੇ ਤਾਂ ਜੋ ਜਿਸ ਕਿਸੇ ਨੇ ਵੀ ਉਸ ਦੇ ਸਹੀ ਹੋਣ ਦੀ ਪੁਸ਼ਟੀ ਕਰਨੀ ਹੋਵੇ, ਕਰ ਸਕੇ। ਜਿਸ ਗੱਲ ਦਾ ਪਤਾ ਨਾ ਹੋਵੇ, ਉਸ ਦੀ ਖੋਜ ਕੀਤੀ ਜਾਵੇ, ਹਰ ਪੱਧਰ ‘ਤੇ ਪੱਕੀ ਖੋਜ ਵਿਧੀ ਵਰਤੀ ਜਾਵੇ। ਗਲਤ-ਬਿਆਨੀ ਨਾ ਕੀਤੀ ਜਾਵੇ। ਨਵੀਂ ਜਾਣਕਾਰੀ ਪੂਰਵ-ਗਿਆਤ ਜਾਣਕਾਰੀ ਨਾਲ ਤਾਰਕਿਕ ਤੇ ਗਣਿਤੀ ਸਬੰਧ ਰੱਖਦੀ ਹੋਵੇ। ਪੂਰਵ-ਜਾਣਕਾਰੀ ਨੂੰ ਆਧਾਰ ਮੰਨਿਆ ਜਾਵੇ। ਜੇ ਨਵੀਂ ਜਾਣਕਾਰੀ ਵੱਧ ਪ੍ਰਮਾਣੀਕ ਹੋਵੇ ਤਾਂ ਪੁਰਵ-ਗਿਆਤ ਜਾਣਕਾਰੀਆਂ ਤੇ ਸੰਕਲਪਾਂ ਨੂੰ ਇਸ ਮੁਤਾਬਿਕ ਸੋਧਿਆ ਜਾਵੇ।
ਉਪਰੋਕਤ ਕਥਨ ਨੂੰ ਹੋਰ ਸਪਸ਼ਟ ਕਰਨ ਲਈ ਇਸ ਵਿਧੀ ਨੂੰ ਮੂਲ ਮੰਤਰ ਦੀ ਵਿਆਖਿਆ ‘ਤੇ ਲਾਗੂ ਕਰਦੇ ਹਾਂ। ਮਿਸਾਲ ਲਈ “ਨਵੀਂ ਜਾਣਕਾਰੀ ਪੂਰਵ-ਗਿਆਤ ਜਾਣਕਾਰੀ ਨਾਲ ਤਾਰਕਿਕ ਤੇ ਗਣਿਤੀ ਸਬੰਧ ਰੱਖਦੀ ਹੋਵੇ” ਦੀ ਸ਼ਰਤ ਹੀ ਲੈਂਦੇ ਹਾਂ। ਮੂਲ ਮੰਤਰ ਦਾ ਅਰੰਭ ੴ ਦੇ ਹਿਸਾਬੀ ਸੂਤਰ ਨਾਲ ਕੀਤਾ ਗਿਆ ਹੈ। ਇਹ ਇਸ ਦਾ ਸਰਬ-ਪ੍ਰਥਮ ਸੰਕਲਪ ਹੈ। ਇਸ ਤੋਂ ਬਾਅਦ ਜੋ ਕੁਝ ਵੀ ਲਿਖਿਆ ਆਵੇਗਾ, ਉਸ ਦੀ ਵਿਆਖਿਆ ਇਸੇ ਦੀ ਲੋਅ ਵਿਚ ਕਰਨੀ ਹੋਵੇਗੀ। ਹਰ ਖੇਤਰ ਵਿਚ ਇਸ ਕਿਸਮ ਦੀ ਤਰਜੀਹ ਨਿਰਧਾਰਤ ਹੁੰਦੀ ਹੈ। ਕਾਨੂੰਨ ਵਿਚ ਸੰਵਿਧਾਨ ਦੀ ਤੇ ਸੰਵਿਧਾਨ ਵਿਚ ਪ੍ਰਸਤਾਵਨਾ (ਫਰeਅਮਬਲe) ਦੀ ਸਰਬ-ਪ੍ਰਧਾਨਤਾ ਬਣੀ ਹੋਈ ਹੈ। ਮੈਡੀਕਲ ਸਾਇੰਸ ਵਿਚ ਮਾਨਸਿਕ ਅਲਾਮਤਾਂ ਨੂੰ ਸਰਬ-ਉਚ ਦਰਜਾ ਦਿੱਤਾ ਜਾਂਦਾ ਹੈ। ਇੱਥੇ ੴ ਤੋਂ ਬਾਅਦ ਸਤਿ ਨਾਮ ਲਿਖਿਆ ਹੈ। ਇਸ ਦਾ ਭਾਵ ਹੈ ਕਿ ੴ ਦਾ ਹਿਸਾਬੀ ਸੂਤਰ ਸਤਿ ਨਾਮੁ ਦੇ ਸੰਦਰਭ ਵਿਚ ਵਰਤਿਆ ਗਿਆ ਹੈ। ਅਰਥਾਤ ਪਰਮ-ਸਤਿ ਦੇ ਨਾਂ ਦੀ ਖੋਜ ਲਈ ਹਿਸਾਬੀ ਢੰਗ ਦੀ ਵਰਤੋਂ ਕਰਨੀ ਹੈ। ਇਸ ਪਿਛੋਂ ਵਾਰੀ ਵਾਰੀ ਕਰਤਾ ਪੁਰਖੁ, ਨਿਰਭਉ, ਨਿਰਵੈਰ ਆਦਿਕ ਸੰਗਿਆ-ਵਿਸ਼ੇਸ਼ਣ ਆਉਂਦੇ ਹਨ। ਇਨ੍ਹਾਂ ਦੇ ਲਿਖਣ ਤੋਂ ਭਾਵ ਹੈ ਕਿ ਨਾਮ ਦਾ ਖੁਲਾਸਾ ਗੁਣਾਂ ਦੀ ਜਾਣਕਾਰੀ ਉਪਰੰਤ ਹੋਵੇਗਾ। ਉਸ ਦੇ ਕਰਤਾ ਪੁਰਖੁ ਹੋਣ ਦਾ ਗੁਣ ਇਕ ਮਨੁੱਖੀ ਜਾਮੇ ਵਾਲੇ ਦੇਹਧਾਰੀ ਕਾਰੀਗਰ ਦਾ ਝਉਲਾ ਪਾਉਂਦਾ ਹੈ। ਪਰ ਉਹ ਇੱਦਾਂ ਦਾ ਨਹੀਂ ਹੋ ਸਕਦਾ ਕਿਉਂਕਿ ਕਿਸੇ ਦੇਹਧਾਰੀ ਮਨੁੱਖ ਨੂੰ ਲੱਭਣ ਲਈ ਗਣਿਤੀ ਵਿਧੀ ਦੀ ਲੋੜ ਨਹੀਂ।
ਮੰਨ ਲਓ ਕਿ ਉਹ ਦੇਹਧਾਰੀ ਹੀ ਹੈ ਕਿਉਂਕਿ ਉਸ ਦੇ ਅਗਲੇ ਦੋ ਗੁਣ ਨਿਰਭਉ ਤੇ ਨਿਰਵੈਰ ਵੀ ਉਸ ਦੀ ਹੋਂਦ ਦੇ ਨਿਰਣਾਇਕ ਚਿੰਨ੍ਹ ਨਹੀਂ ਹਨ। ਪਰ ਇਨ੍ਹਾਂ ਤੋਂ ਅਗਲੇ ਦੋ ਗੁਣ ਅਕਾਲ ਤੇ ਮੂਰਤਿ ਇਸ ਸ਼ੱਕ ਨੂੰ ਦੂਰ ਕਰ ਦਿੰਦੇ ਹਨ। ਜੇ ਉਹ ਇਕ ਅਮਰ ਬਿੰਬ ਵਾਂਗ ਹੈ ਤਾਂ ਦੇਹਧਾਰੀ ਨਹੀਂ ਹੋ ਸਕਦਾ। ਅਗਲੇ ਦੋ ਗੁਣ ਅਜੂਨੀ ਤੇ ਸੈਭੰ ਇਸ ਤੱਥ ‘ਤੇ ਪੱਕੀ ਮੋਹਰ ਲਾਉਂਦੇ ਹਨ। ਇਨ੍ਹਾਂ ਅਨੁਸਾਰ ਜੇ ਉਹ ਅਜੂਨੀ ਹੈ ਤਾਂ ਕੋਈ ਅਜਿਹਾ ਕਰਤਾ ਪੁਰਖੁ ਹੈ ਜੋ ਦੇਹਧਾਰੀ ਨਹੀਂ ਹੈ। ਪਹਿਲਾ ਕਾਰਨ, ਜੀਵ ਦੀ ਦੇਹ ਉਸ ਦੇ ਜਨਮ ਕਰਕੇ ਹੀ ਹੋਂਦ ਵਿਚ ਆਉਂਦੀ ਹੈ। ਦੂਜਾ, ਪ੍ਰਕ੍ਰਿਤੀ ਦੇ ਨਿਯਮ ਅਨੁਸਾਰ ਦੇਹਧਾਰੀ ਜੀਵ ਅਮਰ ਹੋ ਹੀ ਨਹੀਂ ਸਕਦਾ। ਸੈਭੰ ਤੋਂ ਭਾਵ ਹੈ, ਉਹ ਆਪਣੀ ਸਮੁੱਚੀ ਮਾਯਾ ਵਿਚ ਸਮਾਇਆ ਹੋਇਆ ਹੈ ਤੇ ਮਾਯਾ ਨਾਲ ਉਜਾਗਰ ਹੈ। ਭਾਵ ਜੇ ਉਹ ਮਾਯਾ ਵਿਚ ਹੈ ਤਾਂ ਪਾਣੀ, ਅਗਨੀ, ਹਵਾ ਤੇ ਮਿੱਟੀ ਸਭ ਵਿਚ ਮੌਜੂਦ ਹੈ। ਕਿਉਂਕਿ ਕੋਈ ਦੇਹਧਾਰੀ ਪੁਰਸ਼ ਹਵਾ ਤੇ ਅਗਨੀ ਵਿਚ ਨਹੀਂ ਛੁਪ ਸਕਦਾ, ਇਸ ਲਈ ਦੇਹਧਾਰੀ ਕਰਤਾ ਪੁਰਖੁ ਦੀ ਕਲਪਨਾ ਮਿੱਥਿਆ ਸੋਚ ਤੋਂ ਵੱਧ ਕੁਝ ਨਹੀਂ।
ਇਸ ਲਈ ਇਹ ਉਦਾਂ ਦਾ ਕਰਤਾ ਪੁਰਖ ਨਹੀਂ ਜਿਸ ਦੇ ਇਕ ਪਾਸੇ ਕੱਚਾ ਮਾਲ ਤੇ ਦੂਜੇ ਪਾਸੇ ਔਜ਼ਾਰ ਪਏ ਹੋਣ। ਇਸ ਦੀ ਸਿਰਜਣ-ਕ੍ਰਿਆ ਹੱਥਾਂ ਪੈਰਾਂ ਵਾਲੇ ਦੇਹਧਾਰੀ ਕਾਰੀਗਰ ਵਾਲੀ ਨਹੀਂ ਸਗੋਂ ਇਕ ਅਦ੍ਰਿਸ਼ਟ ਸਿਰਜਣਹਾਰ ਦੀ ਹੈ ਜੋ ਆਪਣੇ ਵਜੂਦ ਨੂੰ ਹੀ ਅਸੰਖ ਰੂਪ-ਰੰਗ ਦੇ ਕੇ ਸ੍ਰਿਸ਼ਟੀ ਦੀ ਮਾਯਾ ਵਿਚ ਵਟ ਜਾਂਦਾ ਹੈ। ਉਹ ਪਾਣੀ, ਹਵਾ, ਅਗਨੀ, ਮੇਜ਼, ਕੁਰਸੀ ਆਦਿ ਸਭ ਮਾਯਾਵੀ ਵਸਤਾਂ ਵਿਚ ਹੈ। ਫਿਰ ਉਹ ਹੈ ਕੀ? ਇਹੀ ਤਾਂ ਮੂਲ ਪ੍ਰਸ਼ਨ ਹੈ ਜਿਸ ਨੂੰ ੴ ਦੀ ਵਿਗਿਆਨਕ ਵਿਧੀ ਰਾਹੀਂ ਸਹੀ ਤੌਰ ‘ਤੇ ਹੱਲ ਕਰਨਾ ਹੈ। ਮੂਲ ਮੰਤਰ ਅਨੁਸਾਰ ਇਸ ਦੀ ਖੋਜ ਤੇ ਯਥਾ-ਯੋਗ ਧਿਆਨ ਲਗਾਉਣਾ ਹਰ ਸਿੱਖ ਭਾਵ ਹਰ ਵਿਗਿਆਨੀ ਦਾ ਮੁੱਖ ਕਾਰਜ ਭਾਵ ਜਪੁ ਕਾਰਜ ਹੈ।
ੴ ਦੀ ਵਿਗਿਆਨਕ ਵਿਧੀ ਬਾਰੇ ਉਪਰ ਪਹਿਲਾਂ ਹੀ ਬਹੁਤ ਕੁਝ ਕਿਹਾ ਜਾ ਚੁੱਕਾ ਹੈ। ਇਸ ਬਾਰੇ ਜਿੰਨਾ ਕਿਹਾ ਜਾਵੇ, ਉਨਾ ਹੀ ਘਟ ਹੈ ਕਿਉਂਕਿ ਇਹੀ ਸਿੱਖੀ ਦੀ ਬੁਨਿਆਦ ਹੈ। ਗੁਰੂ ਸਾਹਿਬ ਨੇ ਗਣਿਤੀ ਵਿਧੀ ਦੇ ਇਸ ਸੂਤਰ ਦਾ ਹਵਾਲਾ ਦੇ ਕੇ ਸਤਿ ਨਾਮ ਦੇ ਵਿਸ਼ੇ ਨੂੰ ਅੱਜ ਦੇ ਭੌਤਿਕ ਤੇ ਰਸਾਇਣ ਵਿਗਿਆਨ ਵਾਂਗ ਠੋਸ ਆਧਾਰ ਦਿੱਤਾ ਹੈ। ਦੂਜੇ ਸਭ ਵਿਗਿਆਨ ਵੀ ਗਣਿਤੀ ਵਿਧੀ ਰਾਹੀਂ ਹੀ ਵਧੇ ਫੁੱਲੇ ਹਨ। ਗਣਿਤ ਦੀ ਵਿਧੀ ਸਹੀ ਤੇ ਪਰਖਯੋਗ ਜਾਣਕਾਰੀ ਨਾਲ ਸਬੰਧ ਰੱਖਦੀ ਹੈ। ਇਹ ਵਿਧੀ ਮਨੁੱਖੀ ਸੁਭਾਅ ਦੇ ਪੱਖ-ਪਾਤ ਤੋਂ ਉਪਰ ਹੈ ਤੇ ਮਨ ਆਈਆਂ ਗੱਲਾਂ ਕਰਨ ਦੀ ਇਜਾਜ਼ਤ ਨਹੀਂ ਦਿੰਦੀ। ਇਸ ਦੀ ਮਹੱਤਤਾ ਇਸ ਵਿਚ ਹੈ ਕਿ ਇਹ ਮਾਯਾ ਦੇ ਸਭ ਰੂਪਾਂ ‘ਤੇ ਲਾਗੂ ਹੁੰਦੀ ਹੈ।
ਅੰਕ ਗਣਿਤ ਦੀਆਂ ਪ੍ਰਕ੍ਰਿਆਵਾਂ ਪਿੱਛੇ ਇਕੋ ਤਰਕ ਹੈ ਜਿਸ ਕਰਕੇ ਉਨ੍ਹਾਂ ਦੀ ਵਰਤੋਂ ਨਾਲ ਇਕੋ ਜਿਹੇ ਸਿੱਟੇ ਨਿਕਲਦੇ ਹਨ। ਦੋ ਦਾ ਭਾਵੇਂ ਤਿੰਨ ਵਾਰ ਜੋੜ ਕਰ ਲਵੋ, ਭਾਵੇਂ ਤਿੰਨ ਨਾਲ ਗੁਣਾ ਕਰ ਲਵੋ ਤੇ ਭਾਵੇਂ ਤਿੰਨ ਨੂੰ ਇਕ ਤੇ ਦੋ ਵਿਚ ਵਿਛੋੜ ਕੇ ਦੋਹਾਂ ਨੂੰ ਦੋ ਨਾਲ ਗੁਣਾ ਕਰ ਕੇ ਜੋੜ ਲਵੋ, ਹਰ ਤਰ੍ਹਾਂ ਉਤਰ ਛੇ ਹੀ ਆਵੇਗਾ। ਗਲਤੀ ਦੀ ਕੋਈ ਸੰਭਾਵਨਾ ਨਹੀਂ। ਇਕੋ ਭਾਂਤੀ ਦੀਆਂ ਵਸਤਾਂ ਦਾ ਹਿਸਾਬ ਅੰਕ-ਗਣਿਤ ਦੇ ਪਹਾੜਿਆਂ ਨਾਲ ਕੀਤਾ ਜਾਂਦਾ ਹੈ। ਜੇ ਸਭ ਵਸਤਾਂ ਇਕ ਹੀ ਤਰ੍ਹਾਂ ਦੀਆਂ ਨਾ ਹੋਣ ਭਾਵ ਇਸ ਮਿਸਾਲ ਵਿਚਲੀਆਂ ਦੋ ਚੀਜ਼ਾਂ ਵਖਰੀਆਂ ਤੇ ਤਿੰਨ ਵੱਖ ਕਿਸਮ ਦੀਆਂ ਹੋਣ, ਤਾਂ ਇਨ੍ਹਾਂ ਤੇ ਅੰਕ-ਗਣਿਤ ਦੀ ਵਰਤੋਂ ਗੁੰਝਲਦਾਰ ਤੇ ਅਸੰਭਵ ਹੋ ਸਕਦੀ ਹੈ। ਮਿਸਾਲ ਵਜੋਂ ਦੋ ਪੈਨਸਿਲਾਂ ਤੇ ਤਿੰਨ ਪੈਨਸਿਲਾਂ ਨੂੰ ਤਾਂ ਜੋੜ ਕੇ ਪੰਜ ਪੈਨਸਿਲਾਂ ਲਿਖਿਆ ਜਾ ਸਕਦਾ ਹੈ। ਪਰ ਜੇ ਦੋ ਪੈਨਸਿਲਾਂ ਨੂੰ ਤਿੰਨ ਡੱਬੀਆਂ ਨਾਲ ਜੋੜੋ ਤਾਂ ਅਜਿਹਾ ਸੰਭਵ ਨਹੀਂ। ਇਸ ਲਈ ਬਹੁ-ਭਾਂਤੀ ਵਸਤਾਂ ਦਾ ਹਿਸਾਬ ਬੀਜ-ਗਣਿਤ (ਅਲਜ਼ਬਰਾ) ਦੇ ਫਾਰਮੂਲੇ ਲਾ ਕੇ ਹੁੰਦਾ ਹੈ ਜਿਨ੍ਹਾਂ ਵਿਚ ਵਸਤਾਂ ਦੀਆਂ ਕਿਸਮਾਂ ਨੂੰ ਵੱਖ ਵੱਖ ਲਿਖਤੀ ਅੱਖਰਾਂ ਰਾਹੀਂ ਪੇਸ਼ ਕੀਤਾ ਜਾਂਦਾ ਹੈ। ਜਦੋਂ ‘ਹੁਕਮੀ ਹੋਵਨਿ ਆਕਾਰ’ ਦੀ ਗੱਲ ਆਉਂਦੀ ਹੈ ਤਾਂ ਸਭ ਵਸਤਾਂ ਦੀ ਬਣਤਰ ਦਾ ਹਿਸਾਬ ਰੇਖਾ-ਗਣਿਤ ਦੇ ਤਰਕ-ਸੰਗਤ ਤੇ ਪ੍ਰਮਾਣਿਤ ਸੂਤਰਾਂ ਨਾਲ ਕੀਤਾ ਜਾਂਦਾ ਹੈ। ਇਨ੍ਹਾਂ ਪਿੱਛੇ ਇਕ ਪੱਕਾ ਤਰਕ ਹੈ ਜਿਸ ਦੇ ਸਹਾਰੇ ਯੂਨਾਨੀ ਗਣਿਤ ਸ਼ਾਸਤਰੀ ਯੁਕਲਿਡ ਨੇ ਰੇਖਾ-ਗਣਿਤ ਦੀ ਨੀਂਹ ਰੱਖੀ ਸੀ। ਅੱਜ ਤੋਂ ਚੌਵੀ ਸੌ ਵਰ੍ਹੇ ਪਹਿਲਾਂ ਉਸ ਨੇ ਬਿਨਾ ਕਿਸੇ ਪੈਮਾਨੇ ਜਾਂ ਮਿਣਤੀ ਦੇ 465 ਰੇਖਾ-ਗਣਿਤੀ ਪ੍ਰਸਤਾਵ (ਫਰeਪੋਸਟਿਨਸ) ਸਿੱਧ ਕੀਤੇ ਜਿਨ੍ਹਾਂ ਦੇ ਪ੍ਰਮਾਣ ਤੇ ਸਬੂਤ ਇਕ ਦੂਜੇ ਨਾਲ ਜੁੜੇ ਹੋਏ ਹਨ। ਇਹ ਸਬੂਤ ਇੰਨੇ ਸਿੱਧ ਹਨ ਕਿ ਅੱਜ ਵੀ ਕਿਸੇ ਤੋਂ ਵਚੀ ਚੁਣੌਤੀ ਨਹੀਂ ਦੇ ਹੋਈ।
ਸੰਸਾਰ ਦੇ ਬਹੁਤੇ ਸੱਚ ਤੇ ਸਬੰਧ ਤਾਂ ਇਸ ਤਰ੍ਹਾਂ ਦੇ ਹਨ ਕਿ ਉਹ ਗਣਿਤ ਦੀ ਮਦਦ ਤੋਂ ਬਿਨਾ ਦਰਸਾਏ ਵੀ ਨਹੀਂ ਜਾ ਸਕਦੇ। ਮਿਸਾਲ ਵਜੋਂ ਭੌਤਿਕ ਵਿਗਿਆਨ ਦੇ ਇਸ ਮੁਢਲੇ ਸੂਤਰ ਖਣੰ1ਣੰ/ਦ² ਨੂੰ ਹੀ ਲੈ ਲਵੋ। ਇਸ ਨੂੰ ਸਾਧਾਰਣ ਸ਼ਬਦਾਂ ਰਾਹੀਂ ਨਾ ਪੁੱਛਿਆ ਜਾ ਸਕਦਾ ਹੈ, ਨਾ ਦੱਸਿਆ ਜਾ ਸਕਦਾ ਹੈ। ਇਹ ਮਾਤਰਾ ਗਣਿਤ ਰਾਹੀਂ ਹੀ ਸਮਝੀ ਜਾ ਸਕਦੀ ਹੈ। ਇਸ ਵਿਚ ਕਿਸੇ ਚੀਜ਼ ਦਾ ਨਾਂ ਨਹੀਂ ਲਿਖਿਆ ਪਰ ਇਹ ਸਭ ਵਸਤਾਂ ‘ਤੇ ਲਾਗੂ ਹੁੰਦਾ ਹੈ। ਇਹ ਉਹ ਸੂਤਰ ਹੈ ਜੋ ਦੋ ਅਰਸ਼ੀ ਪਿੰਡਾਂ ਵਿਚਾਲੇ ਖਿੱਚ ਦੀ ਮਾਤਰਾ ਦੱਸਦਾ ਹੈ। ਇਸੇ ਤਰ੍ਹਾਂ ਦੋ ਦੁਨਿਆਵੀ ਪਾਤਰਾਂ ਜਾਂ ਦੋ ਅਤਿ-ਸੂਖਮ ਪਾਤਰਾਂ ਵਿਚਕਾਰ ਆਪਸੀ ਖਿੱਚ ਦਾ ਵੀ ਇਹੀ ਮਾਪ ਹੈ। ਇਹੀ ਖਿੱਚ ਹੈ ਜੋ ਸੰਸਾਰ ਰਚਨਾ ਲਈ ਸੀਮਿੰਟ ਦਾ ਕੰਮ ਕਰਦੀ ਹੈ। ਹਾਲ ਹੀ ਦਾ ਹਿੱਗਜ਼-ਬੋਸੋਨ (੍ਹਗਿਗਸ-ਭੋਸੋਨ) ਦਾ ਮਹਾਨ ਤਜਰਬਾ ਵੀ ਇਸੇ ਨੂੰ ਸਮਝਣ ਦਾ ਉਪਰਾਲਾ ਸੀ। ਜੇ ਪਰਮ-ਸਤਿ ਦਾ ਨਿਵਾਸ ਬ੍ਰਹਿਮੰਡ ਵਿਚ ਹੀ ਹੈ ਤੇ ਸਮੁੱਚਾ ਬ੍ਰਹਿਮੰਡ ਉਸੇ ਦਾ ਪਸਾਰਾ ਹੈ ਤਾਂ ਉਸ ਦੇ ਗੁਣਾਂ ਦਾ ਅੰਦਾਜ਼ਾ ਹਿਸਾਬੀ ਗਿਣਤੀ-ਮਿਣਤੀ ਤੋਂ ਬਾਹਰ ਰਹਿ ਕੇ ਨਹੀਂ ਲੱਗ ਸਕਦਾ। ਭਾਵੇਂ ਕਹਿ ਦਿੰਦੇ ਹਨ ਕਿ ਕੁਦਰਤ ਬੇਅੰਤ ਹੈ ਪਰ ਮਨੁੱਖੀ ਉਤਸੁਕਤਾ ਦੀ ਤਸੱਲੀ ਲਈ ਇਹ ਵੇਖਣਾ ਜਰੂਰੀ ਹੈ ਕਿ ਇਹ ਕਿੰਨੀ ਕੁ ਬੇਅੰਤ ਹੈ!
ਅਕਾਲ ਮੂਰਤਿ ਦੀ ਗੱਲ ਕਹਿਣ ਨੂੰ ਬਹੁਤ ਸਾਧਾਰਨ ਹੈ ਪਰ ਇਸ ਸੰਕਲਪ ਨੂੰ ਵੀ ਗਣਿਤ ਤੋਂ ਬਿਨਾ ਸਮਝਣਾ ਔਖਾ ਹੈ। ਇਕ (1) ਦਾ ਅੰਕੜਾ ਹੀ ਲਵੋ। ਇਹ ਕੀ ਹੈ? ਇਕ ਸੰਕਲਪ ਹੈ। ਅਸੀਂ ਗਿਣਤੀ ਵੇਲੇ ਹਰ ਰੁੱਖ ਨੂੰ ਇਕ ਰੁੱਖ ਆਖਦੇ ਹਾਂ ਪਰ ਸਾਰੇ ਰੁੱਖ ਬਰਾਬਰ ਨਹੀਂ ਹੁੰਦੇ ਕਿਉਂਕਿ ਸਭ ਦੇ ਪੱਤੇ ਟਾਹਣੇ ਵੱਖ ਵੱਖ ਹੁੰਦੇ ਹਨ। ਇਕੋ ਰੁੱਖ ਹਮੇਸ਼ਾ ਇਕੋ ਜਿਹਾ ਨਹੀਂ ਰਹਿੰਦਾ। ਹਰ ਪਲ ਇਸ ਦੇ ਪੱਤੇ ਘਟਦੇ ਵਧਦੇ ਰਹਿੰਦੇ ਹਨ। ਇਸ ਲਈ ਇਕ ਕਿੱਥੇ ਹੈ, ਗਿਣਤੀ ਵਿਚ ਕਿ ਸੰਕਲਪ ਵਿਚ? ਗਿਣਤੀ ਵਿਚ ਤਾਂ ਕਿਤੇ ਲੱਭਦਾ ਨਹੀਂ। ਗਣਿਤ ਦੱਸਦਾ ਹੈ ਕਿ 0.9 ਵਿਚ 0.1 ਜੋੜਨ ਨਾਲ ਇਹ ਰਕਮ 1 ਦਾ ਅੰਕੜਾ ਬਣਦੀ ਹੈ। ਜੇ ਇਸ ਵਿਚ 0.1 ਜੋੜਨ ਦੀ ਥਾਂ ਜਰਾ ਥੋੜ੍ਹੀ ਮਾਤਰਾ ਵਾਲਾ 0.09 ਜੋੜ ਦੇਈਏ ਤਾਂ ਇਹ 0.99 ਬਣ ਜਾਵੇਗਾ। ਹਰ ਵਾਰ ਦਸ਼ਮਲਵ ਤੋਂ ਪਹਿਲਾਂ ਇਕ ਸਿਫਰ ਵਧਾ ਕੇ 9 ਜੋੜਨ ਨਾਲ ਇਹ 0.999999999… ਬਣਦਾ ਜਾਵੇਗਾ ਪਰ ਇਕ ਕਦੇ ਨਹੀਂ ਬਣੇਗਾ। ਫਿਰ 1 ਕਿੱਥੇ ਹੈ? ਇਸ ਦੇ ਸੰਕਲਪ ਵਿਚ ਹੈ ਜੋ ਦਸ਼ਮਲਵ ਪਿੱਛੇ ਕਰੋੜਾਂ 9 ਲਾਉਣ ਤੋਂ ਬਾਅਦ ਵੀ ਹਾਸਲ ਨਹੀਂ ਹੋਵੇਗਾ। ਇਹੀ ਹਾਲ 0 ਤੇ ਦੂਜੇ ਅੰਕੜਿਆਂ ਦਾ ਹੈ। ਇਸ ਲਈ ਇਹ ਹਨ ਵੀ, ਤੇ ਨਹੀਂ ਵੀ, ਹਰ ਇਕ ਬੇਅੰਤ ਹੈ। ਕਿਸੇ ਕੋਲ ਵੀ ਅੱਪੜਿਆ ਨਹੀਂ ਜਾ ਸਕਦਾ। ਸ਼ਾਇਦ ਇਸੇ ਤਰ੍ਹਾਂ ਦੀ ਹੋਂਦ ਨੂੰ ਗੁਰੂ ਜੀ ਨੇ ਅਕਾਲ ਮੂਰਤਿ ਕਿਹਾ ਹੈ। ਇਸ ਲਈ ਪਰਮ-ਸਤਿ ਦਾ ਅਕਾਲ ਮੂਰਤਿ ਹੋਣਾ ਵੀ ਇਸੇ ਤਰ੍ਹਾਂ ਦਾ ਸੰਕਲਪ ਹੈ ਜਿਸ ਨੂੰ ਹਿਸਾਬੀ ਵਿਧੀ ਨਾਲ ਹੀ ਸਮਝਿਆ ਜਾ ਸਕਦਾ ਹੈ।
ਗਣਿਤ ਤੇ ਗਣਿਤੀ ਵਿਧੀ ਤੋਂ ਬਿਨਾ ਪਰਮ-ਸਤਿ ਦੇ ਗੁੱਝੇ ਗੁਣ ਅਤੇ ਭੇਦ ਤਾਂ ਕੀ ਦੋ ਪੁਲਾੜੀ ਗ੍ਰਹਿਆਂ ਦਾ ਫਾਸਲਾ ਵੀ ਪਤਾ ਨਹੀਂ ਕੀਤਾ ਜਾ ਸਕਦਾ। ਇਸ ਖਾਤਰ ਅੰਕ ਗਣਿਤ, ਅੰਕੜਾ ਗਣਿਤ, ਬੀਜ ਗਣਿਤ, ਕੈਲਕੁਲਸ, ਰੇਖਾ ਗਣਿਤ, ਕੋ-ਆਰਡੀਨੇਟ ਜੁਮੈਟਰੀ, ਸੈਟ-ਸਿਧਾਂਤ, ਮੈਟਰਿਸ, ਤੇ ਗਣਿਤ ਦੀਆਂ ਇਕ ਤੋਂ ਇਕ ਹੋਰ ਸ਼ਾਖਾਵਾਂ ਦੀ ਲੋੜ ਪੈਂਦੀ ਹੈ। ਜਿੱਥੇ ਮਨੁੱਖੀ ਬੁੱਧੀ ਤੇ ਕਲਪਨਾ ਜਵਾਬ ਦੇ ਜਾਂਦੇ ਹਨ, ਉਥੇ ਗਣਿਤ ਦੇ ਸੰਕਲਪ ਤੇ ਸੂਤਰ ਹੀ ਕੰਮ ਆਉਂਦੇ ਹਨ। ਮਿਸਾਲ ਵਜੋਂ ਬ੍ਰਹਿਮੰਡੀ ਪਿੰਡਾਂ ਦੀਆਂ ਦੂਰੀਆਂ ਦੀ ਮਿਣਤੀ ਮੀਲਾਂ ਵਿਚ ਨਹੀਂ, ਪ੍ਰਕਾਸ਼-ਵਰ੍ਹਿਆਂ ਵਿਚ ਕੀਤੀ ਜਾਂਦੀ ਹੈ। ਇਹ ਪ੍ਰਕਾਸ਼ ਵਰ੍ਹੇ ਅਸਲ ਗਿਣਤੀ ਦੀ ਥਾਂ ਸੰਕਲਪਿਤ ਗਿਣਤੀ ਦੇ ਵਧੇਰੇ ਸੂਚਕ ਹਨ। ਮੀਲਾਂ ਨੂੰ ਚੱਲ ਕੇ ਦੇਖਿਆ ਜਾ ਸਕਦਾ ਹੈ ਪਰ ਪ੍ਰਕਾਸ਼-ਵਰ੍ਹੇ ਦਾ ਸਫਰ ਕਿਸੇ ਨੇ ਨਹੀਂ ਕੀਤਾ। ਇਸ ਦੀ ਦਿਮਾਗੀ ਕਲਪਨਾ ਵੀ ਮੁਸ਼ਕਿਲ ਹੈ। ਇਸੇ ਤਰ੍ਹਾਂ ਪੁਲਾੜੀ ਪਿੰਡਾਂ ਦੀ ਗਤੀ, ਕੋਣਿਕ ਗਤੀ, ਤੇ ਤੱਤ-ਕਾਲੀਨ ਗਤੀ ਆਦਿ ਜਾਣਨ ਲਈ ਜੋ ਸੂਤਰ ਵਰਤੇ ਜਾਂਦੇ ਹਨ, ਉਹ ਬਹੁਤ ਗੁੰਝਲਦਾਰ ਗਣਿਤੀ ਸੰਕਲਪਾਂ ‘ਤੇ ਆਧਾਰਤ ਹਨ। ਇਹੀ ਹਾਲ ਉਨ੍ਹਾਂ ਸੂਖਮ ਪਿੰਡਾਂ ਭਾਵ ਕਣਾਂ ਦੀ ਜਾਣਕਾਰੀ ਦੇ ਸੂਤਰਾਂ ਦਾ ਹੈ ਜੋ ਸਾਡੀ ਦ੍ਰਿਸ਼ਟੀ ਦੇ ਘੇਰੇ ਤੋਂ ਪਰ੍ਹੇ ਸਾਡੇ ਨੇੜਲੇ ਪਦਾਰਥ ਦੀ ਡੂੰਘਾਈ ਵਿਚ ਹੀ ਮੌਜੂਦ ਹਨ।
ਕਈਆਂ ਦਾ ਇਤਰਾਜ਼ ਹੈ ਕਿ ਪਰਮ-ਸਤਿ ਤਾਂ ਧਿਆਨ ਸਮਾਧੀ ਜਾਂ ਭਜਨ ਬੰਦਗੀ ਰਾਹੀਂ ਜਾਣਿਆ ਜਾਂਦਾ ਹੈ ਫਿਰ ਇਸ ਨੂੰ ਗਣਿਤ ਨਾਲ ਬਦੋ-ਬਦੀ ਜੋੜਨ ਦਾ ਯਤਨ ਕਿਉਂ ਕੀਤਾ ਜਾ ਰਿਹਾ ਹੈ? ਇਹ ਇਤਰਾਜ਼ ਮੁੱਢੋਂ ਹੀ ਨਿਰਮੂਲ ਹੈ ਕਿਉਂਕਿ ਚੀਜ਼ਾਂ ਦੇ ਗੁਣ, ਗੁਣਾਂ ਦੇ ਅੰਦਰੂਨੀ ਸਬੰਧ, ਸਬੰਧਾਂ ਦੇ ਸੂਤਰ ਤੇ ਸੂਤਰਾਂ ਦੀਆਂ ਵਿਧੀਆਂ ਸਭ ਮਨੁੱਖ ਨੇ ਨਹੀਂ ਸਿਰਜੇ। ਇਹ ਮਨੁੱਖ ਤੋਂ ਪਹਿਲਾਂ ਹੀ ਪਰਮ-ਸਤਿ ਦੀ ਕ੍ਰਿਆਸ਼ੀਲ ਅਵਸਥਾ ਵਿਚ ਮੌਜੂਦ ਸਨ ਤੇ ਉਸ ਦੇ ਗੁਣ ਹਨ। ਇਕ ਤੇ ਦੋ ਮਨੁੱਖ ਨੇ ਨਹੀਂ ਖੋਜੇ। ਆਦਿ ਕਾਲ ਤੋਂ ਹਾਈਡਰੋਜਨ ਤੇ ਆਕਸੀਜਨ ਦੋ- ਇਕ ਦੇ ਅਨੁਪਾਤ ਵਿਚ ਮਿਲ ਕੇ ਪਾਣੀ ਬਣਦੇ ਆ ਰਹੇ ਹਨ ਤੇ ਅੱਗੋਂ ਇਵੇਂ ਹੀ ਬਣਦੇ ਰਹਿਣਗੇ। ਮਨੁੱਖ ਨੇ ਤਾਂ ਇਨ੍ਹਾਂ ਨੂੰ ਆਪਣੀ ਲੋੜ ਤੇ ਸੋਝੀ ਅਨੁਸਾਰ ਹੌਲੀ ਹੌਲੀ ਜਾਣਿਆ ਹੈ। ਜਰਾ ਕਲਪਨਾ ਕਰੋ ਕਿ ਸੋਝੀ ਤੋਂ ਪਹਿਲਾਂ ਸਭ ਰੁੱਖ ਰੁੱਖ ਹੀ ਜਾਪਦੇ ਹਨ। ਉਨ੍ਹਾਂ ਦਾ ਆਕਾਰ ਹੀ ਉਨ੍ਹਾਂ ਦੀ ਪਛਾਣ ਦਾ ਪਹਿਲਾ ਗੁਣ ਹੈ। ਪਰ ਸੋਝੀ ਤੋਂ ਬਾਅਦ ਉਨ੍ਹਾਂ ਦੇ ਕਈ ਹੋਰ ਗੁਣ ਜਿਵੇਂ ਦੂਰੀ, ਉਚਾਈ, ਭਾਰ, ਆਕਾਰ ਤੇ ਸਖਤਾਈ ਆਦਿ ਪਤਾ ਲੱਗਣੇ ਸ਼ੁਰੂ ਹੁੰਦੇ ਹਨ। ਇਸ ਅਨੁਭਵ ਤੋਂ ਬਾਅਦ ਅਜਿਹੇ ਗੁਣਾਤਮਕ ਪ੍ਰਸ਼ਨ ਉਠਣੇ ਸ਼ੁਰੂ ਹੋ ਜਾਂਦੇ ਹਨ ਕਿ ਕੁੱਲ ਰੁੱਖ ਕਿੰਨੇ ਹਨ, ਦੂਰ ਵਾਲਾ ਕਿੰਨਾ ਦੂਰ ਹੈ, ਉਚੇ ਵਾਲਾ ਕਿੰਨਾ ਉਚਾ ਹੈ ਤੇ ਭਾਰੀ ਵਾਲਾ ਕਿੰਨਾ ਭਾਰੀ ਹੈ। ਰੁੱਖਾਂ ਦੇ ਗੁਣਾਂ ਸਬੰਧੀ ਇਨ੍ਹਾਂ ਸਵਾਲਾਂ ਨਾਲ ਹੀ ਗਣਿਤ ਦੀ ਪ੍ਰਕ੍ਰਿਆ ਆ ਸ਼ਾਮਲ ਹੁੰਦੀ ਹੈ। ਜਿਉਂ ਜਿਉਂ ਪ੍ਰਸ਼ਨ ਵਧਦੇ ਜਾਂ ਗੁੰਝਲਦਾਰ ਹੁੰਦੇ ਜਾਂਦੇ ਹਨ, ਗਣਿਤ ਦੇ ਦੂਜੇ ਅੰਗ ਭਾਵ ਬੀਜ-ਗਣਿਤ ਤੇ ਰੇਖਾ-ਗਣਿਤ ਵੀ ਵਰਤੋਂ ਵਿਚ ਆਉਂਦੇ ਜਾਂਦੇ ਹਨ। ਜੇ ਕੋਈ ਰੁੱਖ ਟੇਢਾ ਹੈ ਤਾਂ ਇਸ ਦਾ ਟੇਢ-ਕੋਣ ਰੇਖਾ-ਗਣਿਤ ਰਾਹੀਂ ਜਾਣਨਾ ਪੈਂਦਾ ਹੈ। ਜੇ ਰੁੱਖ ਨੂੰ ਚੜ੍ਹ ਕੇ ਨਾਪਣਾ ਮੁਸ਼ਕਿਲ ਹੈ ਤੇ ਇਸ ਦੀ ਉਚਾਈ ਬਿਨਾ ਨਾਪੇ ਹੀ ਪਤਾ ਕਰਨੀ ਹੈ ਤਾਂ ਬੀਜ-ਗਣਿਤ ਦੀ ਲੋੜ ਪੈਂਦੀ ਹੈ। ਵਸਤਾਂ ਤੋਂ ਗੁਣ ਹਨ, ਗੁਣਾਂ ਤੋਂ ਗਣਿਤ ਹੈ ਤੇ ਗਣਿਤ ਤੋਂ ਗਿਆਨ ਹੈ। ਕਿਉਂਕਿ ਵਸਤਾਂ ਬ੍ਰਹਿਮੰਡ ਦਾ ਹਿੱਸਾ ਹਨ ਤੇ ਬ੍ਰਹਿਮੰਡ ਦੇ ਹਰ ਕਣ ਵਿਚ ਪਰਮ-ਸਤਿ ਦਾ ਨਿਵਾਸ ਹੈ, ਇਸ ਲਈ ਗਣਿਤ ਬਿਨਾ ਪਰਮ-ਸਤਿ ਦਾ ਸਹੀ ਗਿਆਨ ਸੰਭਵ ਨਹੀਂ। ਇਸੇ ਕਰਕੇ ਗੁਰੂ ਸਾਹਿਬ ਨੇ ਪਰਮ-ਸਤਿ ਦੇ ਗੁਣਾਂ ਨੂੰ ਗਣਿਤੀ ਵਿਧਾਨ ਅਨੁਸਾਰ ਜਾਣਨ ‘ਤੇ ਜੋਰ ਦਿੱਤਾ ਹੈ।
ਕਈ ਇਹ ਵੀ ਇਤਰਾਜ਼ ਕਰਨਗੇ ਕਿ ਇਹ ਤਾਂ ਪਰਮ-ਸਤਿ ਦੇ ਗਿਣਤੀ ਮਿਣਤੀ ਵਾਲੇ ਗੁਣਾਂ ਦੀ ਗੱਲ ਹੈ ਪਰ ਉਸ ਦੀਆਂ ਅਸਲ ਖੂਬੀਆਂ ਤਾਂ ਗੁਣਾਤਮਕ ਹਨ ਜਿਨ੍ਹਾਂ ਦਾ ਪਤਾ ਗਣਿਤੀ ਵਿਧੀ ਨਾਲ ਨਹੀਂ ਲੱਗ ਸਕਦਾ ਸਗੋਂ ਦਿਲੋਂ ਮਹਿਸੂਸ ਕਰਕੇ, ਧਿਆਨ ਲਾ ਕੇ ਜਾਂ ਸਮਾਧੀ ਨਾਲ ਲੱਗਦਾ ਹੈ। ਕਈ ਆਪਣੇ ਦਿਲ ਦਿਮਾਗ ਤੋਂ ਵੀ ਅੱਗੇ ਇਕ ਆਤਮਾ ਲੱਗੀ ਮਹਿਸੂਸ ਕਰਦੇ ਹਨ ਜੋ ਉਨ੍ਹਾਂ ਅਨੁਸਾਰ ਪਰਮ-ਸਤਿ ਬਾਰੇ ਜਾਣਕਾਰੀ ਦਿੰਦੀ ਹੈ। ਅਜਿਹੇ ਵਿਦਵਾਨਾਂ ਲਈ ਘੱਟੋ ਘੱਟ ਦੋ ਗੱਲਾਂ ਦੀ ਜਾਣਕਾਰੀ ਜਰੂਰੀ ਹੈ। ਪਹਿਲੀ, ਗੁਣਾਤਮਕ ਵਿਸ਼ੇਸ਼ਤਾਈਆਂ ਦੇ ਗਿਆਨ ਤੋਂ ਪਹਿਲਾਂ ਮਾਤਰਾਤਮਿਕ ਵਿਸ਼ੇਸ਼ਤਾਈਆਂ ਦੀ ਜਾਣਕਾਰੀ ਜਰੂਰੀ ਹੈ। ਦੂਜੀ, ਗੁਣਾਤਮਕ ਕਹੀਆਂ ਜਾਂਦੀਆਂ ਵਿਸ਼ੇਸ਼ਤਾਈਆਂ ਵੀ ਅੰਦਰੋਂ ਮਾਤਰਿਕ ਹੀ ਹੁੰਦੀਆਂ ਹਨ ਤੇ ਇਨ੍ਹਾਂ ਦਾ ਹੀ ਸੰਕਲਨ ਹੁੰਦੀਆਂ ਹਨ। ਜੇ ਦੋ ਗੁਣਾਤਮਕ ਵਿਸ਼ੇਸ਼ਤਾਈਆਂ ਠੰਡ ਤੇ ਗਰਮੀ ਦੀ ਗੱਲ ਲਈਏ ਤਾਂ ਇਹ ਵੀ ਤਾਪ ਦੀਆਂ ਮਾਤਰਿਕ ਡਿਗਰੀਆਂ ਦੀ ਭਿੰਨਤਾ ਕਰਕੇ ਹੀ ਹਨ। ਇਸੇ ਤਰ੍ਹਾਂ ਲੋਹੇ ਤੇ ਸੋਨੇ ਦੀ ਬਾਹਰੀ ਗੁਣਾਤਮਕ ਭਿੰਨਤਾ ਵੀ ਇਨ੍ਹਾਂ ਦੀ ਬਣਤਰ ਦੇ ਅੰਦਰੂਨੀ ਤੱਤਾਂ ਦੀ ਮਾਤਰਿਕ ਭਿੰਨਤਾ ਕਾਰਨ ਹੈ ਜੋ ਸਰਲ ਗਿਣਤੀ ਵਿਚ ਆਸਾਨੀ ਨਾਲ ਪ੍ਰਗਟ ਕੀਤੀ ਜਾ ਸਕਦੀ ਹੈ। ਜਿਵੇਂ ਉਪਰ ਜ਼ਿਕਰ ਆਇਆ ਹੈ, ਸਭ ਪਦਾਰਥੀ ਵਸਤਾਂ ਗੁਣਾਂ ਰਾਹੀਂ ਹੀ ਜਾਣੀਆਂ ਜਾਂਦੀਆਂ ਹਨ ਤੇ ਗੁਣ ਜਾਣੇ ਜਾਂਦੇ ਹਨ, ਮਾਤਰਿਕ ਪ੍ਰਣਾਲੀਆਂ ਰਾਹੀਂ। ਦਿਲ, ਮਨ ਜਾਂ ਆਤਮਾ ਦੀ ਗਹਿਰਾਈ ਨਾਲ ਕੋਈ ਚੀਜ਼ ਨਹੀਂ ਜਾਣੀ ਜਾ ਸਕਦੀ ਕਿਉਂਕਿ ਇਹ ਗਿਆਨ ਇੰਦਰੇ ਨਹੀਂ ਹਨ। ਇਹ ਸਭ ਭਰਮਾਂ ਸਦਕੇ ਚਲਦੇ ਹਨ ਤੇ ਭ੍ਰਮਿਤ ਜਾਣਕਾਰੀ ਦਿੰਦੇ ਹਨ। ਫਰਾਂਸੀਸੀ ਵਿਦਵਾਨ ਰੂਸੋ ਨੇ ਤਿੰਨ ਸਦੀਆਂ ਪਹਿਲਾਂ ਆਤਮਾ ਨੂੰ ਭ੍ਰਮਿਤ ਸੂਝ-ਸ਼ਕਤੀ ਦੱਸ ਕੇ ਇਸ ਨੂੰ ਤਰਕ ਦੀ ਅਧੀਨਗੀ ਵਿਚ ਪਾ ਦਿੱਤਾ ਸੀ। ਭਰਮ ਦਾ ਕੋਈ ਪੈਮਾਨਾ ਨਹੀਂ ਹੁੰਦਾ। ਪਰ ਭਰਮਾਂ ਦੇ ਗੁਣ ਵੀ ਨਹੀਂ ਹੁੰਦੇ ਕਿਉਂਕਿ ਉਨ੍ਹਾਂ ਦੀ ਕੋਈ ਜਿਣਸੀ ਹੋਂਦ ਨਹੀਂ ਹੁੰਦੀ।
ਜੇ ਪਰਮ-ਸਤਿ ਦੀ ਜਾਣਕਾਰੀ ਦਿਲ, ਮਨ ਜਾਂ ਆਤਮਾ ਦੀਆਂ ਡੁੰਘਾਈਆਂ ਤੋਂ ਹੀ ਹੋਣੀ ਹੁੰਦੀ ਤਾਂ ਹੁਣ ਤੀਕ ਹੋ ਗਈ ਹੁੰਦੀ। ਪਰ ਇਹ ਨਹੀਂ ਹੋਈ ਕਿਉਂਕਿ ਇਨ੍ਹਾਂ ਨੇ ਮਾਯਾ ਦੇ ਭਰਮਾਂ ਵਿਚ ਪੈ ਕੇ ਇਕ ਵਾਰ ਨਹੀਂ ਸਗੋਂ ਸੈਂਕੜੇ ਵਾਰ ਟਪਲਾ ਖਾਧਾ ਹੈ। ਰਿਗ-ਵੈਦਿਕ ਕਾਲ ਵਿਚ ਜਦੋਂ ਸਮਾਜ ਸੁਤੰਤਰ ਕਬੀਲਿਆਂ ਵਿਚ ਵੰਡਿਆ ਹੋਇਆ ਸੀ ਤੇ ਸਵਾਧੀਨ ਕਬਾਇਲੀ ਸਰਦਾਰ ਕਬੀਲਿਆਂ ‘ਤੇ ਕਾਬਜ਼ ਹੁੰਦੇ ਸਨ, ਉਦੋਂ ਦਿਲ, ਮਨ ਤੇ ਆਤਮਾ ਕਹਿੰਦੇ ਸਨ ਕਿ ਪਰਮ-ਸਤਿ ਦਾ ਰੂਪ ਅਣਗਿਣਤ ਸਵਾਧੀਨ ਸ਼ਕਤੀਆਂ ਵਾਲਾ ਹੈ। ਇਸ ਲਈ ਇਨ੍ਹਾਂ ਨੇ ਕਰੋੜਾਂ ਦੇਵੀ ਦੇਵਤਿਆਂ ਨੂੰ ਮੰਨਣ ਦੀ ਅਨੁਮਤੀ ਦੇ ਦਿੱਤੀ। ਜਦੋਂ ਖੇਤੀਬਾੜੀ ਯੁਗ ਵਿਚ ਕਬੀਲੇ ਟੁੱਟ ਕੇ ਜਮੀਨੀ ਰਾਜ ਹੋਂਦ ਵਿਚ ਆਏ ਤਾਂ ਇਨ੍ਹਾਂ ਦੇ ਸ਼ਕਤੀਸ਼ਾਲੀ ਰਾਜਿਆਂ ਨੇ ਕਬੀਲਿਆਂ ਨੂੰ ਜਿੱਤ ਕੇ ਆਪਣੇ ਰਾਜਾਂ ਵਿਚ ਸ਼ਾਮਲ ਕਰ ਲਿਆ। ਸਭ ਕਬੀਲੇ ਕਿਸੇ ਨਾ ਕਿਸੇ ਰਾਜ ਦੀ ਜਮੀਨ ‘ਤੇ ਬੈਠ ਕੇ ਖੇਤੀਬਾੜੀ ਨਾਲ ਜੁੜ ਗਏ। ਕਬੀਲਿਆਂ ਦੇ ਮੁਕਾਬਲੇ ਰਾਜ ਕਰਦੇ ਸਵਾਧੀਨ ਰਾਜਾਂ ਦੀ ਗਿਣਤੀ ਬਹੁਤ ਘਟ ਸੀ। ਉਸ ਵੇਲੇ ਦਿਲ, ਮਨ ਤੇ ਆਤਮਾ ਆਦਿ ਨੇ ਵੀ ਪਰਮ-ਸਤਿ ਦੇ ਰੂਪਾਂ ਦੀ ਗਿਣਤੀ ਘਟਾ ਕੇ ਕੁਝ ਇਕ ਤੀਕ ਸੀਮਿਤ ਕਰ ਦਿਤੀ। ਇਸ ਤਰ੍ਹਾਂ ਸਦੀਆਂ ਤੀਕ ਬ੍ਰਹਮਾ, ਵਿਸ਼ਨੂੰ, ਸ਼ਿਵ ਤੇ ਇੰਦਰ ਜਿਹੇ ਕੁਝ ਦੇਵਤੇ ਹੀ ਮਨੁੱਖੀ ਦਿਲ, ਮਨ ਤੇ ਆਤਮਾ ਦੁਆਰਾ ਪ੍ਰਵਾਣਿਤ ਰਹੇ। ਫਿਰ ਜਦੋਂ ਵੱਡੇ ਵੱਡੇ ਛੱਤਰਪਤੀ ਸਾਮਰਾਜਾਂ ਦੀ ਚੜ੍ਹਤ ਬਣੀ ਤੇ ਛੋਟੇ ਰਾਜ ਅਲੋਪ ਹੋਣ ਲੱਗੇ ਤਾਂ ਦਿਲ, ਮਨ ਤੇ ਆਤਮਾ ਨੂੰ ਇਕੋ-ਇਕ ਸਰਬ-ਸ਼ਕਤੀਮਾਨ ਪਰਮਾਤਮਾ ਜਿਹੇ ਪਰਮ-ਸਤਿ ਦਾ ਖਿਆਲ ਆਇਆ। ਇਸ ਤਰ੍ਹਾਂ ਸਾਰੇ ਇਕ ਵੱਡੇ ਮਾਲਕ ਦੇ ਗੁਣ ਗਾਉਣ ਲੱਗੇ। ਹੁਣ ਜਦੋਂ ਵੱਡੇ ਰਾਜ ਤੇ ਸਲਤਨਤਾਂ ਦੀ ਥਾਂ ਲੋਕਤੰਤਰਾਂ ਨੇ ਲੈ ਲਈ ਹੈ ਤੇ ਸੱਤਾ ਲੋਕਾਂ ਵਿਚ ਬਿਖਰ ਗਈ ਹੈ ਤਾਂ ਉਹੀ ਦਿਲ, ਮਨ ਤੇ ਆਤਮਾਵਾਂ ਕਹਿਣ ਲੱਗੇ ਹਨ ਕਿ ਪਰਮ-ਸਤਿ ਤਾਂ ਇਕ ਸ਼ਕਤੀ ਹੈ ਜੋ ਕਾਇਨਾਤ ਦੇ ਜ਼ੱਰੇ ਜ਼ੱਰੇ ਵਿਚ ਸਮਾਈ ਹੋਈ ਹੈ। ਕੱਲ ਜਦੋਂ ਰਾਜ-ਰਹਿਤ ਵਿਵਸਥਾ ਆ ਗਈ ਤੇ ਮਨੁੱਖ ਦੀ ਪ੍ਰਭੁਤਾ ਬਹਾਲ ਹੋ ਗਈ ਤਾਂ ਦਿਲ, ਮਨ ਤੇ ਆਤਮਾ ਕਹਿਣਗੇ ਕਿ ਪਰਮ-ਸਤਿ ਤਾਂ ਜੀ ਅਤੀਤ ਦੀ ਗੱਲ ਹੈ, ਇਹ ਤਾਂ ਇਕ ਛਲਾਵਾ ਸੀ ਜਿਸ ਪਿੱਛੇ ਲੱਗ ਕੇ ਮਨੁੱਖਤਾ ਨੇ ਪੀੜ੍ਹੀਆਂ ਗਾਲ ਲਈਆਂ ਤੇ ਸਦੀਆਂ ਤੀਕ ਬੌਧਿਕਤਾ ਦਾ ਘਾਣ ਕੀਤਾ। ਇਸ ਲਈ ਸੰਸਾਰ ਦਾ ਸੱਚ ਤਾਂ ਵਿਗਿਆਨਿਕ ਢੰਗ ਨਾਲ ਨਿਰਪੱਖ ਤੇ ਨਿਰਲੇਪ ਰਹਿ ਕੇ ਹੀ ਲੱਭਣਾ ਬਣਦਾ ਹੈ।
ਇਸ ਲਈ ਗੁਰੂ ਨਾਨਕ ਅਨੁਸਾਰ ਗਣਿਤ ਦਾ ਵਿਗਿਆਨਕ ਤੇ ਭਵਿਖ-ਮੁਖੀ ਰਸਤਾ ਹੀ ਪਰਮ-ਸਤਿ ਦੀ ਭਾਲ ਲਈ ਇਕ ਸਿੱਧਾ ਤੇ ਜਾਇਜ਼ ਢੰਗ ਹੈ ਜੋ ਸਦਾ ਸਹੀ ਹੈ। ਇਹ ਸਿੱਖੀ ਦੇ ਗਿਆਨ ਮਾਰਗ ਦਾ ਪ੍ਰਤੀਕ ਹੈ। ਪਰਮ-ਸਤਿ ਬਾਰੇ ਸੋਚਣ ਤੋਂ ਪਹਿਲਾਂ ਹਰ ਸਿੱਖ ਤੇ ਹਰ ਮਨੁੱਖ ਨੂੰ ਇਸ ਮਾਰਗ ਦੀ ਸਹੀ ਜਾਣਕਾਰੀ ਹੋਣੀ ਚਾਹੀਦੀ ਹੈ। ਇਹੀ ਮਾਰਗ ਉਨ੍ਹਾਂ ਨੂੰ ਉਸ ਮੰਜ਼ਿਲ ‘ਤੇ ਲੈ ਜਾਵੇਗਾ ਜਿਸ ਨੂੰ ਉਹ ‘ਰੱਬ’ ਕਹਿੰਦੇ ਹਨ। ਇਹ ਮੰਜ਼ਿਲ ਕੀ ਹੋਵੇਗੀ? ਹਾਲੇ ਕਿਸੇ ਨੂੰ ਨਹੀਂ ਪਤਾ। ਬੱਸ ਹਾਲੇ ਇਸ ਦਾ ਮਾਰਗ ਹੀ ਇਸ ਦੀ ਮੰਜ਼ਿਲ ਹੈ। ਇਸ ਕਰਕੇ ਉਨ੍ਹਾਂ ਲਈ ੴ ਹੀ ਪਰਮ-ਸਤਿ ਹੈ ਤੇ ਪਰਮ-ਸਤਿ ਹੀ ੴ । ਸ਼ਾਇਦ ਇਸੇ ਕਾਰਨ ਗੁਰੂ ਨਾਨਕ ਨੇ ‘ਰੱਬ’ ਜਾਂ ਇਸ ਆਸ਼ੇ ਦਾ ਕੋਈ ਹੋਰ ਸ਼ਬਦ ਸਾਰੇ ਜਪੁਜੀ ਵਿਚ ਕਿਧਰੇ ਨਹੀਂ ਲਿਖਿਆ।
(ਸਮਾਪਤ)