ਭਾਰਤ ਬੰਦ ਦਾ ਅਸਲ ਸਵਾਲ: ਅਸੀਂ ਕਿਉਂ ਨੀਵੇਂ? ਤੁਸੀਂ ਕਿਉਂ ਉਚੇ?

ਕਰਮਜੀਤ ਸਿੰਘ
ਫੋਨ: 91-99150-91063
ਪੰਜ ਸਦੀਆਂ ਤੋਂ ਵੀ ਪਹਿਲਾਂ ਦੀ ਹੰਝੂਆਂ ਭਿੱਜੀ ਦਾਸਤਾਨ ਹੈ ਜਦੋਂ ਮਹਾਨ ਦਾਨਿਸ਼ਵਰ ਸੰਤ ਕਬੀਰ ਨੇ ਆਪਣੀ ਹੀ ਕਿਸਮ ਦਾ ਲਾਜਵਾਬ ਰੱਬੀ ਤਰਕ ਪੇਸ਼ ਕਰਦਿਆਂ ਉਚੀਆਂ ਜਾਤਾਂ ਵਾਲਿਆਂ ਨੂੰ ਸਵਾਲ ਕੀਤਾ ਸੀ ਕਿ ਜਦੋਂ ਸਾਰੇ ਜਣੇ ਇੱਕੋ ਰਸਤੇ ਰਾਹੀਂ ਹੀ ਇਸ ਧਰਤੀ ‘ਤੇ ਆਉਂਦੇ ਹਨ ਤਾਂ ਫਿਰ ਤੁਸੀਂ ਕਿਉਂ ‘ਬ੍ਰਾਹਮਣ’ ਬਣ ਗਏ? ਤੇ ਅਸੀਂ ਕਿਉਂ ‘ਸ਼ੂਦਰ’ ਬਣਾ ਦਿੱਤੇ ਗਏ? ਮਗਰੋਂ ਗੁਰੂ ਨਾਨਕ ਸਾਹਿਬ ਨੇ ਵੀ ਗੁਰਬਾਣੀ ਰਾਹੀਂ ਭਗਤ ਕਬੀਰ ਦੇ ਰੱਬੀ ਤਰਕ ਉਤੇ ਮੋਹਰ ਲਾਉਂਦਿਆਂ ਇਹ ਐਲਾਨਨਾਮਾ ਜਾਰੀ ਕੀਤਾ ਕਿ ਮੈਂ ਉਨ੍ਹਾਂ ਲੋਕਾਂ ਨਾਲ ਖੜ੍ਹਾ ਹਾਂ, ਜਿਨ੍ਹਾਂ ਨੂੰ ਸਮਾਜ ‘ਅਤਿ ਨੀਚ’ ਕਹਿੰਦਾ ਆ ਰਿਹਾ ਹੈ|

ਉਂਜ ਇਹ ਨੁਕਤਾ ਕਿਸੇ ਹੋਰ ਥਾਂ ਬਹਿਸ ਦੀ ਮੰਗ ਕਰਦਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਪੈਰੋਕਾਰ ਹੋਣ ਦਾ ਦਾਅਵਾ ਕਰਨ ਵਾਲੀ ਇੱਕ ਰਾਜਸੀ ਪਾਰਟੀ ਨੂੰ ਉਹ ਕਿਹੜੀ ਮਜਬੂਰੀ ਬਣ ਗਈ ਸੀ ਕਿ ਉਸ ਨੇ ਚੁੱਪ ਰਹਿ ਕੇ ਭਾਰਤ ਬੰਦ ਦਾ ਵਿਰੋਧ ਕੀਤਾ? ਵੈਸੇ ਕੋਈ ਵੀ ਸਿਆਣਾ ਇਸ ਚੁੱਪ ਨੂੰ ‘ਸੁਨਹਿਰੀ ਚੁੱਪ’ ਤਾਂ ਕਦੇ ਨਹੀਂ ਆਖੇਗਾ| 2 ਅਪਰੈਲ ਨੂੰ ‘ਭਾਰਤ ਬੰਦ’ ਦੌਰਾਨ ਸਾਰਾ ਗੁੱਸਾ ਅਤੇ ਰੋਸ ਉਂਜ ਤਾਂ ਦੇਸ਼ ਦੀ ਸਰਬਉਚ ਅਦਾਲਤ ਵੱਲੋਂ ਐਸ਼ ਸੀ./ਐਸ਼ ਟੀ. ਐਕਟ ਵਿਚ ਸ਼ੋਧ ਦੇ ਫੈਸਲੇ ਵਿਰੁਧ ਹੀ ਸੀ, ਪਰ ਕਿਸੇ ਡੂੰਘੀ ਅਤੇ ਅਣਦਿਸਦੀ ਤਹਿ ਵਿਚ ਸਵਾਲ ਉਹੋ ਸੀ ਤੇ ਅੱਜ ਵੀ ਜਿਉਂ ਦਾ ਤਿਉਂ ਖੜ੍ਹਾ ਹੈ ਜੋ ਉਚੀਆਂ ਜਾਤਾਂ ਨੂੰ ਪੁੱਛ ਰਿਹਾ ਹੈ ਕਿ ਅਸੀਂ ਕਿਉਂ ਨੀਵੇਂ? ਤੁਸੀਂ ਕਿਉਂ ਉਚੇ?
ਇਹ ਗੱਲ ਵੀ ਹੈਰਾਨ ਕਰਨ ਵਾਲੀ ਹੈ ਕਿ ਬਹੁਤੀਆਂ ਅਖਬਾਰਾਂ, ਟੀ. ਵੀ. ਚੈਨਲਾਂ ਅਤੇ ਰਾਜਸੀ ਆਗੂਆਂ ਦੇ ਬਿਆਨਾਂ ਦਾ ਕੇਂਦਰ ਬਿੰਦੂ ਭਾਰਤ ਬੰਦ ਦੌਰਾਨ ਵਾਪਰੀ ‘ਹਿੰਸਾ ਦੀ ਨਿਖੇਧੀ’ ਉਤੇ ਹੀ ਟਿੱਕ ਗਿਆ, ਪਰ ਸਦੀਆਂ ਤੋਂ ਉਠਦੇ ਆ ਰਹੇ ਇਸ ਸਵਾਲ ਨੂੰ ਫਿਰ ਇੱਕ ਵਾਰ ਘੱਟੇ ਮਿੱਟੀ ਰੋਲ ਦਿੱਤਾ ਗਿਆ ਕਿ ਕੋਈ ਕਿਉਂ ਨੀਵਾਂ ਹੈ ਅਤੇ ਕੋਈ ਕਿਉਂ ਉਚਾ ਹੈ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦਿੱਲੀ ਦੇ ਕਿਸੇ ਸਮਾਗਮ ‘ਚ ਕੀਤੀ ਇਹ ਟਿੱਪਣੀ ਵੀ ਦਿਲਚਸਪ ਵਿਰੋਧਤਾਈ ਦਾ ਪ੍ਰਤੀਕ ਹੀ ਆਖੀ ਜਾਏਗੀ ਕਿ ਜਿੰਨਾ ਮਾਣ ਸਤਿਕਾਰ ਉਨ੍ਹਾਂ ਦੀ ਸਰਕਾਰ ਨੇ ਦਲਿਤਾਂ ਦੇ ਮਸੀਹਾ ਡਾ. ਅੰਬੇਦਕਰ ਨੂੰ ਬਖਸ਼ਿਆ, ਉਨਾ ਮਾਣ ਕਿਸੇ ਹੋਰ ਸਰਕਾਰ ਨੇ ਨਹੀਂ ਦਿੱਤਾ| ਪਰ ਪ੍ਰਧਾਨ ਮੰਤਰੀ ਨੇ ਇਸ ਸਵਾਲ ਨੂੰ ਫਿਰ ਮੌਜ ਨਾਲ ਟਾਲ ਦਿੱਤਾ ਕਿ ਅੰਬੇਦਕਰ ਦੀ ਬਰਾਦਰੀ ਦੇ ਸਤਾਏ ਹੋਏ ਲੋਕ ਆਖਰ ਭਾਰਤ ਬੰਦ ਕਰਨ ਲਈ ਮਜਬੂਰ ਕਿਉਂ ਹੋਏ? ਡਾ. ਅੰਬੇਦਕਰ ਦਾ ਸਤਿਕਾਰ ਅਤੇ ਮਾਣ ਉਨ੍ਹਾਂ ਦੀ ਬਰਾਦਰੀ ਦੇ ਸਤਿਕਾਰ ਤੇ ਮਾਣ ਦਾ ਹਿੱਸਾ ਅੱਜ ਤੱਕ ਕਿਉਂ ਨਹੀਂ ਬਣਿਆ? ਅੱਜ ਵੀ ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਮੁਤਾਬਕ ਹਰ ਰੋਜ਼ 4 ਤੋਂ ਵੱਧ ਦਲਿਤ ਔਰਤਾਂ ਬਲਾਤਕਾਰ ਦਾ ਸ਼ਿਕਾਰ ਕਿਉਂ ਹੁੰਦੀਆਂ ਹਨ? ਅਜੇ ਤਾਂ ਉਹ ਔਰਤਾਂ ਇਸ ਰਿਕਾਰਡ ਦਾ ਕਦੇ ਵੀ ਹਿੱਸਾ ਨਹੀਂ ਬਣੀਆਂ ਜੋ ਦੂਰ-ਦੁਰਾਡੇ ਪਿੰਡਾਂ ਵਿਚ ਬਲਾਤਕਾਰ ਦਾ ਸ਼ਿਕਾਰ ਬਣਦੀਆਂ ਹਨ, ਪਰ ਸਮਾਜ ਵਿਚ ਬਦਨਾਮੀ ਦੇ ਡਰੋਂ ਆਪਣੇ ਨਾਲ ਖੌਫਨਾਕ ਤੇ ਕੌੜੀਆਂ ਯਾਦਾਂ ਲੈ ਕੇ ਹੀ ਜੀਉਂਦੀਆਂ ਤੇ ਮਰਦੀਆਂ ਹਨ| ਗੋਆ ਇੰਸਟੀਚਿਊਟ ‘ਚ ਕੰਮ ਕਰਦੇ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਉਘੇ ਵਿਦਵਾਨ ਅਨੰਦ ਟੈਲਮਦੀ ਦਾ ਰਾਜਨੀਤਕ ਸਰਵੇ ਤਾਂ ਕਹਿੰਦਾ ਹੈ ਕਿ ਹਰ 1 ਘੰਟੇ ਪਿੱਛੇ 6 ਦਲਿਤ ਔਰਤਾਂ ਉਚੀਆਂ ਜਾਤੀਆਂ ਦੇ ਜ਼ੁਲਮਾਂ ਦਾ ਸ਼ਿਕਾਰ ਹੁੰਦੀਆਂ ਹਨ|
ਅਸੀਂ ਸਿਰਫ ਜਿਸਮਾਨੀ ਹਿੰਸਾ ਤੱਕ ਹੀ ਆਪਣੇ ਆਪ ਨੂੰ ਸੀਮਤ ਕਰ ਲੈਂਦੇ ਹਾਂ ਪਰ ਮਾਨਸਿਕ ਹਿੰਸਾ ਦਾ ਜ਼ਿਕਰ ਘੱਟ ਹੀ ਕਰਦੇ ਹਾਂ| ਨਾ ਹੀ ਕਦੇ ਉਸ ਹਿੰਸਾ ਦਾ ਜ਼ਿਕਰ ਕਰਦੇ ਹਾਂ ਜੋ ਉਚੀਆਂ ਜਾਤਾਂ ਦੀਆਂ ਜੀਭਾਂ ਅਤੇ ਉਨ੍ਹਾਂ ਦੇ ਬੋਲਾਂ ਵਿਚ ਵਸਦਾ ਹੈ| ਅਮਰੀਕਾ ਦੀ ਇੱਕ ਕੇਬਲ ਅਤੇ ਨੈਟਵਰਕ ਏਜੰਸੀ ਸੀ. ਐਨ. ਐਨ. ਨੇ ਕੁਝ ਦਲਿਤ ਔਰਤਾਂ ਨਾਲ ਉਨ੍ਹਾਂ ਦੇ ਅੰਦਰਲੇ ਦੁੱਖ ਦਰਦ ਨੂੰ ਫਰੋਲਣ ਲਈ ਵਿਸ਼ੇਸ਼ ਮੁਲਾਕਾਤਾਂ ਕੀਤੀਆਂ| ਇੱਕ ਔਰਤ ਨੇ ਕਿਹਾ ਕਿ ਕਿੰਨਾ ਚੰਗਾ ਹੁੰਦਾ ਜੇ ਰੱਬ ਮੈਨੂੰ ਦਲਿਤਾਂ ਦੇ ਘਰ ਵਿਚ ਜਨਮ ਹੀ ਨਾ ਦਿੰਦਾ| ਸਾਨੂੰ ਤਾਂ ਆਸਾਨੀ ਨਾਲ ਹੀ ਸਮਾਜ ਆਪਣਾ ਸ਼ਿਕਾਰ ਬਣਾ ਲੈਂਦਾ ਹੈ| ਇੱਕ ਹੋਰ ਦਲਿਤ ਔਰਤ ਦਾ ਦਰਦ ਕਿਸੇ ਵੀ ਸੁੱਤੀ ਜ਼ਮੀਰ ਨੂੰ ਟੁੰਬ ਸਕਦਾ ਹੈ, ਜਦੋਂ ਉਹ ਕਹਿਣ ਲਈ ਮਜਬੂਰ ਹੁੰਦੀ ਹੈ ਕਿ ਅਸੀਂ ਤਾਂ ਉਚੀਆਂ ਜਾਤਾਂ ਦੇ ਘਰਾਂ ਵਿਚ ਦਾਖਲ ਵੀ ਨਹੀਂ ਹੋ ਸਕਦੇ| ਸਾਨੂੰ ਅਛੂਤ ਸਮਝਿਆ ਜਾਂਦਾ ਹੈ| ਜਦੋਂ ਕਦੇ ਸਾਨੂੰ ਪਾਣੀ ਦੀ ਪਿਆਸ ਲੱਗਦੀ ਹੈ ਤਾਂ ਅਸੀਂ ਬੁੱਕ ਅੱਗੇ ਕਰਦੇ ਹਾਂ ਅਤੇ ਉਹ ਉਤੋਂ ਪਾਣੀ ਸੁੱਟਦੇ ਹਨ| ਇੱਕ ਹੋਰ ਦਲਿਤ ਔਰਤ ਆਪਣਾ ਦੁੱਖ ਇਹ ਕਹਿ ਕੇ ਸਾਂਝਾ ਕੀਤਾ ਕਿ ਉਚੀਆਂ ਜਾਤਾਂ ਵਾਲੇ ਸਾਨੂੰ ਗੰਦੇ ਸ਼ਬਦ ਬੋਲ ਕੇ ਜ਼ਲੀਲ ਕਰਦੇ ਹਨ| ਅਸੀਂ ਉਨ੍ਹਾਂ ਦੇ ਹੇਠਾਂ ਰਹਿ ਕੇ ਕੰਮ ਨਹੀਂ ਕਰਨਾ ਚਾਹੁੰਦੇ ਪਰ ਕੀ ਕਰੀਏ ਅਸੀਂ ਗਰੀਬ ਅਤੇ ਨਿਆਸਰੇ ਹਾਂ| ਸਾਡੇ ਕੋਲ ਹੋਰ ਰਸਤਾ ਵੀ ਕਿਹੜਾ ਹੈ ਜੀਊਣ ਦਾ? ਉਹ ਬਲਾਤਕਾਰ ਕਰਦੇ ਹਨ ਪਰ ਉਨ੍ਹਾਂ ਕੋਲ ਪੈਸਾ ਹੁੰਦਾ ਹੈ, ਸਿਫਾਰਸ਼ਾਂ ਹੁੰਦੀਆਂ ਹਨ, ਤਾਕਤ ਹੁੰਦੀ ਹੈ ਤੇ ਉਹ ਬਚ ਨਿਕਲਦੇ ਹਨ|
ਅੱਜ ਵੀ ਦਲਿਤਾਂ ਉਤੇ ਹੋਣ ਵਾਲੇ ਜ਼ੁਲਮਾਂ ਦੀਆਂ ਕਈ ਕਿਸਮਾਂ ਹਨ| ਜੇ ਉਹ ਕੋਈ ਛੋਟੀ ਮੋਟੀ ਗਲਤੀ ਵੀ ਕਰ ਲੈਂਦੇ ਹਨ ਤਾਂ ਉਨ੍ਹਾਂ ਦੇ ਗਲ ਵਿਚ ਜੁੱਤੀਆਂ ਦਾ ਹਾਰ ਪਾਇਆ ਜਾਂਦਾ ਹੈ| ਕਿਤੇ ਖੂਹਾਂ ਅਤੇ ਨਲਕਿਆਂ ਤੋਂ ਉਹ ਪਾਣੀ ਵੀ ਨਹੀਂ ਭਰ ਸਕਦੇ, ਉਨ੍ਹਾਂ ਦੀ ਜਾਤ ਦਾ ਨਾਂ ਲੈ ਕੇ ਉਨ੍ਹਾਂ ਨੂੰ ਗੰਦੀਆਂ ਗਾਲਾਂ ਕੱਢੀਆਂ ਜਾਂਦੀਆਂ ਹਨ, ਔਰਤਾਂ ਨੂੰ ਚੁੜੇਲ ਸਮਝਿਆ ਜਾਂਦਾ ਹੈ| ਉਨ੍ਹਾਂ ਦੀਆਂ ਮੁਟਿਆਰਾਂ ਨਾਲ ਛੇੜਖਾਨੀ ਤਾਂ ਆਮ ਜਿਹੀ ਗੱਲ ਹੈ| ਕਿਤੇ ਉਨ੍ਹਾਂ ਦਾ ਸਮਾਜਕ ਬਾਈਕਾਟ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਡਰਾ ਧਮਕਾ ਕੇ ਚੋਣ ਮੁਕਾਬਲਿਆਂ ਵਿਚ ਨਾਮਜ਼ਦਗੀ ਦੇ ਕਾਗਜ਼ ਭਰਨ ਦੀ ਖੁੱਲ੍ਹ ਨਹੀਂ ਮਿਲਦੀ, ਕਦੇ ਉਨ੍ਹਾਂ ਨੂੰ ਬੇਇੱਜਤ ਕਰਨ ਲਈ ਸ਼ੱਰੇ-ਬਾਜ਼ਾਰ ਨੰਗਾ ਕੀਤਾ ਜਾਂਦਾ ਹੈ| ਕਦੇ ਉਨ੍ਹਾਂ ਨੂੰ ਹੁਕਮ ਜਾਰੀ ਹੁੰਦਾ ਹੈ ਕਿ ਪਿੰਡ ਛੱਡ ਕੇ ਕਿਤੇ ਹੋਰ ਚਲੇ ਜਾਣ| 2016 ਦੀ ਇੱਕ ਰਿਪੋਰਟ ਦੱਸਦੀ ਹੈ ਕਿ ਉਸ ਸਾਲ ਵਿਚ 50 ਹਜ਼ਾਰ ਔਰਤਾਂ ਤਸ਼ੱਦਦ ਦਾ ਸ਼ਿਕਾਰ ਹੋਈਆਂ| ਮਾਡਲ ਸਟੇਟ ਜਾਂ ਨਮੂਨੇ ਦਾ ਰਾਜ ਆਖੇ ਜਾਂਦੇ ਸੂਬੇ ਗੁਜਰਾਤ ਵਿਚ ਹਾਲਤ ਇਹ ਹੈ ਕਿ ਸਰਕਾਰੀ ਅੰਕੜਿਆਂ ਮੁਤਾਬਕ ਦਲਿਤਾਂ ਉਤੇ ਅੱਤਿਆਚਾਰ 500 ਫੀਸਦੀ ਵਧੇ ਹਨ| ਹਾਲਾਂਕਿ ਉਥੇ ਮੁੱਖ ਮੰਤਰੀ ਇੱਕ ਔਰਤ ਸੀ| ਕਈ ਵਾਰ ਅਦਾਲਤਾਂ ਵਿਚ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ| ਸਾਲ 2002 ਦੀ ਗੱਲ ਹੈ, ਜਦੋਂ ਝੱਜਰ ਵਿਚ 5 ਦਲਿਤਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ| ਪਰ ਅਦਾਲਤ ਨੇ ਐਸ਼ ਸੀ./ਐਸ਼ ਟੀ. ਐਕਟ ਅਧੀਨ ਦੋਸ਼ੀਆਂ ਉਤੇ ਕੇਸ ਦਰਜ ਹੀ ਨਾ ਕੀਤਾ ਕਿਉਂਕਿ ਅਦਾਲਤ ਦਾ ਤਰਕ ਸੀ ਕਿ ਦੋਸ਼ੀਆਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਜਿਹੜੇ ਮਰੇ, ਉਹ ਦਲਿਤ ਸਨ| ਜਦੋਂ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਐਸ਼ ਸੀ./ਐਸ਼ ਟੀ. ਐਕਟ ਦੀ ਦੁਰਵਰਤੋਂ ਕਰਕੇ ਕਈ ਵਾਰ ਨਿਰਦੋਸ਼ ਬੰਦਿਆਂ ਨੂੰ ਫਸਾਇਆ ਜਾਂਦਾ ਹੈ ਤਾਂ ਫਿਰ ਗੋਆ ਇੰਸਟੀਚਿਊਟ ਦੇ ਉਘੇ ਵਿਦਵਾਨ ਅਨੰਦ ਟੈਲਮਦੀ ਦਾ ਕਹਿਣਾ ਹੈ ਕਿ ਕਾਨੂੰਨਾਂ ਦੀ ਦੁਰਵਰਤੋਂ ਤਾਂ ਉਚ ਘਰਾਣਿਆਂ ਦੇ ਖਾਂਦੇ ਪੀਂਦੇ ਲੋਕ ਕਰਦੇ ਹਨ| ਕਿਸੇ ਗਰੀਬ ਮਜ਼ਦੂਰ ਦੀ ਹਿੰਮਤ ਅਤੇ ਹੌਸਲਾ ਹੀ ਨਹੀਂ ਹੁੰਦਾ ਕਿ ਉਹ ਕਿਸੇ ਉਚੀ ਜਾਤੀ ਵਿਰੁਧ ਸ਼ਿਕਾਇਤ ਲੈ ਕੇ ਪੁਲਿਸ ਕੋਲ ਚਲਾ ਜਾਵੇ| ਉਨ੍ਹਾਂ ਦੱਸਿਆ ਕਿ 75 ਫੀਸਦੀ ਤਾਂ ਪੁਲਿਸ ਕੋਲ ਜਾਣ ਤੋਂ ਹੀ ਡਰਦੇ ਹਨ ਕਿ ਉਨ੍ਹਾਂ ਦੀ ਕੋਈ ਵੀ ਦਲੀਲ ਜਾਂ ਸ਼ਿਕਾਇਤ ਕਾਗਜ਼ਾਂ ਵਿਚ ਰੁਲ ਕੇ ਰਹਿ ਜਾਵੇਗੀ|
ਦਲਿਤ ਭਾਈਚਾਰੇ ਨੂੰ ਖੁਸ਼ ਕਰਨ ਲਈ ਜਾਂ ਚੁੱਪ ਕਰਾਉਣ ਲਈ ਡਾ. ਅੰਬੇਦਕਰ ਦੇ ਬੁੱਤ ਲਾਏ ਜਾਂਦੇ ਹਨ| ਉਨ੍ਹਾਂ ਦੀਆਂ ਯਾਦਗਾਰਾਂ ਕਾਇਮ ਹੋ ਰਹੀਆਂ ਹਨ ਪਰ ਸਭ ਜਾਣਦੇ ਹਨ ਕਿ ਸਮਾਂ ਬੀਤਣ ਨਾਲ ਬੁੱਤ ਜ਼ਿੰਦਗੀ ਵਿਚ ਖੜੋਤ ਦਾ ਪ੍ਰਤੀਕ ਬਣ ਕੇ ਰਹਿ ਜਾਂਦੇ ਹਨ| ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਜੇ ਇੱਕ ‘ਅੰਬੇਦਕਰ’ ਬੁੱਤ ਵਿਚ ਹੈ ਤਾਂ ਫਿਰ ਇੱਕ ਹੋਰ ਜਿਉਂਦਾ ਜਾਗਦਾ ‘ਅੰਬੇਦਕਰ’ ਹੁਣ ਸੜਕਾਂ ਉਤੇ ਕਿਉਂ ਆ ਗਿਆ? ਇਹ ਚੇਤੇ ਰੱਖਣ ਵਾਲੀ ਵੀ ਗੱਲ ਹੈ ਕਿ ਇੱਕ ‘ਅੰਬੇਦਕਰ’ ਹੁਣ ਮੱਧ ਵਰਗ ਦੇ ਰੂਪ ਵਿਚ ਵੀ ਸਾਡੇ ਸਾਹਮਣੇ ਆ ਗਿਆ ਹੈ, ਜੋ ਸੁਚੇਤ ਹੈ, ਜਗਦਾ-ਮਘਦਾ ਹੈ, ਜਗਾਉਂਦਾ ਵੀ ਹੈ, ਜੁਝਾਰੂ ਵੀ ਹੈ ਤੇ ਬੇਰੁਜ਼ਗਾਰ ਵੀ ਹੈ| ਉਹ ਹੁਣ ਪ੍ਰਾਈਵੇਟ ਸੰਸਥਾਵਾਂ ਵਿਚ ਰਿਜ਼ਰਵੇਸ਼ਨ ਦੀ ਮੰਗ ਕਰ ਰਿਹਾ ਹੈ| ਇੱਕ ਹੋਰ ‘ਅੰਬੇਦਕਰ’ ਸਿਆਸੀ ਤੌਰ ‘ਤੇ ਚੇਤੰਨ ਹੈ, ਆਪਣੇ ਹੱਕਾਂ ਬਾਰੇ ਜਾਣਦਾ ਹੈ, ਉਸ ਨੂੰ ਆਪਣੇ ਪੁਰਖਿਆਂ ਉਤੇ ਹੋਏ ਜ਼ੁਲਮਾਂ ਵਿਰੁਧ ਗੁੱਸਾ ਹੈ| ਦੱਬੇ-ਕੁਚਲਿਆਂ ਦਾ ਇੱਕ ਹੋਰ ਪ੍ਰਸਿੱਧ ਲੇਖਕ ਵਿਲੀਅਮ ਫਾਕਨਰ ਕਹਿੰਦਾ ਹੈ ਕਿ ‘ਅਤੀਤ ਕਦੇ ਵੀ ਮਰਦਾ ਨਹੀਂ, ਉਹ ਅਗਲੀਆਂ ਪੀੜ੍ਹੀਆਂ ਦੇ ਖੂਨ ਵਿਚੋਂ ਬੋਲਦਾ ਹੈ ਅਤੇ ਜਦੋਂ ਇਨ੍ਹਾਂ ਪੀੜ੍ਹੀਆਂ ਦੇ ਲੋਕ ਹਿੰਸਾ ਦੇ ਰਾਹ ਤੁਰ ਵੀ ਪੈਂਦੇ ਹਨ ਤਾਂ ਇਸ ਪਿੱਛੇ ਸਦੀਆਂ ਦੀ ਪੀੜ, ਨਮੋਸ਼ੀ, ਜ਼ਲਾਲਤ, ਬੇਬਸੀ ਅਤੇ ਤਨ-ਮਨ ਵਿਚ ਇਕੱਠੇ ਹੋਏ ਜ਼ੁਲਮਾਂ ਦੇ ਤੁਫਾਨਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ| ‘ਧਰਤੀ ਦੇ ਦੁਖੀਏ’ ਕਿਤਾਬ ਦਾ ਮਹਾਨ ਲੇਖਕ ਫ੍ਰਾਂਸਿਸ ਮੈਨਨ ਇਸੇ ਦਰਦ ਦੀ ਵਿਆਖਿਆ ਕਰਦਿਆਂ ਯਾਦ ਕਰਾਉਂਦਾ ਹੈ ਕਿ ‘ਹਿੰਸਾ ਵਿਚ ਮਨੁੱਖ ਆਪਣੇ ਆਪ ਦੀ ਮੁੜ-ਮੁੜ ਸਿਰਜਣਾ ਕਰਦਾ ਹੈ, ਮੁੜ-ਮੁੜ ਜਿਉਂਦਾ ਹੈ|’ ਹਿੰਸਾ ਬਿਨਾ ਸ਼ੱਕ ਮਾੜੀ ਹੈ ਅਤੇ ਗਲਤ ਵੀ ਹੈ, ਪਰ ਇਤਿਹਾਸ ਨੂੰ ਸੁੱਚੇ ਜਜ਼ਬਿਆਂ ਦੀ ਅੱਖ ਨਾਲ ਵੇਖਣ ਵਾਲੇ ਵਿਦਵਾਨਾਂ ਨੂੰ ਦਲਿਤਾਂ ਦੀ ਪੀੜ ਨੂੰ ਹਿੰਸਾ ਅਤੇ ਅਹਿੰਸਾ ਵਰਗੇ ਸੰਕਲਪਾਂ ਤੋਂ ਉਪਰ ਉਠ ਕੇ ਹੀ ਹਿੰਸਾ ਦੀ ਵਿਆਖਿਆ ਕਰਨੀ ਚਾਹੀਦੀ ਹੈ| ਭਾਰਤੀ ਰਾਜਨੀਤੀ ਦੀ ਡੂੰਘੀ ਜਾਣਕਾਰ ਅਤੇ ਜਵਾਹਰ ਲਾਲ ਯੂਨੀਵਰਸਿਟੀ ਵਿਚ ਪ੍ਰੋਫੈਸਰ ਦੇ ਅਹੁਦੇ ‘ਤੇ ਕੰਮ ਕਰ ਚੁੱਕੀ ਸੁਧਾ ਪਾਈ ਦੀ ਆਕਸਫੋਰਡ ਯੂਨੀਵਰਸਿਟੀ ਵੱਲੋਂ ਛਪੀ ਕਿਤਾਬ ‘ਦਲਿਤ ਅਸਰਸ਼ਨ’ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਵਿਚ ਦਲਿਤ ਰਾਜਨੀਤੀ ਦਾ ਡੂੰਘਾ ਅਤੇ ਗਹਿਰ ਗੰਭੀਰ ਵਿਸ਼ਲੇਸ਼ਣ ਕੀਤਾ ਗਿਆ ਹੈ| ਲੇਖਿਕਾ ਇਸ ਸਿੱਟੇ ‘ਤੇ ਪਹੁੰਚੀ ਹੈ ਕਿ ਹੁਣ ਦਲਿਤਾਂ ਨੇ ਆਪਣੀ ਵੱਖਰੀ ਪਛਾਣ ਵੀ ਸਥਾਪਿਤ ਕਰ ਲਈ ਹੈ ਅਤੇ ਇਸ ਪਛਾਣ ‘ਤੇ ਉਹ ਮਾਣ ਵੀ ਕਰਦੇ ਹਨ ਤੇ ਦਬਕਾ ਵੀ ਮਾਰਦੇ ਹਨ| ਉਹ ਦਲਿਤਾਂ ਦੀ ਉਨਤੀ, ਉਨ੍ਹਾਂ ਦੀ ਸੀਮਾ ਤੇ ਕਮਜ਼ੋਰੀ ਦਾ ਜ਼ਿਕਰ ਵੀ ਕਰਦੀ ਹੈ ਅਤੇ ਦਲਿਤਾਂ ਦੇ ਭਵਿੱਖ ਉਤੇ ਟਿੱਪਣੀ ਕਰਦਿਆਂ ਉਹ ਇਹ ਦਾਅਵਾ ਵੀ ਕਰਦੀ ਹੈ ਕਿ ਉਨ੍ਹਾਂ ਨੇ ਇੱਕ ‘ਬਦਲਵੀਂ ਵਿਚਾਰਧਾਰਾ’ ਨੂੰ ਸਥਾਪਿਤ ਕਰ ਲਿਆ ਹੈ ਅਤੇ ਉਹ ਬਰਾਬਰੀ ਦੇ ਅਧਿਕਾਰ ਮੰਗਦੇ ਹਨ, ਜਿਸ ਬਾਰੇ ਸੰਵਿਧਾਨ ਵਿਚ ਗਾਰੰਟੀ ਵੀ ਦਿੱਤੀ ਗਈ ਹੈ|