ਮਲਾਲਾ ਤੇ ਮੁਖਤਾਰਾਂ ਦਾ ਮਲਾਲ

ਅਸਦ ਹਾਸ਼ਿਮ
ਗੱਲ 2012 ਦੀ ਹੈ। ਪੰਦਰਾਂ ਸਾਲ ਦੀ ਬੱਚੀ ਆਪਣੀਆਂ ਦੋ ਸਹੇਲੀਆਂ ਨਾਲ ਸਵਾਤ ਵਾਦੀ ਵਿਚਲੇ ਸਕੂਲ ਜਾ ਰਹੀ ਸੀ। ਅਚਾਨਕ ਉਸ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਈਆਂ ਗਈਆਂ। ਗੋਲੀਆਂ ਤਿੰਨਾਂ ਨੂੰ ਲੱਗੀਆਂ। ਪੰਦਰਾਂ ਸਾਲ ਦੀ ਬੱਚੀ ਦੇ ਸਿਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਗੋਲੀ ਉਸ ਦੇ ਦਿਮਾਗ਼ ਨਾਲ ਖਹਿੰਦੀ ਹੋਈ ਮੋਢੇ ਵਿਚ ਜਾ ਅਟਕੀ। ਉਸ ਦਾ ਬਚਾਅ ਹੋ ਗਿਆ। ਉਹ ਹੁਣ ਵੀ ਜ਼ਿੰਦਾ ਹੈ। ਸ਼ਾਇਦ ਇਹੀ ਉਸ ਦਾ ਜੁਰਮ ਹੈ।

ਇਕ ਪਾਸੇ ਇਹ ਕੁੜੀ ਸੀ ਜਿਹੜੀ ਕੁੜੀਆਂ ਲਈ ਤਾਲੀਮ ਦੇ ਹੱਕ ਵਿਚ ਖੁੱਲ੍ਹ ਕੇ ਬੋਲਦੀ ਸੀ; ਉਸ ਦੀ ਇਸੇ ਦਲੇਰੀ ਬਦਲੇ ਉਸ ਦੇ ਸੂਬੇ (ਖ਼ੈਬਰ ਪਖ਼ਤੂਨਖ਼ਵਾ) ਦੀ ਸਰਕਾਰ ਨੇ ਉਸ ਦਾ ਸਨਮਾਨ ਕੀਤਾ। ਦੂਜੇ ਪਾਸੇ ਪਾਕਿਸਤਾਨੀ ਤਾਲਿਬਾਨ ਸਨ। ਅੰਤਾਂ ਦੇ ਕੱਟੜ; ਅੰਤਾਂ ਦੇ ਤੁਅੱਸਬੀ। ਉਹ ਆਪਣੀ ਦਕਿਆਨੂਸੀ ਹਥਿਆਰਬੰਦ ਲਹਿਰ ਰਾਹੀਂ ਖ਼ਲਕਤ ਉਪਰ ਇਸਲਾਮੀ ਸ਼ਰ੍ਹਾ ਦੀ ਆਪਣੀ ਵਿਆਖਿਆ ਥੋਪਣੀ ਚਾਹੁੰਦੇ ਸਨ। ਮਲਾਲਾ ਉਨ੍ਹਾਂ ਦੀ ਸੋਚ, ਉਨ੍ਹਾਂ ਦੇ ਖਿਆਲਾਤ ਮੰਨਣ ਲਈ ਤਿਆਰ ਨਹੀਂ ਸੀ। ਇਸੇ ਲਈ ਉਸ ਨੂੰ ‘ਸੋਧਣਾ’ ਹੀ ਪੈਣਾ ਸੀ।
ਉਹ ਮਾਰੀ ਨਹੀਂ ਜਾ ਸਕੀ। ਇਸੇ ਕਾਰਨ ਉਸ ਨੂੰ ਪੱਛਮੀ ਦੇਸ਼ਾਂ ਨੇ ਸਾਂਭ ਲਿਆ; ਪਹਿਲਾਂ ਇਲਾਜ ਦੇ ਬਹਾਨੇ, ਫਿਰ ਉਸ ਦੀ ਜਾਨ ਦੇ ਖ਼ਤਰੇ ਦੇ ਬਿਨਾਅ ‘ਤੇ। ਉਹ ਵਤਨ ਪਰਤਣਾ ਚਾਹੁੰਦੀ ਸੀ, ਪਰ ਉਸ ਦੇ ਸਰਪ੍ਰਸਤ ਜਾਣਦੇ ਸਨ ਕਿ ਉਸ ਨੂੰ ਵਤਨ ਭੇਜਣਾ ਸੁਰੱਖਿਅਤ ਨਹੀਂ। ਉਹ ਨੋਬੇਲ ਅਮਨ ਪੁਰਸਕਾਰ ਵਿਜੇਤਾ ਬਣ ਚੁੱਕੀ ਸੀ। ਇਸ ਕੁੜੀ ਦਾ ਨਾਂ ਮਲਾਲਾ ਯੂਸਫ਼ਜ਼ਈ ਹੈ।
ਛੇ ਸਾਲ ਬਾਅਦ, ਮਲਾਲਾ ਯੂਸਫ਼ਜ਼ਈ ਜਦੋਂ ਆਪਣੇ ਵਤਨ ਪਰਤੀ ਤਾਂ ‘ਸਵਾਗਤ’ ਧਮਕੀਆਂ ਅਤੇ ਗੁਸੈਲ ਨਾਅਰਿਆਂ ਨਾਲ ਹੋਇਆ। ਇਸਲਾਮਾਬਾਦ ਹਵਾਈ ਅੱਡੇ ਦੇ ਬਾਹਰ ਵੱਡਾ ਹਜੂਮ ਸੀ ਜਿਸ ਨੇ ‘ਮੈਂ ਮਲਾਲਾ ਨਹੀਂ’ ਦੀ ਲਿਖ਼ਤ ਵਾਲੀਆਂ ਤਖਤੀਆਂ ਚੁੱਕੀਆਂ ਹੋਈਆਂ ਸਨ। ਇਨ੍ਹਾਂ ਤਖਤੀਆਂ ‘ਤੇ ਉਸ ਨੂੰ ‘ਸੀ ਆਈ ਏ ਦੀ ਏਜੰਟ’ ਦੱਸਿਆ ਗਿਆ ਸੀ। ਉਸ ਨੂੰ ਪੱਛਮੀ ਦੇਸ਼ਾਂ ਦੀ ਪਿੱਠੂ ਦੱਸਣ ਵਾਲਿਆਂ ਦੀ ਗਿਣਤੀ ਪਾਕਿਸਤਾਨ ਵਿਚ ਘੱਟ ਨਹੀਂ। ਇਨ੍ਹਾਂ ਵਿਚ ਕੁਝ ਪਾਕਿਸਤਾਨੀ ਅਖ਼ਬਾਰਾਂ ਦੇ ਸੰਪਾਦਕ ਅਤੇ ਸਰਕਰਦਾ ਕਾਲਮਨਵੀਸ ਵੀ ਸ਼ੁਮਾਰ ਹਨ। ਉਹ ਉਸ ਉਪਰ ਦੌਲਤ ਤੇ ਸ਼ੁਹਰਤ ਖ਼ਾਤਿਰ ਪਾਕਿਸਤਾਨ ਨੂੰ ਬਦਨਾਮ ਕਰਨ ਦੇ ਦੋਸ਼ ਲਾਉਂਦੇ ਹਨ।
ਦੂਜੇ ਪਾਸੇ ਅਜਿਹੇ ਲੋਕ ਵੀ ਹਨ ਜਿਹੜੇ ਇਨ੍ਹਾਂ ਤਖ਼ਤੀਆਂ ਵਾਲਿਆਂ ਨੂੰ ਅਹਿਮਕ ਜਾਂ ਤਾਲਿਬਾਨੀ ਦੱਸਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਕਿਸੇ ਮੁਟਿਆਰ ਦੇ ਖ਼ੂਨ ਦੇ ਪਿਆਸਿਆਂ ਦੀ ਸੋਚ ਦੇ ਪੈਰੋਕਾਰ ਹਨ, ਉਹ ਇਨਸਾਨੀਅਤ ਦੇ ਨਾਂ ‘ਤੇ ਧੱਬਾ ਹਨ।
ਮਨੋਵਿਗਿਆਨੀਆਂ ਅਨੁਸਾਰ ਨਫ਼ਰਤ ਕਦੇ ਵੀ ਮੂਰਖ ਜਾਂ ਅਹਿਮਕ ਨਹੀਂ ਹੁੰਦੀ। ਉਸ ਪਿੱਛੇ ਕੋਈ ਸਿਆਸਤ, ਵਿਚਾਰਧਾਰਾ ਅਤੇ ਨਿੱਜੀ ਹਿਤ ਹੁੰਦੇ ਹਨ। ਦੂਜੇ ਪਾਸੇ ਨਫ਼ਰਤ ਦਾ ਨਿਸ਼ਾਨਾ, ਭਾਵ ਜਿਸ ਨੂੰ ਨਫ਼ਰਤ ਕੀਤੀ ਜਾਂਦੀ ਹੈ, ਉਹ ਦਰਅਸਲ, ਨਫ਼ਰਤ ਦਾ ਕੇਂਦਰ ਬਿੰਦੂ ਆਮ ਤੌਰ ‘ਤੇ ਨਹੀਂ ਹੁੰਦਾ। ਨਫ਼ਰਤ ਬੰਦੇ ਨਾਲ ਨਹੀਂ, ਉਸ ਦੀ ਸੋਚ ਜਾਂ ਉਸ ਦੀਆਂ ਖ਼ੂਬੀਆਂ-ਖ਼ਾਮੀਆਂ ਨੂੰ ਕੀਤੀ ਜਾਂਦੀ ਹੈ। ਇਸ ਪਿਛੇ ਵਿਅਕਤੀਗਤ ਸਿਆਸਤ ਵੀ ਹੁੰਦੀ ਹੈ ਅਤੇ ਸਮੂਹਿਕ ਸਿਆਸਤ ਵੀ। ਇਸੇ ਕਾਰਨ ਇਸ ਸਵਾਲ ਦਾ ਜਵਾਬ ਜਾਨਣਾ ਜ਼ਰੂਰੀ ਹੈ ਕਿ ਉਹ ਮਲਾਲਾ ਨੂੰ ਇੰਨੀ ਜ਼ਿਆਦਾ ਨਫ਼ਰਤ ਕਿਉਂ ਕਰਦੇ ਹਨ?
ਇਸ ਸਵਾਲ ਦਾ ਜਵਾਬ ਹੈ: ਇਸਤਰੀ ਜਾਤੀ ਪ੍ਰਤੀ ਦਵੈਖ਼ ਜਾਂ ਹਿਕਾਰਤ। ਕੋਈ ਵੀ ਪੁਰਸ਼-ਪ੍ਰਧਾਨ ਸਮਾਜ ਇਹ ਬਰਦਾਸ਼ਤ ਨਹੀਂ ਕਰ ਸਕਦਾ ਕਿ ਤੀਵੀਂ ਹੋ ਕੇ ਵੀ ਉਹ ਮਰਦਾਂ ਦੀ ਬਰਾਬਰੀ ਵਾਲੇ ਹੱਕ ਮੰਗੇ। ਮਲਾਲਾ ਯੂਸਫ਼ਜ਼ਈ ਉਸ ਸਾਰੇ ਕੁਝ ਦੀ ਨੁਮਾਇੰਦਗੀ ਕਰਦੀ ਹੈ ਜੋ ਪੁਰਸ਼ ਪ੍ਰਧਾਨ ਸਮਾਜ ਬਰਦਾਸ਼ਤ ਨਹੀਂ ਕਰ ਸਕਦਾ। ਉਹ ਅਜਿਹੀ ਔਰਤ ਹੈ ਜੋ ਖ਼ਾਮੋਸ਼ ਹੋਣ ‘ਤੇ ਵੀ ਔਰਤਾਂ ਦੇ ਹੱਕਾਂ ਲਈ ਖ਼ਾਮੋਸ਼ ਨਾ ਹੋਣ ਦਾ ਪ੍ਰਭਾਵ ਦਿੰਦੀ ਹੈ। ਉਹ ਜਿਥੇ ਵੀ ਜਾਂਦੀ ਹੈ, ਆਪਣੇ ਨਾਲ ਹੋਈਆਂ ‘ਜ਼ਿਆਦਤੀਆਂ’ ਦੀ ਯਾਦ ਦਿਵਾਉਂਦੀ ਹੈ। ਜਿਹੜੀ ਔਰਤ ਪੁਰਸ਼-ਪ੍ਰਧਾਨ ਸਮਾਜ ਨੂੰ ਹਮੇਸ਼ਾ ਸਵਾਲਾਂ ਦੇ ਚੱਕਰਵਿਊ ਵਿਚ ਫਸਾਈ ਰੱਖੇ, ਕੀ ਉਸ ਨੂੰ ਝੱਲਿਆ ਜਾ ਸਕਦਾ ਹੈ?
ਉਂਜ, ਇਕੱਲੀ ਮਲਾਲਾ ਹੀ ਨਹੀਂ, ਪਾਕਿਸਤਾਨੀ ਸਮਾਜ ਨੇ ਹੋਰ ਔਰਤਾਂ ਨੂੰ ਵੀ ਆਪਣੀ ਨਫ਼ਰਤ ਦਾ ਨਿਸ਼ਾਨਾ ਬਣਾਇਆ ਹੈ। ਮੁਖ਼ਤਾਰਾਂ ਮਾਈ ਦਾ ਮਾਮਲਾ ਸਾਡੇ ਸਾਹਮਣੇ ਹੈ। ਉਸ ਦੇ ਭਾਈਚਾਰੇ ਦੀ ਪੰਚਾਇਤ ਨੇ ਹੀ ਉਸ ਦੇ ਸਮੂਹਿਕ ਬਲਾਤਕਾਰ ਦਾ ਹੁਕਮ ਦਿੱਤਾ ਸੀ ਪਰ ਅਜਿਹੀ ਵਹਿਸ਼ੀਆਨਾ ਹਰਕਤ, ਇੰਨਾ ਸ਼ਦੀਦ ਜ਼ੁਲਮ ਵੀ ਉਸ ਨੂੰ ਝੁਕਾਅ ਨਹੀਂ ਸਕਿਆ। ਉਸ ਉਪਰ ਇਕ ਨਹੀਂ, ਕਈ ਵਾਰ ਜ਼ੁਲਮ ਹੋਇਆ; ਸਮਾਜ ਨੇ ਹੀ ਉਸ ਦੀ ਇੱਜ਼ਤ ਨੂੰ ਤਾਰ ਤਾਰ ਕੀਤਾ; ਉਸ ਨਾਲ ਜੋ ਜ਼ੁਲਮ ਹੋਏ, ਉਨ੍ਹਾਂ ਦਾ ਕਸੂਰ ਵੀ ਉਸੇ ਸਿਰ ਮੜ੍ਹਿਆ ਅਤੇ ਇਹ ਸਭ ਕੁਝ ਕਰਨ ਦੇ ਬਾਵਜੂਦ ਉਸ ਉਪਰ ਹੁਣ ਵੀ ਇਹੋ ਦੋਸ਼ ਲਾਇਆ ਜਾਂਦਾ ਹੈ ਕਿ ਉਹ ਪਾਕਿਸਤਾਨ ਨੂੰ ਆਲਮੀ ਮੰਚਾਂ ਉਤੇ ਬਦਨਾਮ ਕਰਦੀ ਹੈ, ਉਹ ਵੀ ਸਿਰਫ਼ ਆਪਣੀ ਹਾਜ਼ਰੀ ਰਾਹੀਂ, ਬਿਨਾਂ ਕੁਝ ਬੋਲਿਆਂ!
ਦਰਅਸਲ, ਮਲਾਲਾ ਹੋਵੇ ਜਾਂ ਮੁਖ਼ਤਾਰਾਂ, ਇਨ੍ਹਾਂ ਔਰਤਾਂ ਦਾ ਇਕੋ ਹੀ ਗੁਨਾਹ ਹੈ: ਜ਼ਿੱਲਤ, ਗਲਾਜ਼ਤ ਤੇ ਨਫ਼ਰਤ ਰੂਪੀ ਚਿੱਕੜ ਲਗਾਤਾਰ ਇਨ੍ਹਾਂ ਵੱਲ ਸੁੱਟੇ ਜਾਣ ‘ਤੇ ਵੀ ਇਨ੍ਹਾਂ ਨੇ ਜੁਝਾਰੂ ਜਜ਼ਬਾ ਮਰਨ ਨਹੀਂ ਦਿੱਤਾ। ਮਾਈ ਤੇ ਮਲਾਲਾ ਦਰਮਿਆਨ ਤਾਂ ਇਕ ਹੋਰ ਸਾਂਝ ਹੈ। ਦੋਵਾਂ ਨੂੰ ਪੱਛਮੀ ਸਮਾਜ ਵੀ ਆਦਰਸ਼ ਮੰਨਦਾ ਹੈ। ਮਲੀਹਾ ਲੋਧੀ ਜਾਂ ਸ਼ੈਰੀ ਰਹਿਮਾਨ ਵਰਗੀਆਂ ਉਚ ਤਾਲੀਮਯਾਫ਼ਤਾ ਅਤੇ ਉਚ ਅਹੁਦਿਆਂ ‘ਤੇ ਰਹੀਆਂ ਪਾਕਿਸਤਾਨੀ ਔਰਤਾਂ ਨੂੰ ਨਹੀਂ, ਮਲਾਲਾ ਤੇ ਮੁਖ਼ਤਾਰਾਂ ਨੂੰ! ਪਾਕਿਸਤਾਨੀ ਸਮਾਜ ਇਹ ਕਿਵੇਂ ਬਰਦਾਸ਼ਤ ਕਰ ਸਕਦਾ ਹੈ? ਸ਼ਾਇਦ ਇਸੇ ਲਈ ਪਰਵੇਜ਼ ਮੁਸ਼ੱਰਫ਼ ਨੇ ਮੁਲਕ ਦਾ ਹਾਕਮ ਹੁੰਦਿਆਂ ਇਹ ਕਹਿਣੋਂ ਝਿਜਕ ਨਹੀਂ ਸੀ ਦਿਖਾਈ ਕਿ ਮੁਖਤਾਰਾਂ ਮਾਈ ਉਤੇ ਓਨਾ ਜ਼ਿਆਦਾ ਜ਼ੁਲਮ ਨਹੀਂ ਹੋਇਆ, ਜਿੰਨਾ ਉਹ ‘ਵੇਚ’ ਰਹੀ ਹੈ; ਅਤੇ ਜੇ ਕੁਝ ਹੋਇਆ ਵੀ ਤਾਂ ਉਸ ਦੀ ਆਪਣੀ ਇੱਛਾ ਨਾਲ ਹੋਇਆ, ਕਿਉਂਕਿ ਉਹ ਵਿਦੇਸ਼ੀ ਨਾਗਰਿਕਤਾ ਹਾਸਲ ਕਰਨਾ ਚਾਹੁੰਦੀ ਸੀ।
ਪਾਕਿਸਤਾਨ ਵਿਚ ਮਸਲਾ ਹੀ ਇਹੋ ਹੈ। ਜੇ ਹੋਰ ਕੁਝ ਨਹੀਂ ਲੱਭਦਾ ਤਾਂ ‘ਪੱਛਮ ਦੀ ਏਜੰਟ’ ਦਾ ਠੱਪਾ ਲਾ ਦਿਉ। ਮਲਾਲਾ ਯੂਸਫ਼ਜ਼ਈ ‘ਪੱਛਮ ਦੀ ਏਜੰਟ’ ਹੈ। ਮੁਖ਼ਤਾਰਾਂ ‘ਪੱਛਮ ਦੀ ਏਜੰਟ’ ਹੈ? ਹਫ਼ੀਜ਼ਾ ਬੀ ‘ਪੱਛਮ ਦੀ ਏਜੰਟ’ ਹੈ। ਇਹ ਔਰਤਾਂ ਜਨਤਕ ਤੌਰ ‘ਤੇ ਸਿਗਰਟਨੋਸ਼ੀ ਨਹੀਂ ਕਰਦੀਆਂ। ਪੱਛਮੀ ਪਹਿਰਾਵੇ ਨਹੀਂ ਪਾਉਂਦੀਆਂ। ਪਾਕ-ਸਾਫ਼ ਪਾਕਿਸਤਾਨੀ ਹੋਣ ਦਾ ਭਰਮ ਪੈਦਾ ਕਰਨ ਲਈ ਸਿਰ ਢੱਕ ਕੇ ਰੱਖਦੀਆਂ ਹਨ ਪਰ ਪਾਕਿਸਤਾਨ ਨੂੰ ਬਦਨਾਮ ਕਰਦੀਆਂ ਹਨ। ਆਪਣੀਆਂ ਕਹਾਣੀਆਂ ਸੁਣਾ ਕੇ; ਆਪਣੇ ਨਾਲ ਹੋਏ ‘ਜ਼ੁਲਮਾਂ’ ਦੇ ਕਿੱਸੇ ਬਿਆਨ ਕੇ। ਆਬਿਦਾ ਆਫ਼ਤਾਬ ਫ਼ੈਸਲਾਬਾਦ ਵਿਚ ਮਰਦੀ ਹੈ, ਇਹ ਲੰਡਨ ਤੇ ਓਸਲੋ ਵਿਚ ਬੈਠ ਕੇ ਇਸ ਮੌਤ ‘ਤੇ ਕੀਰਨੇ ਪਾਉਂਦੀਆਂ ਹਨ। ਪਾਕਿਸਤਾਨ ਦੀ ਬਦਨਾਮੀ ਬਾਰੇ ਜ਼ਰਾ ਨਹੀਂ ਸੋਚਦੀਆਂ। ਹਰ ਪਾਕਿਸਤਾਨੀ ਨੂੰ ਆਪਣੇ ਮੁਲਕ ਦੇ ਐਟਮੀ ਹਥਿਆਰਾਂ ਨਾਲ ਲੈਸ ਮੁਲਕ ਹੋਣ ‘ਤੇ ਮਾਣ ਹੋਣਾ ਚਾਹੀਦਾ ਹੈ, ਪਰ ਉਹ ਤਾਂ ਇਨ੍ਹਾਂ ਹਥਿਆਰਾਂ ਲਈ ਪਾਕਿਸਤਾਨ ਨੂੰ ਨਿੰਦਦੀਆਂ ਹਨ। ਕੀ ਇਹ ਅਕ੍ਰਿਤਘਣਤਾ ਨਹੀਂ? ਇਹ ਇਨਸਾਨੀ ਸਮਾਜ ਅੰਦਰਲਾ ਅਜੀਬ ਜਿਹਾ ਵਿਰੋਧਾਭਾਸ ਹੈ ਕਿ ਉਹ ਰਵਾਇਤੀ ਦਿੱਖ ਵਾਲੀਆਂ ਔਰਤਾਂ ਨੂੰ ਰਵਾਇਤਾਂ ਦੇ ਚੌਗਿਰਦੇ ਵਿਚ ਹੀ ਕੈਦ ਰੱਖਣਾ ਚਾਹੁੰਦਾ ਹੈ। ਇਸ ਤੋਂ ਨਾ ਪੱਛਮ ਮੁਕਤ ਹੈ ਅਤੇ ਨਾ ਹੀ ਪੂਰਬ। ਪਾਕਿਸਤਾਨੀ ਸਮਾਜ ਵਿਚ ਅਜਿਹੀਆਂ ਔਰਤਾਂ ਦੀ ਕਮੀ ਨਹੀਂ ਜੋ ਮਰਦਾਂ ਵਿਚ ਮਰਦਾਂ ਵਾਂਗ ਵਿਚਰਦੀਆਂ ਹਨ, ਉਚ ਅਹੁਦਿਆਂ ‘ਤੇ ਤਾਇਨਾਤ ਹਨ, ਪੇਸ਼ੇਵਾਰਾਨਾ ਜਾਂ ਨਿੱਜੀ ਮਹਿਫ਼ਲਾਂ ਵਿਚ ਗਲਾਸ ਫੜਨ ਅਤੇ ਖਾਲੀ ਕਰਨ ਤੋਂ ਨਹੀਂ ਝਿਜਕਦੀਆਂ, ਮਰਦਾਂ ਵਰਗੀ ਗਾਲੀ-ਗਲੋਚ ਵੀ ਕਰ ਲੈਂਦੀਆਂ ਹਨ, ਪਰ ਉਨ੍ਹਾਂ ਨੂੰ ਨਾ ਤੁਅੱਸਬੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹਨ ਅਤੇ ਨਾ ਹੀ ਸਮਾਜਿਕ ਅਖ਼ਲਾਕ ਦੇ ਮੁਦਈ ਮੰਨੇ ਜਾਂਦੇ ਦਾਨਿਸ਼ਵਰ ਉਨ੍ਹਾਂ ਨੂੰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਤਕਰੀਰਾਂ ਲਈ ਸੱਦੇ ਦੇਣ ਤੋਂ ਝਿਜਕਦੇ ਹਨ; ਪਰ ਜਦੋਂ ਰਵਾਇਤੀ ਪਹਿਰਾਵੇ ਵਾਲੀ ਤੇ ਸਿਰ ‘ਤੇ ਦੁਪੱਟੇ ਵਾਲੀ ਤਾਲੀਮਯਾਫ਼ਤਾ ਬੀਬੀ, ਔਰਤਾਂ ਦੇ ਹੱਕਾਂ ਦੀ ਹਮਾਇਤ ਵਿਚ ਤਕਰੀਰ ਕਰਦਿਆਂ ਉਸੇ ਜ਼ੁਬਾਨ ਦੀ ਵਰਤੋਂ ਕਰਦੀ ਹੈ ਜੋ ‘ਗ਼ੈਰ ਰਵਾਇਤੀ’ ਪਹਿਰਾਵੇ ਵਾਲੀ ਕਰਦੀ ਆਈ ਸੀ ਤਾਂ ਇਸ ਬੀਬੀ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਉਸ ਨੂੰ ਬਨਾਵਟੀ ਸਮਝਿਆ ਜਾਂਦਾ ਹੈ।
ਮਲਾਲਾ ਆਪਣੇ ਵਤਨ ਤੋਂ ਲੰਡਨ ਪਰਤ ਗਈ ਹੈ। ਉਸ ਨੇ ਛੇ ਦਿਨਾਂ ਦੌਰਾਨ ਜੋ ਤਕਰੀਰਾਂ ਕੀਤੀਆਂ, ਜੋ ਵੀ ਇੰਟਰਵਿਊਜ਼ ਦਿੱਤੇ, ਉਨ੍ਹਾਂ ਵਿਚੋਂ ਪਾਕਿਸਤਾਨ ਖ਼ਿਲਾਫ਼ ਕੋਈ ਮਲਾਲ ਸਾਹਮਣੇ ਨਹੀਂ ਆਇਆ। ਉਸ ਦੇ ਬੋਲਾਂ ਵਿਚ ਸਿੱਕ ਸੀ, ਵਤਨ ਵਿਚ ਵਿਚਰਨ ਦੀ। ਆਮ ਵਰਗੀ ਜ਼ਿੰਦਗੀ ਜਿਊਣ ਦੀ। ਆਪਣੀਆਂ ਹਮਵਤਨਾਂ ਦੇ ਭਵਿਖ ਨੂੰ ਸੰਵਾਰਨ ਲਈ ਕੁਝ ਕਰਨ ਦੀ। ਉਸ ਦੀ ਇਹੋ ਸਿੱਕ, ਉਸ ਦਾ ਸਹਿਜ, ਉਸ ਦੀ ਜ਼ੁਬਾਨ ਦੀ ਮਿਠਾਸ ਹੀ ਉਨ੍ਹਾਂ ਲੋਕਾਂ ਨੂੰ ਡਰਾਉਂਦੀ ਰਹੀ ਜਿਨ੍ਹਾਂ ਨੇ ਨਫ਼ਰਤ ਦੀ ਕਾਸ਼ਤ ਨੂੰ ਆਪਣਾ ਦੀਨ ਬਣਾਇਆ ਹੋਇਆ ਹੈ। ਉਹ ਜਿਊਂਦੀ ਹੈ, ਇਹੀ ਉਨ੍ਹਾਂ ਲਈ ਉਸ ਦਾ ਗੁਨਾਹ ਹੈ।