ਸਿਆਸੀ ਲਾਹੇ ਲਈ ਧਰਮ ਨੂੰ ਵਰਤਣ ਦਾ ਪੈਂਤੜਾ

-ਜਤਿੰਦਰ ਪਨੂੰ
ਆਪੋ ਆਪਣੇ ਰਾਜ ਵਿਚ ਕੋਈ ਕਿਸੇ ਤਰ੍ਹਾਂ ਦੇ ਹਾਲਾਤ ਵਿਚੋਂ ਵੀ ਗੁਜ਼ਰ ਰਿਹਾ ਹੋਵੇ, ਇਸ ਵੇਲੇ ਦੇਸ਼ ਪੱਧਰ ਉਤੇ ਸਿਆਸਤ ਦੀ ਕਤਾਰਬੰਦੀ ਅਗਲੇ ਸਾਲ ਦੀਆਂ ਲੋਕ ਸਭਾ ਚੋਣਾਂ ਲਈ ਸ਼ੁਰੂ ਹੋ ਚੁਕੀ ਹੈ। ਕੇਂਦਰ ਵਿਚ ਰਾਜ ਚਲਾ ਰਹੀ ਭਾਰਤੀ ਜਨਤਾ ਪਾਰਟੀ ਪੁਰਾਣੇ ਸਾਥੀਆਂ ਨੂੰ ਚੰਬੜੇ ਰਹਿਣ ਦੀ ਥਾਂ ਕੁਝ ਨਵੇਂ ਅਜ਼ਮਾਉਣ ਤੇ ਪਹਿਲੇ ਕੁਝ ਖੂੰਜੇ ਲਾਉਣ ਦੀ ਨੀਤੀ ਉਤੇ ਚੱਲ ਰਹੀ ਹੈ। ਕੁਝ ਧਿਰਾਂ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਵਿਖਾਵੇ ਵਾਸਤੇ ਇਸ ਵੇਲੇ ਭਾਜਪਾ ਤੋਂ ਫਾਸਲਾ ਪਾਉਂਦੀਆਂ ਪਈਆਂ ਹਨ, ਅੰਦਰੋਂ ਆਖਰੀ ਵੇਲੇ ਸੈਨਤ ਮਿਲਾਉਣ ਦੀ ਸਹਿਮਤੀ ਬਣੀ ਹੋਈ ਹੈ।

ਇਸ ਵਿਚ ਕੁਝ ਹੱਦ ਤੱਕ ਸੱਚਾਈ ਵੀ ਹੋ ਸਕਦੀ ਹੈ, ਪਰ ਸਾਰੀ ਗੱਲ ਸੱਚੀ ਨਹੀਂ। ਸੱਚ ਇਹ ਹੈ ਕਿ ਚੋਣਾਂ ਨੇੜੇ ਪਹੁੰਚ ਕੇ ਭਾਜਪਾ ਹਮੇਸ਼ਾ ਇਹ ਵੇਖਦੀ ਹੁੰਦੀ ਹੈ ਕਿ ਕਿਸ ਧਿਰ ਨਾਲ ਜੁੜਨ ਦਾ ਲਾਭ ਹੈ ਤੇ ਇੰਜ ਕਰਨ ਵੇਲੇ ਉਹ ਸਿਧਾਂਤਕ ਮੁੱਦਿਆਂ ਨੂੰ ਕਿਸੇ ਤਰ੍ਹਾਂ ਵਜ਼ਨ ਨਹੀਂ ਦਿਆ ਕਰਦੀ, ਕਿਉਂਕਿ ਲੰਮੇ ਸਮੇਂ ਦੀ ਨੀਤੀ ਵਿਚ ਇਹ ਸਾਰੇ ਲੋਕ ਉਸ ਨੇ ਇੱਕ ਖਾਸ ਹੱਦ ਤੱਕ ਵਰਤਣ ਪਿਛੋਂ ਕੂੜੇਦਾਨ ਵਿਚ ਸੁੱਟ ਦੇਣੇ ਹੁੰਦੇ ਹਨ। ਪਹਿਲਾਂ ਕਾਂਗਰਸ ਉਤੇ ਇਹੋ ਦੋਸ਼ ਲੱਗਦਾ ਸੀ, ਪਰ ਇਨ੍ਹਾਂ ਗੱਲਾਂ ਵਿਚ ਭਾਜਪਾ ਆਗੂ ਕਾਂਗਰਸ ਵਾਲਿਆਂ ਤੋਂ ਵੱਧ ਤਿੱਖੇ ਨਿਕਲੇ ਹਨ।
ਇਸ ਵਕਤ ਕਰਨਾਟਕਾ ਦੀਆਂ ਵਿਧਾਨ ਸਭਾ ਚੋਣਾਂ ਲਈ ਤਿੰਨ ਮੁੱਖ ਧਿਰਾਂ ਵਿਚਾਲੇ ਖਿੱਚੋਤਾਣ ਚੱਲ ਰਹੀ ਹੈ ਅਤੇ ਕਾਂਗਰਸ ਤੇ ਭਾਜਪਾ ਵਾਲੀਆਂ ਦੋਹਾਂ ਮੋਹਰੀ ਧਿਰਾਂ ਦੇ ਆਗੂ ਅੰਦਰ-ਖਾਤੇ ਤੀਸਰੀ ਜਨਤਾ ਦਲ (ਐਸ) ਵਾਲੀ ਧਿਰ ਨਾਲ ਅੱਖ ਮਿਲਾਈ ਫਿਰਦੇ ਹਨ, ਤਾਂ ਕਿ ਚੋਣਾਂ ਪਿਛੋਂ ਲੋੜ ਪਵੇ ਤਾਂ ਨਾਲ ਲੈ ਸਕਣ। ਜਿੰਨੇ ਕੁ ਸਰਵੇਖਣ ਉਥੋਂ ਦੀ ਹਾਲਤ ਬਾਰੇ ਅੱਜ ਤੱਕ ਆਏ ਹਨ, ਉਨ੍ਹਾਂ ਵਿਚੋਂ ਕਾਂਗਰਸ ਦੀ ਅਗੇਤ ਝਲਕਦੀ ਹੈ, ਪਰ ਭਾਜਪਾ ਵੱਲ ਉਲਾਰ ਸਮਝੀ ਜਾਂਦੀ ਇੱਕ ਏਜੰਸੀ ਦਾ ਸਰਵੇਖਣ ਉਸ ਦੇ ਪੱਖ ਵਿਚ ਵੀ ਆ ਚੁਕਾ ਹੈ। ਇਸ ਲਈ ਮੁਕਾਬਲਾ ਕਾਫੀ ਸਖਤ ਹੈ।
ਰਾਜ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਇਸ ਮੁਕਾਬਲੇ ਨੂੰ ਕਾਂਗਰਸ ਦੇ ਪੱਖ ਵਿਚ ਕਰਨ ਲਈ ਲਿੰਗਾਇਤ ਭਾਈਚਾਰੇ ਨੂੰ ਹਿੰਦੂਆਂ ਤੋਂ ਵੱਖਰਾ ਧਰਮ ਮੰਨੇ ਜਾਣ ਦਾ ਜੋ ਨੋਟੀਫਿਕੇਸ਼ਨ ਕਰਾਇਆ ਹੈ, ਉਸ ਦੇ ਬਾਅਦ ਦੋ ਸਰਵੇਖਣ ਕਾਂਗਰਸ ਪਾਰਟੀ ਲਈ ਕੁਝ ਜ਼ਿਆਦਾ ਸੁਖਾਵੇਂ ਪੇਸ਼ ਹੋ ਗਏ ਹਨ। ਭਾਜਪਾ ਇਸ ਗੱਲ ਵਿਚ ਬੜਾ ਸੰਭਲ ਕੇ ਚੱਲੀ ਹੈ। ਪਹਿਲਾਂ ਉਸ ਨੇ ਇਸ ਨੂੰ ਫਾਲਤੂ ਦੀ ਗੱਲ ਕਿਹਾ ਤੇ ਕੁਝ ਦਿਨ ਲੋਕਾਂ ਵਿਚ ਇਸ ਫੈਸਲੇ ਦੀ ਪ੍ਰਤੀਕ੍ਰਿਆ ਜਾਣਨ ਪਿੱਛੋਂ ਬਾਕਾਇਦਾ ਐਲਾਨ ਕਰ ਦਿੱਤਾ ਕਿ ਅਸੀਂ ਇਸ ਫੈਸਲੇ ਨੂੰ ਕੇਂਦਰ ਦੀ ਪ੍ਰਵਾਨਗੀ ਨਹੀਂ ਮਿਲਣ ਦੇਣੀ, ਕਿਉਂਕਿ ਇਸ ਕਾਰਨ ਹਿੰਦੂ ਧਰਮ ਵਿਚ ਪਾਟਕ ਪੈ ਸਕਦਾ ਹੈ। ਲਿੰਗਾਇਤ ਭਾਈਚਾਰੇ ਦੇ ਕੁਝ ਆਗੂ ਵੀ ਭਾਜਪਾ ਦੇ ਇਸ ਫੈਸਲੇ ਤੋਂ ਖੁਸ਼ ਹਨ, ਪਰ ਵੱਡੀ ਗਿਣਤੀ ਲੋਕਾਂ ਦਾ ਪ੍ਰਭਾਵ ਇਹੀ ਹੈ ਕਿ ਜਦੋਂ ਅਸੀਂ ਸਾਰੀਆਂ ਰੀਤਾਂ-ਰਸਮਾਂ ਵਿਚ ਹਿੰਦੂ ਭਾਈਚਾਰੇ ਤੋਂ ਵੱਖ ਹਾਂ ਤਾਂ ਇੱਕ ਵੱਖਰਾ ਧਰਮ ਬਣ ਕੇ ਘੱਟ-ਗਿਣਤੀ ਧਰਮਾਂ ਲਈ ਮਿਲਦੀਆਂ ਸਹੂਲਤਾਂ ਲੈਣੀਆਂ ਚਾਹੀਦੀਆਂ ਹਨ। ਇਸ ਸਮਝਦਾਰੀ ਦੇ ਕਾਰਨ ਲਿੰਗਾਇਤ ਭਾਈਚਾਰੇ ਦੀਆਂ ਕਰੀਬ 22% ਵੋਟਾਂ ਦਾ ਵੱਡਾ ਹਿੱਸਾ ਕਾਂਗਰਸ ਦੇ ਪੱਖ ਵਿਚ ਭੁਗਤਦਾ ਜਾਪਦਾ ਹੈ।
ਪਿਛਲੇ ਦਿਨੀਂ ਮੱਧ ਪ੍ਰਦੇਸ਼ ਤੋਂ ਇੱਕ ਹੈਰਾਨੀ ਵਾਲੀ ਖਬਰ ਸੁਣੀ ਗਈ ਕਿ ਭਾਜਪਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਹਿੰਦੂ ਧਰਮ ਦੇ ਪੰਜ ਸੰਤਾਂ ਨੂੰ ਮੰਤਰੀ ਦਾ ਦਰਜਾ ਦੇ ਦਿੱਤਾ ਹੈ। ਮੰਤਰੀ ਦਰਜਾ ਕਿਸੇ ਨੂੰ ਦੇਣਾ ਹੋਵੇ ਤਾਂ ਰਾਜ ਸਰਕਾਰ ਕੋਲ ਇਸ ਦੇ ਅਧਿਕਾਰ ਹੁੰਦੇ ਹਨ। ਪੰਜਾਬ ਵਿਚ ਇੱਕ ਮਰਹੂਮ ਅਕਾਲੀ ਆਗੂ ਦੀ ਪਤਨੀ ਨੂੰ ਏਦਾਂ ਮੰਤਰੀ ਦਾ ਦਰਜਾ ਦਿੱਤੇ ਜਾਣ ਕਾਰਨ ਕੁਝ ਸਾਲ ਪਹਿਲਾਂ ਇਥੇ ਵੀ ਵਿਵਾਦ ਛਿੜਿਆ ਸੀ। ਹਿੰਦੂ ਧਰਮ ਦੇ ਜਿਨ੍ਹਾਂ ਸੰਤਾਂ ਨੂੰ ਮੰਤਰੀ ਦਾ ਦਰਜਾ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ, ਉਨ੍ਹਾਂ ਦੇ ਪਿੱਛੇ ਸਿਰਸੇ ਵਾਲੇ ਸਾਧ ਜਿੰਨੀਆਂ ਵੋਟਾਂ ਵੀ ਨਹੀਂ ਲੱਗਦੀਆਂ, ਪਰ ਜੇ ਇਹ ਦਰਜਾ ਨਾ ਦਿੱਤਾ ਜਾਵੇ ਤਾਂ ਭਾਜਪਾ ਦੀਆਂ ਵੋਟਾਂ ਵਿਗਾੜਨ ਦਾ ਕੰਮ ਕਰ ਸਕਦੇ ਹਨ। ਪਿਛਲੇ ਦਿਨੀਂ ਉਨ੍ਹਾਂ ਨੇ ਐਲਾਨ ਕਰ ਦਿੱਤਾ ਸੀ ਕਿ ਉਹ ਨਰਮਦਾ ਨਦੀ ਅਤੇ ਕੁਝ ਹੋਰ ਘਪਲਿਆਂ ਕਾਰਨ ਭਾਜਪਾ ਸਰਕਾਰ ਵਿਰੁਧ ਜਨਤਕ ਲਾਮਬੰਦੀ ਲਈ ਮੁਹਿੰਮ ਚਲਾਉਣਗੇ।
ਵਿਧਾਨ ਸਭਾ ਚੋਣਾਂ ਇਸ ਰਾਜ ਵਿਚ ਹੋਣ ਵਾਲੀਆਂ ਹਨ ਤੇ ਇਸ ਵਿਚ ਮਸਾਂ ਅੱਠ ਮਹੀਨੇ ਬਾਕੀ ਰਹਿੰਦੇ ਹਨ। ਪਿਛਲੀਆਂ ਤਿੰਨ ਵਾਰੀਆਂ ਤੋਂ ਲਗਾਤਾਰ ਰਾਜ ਕਰ ਰਹੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਲਈ ਹਾਲਾਤ ਇਥੇ ਪਹਿਲਾਂ ਹੀ ਬੜੇ ਅਣਸੁਖਾਵੇਂ ਹਨ ਤੇ ਕਿਸਾਨਾਂ-ਮਜ਼ਦੂਰਾਂ ਤੋਂ ਲੈ ਕੇ ਵਪਾਰੀਆਂ ਤੇ ਕਰਮਚਾਰੀਆਂ ਤੱਕ ਹਰ ਕੋਈ ਉਸ ਨਾਲ ਮੂੰਹ ਵਿੰਗਾ ਕਰੀ ਫਿਰਦਾ ਹੈ। ਉਸ ਲਈ ਅਗਲੀ ਚੋਣ ਸੌਖੀ ਨਹੀਂ ਹੋਣੀ। ਇਸੇ ਕਾਰਨ ਸਾਧਾਂ ਦੇ ਜ਼ਰਾ ਕੁ ਦਬਕਾ ਮਾਰਦੇ ਸਾਰ ਮੁੱਖ ਮੰਤਰੀ ਨੇ ਪੰਜ ਸਾਧਾਂ ਨੂੰ ਮੰਤਰੀ ਦਾ ਦਰਜਾ ਦੇ ਕੇ ਪਤਿਆ ਲਿਆ ਹੈ। ਸਾਧ ਵੀ ਘਰਾਂ ਤੋਂ ਤਿਆਗੀ ਬਣ ਕੇ ਨਿਕਲੇ ਸਨ, ਪਰ ਜਦੋਂ ਉਨ੍ਹਾਂ ਇਹ ਵੇਖਿਆ ਕਿ ਯੋਗੀ ਆਦਿਤਿਆਨਾਥ ਵਰਗੇ ਮੱਠਾਂ ਦੇ ਮਹੰਤ ਵੀ ਮੁੱਖ ਮੰਤਰੀ ਬਣੇ ਫਿਰਦੇ ਹਨ ਤਾਂ ਰਾਜ-ਸੱਤਾ ਦੀ ਚਮਕ ਨੇ ਉਨ੍ਹਾਂ ਦੀਆਂ ਵੀ ਅੱਖਾਂ ਚੁੰਧਿਆ ਦਿੱਤੀਆਂ ਹਨ।
ਕਾਂਗਰਸ ਪਾਰਟੀ ਤੇ ਕੁਝ ਹੋਰ ਧਿਰਾਂ ਨੇ ਇਸ ਨੂੰ ਰਾਜਨੀਤੀ ਲਈ ਧਰਮ ਦੀ ਦੁਰਵਰਤੋਂ ਦੀ ਮਿਸਾਲ ਆਖਦਿਆਂ ਇਸ ਦੀ ਨਿੰਦਾ ਕੀਤੀ ਹੈ। ਗੱਲ ਉਨ੍ਹਾਂ ਦੀ ਸਾਰੀ ਠੀਕ ਹੈ, ਪਰ ਉਨ੍ਹਾਂ ਦੇ ਮੂੰਹੋਂ ਨਹੀਂ ਫਬਦੀ। ਏਦਾਂ ਦਾ ਮਿਹਣਾ ਉਹ ਮਾਰ ਸਕਦਾ ਹੈ, ਜਿਸ ਨੇ ਰਾਜਨੀਤੀ ਲਈ ਧਰਮ ਦੀ ਵਰਤੋਂ ਖੁਦ ਕਦੇ ਨਾ ਕੀਤੀ ਹੋਵੇ। ਬਹੁਤ ਸਾਰੇ ਸਾਧਾਂ ਨੂੰ ਕਾਂਗਰਸੀ ਆਗੂ ਵੀ ਆਪਣੇ ਪੱਖ ਵਿਚ ਕਰਦੇ ਅਤੇ ਵਰਤਦੇ ਆਏ ਹਨ, ਸਗੋਂ ਠੀਕ ਕਿਹਾ ਜਾਵੇ ਤਾਂ ਜਦੋਂ ਭਾਜਪਾ ਨੇ ਸਾਧਾਂ ਨੂੰ ਅੱਗੇ ਕੀਤਾ ਤੇ ਲੋਕਾਂ ਨੇ ਮੂੰਹ ਨਹੀਂ ਸੀ ਲਾਇਆ, ਉਦੋਂ ਸੱਤਪਾਲ ਮਹਾਰਾਜ ਵਰਗੇ ਸਾਧਾਂ ਨੂੰ ਉਤਰ ਪ੍ਰਦੇਸ਼ ਵਿਚ ਕਾਂਗਰਸ ਪਾਰਟੀ ਨੇ ਅੱਗੇ ਕੀਤਾ ਸੀ ਤੇ ਧੀਰੇਂਦਰ ਬ੍ਰਹਮਚਾਰੀ ਤੋਂ ਲੈ ਕੇ ਚੰਦਰਾ ਸਵਾਮੀ ਵਰਗਿਆਂ ਨੂੰ ਇਸੇ ਪਾਰਟੀ ਨੇ ਪ੍ਰਧਾਨ ਮੰਤਰੀਆਂ ਨਾਲ ਪੁਰਾਣੇ ਸਮੇਂ ਦੇ ਰਾਜ-ਪੁਰੋਹਿਤਾਂ ਵਾਂਗ ਜੋੜ ਕੇ ਬਦਨਾਮੀ ਪੱਲੇ ਪਵਾਈ ਸੀ। ਇਹ ਕੁਝ ਭਾਜਪਾ ਵੀ ਕਰਦੀ ਹੈ ਤਾਂ ਕਰਦੀ ਭਾਵੇਂ ਗਲਤ ਹੈ, ਪਰ ਉਸ ਨੂੰ ਕਾਂਗਰਸ ਤੋਂ ਸ਼ਰਮਿੰਦੇ ਹੋਣ ਦੀ ਲੋੜ ਨਹੀਂ ਰਹਿ ਜਾਂਦੀ।
ਮਾਮਲਾ ਲਿੰਗਾਇਤ ਦਾ ਹੋਵੇ ਜਾਂ ਮੱਧ ਪ੍ਰਦੇਸ਼ ਵਿਚ ਡੇਰਿਆਂ ਨਾਲ ਜੁੜੇ ਪੰਜ ਹਿੰਦੂ ਸੰਤਾਂ ਨੂੰ ਮੰਤਰੀ ਦਰਜਾ ਦੇਣ ਦਾ, ਜੋ ਵੀ ਧਿਰਾਂ ਰਾਜਨੀਤੀ ਲਈ ਇਹ ਹਲਕੇ ਹੱਥਕੰਡੇ ਵਰਤਦੀਆਂ ਹਨ, ਉਹ ਲੋਕਤੰਤਰ ਦੀਆਂ ਜੜ੍ਹਾਂ ਪੋਲੀਆਂ ਕਰਨ ਦਾ ਕੰਮ ਕਰਦੀਆਂ ਹਨ। ਇਹ ਸਾਧ ਅੱਜ ਇਸ ਪਾਰਟੀ ਨਾਲ ਤੇ ਕੱਲ੍ਹ ਉਸ ਪਾਰਟੀ ਨਾਲ ਹੋਣਗੇ ਅਤੇ ਖੁਦ ਆਪਣੀ ਸੱਤਾ ਦੀ ਹਵਸ ਪੂਰੀ ਕਰਨ ਲਈ ਸਮਾਜ ਵਿਚ ਪਹਿਲਾਂ ਫੈਲੇ ਪ੍ਰਦੂਸ਼ਣ ਵਿਚ ਵਾਧਾ ਕਰਨਗੇ। ਦੇਸ਼ ਦਾ ਇਤਿਹਾਸ ਇਹ ਗੱਲ ਸਾਬਤ ਕਰਨ ਨੂੰ ਕਾਫੀ ਹੈ ਕਿ ਜਿਸ ਕਿਸੇ ਨੇ ਵੀ ਰਾਜਨੀਤੀ ਲਈ ਧਰਮ ਨੂੰ ਵਰਤਣ ਦੀ ਭੁੱਲ ਇੱਕ ਵਾਰ ਕਰ ਲਈ, ਉਹ ਫਿਰ ਪਿੱਛੇ ਕਦੇ ਨਹੀਂ ਮੁੜ ਸਕਿਆ। ਇਹੋ ਗਲਤੀ ਅੱਜ ਵੀ ਕਈ ਪਾਸਿਆਂ ਤੋਂ ਦੁਹਰਾਈ ਜਾ ਰਹੀ ਹੈ।