ਦੇਸੀ ਸਾਲ ਦੇ ਤਪਦੇ ਸੇਕ ਛੱਡਦੇ ਮਹੀਨੇ ਹਾੜ੍ਹ ਤੋਂ ਬਾਅਦ ਪੰਜਵਾਂ ਸਾਉਣ ਦਾ ਮਹੀਨਾ ਕੁਦਰਤ ਦਾ ਵੱਖਰਾ ਰੰਗ ਲੈ ਕੇ ਆਣ ਹਾਜ਼ਰ ਹੁੰਦਾ ਹੈ। ਹਾੜ੍ਹ ਮਹੀਨੇ ਦੀ ਵਿਆਕੁਲਤਾ ਆਖਰਕਾਰ ਮਿੱਠੀਆਂ ਕਣੀਆਂ ਦਾ ਰੂਪ ਧਾਰ ਲੈਂਦੀ ਹੈ ਅਤੇ ਸਮੁੱਚੀ ਕਾਇਨਾਤ ਨੂੰ ਠਾਰ ਦਿੰਦੀ ਹੈ। ਲਿਖਾਰੀ ਲੋਕ ਆਪਣੀ ਰਚਨਾਵਾਂ ਵਿਚ ਇਸ ਮਹੀਨੇ ਦਾ ਜ਼ਿਕਰ ਬੜੇ ਚਾਅ ਨਾਲ ਕਰਦੇ ਹਨ ਅਤੇ ਵਸਲ ਦੀਆਂ ਬਾਤਾਂ ਪਾਉਂਦੇ ਹਨ।
ਸਾਉਣ ਦੇ ਇਸ ਸੁਹੱਪਣ ਅਤੇ ਸੁਹਜ ਬਾਰੇ ਬਾਰੀਕ ਗੱਲਾਂ-ਬਾਤਾਂ ਲੇਖਕ ਆਸਾ ਸਿੰਘ ਘੁਮਾਣ ਨੇ ਆਪਣੇ ਇਸ ਲੇਖ ਵਿਚ ਖੂਬ ਕੀਤੀਆਂ ਹਨ। -ਸੰਪਾਦਕ
ਆਸਾ ਸਿੰਘ ਘੁਮਾਣ
ਫੋਨ: 91-98152-53245
ਸਾਉਣ (ਸਾਵਣ) ਮਹੀਨੇ ਨਾਲ ਪੰਜਾਬੀਆਂ ਦਾ ਵੱਖਰਾ ਰਿਸ਼ਤਾ ਹੈ। ਇਹ ਮਹੀਨਾ ਅੱਧ ਜੁਲਾਈ ਤੋਂ ਅੱਧ ਅਗਸਤ ਤੱਕ ਚਲਦਾ ਹੈ। ਸਾਉਣ ਮਹੀਨੇ ਦਾ ਨਹੀਂ, ਸਗੋਂ ਰੁੱਤ ਦਾ ਨਾਂ ਹੈ- ਮਿੱਠੀ, ਪਿਆਰੀ ਤੇ ਸੁਆਦਲੀ ਰੁੱਤ। ਬਰਸਾਤ ਦਾ ਆਗਾਜ਼ ਭਾਵੇਂ ਹਾੜ੍ਹ ਦੇ ਆਖਰੀ ਦਿਨਾਂ ਵਿਚ ਵੀ ਹੋ ਸਕਦਾ ਹੈ, ਪਰ ਮੁੱਖ ਤੌਰ ‘ਤੇ ਸਾਉਣ-ਭਾਦੋਂ ਦੇ ਮਹੀਨੇ ਬਰਸਾਤ ਦੇ ਮਹੀਨੇ ਅਖਵਾਉਂਦੇ ਹਨ।
ਸਾਉਣ ਦਾ ਮਹੀਨਾ ਬੜੀਆਂ ਉਡੀਕਾਂ ਕਰਾ ਕੇ ਆਉਂਦਾ ਹੈ। ਜੇਠ-ਹਾੜ੍ਹ ਦੀਆਂ ਤਪਦੀਆਂ ਦੁਪਹਿਰਾਂ ਅਤੇ ਲੂ ਸੁੱਟਦੀਆਂ ਲੋਆਂ ਤੋਂ ਬਾਅਦ ਜਦ ਸਾਉਣ ਦੀ ਰੁੱਤ ਆਉਂਦੀ ਹੈ ਤਾਂ ਇਸ ਦਾ ਸਭ ਪਾਸਿਓਂ ਭਰਵਾਂ ਸੁਆਗਤ ਹੁੰਦਾ ਹੈ। ਸਾਉਣ ਦੀ ਪਹਿਲੀ ਬਰਸਾਤ ਜੇ ਅੱਛੀ ਹੋ ਜਾਵੇ ਤਾਂ ਗਰਦ-ਭਰਿਆ ਅਸਮਾਨ ਨਿੱਖਰ ਆਉਂਦਾ ਹੈ ਅਤੇ ਧਰਤੀ ਵਿਚੋਂ ਤਪਸ਼ ਖਤਮ ਹੋ ਜਾਂਦੀ ਹੈ।
ਕਈ ਵਾਰ ਸਾਉਣ ਦੀ ਸੰਗਰਾਂਦ ਨੂੰ ਹੀ ਮੇਘੇ ਨੂੰ ਫੁਰਮਾਨ ਹੋ ਜਾਂਦਾ ਹੈ- ‘ਬਰਸੋ ਕ੍ਰਿਪਾ ਧਾਰਿ’ ਦਾ, ਤਾਂ ਪਿੰਡਾਂ ਦੇ ਭਲੇ ਲੋਕ ਅਕਸਰ ਕਹਿੰਦੇ ਸੁਣੀਂਦੇ ਹਨ, “ਬਈ ਸੰਗਰਾਂਦ ਤੋਂ ਸ਼ੁਰੂ ਹੋ ਗਿਐ, ਹੁਣ ਤਾਂ ਸਾਰਾ ਮਹੀਨਾ ਏਦਾਂ ਹੀ ਚੱਲੂ।” ਬਰਸਾਤ ਸ਼ੁਰੂ ਹੋਣ ਨਾਲ 40-45 ਡਿਗਰੀ ਵਿਚਾਲੇ ਤੁਰਿਆ ਫਿਰਦਾ ਤਾਪਮਾਨ 30-40 ਵਿਚਾਲੇ ਆ ਡਿੱਗਦਾ ਹੈ। ਸਾਉਣ ਦੀ ਪਹਿਲੀ ਬਰਸਾਤ ਸ਼ੁਭ ਮੰਨੀ ਜਾਂਦੀ ਹੈ। ਇਸ ਵਿਚ ਭਿੱਜਣਾ ਚੰਗਾ ਲੱਗਦਾ ਹੈ। ਛੋਟੇ ਬੱਚੇ ਨੰਗ-ਧੜੰਗੇ ਮੀਂਹ ਵਿਚ ਖੂਬ ਭਿੱਜਦੇ ਹਨ। ਇਹਦੇ ਨਾਲ ਜੇਠ ਹਾੜ੍ਹ ਦੀ ਨਿਕਲੀ ਪਿੱਤ ਮਾਰੀ ਜਾਂਦੀ ਹੈ।
ਸਾਉਣ ਮਹੀਨੇ ਦੇ ਬਰਸਾਤੀ ਨਜ਼ਾਰੇ ਮਨੁੱਖ ਦੀਆਂ ਸੁਣਨ, ਵੇਖਣ, ਸੁੰਘਣ ਅਤੇ ਮਹਿਸੂਸ ਕਰਨ ਦੀਆਂ ਸਾਰੀਆਂ ਸੁਰਤੀਆਂ ਨੂੰ ਭਰਪੂਰ ਸੰਤੁਸ਼ਟੀ ਅਤੇ ਅਨੰਦ ਬਖਸ਼ਦੇ ਹਨ। ਆਕਾਸ਼ ਵਿਚ ਕਾਲੇ, ਸੁਰਮਈ, ਘਸਮੈਲੇ, ਮਟਮੈਲੇ ਤੇ ਦੂਧੀਆ ਰੰਗ ਦੇ ਬੱਦਲ ਕਈ ਰੂਪਾਂ-ਸਰੂਪਾਂ, ਸ਼ਕਲਾਂ-ਸੂਰਤਾਂ ਤੇ ਅਕਾਰਾਂ ਵਿਚ ਆਕਾਸ਼ ਵਿਚ ਮਨ-ਮਾਨੀਆਂ ਕਰਦੇ ਨਜ਼ਰ ਆਉਂਦੇ ਹਨ ਅਤੇ ਮਨੁੱਖ ਅੰਦਰਲੇ ਸੁਹਜ ਨੂੰ ਪ੍ਰਚੰਡ ਕਰਦੇ ਹਨ। ਅਸਮਾਨ ‘ਤੇ ਕਈ ਰੰਗਾਂ ਦਾ ਵਰਤਾਰਾ ਨਜ਼ਰ ਆਉਂਦਾ ਹੈ। ਘਨਘੋਰ ਕਾਲੀਆਂ ਘਟਾਵਾਂ ਸੰਭਾਵਨਾਵਾਂ-ਭਰਪੂਰ ਨਜ਼ਰ ਆਉਂਦੀਆਂ ਹਨ। ਕਾਲੀਆਂ ਸਿਆਹ ਘਟਾਵਾਂ ਦੇ ਅੱਗੇ ਚਿੱਟੇ ਬਗਲਿਆਂ ਦੀਆਂ ਡਾਰਾਂ, ਬਿਜਲੀ ਦੀਆਂ ਚਮਕਦੀਆਂ ਤਾਰਾਂ ਅਤੇ ਵੱਸ ਹਟਣ ਬਾਅਦ ਪੂਰਬ ਵਿਚ ਸਤਰੰਗੀ ਪੀਂਘ, ਕਿੰਨਾ ਕੁਝ ਹੁੰਦਾ ਹੈ-ਅਸਮਾਨ ਵਿਚ ਵੇਖਣ ਨੂੰ!
ਇਨ੍ਹਾਂ ਦਿਨਾਂ ਵਿਚ ਸ਼ਾਮ ਦਾ ਸਮਾਂ ਖਾਸ ਵਿਸਮਾਦੀ ਹੁੰਦਾ ਹੈ। ਸ਼ਾਮ ਨੂੰ ਅਸਮਾਨ ਵਿਚ ਛਾਏ ਕਾਲੇ ਚਿੱਟੇ ਬੱਦਲਾਂ ‘ਤੇ ਜਦ ਸ਼ਾਮ ਪੈਣ ਲੱਗਦੀ ਹੈ ਤਾਂ ਆਲਾ ਦੁਆਲਾ ਸੁਰਮੇ ਰੰਗਾ ਹੋਣ ਲੱਗਦਾ ਹੈ। ਜੇ ਪੱਛਮ ਵਿਚ ਬੱਦਲ ਨਾ ਹੋਣ ਪਰ ਬਾਕੀ ਅਸਮਾਨ ਵਿਚ ਬੱਦਲ ਛਾਏ ਹੋਣ ਤਾਂ ਕਿਰਨਾਂ ਬੱਦਲਾਂ ਨੂੰ ਇੰਜ ਸੁਨਹਿਰੀ ਬਣਾ ਦਿੰਦੀਆਂ ਹਨ ਕਿ ਕਾਲੇ, ਚਿੱਟੇ, ਸੁਨਹਿਰੀ, ਲਾਲ, ਸੰਤਰੀ ਰੰਗਾਂ ਦੇ ਕਮਾਲ ਦੇ ਦ੍ਰਿਸ਼ ਸਿਰਜੇ ਜਾਂਦੇ ਹਨ। ਪਹਿਲਾਂ ਪਏ ਮੀਂਹ ਨਾਲ ਧਰਤੀ ‘ਤੇ ਵਿਛੇ ਪਾਣੀਆਂ ਵਿਚ ਸ਼ਾਮ ਸਮੇਂ ਅਕਾਸ਼ ਵਿਚ ਛਾਏ ਬੱਦਲਾਂ ਦਾ ਪ੍ਰਛਾਵਾਂ ਕਮਾਲ ਦਾ ਨਜ਼ਾਰਾ ਸਿਰਜਦਾ ਹੈ। ਜੇ ਸਾਰਾ ਦਿਨ ਝੜੀ ਲੱਗੀ ਰਹੀ ਹੋਵੇ ਤਾਂ ਲਾਗੇ ਵਗਦੇ ਦਰਿਆਵਾਂ ਅਤੇ ਨਦੀਆਂ ਵਿਚ ਹੜ੍ਹ ਆਉਣ ਦਾ ਖਤਰਾ ਲਾਗੇ ਬੰਨੇ ਦੇ ਪਿੰਡਾਂ ਲਈ ਡਰ ਦੀਆਂ ਭਾਵਨਾਵਾਂ ਪੈਦਾ ਕਰ ਦਿੰਦਾ ਹੈ। ਕੱਚੇ ਅਤੇ ਕਮਜ਼ੋਰ ਮਕਾਨਾਂ ਵਾਲਿਆਂ ਨੂੰ ਰਾਤਾਂ ਡਰਾਉਣੀਆਂ ਲੱਗਣ ਲੱਗਦੀਆਂ ਹਨ। ਮੀਂਹ ਹਟਣ ਅਤੇ ਬੱਦਲ ਛਟਣ ਤੋਂ ਬਾਅਦ ਰਾਤ ਨਿਖਰਵੇਂ ਜਲੌਅ ਵਿਚ ਪੇਸ਼ ਆਉਂਦੀ ਹੈ। ਨਿੰਬਲ ਅਸਮਾਨ ਵਿਚ ਚਮਕਦੇ ਤਾਰਿਆਂ ਦੀ ਸ਼ੋਖ ਆਭਾ ਵੇਖ ਕੁਦਰਤ ਦੇ ਬਲਿਹਾਰੇ ਜਾਣ ਨੂੰ ਜੀ ਕਰਦਾ ਹੈ। ਨਿੱਕੇ ਨਿੱਕੇ, ਮਿੰਨੇ ਮਿੰਨੇ ਟਿਮਟਿਮਾਉਂਦੇ ਤਾਰੇ ਜੋ ਅੱਗੇ ਕਦੇ ਨਜ਼ਰ ਨਹੀਂ ਸਨ ਆਏ, ਹੁਣ ਆਪਣੀ ਭਰਪੂਰ ਹਾਜ਼ਰੀ ਲਵਾਉਂਦੇ ਹਨ ਅਤੇ ਅਕਾਸ਼ ਨੂੰ ਭਾਗਾਂ ਭਰਿਆ ਕਰ ਦਿੰਦੇ ਹਨ। ਤਾਰਾ ਸੰਸਾਰ ਵੱਲ ਨਜ਼ਰ ਭਰ ਵੇਖਣ ‘ਤੇ ਮੂੰਹੋਂ ‘ਬਲਿਹਾਰੀ ਕੁਦਰਤ ਵਸਿਆ’ ਦਾ ਵਾਕ ਸਹਿਜ ਭਾ ਨਿਕਲਦਾ ਹੈ।
ਜਿਥੇ ਵੇਖਣ ਦੀਆਂ ਸੁਰਤੀਆਂ ਨੂੰ ਸੰਤੁਸ਼ਟੀ ਮਿਲਦੀ ਹੈ, ਉਥੇ ਸੁਣਨ ਨੂੰ ਵੀ ਬਹੁਤ ਵੰਨ-ਸੁਵੰਨਤਾ ਮਿਲਦੀ ਹੈ। ਕਦੀ ਕੜ ਕੜ ਕਰਦੀ ਗਰਜ ਕਲੇਜਾ ਹਿਲਾ ਦਿੰਦੀ ਹੈ ਅਤੇ ਕਦੀ ਛੱਤ ‘ਤੇ ਪੈਂਦੀਆਂ ਕਣੀਆਂ ਦੀ ਰਿਮ-ਝਿਮ ਇਕ ਸੁਰ-ਮਈ ਸੰਗੀਤ ਪੈਦਾ ਕਰਦੀ ਹੈ। ਛੱਤਾਂ ਤੋਂ ਡਿਗਦੇ ਦੇਸੀ ਪਰਨਾਲੇ ਆਪਣਾ ਰਾਗ ਅਲਾਪੀ ਜਾਂਦੇ ਹਨ ਅਤੇ ਛੰਨਾਂ-ਢਾਰਿਆਂ, ਟੀਨਾਂ ‘ਤੇ ਪੈਂਦਾ ਤੇਜ਼-ਧਾਰ ਮੀਂਹ ਆਪਣਾ ਰੌਲਾ ਪਾਈ ਜਾਂਦਾ ਹੈ। ਤੇਜ਼ ਅਤੇ ਵੱਡੇ ਕਣਿਆਂ ਦੀ ਸੁਰ ਹੋਰ ਹੁੰਦੀ ਹੈ।
ਸਾਉਣ ਲਈ ਇਹ ਵੀ ਕਿਹਾ ਜਾਂਦਾ ਹੈ: “ਸਾਉਣ ਪੁੱਤ ਸਿਆਲੇ ਦਾ” ਕਿਉਂਕਿ ਜੇਠ-ਹਾੜ੍ਹ ਤੋਂ ਬਾਅਦ ਸਾਉਣ ਵਿਚ ਮੌਸਮ ਕੁਝ ਸੁਹਾਵਣਾ ਹੋ ਜਾਂਦਾ ਹੈ। ਇਕ ਵਾਰੀ ਫਿਰ ਨੇੜੇ-ਨੇੜੇ ਹੋਣ ਨੂੰ ਮਨ ਕਰਨ ਲੱਗਦਾ ਹੈ।
ਸਾਉਣ ਵਿਚ ਨਿੱਕੀ ਨਿੱਕੀ ਫੁਹਾਰ ਜਦ ਹਵਾ ਦੇ ਬੁੱਲੇ ਨਾਲ ਸਰੀਰਾਂ ਨਾਲ ਸਪਰਸ਼ ਕਰਦੀ ਹੈ ਤਾਂ ਵੱਖਰਾ ਅਨੰਦ ਦੇ ਜਾਂਦੀ ਹੈ। ਮਾੜਾ-ਮੋਟਾ ਭਿੱਜਣਾ-ਸਿੱਜਣਾ ਸਭ ਨੂੰ ਚੰਗਾ ਲੱਗਦਾ ਹੈ। ਪ੍ਰੇਮੀ ਜੋੜਿਆਂ ਦਾ ਮੀਂਹ ਵਿਚ ਭਿੱਜਣਾ ਹਿੰਦੀ ਫਿਲਮਾਂ ਦਾ ਬਹੁ-ਪਸੰਦ ਸੀਨ ਰਿਹਾ ਹੈ। ਇਸ ਮੌਸਮ ਵਿਚ ਆਪਣੇ ਸੱਜਣ-ਪਿਆਰੇ ਤੋਂ ਦੂਰ ਰਹਿਣਾ ਬੜਾ ਦੁਖਦਾਈ ਹੋ ਜਾਂਦਾ ਹੈ। ਵਿਜੋਗਣ ਦੇ ਹੰਝੂ ਛਮ ਛਮ ਵਹਿ ਉਠਦੇ ਹਨ। ਇਸ ਰੁਤ ਬਾਰੇ ਸ਼ਿਵ ਕੁਮਾਰ ਬਟਾਲਵੀ ਕਿਆ ਖੂਬ ਲਿਖਦਾ ਹੈ:
ਪੂਰਨ, ਅੱਜ ਦੀ ਰੁੱਤ ਬੜੀ ਪਿਆਰੀ ਹੈ
ਹਾਂ, ਮਾਂ ਜੀ ਜਿਉਂ ਰੋਂਦੀ ਬਿਰਹਣ ਨਾਰੀ ਹੈ।
ਹਾਂ ਪੂਰਨ! ਤੂੰ ਸੱਚੀ ਗੱਲ ਉਚਾਰੀ ਹੈ
ਇਹ ਰੁੱਤ ਹੰਝੂਆਂ ਲੱਦੀ, ਬਿਰਹਾ ਮਾਰੀ ਹੈ।
ਪਰ ਛੇਵੀਂ ਇਹ ਰੁੱਤ
ਜਿਹੜੀ ਮਲਹਾਰ ਬਣੀ
ਜੋ ਅੱਜ ਸਾਡੇ ਸਾਹਵੇਂ
ਬਿਰਹਣ ਵਾਂਗ ਖੜ੍ਹੀ
ਦੁਖਦਾਇਕ ਹੈ ਪੂਰਨ
ਇਸ ਦੀ ਜਨਮ ਘੜੀ
ਐਂਦਰ ਹੋਰ ਕਿਸੇ ਦਿਉਤੇ ਸੰਗ
ਗਈ ਵਰੀ
ਬਿਰਹੋਂ ਜਲੰਦੀ ਐਂਦਰ
ਕਹਿੰਦੇ ਰੋਈ ਬੜੀ
ਕਹਿੰਦੇ ਉਸ ਦਿਨ ਇੰਦਰ ਨੇ
ਇਹ ਰੁੱਤ ਘੜੀ
ਅੰਬਰ ਨੈਣੀਂ ਐਂਦਰ ਦੀ
ਸਭ ਪੀੜ ਭਰੀ
ਤੇ ਇੰਦਰ ਨੇ ਕਹਿੰਦੇ ਏਨੀ ਮਦਰਾ ਪੀਤੀ
ਉਸ ਨੂੰ ਆਪਣੇ ਆਪੇ ਦੀ
ਨਾ ਹੋਸ਼ ਰਹੀ
ਕਹਿੰਦੇ!
ਜਦ ਵੀ ਇੰਦਰ ਦਾ
ਦਿਲ ਜਲਦਾ ਹੈ
ਐਂਦਰ ਨੂੰ ਉਹ ਯਾਦ
ਜਦੋਂ ਵੀ ਕਰਦਾ ਹੈ
ਓਸੇ ਦਿਨ ਅੰਬਰ ਤੋਂ
ਪਾਣੀ ਵਰ੍ਹਦਾ ਹੈ।
ਮਾਂ ਜੀ,
ਕੈਸੀ ਮਿੱਠੜੀ ਕਥਾ ਸੁਣਾਈ ਹੈ।
ਬੱਦਲਾਂ ‘ਚੋਂ
ਬਿਰਹਾ ਦੀ ਖੁਸ਼ਬੂ ਆਈ ਹੈ।
ਜਿਉਂ ਐਂਦਰ ਦੇ ਹੰਝੂਆਂ
ਝੜੀ ਲਗਾਈ ਹੈ।
ਬਰਸਾਤ ਹੋਣ ਨਾਲ ਸਾਰੀ ਸ੍ਰਿਸ਼ਟੀ ਮੌਲ ਉਠਦੀ ਹੈ। ਸਾਉਣ ਦੇ ਮੇਘਲੇ ਕੇਵਲ ਮਾਨਵੀ ਜੀਵਨ ਦੀ ਰੌਂਅ ਹੀ ਨਹੀਂ ਬਦਲਦੇ ਸਗੋਂ ਸਾਰੀ ਕਾਇਨਾਤ ਦੀ ਰੌਂਅ ਹੀ ਬਦਲ ਦਿੰਦੇ ਹਨ। ਪੰਛੀ ਅਕਾਸ਼ ਵਿਚ ਚਹਿਕਣ ਲੱਗਦੇ ਹਨ। ਬਗਲੇ ਸਭ ਤੋਂ ਵੱਧ ਖੁਸ਼ ਹੁੰਦੇ ਹਨ, ਕਿਉਂਕਿ ਉਨ੍ਹਾਂ ਦਾ ਜੀਵਨ ਨਿਰਬਾਹ ਹੀ ਪਾਣੀ ‘ਤੇ ਹੁੰਦਾ ਹੈ। ਮੀਂਹ ਵੱਸੇਗਾ, ਛੱਪੜੀਆਂ, ਟੋਭਿਆਂ ਤੇ ਤਲਾਬਾਂ ਵਿਚ ਪਾਣੀ ਹੋਵੇਗਾ; ਡੱਡੀ-ਮੱਛੀ ਪੈਦਾ ਹੋਵੇਗੀ ਅਤੇ ਬਗਲਿਆਂ ਦੀ ਖੁਰਾਕ ਬਣੇਗੀ। ਘਨਘੋਰ ਘਟਾਵਾਂ ਬਗਲਿਆਂ ਅੰਦਰ ਖੇੜੇ ਪੈਦਾ ਕਰਦੀਆਂ ਹਨ, ਉਹ ਡਾਰਾਂ ਬੰਨ੍ਹ ਉਨ੍ਹਾਂ ਦੇ ਸੁਆਗਤ ਵਜੋਂ ਅੱਗੇ ਅੱਗੇ ਖੁਸ਼ੀ ਵਿਚ ਉਡਦੇ-ਝੂਮਦੇ ਨਜ਼ਰ ਆਉਂਦੇ ਹਨ।
ਕਾਲੀਆਂ ਘਟਾਵਾਂ ਮੋਰਾਂ ਦੇ ਮਨਾਂ ਵਿਚ ਵੀ ਕਾਦਰ ਦੀ ਕੁਦਰਤ ਨੂੰ ਸਿਜਦਾ ਕਰਨ ਹਿੱਤ ਨੱਚਣ ਅਤੇ ਪੈਲਾਂ ਪਾਉਣ ਲਈ ਬੇਕਾਬੂ ਕਰ ਦਿੰਦੀਆਂ ਹਨ। ਮੋਰ ਆਪਣੀ ਲੁਕਣ ਜਗ੍ਹਾ ਤੋਂ ਬਾਹਰ ਆ ਖੁੱਲ੍ਹੇ-ਡੁੱਲ੍ਹੇ ਮਾਹੌਲ ਵਿਚ ਪੈਲਾਂ ਪਾਉਂਦੇ ਹਨ ਅਤੇ ਕਾਦਰ ਦੀ ਕੁਦਰਤ ਨੂੰ ਸਿਜਦਾ ਕਰਦੇ ਮਹਿਸੂਸ ਹੁੰਦੇ ਹਨ। ਮੋਰ ਨੂੰ ਪੈਲਾਂ ਪਾਉਂਦਿਆਂ ਦਾ ਵਿਚਿਤਰ ਦ੍ਰਿਸ਼ ਵੇਖ ਸਕਣਾ ਵੀ ਖੁਸ਼ਕਿਸਮਤੀ ਹੁੰਦੀ ਹੈ। ਵਿਸਾਖ ਦੇ ਮਹੀਨੇ ਤੋਂ ਗੀਤ ਗਾ ਰਹੀ ਕੋਇਲ ਸਾਉਣ ਦੇ ਮਹੀਨੇ ਵਿਚ ਵੀ ਆਪਣਾ ਗੀਤ ਜਾਰੀ ਰੱਖਦੀ ਹੈ। ਇਸ ਮਹੀਨੇ ਤੋਤੇ ਵੀ ਆਲੇ-ਦੁਆਲੇ ਦੀ ਹਰਿਆਵਲ ਸੰਗ ਇਕ-ਮਿਕ ਹੋ ਜਾਂਦੇ ਹਨ। ਸੋਹਣੇ ਸੰਵਰੇ ਨਿੱਖਰੇ ਰੂਪ ਵਿਚ ਚੁੰਘੀਆਂ ਭਰਦੇ ਤੋਤਿਆਂ ਨੂੰ ਇਸ ਮੌਸਮ ਵਿਚ ਖਾਣ-ਪੀਣ ਨੂੰ ਚੰਗਾ ਚੋਖਾ ਮਿਲ ਜਾਂਦਾ ਹੈ ਅਤੇ ਉਹ ਵੀ ਨੇੜਿਉਂ ਹੀ। ਇਨ੍ਹਾਂ ਦਿਨਾਂ ਵਿਚ ਅੰਬ, ਅਮਰੂਦ, ਨਾਖਾਂ ਵਗੈਰਾ ਪੱਕ ਰਹੇ ਹੁੰਦੇ ਹਨ। ਤੋਤਿਆਂ ਲਈ ਕੀ ਕੱਚਾ, ਕੀ ਪੱਕਾ; ਬੱਸ ਮੌਜਾਂ ਹੀ ਮੌਜਾਂ ਹੁੰਦੀਆਂ ਹਨ। ਮੀਂਹ ਪੈਣ ਨਾਲ ਟੋਭਿਆਂ-ਟੋਇਆਂ-ਛੱਪੜਾਂ ਵਿਚ ਪਾਣੀ ਆ ਜਾਣ ਨਾਲ ਪਾਣੀ ਨੇੜੇ ਵਸੇਬਾ ਕਰਨ ਵਾਲੇ ਪੰਛੀਆਂ ‘ਤੇ ਵੀ ਬਹਾਰ ਆ ਜਾਂਦੀ ਹੈ। ਹੰਸ, ਸੀਲ੍ਹੀ, ਸੁਰਖਾਬ, ਗਡਵਾਲ, ਨੀਲ-ਸਿਰਾ, ਲਦੀਮ, ਮੁਰਗਾਬੀ, ਜਲ-ਮੁਰਗੀ ਆਦਿ ਵੀ ਖੁਸ਼ ਨਜ਼ਰ ਆਉਂਦੇ ਹਨ। ਇਨ੍ਹਾਂ ਵਿਚੋਂ ਕਈ ਪੰਛੀ ਮਈ-ਜੂਨ-ਜੁਲਾਈ ਦੇ ਮਹੀਨਿਆਂ ਵਿਚ ਆਂਡੇ ਦਿੰਦੇ ਹਨ ਅਤੇ ਬੱਚੇ ਪਾਲਦੇ ਹਨ।
ਜੇ ਦੇਸੀ ਮਹੀਨਿਆਂ ਦੇ ਪ੍ਰਸੰਗ ਵਿਚ ਰਚੇ ਗੀਤਾਂ ਦਾ ਹਿਸਾਬ-ਕਿਤਾਬ ਲਾਈਏ ਤਾਂ ਇਹ ਗੱਲ ਭਲੀ-ਭਾਂਤ ਸਾਹਮਣੇ ਆਉਂਦੀ ਹੈ ਕਿ ਲੋਕ ਗੀਤਾਂ ਦੀ ਸਭ ਤੋਂ ਵੱਧ ਗਿਣਤੀ ਸਾਉਣ ਮਹੀਨੇ ਦੇ ਹਿੱਸੇ ਆਉਂਦੀ ਹੈ। ਬਹੁਤ ਸਾਰੇ ਉਪਲਬਧ ਗੀਤ ਸਾਉਣ ਦੇ ਬੱਦਲਾਂ ਬਾਰੇ, ਅਜਿਹੇ ਮੌਸਮ ਵਿਚ ਉਠਦੇ ਜਜ਼ਬਾਤ, ਮੁੱਖ ਪੇਸ਼ੇ ਖੇਤੀ ਅਤੇ ਇਸ ਮੌਸਮ ਵਿਚ ਆਉਂਦੀਆਂ ਤਬਦੀਲੀਆਂ ਬਾਰੇ ਹਨ। ਕਾਲੀਆਂ ਸਿਆਹ ਘਟਾਵਾਂ ਪੰਜਾਬ ਵਿਚ ਜਿਥੇ ਉਪਜਾਇਕਤਾ ਕਰ ਕੇ ਖੁਸ਼-ਆਮਦੀਦ ਹਨ, ਉਥੇ ਇਨ੍ਹਾਂ ਨਾਲ ਵਸਲ-ਮਿਲਾਪ ਦੀਆਂ ਬਹੁ-ਮੁੱਲੀਆਂ ਭਾਵਨਾਵਾਂ ਵੀ ਜੁੜੀਆਂ ਹਨ। ਇਨ੍ਹਾਂ ਨਾਲ ਕਈ ਰੁਮਾਂਚਿਕ ਜਜ਼ਬਾਤ ਓਤ-ਪੋਤ ਹਨ। ਖਾਸ ਤੌਰ ‘ਤੇ ਕਈ ਤਿੱਥ-ਤਿਉਹਾਰ, ਕਈ ਅਹਿਸਾਸ ਇਸ ਮੌਸਮ ਨਾਲ ਸਬੰਧਤ ਹਨ। ਕੋਮਲ ਮਨ-ਚਿੱਤ ਦੀ ਮਾਲਕਣ ਪੰਜਾਬਣ ਤਾਂ ਕਈ ਬੋਲੀਆਂ ਤੇ ਗੀਤਾਂ ਅਤੇ ਗਿੱਧੇ ਰਾਹੀਂ ਸਾਉਣ ਮਹੀਨੇ ਅਤੇ ਮੌਸਮ ਨਾਲ ਇਕ-ਮਿਕ ਹੋਣਾ ਲੋਚਦੀ ਰਹੀ ਹੈ:
ਸੌ.ਕ ਨਾਲ ਮੈਂ ਗਿੱਧੇ ‘ਚ ਆਵਾਂ
ਬੋਲੀਆਂ ਦੇ ਸ਼ਗਨ ਮਨਾਵਾਂ
ਸਾਉਣ ਦਿਆ ਬੱਦਲਾ ਵੇ
ਮੈਂ ਤੇਰਾ ਜੱਸ ਗਾਵਾਂ।
ਪੰਜਾਬੀ ਮਰਦਾਂ ਨੂੰ ਸਾਉਣ ਦੀਆਂ ਕਿਤੇ ਘੱਟ ਖੁਸ਼ੀਆਂ ਨਹੀਂ ਹੁੰਦੀਆਂ। ਸਾਉਣ ਦੀ ਆਮਦ ਖੁਸ਼ੀਆਂ ਦੀਆਂ ਫੁਹਾਰਾਂ, ਬਰਕਤਾਂ ਤੇ ਬਖਸ਼ਿਸ਼ਾਂ ਲੈ ਕੇ ਆਉਂਦੀ ਹੈ। ਭਰਵੀਂ ਫਸਲ ਅਤੇ ਘੁਟਵੀਂ ਨੇੜਤਾ।
ਕੇਵਲ ਪੰਜਾਬੀ ਸਾਹਿਤ ਵਿਚ ਹੀ ਨਹੀਂ ਬੱਦਲ, ਬਿਜਲੀ, ਕਣੀਆਂ, ਚਮਕ-ਦਮਕ ਆਦਿ ਦਾ ਜ਼ਿਕਰ ਦੁਨੀਆਂ ਦੀ ਹਰ ਬੋਲੀ ਦੇ ਸਾਹਿਤ ਵਿਚ ਮਿਲਦਾ ਹੈ। ਸਦੀਆਂ ਤੋਂ ਹੀ ਮਨੁੱਖ ਕੁਦਰਤ ਦੇ ਭੇਤਾਂ ਤੋਂ ਅਚੰਭਿਤ ਹੁੰਦਾ ਆਇਆ ਹੈ। ਸਾਉਣ ਦਾ ਮੌਸਮ ਮਨੁੱਖ ਨੂੰ ਕੁਦਰਤ ਦੇ ਕਈ ਭੇਤਾਂ ਬਾਰੇ ਸੋਚਣ ਲਾ ਦਿੰਦਾ ਹੈ। ਅਸਮਾਨ ਆਪਣੇ-ਆਪ ਵਿਚ ਹੀ ਰੱਬ ਸਮਝਿਆ ਜਾਂਦਾ ਰਿਹਾ ਹੈ। ਇਸ ਮੌਸਮ ਵਿਚ ਬੱਦਲਾਂ ਦੀਆਂ ਰਹੱਸਮਈ ਕ੍ਰਿਆਵਾਂ ਮਨ ਵਿਚ ਕਈ ਸੁਆਲ ਪੈਦਾ ਕਰਦੀਆਂ ਹਨ। ਬੱਦਲ ਕਿਵੇਂ ਬਣਦੇ ਹਨ? ਕਿਥੇ ਆਉਂਦੇ ਹਨ? ਪਾਣੀ ਕਿਥੋਂ ਲਿਆਉਂਦੇ ਹਨ? ਵਰਖਾ ਕਿਵੇਂ ਕਰਦੇ ਹਨ? ਵੱਸ ਹਟਣ ਬਾਅਦ ਬੱਦਲ ਕਿਥੇ ਚਲੇ ਜਾਂਦੇ ਹਨ? ਆਦਿ ਕਈ ਸੁਆਲ ਮਨ ਵਿਚ ਆਉਂਦੇ ਹਨ।
ਲੋਕ ਸਾਹਿਤ ਤੋਂ ਬਿਨਾ ਪੰਜਾਬੀ ਵਿਚ ਧਨੀ ਰਾਮ ਚਾਤ੍ਰਿਕ, ਅੰਮ੍ਰਿਤਾ ਪ੍ਰੀਤਮ, ਪ੍ਰੋ. ਮੋਹਨ ਸਿੰਘ, ਸ਼ਿਵ ਕੁਮਾਰ ਬਟਾਲਵੀ ਆਦਿ ਨੇ ਸਾਉਣ ਮਹੀਨੇ ਦੇ ਵਰਤਾਰੇ ਅਤੇ ਵਿਛੋੜੇ ਤੇ ਵਸਲ ਬਾਰੇ ਸੋਹਣੀਆਂ ਕਵਿਤਾਵਾਂ ਲਿਖੀਆਂ ਹਨ। ਸਾਉਣ ਦੇ ਸੁਹਾਵਣੇ ਮੌਸਮ ਵਿਚ ਬਿਰਹਾ ਦੀਆਂ ਭਾਵਨਾਵਾਂ ਨੂੰ ਪ੍ਰਥਮ ਪਾਤਿਸ਼ਾਹੀ ਗੁਰੂ ਨਾਨਕ ਦੇਵ ਨੇ ਆਤਮਾ ਅਤੇ ਪਰਮਾਤਮਾ ਦੇ ਰੂਹਾਨੀ ਪਿਆਰ ਨਾਲ ਜੋੜਦਿਆਂ ਕਮਾਲ ਦੀ ਰਚਨਾ ਕੀਤੀ ਹੈ। ਸਾਉਣ ਮਾਹ ਜੀਵ-ਆਤਮਾ ਲਈ ਹੋਰ ਵੀ ਬਿਰਹਾ-ਕੁੱਠਾ ਹੁੰਦਾ ਹੈ ਕਿਉਂਕਿ ਮੌਸਮ ਦੇ ਹਿਸਾਬ ਨਾਲ ਇਹ ਮਿਲਾਪ ਦਾ ਮਹੀਨਾ ਹੈ:
ਸਾਉਣ ਸਰਸ ਮਨਾ
ਘਰ ਵਰਸਹਿ ਰੁਤਿ ਆਏ॥
ਮੈਂ ਮਨਿ ਤਨਿ ਸਹੁ ਭਾਵੈ
ਪਿਰ ਪਰਦੇਸਿ ਸਿਧਾਏ॥
ਪਿਰ ਘਰਿ ਨਹੀ ਆਵੈ
ਮਰੀਐ ਹਾਵੈ ਦਾਮਨ ਚਮਕਿ ਡਰਾਏ॥
ਸੇਜ ਅਕੇਲੀ ਘਰੀ ਦੁਹੇਲੀ
ਮਰਣ ਭਇਆ ਦੁਖ ਮਾਏ॥
ਹਰਿ ਬਿਨ ਭੂਖ ਕਹੁ ਕੈਸੀ
ਕਾਪੜ ਤਨ ਨ ਸਖਾਵਏ॥
ਨਾਨਕ ਸਾ ਸੁਹਾਗਣ ਕੰਤੀ
ਪਿਰ ਕੈ ਅੰਕ ਸਮਾਵਏ॥
ਸਾਉਣ ਦਾ ਇਕੱਲਾ ਅਜਿਹਾ ਮਹੀਨਾ ਹੈ ਜਿਸ ਬਾਰੇ ਸਿੱਖ ਗੁਰੂ ਸਹਿਬਾਨ ਨੇ ਬਹੁਤ ਬਾਣੀ ਰਚੀ ਹੈ। ਬਾਰਹ-ਮਾਹ ਤੋਂ ਬਿਨਾ ਹੋਰ ਰਾਗਾਂ ਵਿਚ ਵੀ ਸਾਉਣ, ਬਰਸਾਤ ਰੁੱਤ ਅਤੇ ਮੇਘਲੇ ਬਾਰੇ ਸ਼ਬਦ, ਸ਼ਲੋਕ ਜਾਂ ਤੁਕਾਂ ਉਪਲਬਧ ਹਨ।
ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮ ਦਾਸ ਅਤੇ ਗੁਰੂ ਅਰਜਨ ਦੇਵ ਨੇ ਇਸ ਮਹੀਨੇ ਬਾਰੇ ਆਪੋ ਆਪਣੇ ਅੰਦਾਜ਼ ਵਿਚ ਹਾਵ-ਪ੍ਰਭਾਵ ਪ੍ਰਗਟਾਏ ਹਨ। ਗੁਰਬਾਣੀ ਵਿਚ ਬਰਸਾਤ ਦਾ ਕਿਤੇ ਕਿਤੇ ਤਾਂ ਅਜਿਹਾ ਚਿਤਰਨ ਉਭਰਦਾ ਹੈ ਜਿਵੇਂ ਗੁਰੂ ਸਾਹਿਬਾਨ ਕੁਦਰਤ ਦਾ ਇਹ ਕਮਾਲ ਆਪਣੇ ਸਾਹਮਣੇ ਵੇਖ ਰਹੇ ਹੋਣ ਅਤੇ ਪਰਮਾਤਮਾ ਵੱਲੋਂ ਬਖਸ਼ੀ ਪ੍ਰਤਿਭਾ ਸਦਕਾ ਅਤਿ ਸੁੰਦਰ ਸ਼ਬਦਾਂ ਵਿਚ ਚਿਤਰਨ ਕਰੀ ਜਾ ਰਹੇ ਹੋਣ:
ਮੋਰੀ ਰੁਣ ਝੁਣ ਲਾਇਆ
ਭੈਣੇ ਸਾਉਣ ਆਇਆ। (ਗੁਰੂ ਨਾਨਕ)
ਸਾਉਣ ਆਇਆ ਹੇ ਸਖੀ
ਜਲਹਰ ਬਰਸਨਹਾਰ॥
ਨਾਨਕ ਸੁਖ ਸਵਨ ਸੋਹਾਗਣੀ
ਜਿਨ ਸਹੁ ਨਾਲਿ ਪਿਆਰ॥ (ਗੁਰੂ ਅੰਗਦ ਦੇਵ)
ਉਨਵ ਉਨਵ ਆਇਆ
ਵਰਸੈ ਲਾਇ ਝੜੀ॥
ਨਾਨਕ ਭਾਣੈ ਚਲੈ
ਕੰਤ ਸੁ ਮਾਣੇ ਸਦਾ ਰਲੀ॥ (ਗੁਰੂ ਅਮਰ ਦਾਸ)
ਸਾਉਣ ਆਇਆ ਝਿਮ ਝਿਮਾ
ਹਰਿ ਗੁਰਮੁਖਿ ਨਾਮ ਧਿਆਇ॥
ਦੁਖ ਭੁਖ ਕਾੜਾ ਸਭ ਚੁਕਾਇਸੀ
ਮੀਂਹ ਵੁੱਠਾ ਛਹਿਬਰ ਲਾਇ॥ (ਗੁਰੂ ਰਾਮ ਦਾਸ)
ਨਾਨਕ ਬਿਜਲੀਆਂ ਚਮਕੰਨਿ
ਮੂ ਕਹੀ ਨ ਜੇਹੀਆ॥
ਬਰਸਨਿ ਮੇਘ ਅਪਾਰ
ਨਾਨਕ ਸੰਗਮ ਪਿਰੀ ਸੁਹੰਦੀਆ॥ (ਗੁਰੂ ਅਰਜਨ ਦੇਵ)
ਕੇਸ਼ਵ ਦਾਸ ਨੇ ਵੱਖ ਵੱਖ ਮੌਸਮਾਂ ਦਾ ਵਰਣਨ ਕਰਦਿਆਂ ਲੋਕਾਂ ਦੇ ਹਾਵਾਂ-ਭਾਵਾਂ, ਦੁੱਖਾਂ-ਤਕਲੀਫਾਂ, ਰਸਮਾਂ-ਰਿਵਾਜਾਂ, ਅਦਾਵਾਂ-ਮੁਦਰਾਵਾਂ ਆਦਿ ਨੂੰ ਬਹੁਤ ਸੋਹਣੇ ਅੰਦਾਜ਼ ਵਿਚ ਚਿਤਰਿਆ ਹੈ। ਬਰਸਾਤ ਰੁੱਤ ਬਾਰੇ ਕੇਸ਼ਵ ਦਾਸ ਲਿਖਦਾ ਹੈ:
“ਵਰ੍ਹਦੇ ਬੱਦਲ ਨੇ ਧਰਤੀ ਦੀ ਕੁੱਖ ਨੂੰ ਜੀਵਨ ਦੇ ਪਾਣੀ ਨਾਲ ਭਰ ਦਿੱਤਾ ਹੈ ਅਤੇ ਤਿਹਾਈ ਧਰਤੀ ਇਕ ਦਮ ਹਰੇ ਘਾਹ ਦੇ ਕਲੀਨ ਨਾਲ ਢਕੀ ਜਾਂਦੀ ਹੈ। ਲਾਲ ਸੂਹੀਆਂ ਮਖਮਲੀ ਬੀਰ ਵਹੁਟੀਆਂ ਧਰਤੀ ਨੂੰ ਅਜਿਹੀ ਸੁੰਦਰੀ ਵਾਂਗ ਬਣਾ ਦਿੰਦੀਆਂ ਹਨ ਜਿਸ ਨੇ ਚਮਕੀਲੀਆਂ ਮਣੀਆਂ ਨਾਲ ਆਪਣੇ ਆਪ ਨੂੰ ਸ਼ਿੰਗਾਰਿਆ ਹੋਵੇ। ਮੀਂਹ ਅੰਬ ਦਿਆਂ ਪੱਤਿਆਂ ਉਤੇ ਵਰ੍ਹਦਾ ਹੈ ਅਤੇ ਅੰਬ ਦੀਆਂ ਕਲਗੀਆਂ ਵਿਚ ਸੁਹਾਵਾ ਰਾਗ ਪੈਦਾ ਹੁੰਦਾ ਹੈ। ਮੀਂਹ ਦੀਆਂ ਕਣੀਆਂ ਪਿੰਡ ਦੇ ਛੱਪੜਾਂ ਉਤੇ ਰੰਗ-ਬ-ਰੰਗੇ ਬੁਲਬੁਲਿਆਂ ਨੂੰ ਜਨਮ ਦੇ ਰਹੀਆਂ ਹਨ, ਜੋ ਆਪਣਾ ਖਿਨ-ਭੰਗੁਰ ਜਲਵਾ ਦਿਖਾ ਕੇ ਛੱਪੜ ਦੇ ਪਾਣੀ ਵਿਚ ਲੀਨ ਹੋ ਜਾਂਦੇ ਹਨ।”
ਪੁਰਾਣੇ ਸਮਿਆਂ ਵਿਚ ਦੁਪਹਿਰ ਵੇਲੇ ਪਿੰਡ ਦੀਆਂ ਔਰਤਾਂ ਕੰਮਾਂ-ਕਾਰਾਂ ਤੋਂ ਵਿਹਲੀਆਂ ਹੋ ਕੇ ਵੱਡੇ ਵਿਹੜੇ ਵਿਚ ਰੁੱਖਾਂ ਥੱਲੇ ਆ ਬੈਠਦੀਆਂ ਸਨ। ਵਿਚੇ ਹੀ ਕੰਮ ਦੇ ਨਾਲ ਨਾਲ ਗੀਤ ਚੱਲ ਪੈਂਦੇ, ਸਰੀਰ ਨੂੰ ਹਵਾ ਲਵਾਉਣ ਲਈ ਕੋਈ ਦੋ ਮੁਟਿਆਰਾਂ ਉਠ ਕਿੱਕਲੀ ਪਾਉਣ ਲੱਗਦੀਆਂ, ਸਰੀਰਾਂ ਨੂੰ ਹਵਾ ਲਗਦੀ, ਚੰਗਾ ਚੰਗਾ ਲੱਗਦਾ। ਕੋਈ ਪਸੀਨਾ ਸੁਕਾਉਣ ਲਈ ਪੀਂਘ ਪਾ ਲੈਂਦੀ। ਉਧਰੋਂ ਬੱਦਲ ਆ ਚੜ੍ਹਦੇ, ਖੁਸ਼ੀ ਵਿਚ ਗਿੱਧਾ ਪਾਇਆ ਜਾਂਦਾ ਤੇ ਬੱਦਲਾਂ ਦਾ ਜੱਸ ਗਾਇਆ ਜਾਂਦਾ।
ਪ੍ਰਤੀਤ ਹੁੰਦਾ ਹੈ ਔਰਤਾਂ ਦਾ ਰੁੱਖਾਂ ਥੱਲੇ ਬੈਠਣਾ, ਖੇਡਣਾ, ਨੱਚਣਾ ਗਾਉਣਾ ਅਤੇ ਪੀਂਘ ਚੜ੍ਹਾਉਣਾ ਹੀ ਸਮਾਂ ਪਾ ਕੇ ਤਿਉਹਾਰ ਬਣ ਗਿਆ ਜਿਸ ਨੂੰ ਤੀਆਂ ਕਿਹਾ ਜਾਣ ਲੱਗਾ। ਤੀਆਂ ਔਰਤਾਂ ਦਾ ਨਿਰੋਲ ਪ੍ਰਾਕ੍ਰਿਤਕ ਤਿਉਹਾਰ ਹੈ। ਇਹ ਤਿਉਹਾਰ ਸਾਉਣ ਦੇ ਚਾਨਣੇ ਪੱਖ ਦੀ ਤੀਜ ਤੋਂ ਸ਼ੁਰੂ ਹੋ ਕੇ ਪੂਰਨਮਾਸ਼ੀ ਤੋਂ ਇਕ ਦਿਨ ਪਹਿਲਾਂ ਤੱਕ ਚੱਲਦਾ ਹੈ। ਪੂਰਨਮਾਸ਼ੀ ਵਾਲੇ ਦਿਨ ਰੱਖੜੀ ਹੁੰਦੀ ਹੈ। ਤੀਆਂ ਦੇ ਮੌਕੇ ਪਿਤਾ ਜਾਂ ਵੀਰ ਆਪਣੀ ਉਸੇ ਸਾਲ ਵਿਆਹੀ ਧੀ-ਭੈਣ ਨੂੰ ਸਹੁਰਿਓਂ ਲੈਣ ਜਾਂਦਾ ਹੈ। ਉਹ ਆਪਣੇ ਨਾਲ ਖਾਣ-ਪੀਣ ਦੀਆਂ ਵਸਤੂਆਂ, ਕੱਪੜਾ-ਟਾਕੀ, ਫਲ-ਫਰੂਟ ਲੈ ਕੇ ਜਾਂਦਾ ਹੈ, ਜਿਸ ਨੂੰ ਸੰਧਾਰਾ ਕਹਿੰਦੇ ਹਨ। ਅਣ-ਮੁਕਲਾਈਆਂ ਲਈ ਸੰਧਾਰਾ ਸਹੁਰੇ ਘਰ ਵਾਲੇ ਪੇਕੇ ਘਰ ਲੈ ਕੇ ਆਉਂਦੇ ਹਨ। ਤੀਆਂ ਮੌਕੇ ਕੁੜੀਆਂ ਨੂੰ (ਖਾਸ ਤੌਰ ‘ਤੇ ਨਵ-ਵਿਆਹੀ ਨੂੰ) ਪੇਕੇ ਘਰੀਂ ਲੈ ਕੇ ਆਉਣ ਪਿੱਛੇ ਉਨ੍ਹਾਂ ਨੂੰ ਪੇਕੇ ਪਿੰਡ ਨਾਲ ਜੋੜੀ ਰੱਖਣ ਦੀ ਕੋਸ਼ਿਸ਼ ਲੱਗਦੀ ਹੈ। ਧੀਆਂ ਨੂੰ ਵੀ ਪੇਕੇ ਘਰ ਦੀ ਬੰਦਿਸ਼ ਰਹਿਤ ਜ਼ਿੰਦਗੀ ਦਾ ਮੁੜ ਅਨੰਦ ਲੁੱਟਣਾ ਅਤੇ ਨਵ-ਵਿਆਹੀ ਦੇ ਰੂਪ ਵਿਚ ਵਿਚਰਨਾ ਚੰਗਾ ਲੱਗਦਾ ਸੀ। ਅਜਿਹੇ ਮੌਸਮ ਵਿਚ ਖੁਸ਼ੀਆਂ ਮਨਾਉਂਦਿਆਂ, ਸਹੇਲੀਆਂ ਨਾਲ ਤਾਜ਼ੇ ਤਾਜ਼ੇ ਬਣੇ ਰਿਸ਼ਤੇ ਬਾਰੇ ਨਿੱਕੀਆਂ ਨਿੱਕੀਆਂ ਬਾਤਾਂ ਪਾਉਂਦਿਆਂ, ਪਿੱਪਲੀ ਦੇ ਬੂਟੇ ‘ਤੇ ਪੀਘਾਂ ਝੂਟਦਿਆਂ, ਕਣੀਆਂ ਪੈਣ ‘ਤੇ ਜਿਸਮ ਦੇ ਭਿੱਜਣ ਸਮੇਂ ਮਾਹੀ ਦੀ ਯਾਦ ਆਉਣ ਨਾਲ ਪਿਆਰ ਭਾਵਨਾ ਪ੍ਰਬਲ ਹੁੰਦੀ ਸੀ। ਤੀਆਂ ਪਿਛੋਂ ਘਰਵਾਲਾ ਲੈਣ ਆ ਜਾਂਦਾ। ਸਾਉਣ ਦੀ ਪੂਰਨਮਾਸ਼ੀ ਨੂੰ ਰੱਖੜੀ ਹੁੰਦੀ ਹੈ। ਅਗਲੇ ਦਿਨ ਆਪਣੇ ਵੀਰਿਆਂ ਨੂੰ ਰੱਖੜੀ ਬੰਨ੍ਹ ਭੈਣਾਂ ਮਾਹੀਏ ਨਾਲ ਵਾਪਸ ਸਹੁਰੇ ਘਰ ਨੂੰ ਤੁਰ ਪੈਂਦੀਆਂ ਹਨ। ਉਧਰੋਂ ਭਾਦੋਂ ਚੜ੍ਹ ਪੈਂਦਾ ਹੈ। ਇਹ ਲੋਕ ਬੋਲੀ ਸੱਚ ਸਾਬਤ ਹੋ ਜਾਂਦੀ ਹੈ:
ਸਾਉਣ ਵੀਰ ‘ਕੱਠੀਆਂ ਕਰੇ,
ਭਾਦੋਂ ਚੰਦਰੀ ਵਿਛੋੜੇ ਪਾਵੇ।