ਫਿਲਮ ‘ਨਾਨਕ ਸ਼ਾਹ ਫਕੀਰ’ ਦੇਖਣ ਤੋਂ ਬਾਅਦ…

2015 ਵਿਚ ਫਿਲਮ ‘ਨਾਨਕ ਸ਼ਾਹ ਫਕੀਰ’ ਮੈਨਹਟਨ (ਨਿਊ ਯਾਰਕ) ਵਿਚ ਪ੍ਰੈਸ ਨੂੰ ਦਿਖਾਈ ਗਈ ਸੀ। ‘ਪੰਜਾਬ ਟਾਈਮਜ਼’ ਵਲੋਂ ਸੁਰਿੰਦਰ ਸੋਹਲ ਨੇ ਇਹ ਫਿਲਮ ਦੇਖ ਕੇ ਇਸ ਦੀ ਸਮੀਖਿਆ ਕੀਤੀ ਸੀ ਜੋ 18 ਅਪਰੈਲ 2015 (ਅੰਕ 16) ਵਿਚ ਪ੍ਰਕਾਸ਼ਿਤ ਕੀਤੀ ਗਈ। ਪਾਠਕਾਂ ਵਲੋਂ ਇਸ ਸਮੀਖਿਆ ਨੂੰ ਭਰਪੂਰ ਹੁੰਗਾਰਾ ਮਿਲਿਆ ਸੀ। ਮੌਕੇ ਦੀ ਨਜ਼ਾਕਤ ਦੇਖਦਿਆਂ ਫਿਲਮ ਨਿਰਮਾਤਾ ਨੇ ਵੀ ਫਿਲਮ ਵਾਪਸ ਲੈ ਲਈ ਸੀ।

ਇਨ੍ਹੀਂ ਦਿਨੀ ਫਿਲਮ ਦੀ ਰਿਲੀਜ਼ ਨੂੰ ਲੈ ਕੇ ਫਿਰ ਚਰਚਾ ਛਿੜੀ ਹੋਈ ਹੈ। ਤਿੰਨ ਵਰ੍ਹੇ ਪਹਿਲਾਂ ਲਿਖੀ ਸੁਰਿੰਦਰ ਸੋਹਲ ਦੀ ਸਮੀਖਿਆ ਇਸ ਚਰਚਾ ਵਿਚ ਇਕ ਵਾਰ ਫਿਰ ਪ੍ਰਸੰਗਿਕ ਹੋ ਗਈ ਹੈ। ਪਾਠਕਾਂ ਦੀ ਦਿਲਚਸਪੀ ਵਾਸਤੇ ਇਹ ਮੁੜ ਛਾਪ ਰਹੇ ਹਾਂ। -ਸੰਪਾਦਕ

ਸੁਰਿੰਦਰ ਸੋਹਲ

ਸ੍ਰੀ ਗੁਰੂ ਨਾਨਕ ਦੇਵ ਨਾਲ ਸਬੰਧਤ ਜਨਮ-ਸਾਖੀਆਂ ਵਿਚੋਂ ਕੁਝ ਸਾਖੀਆਂ ਚੁਣ ਕੇ ਬਣਾਈ ਗਈ ਫਿਲਮ ‘ਨਾਨਕ ਸ਼ਾਹ ਫਕੀਰ’ ਨਾਂਹ-ਪੱਖੀ ਅਤੇ ਹਾਂ-ਪੱਖੀ ਵਿਚਾਰਾਂ ਦੇ ਭੰਵਰਾਂ ਅਤੇ ਵਰੋਲਿਆਂ ਦੀ ਲਪੇਟ ਵਿਚ ਹੈ। ਵਿਰੋਧ ਦੇ ਭੰਵਰ ਜ਼ਿਆਦਾ ਤੇਜ਼ ਹਨ। ਹੈ ਵੀ ਸੁਭਾਵਿਕ, ਵਿਸ਼ਾ ਹੀ ਏਨਾ ਸੰਵੇਦਨਸ਼ੀਲ ਹੈ। ਜੇ ਗੁਲਾਬ ਦੀ ਪੱਤੀ ਵਰਗਾ ਨਾਜ਼ੁਕ ਲਫਜ਼ ਵੀ ਸਹੀ ਸੰਦਰਭ ਵਿਚ ਨਾ ਵਰਤਿਆ ਜਾਵੇ ਤਾਂ ਸਤਿਕਾਰ, ਸ਼ਰਧਾ, ਵਿਸ਼ਵਾਸ ‘ਤੇ ਜ਼ਰਬ ਆਉਣ ਦਾ ਖਤਰਾ ਬਰਾਬਰ ਬਣਿਆ ਰਹਿੰਦਾ ਹੈ।
ਫਿਲਮ ਦੀ ਸਮੁੱਚੀ ਕਹਾਣੀ ਨੂੰ ਭਾਈ ਮਰਦਾਨਾ ਦੀ ਦ੍ਰਿਸ਼ਟੀ ਤੋਂ ਦਿਖਾਇਆ ਗਿਆ ਹੈ। ਭਾਈ ਮਰਦਾਨਾ ਸਿੱਖ ਇਤਿਹਾਸ ਵਿਚ ਅਜਿਹੀ ਸਨਮਾਨਯੋਗ ਸ਼ਖਸੀਅਤ ਹਨ, ਜਿਨ੍ਹਾਂ ਨੇ ਸਭ ਤੋਂ ਵੱਧ ਸਮਾਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਬਿਤਾਇਆ। ਉਨ੍ਹਾਂ ਨੇ ਗੁਰੂ ਸਾਹਿਬ ਦੀ ਬਾਣੀ ਨੂੰ ਆਪਣੀ ਰਬਾਬ ਦੀਆਂ ਸੁਰਾਂ ਦੇ ਰਸ ਵਿਚ ਡੁਬੋ ਕੇ ਮਾਨਵਤਾ ਦੇ ਕੰਨਾਂ ਵਿਚ ਇਲਾਹੀ ਨਾਦ ਘੋਲਿਆ।
ਪ੍ਰਤੀਕਾਤਮਕ ਰੂਪ ਵਿਚ ਸਮੁੱਚੀ ਫਿਲਮ ਦਾ ਸਾਰੰਸ਼ ਦੇਣਾ ਹੋਵੇ ਤਾਂ ਇਲਾਹੀ ਬਾਣੀ ਦਾ ਦਰਜਾ ਰੱਖਦੀ ਗੁਰੂ ਸਾਹਿਬ ਦੀ ਬਾਣੀ ਨਾਲ ਪੱਥਰਾਂ ਵਰਗੇ ਹਿਰਦਿਆਂ ਵਿਚ ਪਰਮਾਤਮਾ ਦੇ ਨਾਮ ਦਾ ਪੰਜਾ ਲੱਗਦਾ ਹੈ, ਰੂਹ ਨੂੰ ਲੱਗੇ ਵਿਕਾਰਾਂ ਦੇ ਕੋਹੜ ਦਾ ਨਾਸ ਹੁੰਦਾ ਹੈ, ਸਿੱਧਾਂ ਅੰਦਰ ਘਰ ਕਰ ਗਏ ਹੰਕਾਰ ਦੇ ਪਸੂਆਂ ਦਾ ਸੰਘਾਰ ਹੁੰਦਾ ਹੈ। ਫੋਕੇ ਕਰਮ-ਕਾਂਡ ਦਾ ਭਾਂਡਾ ਭੱਜਦਾ ਹੈ ਅਤੇ ਸਾਰੀ ਕਾਇਨਾਤ ਹੀ ‘ੴ ‘ ਦੇ ਨਾਦ ਵਿਚ ਵਿਸਮਾਦ ਅਵਸਥਾ ਵਿਚ ਵਿਚਰ ਰਹੀ ਪ੍ਰਤੀਤ ਹੁੰਦੀ ਹੈ।
ਪਰ ਫਿਰ ਵੀ ਫਿਲਮ ਦੇਖਦੇ ਸਮੇਂ ਫਿਲਮ ਦੇ ਨਿਰਮਾਣ ਨੂੰ ਲੈ ਕੇ ਇਤਰਾਜ਼ ਦਾ ਕੰਡਾ ਦਿਲ ਵਿਚ ਚੁੱਭਦਾ ਰਹਿੰਦਾ ਹੈ। ਇਸ ਦਾ ਕਾਰਨ ਹਰਿੰਦਰ ਸਿੰਘ ਮਹਿਬੂਬ ਦੇ ਸ਼ਬਦਾਂ ਦੀ ਲੋਅ ਵਿਚ ਸਪੱਸ਼ਟ ਨਜ਼ਰ ਆ ਜਾਂਦਾ ਹੈ, ‘ਰੰਗ ਮੰਚ ਉਤੇ ਖੇਡਣ ਦੇ ਨੁਕਤੇ ਤੋਂ ਲਿਖੇ ਗਏ ਨਾਟਕਾਂ ਅਤੇ ਫਿਲਮਾਂ ਵਿਚ ਗੁਰੂ ਜੀਵਨ, ਗੁਰਬਾਣੀ ਅਤੇ ਅਭਿਨੈ ਦਾ ਸੰਜੋਗ ਅਤੇ ਗੁਰਮੁਖਾਂ ਦੇ ਰੂਪ ਪੇਸ਼ ਕਰਨੇ ਰੂਹਾਨੀ ਖੁਦਕੁਸ਼ੀ ਸਾਬਿਤ ਹੋਣਗੇ।’
ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨਾਲ ਭੇਟ ਵਾਰਤਾ ਵਿਚੋਂ ਕੁਝ ਅਹਿਮ ਗੱਲਾਂ ਸਾਹਮਣੇ ਆਈਆਂ। ਸ਼ ਸਿੱਕਾ ਮੁਤਾਬਕ ਏਡਾ ਵੱਡਾ ਕਾਰਜ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਸੀ, ਨਾ ਹੀ ਉਨ੍ਹਾਂ ਨੇ ਕਦੇ ਇਸ ਤਰ੍ਹਾਂ ਦੇ ਪ੍ਰਾਜੈਕਟ ਬਾਰੇ ਸੋਚਿਆ ਸੀ। ਇਕ ਦਿਨ ਸੁਪਨ-ਅਵੱਸਥਾ ਵਿਚ ਉਨ੍ਹਾਂ ਨੂੰ ਇਲਾਹੀ ਨੂਰ ਦੀ ਝਲਕੀ ਦਿਖਾਈ ਦਿੱਤੀ। ਉਸ ਛਬੀ ਦੇ ਨਕਸ਼ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮਿਲਦੇ-ਜੁਲਦੇ ਸਨ। ਬਸ ਓਹੀ ਇਲਾਹੀ ਨੂਰ ਦੀ ਝਲਕ ਫਿਲਮ ਦੀ ਪ੍ਰੇਰਨਾ ਬਣੀ।
ਕਿਸੇ ਨੇ ਸਵਾਲ ਕੀਤਾ, “ਸਿੱਕਾ ਜੀ, ਕੀ ਤੁਹਾਡੀ ਫਿਲਮ ਦੇ ਪਿੱਛੇ ਫਿਲਮ ‘ਚਾਰ ਸਾਹਿਬਜ਼ਾਦੇ’ ਦੀ ਸਫਲਤਾ ਦੀ ਚਮਕ ਤਾਂ ਨਹੀਂ?” ਸ਼ ਸਿੱਕਾ ਕਹਿਣ ਲੱਗੇ, “ਉਹ ਫਿਲਮ ਕਮਰਸ਼ੀਅਲ ਐਂਗਲ ਤੋਂ ਬਣਾਈ ਗਈ ਸੀ, ਇਹ ਫਿਲਮ ਨਿਸ਼ਕਾਮ ਸੇਵਾ ਦੀ ਭਾਵਨਾ ਨਾਲ ਬਣਾਈ ਗਈ ਹੈ। ਇਸ ਫਿਲਮ ਦੀ ਕਮਾਈ ਬਿਨਾ ਕਿਸੇ ਜਾਤੀ ਭੇਦ ਦੇ ਲੋੜਵੰਦਾਂ ਨੂੰ ਵੰਡ ਦਿੱਤੀ ਜਾਵੇਗੀ।”
ਫਿਲਮ ‘ਨਾਨਕ ਸ਼ਾਹ ਫਕੀਰ’ ਭਾਈ ਮਰਦਾਨਾ ਦੀ ਦ੍ਰਿਸ਼ਟੀ ਤੋਂ ਬਣਾਈ ਗਈ ਹੈ। ਕੈਮਰੇ ਦੀ ਅੱਖ ਨੂੰ ਭਾਈ ਮਰਦਾਨਾ ਦੀ ਅੱਖ ਵਜੋਂ ਵਰਤਣ ਦਾ ਯਤਨ ਕੀਤਾ ਗਿਆ ਹੈ। ਭਾਈ ਮਰਦਾਨਾ ਦਾ ਰੋਲ ਕਰਨ ਵਾਲਾ ਐਕਟਰ ਆਰਿਫ ਜ਼ਕਰੀਆ ਇਸ ਸਕਰੀਨਿੰਗ ਮੌਕੇ ਮੌਜੂਦ ਸੀ। ਉਸ ਦਾ ਕਹਿਣਾ ਸੀ, “ਮੈਂ ਇਸ ਯਾਤਰਾ ਵਿਚ ਸੱਚਮੁੱਚ ਕੋਈ ਵਿਲੱਖਣ ਯਾਤਰਾ ਕੀਤੀ ਮਹਿਸੂਸ ਕਰਦਾ ਹਾਂ।”
ਸੋਚਣ ਵਾਲੀ ਗੱਲ ਇਹ ਹੈ ਕਿ ਭਾਈ ਮਰਦਾਨਾ ਨੇ ਜ਼ਿੰਦਗੀ ਦਾ ਵੱਡਾ ਹਿੱਸਾ ਸ੍ਰੀ ਗੁਰੂ ਨਾਨਕ ਦੇਵ ਨਾਲ ਕੁਦਰਤ ਅਤੇ ਪੈਗੰਬਰੀ ਜਲਵਿਆਂ ਨੂੰ ਮਾਣਦਿਆਂ ਬਿਤਾਇਆ। ਇਕ ਪੈਗੰਬਰ ਨਾਲ ਰਹਿ ਕੇ ਆਤਮਕ ਤੌਰ ‘ਤੇ ਭਾਈ ਮਰਦਾਨਾ ਕਿੰਨੀ ਉਚ-ਅਵਸਥਾ ਦੇ ਧਾਰਨੀ ਹੋ ਗਏ ਹੋਣਗੇ, ਉਸ ਦੀ ਤਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਸ ਸ਼ਖਸੀਅਤ ਦੀ ਬਾਹਰੀ ਦਿਖ ਅਤੇ ਅੰਦਰੂਨੀ ਬੁਲੰਦੀ ਨੂੰ ਐਕਟਰ (ਭਾਵੇਂ ਉਹ ਕਿੰਨੀ ਵੀ ਪ੍ਰਤਿਭਾ ਦਾ ਮਾਲਕ ਕਿਉਂ ਨਾ ਹੋਵੇ) ਕਿੰਨੀ ਕੁ ਸਫਲਤਾ ਨਾਲ ਨਿਭਾ ਸਕਦਾ ਹੈ! ਪਹਿਲੀ ਗੱਲ ਤਾਂ ਇਹ ਕਿ ਕਿਸੇ ਵੀ ਐਕਟਰ ਨੂੰ ਭਾਈ ਮਰਦਾਨਾ ਦੇ ਕਦ, ਬੁਲੰਦੀ ਅਤੇ ਮਾਨਸਿਕ ਅਵਸਥਾ ਦੀ ਉਚਾਈ ਦੇ ਸਾਹਮਣੇ ਆਪਣੀ ਹੋਂਦ ਦਾ ਅਹਿਸਾਸ ਕਰਦਿਆਂ ਕਿਰਦਾਰ ਨਿਭਾਉਣ ਦੀ ਹਾਮੀ ਭਰਨੀ ਹੀ ਨਹੀਂ ਸੀ ਚਾਹੀਦੀ।
ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਸ਼ ਸਿੱਕਾ ਦਾ ਕਹਿਣ ਸੀ, “ਗੁਰੂ ਸਾਹਿਬ ਨੂੰ ਅਸੀਂ ਕੰਪਿਊਟਰ ਗ੍ਰਾਫਿਕਸ ਦੀ ਮਦਦ ਨਾਲ ਸਿਰਫ ਰੌਸ਼ਨੀ ਦੇ ਰੂਪ ਵਿਚ ਪਿਛਾੜੀ ਤੋਂ ਹੀ ਵਿਖਾਇਆ ਹੈ।”
ਪਰ ਉਨ੍ਹਾਂ ਦੀ ਇਹ ਗੱਲ ਸਿਰਫ ਪੈਰ ਟਿਕਾਉਣਾ ਹੀ ਸਾਬਿਤ ਹੋਈ, ਬੈਠਣ ਦਾ ਹੀਲਾ ਉਨ੍ਹਾਂ ਨੇ ਆਪੇ ਕਰ ਲਿਆ। ਫਿਲਮ ਵਿਚ ਦਿਖਾਏ ਗਏ ਗੁਰੂ ਸਾਹਿਬ ਦਾ ਰੂਪ ਗ੍ਰਾਫਿਕਸ ਘੱਟ, ਵਿਅਕਤੀ ਦੁਆਰਾ ਕੀਤਾ ਗਿਆ ਵੱਧ ਲੱਗਿਆ, ਜਿਸ ਨੂੰ ਕੰਪਿਊਟਰੀ ਜੁਗਤਾਂ ਰਾਹੀਂ ਫੇਡ ਕੀਤਾ ਗਿਆ ਹੋਵੇ। ਫਿਰ ਸੰਵਾਦ ਬੋਲਦੇ ਵੀ ਦਿਖਾਇਆ ਗਿਆ।
ਕੁਦਰਤ ਵਲੋਂ ਭਰਪੂਰ ਗੁਣਾਂ ਨਾਲ ਵਰੋਸਾਏ ਗੁਰੂ ਸਾਹਿਬ ਦੀ ਛਵੀ ਅਤੇ ਉਨ੍ਹਾਂ ਦੇ ਰਹੱਸਮਈ ਪੈਗੰਬਰੀ ਬੋਲਾਂ ਨੂੰ ਮਨੁੱਖੀ ਯਤਨ ਅਤੇ ਮਨੁੱਖ ਦਾ ਬਣਾਇਆ ਕੈਮਰਾ ਕਿੰਨਾ ਕੁ ਪਕੜ ਸਕਦਾ ਹੈ! ਪੈਗੰਬਰੀ ਰੂਹਾਂ ਖੂਬਸੂਰਤ ਰੂਹਾਨੀ ਓਹਲੇ ਦੀਆਂ ਧਾਰਨੀ ਹੁੰਦੀਆਂ ਹਨ। ਉਨ੍ਹਾਂ ਰੂਹਾਨੀ ਓਹਲਿਆਂ ਨੂੰ ਮਨੁੱਖੀ ਮੱਤ ਨਾਲ ਤਾਰ ਤਾਰ ਕਰਨ ਦੀ ਕੋਸ਼ਿਸ਼ ਨੂੰ ਹੀ ਸ਼ਾਇਦ ਹਰਿੰਦਰ ਸਿੰਘ ਮਹਿਬੂਬ ਨੇ ‘ਰੂਹਾਨੀ ਖੁਦਕੁਸ਼ੀ’ ਦਾ ਨਾਂ ਦਿੱਤਾ ਹੈ।
ਮਾਤਾ ਤ੍ਰਿਪਤਾ, ਬੇਬੇ ਨਾਨਕੀ, ਬੀਬੀ ਸੁਲੱਖਣੀ ਵਰਗੀਆਂ ਬੇਜੋੜ, ਮਹਾਨ ਸ਼ਖਸੀਅਤਾਂ ਨੂੰ ਪਰਦੇ ‘ਤੇ ਪੇਸ਼ ਕਰਨ ਦਾ ਫਿਲਮ ਵਾਲਿਆਂ ਨੂੰ ਹੌਸਲਾ ਹੀ ਨਹੀਂ ਸੀ ਕਰਨਾ ਚਾਹੀਦਾ। ਕਲਾ ਦੀ ਦੁਨੀਆਂ ਵਿਚ ਗੱਲ ਕਹਿਣ ਦੇ ਅਨੇਕ ਤਰੀਕੇ ਹਨ।
ਦਰਸ਼ਕਾਂ ਦੇ ਵਿਚਾਰ ਸਾਧਾਰਨਤਾ ਦੀ ਪੱਧਰ ਪਾਰ ਨਹੀਂ ਕਰ ਸਕੇ। ਕੁਝ ਇਕ ਨੇ ਤਾਂ ਫਿਲਮ ਦੀ ਤਕਨੀਕ ਬਾਰੇ ਗੱਲ ਕੀਤੀ। ਇਕ ਦਰਸ਼ਕ ਦਾ ਇਤਰਾਜ਼ ਸੀ, ਗੁਰੂ ਸਾਹਿਬ ਦੇ ਬੱਚੇ ਮੋਨੇ ਕਿਉਂ ਦਿਖਾਏ ਗਏ ਹਨ। ਮੇਰੇ ਖਿਆਲ ਵਿਚ ਉਸ ਦਾ ਇਤਰਾਜ਼ ਹੋਣਾ ਇਹ ਚਾਹੀਦਾ ਸੀ ਕਿ ਗੁਰੂ ਸਾਹਿਬ ਦੇ ਬੱਚੇ ਦਿਖਾਏ ਹੀ ਕਿਉਂ ਗਏ ਹਨ!
ਇਕ ਦਰਸ਼ਕ ਦਾ ਕਹਿਣਾ ਸੀ, ਇਸ ਫਿਲਮ ਨੂੰ ਚੰਗਾ ਕਹਿਣਾ ਵੀ ਮਾੜਾ ਹੈ ਅਤੇ ਮਾੜਾ ਕਹਿਣਾ ਵੀ ਮਾੜਾ। ਚੁੱਪ ਬਿਹਤਰ ਹੈ।
ਇਕ ਦਰਸ਼ਕ ਨੇ ਗੱਲ ਹੀ ਨਿਬੇੜ ਦਿੱਤੀ, ਦੇਖੋ ਜੀ ਸਿੱਕਾ ਸਾਹਿਬ ਨੇ ਕਿਹਾ ਕਿ ਇਹ ਫਿਲਮ ਨਾ ਉਨ੍ਹਾਂ ਨੇ ਲਿਖੀ ਹੈ, ਨਾ ਬਣਾਈ ਹੈ। ਇਹ ਲਿਖੀ ਵੀ ਗੁਰੂ ਸਾਹਿਬ ਨੇ ਹੈ, ਬਣਾਈ ਵੀ ਗੁਰੂ ਸਾਹਿਬ ਨੇ। ਹੁਣ ਚੰਗਾ ਮਾੜਾ ਵਿਚਾਰ ਦੇਣ ਵੇਲੇ ਤੁਸੀਂ ਆਪ ਸੋਚ ਲਵੋ।
ਇਕ ਦਰਸ਼ਕ ਦਾ ਕਹਿਣਾ ਸੀ ਕਿ ਸਿੱਕਾ ਸਾਹਿਬ ਨੇ ਕਿਹਾ ਸੀ ਕਿ ਉਨ੍ਹਾਂ ਨੇ ਫਿਲਮ ਬਣਾਉਣ ਤੋਂ ਪਹਿਲਾਂ ਬਹੁਤ ‘ਰਿਸਰਚ’ ਕਰਵਾਈ ਸੀ, ਪਰ ਫਿਲਮ ਦੇਖ ਕੇ ਸਿੱਕਾ ਜੀ ਦਾ ਇਹ ਕਥਨ ਸਹੀ ਨਹੀਂ ਜਾਪਦਾ।
ਪੋਸਟ ਸਕ੍ਰਿਪਟ: ਇਕ ਦਰਸ਼ਕ ਨੇ ਫਿਲਮ ਦੀ ਤਕਨੀਕ ਪੱਖੋਂ ਬੜੀ ਸਿਫਤ ਕੀਤੀ।
ਚਲੋ ਠੀਕ ਹੈ, ਅੱਜ ਦੇ ਦੌਰ ਵਿਚ ਕੰਪਿਊਟਰ, ਬਲੂ ਸਕਰੀਨ ਆਦਿ ਨਾਲ ਮਨਚਾਹੇ ਖੂਬਸੂਰਤ ਸੀਨ ਫਿਲਮਾਏ ਜਾ ਸਕਦੇ ਹਨ, ਪਰ ਨਿਰੀ ਤਕਨੀਕ ਹੀ ਸਭ ਕੁਝ ਨਹੀਂ ਹੁੰਦੀ, ਫਿਲਮ ਦਾ ਵਿਸ਼ਾ, ਵਿਸ਼ੇ ਦੀ ਸੰਵੇਦਨਸ਼ੀਲਤਾ ਵੀ ਤਾਂ ਅਹਿਮ ਹੁੰਦੀ ਹੈ। ਦੂਜੇ ਸ਼ਬਦਾਂ ਵਿਚ ਕਹਿਣਾ ਹੋਵੇ ਤਾਂ ਕਿਸੇ ਸਿਆਣੇ ਦੇ ਬੋਲ ਯਾਦ ਆ ਰਹੇ ਹਨ, ‘ਅਗਰ ਸੋਨੇ ਦੀ ਛੁਰੀ ਹੱਥ ਆ ਜਾਵੇ ਤਾਂ ਉਸ ਨਾਲ ਆਪਣਾ ਢਿੱਡ ਹੀ ਨਹੀਂ ਪਾੜ ਲੈਣਾ ਚਾਹੀਦਾ।’