ਹੱਥਾਂ ਦੀ ਕਮਾਈ

ਕਹਾਣੀਕਾਰ ਮੁਹੰਮਦ ਸਲੀਮ ਅਖਤਰ ਦੀ ਲਿਖੀ ਕਹਾਣੀ ‘ਹੱਥਾਂ ਦੀ ਕਮਾਈ’ ਦੀ ਪਰਤ ਭਾਵੇਂ ਇਕਹਿਰੀ ਜਾਪਦੀ ਹੈ ਪਰ ਕਹਾਣੀ ਪੜ੍ਹਦਿਆਂ ਪਾਠਕ ਦੇ ਜ਼ਿਹਨ ਅੰਦਰ ਕਈ ਕਹਾਣੀਆਂ ਦੀ ਲੜੀ ਤੁਰਦੀ ਜਾਂਦੀ ਹੈ। ਇਹ ਲੜੀ ਮੁੱਖ ਪਾਤਰ ਦੁਆਲੇ ਘੁੰਮਦੀ ਹੈ ਜੋ ਜ਼ਿੰਦਗੀ ਦੇ ਚੱਕਰਵਿਊ ਵਿਚ ਘੁੰਮਦਾ ਖੁਦ ਇਸ ਅੰਦਰ ਫਸਿਆ ਪਿਆ ਹੈ।

ਇਸ ਦਾ ਅਹਿਸਾਸ ਉਸ ਨੂੰ ਚਿਰਾਂ ਬਾਅਦ ਉਸ ਵਕਤ ਹੁੰਦਾ ਹੈ ਜਦੋਂ ਉਸ ਕੋਲ ਕਹਿਣ ਲਈ ਕੁਝ ਵੀ ਨਹੀਂ ਬਚਦਾ। -ਸੰਪਾਦਕ

ਮੁਹੰਮਦ ਸਲੀਮ ਅਖਤਰ

‘ਮਿਹਨਤ ਵਿਚ ਇੱਜ਼ਤ ਹੈ। ਜੋ ਸੁਆਦ ਜਾਂ ਮਜ਼ਾ ਹੱਥਾਂ ਨਾਲ ਕਮਾਏ ਰਿਜ਼ਕ (ਧਨ) ਵਿਚ ਹੈ, ਉਹ ਕਿਸੇ ਹੋਰ ਚੀਜ਼ ਵਿਚ ਨਹੀਂ।’ ਪਿਤਾ ਜੀ ਦੇ ਇਹ ਵਚਨ ਮੈਂ ਇਕ ਕੰਨ ‘ਚੋਂ ਸੁਣਦਾ ਅਤੇ ਦੂਜੇ ਕੰਨ ਵਿਚੋਂ ਬਾਹਰ ਕਢ ਦਿੰਦਾ। ਮੈਂ ਵਡੇ ਸੁਪਨੇ ਦੇਖਦਾ, ਜਿਹੜੇ ਮਿਹਨਤ ਬਿਨਾ ਸਾਕਾਰ ਨਹੀਂ ਹੁੰਦੇ। ਮੈਂ ਮਿਹਨਤ ਤੋਂ ਬਿਨਾ ਸਿਖਰ ‘ਤੇ ਪਹੁੰਚਣਾ ਚਾਹੁੰਦਾ ਸਾਂ। ਪਿੱਛਾ ਮੇਰਾ ਇਹ ਸੀ ਕਿ ਮੇਰਾ ਪਿਤਾ ਜੁਤੀਆਂ ਗੰਢਦਾ ਅਤੇ ਲੋਕ ਉਸ ਨੂੰ ਦਾਲੂ ਮੋਚੀ ਕਹਿੰਦੇ। ਮੇਰਾ ਨਾਂ ਗੁਲੂ ਮੋਚੀ ਵਜੋਂ ਮਸ਼ਹੂਰ ਸੀ, ਭਾਵੇਂ ਮੇਰਾ ਆਪਣਾ ਨਾਂ ਗੁਲਜ਼ਾਰ ਸੀ। ਅਸੀਂ ਪਿੰਡ ਦੇ ਚੌਧਰੀਆਂ, ਨੰਬਰਦਾਰਾਂ ਅਤੇ ਜ਼ਿਮੀਂਦਾਰਾਂ ਆਸਰੇ ਜਿਉਂਦੇ ਸਾਂ ਜਾਂ ਦਿਨ ਕਟੀ ਕਰਦੇ ਸਾਂ। ਫਸਲ ਪਕ ਜਾਣ ‘ਤੇ ਜ਼ਿਮੀਂਦਾਰ ਕਣਕ ਅਤੇ ਦਾਲਾਂ ਭਿਛਿਆ ਵਜੋਂ ਸਾਨੂੰ ਦੇਂਦੇ। ਖੁਸ਼ੀ ਗਮੀ ਦੇ ਮੌਕੇ ਪਿਤਾ ਜੀ ਕੋਲੋਂ ਕੰਮੀਆਂ ਵਾਲਾ ਕੰਮ ਲਿਆ ਜਾਂਦਾ ਅਤੇ ਪਿਤਾ ਜੀ ਸਬਰ ਸ਼ੁਕਰ ਕਰਦੇ। ਉਹ ਪੰਜ ਵੇਲੇ ਨਮਾਜ ਪਾਬੰਦੀ ਨਾਲ ਅਦਾ ਕਰਦੇ ਅਤੇ ਕਦੀ ਕਦੀ ਅਜ਼ਾਨ (ਬਾਂਗ) ਵੀ ਦਿੰਦੇ। ਉਨ੍ਹਾਂ ਦੀ ਆਵਾਜ਼ ਵਿਚ ਸਰੂਰ ਸੀ। ਜਦੋਂ ਕਦੀ ਪਿੰਡ ਦਾ ਨੰਬਰਦਾਰ ਜਾਂ ਚੌਧਰੀ ਉਨ੍ਹਾਂ ਦੀ ਬਾਂਗ ਸੁਣ ਲੈਂਦਾ ਤਾਂ ਉਨ੍ਹਾਂ ਪਾਸੋਂ ਪ੍ਰਸ਼ੰਸਾ ਸੁਣ ਪਿਤਾ ਜੀ ਖੁਸ਼ ਹੋ ਜਾਂਦੇ, ਭਾਵੇਂ ਇਹ ਲੋਕ ਮਸਜਿਦ ਵਿਚ ਘਟ ਹੀ ਆਉਂਦੇ।
ਮੈਥੋਂ ਵਡੀਆਂ ਦੋ ਭੈਣਾਂ ਸਨ। ਮੈਂ ਉਨ੍ਹਾਂ ਦਾ ਇਕਲੌਤਾ ਭਰਾ। ਇਸ ਲਈ ਸਾਰੇ ਘਰ ਦਾ ਲਾਡਲਾ। ਸਭ ਚਾਹੁੰਦੇ ਸਨ ਕਿ ਵਿਦਿਆ ਹਾਸਲ ਕਰ ਕੇ ਖਾਨਦਾਨ ਦਾ ਨਾਂ ਰੋਸ਼ਨ ਕਰਾਂ। ਮੈਨੂੰ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਦਾਖਲ ਕਰਵਾਇਆ ਗਿਆ, ਪਰ ਮੇਰਾ ਦਿਲ ਪੜ੍ਹਾਈ ਵਿਚ ਨਾ ਲਗਦਾ। ਮੈਨੂੰ ਗਡੀਆਂ ਬੱਸਾਂ ਵਿਚ ਸੈਰ ਕਰਨ ਦਾ ਸ਼ੌਕ ਸੀ। ਮੈਂ ਆਪਣੀ ਗਡੀ ਦੇ ਸੁਪਨੇ ਦੇਖਦਾ। ਇਹੋ ਕਾਰਨ ਸੀ ਕਿ ਪੰਜਵੀਂ ਜਮਾਤ ਵੀ ਪਾਸ ਨਾ ਕਰ ਸਕਿਆ। ਦੂਜੀ ਵਾਰ ਫੇਲ੍ਹ ਹੋਣ ‘ਤੇ ਮੈਨੂੰ ਸਕੂਲੋਂ ਹਟਾ ਲਿਆ ਗਿਆ। ਮੈਂ ਪਿਤਾ ਜੀ ਦੇ ਨਾਲ ਕੰਮ ਕਰਨ ਲੱਗਾ। ਉਨ੍ਹਾਂ ਦੇ ਡਰੋਂ ਮੈਂ ਜੱਦੀ ਕੰਮ ਸਿੱਖ ਤਾਂ ਲਿਆ ਪਰ ਉਸ ਨੂੰ ਪੇਸ਼ੇ ਦੇ ਤੌਰ ‘ਤੇ ਅਪਨਾਉਣਾ ਨਹੀਂ ਸੀ ਚਾਹੁੰਦਾ। ਮੈਨੂੰ ਇਸ ਕੰਮ ਨਾਲ ਨਫਰਤ ਸੀ। ਪਿੰਡ ਦੇ ਲੋਕ ਮੈਨੂੰ ਗੁਲੂ ਮੋਚੀ ਕਹਿੰਦੇ ਤਾਂ ਮੇਰੇ ਅੰਦਰ ਅੱਗ ਲਗ ਜਾਂਦੀ। ਜੀ ਕਰਦਾ ਉਨ੍ਹਾਂ ਦੀ ਜੀਭ ਖਿਚ ਲਵਾਂ, ਜਿਹੜੇ ਮੈਨੂੰ ਮੋਚੀ ਕਹਿੰਦੇ ਹਨ। ਪਰ ਮੈਨੂੰ ਪਤਾ ਸੀ, ਇਕ ਗਰੀਬ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦਾ। ਗਰੀਬੀ ਅਪਰਾਧ ਹੈ। ਕਾਸ਼! ਮੈਂ ਦਿਲ ਲਾ ਕੇ ਪੜ੍ਹਾਈ ਕਰਦਾ ਤਾਂ ਜੀਵਨ ਸੁਧਰ ਜਾਂਦਾ। ਪਰ ਕੀ ਕੀਤਾ ਜਾ ਸਕਦਾ ਸੀ। ਪਿਤਾ ਜੀ ਨੂੰ ਵਾਰ-ਵਾਰ ਕਿਹਾ ਕਿ ਮੋਚੀ ਦਾ ਕੰਮ ਛਡ ਦਿਓ।
ਪਿਤਾ ਜੀ ਕਹਿੰਦੇ, “ਮੈਂ ਮਿਹਨਤ ਕਰਦਾ ਹਾਂ ਅਤੇ ਆਪਣੇ ਹੱਥਾਂ ਦੀ ਕਮਾਈ ਖਾਂਦਾ ਹਾਂ, ਮੈਂ ਝੋਲੀ ਨਹੀਂ ਅਡਦਾ।” ਪਰ ਮੈਨੂੰ ਇਹ ਜਵਾਬ ਅਛਾ ਨਾ ਲਗਦਾ। ਮੈਂ ਕਹਿੰਦਾ, ਪਿਤਾ ਜੀ ਮੈਂ ਇਕ ਦਿਨ ਤੁਹਾਡਾ ਇਹ ਕੰਮ ਛੁਡਵਾ ਕੇ ਸਾਹ ਲਵਾਂਗਾ। ਲੋਕ ਮੇਰੀ ਇੱਜ਼ਤ ਕਰਨਗੇ। ਮੈਂ ਘਰ ‘ਚੋਂ ਗਰੀਬੀ ਦੂਰ ਕਰ ਦਿਆਂਗਾ।
“ਸ਼ੇਖ ਚਿੱਲੀ ਵਾਲੇ ਸੁਪਨੇ ਦੇਖਣੇ ਬੰਦ ਕਰ। ਪੰਜ ਜਮਾਤਾਂ ਤਾਂ ਪਾਸ ਨਹੀਂ ਕਰ ਸਕਿਆ, ਹੋਰ ਕੀ ਕਰੇਂਗਾ?” ਪਿਤਾ ਜੀ ਵਿਅੰਗ ਦੇ ਅੰਦਾਜ ਨਾਲ ਮੇਰਾ ਮੂੰਹ ਬੰਦ ਕਰ ਦਿੰਦੇ। ਮੈਂ ਅੰਦਰ ਹੀ ਅੰਦਰ ਕੁੜ੍ਹਦਾ ਉਬਲਦਾ, ਪਰ ਬੇਬਸ ਸੀ। ਮਜਬੂਰ ਹੋ ਕੇ ਪਿਤਾ ਜੀ ਨਾਲ ਜੱਦੀ ਕੰਮ ਕਰਦਾ। ਕਦੀ ਕਦੀ ਜੀ ਕਰਦਾ ਕਿ ਘਰ ਤੋਂ ਨੱਸ ਜਾਵਾਂ। ਪਰ ਪੱਲੇ ਪੈਸਾ ਨਹੀਂ ਸੀ। ਮੈਂ ਨੌਕਰੀ ਦੀ ਤਲਾਸ਼ ਵਿਚ ਸ਼ਹਿਰ ਗਿਆ ਪਰ ਪੜ੍ਹਿਆ ਨਾ ਹੋਣ ਕਰ ਕੇ ਕੋਈ ਪੱਠੇ ਨਾ ਪਾਉਂਦਾ।
ਸਾਡੇ ਪਿੰਡ ਤੋਂ ਦੋ ਮੀਲ ਦੀ ਵਿਥ ‘ਤੇ ਇਕ ਹੋਰ ਪਿੰਡ ਸੀ। ਉਥੋਂ ਦੇ ਲੋਕ ਵੀ ਸਾਡੇ ਪਾਸ ਜੁਤੀਆਂ ਮੁਰੰਮਤ ਕਰਾਉਣ ਆਉਂਦੇ ਸਨ। ਇਸ ਪਿੰਡ ਦਾ ਇਕ ਆਦਮੀ ਵਕੀਲ ਸੀ। ਉਹ ਸ਼ਹਿਰ ਵਿਚ ਰਹਿੰਦਾ ਸੀ ਤੇ ਉਥੇ ਹੀ ਵਕਾਲਤ ਕਰਦਾ ਸੀ। ਪਿਤਾ ਜੀ ਨਾਲ ਉਨ੍ਹਾਂ ਦੀ ਦੁਆ-ਸਲਾਮ ਸੀ। ਇਸ ਕਾਰਨ ਉਹ ਮਿਲਣ ਲਈ ਆ ਗਿਆ। ਗੱਲਾਂ-ਗੱਲਾਂ ਵਿਚ ਮੇਰਾ ਜ਼ਿਕਰ ਹੋ ਗਿਆ ਤਾਂ ਪਿਤਾ ਜੀ ਨੇ ਕਿਹਾ:
“ਗੁਲੂ ਆਪਣੇ ਜੱਦੀ ਕੰਮ ਵਿਚ ਧਿਆਨ ਨਹੀਂ ਲਾਉਂਦਾ, ਵਕੀਲ ਸਾਹਿਬ। ਇਸ ਨੂੰ ਸ਼ਹਿਰ ਵਿਚ ਨੌਕਰੀ ਦਵਾ ਦਿਓ।”
“ਜੇਕਰ ਗੁਲੂ ਪੜ੍ਹਿਆ ਹੁੰਦਾ ਤਾਂ ਮੈਂ ਉਸ ਨੂੰ ਆਪਣਾ ਮੁਨਸ਼ੀ ਬਣਾ ਲੈਂਦਾ। ਹੁਣ ਤਾਂ ਇਹੋ ਹੋ ਸਕਦਾ ਹੈ ਕਿ ਆਪਣੇ ਦਫਤਰ ਦੇ ਕੰਮ ਅਤੇ ਸਫਾਈ ਆਦਿ ਲਈ ਰਖ ਲਵਾਂ। ਦਫਤਰ ਵਿਚ ਹੀ ਰਹਿ ਲਵੇਗਾ। ਕਚਹਿਰੀ ਦੀ ਕੰਟੀਨ ਵਿਚ ਖਾਣਾ ਖਾ ਲਿਆ ਕਰੇਗਾ। ਮੈਂ ਇਸ ਨੂੰ ਇਕ ਹਜ਼ਾਰ ਰੁਪਏ ਤਨਖਾਹ ਵੀ ਦੇ ਦਿਆ ਕਰਾਂਗਾ।”

ਵਕੀਲ ਸਾਹਿਬ ਦੀ ਗੱਲ ਸੁਣ ਕੇ ਮੈਂ ਆਕਾਸ਼ ਵਿਚ ਉਡਣ ਲੱਗਾ। ਉਨ੍ਹਾਂ ਦੀ ਗੱਲ ਮੰਨ ਕੇ ਮੈਂ ਸ਼ਹਿਰ ਆ ਗਿਆ। ਉਨ੍ਹਾਂ ਦਾ ਦਫਤਰ ਜ਼ਿਲ੍ਹਾ ਕਚਹਿਰੀ ਨਾਲ ਸੀ ਅਤੇ ਮੈਂ ਉਨ੍ਹਾਂ ਦਾ ਚਪੜਾਸੀ ਸਾਂ। ਮੈਂ ਬਹੁਤ ਖੁਸ਼ ਸਾਂ। ਜਦੋਂ ਕਦੀ ਉਨ੍ਹਾਂ ਦੇ ਨਾਲ ਏਅਰ ਕੰਡੀਸ਼ੰਡ ਗੱਡੀ ਵਿਚ ਬੈਠਦਾ ਤਾਂ ਜਾਪਦਾ ਜਿਵੇਂ ਜੰਨਤ ਵਿਚ ਹਾਂ। ਮੈਂ ਉਨ੍ਹਾਂ ਦੀ ਕਾਰ ਧੋਂਦਾ, ਕਦੀ ਸ਼ਿਕਾਇਤ ਦਾ ਮੌਕਾ ਨਾ ਦਿੰਦਾ। ਦਫਤਰ ਦੀ ਸਫਾਈ ਤੇ ਹੋਰ ਕੰਮ ਇਮਾਨਦਾਰੀ ਅਤੇ ਲਗਨ ਨਾਲ ਕਰਦਾ। ਵਕੀਲ ਸਾਹਿਬ ਖੁਸ਼ੀ ਨਾਲ ਤਨਖਾਹ ਤੋਂ ਇਲਾਵਾ ਕੁਝ ਨਾ ਕੁਝ ਦੇ ਦਿੰਦੇ।
ਮੈਂ ਕਚਹਿਰੀ ਦੇ ਮਾਹੌਲ ਵਿਚ ਰਚ-ਮਿਚ ਗਿਆ। ਪੰਜ ਸਾਲ ਇਵੇਂ ਹੀ ਬੀਤ ਗਏ। ਇਸ ਸਮੇਂ ਵਿਚ ਮੇਰੇ ਪਿਤਾ ਜੀ ਨੇ ਮੇਰੀਆਂ ਦੋਹਾਂ ਭੈਣਾਂ ਦਾ ਵਿਆਹ ਆਪਣੀ ਬਰਾਦਰੀ ਵਿਚ ਕਰ ਦਿਤਾ। ਇਸ ਵਿਚ ਮੇਰੀ ਕਮਾਈ ਵੀ ਸ਼ਾਮਿਲ ਸੀ। ਉਨ੍ਹਾਂ ਪੰਜਾਂ ਸਾਲਾਂ ਵਿਚ ਮੈਂ ਦੁਨੀਆਂ ਦੇ ਰੰਗ ਰੂਪ ਤੋਂ ਅਛੀ ਤਰ੍ਹਾਂ ਵਾਕਫ਼ ਹੋ ਗਿਆ। ਕਚਹਿਰੀ ਵਿਚ ਗਰੀਬ ਅਤੇ ਬੇਬਸ ਲੋਕਾਂ ਦੇ ਨਾਲ ਕਿਵੇਂ ਵਧੀਕੀਆਂ ਹੁੰਦੀਆਂ ਹਨ, ਇਹ ਵੀ ਜਾਣ ਗਿਆ। ਦੁਨੀਆਂ ਕੇਵਲ ਪੈਸੇ ਵਾਲੇ ਨੂੰ ਸਲਾਮ ਕਰਦੀ ਹੈ। ਇਕ ਦੂਜੇ ਨਾਲ ਪੈਸੇ ਦੀ ਖਾਤਰ ਹੱਥ ਮਿਲਾਏ ਜਾਂਦੇ ਹਨ। ਧਨ ਦੌਲਤ ਦੀ ਖਾਤਰ ਬੇਟਾ ਬਾਪ ਦਾ ਅਤੇ ਭਰਾ ਭਰਾ ਦਾ ਵੈਰੀ ਹੈ। ਕਚਹਿਰੀ ਦੇ ਅੰਦਰ ਕੇਵਲ ਇਕ ਹੀ ਝਨਕਾਰ ਸੁਣਾਈ ਦਿੰਦੀ- ਪੈਸਾ ਅਤੇ ਕੇਵਲ ਪੈਸਾ।
ਉਸ ਦਿਨ ਮੇਰੇ ਵਕੀਲ ਸਾਹਿਬ ਕਿਸੇ ਦੂਜੇ ਸ਼ਹਿਰ ਦੀ ਅਦਾਲਤ ਗਏ ਹੋਏ ਸਨ। ਮੁਨਸ਼ੀ ਵੀ ਨਾ ਆਇਆ। ਮੈਂ ਦਫਤਰ ਵਿਚ ਇਕੱਲਾ ਸਾਂ ਕਿ ਇਕ ਹੋਰ ਵਕੀਲ ਸਾਹਿਬ ਆ ਗਏ। ਉਨ੍ਹਾਂ ਮੈਥੋਂ ਸਾਹਿਬ ਬਾਰੇ ਪੁਛਿਆ ਤਾਂ ਮੈਂ ਦੱਸ ਦਿਤਾ ਕਿ ਉਹ ਦੂਜੇ ਸ਼ਹਿਰ ਦੀ ਅਦਾਲਤ ਵਿਚ ਗਏ ਹਨ। ਮੁਨਸ਼ੀ ਬਾਰੇ ਪੁਛਿਆ ਤਾਂ ਮੈਂ ਕਿਹਾ, ਉਸ ਨੇ ਛੁਟੀ ਕਰ ਲਈ ਹੈ।
“ਤੂੰ ਕੀ ਕਰ ਰਿਹਾ ਹੈਂ?” ਉਸ ਨੇ ਮੇਰੇ ਵਲ ਘੂਰਦੇ ਹੋਏ ਕਿਹਾ।
“ਮੈਂ ਕੁਝ ਨਹੀਂ ਕਰ ਰਿਹਾ। ਵਕੀਲ ਸਾਹਿਬ ਦਾ ਹੁਕਮ ਸੀ ਕਿ ਦਫਤਰ ਖੁਲ੍ਹਾ ਰਖਾਂ।”
“ਇਕ ਕੰਮ ਕਰੇਂਗਾ?” ਉਨ੍ਹਾਂ ਪੁਛਿਆ।
“ਮੇਰੇ ਵਸ ਦਾ ਹੋਇਆ ਤਾਂ ਕਰਾਂਗਾ ਜਨਾਬ।” ਮੈਂ ਇੱਜ਼ਤ-ਮਾਣ ਕਰਦੇ ਹੋਏ ਉਤਰ ਦਿਤਾ।
“ਮੇਰੇ ਇਕ ਮੁਕੱਦਮੇ ਵਿਚ ਗਵਾਹ ਦੀ ਲੋੜ ਹੈ”। ਉਸ ਨੇ ਭੇਤ ਭਰੇ ਢੰਗ ਵਿਚ ਕਿਹਾ।
“ਮੇਰਾ ਇਸ ਨਾਲ ਕੀ ਸਬੰਧ?” ਮੈਂ ਅਣਜਾਣ ਬਣ ਗਿਆ।
“ਜੇਕਰ ਤੂੰ ਗਵਾਹ ਬਣ ਜਾਵੇਂ ਤਾਂæææ।”
“ਤਾਂ ਫਿਰ ਕੀ ਹੋ ਜਾਵੇਗਾ?” ਮੈਂ ਪੁਛਿਆ।
“ਪੂਰੇ ਦੋ ਹਜ਼ਾਰ ਮਿਲਣਗੇ। ਇਕ ਹਜ਼ਾਰ ਹੁਣ ਤੇ ਇਕ ਹਜ਼ਾਰ ਬਾਅਦ ਵਿਚ।” ਉਸ ਹਜ਼ਾਰ ਰੁਪਏ ਦਾ ਨੋਟ ਮੇਰੀ ਜੇਬ ਵਿਚ ਤੁੰਨਦੇ ਹੋਏ ਕਿਹਾ।
“ਮੈਨੂੰ ਸੋਚਣ ਦਿਓ।” ਮੈਂ ਘਬਰਾਹਟ ਵਿਚ ਸੀ।
“ਕੁਝ ਨਹੀਂ ਹੋਵੇਗਾ, ਗੁਲੂ ਬਾਦਸ਼ਾਹ! ਸੋਚੋ ਨਾ।” ਪਤਾ ਨਹੀਂ ਉਸ ਦੀਆਂ ਗੱਲਾਂ ਵਿਚ ਕੀ ਜਾਦੂ ਸੀ ਕਿ ਮੈਂ ਉਸ ਦੀ ਗੱਲ ਮੰਨ ਲਈ। ਉਸ ਨੇ ਉਥੇ ਹੀ ਮੈਨੂੰ ਬਿਆਨ ਸਮਝਾ ਦਿਤਾ।
ਜਦੋਂ ਮੈਂ ਝੂਠੀ ਗਵਾਹੀ ਦੇ ਕੇ ਬਾਹਰ ਨਿਕਲਿਆ ਤਾਂ ਇਕ ਹਜ਼ਾਰ ਦਾ ਹੋਰ ਨੋਟ ਮੇਰੀ ਜੇਬ ਵਿਚ ਸੀ। ਇਕ ਹਜ਼ਾਰ ਤਾਂ ਮੇਰੀ ਮਹੀਨੇ ਭਰ ਦੀ ਕਮਾਈ ਸੀ। ਪਰ ਹੁਣ ਮੈਂ ਦੋ ਘੰਟਿਆਂ ਵਿਚ ਏਨੇ ਕਮਾ ਲਏ ਸਨ। ਬਸ ਇਥੋਂ ਹੀ ਮੇਰੇ ਜੀਵਨ ਵਿਚ ਮੋੜ ਆ ਗਿਆ।
ਮੈਂ ਆਪਣੇ ਮਿਹਰਬਾਨ ਵਕੀਲ ਸਾਹਿਬ ਦੀ ਨੌਕਰੀ ਛਡ ਦਿਤੀ ਅਤੇ ਝੂਠੀ ਗਵਾਹੀ ਦੇਣ ਦਾ ਪੇਸ਼ਾ ਅਪਨਾ ਲਿਆ। ਮੈਂ ਪੂਰੀ ਕਚਹਿਰੀ ਵਿਚ ‘ਗੁਲੂ ਬਾਦਸ਼ਾਹ’ ਕਰ ਕੇ ਮਸ਼ਹੂਰ ਹੋ ਗਿਆ। ਮੈਂ ਕਚਹਿਰੀਆਂ ਵਿਚ ਭਟਕਣ ਵਾਲੇ ਲੋਕਾਂ ਨੂੰ ਵਕੀਲ ਕਰ ਦਿੰਦਾ, ਨਕਲਾਂ ਕਢਵਾ ਦਿੰਦਾ, ਅਸ਼ਟਾਮ ਪੇਪਰ ਖਰੀਦ ਦਿੰਦਾ ਅਤੇ ਇਹੋ ਜਿਹੇ ਹੋਰ ਕਈ ਧੰਦੇ ਕਰਨ ਲਗ ਪਿਆ। ਝੂਠ, ਬੇਈਮਾਨੀ ਅਤੇ ਗੁਨਾਹ ਭਰੀ ਜ਼ਿੰਦਗੀ ਨੇ ਮੈਨੂੰ ਨਵੀਆਂ ਲੱਜ਼ਤਾਂ ਦੀ ਪਛਾਣ ਕਰਵਾਈ। ਮੈਂ ਇਸ ਪੇਸ਼ੇ ਵਿਚ ਖੂਬ ਖੱਟੀ ਕੀਤੀ।
ਗੁਨਾਹ ਭਰੇ ਜੀਵਨ ਵਿਚ ਇਕ ਸੁਆਦ, ਸਰੂਰ ਅਤੇ ਨਸ਼ਾ ਹੁੰਦਾ ਹੈ ਜਿਹੜਾ ਇਨਸਾਨ ਨੂੰ ਸੋਚਣ ਸਮਝਣ ਨਹੀਂ ਦਿੰਦਾ। ਇਹੋ ਹਾਲ ਮੇਰਾ ਹੋਇਆ। ਝੂਠੀਆਂ ਗਵਾਹੀਆਂ ਨਾਲ ਕਈ ਅਪਰਾਧੀਆਂ ਅਤੇ ਗੁਨਾਹਗਾਰਾਂ ਦਾ ਜੀਵਨ ਲੰਮਾ ਹੋ ਗਿਆ। ਉਹ ਅਪਰਾਧੀ ਹੋ ਕੇ ਵੀ ਬਚ ਗਏ। ਬੇਕਸੂਰ ਕਸੂਰਵਾਰ ਹੋ ਗਏ। ਕਈ ਘਰਾਂ ਵਿਚ ਹਨ੍ਹੇਰਾ ਹੀ ਹਨ੍ਹੇਰਾ ਹੋ ਗਿਆ। ਕਈ ਘਰਾਂ ਵਿਚ ਵੈਣ ਪਏ। ਕਿਤੇ ਹਾਸੇ ਕਿਤੇ ਹੰਝੂ।
ਮੇਰੇ ਪਾਸ ਹੁਣ ਗੱਡੀ ਆ ਗਈ। ਸ਼ਹਿਰ ਵਿਚ ਮਕਾਨ ਵੀ ਖਰੀਦ ਲਿਆ। ਵਿਆਹ ਵੀ ਹੋ ਗਿਆ। ਮੈਂ ਅੱਛਾ ਖਾਂਦਾ-ਪੀਂਦਾ ਅਤੇ ਪਹਿਨਦਾ। ਸਿਵਾਏ ਈਦ ਦੀ ਨਮਾਜ ਦੇ ਮੈਂ ਹੋਰ ਕੋਈ ਨਮਾਜ ਨਾ ਪੜ੍ਹਦਾ। ਜੁੰæਮੇ ਦੀ ਨਮਾਜ ਵੀ ਕਦੇ ਕਦਾਈਂ। ਗਡੀ ਵਿਚ ਬੈਠ ਕੇ ਜਦੋਂ ਪਿੰਡ ਜਾਂਦਾ ਤਾਂ ਲੋਕ ਹੈਰਾਨ ਹੁੰਦੇ। ਹੁਣ ਮੈਨੂੰ ਗੁਲੂ ਮੋਚੀ ਦੀ ਥਾਂ ‘ਗੁਲੂ ਬਾਦਸ਼ਾਹ’ ਕਹਿ ਕੇ ਬੁਲਾਇਆ ਜਾਂਦਾ।
ਲੋਕ ਮੈਨੂੰ ਮੇਰੇ ਕੰਮ ਧੰਦੇ ਅਤੇ ਕਮਾਈ ਬਾਰੇ ਪੁਛਦੇ ਤਾਂ ਮੈਂ ਦੱਸਦਾ ਕਿ ਮੈਂ ਜ਼ਬਾਨ ਦੀ ਕਮਾਈ ਖਾਂਦਾ ਹਾਂ, ਗੱਲਾਂ ਦਾ ਖਟਿਆ। ਮੇਰੇ ਪਿਤਾ ਜੀ ਹੱਥਾਂ ਦੀ ਕਮਾਈ ਖਾਂਦੇ ਸਨ, ਇਸ ਲਈ ਉਨ੍ਹਾਂ ਦਾ ਜੀਵਨ ਨਾ ਬਦਲਿਆ। ਮੈਂ ਗੱਲਾਂ ਦਾ ਖਟਿਆ ਖਾ ਕੇ ਮਜ਼ੇ ਦੀ ਜ਼ਿੰਦਗੀ ਬਿਤਾ ਰਿਹਾ ਹਾਂ।
ਉਸ ਦਿਨ ਕੋਈ ਗਵਾਹੀ ਦੇਣ ਲਈ ਮੈਨੂੰ ਦੂਜੇ ਸ਼ਹਿਰ ਜਾਣਾ ਪਿਆ। ਘਰੋਂ ਨਿਕਲਦਿਆਂ ਦੇਰ ਹੋ ਗਈ। ਮੈਂ ਗੱਡੀ ਤੇਜ਼ ਚਲਾਣ ਲੱਗਾ। ਸ਼ਹਿਰ ਦੇ ਨੇੜੇ ਹੀ ਸੀ ਕਿ ਅਚਾਨਕ ਕੋਈ ਬੱਚਾ ਸੜਕ ਪਾਰ ਕਰਦਿਆਂ ਮੇਰੀ ਗੱਡੀ ਸਾਹਮਣੇ ਆ ਗਿਆ। ਉਸ ਨੂੰ ਬਚਾਉਂਦਿਆਂ ਗੱਡੀ ਟਰੱਕ ਨਾਲ ਟਕਰਾ ਗਈ। ਮੈਨੂੰ ਕੋਈ ਹੋਸ਼ ਨਾ ਰਹੀ। ਤਿੰਨ ਦਿਨ ਬੇਹੋਸ਼ੀ ਦੀ ਹਾਲਤ ਵਿਚ ਹਸਪਤਾਲ ਪਿਆ ਰਿਹਾ। ਹੋਸ਼ ਆਈ ਤਾਂ ਸਾਰੇ ਸਰੀਰ ‘ਤੇ ਪਟੀਆਂ ਸਨ ਅਤੇ ਮੂੰਹ ਸ਼ਿਕੰਜੇ ਵਿਚ ਜਕੜਿਆ ਹੋਇਆ ਸੀ। ਜਦੋਂ ਮੈਨੂੰ ਹੋਸ਼ ਆਇਆ ਤਾਂ ਡਾਕਟਰ ਅਤੇ ਨਰਸਾਂ ਦੌੜੇ ਮੇਰੇ ਕੋਲ ਆਏ। ਉਨ੍ਹਾਂ ਦੇ ਚਿਹਰੇ ਖੁਸ਼ੀ ਦਾ ਪ੍ਰਭਾਵ ਦੇ ਰਹੇ ਸਨ। ਜਾਪਦਾ ਸੀ ਕਿ ਮੇਰੇ ਜਿਉਂਦੇ ਰਹਿਣ ਅਤੇ ਹੋਸ਼ ਵਿਚ ਆਉਣ ਦੀ ਉਨ੍ਹਾਂ ਨੂੰ ਖੁਸ਼ੀ ਸੀ। ਏਨੇ ਵਿਚ ਪੁਲਿਸ ਇੰਸਪੈਕਟਰ ਵੀ ਅੰਦਰ ਆ ਗਿਆ। ਉਸ ਨੂੰ ਮੇਰੇ ਹੋਸ਼ ਵਿਚ ਆਉਣ ਦੀ ਖਬਰ ਮਿਲ ਗਈ ਸੀ।
“ਜੇਕਰ ਇਜਾਜ਼ਤ ਹੋਵੇ ਤਾਂ ਮੈਂ ਇਸ ਦਾ ਬਿਆਨ ਲੈ ਲਵਾਂ?” ਉਹਨੇ ਡਾਕਟਰ ਸਾਹਿਬ ਤੋਂ ਪੁਛਿਆ।
“ਕੀ ਕਰੋਗੇ ਬਿਆਨ ਲੈ ਕੇ ਜੋ ਹੋਣਾ ਸੀ, ਉਹ ਹੋ ਗਿਆ।” ਡਾਕਟਰ ਸਾਹਿਬ ਨੇ ਕਿਹਾ।
“ਕਾਨੂੰਨੀ ਕਾਰਵਾਈ ਲਈ ਇਹ ਜ਼ਰੂਰੀ ਹੈ। ਇਹ ਮੇਰਾ ਫਰਜ਼ ਵੀ ਹੈ।” ਇੰਸਪੈਕਟਰ ਦੇ ਬੋਲ ਵਿਚ ਤਲਖੀ ਸੀ।
“ਤੁਸੀਂ ਇਸ ਜ਼ਖਮੀ ਦਾ ਬਿਆਨ ਨਹੀਂ ਲੈ ਸਕਦੇ।” ਡਾਕਟਰ ਸਾਹਿਬ ਨੇ ਵੀ ਉਸੇ ਟੋਨ ਵਿਚ ਉਤਰ ਦਿਤਾ।
“ਮੈਂ ਇੰਸਪੈਕਟਰ ਹਾਂ, ਮੇਰੇ ਫਰਜ਼ ਦੀ ਰਾਹ ਵਿਚ ਰੁਕਾਵਟ ਨਾ ਬਣੋ ਡਾਕਟਰ ਸਾਹਿਬ।” ਇੰਸਪੈਕਟਰ ਦਾ ਲਹਿਜ਼ਾ ਹੋਰ ਤਲਖ ਹੋ ਗਿਆ।
“ਮੈਂ ਕਿਹਾ ਨਾ, ਤੁਸੀਂ ਇਸ ਦਾ ਬਿਆਨ ਨਹੀਂ ਲੈ ਸਕਦੇ। ਮੈਂ ਡਾਕਟਰ ਦੀ ਹੈਸੀਅਤ ਨਾਲ ਕਹਿ ਰਿਹਾ ਹਾਂ।” ਡਾਕਟਰ ਨੇ ਆਪਣਾ ਫਰਜ਼ ਉਸ ਨੂੰ ਦਸਣਾ ਚਾਹਿਆ।
“ਪਰ ਕਿਉਂ?” ਇੰਸਪੈਕਟਰ ਗੁੱਸੇ ਨਾਲ ਕੰਬ ਰਿਹਾ ਸੀ।
“ਕਿਉਂਕਿ ਇੰਸਪੈਕਟਰ ਸਾਹਿਬ, ਇਸ ਹਾਦਸੇ ਵਿਚ ਇਸ ਦੀ ਜੀਭ ਕੱਟੀ ਗਈ ਹੈ। ਹੁਣ ਇਹ ਬੋਲ ਨਹੀਂ ਸਕੇਗਾ।”
ਡਾਕਟਰ ਸਾਹਿਬ ਦੇ ਸ਼ਬਦ ਤੀਰ ਵਾਂਗ ਮੇਰੇ ਸਰੀਰ ਵਿਚ ਚੁਭ ਗਏ। ਮੇਰੀ ਗੱਲਾਂ ਦੀ ਖੱਟੀ ਰੁੜ੍ਹ ਗਈ। ਮੈਂ ਮੁੜ ਬੇਹੋਸ਼ ਹੋ ਗਿਆ।
ਇਕ ਮਹੀਨਾ ਹਸਪਤਾਲ ਵਿਚ ਰਹਿ ਕੇ ਘਰ ਆ ਗਿਆ। ਘਰ ਵਾਲੇ ਮੇਰੇ ਪਲੰਘ ਦੁਆਲੇ ਬੈਠੇ ਸਨ ਅਤੇ ਮੇਰੀਆਂ ਅੱਖਾਂ ਵਿਚ ਦੁਖ ਦਰਦ ਦੇ ਪਰਛਾਵੇਂ ਸਨ। ਉਸ ਰਾਤ ਮੈਨੂੰ ਅਹਿਸਾਸ ਹੋਇਆ ਕਿ ਮੈਂ ਕਈ ਇਨਸਾਨਾਂ ਦੇ ਅਰਮਾਨਾਂ ਅਤੇ ਉਮੰਗਾਂ ਦਾ ਖੂਨ ਕੀਤਾ ਹੈ। ਉਸ ਰਾਤ ਮੈਨੂੰ ਪਿਤਾ ਜੀ ਦੀਆਂ ਗੱਲਾਂ ਯਾਦ ਆਈਆਂ। ਉਹ ਸੱਚ ਕਹਿੰਦੇ ਸੀ ਕਿ ਹੱਥਾਂ ਦੀ ਕਮਾਈ ਵਿਚ ਇੱਜ਼ਤ ਅਤੇ ਬਰਕਤ ਹੈ। ਮੈਂ ਉਨ੍ਹਾਂ ਦੀ ਗੱਲ ਨਾ ਮੰਨੀ। ਮੈਂ ਇਹ ਵੀ ਭੁਲ ਗਿਆ ਕਿ ਧਰਤੀ ਦੀ ਮਿੱਟੀ ਜਿੰਨਾ ਵੀ ਉਪਰ ਵਲ ਉਛਾਲ ਲਵੇ, ਅਖੀਰ ਧਰਤੀ ‘ਤੇ ਹੀ ਡਿਗਦੀ ਹੈ। ਮੈਂ ਵੀ ਧਰਤੀ ‘ਤੇ ਆ ਗਿਆ ਸਾਂ। ਖੁਦਾ ਅੱਗੇ ਦੁਆ ਕੀਤੀ, ਗੁਨਾਹਾਂ ਦੀ ਮਾਫੀ ਮੰਗੀ ਅਤੇ ਸ਼ਹਿਰ ਛਡਣ ਦਾ ਫੈਸਲਾ ਕੀਤਾ।
ਹੁਣ ਮੈਂ ਸੜਕ ਦੇ ਕੰਢੇ ਬੈਠ ਜੱਦੀ ਕੰਮ (ਯਾਨਿ ਮੋਚੀ ਦਾ) ਕਰ ਰਿਹਾ ਹਾਂ। ਅਤੀਤ ਭੁਲਾਣਾ ਚਾਹੁੰਦਾ ਹਾਂ, ਪਰ ਭੁਲ ਨਹੀਂ ਸਕਦਾ। ਲੋਕਾਂ ਦੇ ਸਾਹਮਣੇ ਨਾ ਕੁਝ ਖਾ ਸਕਦਾ ਹਾਂ, ਨਾ ਪੀ ਸਕਦਾ ਹਾਂ। ਪਰ ਇਕ ਗੱਲ ਦਾ ਸਬਰ ਸੰਤੋਖ ਹੈ ਕਿ ਗੱਲਾਂ ਦੀ ਖੱਟੀ ਦੀ ਥਾਂ ਹੱਕ ਹਲਾਲ ਦੀ ਕਮਾਈ ਖਾਂਦਾ ਹਾਂ।