ਦੇਖ ਪਰਾਈਆਂ ਚੰਗੀਆਂ ਮਾਂਵਾਂ ਭੈਣਾਂ ਧੀਆਂ ਜਾਣੈ

ਡਾ. ਗੁਰਨਾਮ ਕੌਰ, ਕੈਨੇਡਾ
ਕੌਮਾਂਤਰੀ ਮਹਿਲਾ ਦਿਵਸ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਹੀ ਮਨਾਇਆ ਜਾਂਦਾ ਹੈ ਜਿਸ ਦਾ ਮੁੱਢਲਾ ਨਾਂ ‘ਕੌਮੀ ਕੰਮ-ਕਾਜੀ ਔਰਤਾਂ ਦਾ ਦਿਵਸ’ ਸੀ। ਸੰਸਾਰ ਦੇ ਉਦਯੋਗੀਕਰਣ ਦੇ ਨਾਲ ਨਾਲ ਅਬਾਦੀ ਵਿਚ ਵਾਧਾ ਹੋਇਆ, ਉਥਲ-ਪੁਥਲ ਅਤੇ ਗਰਮ-ਖਿਆਲੀ ਵਿਚਾਰਧਾਰਾਵਾਂ ਹੋਂਦ ਵਿਚ ਆਈਆਂ। ਦਮਨ ਅਤੇ ਹੱਕਾਂ ਵਿਚ ਨਾ-ਬਰਾਬਰੀ ਨੇ ਔਰਤਾਂ ਨੂੰ ਤਬਦੀਲੀ ਵਾਸਤੇ ਆਵਾਜ਼ ਉਠਾਉਣ ਲਈ ਪ੍ਰੇਰਿਆ। ਸੰਨ 1908 ਵਿਚ ਨਿਊ ਯਾਰਕ ਸ਼ਹਿਰ ਵਿਚ 15000 ਔਰਤਾਂ ਨੇ ਕੰਮ ਦੇ ਘੱਟ ਘੰਟਿਆਂ, ਬਿਹਤਰ ਉਜ਼ਰਤ ਅਤੇ ਵੋਟ ਦੇ ਅਧਿਕਾਰ ਲਈ ਮਾਰਚ ਕੀਤਾ। ਪਹਿਲਾ ‘ਕੌਮੀ ਮਹਿਲਾ ਦਿਵਸ’ 28 ਫਰਵਰੀ ਨੂੰ ਅਮਰੀਕਾ ਵਿਚ ‘ਸੋਸ਼ਲਿਸਟ ਪਾਰਟੀ ਆਫ ਅਮੈਰਿਕਾ’ ਨੇ ਮਨਾਇਆ।
ਸੰਨ 1910 ਵਿਚ ਕੌਪਨਹੇਗਨ ਵਿਚ ਕੰਮ-ਕਾਜੀ ਔਰਤਾਂ ਦੀ ਦੂਜੀ ਕੌਮਾਂਤਰੀ ਕਾਨਫਰੰਸ ਹੋਈ ਜਿਸ ਵਿਚ ਜਰਮਨ ਸੋਸ਼ਲਿਸਟ ਲੂਸੀ ਜ਼ੈਜ਼ (æੁਸਿe ਢਇਟਡ) ਨੇ ‘ਕੌਮਾਂਤਰੀ ਮਹਿਲਾ ਦਿਵਸ’ ਦੀ ਤਜਵੀਜ਼ ਰੱਖੀ ਜਿਸ ਦੀ ਕਲਾਰਾ ਜ਼ੈਕਿਨ (ਛਲਅਰਅ ਢeਟਕਨਿ) ਨੇ ਤਾਈਦ ਕੀਤੀ। ਸਤਾਰਾਂ ਮੁਲਕਾਂ ਤੋਂ ਤਕਰੀਬਨ ਸੌ ਡੈਲੀਗੇਟਾਂ ਨੇ ਔਰਤਾਂ ਲਈ ਬਰਾਬਰ ਦੇ ਹੱਕਾਂ ਦੇ ਵਿਚਾਰ ਨਾਲ ਸਹਿਮਤੀ ਜਤਾਈ। ਅਗਲੇ ਸਾਲ 18 ਮਾਰਚ 1911 ਨੂੰ ਪਹਿਲੀ ਵਾਰ ‘ਕੌਮਾਂਤਰੀ ਮਹਿਲਾ ਦਿਵਸ’ ਦੀ ਸੰਸਾਰ ਦੇ ਕਈ ਮੁਲਕਾਂ-ਆਸਟਰੀਆ, ਡੈਨਮਾਰਕ, ਜਰਮਨੀ ਅਤੇ ਸਵਿਟਜ਼ਰਲੈਂਡ ਆਦਿ ਵਿਚ ਨਿਸ਼ਾਨਦੇਹੀ ਕੀਤੀ ਗਈ ਅਤੇ ਦਿਖਾਵੇ ਕੀਤੇ ਗਏ। ਅਮਰੀਕਾ ਨੇ ਫਰਵਰੀ ਦੇ ਆਖ਼ਰੀ ਐਤਵਾਰ ‘ਕੌਮੀ ਮਹਿਲਾ ਦਿਵਸ’ ਮਨਾਉਣਾ ਜ਼ਾਰੀ ਰੱਖਿਆ।
‘ਕੌਮਾਂਤਰੀ ਮਹਿਲਾ ਦਿਵਸ’ ਹਰ ਸਾਲ 8 ਮਾਰਚ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਯੂæਐਨæਓæ ਵਲੋਂ ਹਰ ਸਾਲ ਔਰਤਾਂ ਵਾਸਤੇ ਕੀਤੇ ਜਾਣ ਵਾਲੇ ਕਾਰਜਾਂ ਦਾ ਖ਼ਾਸ ਏਜੰਡਾ ਰੱਖਿਆ ਜਾਂਦਾ ਹੈ ਜਿਨ੍ਹਾਂ ਵਿਚੋਂ ਕੁੱਝ ਇੱਕ ਦਾ ਜ਼ਿਕਰ ਇਥੇ ਜ਼ਰੂਰੀ ਹੈ। 1996 ਦਾ ਵਰ੍ਹਾ-ਬੀਤੇ ਦਾ ਜਸ਼ਨ ਮਨਾਉਣ ਅਤੇ ਭਵਿੱਖ ਦੀ ਵਿਉਂਤ; 1997-ਔਰਤਾਂ ਅਤੇ ਸ਼ਾਂਤੀ; 1998-ਔਰਤਾਂ ਅਤੇ ਮਨੁੱਖੀ ਅਧਿਕਾਰ; 1999-ਔਰਤਾਂ ਖ਼ਿਲਾਫ ਹਿੰਸਾ-ਰਹਿਤ ਸੰਸਾਰ; 2003- ਔਰਤ-ਮਰਦ ਬਰਾਬਰੀ ਅਤੇ ਦਹਿਸਦੀ ਵਿਕਾਸ ਟੀਚੇ; 2005-ਔਰਤ-ਮਰਦ ਬਰਾਬਰੀ 2005 ਤੋਂ ਅੱਗੇ ਅਤੇ ਔਰਤਾਂ ਲਈ ਵੱਧ ਸੁਰੱਖਿਅਤ ਭਵਿੱਖ ਦੀ ਸਿਰਜਣਾ; 2007-ਔਰਤਾਂ ਅਤੇ ਲੜਕੀਆਂ ਖਿਲਾਫ਼ ਹਿੰਸਾ ਤੇ ਸਜਾ-ਮੁਕਤੀ ਦਾ ਅੰਤ;, 2009-ਔਰਤਾਂ ਅਤੇ ਲੜਕੀਆਂ ਵਿਰੁਧ ਹਿੰਸਾ ਖਿਲਾਫ ਔਰਤਾਂ ਅਤੇ ਪੁਰਸ਼ਾਂ ਦੀ ਏਕਤਾ; 2010-ਬਰਾਬਰ ਅਧਿਕਾਰ, ਬਰਾਬਰ ਅਵਸਰ, ਸਭ ਦੀ ਉਨਤੀ; 2011-ਸਿੱਖਿਆ ਲਈ ਬਰਾਬਰ ਪਹੁੰਚ, ਸਿਖਲਾਈ ਅਤੇ ਸਾਇੰਸ ਤੇ ਤਕਨਾਲੋਜੀ, ਔਰਤਾਂ ਲਈ ਚੰਗੇ ਕੰਮ ਦਾ ਮਾਰਗ; 2012-ਪੇਂਡੂ ਔਰਤ ਨੂੰ ਸ਼ਕਤੀਸ਼ਾਲੀ ਬਣਾਉਣਾ, ਗ਼ਰੀਬੀ ਅਤੇ ਭੁੱਖ ਦਾ ਅੰਤ; 2013-ਇਕਰਾਰ ਇਕਰਾਰ ਹੈ: ਔਰਤਾਂ ਖਿਲਾਫ਼ ਹਿੰਸਾ ਦਾ ਅੰਤ ਕਰਨ ਲਈ ਅਮਲ ਦਾ ਸਮਾਂ।
ਇਸ ਸੂਚੀ ਤੋਂ ਜਾਹਰ ਹੈ ਕਿ ਸੰਨ 1996 ਤੋਂ ਲੈ ਕੇ ਹੁਣ ਤੱਕ ਦੇ ਯੂæਐਨæਓæ ਵਲੋਂ ਔਰਤ-ਦਿਵਸ ਤੇ ਔਰਤਾਂ ਲਈ ਮਿੱਥੇ ਕਾਰਜਾਂ ਵਿਚ ਔਰਤਾਂ ਉਤੇ ਹਿੰਸਾ ਨੂੰ ਖ਼ਤਮ ਕਰਨ ਦਾ ਏਜੰਡਾ ਸਭ ਤੋਂ ਵੱਧ ਵਾਰ ਰੱਖਿਆ ਗਿਆ ਹੈ। ਪਰ ਸਵਾਲ ਹੈ ਕਿ ਯੂæਐਨæਓæ ਵਲੋਂ ਵੱਖ ਵੱਖ ਰੂਪਾਂ ਵਿਚ ਏਨੀ ਵਾਰੀ ਇੱਕੋ ਏਜੰਡਾ ਰੱਖਣ ‘ਤੇ ਵੀ ਕੀ ਅੱਜ ਇੱਕੀਵੀਂ ਸਦੀ ਵਿਚ, ਜਿਸ ਨੂੰ ਮਨੁੱਖੀ ਇਤਿਹਾਸ ਦੀ ਸਭ ਤੋਂ ਅਗਾਂਹਵਧੂ ਸਦੀ ਕਿਹਾ ਜਾ ਸਕਦਾ ਹੈ, ਔਰਤਾਂ ‘ਤੇ ਤਸ਼ੱਦਦ ਵਿਚ ਕਿੰਨੀ ਕੁ ਕਮੀ ਆਈ ਹੈ? ਜਦ ਕਿ ਅੱਜ ਔਰਤ ਕਾਫੀ ਹੱਦ ਤੱਕ ਸਿਖਿਅਤ ਅਤੇ ਆਰਥਿਕ ਤੌਰ ‘ਤੇ ਆਤਮ-ਨਿਰਭਰ, ਹਰ ਖੇਤਰ ਵਿਚ ਪੁਰਸ਼ਾਂ ਦੇ ਬਰਾਬਰ ਕੰਮ ਕਰਨ ਅਤੇ ਫੈਸਲੇ ਲੈ ਸਕਣ ਦੇ ਯੋਗ ਹੋ ਗਈ ਹੈ।
ਔਰਤਾਂ ਪ੍ਰਤੀ ਹਿੰਸਾ ਦੇ ਕਈ ਰੂਪ ਹਨ ਜਿਵੇਂ ਜਨਮ ਤੋਂ ਪਹਿਲਾਂ ਹੀ ਮਾਂ ਦੇ ਪੇਟ ਵਿਚ ਲੜਕੀਆਂ ਦਾ ਕਤਲ, ਬਲਾਤਕਾਰ, ਘਰੇਲੂ ਹਿੰਸਾ, ਦਾਜ ਨਾ ਲਿਆਉਣ ਜਾਂ ਘੱਟ ਲਿਆਉਣ ‘ਤੇ ਮਾਰ-ਕੁਟਾਈ ਅਤੇ ਕਈ ਵਾਰ ਜਾਨ ਤੋਂ ਮਾਰ ਦੇਣਾ, ਬੱਸਾਂ-ਗੱਡੀਆਂ ਵਿਚ ਸਫਰ ਕਰਦਿਆਂ, ਜਨਤਕ ਥਾਂਵਾਂ ਜਾਂ ਕੰਮ ਦੀਆਂ ਥਾਂਵਾਂ ‘ਤੇ ਜਿਸਮਾਨੀ ਛੇੜ-ਛਾੜ ਆਦਿ। ਪੰਜਾਬ ਟਾਈਮਜ਼ ਦੇ 23 ਫਰਵਰੀ ਦੇ ਅੰਕ ਵਿਚ ਛਪੀ ਖਬਰ ਅਨੁਸਾਰ ‘ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ’ ਵਲੋਂ ਤਿਆਰ ਕੀਤੀ ਗਈ ਰਿਪੋਰਟ ਅਨੁਸਾਰ ਦਿੱਲੀ ਸਮੂਹਿਕ ਬਲਾਤਕਾਰ ਦੀ ਘਟਨਾ ਤੋਂ ਬਾਅਦ ਪੰਜਾਬ ਵਿਚ ਬਲਾਤਕਾਰ ਦੇ ਕੇਸਾਂ ਵਿਚ ਦੋ ਗੁਣਾਂ ਤੋਂ ਵੱਧ ਵਾਧਾ ਹੋਇਆ ਹੈ। ਇਹ ਤੁਲਨਾਤਮਕ ਅਧਿਐਨ ਕਮਿਸ਼ਨ ਨੇ ਦਰਜ਼ ਹੋਈਆਂ ਸ਼ਿਕਾਇਤਾਂ ਦੇ ਆਧਾਰ ‘ਤੇ ਕੀਤਾ ਹੈ (ਇਸ ਵਿਚ ਸਮੂਹਕ ਬਲਾਤਕਾਰ ਦੀਆਂ ਸ਼ਿਕਾਇਤਾਂ ਸ਼ਾਮਲ ਨਹੀਂ ਹਨ)। ਦਾਜ ਮੰਗਣ ਦੇ ਕੇਸਾਂ ਅਤੇ ਦਾਜ ਕਾਰਨ ਜਾਨੋਂ ਮਾਰ ਦੇਣ ਦੀ ਸਾਜ਼ਿਸ਼ ਰਚਣ ਦੇ ਕੇਸਾਂ ਅਤੇ ਸਰਕਾਰੀ ਦਫ਼ਤਰਾਂ ‘ਚ ਔਰਤਾਂ ਨਾਲ ਛੇੜ-ਛਾੜ ਕਰਨ ਦੇ ਕੇਸਾਂ ਵਿਚ ਵੀ ਵਾਧਾ ਹੋਇਆ ਹੈ। ਇਸੇ ਅਖਬਾਰ ਵਿਚ ਛਪੀ ਸੰਗਰੂਰ ਜ਼ਿਲੇ ਦੇ ਇੱਕ ਪਿੰਡ ਦੀ ਖ਼ਬਰ ਵਿਚ ਦੱਸਿਆ ਗਿਆ ਹੈ ਕਿ ਸਕੂਲ ਦੇ ਗਣਿਤ ਦੇ ਅਧਿਆਪਕ ਗੁਰਜੰਟ ਸਿੰਘ ਨੇ 14 ਸਾਲ ਦੀ ਇੱਕ ਵਿਦਿਆਰਥਣ ਨਾਲ ਜਬਰ ਜਨਾਹ ਕੀਤਾ ਅਤੇ ਪੁਲਿਸ ਨੇ ਇਹ ਮਾਮਲਾ ਦਰਜ ਕੀਤਾ ਹੈ। ਪਿਛਲੇ ਸਮੇਂ ਵਿਚ ਦਿੱਲੀ ਸਮੂਹਕ ਬਲਾਤਕਾਰ ਦੀ ਘਟਨਾ, ਫ਼ਰੀਦਕੋਟ ਵਿਚ ਸ਼ਰੁਤੀ-ਅਗਵਾ ਕਾਂਡ ਅਤੇ ਅੰਮ੍ਰਿਤਸਰ ਸ਼ਹਿਰ ਵਿਚ ਧੀ ਦੀ ਇੱਜ਼ਤ ਬਚਾਉਣ ਗਏ ਪੁਲਿਸ ਅਫ਼ਸਰ ਦੀ ਹੱਤਿਆ ਦੇ ਕੇਸ ਬਹੁਤ ਚਰਚਾ ਵਿਚ ਰਹੇ ਹਨ। ਪਹਿਲੇ ਦੋ ਕੇਸ ਇਸ ਲਈ ਜ਼ਿਆਦਾ ਚਰਚਾ ਦਾ ਵਿਸ਼ਾ ਬਣੇ ਕਿਉਂਕਿ ਇਨ੍ਹਾਂ ਘਟਨਾਵਾਂ ਦੇ ਖ਼ਿਲਾਫ ਜਨਤਾ ਨੇ ਸੜਕਾਂ ‘ਤੇ ਨਿਕਲ ਕੇ ਲਗਾਤਾਰ ਜ਼ੋਰਦਾਰ ਰੋਸ ਪ੍ਰਗਟ ਕੀਤਾ ਅਤੇ ਤੀਸਰਾ ਕੇਸ ਅਜਿਹਾ ਕੇਸ ਹੈ ਜਿਸ ਵਿਚ ਇੱਕ ਪੁਲਿਸ ਅਫ਼ਸਰ, ਜਿਸ ਪਾਸੋਂ ਆਮ ਜਨਤਾ ਦੀ ਰਾਖੀ ਦੀ ਜ਼ਿੰਮੇਵਾਰੀ ਦੀ ਤਵੱਕੋ ਕੀਤੀ ਜਾਂਦੀ ਹੈ, ਵਰਦੀ ਵਿਚ ਹੁੰਦਿਆਂ ਵੀ ਆਪਣੀ ਧੀ ਦੀ ਇੱਜ਼ਤ ਬਚਾਉਂਦਿਆਂ ਆਪਣੀ ਜਾਨ ਤੋਂ ਹੱਥ ਧੋਣੇ ਪਏ, ਉਹ ਵੀ ਇਲਾਕੇ ਦੇ ਪੁਲਿਸ ਕੇਂਦਰ ਦੇ ਬਿਲਕੁਲ ਨੇੜੇ। ਫ਼ਰੀਦਕੋਟ ਅਤੇ ਅੰਮ੍ਰਿਤਸਰ ਦੇ ਕੇਸਾਂ ਵਿਚ ਇੱਕ ਗੱਲ ਸਾਂਝੀ ਹੈ ਕਿ ਦੋਸ਼ੀਆਂ ਦਾ ਸਬੰਧ ਇੱਕ ਜਾਂ ਦੂਜੇ ਢੰਗ ਨਾਲ ਮੌਜੂਦਾ ਸਰਕਾਰ ਦੀ ਸਰਪ੍ਰਸਤੀ ਨਾਲ ਜੁੜਿਆ ਹੋਇਆ ਸੀ। ਪ੍ਰੇਸ਼ਾਨੀ ਵਾਲੀ ਗੱਲ ਇਹ ਵੀ ਹੈ ਕਿ ਜੇ ਅਜਿਹੇ ਸੂਬੇ ਵਿਚ, ਜਿਸ ਨੂੰ ਔਰਤਾਂ ਵਾਸਤੇ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ ਸੀ, ਇੱਕ ਪੁਲਿਸ ਅਫ਼ਸਰ ਨੂੰ ਆਪਣੀ ਧੀ ਦੀ ਇੱਜ਼ਤ ਬਚਾਉਣ ਲਈ ਆਪਣੀ ਜਾਨ ਤੋਂ ਹੱਥ ਧੋਣੇ ਪੈ ਸਕਦੇ ਹਨ ਤਾਂ ਆਮ ਬੰਦੇ ਦਾ ਕੀ ਹਸ਼ਰ ਹੋਵੇਗਾ?
‘ਸੋਸ਼ਲਿਸਟ ਪਾਰਟੀ ਆਫ ਅਮੈਰਿਕਾ’ ਦੇ ਹੋਂਦ ਵਿਚ ਆਉਣ ਤੋਂ ਵੀ ਕਿਤੇ ਪਹਿਲਾਂ 15ਵੀਂ ਸਦੀ ਵਿਚ, ਉਸ ਮੱਧ-ਜੁਗ ਦੇ ਸਮੇਂ ਵਿਚ ਜਿਸ ਨੂੰ ਪੱਛਮੀ ਫ਼ਲਸਫ਼ੇ ਦੇ ਇਤਿਹਾਸ ਵਿਚ ‘ਡਾਰਕ ਪੀਰੀਅਡ’ ਕਿਹਾ ਗਿਆ ਹੈ, ਗੁਰੂ ਨਾਨਕ ਸਾਹਿਬ ਨੇ ਪੁਰਸ਼ ਦੇ ਬਰਾਬਰ ਔਰਤ ਦੇ ਸਮਾਜਿਕ ਅਤੇ ਧਾਰਮਿਕ, ਅਧਿਆਤਮਕ ਰੁਤਬੇ ਅਤੇ ਹੱਕ ਲਈ ਆਵਾਜ਼ ਉਠਾਈ। ਸਿਰਫ਼ ਆਵਾਜ਼ ਹੀ ਨਹੀਂ ਉਠਾਈ ਉਸ ਨੂੰ ਬਰਾਬਰ ਦਾ ਦਰਜ਼ਾ ਦਿੱਤਾ। ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਰਾਹੀਂ ਸਮਝਾਇਆ ਕਿ ਇਸਤਰੀ ਤੋਂ ਬਗੈਰ ਸਮਾਜ ਦੀ ਹੋਂਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸੇ ਲਈ ਗੁਰੂ ਨਾਨਕ ਸਾਹਿਬ ਨੇ ਅਧਿਆਤਮਕ ਅਨੁਭਵ ਨੂੰ ਇਕਾਂਤ ਵਿਚੋਂ ਕੱਢ ਕੇ ਗ੍ਰਹਿਸਥ ਨਾਲ ਜੋੜਿਆ। ਇਕਾਂਤਕ ਭਗਤੀ, ਸਨਿਆਸ ਅਤੇ ਇਸਤਰੀ ਦਾ ਨਿਰਾਦਰ ਕਰਨ ਵਾਲੀਆਂ ਜੋਗ-ਮੱਤ ਵਰਗੀਆਂ ਧਾਰਮਿਕ ਪਰੰਪਰਾਵਾਂ ਨੂੰ ਵੰਗਾਰਿਆ। ਵਿਹਲੇ ਰਹਿ ਕੇ ਰੱਬ ਨੂੰ ਪਾਉਣ ਵਾਲੇ ਅਜਿਹੇ ਅਧਿਆਤਮਵਾਦੀਆਂ ਨੂੰ ਉਨ੍ਹਾਂ ਨੇ ਸਮਾਜ ਦਾ ਬੋਝ ਅਤੇ ਸਮਾਜ ਨੂੰ ਠੱਗਣ ਵਾਲੇ ਗਰਦਾਨਿਆ (ਅੱਜ ਕਲ੍ਹ ਦੇ ਸੰਤ ਅਤੇ ਡੇਰੇਦਾਰ ਵੀ ਇਸੇ ਵਰਗ ਵਿਚ ਆਉਂਦੇ ਹਨ)।
ਸਿੱਖ ਧਰਮ ਦੇ ਆਗ਼ਾਜ਼ ਨਾਲ ਹਿੰਦੁਸਤਾਨ ਦੀ ਧਰਤੀ ‘ਤੇ ਚਾਨਣ ਦਾ ਨਵਾਂ ਜੁਗ ਸ਼ੁਰੂ ਹੋਇਆ। ਇਸਤਰੀ ਦੇ ਸਤਿਕਾਰ ਦੀ ਬਹਾਲੀ ਲਈ ਅਮਲੀ ਕਦਮ ਚੁੱਕੇ ਗਏ। ਇਸਤਰੀ ਉਤੇ ਤਸ਼ੱਦਦ ਅਤੇ ਉਸ ਦੀ ਗ਼ੁਲਾਮੀ ਨਾਲ ਜੁੜੀਆਂ ਰਸਮਾਂ ਜਿਵੇਂ ਸਤੀ ਦੀ ਰਸਮ ਅਤੇ ਪਰਦਾ ਆਦਿ ਦਾ ਖੁਲ੍ਹਾ ਵਿਰੋਧ ਕੀਤਾ ਜਾਣ ਲੱਗਾ। ਸਿੱਖ ਇਸਤਰੀ ਨੇ ਬਰਾਬਰ ਦੇ ਹੱਕਾਂ ਨੂੰ ਮਾਣਿਆ ਵੀ ਅਤੇ ਆਪਣੀ ਲੋੜੀਂਦੀ ਭੂਮਿਕਾ ਵੀ ਨਿਭਾਈ। ਸਿੱਖ ਨੂੰ ਇਹ ਸਿੱਖਿਆ ਖਾਸ ਤੌਰ ‘ਤੇ ਦਿੱਤੀ ਗਈ ਕਿ ਉਸ ਨੇ ਹਰ ਇਸਤਰੀ ਦਾ ਬਿਨਾ ਕਿਸੇ ਭੇਦ-ਭਾਵ ਦੇ ਸਤਿਕਾਰ ਕਰਨਾ ਹੈ। ਇਤਿਹਾਸ ਗਵਾਹ ਹੈ ਕਿ ਜਿਥੇ ਅਤੇ ਜਦੋਂ ਵੀ ਲੋੜ ਪਈ ਖ਼ਾਲਸੇ ਨੇ ਇਸਤਰੀ ਦੀ ਇਜ਼ਤ ਦੀ ਰਾਖੀ ਕੀਤੀ। ਭਾਈ ਗੁਰਦਾਸ ਆਪਣੀਆਂ ਰਚਨਾਵਾਂ ਵਿਚ ਇੱਕ ਸਿੱਖ ਨੂੰ ਕਿਹੋ ਜਿਹਾ ਹੋਣਾ ਚਾਹੀਦਾ ਹੈ, ਦਾ ਜ਼ਿਕਰ ਕਰਦਿਆਂ ਇਸਤਰੀ ਦੇ ਸਤਿਕਾਰ ਵੱਲ ਵਿਸ਼ੇਸ਼ ਧਿਆਨ ਦੁਆਉਂਦੇ ਹਨ। ਉਹ ਜਿੱਥੇ ਸਿੱਖ ਨੂੰ ਗੁਰੂ ਦੀ ਸਿੱਖਿਆ ‘ਤੇ ਚੱਲਦਿਆਂ ਗਿਆਨਵਾਨ ਹੋਣ, ਪਰਾਇਆ ਧਨ ਨਾ ਖਾਣ, ਗ੍ਰਹਿਸਥ ਜੀਵਨ ਜਿਉਣ ਅਤੇ ਸਤਿਸੰਗਤਿ ਦਾ ਉਪਦੇਸ਼ ਕਰਦੇ ਹਨ, ਨਾਲ ਹੀ ਕਹਿੰਦੇ ਹਨ ਕਿ ਪਰਾਈ ਇਸਤਰੀ ਨੂੰ ਵੀ ਸਤਿਕਾਰ ਦੀ ਨਜ਼ਰ ਨਾਲ ਦੇਖਣਾ ਹੈ,
ਏਕਾ ਨਾਰੀ ਜਤੀ ਹੋਇ
ਪਰ ਨਾਰੀ ਧੀ ਭੈਣ ਵਖਾਣੈ। (6/8)
ਹਉ ਤਿਸੁ ਘੋਲਿ ਘੁਮਾਇਆ
ਗੁਰਮਤਿ ਰਿਦੈ ਗਰੀਬੀ ਆਵੈ।
ਹਉ ਤਿਸੁ ਘੋਲਿ ਘੁਮਾਇਆ
ਪਰ ਨਾਰੀ ਦੇ ਨੇੜਿ ਨ ਜਾਵੈ। (12/4)
ਭਾਈ ਸਾਹਿਬ ਵਾਰ ਵਾਰ ਸਿੱਖ ਨੂੰ ਇਹ ਦ੍ਰਿੜ ਕਰਵਾਉਂਦੇ ਹਨ ਕਿ ਪਰਾਈਆਂ ਔਰਤਾਂ ਨੂੰ ਉਮਰ ਅਨੁਸਾਰ ਮਾਂਵਾਂ, ਭੈਣਾਂ ਅਤੇ ਆਪਣੀਆਂ ਧੀਆਂ ਦੇ ਸਮਾਨ ਸਮਝਣਾ ਹੈ। ਪਰਾਇਆ ਧਨ ਛਕਣਾ ਉਵੇਂ ਹੀ ਹੈ ਜਿਵੇਂ ਮੁਸਲਮਾਨ ਲਈ ਸੂਰ ਦੀ ਆਣ ਅਤੇ ਹਿੰਦੂ ਲਈ ਗਊ ਦੀ ਆਣ। ਪੁੱਤਰ ਜਾਂ ਪਰਿਵਾਰਕ ਮੋਹ ਵਿਚ ਆ ਕੇ ਕਿਸੇ ਨਾਲ ਧੱਕਾ ਜਾਂ ਜੋਰ ਕਰਨਾ ਬੁਰਾ ਹੈ। ਕੰਨਾਂ ਨਾਲ ਕਿਸੇ ਦੀ ਉਸਤਤਿ ਜਾਂ ਬੁਰਾਈ ਸੁਣ ਕੇ ਉਸ ਨੂੰ ਆਪਣੇ ਆਪ ਤੋਂ ਬੁਰਾ ਨਹੀਂ ਸਮਝਣਾ, ਸ਼ਕਤੀਸ਼ਾਲੀ ਹੋਣ ‘ਤੇ ਜਾਂ ਹਉਮੈ ਵਿਚ ਕਿਸੇ ਨੂੰ ਨਾਰਾਜ਼ ਨਹੀਂ ਕਰਨਾ। ਇਸ ਤਰ੍ਹਾਂ ਗੁਰੂ ਦੇ ਰਸਤੇ ‘ਤੇ ਚੱਲਣ ਵਾਲਾ ਸੁੱਖ ਫਲ ਦੀ ਪ੍ਰਾਪਤੀ ਕਰਦਾ ਹੈ ਅਤੇ ਰਾਜ-ਜੋਗ ਮਾਣਦਾ ਹੈ। ਅਜਿਹੇ ਗੁਣ ਸਤਿ-ਸੰਗਤਿ ਵਿਚ ਜਾਇਆਂ ਪ੍ਰਾਪਤ ਹੁੰਦੇ ਹਨ ਜਿਸ ਤੋਂ ਕੁਰਬਾਨ ਜਾਈਏ,
ਦੇਖਿ ਪਰਾਈਆਂ ਚੰਗੀਆਂ
ਮਾਂਵਾਂ ਭੈਣਾਂ ਧੀਆਂ ਜਾਣੈ।
ਉਸੁ ਸੂਅਰੁ ਉਸੁ ਗਾਇ ਹੈ
ਪਰ ਧਨ ਹਿੰਦੂ ਮੁਸਲਮਾਣੈ।
ਅਹਿਮਦ ਸ਼ਾਹ ਅਬਦਾਲੀ ਵਰਗੇ ਧਾੜਵੀ ਜਦੋਂ ਹਿੰਦੁਸਤਾਨ ਨੂੰ ਲੁੱਟਣ ਦੇ ਇਰਾਦੇ ਨਾਲ ਹਮਲਾ ਕਰਦੇ ਤਾਂ ਧਨ-ਦੌਲਤ ਦੇ ਨਾਲ ਨਾਲ ਇਥੋਂ ਔਰਤਾਂ ਨੂੰ ਵੀ ਬੰਦੀ ਬਣਾ ਕੇ ਲੈ ਜਾਣ ਦੀ ਕੋਸ਼ਿਸ਼ ਕਰਦੇ ਪਰ ਗੁਰੂ ਦਾ ਖ਼ਾਲਸਾ ਉਨ੍ਹਾਂ ਉਤੇ ਹਮਲਾ ਕਰਕੇ ਔਰਤਾਂ ਨੂੰ ਛੁਡਾ ਲੈਂਦਾ ਅਤੇ ਉਨ੍ਹਾਂ ਦੇ ਘਰੀਂ ਛੱਡ ਕੇ ਆਉਂਦਾ (ਇਨ੍ਹਾਂ ਘਟਨਾਵਾਂ ਦਾ ਜ਼ਿਕਰ ਸਾਡੇ ਕਵੀਸ਼ਰ ਅਤੇ ਢਾਡੀ ਸਟੇਜਾਂ ਤੇ ਬੜੇ ਜ਼ੋਰ ਨਾਲ ਕਰਦੇ ਹਨ ਕਿ ‘ਅਸੀਂ ਹਿੰਦੂਆਂ ਦੀਆਂ ਧੀਆਂ ਭੈਣਾਂ ਛੁਡਾਉਂਦੇ ਰਹੇ।’ ਉਹ ਭੁੱਲ ਜਾਂਦੇ ਹਨ ਕਿ ਧਾੜਵੀ ਦਾ ਕੋਈ ਧਰਮ ਨਹੀਂ ਹੁੰਦਾ। ਬਾਹਰੋਂ ਆਉਣ ਵਾਲੇ ਹਿੰਦੂ ਜਾਂ ਮੁਸਲਮਾਨ ਇਸਤਰੀ ਵਿਚ ਕੋਈ ਫਰਕ ਨਹੀਂ ਸੀ ਕਰਦੇ)। ਬਾਬਰ ਨੇ ਜਦੋਂ ਹਿੰਦੁਸਤਾਨ ‘ਤੇ ਹਮਲਾ ਕੀਤਾ ਤਾਂ ਇਥੇ ਪਠਾਣਾਂ ਦਾ ਰਾਜ ਸੀ ਅਤੇ ਬਾਬਰ ਦੀ ਫੌਜ ਨੇ ਹਿੰਦੂ ਅਤੇ ਮੁਸਲਿਮ-ਦੋਹਾਂ ਧਰਮਾਂ ਦੀਆਂ ਔਰਤਾਂ ‘ਤੇ ਜ਼ੁਲਮ ਕੀਤਾ, ਜਿਸ ਦਾ ਜ਼ਿਕਰ ਗੁਰੂ ਨਾਨਕ ਇਸ ਤਰ੍ਹਾਂ ਕਰਦੇ ਹਨ,
ਮੁਸਲਮਾਨੀਆ ਪੜਹਿ ਕਤੇਬਾ
ਕਸਟ ਮਹਿ ਕਰਹਿ ਖੁਦਾਇ ਵੇ ਲਾਲੋ॥
ਜਾਤਿ ਸਨਾਤੀ ਹੋਰਿ ਹਿਦਵਾਣੀਆ
ਏਹਿ ਭੀ ਲੇਖੈ ਲਾਇ ਵੇ ਲਾਲੋ॥
(ਪੰਨਾ 722)
ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗੁਰੂ ਦਾ ਸਿੱਖ ਕਹਾਉਣ ਵਾਲੇ ਵਿਅਕਤੀ ਦਾ ਕਿਰਦਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ। ਫਿਰ ਅੱਜ ਆਪਣੇ ਆਪ ਨੂੰ ‘ਪੰਥਕ’ ਕਹਾਉਣ ਵਾਲੀ ਸਰਕਾਰ ਦੇ ਸਮੇਂ, ਜਿਸ ਦੀ ਪਾਰਟੀ ਦਾ ਕਬਜ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਵੀ ਹੋ ਗਿਆ ਹੈ, ਪੰਜਾਬ ਬਲਾਤਕਾਰੀ, ਲੁੱਟਾਂ-ਖੋਹਾਂ, ਨਸ਼ਿਆਂ, ਨਾਜਾਇਜ਼ ਕਬਜਿਆਂ ਅਤੇ ਹੋਰ ਹਰ ਤਰ੍ਹਾਂ ਦੇ ਜੁਰਮਾਂ ਦਾ ਪ੍ਰਾਂਤ ਕਿਉਂ ਬਣਦਾ ਜਾਂਦਾ ਹੈ? ਇਸ ਸਭ ਦੀ ਜਿੰਮੇਵਾਰੀ ਰਾਜ ਸਰਕਾਰ ‘ਤੇ ਆਉਂਦੀ ਹੈ। ਗੁਰੂ ਨਾਨਕ ਸਾਹਿਬ ਬਾਬਰ ਦੇ ਹਮਲੇ ਦਾ ਜ਼ਿਕਰ ਕਰਦਿਆਂ ਫਰਮਾਉਂਦੇ ਹਨ ਕਿ ਜੇ ਤਕੜਾ ਤਕੜੇ ਨੂੰ ਮਾਰੇ ਤਾਂ ਕਿਸੇ ਦੇ ਮਨ ਵਿਚ ਰੋਸ ਨਹੀਂ ਜਾਗਦਾ ਪਰ ਜੇ ਸ਼ੇਰ ਕਮਜ਼ੋਰ ਵੱਗ ਨੂੰ ਪੈ ਨਿਕਲੇ ਤਾਂ ਫਿਰ ਵੱਗ ਦਾ ਮਾਲਕ ਜਵਾਬਦੇਹ ਹੁੰਦਾ ਹੈ,
ਸਕਤਾ ਸੀਹੁ ਮਾਰੇ ਪੈ ਵਗੈ
ਖਸਮੈ ਸਾ ਪੁਰਸਾਈ॥(ਪੰਨਾ 360)
ਇਸ ਲਈ ਸਟੇਟ ਵਿਚ ਜੋ ਵੀ ਵਾਪਰ ਰਿਹਾ ਹੈ ਉਸ ਦੀ ਜਿੰਮੇਵਾਰੀ ਇਸ ਦੀ ਸਰਕਾਰ ‘ਤੇ ਆਉਂਦੀ ਹੈ। ਮਨੁੱਖ ਦੇ ਬੁਰੇ ਵਰਤਾਉ ਲਈ ਗੁਰਮਤਿ ਦਰਸ਼ਨ ਵਿਚ ਪੰਜ ਵਿਕਾਰਾਂ-ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਨੂੰ ਮੰਨਿਆ ਗਿਆ ਹੈ। ਵਿਅਕਤੀਗਤ ਅਤੇ ਸਮੂਹਕ ਪੱਧਰ ‘ਤੇ ਇਹ ਪੰਜੇ ਵਿਕਾਰ ਇਸ ਵੇਲੇ ਵੀ ਮਾੜੇ ਮਨੁੱਖੀ ਵਰਤਾਰੇ ਦਾ ਕਾਰਨ ਹਨ ਭਾਵੇਂ ਇਹ ਭਰੂਣ-ਹੱਤਿਆ, ਦਾਜ, ਬਲਾਤਾਕਾਰ ਅਤੇ ਔਰਤਾਂ ਨਾਲ ਸਬੰਧਤ ਹੋਰ ਜ਼ੁਰਮ ਹਨ। ਇਨ੍ਹਾਂ ਦੀਆਂ ਜੜ੍ਹਾਂ ਵੀ ਕਿਤੇ ਨਾ ਕਿਤੇ ਪੰਜਾਬੀ ਸਮਾਜ ਵਿਚ ਹੀ ਪਈਆਂ ਹਨ। ਪੰਜਾਬੀ ਸਭਿਆਚਾਰ ਦੇ ਨਾਂ ਹੇਠ ਬਹੁ-ਗਿਣਤੀ ਪੰਜਾਬੀ ਗਾਇਕ ਇਨ੍ਹਾਂ ਮਾੜੀਆਂ ਬਿਰਤੀਆਂ ਨੂੰ ਉਤਸ਼ਾਹ ਦੇ ਰਹੇ ਹਨ। ਪੈਸੇ ਦੇ ਲਾਲਚ ਵਿਚ ਉਹ ਧੀਆਂ-ਭੈਣਾਂ ਦੇ ਸੰਕਲਪ ਅਤੇ ਸਮਾਜਿਕ ਰਿਸ਼ਤਿਆਂ ਨੂੰ ਹੀ ਭੁੱਲ ਗਏ ਹਨ ਅਤੇ ਇਸਤਰੀ ਦਾ ਜ਼ਿਕਰ ਉਹ ਕਿਸੇ ‘ਵਸਤੂ’ ਵਾਂਗ ਕਰਦੇ ਹਨ ਜਿਸ ਨਾਲ ਕੁੱਝ ਵੀ ਕੀਤਾ ਜਾ ਸਕਦਾ ਹੈ। ਗੀਤਕਾਰਾਂ ਅਤੇ ਗਾਇਕਾਂ ਨੇ ਸਮਾਜਿਕ ਰਿਸ਼ਤਿਆਂ ਦੀ ਨੈਤਿਕਤਾ ਨੂੰ ਮਲੀਆਮੇਟ ਕਰ ਦਿੱਤਾ ਹੈ। ਦਾਜ਼ ਦੇ ਲਾਲਚੀ ਇਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੇ ਘਰ ਨੂੰਹ ਬਣ ਕੇ ਆਉਣ ਵਾਲੀ ਵੀ ਕਿਸੇ ਦੀ ਧੀ ਹੈ। ਨਿਤ ਦਾ ਦੁਰ-ਵਿਹਾਰ ਦੇਖ ਕੇ ਧੀਆਂ ਦੇ ਮਾਪੇ ਏਨੇ ਪ੍ਰੇਸ਼ਾਨ ਹੁੰਦੇ ਹਨ ਕਿ ਲੋਕ ਧੀਆਂ ਜੰਮਣ ਤੋਂ ਹੀ ਇਨਕਾਰ ਕਰਨ ਲੱਗ ਪਏ ਹਨ।
ਸਾਡੀ ਪੁਲਿਸ ਦੇ ਤਾਂ ਕਹਿਣੇ ਹੀ ਕੀ ਹਨ। ਅੰਗਰੇਜ਼ ਨੇ ਪੁਲਿਸ ਦਾ ਢਾਂਚਾ ਇਸ ਕਿਸਮ ਦਾ ਤਿਆਰ ਕੀਤਾ ਸੀ, ਜਿਸ ਰਾਹੀਂ ਉਹ ਲੋਕਾਂ ਨੂੰ ਡਰਾ ਕੇ ਰੱਖ ਸਕੇ। ਅੰਗਰੇਜ਼ਾਂ ਦੇ ਚਲੇ ਜਾਣ ਦੇ 66 ਸਾਲ ਬਾਅਦ ਵੀ ਪੰਜਾਬ ਦੇ ਪੁਲਿਸ ਢਾਂਚੇ ਅਤੇ ਨਜ਼ਰੀਏ ਵਿਚ ਕੋਈ ਤਬਦੀਲੀ ਨਹੀਂ ਲਿਆਂਦੀ ਗਈ। ਦੂਸਰਾ ਕਾਰਨ ਪੁਲਿਸ ਦਾ ਲੋੜ ਤੋਂ ਵੱਧ ਰਾਜਨੀਤੀਕਰਨ ਹੋਣਾ ਹੈ। ਪੁਲਿਸ ਦੀ ਭਰਤੀ, ਤਰੱਕੀ, ਤਬਾਦਲਾ ਆਦਿ ਸਭ ਕੁੱਝ ਤਾਂ ਮੰਤਰੀਆਂ ਦੇ ਹੱਥ ਹੈ, ਫਿਰ ਪੁਲਿਸ ਸੁਤੰਤਰ ਰੂਪ ਵਿਚ ਕਿਵੇਂ ਕੰਮ ਕਰੇਗੀ? ਹਰ ਮਹਿਕਮੇ ਦੀ ਤਰ੍ਹਾਂ ਪੁਲਿਸ ਵਿਚ ਵੀ ਰਿਸ਼ਵਤ ਅਤੇ ਭ੍ਰਿਸ਼ਟਾਚਾਰ ਦਾ ਬੋਲ-ਬਾਲਾ ਹੈ। ਆਮ ਸਮਾਜ ਦਾ ਨਜ਼ਰੀਆ ਦੂਸਰੇ ਦੀ ਮੁਸ਼ਕਿਲ ਪ੍ਰਤੀ ‘ਮੈਨੂੰ ਕੀ’ ਵਾਲਾ ਹੋ ਗਿਆ ਹੈ। ਨਹੀਂ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਜਲੰਧਰ ਵਰਗੇ ਭੀੜ ਵਾਲੇ ਸ਼ਹਿਰ ਵਿਚ ਕੁੜੀ ਦੀ ਮਦਦ ਕਰਨ ਵਾਲੇ ਪੱਤਰਕਾਰ ਨੂੰ ਗੁੰਡੇ ਕੁੱਟ ਜਾਣ? ਫਰੀਦਕੋਟ ਘਰ ਵਿਚ ਬੈਠੀ ਸ਼ਰੁਤੀ ਨੂੰ ਨਿਸ਼ਾਨ ਸਿੰਘ ਵਰਗਾ ਗੁੰਡਾ ਚੁੱਕ ਕੇ ਲੈ ਜਾਵੇ? ਧੀ ਨੂੰ ਬਚਾਉਣ ਆਇਆ ਪੁਲਿਸ ਅਫਸਰ ਰਾਣੇ ਵਰਗੇ ਗੁੰਡੇ ਦੀ ਗੋਲੀ ਖਾ ਕੇ ਤੜਪ ਰਿਹਾ ਹੋਵੇ, ਧੀ ਮਦਦ ਲਈ ਚੀਖ਼-ਪੁਕਾਰ ਕਰੇ ਅਤੇ ਲੋਕ ਤਮਾਸ਼ਾ ਦੇਖਦੇ ਰਹਿਣ? ਇੱਕ ਆਮ ਅਖਾਣ ਹੈ ‘ਜਿਹੀ ਪਰਜਾ ਤਿਹਾ ਰਾਜਾ’, ਇਸ ਲਈ ਜਦੋਂ ਤੱਕ ਲੋਕ ਆਪ ਜਾਗ੍ਰਿਤ ਨਹੀਂ ਹੁੰਦੇ, ਸਹੀ ਲੋਕਾਂ ਨੂੰ ਅੱਗੇ ਨਹੀਂ ਲਿਆਉਂਦੇ, ‘ਮੈਨੂੰ ਕੀ’ ਦਾ ਨਜ਼ਰੀਆ ਨਹੀਂ ਛੱਡਦੇ, ਉਦੋਂ ਤੱਕ ਅਜਿਹੇ ਜ਼ੁਰਮਾਂ ਨੂੰ ਠੱਲ ਨਹੀਂ ਪਾਈ ਜਾ ਸਕਦੀ।

Be the first to comment

Leave a Reply

Your email address will not be published.