ਵਿਸਾਖੀ: ਇਤਿਹਾਸਕ ਤੇ ਸਭਿਆਚਾਰਕ ਪ੍ਰਸੰਗ

ਵਿਸਾਖੀ ਸਿਰਫ ਤਿਉਹਾਰ ਨਹੀਂ ਬਲਕਿ ਸਮੁੱਚੀ ਜੀਵਨ ਜਾਚ ਹੈ। ਪੰਜਾਬ ਦੇ ਪ੍ਰਸੰਗ ਵਿਚ ਇਸ ਨਾਲ ਕਈ ਅਜਿਹੀਆਂ ਘਟਨਾਵਾਂ ਜੁੜੀਆਂ ਹੋਈਆਂ ਹਨ ਜਿਨ੍ਹਾਂ ਨੇ ਖਿੱਤੇ ਵਿਚ ਸਿਫਤੀ ਤਬਦੀਲੀ ਲਈ ਰਾਹ ਖੋਲ੍ਹਿਆ ਅਤੇ ਇਤਿਹਾਸ ਦਾ ਰੁਖ ਬਦਲ ਕੇ ਰੱਖ ਦਿੱਤਾ। ਸੁਖਦੇਵ ਮਾਦਪੁਰੀ ਨੇ ਇਸ ਤਿਉਹਾਰ ਦੇ ਇਨ੍ਹਾਂ ਕੁਝ ਪੱਖਾਂ ਬਾਰੇ ਚਰਚਾ ਆਪਣੇ ਇਸ ਲੇਖ ਵਿਚ ਕੀਤੀ ਹੈ। -ਸੰਪਾਦਕ

ਸੁਖਦੇਵ ਮਾਦਪੁਰੀ
ਫੋਨ: +91-94630-34472

ਪੰਜਾਬ ਰਾਂਗਲੀਆਂ ਅਤੇ ਮਨਮੋਹਕ ਰੁੱਤਾਂ ਵਾਲਾ ਪ੍ਰਾਂਤ ਹੈ ਜਿਥੇ ਗਰਮੀ ਵੀ ਲੋਹੜੇ ਦੀ ਪੈਂਦੀ ਹੈ ਅਤੇ ਸਰਦੀ ਵੀ ਕਾਂਬਾ ਛੇੜ ਦਿੰਦੀ ਹੈ। ਸਾਉਣ ਮਹੀਨੇ ਦੀਆਂ ਫੁਹਾਰਾਂ ਰੂਹਾਂ ਨੂੰ ਸ਼ਰਸਾਰ ਕਰਦੀਆਂ ਹਨ। ਬਸੰਤ ਰੁੱਤ ਵਿਚ ਧਰਤੀ ਮੌਲਦੀ ਹੈ ਤੇ ਬਨਸਪਤੀ ਉਤੇ ਨਵਾਂ ਨਿਖਾਰ ਆਉਂਦਾ ਹੈ। ਪੰਜਾਬੀ ਇਨ੍ਹਾਂ ਵੰਨ-ਸੁਵੰਨੀਆਂ ਰੁੱਤਾਂ ਦੇ ਰੰਗਾਂ ਨੂੰ ਮਨੋਰੰਜਨ ਭਰਪੂਰ ਤਿਉਹਾਰ ਮਨਾ ਕੇ ਮਾਣਦੇ ਹਨ।
ਵਿਸਾਖੀ ਦਾ ਤਿਉਹਾਰ ਪੰਜਾਬੀਆਂ ਲਈ ਇਤਿਹਾਸਕ ਅਤੇ ਸਭਿਆਚਾਰ ਮਹੱਤਵ ਰੱਖਦਾ ਹੈ। ਇਸ ਨਾਲ ਕਈ ਅਹਿਮ ਇਤਿਹਾਸਕ ਘਟਨਾਵਾਂ ਜੁੜੀਆਂ ਹੋਈਆਂ ਹਨ ਜਿਸ ਕਰ ਕੇ ਇਸ ਦੀ ਵਿਸ਼ੇਸ਼ਤਾ ਉਘੜਵੇਂ ਰੂਪ ਵਿਚ ਉਜਾਗਰ ਹੁੰਦੀ ਹੈ। ਖਾਲਸਾ ਪੰਥ ਦੀ ਸਾਜਨਾ ਅਤੇ ਜੱਲ੍ਹਿਆਂ ਵਾਲੇ ਬਾਗ ਦਾ ਖੂਨੀ ਸਾਕਾ ਵਿਸਾਖੀ ਨਾਲ ਸਬੰਧਤ ਇਤਿਹਾਸਕ ਘਟਨਾਵਾਂ ਹਨ ਜਿਨ੍ਹਾਂ ਦੀ ਭਾਰਤ ਦੇ ਇਤਿਹਾਸ ਵਿਚ ਵਿਸ਼ੇਸ਼ ਭੂਮਿਕਾ ਹੈ।
ਵਿਸਾਖ ਮਹੀਨੇ ਦੀ ਸੰਗਰਾਂਦ ਨੂੰ ਵਿਸਾਖੀ ਦਾ ਤਿਉਹਾਰ ਮਨਾਉਣ ਦੀ ਪਰੰਪਰਾ ਚਲੀ ਆਉਂਦੀ ਹੈ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਇਸ ਦਿਨ ਦੇਸ਼ ਦੇਸ਼ਾਂਤਰਾਂ ਤੋਂ ਸੰਗਤਾਂ ਗੁਰਦਰਸ਼ਨਾਂ ਲਈ ਇਕੱਤਰ ਹੁੰਦੀਆਂ ਸਨ ਅਤੇ ਸਭ ਤੋਂ ਪਹਿਲਾਂ ਡੱਲਾ ਨਿਵਾਸੀ ਭਾਈ ਪਾਰੋਂ ਪਰਮਹੰਸ ਨੇ ਗੁਰੂ ਅਮਰਦਾਸ ਦੀ ਆਗਿਆ ਨਾਲ ਵਿਸਾਖੀ ਦਾ ਮੇਲਾ ਸ਼ੁਰੂ ਕੀਤਾ ਸੀ।
ਵਿਸਾਖੀ ਦਾ ਮੇਲਾ ਆਮ ਕਰ ਕੇ ਦਰਿਆਵਾਂ, ਝੀਲਾਂ ਅਤੇ ਸਰੋਵਰਾਂ ਦੇ ਕੰਢਿਆਂ ‘ਤੇ ਮਨਾਇਆ ਜਾਂਦਾ ਹੈ। ਸ਼ਰਧਾਲੂ ਅਪਾਰ ਸ਼ਰਧਾ ਨਾਲ ਦਰਿਆਵਾਂ ਅਤੇ ਸਰੋਵਰਾਂ ਵਿਚ ਇਸ਼ਨਾਨ ਕਰਨ ਨੂੰ ਵਿਸ਼ੇਸ਼ ਮਹੱਤਵ ਦਿੰਦੇ ਹਨ। ਇਹ ਵੀ ਮਾਨਤਾ ਹੈ ਕਿ ਇਸ ਦਿਨ ਹਰਿਦੁਆਰ ਵਿਚ ਗੰਗਾਂ ਦਾ ਪਾਣੀ ਅੰਮ੍ਰਿਤ ਬਣ ਜਾਂਦਾ ਹੈ। ਇਸੇ ਦਿਨ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ‘ਚ ਰਵਾਲਸਰ ਵਿਚ ਰੋਗੀਆਂ ਨੂੰ ਇਸ਼ਨਾਨ ਕਰਾਉਣ ਦੀ ਪਿਰਤ ਹੈ। ਇਨ੍ਹਾਂ ਸਥਾਨਾਂ ‘ਤੇ ਇਸ਼ਨਾਨ ਕਰ ਕੇ ਜਨ ਸਮੂਹ ਆਤਮਿਕ ਸ਼ਾਂਤੀ ਪ੍ਰਾਪਤ ਕਰਦਾ ਹੈ।
ਸਿੱਖ ਜਗਤ ਲਈ ਵਿਸਾਖੀ ਦੇ ਦਿਹਾੜੇ ਦੀ ਵਿਸ਼ੇਸ਼ ਤੇ ਵਿਲੱਖਣ ਮਹੱਤਤਾ ਹੈ। ਇਹ ਖਾਲਸੇ ਦਾ ਜਨਮ ਦਿਹਾੜਾ ਹੈ ਜੋ ਬਲਵਾਨ ਚਿੰਤਨ ਅਤੇ ਸੋਚ ਦੀ ਦੇਣ ਹੈ। ਸਾਹਿਬ-ਏ-ਕਮਾਲ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜਿਥੇ ਮਹਾਨ ਯੋਧੇ ਸਨ, ਉਥੇ ਉਹ ਪ੍ਰਬੋਧ ਵਿਦਵਾਨ, ਚਿੰਤਕ ਅਤੇ ਵਿਚਾਰਵਾਨ ਵੀ ਸਨ। ਸਦੀਆਂ ਦਾ ਇਤਿਹਾਸ ਉਨ੍ਹਾਂ ਦੇ ਸਾਹਮਣੇ ਸੀ। ਸੈਂਕੜੇ ਵਰ੍ਹਿਆਂ ਤੋਂ ਸਮਾਜਕ, ਰਾਜਸੀ ਅਤੇ ਮਾਨਸਿਕ ਗੁਲਾਮੀ ਭੋਗ ਰਹੀ ਜਨਤਾ ਦੀ ਮਾਨਸਿਕਤਾ ਨੂੰ ਬਦਲ ਕੇ ਉਨ੍ਹਾਂ ਵਿਚ ਸਵੈ-ਵਿਸ਼ਵਾਸ, ਆਤਮ-ਨਿਰਭਰਤਾ, ਨਿਡਰਤਾ, ਅਣਖ, ਸਵੈਮਾਣ ਅਤੇ ਮਨੋਬਲ ਨੂੰ ਬਲਵਾਨ ਰੱਖਣ ਦੀ ਭਾਵਨਾ ਨੂੰ ਸੰਚਾਰ ਕਰਨ ਦਾ ਅਹਿਮ ਸਰੋਕਾਰ ਸੀ। ਦਸਮੇਸ਼ ਪਿਤਾ ਨੇ ਉਨ੍ਹਾਂ ਦੀ ਸੋਚ ਅਤੇ ਗੁਲਾਮਾਂ ਵਾਲੀ ਮਾਨਸਿਕਤਾ ਬਦਲਣ ਲਈ ਕਈ ਇਤਿਹਾਸਕ ਤੇ ਇਨਕਲਾਬੀ ਕਦਮ ਪੁੱਟੇ। ਖਾਲਸਾ ਪੰਥ ਦੀ ਸਾਜਨਾ ਉਨ੍ਹਾਂ ਵੱਲੋਂ ਪੁਟਿਆ ਗਿਆ ਇਤਿਹਾਸਕ ਕਦਮ ਸੀ। ਇਹ ਸੰਸਾਰ ਦੇ ਇਤਿਹਾਸ ਵਿਚ ਵਾਪਰੀ ਆਹਿਮ ਘਟਨਾ ਹੈ ਜਿਸ ਨੇ ਸਿੱਖ ਜਗਤ ਵਿਚ ਨਵੀਂ ਚੇਤਨਾ ਜਗਾਈ ਅਤੇ ਉਨ੍ਹਾਂ ਨੂੰ ਵਿਲੱਖਣ ਤੇ ਵੱਖਰੀ ਪਛਾਣ ਦੇ ਕੇ, ਜਾਤਾਂ-ਪਾਤਾਂ ਦਾ ਭੇਦ ਮਿਟਾ ਕੇ ਸਦਾ ਚੜ੍ਹਦੀ ਕਲਾ ਵਿਚ ਰਹਿਣ, ਨਿਤਾਣਿਆਂ ਦਾ ਤਾਣ ਬਣਨ ਅਤੇ ਹੱਕ ਸੱਚ ਲਈ ਜੂਝਣ ਦਾ ਸੰਕਲਪ ਦਿੱਤਾ।
ਸੰਮਤ 1756 ਅਥਵਾ 1699 ਈਸਵੀ ਦੀ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਕੇਸਗੜ੍ਹ ਸਾਹਿਬ ਵਿਚ ਸਜੇ ਦੀਵਾਨ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਨੰਗੀ ਤਲਵਾਰ ਧੂਹ ਕੇ ਸੰਗਤਾਂ ਵਿਚੋਂ ਅਜਿਹੇ ਪ੍ਰੇਮੀ ਮਰਜੀਵੜੇ ਸਿੱਖਾਂ ਦੇ ਸੀਸ ਦੀ ਮੰਗ ਕੀਤੀ ਜੋ ਉਨ੍ਹਾਂ ਲਈ ਕੁਰਬਾਨੀ ਦੇ ਸਕਣ। ਸੰਗਤਾਂ ਵਿਚ ਸਹਿਮ ਛਾ ਗਿਆ। ਪੰਜ ਸਿੱਖ ਨਿਤਰੇ- ਲਾਹੌਰ ਦਾ ਖੱਤਰੀ ਦਿਆ ਰਾਮ, ਹਸਤਨਾਪੁਰ ਦਾ ਜੱਟ ਧਰਮ ਦਾਸ, ਨੰਗਲ ਸ਼ਹੀਦਾਂ ਦਾ ਨਾਈ ਸਾਹਿਬ, ਸੰਗਤਪੁਰ ਦਾ ਹਿੰਮਤ ਝਿਊਰ ਅਤੇ ਦਵਾਰਕਾ ਦਾ ਛੀਂਬਾ ਮੋਹਕਮ ਚੰਦ। ਗੁਰੂ ਜੀ ਨੇ ਇਨ੍ਹਾਂ ਮਰਜੀਵੜਿਆਂ ਨੂੰ ਪੰਜ ਪਿਆਰੇ ਆਖਿਆ ਅਤੇ ਆਪਣੀ ਹਿੱਕ ਨਾਲ ਲਾ ਲਿਆ। ਪੰਜਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਿੰਘ ਸਜਾ ਦਿੱਤਾ ਤੇ ਉਨ੍ਹਾਂ ਦੇ ਨਾਂ ਕ੍ਰਮਵਾਰ ਭਾਈ ਦਿਆ ਸਿੰਘ, ਭਾਈ ਧਰਮ ਸਿੰਘ, ਭਾਈ ਸਾਹਿਬ ਸਿੰਘ, ਭਾਈ ਹਿੰਮਤ ਸਿੰਘ ਤੇ ਭਾਈ ਮੋਹਕਮ ਸਿੰਘ ਰੱਖ ਦਿੱਤੇ। ਇਸ ਤੋਂ ਮਗਰੋਂ ਗੁਰੂ ਜੀ ਨੇ ਇਨ੍ਹਾਂ ਪੰਜ ਪਿਆਰਿਆਂ ਹੱਥੋਂ ਆਪ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਤੇ ਇੰਜ ਖਾਲਸਾ ਪੰਥ ਦੀ ਸਾਜਨਾ ਕੀਤੀ। ਇਸ ਪ੍ਰਕਾਰ ਗੁਰੂ ਗੋਬਿੰਦ ਸਿੰਘ ਨੇ ਨਤਾਣਿਆਂ ਨੂੰ ਆਤਮਿਕ ਬਲ ਬਖਸ਼ ਕੇ ਸਾਂਝੀਵਾਲਤਾ ਦੀ ਨੀਂਹ ਰੱਖੀ। ਪੰਜਾਬ ਦੇ ਮੁੱਖ ਗੁਰਦੁਆਰਿਆਂ, ਵਿਸ਼ੇਸ਼ ਕਰ ਕੇ ਦਮਦਮਾ ਸਾਹਿਬ ਵਿਖੇ ਵਿਸਾਖੀ ਦਾ ਪੁਰਬ ਖਾਲਸੇ ਦੇ ਜਨਮ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਲੱਖਾਂ ਦੀ ਗਿਣਤੀ ਵਿਚ ਸੰਗਤ ਇਸ ਮੌਕੇ ਧਾਰਮਿਕ ਦੀਵਾਨਾਂ ਵਿਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀ ਹੈ।
ਵਿਸਾਖੀ ਦਾ ਤਿਉਹਾਰ ਸਾਨੂੰ ਭਾਰਤ ਦੀ ਆਜ਼ਾਦੀ ਲਈ ਮਰ ਮਿਟਣ ਵਾਲੇ ਉਨ੍ਹਾਂ ਸੁਤੰਤਰਤਾ ਸੰਗਰਾਮੀਆਂ ਤੇ ਸੂਰਬੀਰ ਮਰਜੀਵੜਿਆਂ ਦੀ ਯਾਦ ਵੀ ਦਿਵਾਉਂਦਾ ਹੈ ਜਿਨ੍ਹਾਂ ਨੇ ਆਪਣੇ ਦੇਸ਼ ਲਈ ਜਾਨਾਂ ਤੱਕ ਵਾਰ ਦਿੱਤੀਆਂ। 1919 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਜੱਲ੍ਹਿਆਂ ਵਾਲੇ ਬਾਗ ਵਿਚ ਵਾਪਰੇ ਖੂਨੀ ਸਾਕੇ ਨੂੰ ਅਸੀਂ ਕਿਵੇਂ ਭੁਲਾ ਸਕਦੇ ਹਾਂ? ਉਸ ਦਿਨ ਦੇਸ਼ ਦੀ ਆਜ਼ਾਦੀ ਲਈ ਜੂਝਦੇ ਹਜ਼ਾਰਾਂ ਨਿਹੱਥੇ ਪੰਜਾਬੀਆਂ ਉਤੇ ਅੰਗਰੇਜ਼ ਸਾਮਰਾਜ ਨੇ ਅੰਨ੍ਹੇਵਾਹ ਗੋਲੀਆਂ ਦਾ ਮੀਂਹ ਵਰ੍ਹਾ ਕੇ ਸੈਂਕੜਿਆਂ ਨੂੰ ਸ਼ਹਾਦਤ ਦਾ ਜਾਮ ਪਿਲਾ ਦਿੱਤਾ ਤੇ ਹਜ਼ਾਰਾਂ ਮਰਜੀਵੜੇ ਜ਼ਖਮੀ ਹੋ ਗਏ। ਵਿਸਾਖੀ ਵਾਲੇ ਦਿਨ ਸਾਰਾ ਭਾਰਤ ਇਨ੍ਹਾਂ ਮਰਜੀਵੜਿਆਂ ਦੀ ਯਾਦ ਵਿਚ ਸਿਰ ਝੁਕਾਉਂਦਾ ਹੈ।
ਜੇ ਅਸੀਂ ਸਭਿਆਚਾਰਕ ਨਜ਼ਰੀਏ ਤੋਂ ਵਿਸਾਖੀ ਦੇ ਮੇਲੇ ਦੇ ਸੁਭਾਅ ਅਤੇ ਕਿਰਦਾਰ ਵਲ ਝਾਤੀ ਮਾਰੀਏ ਤਾਂ ਇਹ ਤੱਥ ਸਪਸ਼ਟ ਤੌਰ ‘ਤੇ ਸਿੱਧ ਹੋ ਜਾਂਦਾ ਹੈ ਕਿ ਇਹ ਤਿਉਹਾਰ ਅਸਲ ਵਿਚ ਕਿਸਾਨਾਂ ਦਾ ਮੌਸਮੀ ਤਿਉਹਾਰ ਹੈ ਜਿਸ ਨੂੰ ਉਤਰੀ ਭਾਰਤ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਬੜੇ ਉਤਸ਼ਾਹ ਨਾਲ ਦਰਿਆਵਾਂ, ਝੀਲਾਂ ਅਤੇ ਸਰੋਵਰਾਂ ਦੇ ਕੰਢਿਆਂ ‘ਤੇ ਮਨਾਇਆ ਜਾਂਦਾ ਹੈ। ਉਤਰੀ ਭਾਰਤ ਦੀ ਰਬੀ (ਹਾੜ੍ਹੀ) ਦੀ ਫਸਲ ਕਣਕ ਜੋ ਇਸ ਖਿੱਤੇ ਦੀ ਮੁੱਖ ਫਸਲ ਹੈ, ਇਸ ਸਮੇਂ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਫਸਲ ਨਾਲ ਕਿਸਾਨਾਂ ਦੀਆਂ ਆਰਥਕ, ਸਮਾਜਕ ਅਤੇ ਮਾਨਸਿਕ ਲੋੜਾਂ ਤੇ ਭਾਵਨਾਵਾਂ ਜੁੜੀਆਂ ਹੋਈਆਂ ਹਨ। ਜਦੋਂ ਜੋਬਨ ‘ਤੇ ਆਈ ਕਣਕ ਦੇ ਸੁਨਹਿਰੀ ਸਿੱਟੇ ਹਵਾ ਵਿਚ ਝੂਮਦੇ ਹਨ ਤਾਂ ਕਿਸਾਨ ਦਾ ਮਨ ਵਜਦ ਵਿਚ ਆ ਜਾਂਦਾ ਹੈ। ਮਿਹਨਤ ਨਾਲ ਕਮਾਈ ਉਸ ਦੀ ਫਸਲ ਉਸ ਦੇ ਸਾਹਮਣੇ ਝੂਮਦੀ ਉਹਨੂੰ ਅਕਹਿ ਖੁਸ਼ੀ ਬਖਸ਼ਦੀ ਹੈ ਜਿਸ ਕਰ ਕੇ ਉਹ ਆਪ ਮੁਹਾਰੇ ਨੱਚ ਉਠਦਾ ਹੈ, ਆਪਣੇ ਸ਼ਾਹਾਂ ਨੂੰ ਲਲਕਾਰੇ ਮਾਰਦਾ ਹੈ:
ਜੱਟ ਸ਼ਾਹਾਂ ਨੂੰ ਖੰਘੂਰੇ ਮਾਰੇ
ਕਣਕਾਂ ਨਿਸਰ ਗਈਆਂ।
ਭਰਪੂਰ ਫਸਲ ਦੀ ਪ੍ਰਾਪਤੀ ਲਈ ਕਿਸਾਨ ਸ਼ੁਕਰਾਨੇ ਵਜੋਂ ਵਿਸਾਖੀ ਦਾ ਤਿਉਹਾਰ ਮਨਾਉਂਦੇ ਹਨ। ਵਿਸਾਖੀ ਨੂੰ ਮੇਖ ਵੀ ਆਖਦੇ ਹਨ। ਲੋਕ ਅਖਾਣ ਹੈ:
ਜੱਟਾ ਆਈ ਮੇਖ
ਕੱਚੀ ਪੱਕੀ ਨਾ ਦੇਖ।
ਵਿਸਾਖੀ ਵਾਲੇ ਦਿਨ ਤੋਂ ਫਸਲ ਦੀ ਵਾਢੀ ਸ਼ੁਰੂ ਹੋ ਜਾਂਦੀ ਹੈ:
ਜੱਟਾ ਆਈ ਵਿਸਾਖੀ
ਮੁੱਕ ਗਈ ਫਸਲਾਂ ਦੀ ਰਾਖੀ।
ਪੰਜਾਬ ਦੀ ਮੁਟਿਆਰ ਵੀ ਆਪਣੇ ਹਾਣੀ ਨਾਲ ਹਾੜ੍ਹੀ ਵੱਢਣ ਲਈ ਉਤਸ਼ਾਹਿਤ ਹੋ ਜਾਂਦੀ ਹੈ:
ਹਾੜ੍ਹੀ ਵਢੂੰਗੀ ਬਰੋਬਰ ਤੇਰੇ
ਦਾਤੀ ਨੂੰ ਲਵਾ ਦੇ ਘੁੰਗਰੂ।
ਪੰਜਾਬ ਦੇ ਪਿੰਡਾਂ ਵਿਚ ਵੱਸਦੇ ਹੋਰਨਾਂ ਧੰਦਿਆਂ ਨਾਲ ਜੁੜੇ ਪਰਿਵਾਰ ਵੀ ਉਸੇ ਉਤਸ਼ਾਹ ਨਾਲ ਵਿਸਾਖੀ ਦਾ ਤਿਉਹਾਰ ਮਨਾਉਂਦੇ ਹਨ ਜਿਸ ਉਤਸ਼ਾਹ ਨਾਲ ਕਿਸਾਨ ਮਨਾਉਂਦਾ ਹੈ। ਵਿਸਾਖੀ ਦਾ ਮੇਲਾ ਦੇਖਣ ਜਾਂਦੇ ਪੰਜਾਬੀਆਂ ਦੀ ਝਾਲ ਝੱਲੀ ਨਹੀਂ ਜਾਂਦੀ। ਉਹ ਆਪਣੇ ਆਪ ਨੂੰ ਸ਼ਿੰਗਾਰ ਕੇ ਵੰਨ-ਸੁਵੰਨੇ ਪਹਿਰਾਵੇ ਪਹਿਨੀ ਮੇਲੇ ਦੀ ਰੌਣਕ ਨੂੰ ਦੋਬਾਲਾ ਕਰਦੇ ਹਨ। ਹਰ ਪਾਸੇ ਖੁਸ਼ੀਆਂ ਦਾ ਸਾਗਰ ਵਹਿ ਰਿਹਾ ਹੁੰਦਾ ਹੈ ਜਿਥੇ ਪੰਜਾਬ ਦਾ ਨੱਚਦਾ ਗਾਉਂਦਾ ਸਭਿਆਚਾਰ ਲੋਕ ਮਨਾਂ ਨੂੰ ਤ੍ਰਿਪਤ ਕਰਦਾ ਹੈ। ਗੱਭਰੂ ਮਸਤੀ ਵਿਚ ਝੂਲਦੇ ਢੋਲੀ ਦੇ ਡੱਗੇ ਦੀ ਤਾਲ ‘ਤੇ ਭੰਗੜਾ ਪਾਉਂਦੇ ਹਨ। ਲੋਕ ਨਾਚ ਭੰਗੜਾ ਪੰਜਾਬੀਆਂ ਦਾ ਹਰਮਨ ਪਿਆਰਾ ਲੋਕ ਨਾਚ ਹੈ ਜੋ ਪੁਰਾਤਨ ਸਮੇਂ ਤੋਂ ਪੱਛਮੀਂ ਪੰਜਾਬ ਵਿਚ ਹੀ ਵਿਸਾਖੀ ਦੇ ਅਵਸਰ ‘ਤੇ ਪਾਇਆ ਜਾਂਦਾ ਰਿਹਾ ਹੈ ਜਿਸ ਵਿਚ ਵਿਸਾਖੀ ਦੀ ਰੂਹ ਵਿਦਮਾਨ ਹੈ।
ਵਿਸਾਖੀ ਦਾ ਤਿਉਹਾਰ ਸਾਨੂੰ ਆਪਣੀ ਮਾਣਮੱਤੀ ਵਿਰਾਸਤ ਨਾਲ ਸਾਂਝ ਜੋੜਦਾ ਹੈ।