ਰਾਜਿਆਂ-ਲੀਡਰਾਂ ਨੇ ਨਹੀਂ, ਦੇਸ਼ ਵੱਸਦਾ ਲੋਕਾਂ ਨੇ ਰੱਖਿਐ

-ਜਤਿੰਦਰ ਪਨੂੰ
ਪਿਛਲੇ ਦਿਨਾਂ ਵਿਚ ਬਿਹਾਰ ਵਿਚ ਅੱਗੜ-ਪਿੱਛੜ ਹੋਏ ਦੰਗਿਆਂ ਨੇ ਕਈ ਲੋਕਾਂ ਨੂੰ ਇਹ ਕਹਿਣ ਦਾ ਮੌਕਾ ਦਿੱਤਾ ਹੈ ਕਿ ਉਥੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਾਸਤੇ ਰਾਜਨੀਤੀ ਦਾ ਰਾਹ ਅੱਗੋਂ ਬੰਦ ਹੋਣ ਦਾ ਵਕਤ ਆ ਪਹੁੰਚਾ ਹੈ। ਉਸ ਲਈ ਭਾਜਪਾ ਨਾਲ ਨਿਭ ਸਕਣਾ ਔਖਾ ਹੋ ਜਾਣਾ ਹੈ ਤੇ ਪਿੱਛੇ ਲਾਲੂ ਪ੍ਰਸ਼ਾਦ ਯਾਦਵ ਵੱਲ ਮੁੜਨਾ ਸੰਭਵ ਨਹੀਂ ਰਿਹਾ। ਭਾਜਪਾ ਨਾਲ ਨਿਭ ਨਾ ਸਕਣ ਦਾ ਕਾਰਨ ਇਸ ਹਫਤੇ ਦੇ ਦੰਗਿਆਂ ਵਿਚ ਭਾਜਪਾ ਆਗੂਆਂ ਦੀ ਚੁਭਣ ਵਾਲੀ ਭੂਮਿਕਾ ਤੇ ਪੁਲਿਸ ਵੱਲੋਂ ਉਨ੍ਹਾਂ ਦੇ ਖਿਲਾਫ ਦਰਜ ਕੀਤੇ ਗਏ ਕੇਸਾਂ ਨਾਲ ਨਿਤੀਸ਼ ਕੁਮਾਰ ਬਾਰੇ ਪੈਦਾ ਹੋਈ ਕੌੜ ਬਣ ਜਾਣੀ ਹੈ।

ਬਿਹਾਰ ਕਿਸ ਪਾਸੇ ਨੂੰ ਕਦੋਂ ਕਿੱਦਾਂ ਦਾ ਮੋੜਾ ਕੱਟੇਗਾ, ਇਹ ਬਾਅਦ ਦੀ ਗੱਲ ਹੈ, ਉਸ ਤੋਂ ਪਹਿਲੀ ਗੱਲ ਭਾਰਤ ਦੇ ਹਾਲਾਤ ਦੀ ਹੈ, ਜੋ ਨਿੱਤ ਨਵੇਂ ਦਿਨ ਨਵੇਂ ਰੱਫੜ ਕਾਰਨ ਵਿਗਾੜ ਵੱਲ ਤੁਰੇ ਜਾਂਦੇ ਹਨ ਤੇ ਸਿਆਸਤ ਦੀਆਂ ਗੋਟੀਆਂ ਖੇਡਣ ਦੇ ਸ਼ੌਕੀਨ ਇਨ੍ਹਾਂ ਹਾਲਾਤ ਨੂੰ ਕਾਬੂ ਵਿਚ ਕਰਨ ਦੀ ਥਾਂ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਬਾਰੇ ਸੋਚ ਰਹੇ ਹਨ।
ਤਾਜ਼ਾ ਦੰਗਿਆਂ ਦੀ ਸ਼ੁਰੂਆਤ ਬਿਹਾਰ ਦੇ ਭਾਗਲਪੁਰ ਤੋਂ ਹੋਈ ਹੈ। ਇਸੇ ਸ਼ਹਿਰ ਵਿਚ ਸਾਲ 1989 ਵਿਚ ਰਾਮ ਜਨਮ ਭੂਮੀ ਮੰਦਿਰ ਦੀ ਉਸਾਰੀ ਲਈ ਸ਼ਿਲਾ-ਪੂਜਨ ਦਾ ਜਲੂਸ ਕੱਢਣ ਮੌਕੇ ਇੱਕ ਥਾਂ ਭੜਕਾਹਟ ਹੋਈ ਤੇ ਫਿਰ ਅੱਗੇ ਫੈਲ ਗਈ ਸੀ। ਕਰੀਬ ਇੱਕ ਮਹੀਨਾ ਲਾ ਕੇ ਜਦੋਂ ਸਥਿਤੀ ਕਾਬੂ ਵਿਚ ਕੀਤੀ ਗਈ, ਸੈਂਕੜੇ ਲੋਕ ਕਤਲ ਕੀਤੇ ਜਾ ਚੁਕੇ ਸਨ ਤੇ ਕਿਹਾ ਜਾਂਦਾ ਹੈ ਕਿ ਇਸ ਕਿਸਮ ਦੇ ਦੰਗਿਆਂ ਦੌਰਾਨ ਗੁਜਰਾਤ ਵਿਚ ਵੱਧ ਨੁਕਸਾਨ ਹੋਇਆ ਜਾਂ ਭਾਗਲਪੁਰ ਵਿਚ, ਇਸ ਦਾ ਫਰਕ ਕਰਨਾ ਔਖਾ ਹੈ। ਉਸ ਪਿੱਛੋਂ ਇਥੇ ਆਮ ਤੌਰ ‘ਤੇ ਸ਼ਾਂਤੀ ਰਹੀ ਸੀ। ਇਸ ਸਾਲ ਫਿਰ ਉਸੇ ਸ਼ਹਿਰ ਵਿਚ ਦੰਗੇ ਹੋ ਗਏ ਤਾਂ ਕਾਰਨ ਰਾਮ ਨੌਮੀ ਦੀ ਉਹ ਯਾਤਰਾ ਬਣੀ, ਜੋ ਉਨ੍ਹਾਂ ਇਲਾਕਿਆਂ ਤੋਂ ਕੱਢੀ ਗਈ, ਜਿੱਧਰ ਜਾਣ ਦੀ ਆਗਿਆ ਨਹੀਂ ਸੀ ਦਿੱਤੀ ਗਈ।
ਕੇਂਦਰ ਸਰਕਾਰ ਦੇ ਇੱਕ ਭਾਜਪਾ ਮੰਤਰੀ ਦੇ ਪੁੱਤਰ ਵਿਰੁਧ ਇਸ ਦੰਗੇ ਦਾ ਕੇਸ ਦਰਜ ਹੋਇਆ ਤਾਂ ਬਿਹਾਰ ਦੇ ਭਾਜਪਾ ਆਗੂ ਚੁੱਪ ਕੀਤੇ ਰਹੇ, ਕਿਉਂਕਿ ਸੱਚਾਈ ਜਾਣਦੇ ਸਨ, ਪਰ ਉਸੇ ਹੀ ਪਾਰਟੀ ਦਾ ਕੇਂਦਰੀ ਮੰਤਰੀ ਅਤੇ ਹੋਰ ਬਾਹਰਲੇ ਆਗੂ ਇਸ ਨੂੰ ਹਵਾ ਦੇਣ ਲੱਗੇ ਰਹੇ। ਨਿਤੀਸ਼ ਕੁਮਾਰ ਨੇ ਇਸ ਸਾਰੇ ਦੌਰ ਵਿਚ ਚੁੱਪ ਨਹੀਂ ਤੋੜੀ ਤੇ ਕਾਰਨ ਇਹ ਹੈ ਕਿ ਉਹ ਰਾਜਸੀ ਭਵਿੱਖ ਦੀ ਚਿੰਤਾ ਵਿਚ ਸਿਰ ਸੁੱਟੀ ਬੈਠਾ ਦੱਸਿਆ ਜਾਂਦਾ ਹੈ। ਬਿਹਾਰ ਦੇ ਇਸ ਸ਼ਹਿਰ ਤੋਂ ਬਾਅਦ ਤਿੰਨ ਹੋਰ ਸ਼ਹਿਰਾਂ ਵਿਚ ਅਜਿਹੇ ਦੰਗੇ ਹੋਏ ਤੇ ਫਿਰ ਸਥਿਤੀ ਦਾ ਵਿਗਾੜ ਸਮੁੱਚੇ ਰਾਜ ਵਿਚ ਤਣਾਓ ਫੈਲਣ ਦਾ ਕਾਰਨ ਬਣਨ ਲੱਗ ਪਿਆ, ਜੋ ਕਦੇ ਕਾਬੂ ਤੋਂ ਬਾਹਰ ਵੀ ਜਾ ਸਕਦਾ ਹੈ।
ਹਾਲਾਤ ਹਾਲੇ ਬਿਹਾਰ ਵਿਚ ਕਾਬੂ ਵਿਚ ਨਹੀਂ ਸਨ ਆਏ ਕਿ ਪੱਛਮੀ ਬੰਗਾਲ ਵਿਚ ਇਹੋ ਚਿੰਗਾੜੀ ਚਲੀ ਗਈ ਤੇ ਆਸਨਸੋਲ ਵਰਗੇ ਵੱਡੇ ਸ਼ਹਿਰ ਸਮੇਤ ਕਈ ਥਾਂਈਂ ਦੰਗੇ ਹੋਣ ਤੋਂ ਬਾਅਦ ਲੋਕਾਂ ਵਿਚ ਤਣਾਓ ਪੈਦਾ ਹੋਣ ਲੱਗ ਪਿਆ, ਪਰ ਰਾਜ ਦੀ ਮੁੱਖ ਮੰਤਰੀ ਦਿੱਲੀ ਵਿਚ ਬੈਠੀ ਕਹੀ ਜਾਂਦੀ ਰਹੀ ਕਿ ਸਥਿਤੀ ਕਾਬੂ ਹੇਠ ਹੀ ਹੈ। ਬਿਹਾਰ ਸਰਕਾਰ ਵਿਚ ਸ਼ਾਮਲ ਹੋਣ ਕਾਰਨ ਭਾਜਪਾ ਆਗੂ ਉਥੋਂ ਦੀ ਸਥਿਤੀ ਲਈ ਨਿਤੀਸ਼ ਕੁਮਾਰ ਨੂੰ ਕੋਈ ਦੋਸ਼ ਨਹੀਂ ਦਿੰਦੇ, ਚੁੱਪ ਰਹਿ ਜਾਂਦੇ ਹਨ। ਜਦੋਂ ਪੱਛਮੀ ਬੰਗਾਲ ਦੀ ਗੱਲ ਆਉਂਦੀ ਹੈ ਤਾਂ ਸਾਰਾ ਜ਼ਿੰਮਾ ਤ੍ਰਿਣਮੂਲ ਕਾਂਗਰਸ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਸਿਰ ਪਾ ਕੇ ਇੱਕ ਤਰਫਾ ਪ੍ਰਚਾਰ ਦੀ ਮੁਹਿੰਮ ਚਲਾਈ ਜਾਂਦੇ ਹਨ, ਕਿਉਂਕਿ ਅਗਲੀਆਂ ਚੋਣਾਂ ‘ਤੇ ਅੱਖ ਟਿਕੀ ਹੋਈ ਹੈ।
ਦੂਜੇ ਪਾਸੇ ਭਾਜਪਾ ਦਾ ਗੜ੍ਹ ਮੰਨੇ ਜਾਣ ਵਾਲੇ ਗੁਜਰਾਤ ਵਿਚ ਦੋ ਘਟਨਾਵਾਂ ਏਦਾਂ ਦੀਆਂ ਵਾਪਰ ਗਈਆਂ ਹਨ ਕਿ ਉਥੇ ਬਿਹਾਰ ਤੇ ਬੰਗਾਲ ਤੋਂ ਵੱਡੀ ਮੁਸ਼ਕਿਲ ਖੜ੍ਹੀ ਹੋ ਸਕਦੀ ਹੈ। ਪਹਿਲੀ ਘਟਨਾ ਉਥੇ ਸੂਰਤ ਸ਼ਹਿਰ ਵਿਚ ਦੋ ਫਿਰਕਿਆਂ ਵਿਚਾਲੇ ਝੜਪ ਦੀ ਹੈ। ਇਸ ਟੱਕਰ ਵਿਚ ਦੋਵਾਂ ਫਿਰਕਿਆਂ ਦੇ ਧਰਮ ਅਸਥਾਨਾਂ ‘ਤੇ ਪੱਥਰਬਾਜ਼ੀ ਹੋਣ ਦਾ ਜ਼ਿਕਰ ਆਇਆ ਹੈ, ਪਰ ਆਮ ਲੋਕ ਇਸ ਨੂੰ ਫਿਰਕੂ ਦੰਗਾ ਮੰਨਣ ਨੂੰ ਤਿਆਰ ਨਹੀਂ। ਉਹ ਕਹਿੰਦੇ ਹਨ ਕਿ ਟੱਕਰ ਨਾਜਾਇਜ਼ ਸ਼ਰਾਬ ਵੇਚਣ ਵਾਲੇ ਦੋ ਮਾਫੀਆ ਗਰੋਹਾਂ ਦੀ ਹੈ, ਜਿਨ੍ਹਾਂ ਵਿਚੋਂ ਇੱਕ ਹਿੰਦੂ ਗੈਂਗਸਟਰ ਦੇ ਕੰਟਰੋਲ ਹੇਠ ਚੱਲਦਾ ਹੈ ਤੇ ਦੂਜੇ ਗੈਂਗ ਦੀ ਕਮਾਂਡ ਇੱਕ ਮੁਸਲਿਮ ਗੈਂਗਸਟਰ ਦੇ ਹੱਥ ਹੈ।
ਧਰਮ ਅਸਥਾਨਾਂ ‘ਤੇ ਪੱਥਰਬਾਜ਼ੀ ਹੋਈ ਜਾਂ ਨਹੀਂ, ਜੋ ਕੁਝ ਵੀ ਹੋਇਆ ਹੈ, ਇਨ੍ਹਾਂ ਦੋ ਗੈਂਗਾਂ ਦੇ ਬੰਦਿਆਂ ਦਾ ਆਪਸੀ ਹੋਣਾ ਚਾਹੀਦਾ ਸੀ, ਐਵੇਂ ਫਿਰਕੂ ਰੰਗ ਦੇ ਦਿੱਤਾ ਗਿਆ ਹੈ। ਸੋਚਣ ਵਾਲੀ ਖਾਸ ਗੱਲ ਇਹ ਹੈ ਕਿ ਸਾਰੇ ਗੁਜਰਾਤ ਵਿਚ ਸ਼ਰਾਬਬੰਦੀ ਲਾਗੂ ਹੈ ਤੇ ਇਸ ਦੇ ਬਾਵਜੂਦ ਸ਼ਰਾਬ ਵੇਚਣ ਵਾਲੇ ਗਰੋਹ ਉਸ ਰਾਜ ਵਿਚ ਇੰਨੇ ਹਨ ਕਿ ਕੋਈ ਜਿਸ ਕਿਸਮ ਦੀ ਦੇਸੀ, ਵਿਦੇਸ਼ੀ ਜਾਂ ਮਟਕੇ ਦੀ ਕੱਢੀ ਹੋਈ ਦਾਰੂ ਲੈਣੀ ਚਾਹੇ, ਉਸ ਦੀ ‘ਹੋਮ ਡਿਲਿਵਰੀ’ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਹ ਗੁਜਰਾਤ ਦੀ ਸੱਚਾਈ ਹੈ।
ਇੱਕ ਵੱਖਰੀ ਗੱਲ ਪੱਛਮੀ ਬੰਗਾਲ ਤੋਂ ਸੁਣਨ ਨੂੰ ਮਿਲੀ ਹੈ, ਜਿਹੜੀ ਇੱਕੋ ਵਕਤ ਦੁੱਖ ਵਾਲੀ ਵੀ ਹੈ ਤੇ ਉਤਸ਼ਾਹ ਬੰਨਾਉਣ ਵਾਲੀ ਵੀ। ਪੰਜਾਬ ਦੇ ਸ਼ਹਿਰ ਪਟਿਆਲੇ ਜਿੰਨੀ ਆਬਾਦੀ ਵਾਲੇ ਪੱਛਮੀ ਬੰਗਾਲ ਦੇ ਸ਼ਹਿਰ ਆਸਨਸੋਲ ਦੇ ਦੰਗਾ ਮਾਰੇ ਹਾਲਾਤ ਵਿਚ ਨੂਰਾਨੀ ਮਸਜਿਦ ਦੇ ਇਮਾਮ ਮੌਲਾਨਾ ਇਮਦਾਦੁਲ ਰਸ਼ੀਦੀ ਦਾ ਪੁੱਤਰ ਅਚਾਨਕ ਗੁੰਮ ਹੋ ਗਿਆ ਅਤੇ ਫਿਰ ਉਸ ਦੀ ਲਾਸ਼ ਮਿਲੀ। ਉਹ ਮੁੰਡਾ ਕਤਲ ਕੀਤਾ ਗਿਆ ਸੀ। ਮੁਸਲਿਮ ਭਾਈਚਾਰੇ ਦੇ ਲੋਕਾਂ ਅਤੇ ਖਾਸ ਕਰ ਕੇ ਉਸ ਭਾਈਚਾਰੇ ਦੇ ਨੌਜਵਾਨਾਂ ਵਿਚ ਇਸ ਦਾ ਬਦਲਾ ਲੈਣ ਦੀਆਂ ਗੱਲਾਂ ਚੱਲ ਰਹੀਆਂ ਸਨ। ਇਸ ਦੌਰਾਨ ਮੌਲਾਨਾ ਇਮਦਾਦੁਲ ਰਸ਼ੀਦੀ ਨੇ ਉਹ ਕਰ ਵਿਖਾਇਆ, ਜਿਸ ਦੀ ਏਦਾਂ ਦੇ ਵਕਤ ਕਿਸੇ ਬਾਪ ਤੋਂ ਆਸ ਨਹੀਂ ਕੀਤੀ ਜਾਂਦੀ। ਉਸ ਨੇ ਭਾਈਚਾਰੇ ਦੇ ਧਾਰਮਿਕ ਇਕੱਠ ਵਿਚ ਜਾ ਕੇ ਕਿਹਾ, “ਮੇਰਾ ਪੁੱਤਰ ਮੈਥੋਂ ਖੋਹ ਲਿਆ ਗਿਆ ਹੈ, ਮੈਂ ਨਹੀਂ ਚਾਹੁੰਦਾ ਕਿ ਹੋਰਨਾਂ ਲੋਕਾਂ ਦੇ ਬੱਚਿਆਂ ਨਾਲ ਇਹੋ ਕੁਝ ਹੋਵੇ, ਇਸ ਲਈ ਮੈਂ ਸ਼ਹਿਰ ਵਿਚ ਅਮਨ ਚਾਹੁੰਦਾ ਹਾਂ, ਕੋਈ ਬਦਲੇ ਦੀ ਕਾਰਵਾਈ ਨਹੀਂ ਕਰਨ ਦੇਣੀ ਤੇ ਜੇ ਕਿਸੇ ਨੇ ਏਦਾਂ ਦੀ ਕੋਈ ਵੀ ਹਰਕਤ ਕੀਤੀ ਤਾਂ ਮੈਂ ਇਹ ਸ਼ਹਿਰ ਛੱਡ ਕੇ ਚਲਾ ਜਾਵਾਂਗਾ।”
ਸੁੰਨ ਵਰਗੀ ਚੁੱਪ ਹਰ ਪਾਸੇ ਫੈਲ ਗਈ। ਸ਼ਹਿਰ ਦਾ ਮੇਅਰ ਜੀਤੇਂਦਰ ਤਿਵਾੜੀ ਉਸ ਦਾ ਧੰਨਵਾਦ ਕਰਨ ਗਿਆ। ਨਤੀਜਾ ਸਭ ਦੇ ਸਾਹਮਣੇ ਹੈ ਕਿ ਉਥੇ ਕਿਸੇ ਨੇ ਬਦਲੇ ਦੀ ਕਾਰਵਾਈ ਨਹੀਂ ਕੀਤੀ ਅਤੇ ਉਸ ਸ਼ਹਿਰ ਨੂੰ ਵੱਸਦਾ ਰੱਖਣ ਲਈ ਅਗਲੇ ਦਿਨ ਏਕਤਾ ਮਾਰਚ ਸ਼ੁਰੂ ਕਰ ਦਿੱਤਾ ਗਿਆ। ਜਿੰਮੇਵਾਰੀ ਦਾ ਅਹਿਸਾਸ ਇਸੇ ਨੂੰ ਕਿਹਾ ਜਾਂਦਾ ਹੈ।
ਸਦੀਆਂ ਤੋਂ ਅਣਕਿਆਸੇ ਸਮਿਆਂ ਦਾ ਸਾਹਮਣਾ ਕਰਦਾ ਆਇਆ ਇਹ ਦੇਸ਼ ਰਾਜਿਆਂ ਤੇ ਫਿਰ ਲੀਡਰਾਂ ਨੇ ਨਹੀਂ ਸੀ ਵੱਸਦਾ ਰੱਖਿਆ, ਇਸ ਨੂੰ ਉਨ੍ਹਾਂ ਲੋਕਾਂ ਨੇ ਵੱਸਦੇ ਰੱਖਿਆ ਸੀ, ਜਿਨ੍ਹਾਂ ਵਿਚ ਮੌਲਾਨਾ ਇਮਦਾਦੁਲ ਰਸ਼ੀਦੀ ਨੂੰ ਇੱਕ ਕਹਿ ਸਕਦੇ ਹਾਂ। ਉਹ ਇੱਕ ਹੈ, ਪਰ ਉਹ ਇੱਕੋ ਇੱਕ ਨਹੀਂ। ਭਾਰਤ ਦੇ ਕੋਨੇ-ਕੋਨੇ ਵਿਚ ਏਦਾਂ ਦੀ ਸੋਚ ਵਾਲੇ ਲੋਕ ਮਿਲ ਜਾਂਦੇ ਹਨ, ਜਿਹੜੇ ਦੇਸ਼ ਨੂੰ ਵੱਸਦਾ ਰੱਖਣ ਦੇ ਚਾਹਵਾਨ ਹਨ। ਲੀਡਰਾਂ ਨੂੰ ਉਨ੍ਹਾਂ ਲੋਕਾਂ ਤੋਂ ਸਿੱਖਣਾ ਚਾਹੀਦਾ ਹੈ।