ਦੇਸੀ ਸਾਲ ਦੇ ਚੌਥੇ ਮਹੀਨੇ ‘ਹਾੜ੍ਹ’ ਨਾਲ ਸਮੁੱਚਾ ਆਲਾ-ਦੁਆਲਾ ਤਪਣ ਲੱਗਦਾ ਹੈ। ਉਂਜ ਇਸ ਮਹੀਨੇ ਦਾ ਵੀ ਆਪਣਾ ਰੰਗ ਹੁੰਦਾ ਹੈ। ਇਸ ਮਹੀਨੇ ਦੌਰਾਨ ਜ਼ਿੰਦਗੀ ਦੀ ਵਿਆਕੁਲਤਾ ਬਾਰੇ ਵੱਖ ਵੱਖ ਲਿਖਾਰੀਆਂ, ਖਾਸ ਕਰ ਸ਼ਾਇਰਾਂ ਨੇ ਖੂਬ ਚਰਚਾ ਕੀਤੀ ਹੈ। ਇਸ ਮਹੀਨੇ ਦੀਆਂ ਦੁਸ਼ਵਾਰੀਆਂ ਅਤੇ ਕੁਦਰਤੀ ਨਿਆਮਤਾਂ ਬਾਰੇ ਨਿੱਠ ਕੇ ਚਰਚਾ ਲੇਖਕ ਆਸਾ ਸਿੰਘ ਘੁਮਾਣ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ।
-ਸੰਪਾਦਕ
ਆਸਾ ਸਿੰਘ ਘੁਮਾਣ
ਫੋਨ: 91-98152-53245
ਪੰਜਾਬ ਵਿਚ ਵਿਸਾਖ ਤੋਂ ਸ਼ੁਰੂ ਹੋਈ ਗਰਮੀ ਜੇਠ ਮਹੀਨੇ ਵਿਚੋਂ ਲੰਘਦੀ ਲੰਘਦੀ ਹਾੜ੍ਹ ਤੱਕ ਪਹੁੰਚਦਿਆਂ 47-48 ਡਿਗਰੀ ਤੱਕ ਜਾ ਪੁੱਜਦੀ ਹੈ। ਗਰਮੀ ਦਾ ਇਹ ਕਹਿਰ ਹੁਣ ਅਸਹਿ ਜਾਪਣ ਲੱਗਦਾ ਹੈ। ਰੁੱਖਾਂ ਥੱਲੇ, ਪੱਖਿਆਂ ਤੇ ਕੂਲਰਾਂ ਅੱਗੇ, ਏæਸੀæ ਕਮਰਿਆਂ ਵਿਚ ਵੀ ਚੈਨ ਨਸੀਬ ਨਹੀਂ ਹੁੰਦਾ। ਦੁਪਹਿਰ ਵੇਲੇ ਤਾਂ ਬਾਹਰ ਨਿਕਲਣਾ ਹੋਰ ਵੀ ਔਖਾ ਹੋ ਜਾਂਦਾ ਹੈ। ਸਨ ਸਟਰੋਕ ਅਤੇ ਹੀਟ ਸਟਰੋਕ ਨਾਲ ਆਏ ਦਿਨ ਮੌਤਾਂ ਦੀਆਂ ਖਬਰਾਂ ਆਉਣ ਲੱਗਦੀਆਂ ਹਨ। ਤੱਤੀਆਂ ਲੋਆਂ ਵਗਦੀਆਂ ਹਨ ਅਤੇ ਸਭ ਦੇ ਚਿਹਰੇ ਲਿੱਸੇ ਲਿੱਸੇ ਜਿਹੇ ਨਜ਼ਰ ਆਉਂਦੇ ਹਨ। ਕੰਮ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ। ਬਾਹਰ ਖੇਤ ਵੀ ਧੁੱਪ ਨਾਲ ਲੂਸਣ ਲੱਗਦੇ ਹਨ। ਜਿਥੇ ਕਿਤੇ ਹਰਿਆਵਲ ਹੁੰਦੀ ਹੈ, ਉਸ ਨੂੰ ਪਾਲਣਾ ਦਿਨੋ-ਦਿਨ ਔਖਾ ਹੋਈ ਜਾਂਦਾ ਹੈ। ਹਰ ਚੀਜ਼ ਸੁੱਕੀ-ਸੜੀ ਨਜ਼ਰ ਆਉਂਦੀ ਹੈ। ਵਾਰ ਵਾਰ ਨਹਾਉਣ ਨੂੰ ਜੀ ਕਰਦਾ ਹੈ। ਝਟ ਪਸੀਨੋ-ਪਸੀਨੀ ਹੋ ਜਾਈਦਾ ਹੈ। ਆਪਣੇ ਆਪ ਨਾਲ ਚਿੜ ਹੋਣ ਲੱਗਦੀ ਹੈ। ਦਿਨ ਲੰਬੇ ਹੋਈ ਜਾਂਦੇ ਹਨ। ਸੰਗਰਾਂਦ ਵਾਲੇ ਦਿਨ ਸੂਰਜ 5:23 ‘ਤੇ ਨਿਕਲਦਾ ਹੈ ਅਤੇ 7:31 ‘ਤੇ ਡੁਬਦਾ ਹੈ।
ਹਾੜ੍ਹ ਤੱਕ ਕੋਇਲ ਦੀ ਕੂ ਕੂ ਵਿਆਕੁਲਤਾ ਦੀ ਹੂਕ ਬਣ ਜਾਂਦੀ ਹੈ। ਜਿਵੇਂ ਜਲ ਬਿਨ ਮਛਲੀ ਤੜਫਦੀ ਹੈ, ਉਵੇਂ ਕੋਇਲ ਆਪਣੇ ਪ੍ਰੀਤਮ ਬਿਨ ਮਰ ਮਰ ਜਾਂਦੀ ਹੈ। ਉਧਰੋਂ ਪਪੀਹਾ (ਬੰਬੀਹਾ) ਸਵਾਂਤੀ ਬੂੰਦਾਂ ਨੂੰ ਤਰਸਣ ਲੱਗਦਾ ਹੈ। ਇੰਜ ਲੱਗਦਾ ਹੈ, ਜਿਵੇਂ ਉਹ ਵੀ ਵਰਖਾ ਲਈ ਬੇਨਤੀਆਂ ਕਰ ਰਿਹਾ ਹੋਵੇ! ਕਹਿੰਦੇ ਹਨ ਕਿ ਬੰਬੀਹੇ ਦੀ ਆਮ ਵਰਖਾ ਦੀਆਂ ਬੂੰਦਾਂ ਨਾਲ ਤ੍ਰਿਪਤੀ ਨਹੀਂ ਹੁੰਦੀ। ਉਸ ਦੀ ਤ੍ਰਿਪਤੀ ਉਨ੍ਹਾਂ ਬੂੰਦਾਂ ਨਾਲ ਹੁੰਦੀ ਹੈ ਜੋ ਬੂੰਦਾਂ ਸਵਾਂਤੀ ਯੋਗ ਸਮੇਂ ਡਿੱਗਦੀਆਂ ਹਨ। ਜੋਤਿਸ਼ ਅਨੁਸਾਰ ਹਾੜ੍ਹ ਦੇ ਚਾਨਣ ਪੱਖ ਦੀਆਂ ਸਾਰੀਆਂ ਥਿਤਾਂ ਨੂੰ ਸਵਾਂਤੀ ਯੋਗ ਹੁੰਦਾ ਹੈ। ਇਸ ਯੋਗ ਵੇਲੇ ਜੋ ਵਰਖਾ ਹੁੰਦੀ ਹੈ, ਉਸ ਦੀਆਂ ਬੂੰਦਾਂ ਨੂੰ ਬਹੁਤ ਪਵਿਤਰ ਅਤੇ ਕਲਿਆਣਕਾਰੀ ਸਮਝਿਆ ਜਾਂਦਾ ਹੈ। ਲੋਕ ਮਾਨਤਾ ਇਹ ਵੀ ਹੈ ਕਿ ਜੇ ਇਹ ਬੂੰਦ ਕੇਲੇ ਵਿਚ ਪਵੇ ਤਾਂ ਕਪੂਰ, ਸਿੱਪੀ ਵਿਚ ਪਵੇ ਤਾਂ ਮੋਤੀ ਅਤੇ ਬਾਂਸ ਵਿਚ ਪਵੇ ਤਾਂ ਬਾਂਸ-ਲੋਚਨ ਬਣ ਜਾਂਦੀ ਹੈ। ਭਾਈ ਗੁਰਦਾਸ ਅਨੁਸਾਰ ਜੇ ਇਹ ਬੂੰਦ ਸੱਪ ਦੇ ਮੂੰਹ ਵਿਚ ਪਵੇ ਤਾਂ ਜ਼ਹਿਰ ਬਣ ਜਾਂਦੀ ਹੈ:
ਸਮਸਰਿ ਵਰਸੈ ਸਵਾਂਤ ਬੂੰਦ ਜਿਉ ਸਭਨੀ ਥਾਈਂ।
ਜਿਉਂ ਕੇਲੇ ਵਿਚ ਕਪੂਰ ਹੋਏ ਸੀਤਲ ਸੁਖਦਾਈ।
ਮੋਤੀ ਹੋਵੈ ਸਿਪੁ ਮੁਹਿ ਬਹੁ ਮੋਲ ਮਲਾਈ।
ਬਿਸੀਅਰ ਦੇ ਮੁਹਿ ਕਾਲਕੂਟ ਚਿਤਵੈ ਬੁਰਿਆਈ।
ਇਹ ਤੱਥ ਵਿਗਿਆਨਕ ਤੌਰ ‘ਤੇ ਕਿੰਨੇ ਕੁ ਸੱਚੇ ਹਨ, ਵੱਖਰੀ ਗੱਲ ਹੈ, ਪਰ ਪ੍ਰਤੱਖ ਹੈ ਕਿ ਪੁਰਾਣੇ ਵਿਦਵਾਨਾਂ, ਗੁਰੂਆਂ-ਪੀਰਾਂ, ਸ਼ਾਇਰਾਂ, ਸਾਹਿਤਕਾਰਾਂ ਦੀ ਆਪਣੇ ਆਲੇ-ਦੁਆਲੇ ਅਤੇ ਕੁਦਰਤ ਦੇ ਵਰਤਾਰਿਆਂ ਵਿਚ ਬਹੁਤ ਡੂੰਘੀ ਦਿਲਚਸਪੀ ਸੀ ਅਤੇ ਕੁਦਰਤੀ ਜੀਵਾਂ ਦੇ ਸੁਭਾਅ ਨੂੰ ਜਾਣਨ ਦੀ ਬਹੁਤ ਜਗਿਆਸਾ ਸੀ।
ਬੰਬੀਹਾ ਸਵੇਰੇ-ਸ਼ਾਮ ਇੰਨੀ ਸ਼ਿੱਦਤ ਨਾਲ ਪੀਹੂ ਪੀਹੂ ਕਰਦਾ ਹੈ ਕਿ ਸੰਵੇਦਨਸ਼ੀਲ ਇਨਸਾਨ ਉਸ ਦੀ ਪੁਕਾਰ ਤੋਂ ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿ ਸਕਦਾ। ਗੁਰੂ ਨਾਨਕ ਉਸ ਦੀ ਪੁਕਾਰ ਸੁਣ ਕੇ ਉਸ ਨੂੰ ਮੁਖਾਤਬ ਹੁੰਦੇ ਹਨ:
ਬਬੀਹਾ ਜਿਸਨੋ ਤੂ ਪੁਕਾਰਦਾ
ਤਿਸਨੋ ਲੋਚੈ ਸਭਿ ਕੋਇ॥
ਆਪਣੀ ਕ੍ਰਿਪਾ ਕਰਕੇ ਵਸਸੀ
ਵਣ ਤ੍ਰਿਣ ਹਰਿਆ ਹੋਇ॥
ਜਿਉਂ ਜਿਉਂ ਹਾੜ੍ਹ ਬੀਤਦਾ ਜਾਂਦਾ ਹੈ, ਬੰਬੀਹੇ ਦੀਆਂ ਅਰਦਾਸਾਂ ਵਿਚ ਸਭ ਦੀਆਂ ਅਰਦਾਸਾਂ ਸ਼ਾਮਲ ਹੋ ਜਾਂਦੀਆਂ ਹਨ। ਬੰਬੀਹਾ ਕੋਇਲ ਵਾਂਗ ਅੰਮ੍ਰਿਤ ਵੇਲੇ ਹੀ ਪੁਕਾਰਨ ਲੱਗਦਾ ਹੈ, ਮਾਨੋ ਸਵਾਂਤੀ ਬੂੰਦਾਂ ਦੀ ਅਰਦਾਸ ਕਰ ਰਿਹਾ ਹੋਵੇ:
ਬਾਬੀਹਾ ਅੰਮ੍ਰਿਤ ਵੇਲੇ ਬੋਲਿਆ
ਤਾਂ ਦਰ ਸੁਣੀ ਪੁਕਾਰ॥
ਮੇਘੈ ਨੋ ਫਰਮਾਨ ਹੋਆ
ਵਰਸਹੁ ਕਿਰਪਾ ਧਾਰਿ॥
ਮੀਂਹ ਪੈਣ ਨਾਲ ਤਾਪਮਾਨ ਥੱਲੇ ਆ ਜਾਂਦਾ ਹੈ। ਧਰਤੀ ਕੁਝ ਠੰਢੀ ਹੋ ਜਾਂਦੀ ਹੈ ਅਤੇ ਖੇਤੀ ਦਾ ਆਹਰ ਸ਼ੁਰੂ ਹੋ ਜਾਂਦਾ ਹੈ। ਪੰਜਾਬ ਦੀ ਆਰਥਕਤਾ ਸਹੀ ਸਮੇਂ ਅਤੇ ਸਹੀ ਮਾਤਰਾ ਵਿਚ ਮੀਂਹ ਪੈਣ ‘ਤੇ ਬਹੁਤ ਨਿਰਭਰ ਕਰਦੀ ਹੈ। ਇਸ ਲਈ ਹਾੜ੍ਹ ਦੇ ਦਿਨਾਂ ਵਿਚ ਬਰਸਾਤ ਲੇਟ ਹੋ ਜਾਵੇ ਤਾਂ ਇੰਦਰ ਦੇਵਤੇ ਦਾ ਨਾਂ ਬਹੁਤ ਜਪਿਆ ਜਾਂਦਾ ਹੈ। ਭਾਰਤੀ ਪਰੰਪਰਾ ਅਨੁਸਾਰ ਇਹ ਦੇਵਤਾ ਮੇਘ-ਮਾਲਕ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਸਭ ਰੁੱਤਾਂ ਇੰਦਰ ਦੇਵਤਾ ਨੇ ਬਣਾਈਆਂ ਹਨ। ਜਦੋਂ ਉਹ ਰੁੱਤਾਂ ਬਣਾ ਰਿਹਾ ਸੀ, ਉਸ ਸਮੇਂ ਉਹ ਐਂਦਰ ਅਪਸਰਾ ਨੂੰ ਬਹੁਤ ਪਿਆਰ ਕਰਦਾ ਸੀ। ਕਿਹਾ ਜਾਂਦਾ ਹੈ ਕਿ ਰੁੱਤਾਂ ਦਾ ਰੰਗ-ਰੂਪ, ਸੁਭਾਅ ਅਤੇ ਸੀਰਤ ਉਸ ਨੇ ਐਂਦਰ ਦੀਆਂ ਮੁਦਰਾਵਾਂ ਅਤੇ ਉਸ ਦੇ ਚਿਹਰੇ ਦੇ ਹਾਵਾਂ-ਭਾਵਾਂ ਤੋਂ ਲੈ ਕੇ ਸਿਰਜਿਆ:
ਜਦ ਉਹ ਹੱਸੀ, ਰੁੱਤ ਬਹਾਰ ਬਣੀ।
ਕਾਮੀ ਨਜ਼ਰੇ ਤੱਕੀ, ਤਾਂ ਅੰਗਿਆਰ ਬਣੀ।
ਵਿਚ ਉਦਾਸੀ ਮੱਤੀ, ਤਾਂ ਪੱਤ-ਹਾਰ ਬਣੀ।
ਸੇਜਾਂ ਮਾਣ ਕੇ ਥੱਕੀ, ਠੰਢੀ ਠਾਰ ਬਣੀ।
ਝਾਂਜਰ ਪਾ ਕੇ ਨੱਚੀ, ਤਾਂ ਸ਼ਿੰਗਾਰ ਬਣੀ।
ਹਾੜ੍ਹ ਦੀ ਰੁੱਤ ਅੰਗਿਆਰਾਂ ਦੀ ਰੁੱਤ ਹੈ। ਇਸ ਬਲਦੀ ਰੁੱਤੇ ਕੁਦਰਤ ਜਦ ਮੇਘਲਾ ਭੇਜਦੀ ਹੈ ਤਾਂ ਕਾਇਨਾਤ ਦਾ ਕੁੱਲ ਮਾਹੌਲ ਬਦਲ ਜਾਂਦਾ ਹੈ। ਇਨ੍ਹੀਂ ਦਿਨੀਂ ਹਰਿਮੰਦਰ ਸਾਹਿਬ ਅਤੇ ਬਾਕੀ ਮੁੱਖ ਗੁਰਦੁਆਰਿਆਂ ਵਿਚ ਮਲਹਾਰ ਰਾਗ ਵਿਚ ਕੀਰਤਨ ਕੀਤਾ ਜਾਂਦਾ ਹੈ। ਇਹ ਰਾਗ ਹਿੰਦੁਸਤਾਨੀ ਰਵਾਇਤ ਅਨੁਸਾਰ ਦੇਰ ਸ਼ਾਮ ਅਤੇ ਸਵੱਖਤੇ ਗਾਇਆ ਜਾਣ ਵਾਲਾ ਰਾਗ ਹੈ, ਪਰ ਬਰਸਾਤ ਦੇ ਦਿਨਾਂ ਵਿਚ ਇਹ ਕਿਸੇ ਵੀ ਸਮੇਂ ਗਾਇਆ ਜਾ ਸਕਦਾ ਹੈ। ਇਹ ਰਾਗ ਹੁਲਾਸ ਅਤੇ ਉਤਸ਼ਾਹਤ ਮੂਡ ਵਾਲਾ ਰਾਗ ਹੈ, ਕਿਉਂਕਿ ਬਰਸਾਤ ਨਾਲ ਤਨ, ਮਨ, ਧਨ ਅਤੇ ਬਨਸਪਤੀ ਮੌਲਦੀ ਹੈ, ਫੁੱਲ ਖਿੜਦੇ ਹਨ, ਧਰਤੀ ਦੀ ਕੁੱਖ ਨੂੰ ਭਾਗ ਲੱਗਦੇ ਹਨ।
ਅੱਜ ਦੇ ਯੁੱਗ ਵਿਚ ਭਾਵੇਂ ਸਿੰਜਾਈ ਦੇ ਅਨੇਕਾਂ ਸਾਧਨ ਉਪਲਬਧ ਹੋ ਗਏ ਹਨ ਅਤੇ ਮਨੁੱਖ ਨੇ ਕਈ ਸੁਖ-ਸਹੂਲਤਾਂ ਦਾ ਵੀ ਪ੍ਰਬੰਧ ਕਰ ਲਿਆ ਹੈ, ਪਰ ਮੀਂਹ ਪੈਣ ਨਾਲ ਕਾਫੀ ਵੱਡੀ ਰਾਹਤ ਮਿਲਦੀ ਹੈ। ਉਂਜ ਕਦੀ ਕਦੀ ਖਿਆਲ ਆਉਂਦਾ ਹੈ ਕਿ ਮਨੁੱਖ ਵਾਕਿਆ ਹੀ ਆਪਣੀ ਸੋਚ ਕਰ ਕੇ ਦੁਖੀ ਰਹਿੰਦਾ ਹੈ। ਪੁਰਾਤਨ ਪੰਜਾਬ ਦਾ ਜੀਵਨ ਅਜੋਕੇ ਜੀਵਨ ਤੋਂ ਕਿਤੇ ਵੱਧ ਕਠਿਨ ਸੀ। ਨਾ ਬਿਜਲੀ ਸੀ, ਨਾ ਪੱਖੇ; ਨਾ ਕੂਲਰ ਤੇ ਨਾ ਏæਸੀæ ਸਨ। ਨਾ ਜੈਨਰੇਟਰ, ਨਾ ਇਨਵਰਟਰ। ਖੇਤੀ ਵੀ ਬੇਹੱਦ ਔਖੀ ਸੀ। ਅੱਜ ਦੇ ਮਨੁੱਖ ਕੋਲ ਸੁੱਖ ਸਹੂਲਤਾਂ ਦੇ ਅਨੇਕਾਂ ਸਾਧਨ ਹਨ ਪਰ ਅਫਸੋਸ, ਸਭ ਸਹੂਲਤਾਂ ਦੇ ਬਾਵਜੂਦ ਕਲੇਸ਼ ਉਸੇ ਤਰ੍ਹਾਂ ਹਨ, ਬਰਦਾਸ਼ਤ ਦਾ ਮਾਦਾ ਘਟ ਚੁਕਾ ਹੈ। ਜਦ ਕੋਈ ਉਪਕਰਨ ਰੁਕ ਜਾਂਦਾ ਹੈ ਤਾਂ ਮਨੁੱਖ ਕਿਤੇ ਜ਼ਿਆਦਾ ਖਿਝਦਾ ਹੈ।
ਅੱਜ ਦੇ ਮੁਕਾਬਲੇ ਪੰਦਰਵੀਂ ਸਦੀ ਦਾ ਜੀਵਨ ਤਾਂ ਹੋਰ ਵੀ ਕਠਿਨ ਸੀ, ਪਰ ਜੇ ਕਠਿਨ ਨੂੰ ਕਠਿਨ ਸਮਝਾਂਗੇ ਤਾਂ ਉਹ ਹੋਰ ਬੋਝਲ ਹੋ ਜਾਵੇਗਾ। ਗੁਰੂ ਨਾਨਕ ਇਸ ਮਹੀਨੇ ਦਾ ਉਲੇਖ ਕਰਦਿਆਂ ਇਸ ਨੂੰ ਵੀ ਹੋਰ ਮਹੀਨਿਆਂ ਵਾਂਗ ਭਲਾ ਹੀ ਕਹਿੰਦੇ ਹਨ:
ਅਸਾੜ ਭਲਾ ਸੂਰਜ ਗਗਨਿ ਤਪੈ॥
ਧਰਤੀ ਦੂਖ ਸਹੈ ਸੋਖੈ ਅਗਨਿ ਭਖੈ॥
ਅਗਨਿ ਰਸੁ ਸੋਖੈ ਮਰੀਐ ਧੋਖੈ॥
ਭੀ ਸੋ ਕਿਰਤ ਨ ਹਾਰੇ॥
ਰਥ ਫਿਰੈ ਛਾਇਆ ਧਨ ਤਾ ਕੈ
ਟੀਡ ਲਵੈ ਮੰਝਿ ਬਾਰੇ॥
ਅਵਗੁਣ ਬਾਧਿ ਚਲੀ ਦੁਖੁ ਆਗੈ
ਸੁਖੁ ਤਿਸੁ ਸਾਚੁ ਸਮਾਲੇ॥
ਨਾਨਕ ਤਿਸ ਨੋ ਇਹ ਮਨ ਦੀਆ
ਮਰਣ ਜੀਵਨ ਪ੍ਰਭੁ ਨਾਲੇ॥
ਉਹ ਸੂਰਜ ਜੋ ਸਰਦੀ ਦੇ ਦਿਨਾਂ ਵਿਚ ਸ਼ਕਤੀ-ਸ੍ਰੋਤ ਬਣਦਾ ਹੈ, ਹੁਣ ਕਹਿਰਵਾਨ ਹੈ, ਅੱਗ ਵਰ੍ਹਾਉਂਦਾ ਹੈ। ਹਰ ਜੀਵ, ਹਰ ਪ੍ਰਾਣੀ ਕਲਪ ਗਿਆ ਹੈ। ਹਰ ਵਸਤੂ ਇੰਜ ਹੈ ਜਿਵੇਂ ਅੰਦਰੋਂ ਧੁਖ ਰਹੀ ਹੋਵੇ, ਪਰ ਸੂਰਜ ਹੈ ਕਿ ਰਤਾ ਤਰਸ ਨਹੀਂ ਕਰਦਾ। ਹਰ ਕੋਈ ਅਰਦਾਸ ਕਰਦਾ ਹੈ। ਕੀ ਕੋਇਲ ਤੇ ਕੀ ਬੰਬੀਹਾ; ਨਿੱਕੇ ਤੋਂ ਨਿੱਕਾ ਬੀਂਡਾ ਵੀ ਅਰਦਾਸ ਵਿਚ ਸ਼ਾਮਲ ਹੈ। ਬਾਹਰ ਜੂਹਾਂ ਵੀ ਝੁਲਸ ਰਹੀਆਂ ਹਨ।
ਇਸ ਸ਼ਬਦ ਵਿਚ ‘ਰਥ ਫਿਰੈ ਛਾਇਆ ਧਨ ਤਾ ਕੈ’ ਨੂੰ ਪਾਲ ਸਿੰਘ ਪੁਰੇਵਾਲ ਨੇ ਆਪਣੇ ਕਲੰਡਰ ਨੂੰ ਨਾਨਕਸ਼ਾਹੀ ਕਲੰਡਰ ਦਾ ਨਾਂ ਦੇਣ ਦੀ ਦਲੀਲ ਵਜੋਂ ਵਰਤਿਆ ਹੈ। 14-15 ਹਾੜ੍ਹ ਦੇ ਕਰੀਬ ਸੂਰਜ ਦਾ ਰਥ ਉਤਰਾਇਣ ਦੇ ਸਿਖਰ ਤੋਂ ਦਖਨਾਇਣ ਨੂੰ ਮੁੜਦਾ ਹੈ ਅਤੇ ਕੁਝ ਦਿਨਾਂ ਬਾਅਦ ਸਾਵਣ ਦੇ ਆਉਣ ਦੀ ਉਡੀਕ ਹੁੰਦੀ ਹੈ, ਤੇ ਇਹ ਉਮੀਦ ਹੁੰਦੀ ਹੈ ਕਿ ਵਰਖਾ ਹੋਵੇਗੀ ਅਤੇ ਛੋਟੇ ਛੋਟੇ ਜੀਵ ਵੀ ਚਹਿਕਣ ਲੱਗਣਗੇ। ਜੀਵ ਇਸਤਰੀ ਰੋਜ਼ ਪਰਛਾਵੇਂ ਤੱਕਦੀ ਹੈ। ਉਸ ਨੂੰ ਪਤਾ ਹੈ ਕਿ ਗਰਮੀ ਦੇ ਸਭ ਤੋਂ ਲੰਬੇ ਦਿਨ ਪਰਛਾਵਾਂ ਸਭ ਤੋਂ ਛੋਟਾ ਹੋਵੇਗਾ ਅਤੇ ਉਸ ਦਿਨ ਤੋਂ ਸੂਰਜ ਰੁਖ ਬਦਲ ਜਾਵੇਗਾ ਅਤੇ ਉਸ ਦਾ ਕਹਿਰ ਘਟਣ ਲੱਗੇਗਾ। ਗੁਰੂ ਜੀ ਦੇ ਵੇਲੇ ਇਹ ‘ਰਥ ਫਿਰੇ’ 15 ਹਾੜ੍ਹ ਨੂੰ ਹੁੰਦਾ ਸੀ।
ਜੇਠ-ਹਾੜ੍ਹ ਦੀ ਗਰਮੀ ਸਰੀਰਾਂ ਲਈ ਅਤਿ ਜ਼ਰੂਰੀ ਵੀ ਹੁੰਦੀ ਹੈ। ਪਸੀਨਾ ਆਉਣ ਨਾਲ ਸਰੀਰ ਦੇ ਮੁਸਾਮਾਂ ਦੀ ਸਫਾਈ ਹੋ ਜਾਂਦੀ ਹੈ ਅਤੇ ਸਰੀਰ ਅੰਦਰੋਂ-ਬਾਹਰੋਂ ਧੋਤਾ ਜਾਂਦਾ ਹੈ। ਭਾਰੇ ਸਰੀਰ ਵੀ ਕੁਝ ਢਿੱਲ੍ਹੇ ਪੈ ਜਾਂਦੇ ਹਨ। ਭਾਰ ਘਟਾਉਣ ਲਈ ਇਹ ਸਭ ਤੋਂ ਵਧੀਆ ਮਹੀਨਾ ਹੈ, ਬਸ਼ਰਤੇ ਜ਼ਿਆਦਾ ਗਰਮੀ, ਲੂ ਅਤੇ ਧੁੱਪ ਤੋਂ ਬਚਿਆ ਜਾਵੇ। ਪੁਰਾਣੇ ਦਿਨਾਂ ਵਿਚ ਭਲੇ ਲੋਕ ਦੁਪਹਿਰ ਵੇਲੇ ਗੁੱਡੀ-ਗੁੱਡੇ ਦਾ ਵਿਆਹ ਰਚਾਉਂਦੇ ਸਨ। ਫਿਰ ਗੁੱਡੀ-ਗੁੱਡਾ ਸਾੜਿਆ ਜਾਂਦਾ ਸੀ ਅਤੇ ਨਾਲ ਹੀ ਕੁੜੀਆਂ-ਮੁੰਡੇ ਉਚੀ ਉਚੀ ਗਾਉਂਦੇ ਸਨ:
ਗੁੱਡੀ-ਗੁੱਡਾ ਸਾੜਿਆ,
ਵੱਸ ਮੀਂਹਾਂ ਕਾਲਿਆ।
ਗੁੱਡੀ-ਗੁੱਡਾ ਪਿੱਟਿਆ,
ਵੱਸ ਮੀਂਹਾਂ ਚਿੱਟਿਆ।
ਪਿੰਡਾਂ ਵਿਚ ਇਹ ਗੱਲ ਵੀ ਪ੍ਰਚਲਿਤ ਸੀ ਕਿ ਜੇ ਪਿੰਡ ਦੇ ਕਿਸੇ ਕੁਰੱਖਤ ਬੁੱਢੇ ਉਤੇ ਸੁੱਤੇ-ਸਿੱਧ ਪਾਣੀ ਸੁੱਟ ਦੇਈਏ ਅਤੇ ਉਹ ਗੁੱਸੇ ਵਿਚ ਉਠ ਕੇ ਗਾਲ੍ਹਾਂ ਕੱਢੇ ਤਾਂ ਮੀਂਹ ਪੈਂਦਾ ਹੈ। ਪਿੰਡ ਦੀਆਂ ਨੌਜੁਆਨ ਕੁੜੀਆਂ ਸੱਥ ਵਿਚ ਰੁੱਖ ਦੇ ਥੱਲੇ ਬੈਠੇ ਜਾਂ ਸੁੱਤੇ ਬੰਦੇ ਉਤੇ ਪਾਣੀ ਸੁੱਟਦੀਆਂ ਤਾਂ ਉਹ ਅੱਗੋਂ ਅਚਾਨਕ ਘਬਰਾ ਕੇ, ਠੰਢਾ ਹੋਣ ਦੀ ਥਾਂ ਮੱਚ ਉਠਦਾ ਅਤੇ ਗਾਲ੍ਹਾਂ ਕੱਢਦਾ, ਮਾੜਾ ਬੋਲਦਾ। ਚੰਗਾ ਸੋਹਣਾ ਤਮਾਸ਼ਾ ਬੱਝ ਜਾਂਦਾ। ਬੁੱਢਾ ਗਾਲ੍ਹਾਂ ਕੱਢ ਕੇ ਖੁਸ਼ ਅਤੇ ਕੁੜੀਆਂ ਗਾਲ੍ਹਾਂ ਖਾ ਕੇ ਖੁਸ਼। ਮੀਂਹ ਦੀ ਤਾਂ ਆਪਣੀ ਮਰਜ਼ੀ ਹੁੰਦੀ ਸੀ; ਚਾਹੇ ਪਵੇ, ਚਾਹੇ ਨਾ ਪਵੇ; ਪਰ ਕੁਝ ਸਮੇਂ ਲਈ ਗਰਮੀ ਵੱਲੋਂ ਧਿਆਨ ਹਟ ਕੇ ਸ਼ੁਗਲ-ਮੇਲੇ ਵਲ ਹੋ ਜਾਂਦਾ ਸੀ।
ਮੀਂਹ ਪੈਣ ਦੀ ਦੇਰ ਹੈ, ਦਾਰਿਆਂ, ਥੜ੍ਹਿਆਂ ਅਤੇ ਬਾਗਾਂ ਦੀਆਂ ਰੌਣਕਾਂ ਘਟ ਜਾਂਦੀਆਂ ਹਨ। ਕੰਮਾਂ ਦੀ ਗਤੀ ਤੇਜ਼ ਹੋ ਜਾਂਦੀ ਹੈ। ਮੱਕੀ, ਚਰੀ, ਜੁਆਰ, ਬਾਜਰੇ ਲਈ ਜ਼ਮੀਨ ਤਿਆਰ ਕਰਨੀ ਹੁੰਦੀ ਹੈ। ਕਮਾਦ ਗੋਡਣ, ਸਬਜ਼ੀਆਂ ਤੋੜਨ ਅਤੇ ਝੋਨੇ ਲਈ ਪਨੀਰੀ ਬੀਜਣ ਦੇ ਕੰਮ, ਕਿੰਨਾ ਕੁਝ ਹੁੰਦਾ ਹੈ ਕਰਨ ਵਾਲਾ। ਸੁਆਣੀਆਂ ਵੀ ਇਨ੍ਹਾਂ ਰੁਝੇਵਿਆਂ ਵਿਚ ਮਦਦਗਾਰ ਸਾਬਤ ਹੁੰਦੀਆਂ ਹਨ। ਜੇ ਖੇਤਾਂ ਵਿਚ ਕਾਮੇ ਲੱਗੇ ਹੋਣ, ਤਾਂ ਉਨ੍ਹਾਂ ਨੂੰ ਰੋਟੀ ਤੇ ਚਾਹ-ਪਾਣੀ ਪਹੁੰਚਾਉਣਾ ਔਰਤਾਂ ਦੇ ਹਿੱਸੇ ਆਉਂਦਾ ਹੈ। ਰਸੋਈ ਦੀ ਡਿਊਟੀ ਘਰ ਦੀਆਂ ਔਰਤਾਂ ਦੀ ਹੀ ਹੁੰਦੀ ਹੈ।
ਹਰ ਸਭਿਆਚਾਰ ਵਿਚ ਰਹੁ-ਰੀਤਾਂ ਅਤੇ ਕਾਰ-ਵਿਹਾਰ ਦੀਆਂ ਕੁਝ ਗੱਲਾਂ ਬੜੀਆਂ ਗੈਰ-ਪ੍ਰਸੰਗਿਕ ਹੁੰਦੀਆਂ ਹਨ। ਪੰਜਾਬ ਵਿਚ ਗਰਮੀਆਂ ਦੇ ਮੌਸਮ ਵਿਚ ਪਾਇਆ ਜਾਂਦਾ ਪਹਿਰਾਵਾ ਮੌਸਮ ਦੇ ਅਨੁਕੂਲ ਨਹੀਂ ਹੁੰਦਾ। ਲੰਬੇ ਕੁੜਤੇ, ਗਿੱਟਿਆਂ ਤੱਕ ਲੰਬੇ ਪਜਾਮੇ ਅਤੇ ਸਿਰਾਂ ‘ਤੇ ਪੱਗਾਂ। ਪਤਾ ਨਹੀਂ ਕਿਉਂ ਸਾਨੂੰ ਨਿੱਕਰਾਂ, ਅੱਧੀ ਬਾਂਹ ਵਾਲੀਆਂ ਬੁਸ਼ਰਟਾਂ ਅਤੇ ਪਟਕੇ (ਕੇਸਕੀਆਂ) ਮਨਜ਼ੂਰ ਨਹੀਂ? ਹੈਰਾਨੀ ਹੁੰਦੀ ਹੈ ਕਿ ਅੰਗਰੇਜ਼ਾਂ ਦੀ ਰੀਸੇ ਪਬਲਿਕ ਸਕੂਲਾਂ ਦੇ ਬੱਚਿਆਂ ਨੂੰ ਭਰਪੂਰ ਗਰਮੀ ਵਿਚ ਵੀ ਟਾਈ ਅਤੇ ਬੂਟ-ਜਰਾਬਾਂ ਪਹਿਨਣੀਆਂ ਪੈਂਦੀਆਂ ਹਨ। ਹਾਂ, ਅੰਗਰੇਜ਼ਾਂ ਦੀ ਰੀਸੇ ਕੁੜੀਆਂ ਨੂੰ ਜ਼ਰੂਰ ਫਾਇਦਾ ਹੋ ਗਿਆ ਹੈ, ਜਿਨ੍ਹਾਂ ਦੀ ਵਰਦੀ ਵਿਚ ਸਲਵਾਰ ਨਾ ਹੋ ਕੇ ਸਕਰਟ ਹੋ ਗਈ ਹੈ।
ਬਹੁਤ ਸਾਰੇ ਦਫਤਰ ਆਮ ਵਾਂਗ ਕੰਮ ਕਰਦੇ ਹਨ, ਪਰ ਸਕੂਲਾਂ-ਕਾਲਜਾਂ ਵਿਚ ਇਨ੍ਹੀਂ ਦਿਨੀਂ ਛੁੱਟੀਆਂ ਹੁੰਦੀਆਂ ਹਨ। ਅਮੀਰ ਲੋਕ ਪਹਾੜਾਂ ਵੱਲ ਤੁਰ ਪੈਂਦੇ ਹਨ, ਭਾਵੇਂ ਏæਸੀæ ਦੀ ਸਹੂਲਤ ਨਾਲ ਹੁਣ ਪਹਾੜੀਂ ਜਾਣਾ ਪਿਕਨਿਕ ਤੱਕ ਸੀਮਤ ਹੋ ਗਿਆ ਹੈ। ਅਮੀਰ ਹਰ ਮੌਸਮ ਵਿਚ ਹੀ ਸੁਖ-ਸਾਧਨ ਦੇ ਵਸੀਲੇ ਪੈਦਾ ਕਰ ਲੈਂਦੇ ਰਹੇ ਹਨ।
ਕਾਲੀਦਾਸ ਇਸ ਮੌਸਮ ਬਾਰੇ ਲਿਖਦਾ ਹੈ, “ਲੋਕ ਇਸ ਰੁੱਤੇ ਚਾਨਣੀਆਂ ਰਾਤਾਂ ਵਿਚ ਅਨੋਖੇ ਫੁਹਾਰਿਆਂ, ਵੰਨ-ਸੁਵੰਨੀਆਂ ਮਣੀਆਂ ਤੇ ਸੀਤਲ ਚੰਦਨ ਦੀ ਵਰਤੋਂ ਕਰਦੇ ਹਨ। ਮੁਟਿਆਰਾਂ ਭਾਰੇ ਬਸਤਰ ਲਾਹ ਕੇ ਬਰੀਕ ਕੱਪੜੇ ਪਹਿਨਣ ਲੱਗਦੀਆਂ ਹਨ। ਚੰਦਨ ਤੇ ਪਾਣੀ ਨਾਲ, ਸੀਤਲ ਅਤੇ ਪੱਖਿਆਂ ਦੀ ਪੌਣ ਨਾਲ, ਸੀਨੇ ਤੇ ਸਜੀਆਂ ਹਾਰ ਦੀਆਂ ਲੜੀਆਂ ਨਾਲ ਅਤੇ ਵੀਣਾ ਦੀ ਮਧੁਰ ਧੁਨ ਨਾਲ ਮਾਨੋ ਸੁੱਤੇ ਇਸ਼ਕ ਨੂੰ ਜਗਾਇਆ ਜਾ ਰਿਹਾ ਹੈ।”
ਅਜੋਕੇ ਪੰਜਾਬ ਵਿਚ ਜਿਥੇ ਸਰਦੀਆਂ ਵਿਚ ਮੀਟ-ਸ਼ਰਾਬ ਦਾ ਸੇਵਨ ਬਹੁਤ ਵਧ ਜਾਂਦਾ ਹੈ, ਉਥੇ ਗਰਮੀਆਂ ਵਿਚ ਬੀਅਰ ਬਾਰ ਵਿਚ ਬੈਠਣ ਵਾਲਿਆਂ ਦੀ ਗਿਣਤੀ ਵੀ ਵਧਣ ਲਗਦੀ ਹੈ। ਹਾੜ੍ਹ ਦੀ ਅਤਿ ਦੀ ਗਰਮੀ ਸ਼ਹਿਰੀ ਜੀਵਨ ਤੇ ਆਪਣਾ ਪੂਰਾ ਪ੍ਰਭਾਵ ਛੱਡਦੀ ਹੈ। ਦੁਕਾਨਾਂ ਅਤੇ ਕਾਰੋਬਾਰੀ ਸਥਾਨਾਂ, ਖਾਸ ਤੌਰ ‘ਤੇ ਦੁਪਹਿਰ ਵੇਲੇ ਰੌਣਕ ਘਟ ਜਾਂਦੀ ਹੈ। ਜਿਥੇ ਮਿਉਂਸਪਲ ਕਮੇਟੀਆਂ ਚੰਗੀਆਂ ਹਨ, ਉਥੇ ਪਾਰਕਾਂ ਵਿਚ ਸਾਂਭੇ-ਸਵਾਰੇ ਰੁੱਖ-ਬੂਟੇ ਤੇ ਪਾਣੀ ਦੇ ਫੁਹਾਰੇ ਗਰਮੀ ਤੋਂ ਕੁਝ ਰਾਹਤ ਬਖਸ਼ਦੇ ਹਨ। ਇਸ ਲਈ ਸ਼ਾਮ ਨੂੰ ਪਾਰਕਾਂ ਵਿਚ ਅਤੇ ਮਾਲ ਰੋਡਾਂ ‘ਤੇ ਸੈਰ ਕਰਨ ਵਾਲਿਆਂ ਦੀ ਗਿਣਤੀ ਵੀ ਵਧ ਜਾਂਦੀ ਹੈ। ਇਨ੍ਹਾਂ ਲੋਕਾਂ ਨੂੰ ਗਰਮੀਆਂ ਦੀਆਂ ਕਈ ਨਿਆਮਤਾਂ ਮੁੱਲ ਮਿਲ ਜਾਂਦੀਆਂ ਹਨ। ਕੈਂਪੇ, ਲਿਮਕੇ, ਕੋਕ ਆਦਿ ਤੋਂ ਬਿਨਾ ਕਈ ਕਿਸਮਾਂ ਦੀਆਂ ਆਈਸ-ਕ੍ਰੀਮਾਂ, ਰਸ-ਮਲਾਈ, ਗੂੰਦ-ਕਤੀਰਾ, ਕੁਲਫੀ, ਫਲੂਦਾ ਆਦਿ ਗਰਮੀ ਦੀਆਂ ਨਿਆਮਤਾਂ ਹਨ। ਲੱਸੀ, ਠੰਢਾ ਦੁੱਧ, ਸ਼ਕੰਜਵੀ ਆਦਿ ਦੀ ਵੀ ਖੂਬ ਵਿਕਰੀ ਹੁੰਦੀ ਹੈ। ਪੰਜਾਬ ਵਿਚ ਜਿਥੇ ਖਾਣ-ਪੀਣ ਵਿਚ ਵਾਹਵਾ ਵੰਨ-ਸੁਵੰਨਤਾ ਵੇਖਣ ਨੂੰ ਮਿਲਦੀ ਹੈ, ਉਥੇ ਪਹਿਰਾਵੇ ਦੀ ਵੰਨਗੀ ਵੀ ਵਧੀ ਹੈ। ਇਨ੍ਹਾਂ ਦਿਨਾਂ ਵਿਚ ਪੱਛਮੀ ਸਭਿਅਤਾ ਦੇ ਉਸਾਰੂ ਪ੍ਰਭਾਵ ਅਧੀਨ ਬਹੁਤ ਸਾਰੇ ਨੌਜੁਆਨ ਬਰਮੂਡੇ ਅਤੇ ਸਲੀਵਲੈਸ ਟੀ-ਸ਼ਰਟਾਂ ਪਾਉਣ ਲੱਗੇ ਹਨ ਪਰ ਔਰਤਾਂ ਅਤੇ ਨੌਜੁਆਨ ਕੁੜੀਆਂ ਨੂੰ ਅਜੇ ਇਹ ਖੁੱਲ੍ਹ ਨਹੀਂ ਮਿਲੀ, ਫਿਰ ਵੀ ਸਲੀਵਲੈਸ ਕਮੀਜ਼ਾਂ ਪਾਈ ਔਰਤਾਂ ਦੀ ਗਿਣਤੀ ਪਹਿਲਾਂ ਤੋਂ ਕਾਫੀ ਵਧੀ ਹੈ। ਉਂਜ ਵੀ ਪਤਲੇ ਸੂਤੀ ਸੂਟਾਂ ਵਿਚ ਸੁਡੋਲ ਸਰੀਰ ਫੱਬ ਫੱਬ ਪੈਂਦੇ ਹਨ।
ਅੱਜ ਕੱਲ੍ਹ ਤਾਂ ਘਰ ਘਰ ਵਿਚ ਪਾਣੀ ਦਾ ਪ੍ਰਬੰਧ ਹੈ, ਪਰ ਅੱਜ ਤੋਂ ਚਾਲੀ-ਪੰਜਾਹ ਸਾਲ ਪਹਿਲਾਂ ਪਿੰਡਾਂ ਵਿਚ ਇਨ੍ਹੀਂ ਦਿਨੀਂ ਖੂਹਾਂ ਅਤੇ ਖੂਹੀਆਂ ਦੇ ਪਾਣੀ ਬਹੁਤ ਥੱਲੇ ਚਲੇ ਜਾਂਦੇ ਸਨ। ਉਧਰੋਂ ਛੱਪੜਾਂ, ਟੋਭਿਆਂ ਅਤੇ ਬਰਸਾਤੀ ਨਾਲਿਆਂ ਵਿਚੋਂ ਪਾਣੀ ਸੁੱਕ ਜਾਂਦੇ ਸਨ। ਪੈਰ ਪੈਰ ‘ਤੇ ਮੁਸ਼ਕਿਲਾਂ ਖੜ੍ਹੀਆਂ ਹੋ ਜਾਂਦੀਆਂ ਸਨ। ਫਸਲ ਅਤੇ ਪਸੂ ਧਨ ਸਾਂਭਣਾ ਮੁਹਾਲ ਹੋ ਜਾਂਦਾ ਸੀ। ਬਰਸਾਤ ਹੋਣ ਨਾਲ ਜਿਥੇ ਫਸਲੀ ਕਾਰੋਬਾਰ ਜ਼ੋਰ-ਸ਼ੋਰ ਨਾਲ ਸ਼ੁਰੂ ਹੋ ਜਾਂਦੇ ਹਨ, ਉਥੇ ਕੁਦਰਤ ਆਪਣੀ ਜਣਨ-ਪ੍ਰਕ੍ਰਿਆ ਦੀ ਮਸ਼ੀਨਰੀ ਨੂੰ ਖੂਬ ਅੱਗੇ ਤੋਰਦੀ ਹੈ। ਰੁੱਖਾਂ-ਬੂਟਿਆਂ ਵਿਚ ਜ਼ਿੰਦਗੀ ਰਵਾਂ ਹੋਣ ਲਗਦੀ ਹੈ। ਫੁੱਲ ਖਿੜਨ ਲਗਦੇ ਹਨ ਤੇ ਹੌਲੀ ਹੌਲੀ ਫਲਾਂ ਦੀ ਸ਼ਕਲ ਇਖਤਿਆਰ ਕਰਨ ਲੱਗਦੇ ਹਨ। ਖੁਸ਼ਗਵਾਰ ਤੇ ਕਿਣ-ਮਿਣ ਦੇ ਮਾਹੌਲ ਵਿਚ ਫਲ ਰਸੀਲੇ ਤੇ ਭਰਪੂਰ ਹੋਈ ਜਾਂਦੇ ਹਨ ਅਤੇ ਫਿਰ ਪਕਿਆਈ ਵਲ ਤੁਰ ਪੈਂਦੇ ਹਨ। ਕਮਾਲ ਦੀ ਵਰਕਸ਼ਾਪ ਹੈ ਕੁਦਰਤ ਦੀ!