ਸਮੁੰਦਰੀ-ਸੰਵੇਦਨਾ

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਹੈ ਤਾਂ ਫਿਜ਼ਿਕਸ ਜਿਹੇ ਖੁਸ਼ਕ ਵਿਸ਼ੇ ਦੇ ਅਧਿਆਪਕ, ਪਰ ਉਨ੍ਹਾਂ ਦੀ ਵਾਰਤਕ ਵਿਚ ਕਵਿਤਾ ਜਿਹੀ ਰਵਾਨਗੀ ਹੈ। ਉਹ ਸ਼ਬਦਾਂ ਦੀ ਅਜਿਹੀ ਜੁਗਤ ਬੰਨਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ!

ਇਸ ਲੇਖ ਲੜੀ ਵਿਚ ਉਨ੍ਹਾਂ ਕੁਦਰਤ ਦੀਆਂ ਨਿਆਮਤਾਂ ਨੂੰ ਸਲਾਮ ਕੀਤਾ ਹੈ ਅਤੇ ਮਨੁੱਖ ਦੀ ਇਨ੍ਹਾਂ ਪ੍ਰਤੀ ਅਕ੍ਰਿਤਘਣਤਾ ਉਤੇ ਅਫਸੋਸ ਜ਼ਾਹਰ ਕੀਤਾ ਹੈ। ਪਿਛਲੇ ਲੇਖ ਵਿਚ ਉਨ੍ਹਾਂ ਦਰਿਆ ਦੀ ਮਨੁੱਖ ਨਾਲ ਅਜ਼ਲਾਂ ਤੋਂ ਸਾਂਝ ਦੀ ਬਾਤ ਪਾਉਂਦਿਆਂ ਅਫਸੋਸ ਜ਼ਾਹਰ ਕੀਤਾ ਸੀ ਕਿ ਮਨੁੱਖ ਨੇ ਆਪਣੇ ਸਵਾਰਥ ਖਾਤਰ ਦਰਿਆਵਾਂ ਦੇ ਪਾਣੀ ਨੂੰ ਪਲੀਤ ਕਰ ਦਿੱਤਾ ਹੈ। ਹਥਲੇ ਲੇਖ ਵਿਚ ਡਾæ ਭੰਡਾਲ ਨੇ ਸਮੁੰਦਰ ਦੀ ਵਿਸ਼ਾਲਤਾ ਅਤੇ ਮਨੁੱਖੀ ਸਭਿਅਤਾਵਾਂ ਦੀ ਗੱਲ ਕਰਦਿਆਂ ਕਿਹਾ ਹੈ ਕਿ ਸਮੁੰਦਰ, ਸਭਿਅਤਾਵਾਂ ਦਾ ਮੌਲਣ-ਬਿੰਦੂ ਤੇ ਮਨੁੱਖੀ ਵਿਕਾਸ ਦਾ ਧੁਰਾ ਹੈ। ਕੰਢਿਆਂ ‘ਤੇ ਵੱਸੇ ਮਹਾਂਨਗਰ, ਸਮੁੰਦਰੀ ਅਕੀਦਤ ਦਾ ਸੁਨੱਖਾ ਸਰੂਪ ਹਨ। ਸਮੁੰਦਰ, ਹੱਦਾਂ-ਸਰਹੱਦਾਂ ਤੋਂ ਉਪਰ, ਪਰ ਅਫਸੋਸ ਵੱਖ-ਵੱਖ ਦੇਸ਼ ਇਸ ਦੇ ਟੋਟੇ ਕਰਨ ਨੂੰ ਕਾਹਲੇ। ਸਮੁੰਦਰ ਉਪਰ ਮਨੁੱਖੀ ਲਕੀਰਾਂ ਅਦਿੱਖ ਹਨ। ਕੌਣ ਏ ਜੋ ਪਾਣੀਆਂ ਨੂੰ ਵੰਡ ਸਕੇ! ਪਾਣੀ ਤਾਂ ਜੀਵਨ-ਦਾਨੀ ਜਿਸ ਦਾ ਕੋਈ ਮਜ਼ਹਬ, ਕੌਮ, ਧਰਮ ਜਾਂ ਦੇਸ਼ ਨਹੀਂ। ਉਹ ਤਾਂ ਸਾਂਝੀਵਾਲਤਾ ਦਾ ਸੁਨੇਹਾ। ਡਾæ ਭੰਡਾਲ ਨੂੰ ਗਿਲਾ ਹੈ, “ਸਮੁੰਦਰ, ਅੱਜ ਕੱਲ ਆਪਣੀ ਹੋਣੀ ‘ਤੇ ਹੰਝੂ ਕੇਰਦਾ। ਗਲੋਬਲ ਵਾਰਮਿੰਗ ਕਾਰਨ ਗਲੇਸ਼ੀਅਰ ਪਿਘਲਣੇ ਸ਼ੁਰੂ। ਸਮੁੰਦਰ ਦਾ ਪੱਧਰ ਉਪਰ ਉਠਣ ‘ਤੇ ਇਸ ਦੇ ਕਿਨਾਰੇ ਵੱਸੇ ਸ਼ਹਿਰਾਂ ਦੇ ਨਾਮੋ-ਨਿਸ਼ਾਨ ਮਿਟਣ ਦਾ ਖਤਰਾ। ਪਰ ਮਨੁੱਖ ਸਮੁੰਦਰ ਦੀ ਹੂਕ ਸੁਣਨ ਤੋਂ ਆਕੀ।” ਉਹ ਸਲਾਹ ਦਿੰਦੇ ਹਨ, “ਕਦੇ ਕਦਾਈਂ ਸਮੁੰਦਰ-ਬੀਹੀ ਵਿਚ ਗੇੜਾ ਜਰੂਰ ਲਾਉਣਾ, ਤੁਹਾਡੀ ਦਿੱਬ-ਦ੍ਰਿਸ਼ਟੀ ਨੂੰ ਨਵੀਂ ਪਰਵਾਜ਼ ਮਿਲੇਗੀ।” -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ
ਸਮੁੰਦਰ ਵਿਸ਼ਾਲਤਾ ਦਾ ਪ੍ਰਤੀਕ, ਨੀਲੱਤਣ ਦਾ ਨਾਮਕਰਨ, ਤਰਲਤਾ ਦੀ ਤਰਜ਼ਮਾਨੀ ਅਤੇ ਡੂੰਘਾਈ ਦੀ ਧਰਾਤਲ।
ਸਮੁੰਦਰੀ ਹਿੱਕ ‘ਤੇ ਲਹਿਰਾਂ ਦੀਆਂ ਅਠਖੇਲੀਆਂ, ਲਹਿਰਾਂ ਸੰਗ ਸੰਗੀਤਕ-ਸੰਵਾਦ ਅਤੇ ਪਾਣੀ ਦੀ ਹਿੱਕ ‘ਤੇ ਪੈੜ-ਸਿਰਜਣਾ।
ਸਮੁੰਦਰ, ਦੂਰ ਦੂਰ ਤੀਕ ਪਾਣੀ ਦੇ ਫੈਲਾਅ ਦਾ ਝਲਕਾਰਾ, ਵਾਸ਼ਪ-ਕਣਾਂ ਦੀ ਛਹਿਬਰ ਅਤੇ ਪੌਣ ਦੀ ਲਹਿਰਾਂ ਸੰਗ ਜੁਗਲਬੰਦੀ।
ਸਮੁੰਦਰ, ਜੀਵਨ ਦੀ ਆਧਾਰਸ਼ਿਲਾ, ਧਰਾਤਲ ਵਿਚ ਪਸਰਿਆ ਜੀਵ-ਸੰਸਾਰ, ਪੌਦ-ਭੰਡਾਰ ਅਤੇ ਅਣਛੋਹਿਆ ਨਿਵੇਕਲਾ ਸੰਸਾਰ। ਅਜੇ ਤੀਕ ਮਨੁੱਖ ਦੀ ਮਲੀਨ ਸੋਚ ਤੋਂ ਸੁਰੱਖਿਅਤ। ਪਾਕੀਜ਼ਗੀ ਦਾ ਸੁੱਚਾ ਨਾਮਕਰਣ।
ਸਮੁੰਦਰ, ਧਰਤ ‘ਤੇ ਜੀਵ-ਸੰਸਾਰ ਦੇ ਮੁੱਢ ਦਾ ਪ੍ਰਤੀਕ, ਆਦਿ-ਗਵਾਹ। ਅਮੀਬਾ ਤੋਂ ਸ਼ੁਰੂ ਹੋਈ ਜੀਵ-ਪ੍ਰਣਾਲੀ ਦੇ ਵਿਕਾਸ ਦਾ ਅਧਿਐਨ ਕੇਂਦਰ।
ਸਮੁੰਦਰ, ਪਾਣੀ ਦੀ ਬਹੁਲਾਤ ਦਾ ਸਰੂਪ। ਧਰਤ ਦੇ ਦੋ ਤਿਹਾਈ ਹਿੱਸੇ ‘ਤੇ ਫੈਲਿਆ ਏ ਪਾਣੀ। ਜੀਵ-ਸੰਸਾਰ ਦੀ ਮੌਲਿਕਤਾ, ਨਵੀਆਂ ਸੰਭਾਵਨਾਵਾਂ ਅਤੇ ਉਚੇਰੇ ਦਿਸਹੱਦਿਆਂ ਦਾ ਸਿਰਲੇਖ। ਇਸ ਨੂੰ ਖੋਜਣ ਅਤੇ ਅਸੀਮਤਾ ਨੂੰ ਸਮਝਣ ਲਈ ਮਨੁੱਖ ਕੋਲ ਸੀਮਤ ਸਾਧਨ। ਇਸ ਲਈ ਸਮੁੰਦਰ-ਸਾਧਨਾ, ਭੰਗਤਾ-ਰਹਿਤ।
ਸਮੁੰਦਰ ਖੁਦ ਵਿਚੋਂ ਖੁਦ ਨੂੰ ਵਿਸ਼ਾਲਣਾ। ਇਸ ਦੀ ਅਸੀਮਤਾ ਤੇ ਰਸਾਤਲ ਤੱਕ ਸਵੈ-ਸਮਾਈ ਹੀ ਇਸ ਦਾ ਸੁੱਚਾ ਹਾਸਲ।
ਸਮੁੰਦਰ, ਸਭਿਆਤਾਵਾਂ ਦਾ ਮੌਲਣ-ਬਿੰਦੂ, ਮਨੁੱਖੀ ਵਿਕਾਸ ਦਾ ਧੁਰਾ। ਕੰਢਿਆਂ ‘ਤੇ ਵੱਸੇ ਮਹਾਂਨਗਰ, ਸਮੁੰਦਰੀ ਅਕੀਦਤ ਦਾ ਸੁਨੱਖਾ ਸਰੂਪ। ਦੁਨੀਆਂ ਦੇ ਜ਼ਿਆਦਾਤਰ ਮਹਾਂਨਗਰ ਸਿਰਫ ਸਮੁੰਦਰੀ ਨੇੜਤਾ ਸਦਕਾ ਵਿਸ਼ਾਲਤਾ ਅਤੇ ਪ੍ਰਸਿੱਧੀ ਕਮਾਉਣ ਵਿਚ ਕਾਮਯਾਬ।
ਸਮੁੰਦਰ, ਮੁਢਲੇ ਸਫਰ ਦਾ ਸਭ ਤੋਂ ਸਾਜ਼ਗਾਰ ਸਾਧਨ। ਸਮੁੰਦਰ ਨੂੰ ਆੜੀ ਬਣਾ ਕੇ ਕੋਲੰਬਸ ਨੇ ਅਮਰੀਕਾ ਲੱਭਿਆ ਅਤੇ ਵਾਸਕੋ ਡੀ ਗਾਮਾ ਨਵੀਂ ਸਭਿਅਤਾ ਦੀ ਖੋਜ ਵਿਚ ਭਾਰਤ ਆਇਆ। ਦੁਨੀਆਂ ਭਰ ਵਿਚ ਵਪਾਰ ਦਾ ਵੱਡਾ ਹਿੱਸਾ, ਅੱਜ ਕੱਲ ਵੀ ਸਮੁੰਦਰੀ ਆਵਾਜਾਈ ‘ਤੇ ਆਧਾਰਤ।
ਸਮੁੰਦਰ, ਹੱਦਾਂ-ਸਰਹੱਦਾਂ ਤੋਂ ਉਪਰ। ਵੱਖ-ਵੱਖ ਦੇਸ਼ ਇਸ ਦੇ ਟੋਟੇ ਕਰਨ ਨੂੰ ਕਾਹਲੇ। ਸਮੁੰਦਰ ਉਪਰ ਮਨੁੱਖੀ ਲਕੀਰਾਂ ਅਦਿੱਖ। ਮਾਰੂ ਸਮੁੰਦਰੀ ਬੇੜਿਆਂ ਨਾਲ ਹੱਕ ਜਤਾਉਣ ਦੇ ਦਾਅਵੇ। ਪਰ ਕੌਣ ਏ ਜੋ ਪਾਣੀਆਂ ਨੂੰ ਵੰਡ ਸਕੇ! ਪਾਣੀ ਤਾਂ ਜੀਵਨ-ਦਾਨੀ ਜਿਸ ਦਾ ਕੋਈ ਮਜ਼ਹਬ, ਕੌਮ, ਧਰਮ ਜਾਂ ਦੇਸ਼ ਨਹੀਂ। ਉਹ ਤਾਂ ਸਾਂਝੀਵਾਲਤਾ ਦਾ ਸੁਨੇਹਾ।
ਸਮੁੰਦਰ, ਦਿਨ ਚੜ੍ਹਦੇ ਸਾਰ ਗੁਰੂਤਾ ਖਿੱਚ ਕਾਰਨ ਆਪਣੀ ਕਰੂਰਤਾ ਜ਼ਾਹਰ ਕਰਦਾ, ਸਮੁੰਦਰ ਖੌਲਦਾ। ਲਹਿਰਾਂ ਦਾ ਖੌਰੂ, ਕਈਆਂ ਲਈ ਜਾਨ ਦਾ ਖੌਅ। ਪਰ ਦਿਨ ਢਲੇ ਹੀ ਸ਼ਾਂਤ ਹੋ ਚੰਨ-ਚਾਨਣੀ ਨਾਲ ਸੰਵਾਦ ਰਚਾਉਂਦਾ, ਸਪਤਰਿਸ਼ੀ ਦਾ ਰੂਪ ਧਾਰਦਾ।
ਸਮੁੰਦਰ, ਜੀਵਾਂ ਲਈ ਖਾਧ-ਪਦਾਰਥਾਂ ਦਾ ਭੰਡਾਰ। ਉਪਜੀਵਕਾ ਦਾ ਸਾਧਨ। ਕੰਢਿਆਂ ‘ਤੇ ਵੱਸਿਆਂ ਲਈ ਰੋਜ਼ੀ-ਰੋਟੀ ਦਾ ਸਬੱਬ।
ਸਮੁੰਦਰ, ਜੀਵਾਂ ਦਾ ਹਮਜੋਲੀ, ਸਰਬ-ਤੰਦਰੁਸਤੀ ਦਾ ਚਾਹਵਾਨ ਅਤੇ ਭਲਾਈ ਤੇ ਬੰਦਿਆਈ ਲਈ ਤਤਪਰ। ਹਰੇਕ ਲੋੜ-ਪੂਰਤੀ ਲਈ ਸਮਰਪਿਤ।
ਕਦੇ ਕਦਾਈਂ ਸਮੁੰਦਰ ਦੇ ਨੈਣਾਂ ‘ਚ ਹੰਝੂ ਤਾਰੀ ਹੁੰਦੇ ਜਦ ਉਸ ਦੇ ਕੰਢਿਆਂ ‘ਤੇ ਗੰਦਗੀ ਦੇ ਢੇਰ, ਉਸ ਦੀ ਸ਼ਫਾਫਤ ਨੂੰ ਮਲੀਨ ਕਰਦੇ। ਪਾਕੀਜ਼ਗੀ, ਮਨੁੱਖ ਹੱਥੋਂ ਲੀਰਾਂ ਹੁੰਦੀ। ਹਿੱਕ ਵਿਚ ਰਸਾਇਣ ਅਤੇ ਨਿਊਕਲਾਈ ਰਹਿੰਦ-ਖੂੰਹਦ ਰੇਡੀਆਈ ਕਿਰਨਾਂ ਦਾ ਪ੍ਰਦੂਸ਼ਣ ਫੈਲਾਉਂਦੀ, ਜੋ ਸਮੁੰਦਰੀ ਜੀਵ-ਸੰਸਾਰ ਲਈ ਸਰਾਪ। ਪਰ ਸਮੁੰਦਰ ਫਿਰ ਵੀ ਮਨੁੱਖ ਦੀ ਸੁੱਖ ਮੰਗਦਾ, ਸੁæਭ-ਕਰਮਨ ਦੀ ਦੂਆ ਬਣਦਾ।
ਬੇਬਹਾਲ ਹੋਇਆ ਸਮੁੰਦਰ, ਕਦੇ ਕਦਾਈਂ ਸਮੁੰਦਰੀ ਤੁਫਾਨ ਦਾ ਰੂਪ ਧਾਰਦਾ। ਮਨੁੱਖ ਨੂੰ ਉਸ ਦੀ ਔਕਾਤ ਦੇ ਰੂਬਰੂ ਕਰਦਾ, ਪਰ ਮਨੁੱਖ ਕਦ ਆਪਣੀ ਹੋਛੀ ਹਰਕਤ ਤੋਂ ਬਾਜ ਆਉਂਦੈ?
ਸਮੁੰਦਰ, ਬਾਰਸ਼ਾਂ ਦਾ ਜਨਮਦਾਤਾ, ਜਲਵਾਸ਼ਪਾਂ ਨੂੰ ਪੌਣਾਂ ਹੱਥੀਂ ਤੋਰਦਾ। ਪਰ ਇਹ ਜਲਵਾਸ਼ਪ, ਬਾਰਸ਼ ਬਣ ਦਰਿਆਵਾਂ ਅਤੇ ਨਦੀਆਂ-ਨਾਲਿਆਂ ਦਾ ਰੂਪ ਧਾਰ, ਫਿਰ ਸਮੁੰਦਰ ਦੀ ਪਨਾਹ ਵਿਚ ਆਉਂਦੇ। ਸਮੁੰਦਰ ਦੇ ਗੱਲ ਲੱਗ ਆਪਣਾ ਦੁਖੜਾ ਸੁਣਾਉਂਦੇ। ਕਚਰੇ ਅਤੇ ਕੂੜ-ਕਬਾੜੇ ਨੂੰ ਸਮੁੰਦਰ ਦੀ ਝੋਲੀ ਪਾਉਂਦੇ। ਵਿਚਾਰਾ ਸਮੁੰਦਰ ਪਲੀਤ ਪਾਣੀਆਂ ਨੂੰ ਹਿੱਕ ‘ਚ ਸਮਾ, ਸ਼ਫਾਫ ਜਲਵਾਸ਼ਪਾਂ ਨੂੰ ਮੁੜ ਪਿਆਸੀ ਧਰਤ ਵੰਨੀਂ ਤੋਰਦਾ।
ਸਮੁੰਦਰ-ਮੰਥਨ ਵਿਚੋਂ ਹੀ ਰਿਸ਼ੀਆਂ ਅਤੇ ਦੇਵਤਿਆਂ ਨੇ ਅੰਮ੍ਰਿਤ-ਰਸ ਕੱਢਿਆ। ਪਰ ਜਦ ਦੇਵਤਿਆਂ ਦੇ ਰੂਪ ਵਿਚ ਦੁਸ਼ਟ ਕਾਬਜ਼ ਹੋ ਜਾਣ ਤਾਂ ਸਮੁੰਦਰ-ਰੂਪੀ ਅੰਮ੍ਰਿਤ ਦਾ ਭਲਾ ਕੀ ਕਸੂਰ?
ਸਮੁੰਦਰ ਵਰਗੀ ਵਿਸ਼ਾਲਤਾ ਨੂੰ ਜਦ ‘ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀ ਜਾਣੇ’ ਦਾ ਲਕਬ ਮਿਲਦਾ ਤਾਂ ਇਸ ਦੀ ਹਿੱਕ ਵਿਚ ਸਮੋਏ ਦਰਦਾਂ ਅਤੇ ਹੌਕਿਆਂ ਦੀ ਤਫਸੀਲ ਜਾਣਨ ਤੇ ਸਮਝਣ ਦਾ ਖਿਆਲ ਪਨਪਦਾ।
ਸਮੁੰਦਰ, ਕੁਦਰਤ ਦੀ ਸਭ ਤੋਂ ਅਹਿਮ ਨਿਆਮਤ। ਪਾਣੀ ਦਾ ਵਿਸ਼ਾਲ ਭੰਡਾਰ। ਐਂਟਾਰਕਟਿਕਾ, ਉਤਰੀ ਧਰੁਵ ਅਤੇ ਦੱਖਣੀ ਧਰੁਵ, ਬਰਫੀਲੇ ਅਣਛੋਹੇ ਧਰਾਤਲ। ਦੁਧੀਆ ਰੰਗਾਂ ਨਾਲ ਲਿਸ਼ਕੋਰਦੇ ਗਲੇਸ਼ੀਅਰ, ਅਜ਼ੀਮ ਨਜ਼ਾਰਾ। ਧਰਤ ‘ਤੇ ਦੁਧੀਆ ਰੰਗਾਂ ਦੀ ਚਿੱਤਰਕਾਰੀ।
ਸਮੁੰਦਰ, ਅੱਜ ਕੱਲ ਆਪਣੀ ਹੋਣੀ ‘ਤੇ ਹੰਝੂ ਕੇਰਦਾ। ਗਲੋਬਲ ਵਾਰਮਿੰਗ ਕਾਰਨ ਗਲੇਸ਼ੀਅਰ ਪਿਘਲਣੇ ਸ਼ੁਰੂ। ਸਮੁੰਦਰ ਦਾ ਪੱਧਰ ਉਪਰ ਉਠਣ ‘ਤੇ ਇਸ ਦੇ ਕਿਨਾਰੇ ਵੱਸੇ ਸ਼ਹਿਰਾਂ ਦੇ ਨਾਮੋ-ਨਿਸ਼ਾਨ ਮਿਟਣ ਦਾ ਖਤਰਾ। ਪਰ ਮਨੁੱਖ ਸਮੁੰਦਰ ਦੀ ਹੂਕ ਸੁਣਨ ਤੋਂ ਆਕੀ।
ਸਮੁੰਦਰ ਹੈ ਤਾਂ ਬਾਰਸ਼ ਹੈ, ਧਰਤ ‘ਤੇ ਹਰਿਆਵਲ, ਫਸਲਾਂ ਦੀ ਲਹਿਰ-ਬਹਿਰ, ਅੰਬਰ ‘ਤੇ ਸਤਰੰਗੀ ਪੀਂਘ ਅਤੇ ਧਰਤ ‘ਤੇ ਸੱਪ ਵਾਂਗ ਵਲੇਵੇਂ ਖਾਂਦੇ ਦਰਿਆਵਾਂ ਤੇ ਨਦੀਆਂ-ਨਾਲਿਆਂ ਦੀ ਕਲਕਲ, ਝਰਨਿਆਂ ਦਾ ਸ਼ੋਰ ਹੈ।
ਸਮੁੰਦਰ ਸਦਕਾ ਹੈ ਸੈਲਾਨੀਆਂ ਦਾ ਸੈਲਾਬ, ਲਹਿਰਾਂ ਨਾਲ ਗਲਵੱਕੜੀ ਪਾਉਂਦੇ ਤੈਰਾਕ, ਲਹਿਰਾਂ ਨੂੰ ਸਹਿਲਾਉਂਦੀਆਂ ਕਿਸ਼ਤੀਆਂ, ਬੇੜੀਆਂ ਤੇ ਸਮੁੰਦਰੀ ਜਹਾਜ, ਤਹਿ ਨੂੰ ਫਰੋਲਦੀਆਂ ਪਣਡੁੱਬੀਆਂ ਅਤੇ ਗੋਤਾਖੋਰਾਂ ਦੇ ਝੁਰਮਟ।
ਸਮੁੰਦਰ, ਸੰਦਲੀ ਸਾਹਾਂ ਦਾ ਸੰਗਮ, ਨਵੀਆਂ ਸਾਂਝਾਂ, ਸਦੀਵੀ ਸਬੰਧਾਂ ਤੇ ਸੱਤਯੁਗੀ ਸਰੋਕਾਰਾਂ ਦਾ ਪ੍ਰਤੀਬਿੰਬ, ਦੁਆਵਾਂ ਦਿੰਦੀ ਕਾਇਨਾਤ ਅਤੇ ਬਰਕਤਾਂ ਵੰਡਦਾ ਪੀਰ।
ਸਮੁੰਦਰ ਵਰਗੀ ਸੋਚ, ਸਾਧਨਾ, ਸਮਰਪਣ, ਸਾਦਗੀ ਅਤੇ ਸੰਤੋਖ ਨੂੰ ਜੇ ਮਨੁੱਖੀ ਮਸਤਕ ਵਿਚ ਥਾਂ ਮਿਲ ਜਾਵੇ ਤਾਂ ਮਨੁੱਖੀ ਸਰੋਕਾਰਾਂ ਤੇ ਸੰਦਰਭਾਂ ਨੂੰ ਸੁਹੱਪਣ ਅਤੇ ਸੁਪਨਿਆਂ ਨੂੰ ਮਿਲੇਗੀ ਨਿਵੇਕਲੀ ਪਰਵਾਜ਼।
ਸਮੁੰਦਰ, ਕਰਮ-ਧਰਮ ਦਾ ਨਾਮਕਰਨ, ਕਰਮਯੋਗਤਾ ਦੀ ਪਛਾਣ, ਸੱਚ-ਮਾਰਗ ਦਾ ਸੁੱਚਮ ਅਤੇ ਸੂਹੇ ਸਫਰ ਦਾ ਆਗਾਜ਼।
ਸਮੁੰਦਰ, ਜੀਵਨ-ਗਾਥਾ ਦਾ ਬਿੰਬ। ਦੂਰ ਦੂਰ ਤੀਕ ਪਸਰਿਆ ਅਮੁੱਕ ਸਫਰ, ਕਿਧਰੇ ਨਾ ਕੋਈ ਟਿਕਾਣਾ। ਸਿਰਫ ਲਹਿਰਾਂ ਵਰਗੇ ਕੁਝ ਲੋਕ ਮਿਲਦੇ। ਕੁਝ ਤਾਂ ਸੰਗੀਤਕ ਸੰਵਾਦ ਰਚਾਉਂਦੇ, ਲਾਡ ਲਡਾਉਂਦੇ, ਜਿਉਣਾ ਸਿੱਖਾਉਂਦੇ। ਪਰ ਕੁਝ ਮਾਰੂ ਲਹਿਰਾਂ ਵਾਂਗ ਡੁਬੋਂਦੇ। ਯਾਦਾਂ ਦਾ ਛੱਜ ਭਰ ਕੇ ਝੋਲੀ ਪਾਉਂਦੇ ਅਤੇ ਯਾਦਾਂ ਸੰਗ ਜਿਉਂਦਿਆਂ ਦਾ ਸਫਰ ਜਾਰੀ ਰਹਿੰਦਾ।
ਸਮੁੰਦਰ ਤੇ ਨੈਣਾਂ ਦੀ ਅਗੰਮੀ ਅਤੇ ਅਨੂਠੀ ਸਾਂਝ। ਸਮੁੰਦਰ ਦਾ ਪਾਣੀ ਵੀ ਖਾਰਾ ਅਤੇ ਅੱਥਰੂ ਵੀ ਖਾਰੇ। ਦੋਵੇਂ ਖਾਰੇਪਣ ਨਾਲ ਹੀ ਜ਼ਿੰਦਗੀ ਵਿਚ ਮਿਠਾਸ ਘੋਲਦੇ।
ਸਮੁੰਦਰ ਅਤੇ ਅੰਬਰ, ਨੈਣਾਂ ਦੀ ਆਬਸ਼ਾਰ ‘ਚ ਦੂਰ ਇਕ ਬਿੰਦੂ ‘ਤੇ ਮਿਲਦੇ। ਗਲਵੱਕੜੀ ਪਾਉਂਦੇ ਤੇ ਇਕ ਦੂਜੇ ਵਿਚ ਅਭੇਦ ਹੁੰਦੇ। ਇਸ ਅਭੇਦਤਾ ਦੇ ਗਰਭ ਵਿਚੋਂ ਹੀ ਸੂਹਾ ਸੂਰਜ ਜਨਮ ਲੈਂਦਾ ਤਾਂ ਚੌਗਿਰਦੇ ਨੂੰ ਸੂਹੀ ਚਾਨਣ-ਰੁੱਤ ਨਾਲ ਰੰਗਦਾ, ਰੌਸ਼ਨੀ ਦਾ ਸੁਨੇਹਾ ਬਣਦਾ।
ਕਦੇ ਸਮੁੰਦਰ ਦੇ ਕੰਢੇ ਬੈਠ, ਇਸ ਦੀ ਚੁੱਪ-ਗੁਫਤਗੂ ਨਾਲ ਸੰਵਾਦ ਰਚਾਉਣਾ, ਤੱਟ ‘ਤੇ ਖਿਲਰੇ ਘੋਗੇ ਅਤੇ ਸਿਪੀਆਂ ਵਿਚਲੇ ਜੀਵ-ਸੰਸਾਰ ਨੂੰ ਸੋਚ-ਧਰਾਤਲ ਵਿਚ ਵਸਾਉਣਾ, ਸਮੁੰਦਰ ਦੀ ਦਰਿਆ-ਦਿਲੀ ਦਾ ਕਿਆਸ ਅਤੇ ਰਹਿਮਤਾਂ ਦਾ ਅੰਦਾਜ਼ਾ ਲਾਉਣਾ, ਤੁਹਾਨੂੰ ਇਸ ਦੀਆਂ ਬਰਕਤਾਂ ਦਾ ਅਹਿਸਾਸ ਹੋਵੇਗਾ ਅਤੇ ਤੁਸੀਂ ਸਮੁੰਦਰ ਦੇ ਬਲਿਹਾਰੇ ਜਾਵੋਗੇ।
ਇਕ ਸਮੁੰਦਰ ਸਾਡੀ ਸੋਚ ‘ਚ ਵੱਸਦਾ, ਜੋ ਨਿੱਤ ਅਸੀਂ ਗੰਧਲਾਈਏ। ਇਕ ਸਮੁੰਦਰ ਸਾਡੀ ਬੋਲੀਂ ਰਚਿਆ, ਕੂੜ ਬੋਲ ਵਰਚਾਈਏ। ਇਕ ਸਮੁੰਦਰ ਕਪਟੀ ਸ਼ਬਦੀਂ, ਸਫਿਆਂ ਦੇ ਨਾਮ ਲਾਈਏ। ਅਰਥਾਂ ਦੀ ਸੁੱਚੀ ਪਿੱਠ-ਭੂਮੀ ਨੂੰ, ਕਾਲਖ ਸੰਗ ਲਿਸ਼ਕਾਈਏ। ਪਰ ਸਮੁੰਦਰ ਨੇ ਕਦੇ ਵੀ ਆਪਣੀ, ਜ਼ਮੀਰ ਦਾ ਮੁੱਲ ਨਾ ਵੱਟਿਆ। ਨਾ ਹੀ ਇਸ ਨੇ ਰੂਹ-ਬਾਣੀ ਨੂੰ, ਝੂਠੀ-ਮੂਠੀ ਰੱਟਿਆ। ਇਸ ਦੀ ਫਿਤਰਤ ਝੋਲੀਆਂ ਭਰਦਿਆਂ, ਜੀਵਨ-ਦਾਨੀ ਬਣਨਾ। ਕੁਦਰਤ ਦੇ ਹਰ ਜੀਵ ਦੀ ਬੀਹੀ, ਸੁੱਚੇ ਸਾਹ ਹੀ ਕਰਨਾ। ਸਮੁੰਦਰ ਸਮੁੰਦਰ ਨਾ ਕਰ ਮਨਾ ਤੂੰ, ਸਮੁੰਦਰ ਬਣਨ ਦਾ ਹੀਆ ਤਾਂ ਕਰ। ਕਿਸੇ ਦੇ ਸਾਹ ਦੀ ਉਧੜੀ ਸਫ ‘ਤੇ, ਸੰਦਲੀ ਸਾਹ ਦਾ ਤੋਪਾ ਭਰ।
ਸਮੁੰਦਰ, ਕੁਦਰਤੀ ਸੁੰਦਰਤਾ ਦਾ ਸੁਲੱਗ ਸਰੂਪ। ਬਿਰਖਾਂ, ਪੰਛੀਆਂ, ਨਦੀਆਂ, ਨਾਲਿਆਂ, ਜੰਗਲਾਂ, ਰੇਗਿਸਤਾਨਾਂ ਅਤੇ ਮੈਦਾਨਾਂ ਦੀ ਸੀਮਤ ਵਿਸ਼ਾਲਤਾ ਤੇ ਸੁਹੱਪਣ ਸਾਹਵੇਂ ਸਮੁੰਦਰ ਦੀ ਵਿਸ਼ਾਲਤਾ ਤੇ ਸੁੰਦਰਤਾ, ਅਸੀਮ ਤੇ ਅਜ਼ੀਮ।
ਸਮੁੰਦਰ ਦਿਨ ਨੂੰ ਚਹਿਕਦਾ, ਰਾਤ ਵੇਲੇ ਸੁਸਤਾਉਂਦਾ, ਚੰਨ-ਚਾਨਣੀ ‘ਚ ਨਹਾਉਂਦਾ, ਸੁਖਾਵੇਂ ਸਫਰ ਲਈ ਰਾਹੀਆਂ ਨੂੰ ਉਕਸਾਉਂਦਾ ਅਤੇ ਉਨ੍ਹਾਂ ਦੇ ਰਾਹਾਂ ‘ਚ ਮੰਜ਼ਲਾਂ ਦੀ ਪੈੜ ਵਿਛਾਉਂਦਾ।
ਸਮੁੰਦਰ, ਦੁਰਲੱਭ ਵਸਤਾਂ ਦਾ ਅਨੰਤ ਭੰਡਾਰ, ਨਿਵੇਕਲੀਆਂ ਜੀਵ-ਸ਼੍ਰੈਣੀਆਂ ਦਾ ਅਦਭੁੱਤ ਸੰਸਾਰ ਅਤੇ ਸਮੁੰਦਰੀ ਪੌਦਿਆਂ ਦੀ ਮਨਮੋਹਕ ਬਹਾਰ।
“ਜੇਤਾ ਸਮੁੰਦੁ ਸਾਗਰੁ ਨੀਰ ਭਰਿਆ ਤੇਤੇ ਅਉਗਨ ਹਮਾਰੇ॥ ਦਇਆ ਕਰਹੁ ਕਿਛੁ ਮਿਹਰੁ ਉਪਵਹੁ ਡੁੱਬਦੇ ਪਥਰ ਤਾਰੇ॥” ਦੇ ਬੋਲ ਜਦ ਮਨ-ਮੰਦਿਰ ਵਿਚ ਨਾਦ ਬਣ ਕੇ ਗੂੰਜਣ ਲੱਗ ਪੈਣ ਤਾਂ ਮਨੁੱਖ ਖੁਦ ਵਿਚ ਖੁਦੀ ਨੂੰ ਮਨਫੀ ਕਰ, ਖੁਦਾ ਵੰਨੀਂ ਤੁਰਨ ਦਾ ਹੀਆ ਕਰਦਾ।
ਸਮੁੰਦਰ ਦੀ ਕੇਹੀ ਫਿਤਰਤ ਕਿ ਉਹ ਜਿਉਂਦੇ ਬੰਦੇ ਨੂੰ ਤਾਂ ਡੋਬ ਦਿੰਦਾ। ਪਰ ਮਨੁੱਖ ਜਦ ਮਰ ਜਾਂਦਾ ਤਾਂ ਇਹੀ ਸਮੁੰਦਰ, ਲਾਸ਼ ਨੂੰ ਖੁਦ ਵਿਚ ਸਮਾਉਣ ਤੋਂ ਅਸਮਰਥ, ਤੈਰਨ ਲਾ ਦਿੰਦਾ।
ਸਮੁੰਦਰ ਅਚੇਤ ਰੂਪ ਵਿਚ ਬਹੁਤ ਕੁਝ ਸਮਝ-ਸਫ ਵਿਚ ਧਰਦਾ ਕਿ ਡੂੰਘੀਆਂ ਗੱਲਾਂ ਕਹਿਣ ਅਤੇ ਡੂੰਘੀਆਂ ਰਮਜ਼ਾਂ ਸਮਝਣ ਲਈ ਸਮੁੰਦਰ ਵਾਂਗ ਡੂੰਘਾ ਤਾਂ ਉਤਰਨਾ ਹੀ ਪਵੇਗਾ, ਪਰ ਮਨੁੱਖ ਅਜਿਹਾ ਸਮਝਣ ਤੋਂ ਨਾਬਰ।
ਸਮੁੰਦਰ ਵਿਸ਼ਾਲ ਹੋ ਕੇ ਹਮੇਸ਼ਾ ਆਪਣੇ ਕੰਢਿਆਂ ਵਿਚ ਸਿਮਟਿਆ ਰਹਿੰਦਾ ਪਰ ਬੌਣਾ ਮਨੁੱਖ ਹਮੇਸ਼ਾ ਧਰਤ-ਅੰਬਰ ਨੂੰ ਤੁੱਛ ਸਮਝਦਾ। ਸਮਿਆਂ ਦੀ ਇਹ ਕੇਹੀ ਤ੍ਰਾਸਦੀ ਹੈ ਕਿ ਵੱਡੇ ਵੱਡੇ ਘਰਾਂ ਵਿਚ ਬੌਣੇ ਲੋਕ ਰਹਿੰਦੇ ਨੇ।
ਸਮੁੰਦਰ ਦੀ ਡੂੰਘਾਈ ਅਤੇ ਵਿਸ਼ਾਲਤਾ ਦੇ ਗਿਆਨ ਨਾਲ ਇਸ ਦੀਆਂ ਅਸੀਮ ਬਖਸ਼ਿਸ਼ਾਂ ਵਿਚੋਂ ਖੁਦ ਨੂੰ ਪਰਿਭਾਸ਼ਤ ਕਰਨ ਦਾ ਅਹਿਦ, ਜ਼ਿੰਦਗੀ ਦਾ ਹਾਸਲ।
ਸਮੁੰਦਰ ਵਰਗਾ ਬਣਨਾ, ਬਹੁਤ ਹੀ ਵਿਰਲਿਆਂ ਦਾ ਨਸੀਬ। ਜ਼ਿਆਦਾਤਰ ਲੋਕ ਦਰਿਆ/ਨਦੀ/ਨਾਲੇ ਦੀ ਹੀ ਜੂਨ ਭੋਗ ਕੇ ਸਮੁੰਦਰ ਵਿਚ ਵਿਲੀਨ ਹੋ ਜਾਂਦੇ। ਕਈ ਤਾਂ ਬਰੇਤਿਆਂ ਵਰਗੇ ਲੋਕ, ਸਾਹਾਂ ਦੀ ਸੌਗਾਤ ਨੂੰ ਹੀ ਕਲੰਕਤ ਕਰਦੇ। ਕਦੇ ਸਮੁੰਦਰ ਵਰਗਾ ਬਣਨ ਦੀ ਲੋਚਾ ਮਨ ਵਿਚ ਜਰੂਰ ਪਾਲਣਾ।
ਸਮੁੰਦਰ, ਸਮੁੰਦਰ ਨਾਲ ਮਿਲ ਕੇ ਸਮੁੰਦਰ ਹੀ ਰਹਿੰਦਾ। ਪਰ ਦਰਿਆ, ਨਦੀਆਂ ਅਤੇ ਨਾਲੇ ਸਮੁੰਦਰ ਵਿਚ ਸਮਾ, ਨਿਜੀ ਹੋਂਦ ਗਵਾ ਬਹਿੰਦੇ।
ਖੁਦਾ ਕਰੇ! ਸਮੁੰਦਰ ਵਰਗੀ ਦਰਿਆ-ਦਿਲੀ, ਪਾਣੀਆਂ ਵਰਗੀ ਪਾਕੀਜ਼ਗੀ ਅਤੇ ਲਹਿਰਾਂ ਵਰਗੀ ਸੰਗੀਤਕਤਾ ਹਰ ਮਨੁੱਖ ਦਾ ਹਾਸਲ ਹੋਵੇ ਤਾਂ ਕਿ ਮਨੁੱਖਤਾ ਦੇ ਮੱਥੇ ਦਾ ਨੂਰ ਕਈ ਯੁੱਗਾਂ ਤੱਕ ਜ਼ਿੰਦਗੀ ਨੂੰ ਰੁਸ਼ਨਾਉਂਦਾ ਰਹੇ।
ਸਮੁੰਦਰ ਮਨੁੱਖ ਨਾਲ ਸੰਵਾਦ ਰਚਾਉਣਾ ਚਾਹੁੰਦਾ ਕਿ ਕਿਵੇਂ ਕਤਰੇ ਤੋਂ ਸਮੁੰਦਰ ਬਣਿਆ ਜਾ ਸਕਦਾ, ਭਰੇ ਭੰਡਾਰ ਹੁੰਦਿਆ ਵੀ ਨਿਮਰਤਾ ਜੀਵੀ ਜਾ ਸਕਦੀ, ਵਿਸ਼ਾਲ ਹੁੰਦਿਆਂ ਵੀ ਅਸੀਮ ਦਾਇਰਿਆਂ ‘ਚ ਰਿਹਾ ਜਾ ਸਕਦਾ ਅਤੇ ਦਾਤਾਰ ਹੋ ਕੇ ਨਿਮਾਣਾ ਹੋਇਆ ਜਾ ਸਕਦਾ। ਪਰ ਮਨੁੱਖ ਤਾਂ ਕੰਨ ਹੀ ਨਹੀਂ ਧਰਦਾ।
ਸਮੁੰਦਰ ਸਮਝਾਉਂਦਾ ਕਿ ਜ਼ਿੰਦਗੀ ਦੀਆਂ ਡੂੰਘੀਆਂ ਘੁੰਮਣ-ਘੇਰੀਆਂ ਵਿਚੋਂ ਪਾਰ ਲੰਘਣ ਲਈ ਵਧੀਆ ਤੈਰਾਕ ਹੋਣ ਦੇ ਨਾਲ-ਨਾਲ ਹਲੀਮੀ ਦਾ ਪੱਲਾ ਨਾ ਛੱਡੋ। ਕਿਉਂਕਿ ਕਈ ਵਾਰ ਵੱਡੇ ਵੱਡੇ ਤਾਰੂ ਵੀ ਨਿੱਕੀ ਜਿਹੀ ਗਲਤੀ ਨਾਲ ਡੁੱਬ ਮੋਂਦੇ। ਸਮੁੰਦਰ ਦੀ ਤਾਸੀਰ ਇਹ ਵੀ ਮਨ ਦੀ ਸੋਚ-ਜੂਹੇ ਧਰਦੀ ਕਿ ਮਰਨ-ਮਿੱਟੀ ਨੂੰ ਕਦੇ ਵੀ ਨਾਲ ਨਾ ਢੋਵੋ। ਤਾਹੀਓਂ ਤਾਂ ਡੁੱਬਣ ਤੋਂ ਬਾਅਦ ਜੀਵ ਸਮੁੰਦਰ ‘ਤੇ ਤੈਰਨ ਲੱਗਦੇ।
ਸਮੁੰਦਰ ਲੋਚੇ ਕਿ ਉਸ ਦੇ ਕੰਢਿਆਂ ‘ਤੇ ਪਾਕੀਜ਼ਗੀ ਦਾ ਵਾਸ ਹੋਵੇ, ਕੁੱਖ ਵਿਚ ਸੁਖਨ-ਅਹਿਸਾਸ ਹੋਵੇ, ਲਹਿਰ-ਲੋਰੀ ‘ਚ ਯੁੱਗ-ਜਿਉਣ ਦਾ ਧਰਵਾਸ ਹੋਵੇ, ਪਾਣੀ-ਸ਼ਫਾਫਤ ਸਵਾਸ ਸਵਾਸ ਹੋਵੇ ਅਤੇ ਦੁਆਵਾਂ ਵਿਚ ਚਿਰੰਜੀਵ-ਆਸ ਹੋਵੇ ਤਾਂ ਕਿ ਮਨੁੱਖੀ ਸੋਚ ਵਿਚੋਂ ਨਾਕਾਰਾਤਮਕਤਾ ਦਾ ਨਾਸ਼ ਹੋਵੇ।
ਸਮੁੰਦਰ ਦਾ ਕੋਈ ਸਾਥੀ ਨਹੀਂ ਪਰ ਸਾਰੇ ਹੀ ਸਮੁੰਦਰ ਦਾ ਸਾਥ ਲੋੜਦੇ ਅਤੇ ਇਸ ਦੀ ਕਦਮਬੋਸੀ ਵਿਚੋਂ ਟੁੱਟਦੇ ਸਾਹਾਂ ਲਈ ਅਸੀਸ ਮੰਗਦੇ।
ਸਮੁੰਦਰ ਵਰਗੀ ਸੋਚ-ਡੂੰਘਾਈ, ਅੰਬਰ ਜਿਹੀ ਕਰਮ-ਵਿਸ਼ਾਲਤਾ, ਪਰਬਤਾਂ ਜਿਹੀ ਸੁਪਨ-ਉਚਾਈ ਅਤੇ ਧਰਤ ਵਰਗਾ ਜਰਨ-ਜੇਰਾ, ਜੇ ਮਨੁੱਖੀ ਫਿਤਰਤ ਦਾ ਹਾਸਲ ਬਣ ਜਾਣ ਤਾਂ ਨੇਕਨੀਤੀ, ਜੀਵਨ-ਧਰਮ ਬਣ ਜਾਵੇਗਾ। ਸਭੈ ਬਰਕਤਾਂ ਤੇ ਨਿਆਮਤਾਂ ਮਨੁੱਖ ਦਾ ਪਾਣੀ ਭਰਨਗੀਆਂ।
ਸਮੁੰਦਰ, ਸਮੁੰਦਰ ਹੋ ਕੇ ਵੀ ਬੂੰਦ ਜਿਹਾ ਬ੍ਰਹਿਮੰਡੀ ਅਕਾਰ। ਪਰ ਮਨੁੱਖ ਕੁਝ ਨਾ ਹੋ ਕੇ ਵੀ ਸਭ ਦੇ ਪ੍ਰਤਿਪਾਲਕ ਹੋਣ ਦਾ ਭਰਮ-ਪਾਲਣਹਾਰ।
ਸਮੁੰਦਰ ਵਰਗੀ ਜਿਉਣ-ਜਾਚ ਜੇ ਮਨੁੱਖ ਨੂੰ ਆ ਜਾਵੇ ਤਾਂ ਜ਼ਿੰਦਗੀ ਦੇ ਮੱਥੇ ‘ਤੇ ਸੁਖਨ ਦਾ ਟਿੱਕਾ, ਚਾਲ ‘ਚ ਕਿਸੇ ਦੇ ਕੰਮ ਆਉਣ ਦਾ ਵਿਸਮਾਦ ਅਤੇ ਸਮਿਆਂ ਦੀ ਬੀਹੀ ਦੇ ਨਾਮ ਹੋਵੇਗੀ ਇਕ ਸੁਖਦ-ਯਾਦ।
ਕਦੇ ਕਦਾਈਂ ਸਮੁੰਦਰ-ਬੀਹੀ ਵਿਚ ਗੇੜਾ ਜਰੂਰ ਲਾਉਣਾ, ਤੁਹਾਡੀ ਦਿੱਬ-ਦ੍ਰਿਸ਼ਟੀ ਨੂੰ ਨਵੀਂ ਪਰਵਾਜ਼ ਮਿਲੇਗੀ।