ਪੱਤਰਾ ਵਾਚਣਾ

ਬਲਜੀਤ ਬਾਸੀ
ਮਨੁੱਖੀ ਜੀਵਨ ਵਿਚ ਧਰਮ ਦੀ ਸੰਸਥਾ ਨੂੰ ਉਚਤਮ ਮਹੱਤਤਾ ਪ੍ਰਾਪਤ ਹੈ। ਇਸ ਦਾ ਪ੍ਰਕਾਰਜ ਬ੍ਰਹਿਮੰਡ ਦੀ ਉਤਪਤੀ ਦੇ ਕਾਰਨ, ਇਸ ਦੇ ਸਵਰੂਪ ਅਤੇ ਮਨੋਰਥ ਆਦਿ ਦੀ ਖੋਜ ਕਰਨਾ ਸਮਝਿਆ ਜਾਂਦਾ ਹੈ। ਕਈ ਗੁਣੀ-ਗਿਆਨੀਆਂ ਅਨੁਸਾਰ ਧਰਮ ਹੀ ਮਨੁੱਖ ਦੇ ਸਦਾਚਾਰ, ਇਸ ਦੀਆਂ ਮਨੌਤਾਂ, ਇਸ ਦੇ ਮੁੱਲ ਅਤੇ ਸਿਰਜਣਹਾਰ ਪ੍ਰਤੀ ਮਨੁੱਖ ਦੇ ਕਰਤੱਵ ਦਾ ਪ੍ਰਤੀਪਾਦਨ ਕਰਦਾ ਹੈ।

ਇਸ ਦਾ ਮਨੋਰਥ ਅਸਲ ਵਿਚ ਅੰਤਿਮ ਸੱਚ ਦੀ ਤਲਾਸ਼ ਕਰਨਾ ਕਿਹਾ ਜਾ ਸਕਦਾ ਹੈ। ਇਹ ਸਾਰਾ ਕੁਝ ਦਾਰਸ਼ਨਿਕ/ਸੰਕਲਪਕ ਪੱਧਰ ‘ਤੇ ਹੀ ਹੁੰਦਾ ਜਾਂ ਹੋਇਆ ਹੈ। ਹਰ ਧਰਮ ਦਾ ਅਮਲੀ ਰੂਪ ਕਰਮ ਕਾਂਡ ਹੈ ਜੋ ਭਾਵੇਂ ਹਰ ਧਰਮ ਦੇ ਮੁਢਲੇ ਅਸੂਲਾਂ ਦੇ ਅਨੁਸਾਰੀ ਹੁੰਦਾ ਹੈ ਪਰ ਇਸ ਦਾ ਇਕ ਸਰਬਸਾਂਝਾ ਪੱਖ ਵੀ ਹੈ। ਧਰਮ ਦੇ ਵਿਹਾਰਕ ਕਰਮਕਾਂਡੀ ਰੂਪ ਤੋਂ ਹੀ ਇਸ ਦੀ ਸਾਰਥਕਤਾ ਦੀ ਪਰਖ ਵੀ ਕੀਤੀ ਜਾ ਸਕਦੀ ਹੈ।
ਬਹੁਤ ਸਾਰੇ ਧਰਮਾਂ ਨੇ ਕਰਮਕਾਂਡਾਂ ਦਾ ਅਜਿਹਾ ਅਡੰਬਰ ਰਚਿਆ ਹੈ ਕਿ ਨਿਮਾਣੇ, ਨਿਤਾਣੇ ਮਨੁੱਖ ਲਈ ਸਮਾਜਕ ਜੀਵਨ ਬਤੀਤ ਕਰਦਿਆਂ, ਉਨ੍ਹਾਂ ਸਭ ਨੂੰ ਨਿਭਾਉਣਾ ਸੰਭਵ ਨਹੀਂ। ਸੱਚ ਤਾਂ ਇਹ ਹੈ ਕਿ ਧਰਮ ਨੂੰ ਰੀਤੀ-ਬਧ ਕਰਕੇ ਇਸ ਨੂੰ ਪੁਗਾਉਣ ਦੀ ਲੋੜ ਵੀ ਹੈ ਤੇ ਮਜਬੂਰੀ ਵੀ। ਦੇਖਿਆ ਜਾਵੇ ਤਾਂ ਧਰਮ ਦਾ ਕਰਮ ਕਾਂਡ ਅਸਲ ਵਿਚ ਧਰਮ ਦਾ ਹੀ ਜਿਉਂਦਾ ਜਾਗਦਾ ਮਜ਼ਾਕ ਹੈ। ਐਵੇਂ ਨਹੀਂ ਕਹਾਵਤ ਬਣੀ ਕਿ ਗਰੀਬਾਂ ਨੇ ਰੋਜ਼ੇ ਰੱਖੇ ਤਾ ਦਿਨ ਹੀ ਵੱਡੇ ਹੋ ਗਏ। ਹੋਰ ਤਾਂ ਹੋਰ ਆਡੰਬਰਮਈ ਧਾਰਮਕ ਰਸਮਾਂ ਤੋਂ ਪ੍ਰੇਸ਼ਾਨ ਕਈ ਲੋਕ ਇਸ ਨੂੰ ‘ਕੁੱਤਾ ਕੰਮ’ ਤੱਕ ਆਖ ਦਿੰਦੇ ਹਨ। ਪੁਰਾਣੇ ਜ਼ਮਾਨੇ ਵਿਚ ਅਨਾਜ ਦੇ ਪਿੜ ਵਿਚ ਯੱਗ ਦੀ ਰਸਮ ਕੀਤੀ ਜਾਂਦੀ ਸੀ ਜਿਸ ਲਈ ਸੰਸਕ੍ਰਿਤ ਸ਼ਬਦ ਖਲਯਜਨ ਹੈ। ਅੱਜ ਇਸ ਤੋਂ ਵਿਗੜੇ ਸ਼ਬਦ ‘ਖਲਜਗਣ’ ਤੋਂ ‘ਵਾਧੂ ਦਾ ਝੰਜਟ’ ਜਾਂ ‘ਖਲਾਰਾ’ ਦਾ ਭਾਵ ਲਿਆ ਜਾਂਦਾ ਹੈ, “ਇਕ ਪਾਸੇ ਅਦਾਲਤੀ ਕੇਸ ਦੇ ਖਲਜਗਣ ਤੋਂ ਬਚਣ ਲਈ ਅਰਵਿੰਦ ਕੇਜਰੀਵਾਲ ਨੇ ਬਿਕਰਮ ਮਜੀਠੀਆ ਤੋਂ ਉਸ ਨੂੰ ਬਿਨਾ ਸਬੂਤਾਂ ਦੇ ਨਸ਼ਾ ਤਸਕਰ ਕਹਿਣ ਦੀ ਮੁਆਫੀ ਮੰਗੀ ਹੈ, ਪਰ ਦੂਜੇ ਪਾਸੇ ਕੁਝ ਰਿਪੋਰਟਾਂ ਅਜਿਹੀਆਂ ਨਸ਼ਰ ਹੋਈਆਂ ਨੇ ਜੋ ਸਾਬਤ ਕਰ ਰਹੀਆਂ ਨੇ ਕਿ ਮਜੀਠੀਆ ਨੇ ਨਸ਼ਾ ਤਸਕਰਾਂ ਨਾਲ ਰਿਸ਼ਤਾ ਕਬੂਲਿਆ ਹੈ।” ਵਾਸਤਵਕ ਜੀਵਨ ਵਿਚ ਮਨੁੱਖ ਅਨੇਕਾਂ ਵਾਰ ਹੀ ਇਨ੍ਹਾਂ ‘ਖਲਜਗਣਾਂ’ ਨੂੰ ਜ਼ਿੰਦਗੀ ਦੀ ਸਹਿਜ ਗਤੀ ਵਿਚ ਰੁਕਾਵਟ ਵਜੋਂ ਦੇਖਦਾ ਹੈ ਤੇ ਅਛੋਪਲੇ ਹੀ ਇਸ ਦੇ ਅਨੇਕਾਂ ਪੱਖਾਂ ਦੀ ਉਲੰਘਣਾ ਵੀ ਕਰਦਾ ਰਹਿੰਦਾ ਹੈ।
ਤਨਜ਼ ਵਾਲੀ ਗੱਲ ਹੈ ਕਿ ਕਰਮਕਾਂਡ ਨਿਸਦਿਨ ਵਧੇਰੇ ਤੋਂ ਵਧੇਰੇ ਮਸ਼ੀਨੀ ਅਤੇ ਰਸਮੀ ਹੋਈ ਜਾਂਦੇ ਹਨ। ਧਰਮ ਦਾ ਅਜਿਹਾ ਮਕਾਨਕੀਪੁਣਾ ਹਾਸੇ ਦਾ ਪਾਤਰ ਵੀ ਬਣਦਾ ਹੈ। ਹਿੰਦੀ ਫਿਲਮਾਂ ਵਿਚ ਆਮ ਹੀ ਹਿੰਦੂ ਧਰਮ ਦੀਆਂ ਪੂਜਯ ਮੂਰਤੀਆਂ ਅਤੇ ਹੋਰ ਰੀਤੀਆਂ ਦਾ ਮਖੌਲ ਉਡਾਇਆ ਜਾਂਦਾ ਦਿਸ ਪੈਂਦਾ ਹੈ, ਜਿਸ ਤੋਂ ਦਰਸ਼ਕਾਂ ਵਿਚ ਖੂਬ ਹਾਸਾ ਪੈਂਦਾ ਹੈ। ਸਬੂਤ ਵਜੋਂ ਆਮਿਰ ਖਾਂ ਦੀ ਫਿਲਮ ‘ਪੀਕੇ’ ਵਿਚ ਚੋਖਾ ਮਸਾਲਾ ਮਿਲ ਜਾਂਦਾ ਹੈ। ਗੁਰਦੁਆਰੇ ਵਿਚ ਮਾਇਆ ਦੇ ਪੇਸ਼ ਹੋ ਰਹੇ ਗੱਫੇ ਦੇਖ ਕੇ ਕੀਰਤਨੀਆਂ ਵਲੋਂ ਢੋਲਕੀ ਅਤੇ ਤਬਲੇ ਦੀ ਪਿਟਾਈ ਵਿਚ ਵਧ ਰਹੀ ਜੁੰਬਸ਼ ਦੇਖਿਆਂ ਹੀ ਬਣਦੀ ਹੈ। ਸਿੱਖ ਧਰਮ ਦੇ ਬਥੇਰੇ ਸ਼ਰਧਾਲੂ ਐਤਵਾਰ ਵਾਲੇ ਦਿਨ ਗੁਰਦੁਆਰੇ ਲੰਗਰ ਦੇ ਟਾਈਮ ਹੀ ਪਧਾਰਦੇ ਹਨ। ਬੁੱਲੇ ਸ਼ਾਹ ਦੀਆਂ ਕਾਫੀਆਂ ਵਿਚ ਧਰਮ ਦੇ ਅਜਿਹੇ ਰੂਪ ਦੀ ਕਠੋਰ ਨਿੰਦਾ ਕੀਤੀ ਗਈ ਹੈ, ‘ਭੱਠ ਨਮਾਜ਼ਾਂ ਚਿਕੜ ਰੋਜ਼ੇ, ਕਲਮੇ ਤੇ ਫਿਰ ਗਈ ਸਿਆਹੀ।’
ਭਾਸ਼ਾਈ ਪੱਧਰ ‘ਤੇ ਵੀ ਧਰਮ ਦੇ ਅਜਿਹੇ ਰੂਪ ਦੇ ਕਈ ਪ੍ਰਗਟਾਓ ਮਿਲਦੇ ਹਨ। ਅੰਗਰੇਜ਼ੀ ਦੀ ਕਹਾਵਤ ਹੈ, ਂeਅਰeਰ ਟਹe ਛਹੁਰਚਹ, ੁਰਟਹeਰ ਾਰੋਮ ਘੋਦ। ਜਦ ਕਬੀਰ ਜੀ ਕਹਿੰਦੇ ਹਨ, ‘ਭੂਖੇ ਭਗਤਿ ਨ ਕੀਜੈ ਯਹ ਮਾਲਾ ਅਪਨੀ ਲੀਜੈ’ ਤਾਂ ਦਰਅਸਲ ਉਹ ਮਨੁੱਖੀ ਹੋਂਦ ਦੇ ਪੱਖ ਤੋਂ ਧਾਰਮਕ ਰਸਮਾਂ ਦੀ ਕਠੋਰਤਾ ਵੱਲ ਹੀ ਇਸ਼ਾਰਾ ਕਰਦੇ ਹਨ। ਕੌਣ ਨਹੀਂ ਜਾਣਦਾ ਕਿ ‘ਧਰਮ ਨਾਲ’, ‘ਗੁਰੂ ਦੀ ਸਹੁੰ’, ‘ਕਸਮ ਖੁਦਾ ਕੀ’ ਆਦਿ ਜਿਹੀਆਂ ਸਹੁੰਆਂ ਅਸਲ ਵਿਚ ਪਿਛੇ ਛੁਪੇ ਝੂਠ ਨੂੰ ਪੁਗਾਉਣ ਦੀ ਕੋਸ਼ਿਸ਼ ਮਾਤਰ ਹਨ।
ਕਹਾਵਤ ਹੈ, ਪੜ੍ਹਨੀਆਂ ਪੋਥੀਆਂ ਤੇ ਕੰਮ ਕਰਨੇ ਆਹ। ਪੋਥੀ ਮੁਢਲੇ ਤੌਰ ‘ਤੇ ਧਾਰਮਕ ਪੁਸਤਕ ਨੂੰ ਕਿਹਾ ਜਾਂਦਾ ਸੀ। ਹਿੰਦੂ ਧਰਮ ਵਿਚ ‘ਰਾਮ’ ਬਹੁਤ ਹੀ ਪਵਿਤਰ ਸ਼ਬਦ ਹੈ ਪਰ ਜੋ ਲੋਕ ‘ਬਗਲ ਵਿਚ ਛੁਰੀ ਰੱਖ ਕੇ ਰਾਮ ਰਾਮ’ ਕਰਦੇ ਹਨ, ਉਹ ਧਰਮ ਦਾ ਕਿੰਨਾ ਕੁ ਪੱਖ ਪੂਰਦੇ ਹਨ? ਫਿਰ ਹਿੰਦੂ ਇਕ ਦੂਜੇ ਦਾ ਅਭਿਵਾਦਨ ਨਮਸਕਾਰ, ਨਮਸਤੇ ਤੋਂ ਬਿਨਾ ‘ਰਾਮ ਰਾਮ’ ਕਹਿ ਕੇ ਵੀ ਕਰਦੇ ਹਨ। ਪਰ ਕਿਸੇ ਨੂੰ ਇਹ ਜਤਾਉਣਾ ਹੋਵੇ ਕਿ ‘ਤੂੰ ਛੱਡ ਇਸ ਗੱਲ ਦਾ ਖਹਿੜਾ, ਮੈਂ ਤੇਰੀ ਗੱਲ ਨਹੀਂ ਮੰਨਣੀ’ ਤਾਂ ਅਸੀਂ ਆਮ ਕਰਕੇ ਇਸ ਵਾਕੰਸ਼ ਦਾ ਸਹਾਰਾ ਲੈਂਦੇ ਹਾਂ, ‘ਰਾਮ ਰਾਮ ਕਰ ਭਾਈ।’ ਮਤਲਬ ਰਾਮ ਰਾਮ ਜਿਹੀ ਫਜ਼ੂਲ ਰੱਟ ਲਾਈ ਜਾਹ, ਮੈਂ ਤੈਨੂੰ ਨਿਵਾਜਣ ਵਾਲਾ ਨਹੀਂ। ਉਂਜ ‘ਰਾਮ ਕਰ’ ਵੀ ਕਹਿ ਦਿੱਤਾ ਜਾਂਦਾ ਹੈ ਜਿਸ ਤੋਂ ਮੁਰਾਦ ਹੈ ‘ਤੂੰ ਆਰਾਮ ਕਰ, ਮੈਨੂੰ ਨਾ ਸਤਾ, ਮੈਂ ਟੱਸ ਤੋਂ ਮੱਸ ਨਹੀਂ ਹੋਣਾ।’
ਹਿੰਦੂ-ਸਿੱਖ ਕਿਸੇ ਦੀ ਮੌਤ Ḕਤੇ ਉਸ ਦੇ ਜਨਾਜ਼ੇ ਵਿਚ ਸ਼ਾਮਿਲ ਤੁਰੇ ਜਾਂਦੇ ‘ਰਾਮ ਨਾਮ ਸੱਤ ਹੈ’ ਕਹਿੰਦੇ ਜਾਂਦੇ ਹਨ। ਇਸ ਉਕਤੀ ਦਾ ਭਾਵ ਹੈ ਕਿ ਮਨੁੱਖਾ ਜੀਵਨ ਨਾਸ਼ਵਾਨ ਹੈ, ਛਿਣ ਭੰਗਰਾ ਹੈ, ਸਿਰਫ ਰਾਮ ਦਾ ਨਾਂ ਹੀ ਸਦੀਵੀ ਸੱਚ ਹੈ। ਇਸ ਕਥਨ ਤੋਂ ਕਰੀਬੀ ਦੀ ਮੌਤ ਕਾਰਨ ਸੋਗੇ ਮਨੁੱਖ ਨੂੰ ਧਰਵਾਸਾ ਦਿੱਤਾ ਜਾਂਦਾ ਹੈ। ਇਸੇ ਉਕਤੀ ਤੋਂ ਹੀ ‘ਰਾਮ ਸੱਤ ਹੋਣਾ’ ਦਾ ਅਰਥ ਮੌਤ ਹੋ ਜਾਣਾ ਹੋ ਗਿਆ ਹੈ। ਕਲਪਨਾ ਕਰੋ, ਰਾਤ ਭਰ ਰਾਮ ਅਰਥਾਤ ਰਮਾਇਣ ਦੀ ਲੰਮੀ ਕਥਾ ਕਰਦੇ ਕਥਾਵਾਚਕ ਥੱਕੇ ਟੁੱਟੇ ਪੇਂਡੂ ਲੋਕਾਂ ਨੂੰ ਕਿੰਨਾ ਬੋਰ ਕਰਦੇ ਹੋਣਗੇ। ਹੈਰਾਨੀ ਨਹੀਂ ਕਿ ਅਜਿਹੇ ਅਨੁਭਵ ਤੋਂ ਹੀ ਅਕਾਊ ਵਿਥਿਆ ਲਈ ‘ਰਾਮ ਕਹਾਣੀ’ ਜਿਹੀ ਉਕਤੀ ਪ੍ਰਚਲਿਤ ਹੋਈ ਹੈ। ‘ਰਾਮ ਕਹਾਣੀ’ ਅਤੇ ‘ਰਾਮ ਦੁਹਾਈ’ ਜਿਹੀਆਂ ਉਕਤੀਆਂ ਕਿਸੇ ਦੇ ਦੁੱਖ ਭਰੇ ਨਿਜੀ ਜੀਵਨ ਦਾ ਰੋਣਾ ਹਨ, ਜਿਨ੍ਹਾਂ ਨੂੰ ਸੁਣ ਰਹੇ ਲੋਕ ਤੰਗ ਪੈ ਜਾਂਦੇ ਹਨ।
ਸ਼ਰਧਾ ਦੇ ਪੱਖ ਤੋਂ ਰਾਮ ਤੋਂ ਬਾਅਦ ਭਾਰਤ ਦੀ ਪਰੰਪਰਾ ਵਿਚ ਗੁਰੂ ਦਾ ਨੰਬਰ ਆਉਂਦਾ ਹੈ। ਭਾਰਤ ਵਿਚ ਗੁਰੂ ਇਕ ਤਰ੍ਹਾਂ ਇਸ਼ਟ ਦੀ ਹੀ ਪਦਵੀ ਧਾਰਨ ਕਰ ਚੁਕਾ ਹੈ। ਪਰ ਜਦੋਂ ਕੋਈ ਘੋਰ ਗਲਤੀ ਕਰ ਰਿਹਾ ਹੋਵੇ ਤਾਂ ਉਸ ਨੂੰ ਉਸ ਦਾ ਕਰੀਬੀ ਦੋਸਤ ਵਿਅੰਗ ਨਾਲ ਜਤਾ ਦਿੰਦਾ ਹੈ, ‘ਓਹ ਗੁਰੂ ਕੀ ਕਰ ਰਿਹਾ ਏਂ?’ ਸੱਚ ਤਾਂ ਇਹ ਹੈ ਕਿ ਗੁਰੂ ਸ਼ਬਦ ਉਸਤਾਦ ਦੀ ਤਰ੍ਹਾਂ ਚਾਲਬਾਜੀ, ਧੋਖਾਧੜੀ ਆਦਿ ਵਿਚ ਮਾਹਰ ਵਿਅਕਤੀ ਲਈ ਵੀ ਵਰਤਿਆ ਜਾਣ ਲੱਗਾ ਹੈ। ਖੁਦ ਅਜਿਹੇ ਗੁਰੂ ਨਵਜੋਤ ਸਿੱਧੂ ਨੇ ਇਸ ਸ਼ਬਦ ਦੀ ਬਥੇਰੀ ਮਿੱਟੀ ਪਲੀਤ ਕੀਤੀ ਹੈ। ਫਿਰ ਕਿਹਾ ਜਾਂਦਾ ਹੈ, ‘ਗੁਰੂ ਹੋ ਜਾ ਸ਼ੁਰੂ’, ਕਦੀ ਕਦੀ ਚੁੱਪ ਵੀ ਭਲੀ ਹੁੰਦੀ ਹੈ! ਸਮਾਜ ਦੇ ਕਿਸੇ ਗਲਤ-ਸਹੀ ਖੇਤਰ ਵਿਚ ਕਹਿੰਦੇ-ਕਹਾਉਂਦੇ ਵਿਅਕਤੀ ਲਈ ਵਿਅੰਗ ਵਜੋਂ ‘ਗੁਰੂ ਘੰਟਾਲ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਮੁਢਲੇ ਤੌਰ ‘ਤੇ ਇਹ ਸ਼ਬਦ ਕੁਝ ਫਿਰਕਿਆਂ ਦੇ ਉਸ ਧਾਰਮਕ ਮੁਖੀ ਲਈ ਵਰਤਿਆ ਜਾਂਦਾ ਸੀ ਜੋ ਆਪਣੇ ਸਰੀਰ ‘ਤੇ ਬਹੁਤ ਸਾਰੀਆਂ ਘੰਟੀਆਂ ਲਾ ਕੇ ਆਪਣੀ ਮਹੱਤਤਾ ਦਾ ਢੰਡੋਰਾ ਪਿੱਟਦੇ ਹਨ।
ਕਿਸੇ ਢੋਂਗੀ, ਖਾਸ ਤੌਰ ‘ਤੇ ਧਾਰਮਕ ਕ੍ਰਿਆ ਕਰਮ ਵਿਚ ਦੂਜਿਆਂ ਨੂੰ ਧੋਖਾ ਦੇਣ ਵਾਲੇ ਭ੍ਰਿਸ਼ਟ ਵਿਅਕਤੀ ਨੂੰ ਪਾਖੰਡੀ ਕਿਹਾ ਜਾਂਦਾ ਹੈ। ਕੋਈ ਢਾਈ ਹਜ਼ਾਰ ਸਾਲ ਪਹਿਲਾਂ ਇੱਕ ਹਿੰਦੂ ਫਿਰਕਾ ਉਭਰਿਆ ਸੀ ਜਿਸ ਦਾ ਨਾਂ ਸੀ, ਪਾਸ਼ੰਡ ਜਿਸ ਤੋਂ ਪਾਖੰਡ ਸ਼ਬਦ ਵਿਉਤਪਤ ਹੋਇਆ। ਇਸ ਫਿਰਕੇ ਦੇ ਸਾਧੂ ਸੰਨਿਆਸੀ ਬੇਹੱਦ ਆਡੰਬਰ ਰਚਦੇ ਸਨ ਜਿਸ ਤੋਂ ਦੁਖੀ ਹੋ ਕੇ ਆਮ ਲੋਕ ਪਰੇ ਹੋ ਗਏ। ਹੁਣ ਪਾਖੰਡ ਸ਼ਬਦ ਮਹਿਜ ਢੋਂਗ ਦੇ ਅਰਥਾਂ ਵਿਚ ਪ੍ਰਚਲਿਤ ਹੈ।
ਸਿੱਖ ਧਰਮ ਵਿਚ ਅਰਦਾਸ ਦੀ ਬਹੁਤ ਮਹਿਮਾ ਹੈ। ਪਰ ਕਿਸੇ ਦੀ ਜ਼ਿੰਦਗੀ ਨੂੰ, ਭਾਵੇਂ ਧਾਰਮਕ ਮਨੋਰਥਾਂ ਹਿਤ ਹੀ, ਹਥਿਆਰਾਂ ਨਾਲ ਖਤਮ ਕਰਨ ਲਈ ‘ਅਰਦਾਸਾ ਸੋਧਣਾ’ ਜਿਹੀ ਉਕਤੀ ਵਰਤੀ ਜਾਂਦੀ ਹੈ। ਬਹੁਤ ਸਾਰੀਆਂ ਪੁਰਾਣੀਆਂ ਧਾਰਮਕ ਰਚਨਾਵਾਂ ਸਲੋਕਾਂ ਵਿਚ ਲਿਖੀਆਂ ਗਈਆਂ ਹਨ। ਪਰ ਅੱਜ ‘ਸਲੋਕ ਸੁਣਾਉਣਾ’ ਗਾਲ੍ਹਾਂ ਕੱਢਣਾ ਹੈ। ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਾਂ ਵਿਚ ਲਪੇਟ ਕੇ ਰੱਖਣ ਲਈ ‘ਸੰਤੋਖਣਾ’ ਸ਼ਬਦ ਵਰਤਿਆ ਜਾਂਦਾ ਹੈ ਪਰ ਇਸ ਦਾ ਵਿਸਤ੍ਰਿਤ ਅਰਥ ਬਣ ਗਿਆ ਹੈ, ਕਿਸੇ ਕੰਮ ਨੂੰ ਠੱਪ ਕਰ ਦੇਣਾ, ਠੰਡੇ ਬਸਤੇ ਵਿਚ ਪਾ ਦੇਣਾ। ਬਜ਼ੁਰਗ ਅਤੇ ਧਾਰਮਕ ਇਸ਼ਟ ਪ੍ਰਤੀ ਸ਼ਰਧਾ ਪ੍ਰਗਟਾਉਣ ਲਈ ਉਨ੍ਹਾਂ ਦੇ ਮੱਥਾ ਟੇਕਿਆ ਜਾਂਦਾ ਹੈ, ਪਰ ‘ਦੂਰੋਂ ਮੱਥਾ ਟੇਕਣਾ?’ ਆਪੇ ਸਮਝ ਲਓ।
ਹਿੰਦੂਆਂ ਦੇ 18 ਪੁਰਾਣਾਂ ਵਿਚੋਂ ਭਾਗਵਤ ਪੁਰਾਣ ਦੀ ਬੇਹੱਦ ਮਾਨਤਾ ਹੈ। ਇਸ ਵਿਚ ਵਿਸ਼ਨੂੰ ਦੇ ਅਵਤਾਰ ਕ੍ਰਿਸ਼ਨ ਦੀ ਮਹਿਮਾ ਹੈ। ਇਸ ਅਵਤਾਰ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਹਿੰਦੂ ਲੋਕ ਸ਼੍ਰੀਮਦ ਭਾਗਵਤ ਪੁਰਾਣ ਦੇ 18000 ਸਲੋਕਾਂ ਦਾ ਸੱਤ ਦਿਨ ਲਈ ਅਖੰਡ ਪਾਠ ਕਰਾਉਂਦੇ ਹਨ। ਇਸ ਨੂੰ ਭਾਗਵਤ ਸਪਤਾਹ ਵੀ ਕਿਹਾ ਜਾਂਦਾ ਹੈ। ਏਨਾ ਲੰਮਾ ਪਾਠ ਕਈ ਵਾਰੀ ਸੱਤ ਦਿਨ ਵਿਚ ਪੂਰਾ ਨਹੀਂ ਹੋ ਸਕਦਾ ਭਾਵੇਂ ਕਿ ਇਸ ਨੂੰ ਸਮਾਪਤ ਕਰਨ ਵਿਚ ਕਈ ਵਾਚਕ ਲੱਗੇ ਹੁੰਦੇ ਹਨ। ਕਈ ਵਾਚਕ ਆਪਣੇ ਹਿੱਸੇ ਆਏ ਪੱਤਰੇ (ਵਰਕੇ) ਜਲਦੀ ਜਲਦੀ ਵਾਚ ਕੇ ਭੱਜਣ ਦੀ ਕਰਦੇ ਹਨ। ਕਈ ਤਾਂ ਕਿੰਨੇ ਕਿੰਨੇ ਪੱਤਰੇ ਬਿਨਾ ਵਾਚਿਆਂ ਹੀ ਛੱਡ ਦਿੰਦੇ ਹਨ। ਇਸੇ ਤੋਂ ਕੋਈ ਗੰਭੀਰ ਕੰਮ ਕਰਨ ਤੋਂ ਖਿਸਕ ਜਾਣ ਵਾਲੇ ਲਈ ਕਿਹਾ ਜਾਂਦਾ ਹੈ ਕਿ ਬਈ ਉਹ ਤਾਂ ਪੱਤਰਾ ਵਾਚ ਗਿਆ, “ਇਸ ਵਾਰੀਂ ਸਤਿਗੁਰੂ ਜੀ ਨੇ ਤੰਬੂ ਵਿਚੋਂ ਬਾਹਰ ਆਉਣ ਵਿਚ ਦੇਰ ਲਾ ਦਿਤੀ ਤੇ ਇਸ ਦੌਰਾਨ ਕਈ ਕੱਚੇ ਪਿੱਲੇ ਪੱਤਰਾ ਵਾਚ ਗਏ।” ਟਿਬ ਜਾਣ ਦੀ ਇਸ ਚਲਾਕੀ ਦੀ ਜ਼ਰਾ ਗੁਰੂ ਗ੍ਰੰਥ ਸਾਹਿਬ ਦੇ ਪਾਠੀਆਂ ਵਲੋਂ ਕੀਤੇ ਜਾਂਦੇ ‘ਥੱਬਾ ਪਾਠ’ ਨਾਲ ਤੁਲਨਾ ਕਰੋ। ਸਿੱਖ ਧਰਮ ਨੇ ਹਿੰਦੂ ਧਰਮ ਤੋਂ ਬਹੁਤ ਕੁਝ ਲਿਆ ਹੈ!