ਅਕਾਲੀ ਆਗੂ ਗੁਰਚਰਨ ਸਿੰਘ ਟੌਹੜਾ ਨੂੰ ਇਸ ਫਾਨੀ ਸੰਸਾਰ ਤੋਂ ਰੁਖਸਤ ਹੋਇਆਂ 14 ਸਾਲ ਬੀਤ ਗਏ ਹਨ। ਇਸ ਡੇਢ ਦਹਾਕੇ ਦੌਰਾਨ ਸਿੱਖ ਸਿਆਸਤ ਅੰਦਰ ਵੀ ਕਈ ਅਹਿਮ ਮੋੜ ਆਏ ਹਨ ਅਤੇ ਹਰ ਮੋੜ ਉਤੇ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਰਿਹਾ ਹੈ। ਅਸਲ ਵਿਚ ਅਕਾਲੀ ਦਲ ਦੀ ਭਾਰੂ ਧਿਰ, ਸਿੱਖ ਸਿਆਸਤ ਨੂੰ ਜਿਸ ਪਾਸੇ ਲੈ ਗਈ ਹੈ, ਉਸ ਤੋਂ ਹਰ ਸੰਜੀਦਾ ਸ਼ਖਸ ਫਿਕਰਾਂ ਵਿਚ ਹੈ।
ਅਜੋਕੀ ਸਿੱਖ ਸਿਆਸਤ ਵਿਚ ਹਮੇਸ਼ਾਂ ਕਈ ਧੜੇ ਰਹੇ ਹਨ, ਪਰ ਮਾਸਟਰ ਤਾਰਾ ਸਿੰਘ ਤੋਂ ਬਾਅਦ ਧੜੇ ਭਾਵੇਂ ਜਿੰਨੇ ਮਰਜੀ ਰਹੇ ਹੋਣ, ਜਥੇਦਾਰ ਟੌਹੜਾ ਹਮੇਸ਼ਾਂ ਇਸ ਦਾ ਕੇਂਦਰ ਬਣੇ ਰਹੇ। ਪ੍ਰੋæ ਬਲਕਾਰ ਸਿੰਘ ਨੇ ਆਪਣੇ ਇਸ ਲੇਖ ਵਿਚ ਜਥੇਦਾਰ ਟੌਹੜਾ ਦੇ ਜੀਵਨ ਅਤੇ ਸਿਆਸਤ ਨਾਲ ਜੁੜੇ ਕੁਝ ਖਾਸ ਨੁਕਤੇ ਸਾਂਝੇ ਕੀਤੇ ਹਨ ਜੋ ਅਸੀਂ ਆਪਣੇ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ। -ਸੰਪਾਦਕ
ਬਲਕਾਰ ਸਿੰਘ, ਪਟਿਆਲਾ
ਪ੍ਰੋਫੈਸਰ ਆਫ ਐਮੀਨੈਂਸ
ਫੋਨ: 91-93163-01328
ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ (24 ਸਤੰਬਰ 1924-ਪਹਿਲੀ ਅਪਰੈਲ 2004) ਦਾ ਜਨਮ ਪਿੰਡ ਟੌਹੜਾ, ਤਹਿਸੀਲ ਨਾਭਾ, ਜ਼ਿਲ੍ਹਾ ਪਟਿਆਲਾ ਵਿਖੇ 24 ਸਤੰਬਰ 1924 ਨੂੰ ਸਰਦਾਰਨੀ ਬਸੰਤ ਕੌਰ ਦੀ ਕੁਖੋਂ ਹੋਇਆ। ਜਥੇਦਾਰ ਟੌਹੜਾ ਦੇ ਪਿਤਾ ਸ਼ ਦਲੀਪ ਸਿੰਘ ਜਿਸ ਵੇਲੇ ਸਵਰਗਵਾਸ ਹੋਏ, ਉਸ ਵੇਲੇ ਜਥੇਦਾਰ ਟੌਹੜਾ ਕੇਵਲ ਦੋ ਵਰ੍ਹਿਆਂ ਦੇ ਸਨ। ਜਥੇਦਾਰ ਟੌਹੜਾ ਨੇ ਆਪਣਾ ਜੀਵਨ ਪਿਤਾ ਪੁਰਖੀ ਕਿੱਤੇ ਖੇਤੀਬਾੜੀ ਤੋਂ ਅਰੰਭ ਕੀਤਾ। ਉਹ ਲੰਮਾ ਸਮਾਂ ਪਿੰਡ ਵਿਚ ਆਪਣੀ ਜੱਦੀ ਜਾਇਦਾਦ ‘ਤੇ ਖੇਤੀ ਕਰਦੇ ਰਹੇ। ਉਨ੍ਹਾਂ ਨੇ 13 ਵਰ੍ਹਿਆਂ ਦੀ ਉਮਰੇ (1937) ਉਸ ਵੇਲੇ ਅੰਮ੍ਰਿਤ ਛਕਿਆ, ਜਦੋਂ ਉਨ੍ਹਾਂ ਦੇ ਪਿੰਡ ਵਿਚ ਅੰਮ੍ਰਿਤ ਸੰਚਾਰ ਸਮਾਗਮ ਹੋ ਰਿਹਾ ਸੀ। ਅੰਮ੍ਰਿਤ ਦੀ ਲਾਜ ਉਨ੍ਹਾਂ ਕੇਸਾਂ ਸੁਆਸਾਂ ਨਾਲ ਪਾਲੀ। ਉਨ੍ਹਾਂ ਦੇ ਅੰਮ੍ਰਿਤਧਾਰੀ ਜੀਵਨ ਦਾ ਹੀ ਸਿੱਟਾ ਸੀ ਕਿ ਉਨ੍ਹਾਂ ਨੂੰ ਨਿਤ ਨੇਮ ਦੀਆਂ ਬਾਣੀਆਂ ਜ਼ਬਾਨੀ ਕੰਠ ਸਨ ਅਤੇ ਉਹ ਅੰਮ੍ਰਿਤ ਸੰਚਾਰ ਸਮਾਗਮਾਂ ਵਿਚ ਵੀ ਲਗਾਤਾਰ ਹਿੱਸਾ ਲੈਂਦੇ ਰਹੇ। ਇਸ ਪੱਖੋਂ ਉਹ ਗੁਰਮਤਿ ਸੁਰ ਵਿਚ ਕਿਰਪਾ ਦੇ ਪਾਤਰ ਸਨ ਕਿਉਂਕਿ ਬਿਨਾ ਕਿਸੇ ਵਿਧੀਵਤ ਟਰੇਨਿੰਗ ਦੇ ਉਹ ਲਗਾਤਾਰ ਗੁਰਮਤਿ ਸਮਾਗਮਾਂ ਵਿਚ ਗੁਰਮਤਿ ਵਿਖਿਆਨ ਦੇਣ ਦੀ ਜਿੰਮੇਵਾਰੀ ਸਿੱਖੇ ਹੋਏ ਮਿਸ਼ਨਰੀਆਂ ਨਾਲੋਂ ਵੀ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਂਦੇ ਸਨ। ਉਨ੍ਹਾਂ ਨੇ ਇਸ ਤਰ੍ਹਾਂ ਗੁਰਮਤਿ ਵਿਚਾਰਧਾਰਾ ਨੂੰ ਸਮਰਪਿਤ ਜੀਵਨ ਜਿਉਣ ਦੀ ਸਫਲ ਕੋਸ਼ਿਸ਼ ਕੀਤੀ। ਉਹ ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਗਿਆਨੀ ਪਾਸ ਸਨ ਅਤੇ ਸੰਸਕ੍ਰਿਤ ਵਿਦਿਆਲਾ ਪਟਿਆਲਾ ਦੇ ਵਿਦਿਆਰਥੀ ਰਹੇ ਸਨ।
ਜਥੇਦਾਰ ਟੌਹੜਾ ਨੇ 14 ਸਾਲ ਦੀ ਉਮਰ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਖਰੀ ਦਮ ਤੱਕ ਕਰਦੇ ਰਹੇ। ਅਕਾਲੀ ਸਿਆਸਤ ਵਿਚ ਬਹੁਤ ਵਾਰੀ ਅਜਿਹੇ ਮੌਕੇ ਆਏ ਜਦੋਂ ਅਕਾਲੀ ਪਾਰਟੀ ਨੇ ਕਾਂਗਰਸ ਵਿਚ ਸ਼ਮੂਲੀਅਤ ਕਰ ਲਈ, ਪਰ ਜਥੇਦਾਰ ਟੌਹੜਾ ਅਤੇ ਮਾਸਟਰ ਤਾਰਾ ਸਿੰਘ-ਦੋ ਅਜਿਹੇ ਵਿਅਕਤੀ ਸਨ, ਜਿਨ੍ਹਾਂ ਨੇ ਉਨ੍ਹਾਂ ਹਾਲਾਤ ਵਿਚ ਵੀ ਅਕਾਲੀ ਰਹਿਣ ਨੂੰ ਹੀ ਤਰਜੀਹ ਦਿਤੀ।
ਜਥੇਦਾਰ ਟੌਹੜਾ ਦਾ ਸਰਗਰਮ ਰਾਜਸੀ ਜੀਵਨ 1944 ਤੋਂ ਅਰੰਭ ਹੋਇਆ ਅਤੇ 1944 ਵਿਚ ਹੀ ਉਨ੍ਹਾਂ ਨੇ ਪਹਿਲੀ ਜੇਲ੍ਹ ਯਾਤਰਾ ਕੀਤੀ। ਉਸ ਪਿਛੋਂ ਉਹ ਲਗਾਤਾਰ ਹਰ ਮੋਰਚੇ ਵਿਚ ਸ਼ਾਮਲ ਹੁੰਦੇ ਰਹੇ। ਉਨ੍ਹਾਂ ਦਾ ਜੇਲ੍ਹ ਜੀਵਨ ਵੀ ਕਾਫੀ ਲੰਮਾ ਬਣ ਜਾਂਦਾ ਹੈ। ਅਕਾਲੀ ਸੁਭਾ ਨੂੰ ਧਿਆਨ ਵਿਚ ਰੱਖ ਕੇ ਮਾਸਟਰ ਤਾਰਾ ਸਿੰਘ ਨੇ ਉਨ੍ਹਾਂ ਨੂੰ ਸਰਗਰਮ ਰਾਜਨੀਤੀ ਵਿਚ ਲੈ ਆਂਦਾ। 1948 ਵਿਚ ਉਹ ਪਹਿਲੀ ਵਾਰ ਰਿਆਸਤੀ ਅਕਾਲੀ ਦਲ ਦੇ ਸਕੱਤਰ ਬਣੇ। 1957 ਵਿਚ ਜ਼ਿਲਾ ਅਕਾਲੀ ਦਲ, ਪਟਿਆਲਾ ਦੇ ਪ੍ਰਧਾਨ ਬਣੇ। ਇਸ ਤੋਂ ਪਹਿਲਾਂ ਉਹ ਫਤਿਹਗੜ੍ਹ ਸਾਹਿਬ ਸਰਕਲ ਦੇ ਪ੍ਰਧਾਨ 1952 ਵਿਚ ਹੀ ਬਣ ਗਏ ਸਨ। 1959 ਵਿਚ ਉਨ੍ਹਾਂ ਨੂੰ ਮਾਸਟਰ ਤਾਰਾ ਸਿੰਘ ਨੇ ਸ਼æ੍ਰੋਮਣੀ ਅਕਾਲੀ ਦੇ ਮੀਤ ਪ੍ਰਧਾਨ ਦੀ ਪਦਵੀ ਦੇ ਦਿੱਤੀ। 1960 ਵਿਚ ਉਹ ਪਹਿਲੀ ਵਾਰ ਸ਼੍ਰæੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣੇ ਅਤੇ ਉਸ ਪਿਛੋਂ ਆਖਰੀ ਦਮ ਤੱਕ ਲਗਾਤਾਰ ਸ਼੍ਰੋਮਣੀ ਕਮੇਟੀ ਦੇ ਚੁਣੇ ਹੋਏ ਮੈਂਬਰ ਰਹੇ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਉਨ੍ਹਾਂ ਨੇ 6 ਜਨਵਰੀ, 1973 ਨੂੰ ਸੰਭਾਲੀ ਅਤੇ ਉਸ ਪਿਛੋਂ ਨਿਰੰਤਰ 25 ਸਾਲ ਪ੍ਰਧਾਨ ਬਣਦੇ ਰਹੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਵਿਚ ਜਥੇਦਾਰ ਟੌਹੜਾ ਦੀਆਂ ਪ੍ਰਾਪਤੀਆਂ ਨੂੰ ਆਪਣੇ ਆਪ ਵਿਚ ਵੱਖ ਵੱਖ ਪੱਖਾਂ ਤੋਂ ਇਕ ਰਿਕਾਰਡ ਹੀ ਕਹਿਣਾ ਚਾਹੀਦਾ ਹੈ। ਕੌਮੀ ਰਾਜਨੀਤੀ ਵਿਚ ਸਰਗਰਮ ਹਿੱਸਾ ਉਹ ਰਾਜ ਸਭਾ ਅਤੇ ਲੋਕ ਸਭਾ ਦੇ ਮੈਂਬਰ ਵਜੋਂ ਨਿਭਾਉਂਦੇ ਰਹੇ। ਉਹ ਕਈ ਵਿਦਿਅਕ ਅਤੇ ਸਮਾਜਿਕ ਸੰਸਥਾਵਾਂ ਦੇ ਵੀ ਪ੍ਰਧਾਨ ਸਨ। ਜਿਹੜੀਆਂ ਸੰਸਥਾਵਾਂ ਉਨ੍ਹਾਂ ਨੇ ਜੀਅ ਜਾਨ ਨਾਲ ਸਥਾਪਤ ਕੀਤੀਆਂ, ਉਨ੍ਹਾਂ ਵਿਚੋਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫਤਿਹਗੜ੍ਹ ਸਾਹਿਬ ਇਕ ਹੈ। ਪੰਜਾਬੋਂ ਬਾਹਰ ਤਖਤ ਸ੍ਰੀ ਸੱਚਖੰਡ ਹਜ਼ੂਰ ਸਾਹਿਬ ਬੋਰਡ, ਨਾਂਦੇੜ ਨਾਲ ਵੀ ਉਹ ਕਿਸੇ ਨਾ ਕਿਸੇ ਰੂਪ ਵਿਚ ਸਬੰਧਤ ਰਹੇ। ਉਨ੍ਹਾਂ ਇਹ ਸਭ ਜਿੰਮੇਵਾਰੀਆਂ ਇਹ ਸਮਝ ਕੇ ਨਿਭਾਈਆਂ ਕਿ ਪੰਥਕ ਸੁਰ ਵਿਚ ਮਿਲੀਆਂ ਜਿੰਮੇਵਾਰੀਆਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹਨ ਅਤੇ ਇਨ੍ਹਾਂ ਨੂੰ ਸੰਗਤ ਦੀਆਂ ਅਸੀਸਾਂ ਨਾਲ ਹੀ ਨਿਭਾਇਆ ਜਾ ਸਕਦਾ ਹੈ।
ਇਹ ਸਥਾਪਤ ਸੱਚ ਹੈ ਅਤੇ ਸਿੱਖਾਂ ਦੇ ਚੇਤਿਆਂ ਵਿਚ ਬਿਲਕੁਲ ਤਾਜ਼ਾ ਵੀ ਹੈ ਕਿ ਸਿੱਖ-ਸੰਤ ਤੇ ਖਾਲਸਾ-ਪੰਥ ਦੇ ਬਾਬਾ ਬੋਹੜ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸ਼ਖਸੀਅਤ ਵਿਚ ਗੁਰਸਿੱਖੀ ਅਤੇ ਅਕਾਲੀਅਤ ਇਕਸੁਰਤਾ ਵਿਚ ਰਮੀਆਂ ਹੋਈਆਂ ਸਨ। ਅਕਾਲੀਅਤ ਦਾ ਜੋ ਜਜ਼ਬਾ ਜਥੇਦਾਰ ਟੌਹੜਾ ਨੂੰ ਵਿਰਾਸਤ ਵਿਚ ਮਿਲਿਆ ਸੀ, ਉਸ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਉਨ੍ਹਾਂ ਬਹੁਤ ਘਾਲਣਾਵਾਂ ਘਾਲੀਆਂ। ਜਥੇਦਾਰ ਟੌਹੜਾ ਦੀ ਸ਼ਾਨ ਇਸ ਗੱਲ ਵਿਚ ਸੀ ਕਿ ਆਪਣੇ ਵਰਤਮਾਨ ਦੀ ਸਿੱਖ-ਸਿਆਸਤ ਦੀ ਧੁਰੋਹਰ ਹੋਣ ਦੇ ਬਾਵਜੂਦ ਉਨ੍ਹਾਂ ਦਾ ਕੋਈ ਵੀ ਸਮਕਾਲੀ ਇਹ ਨਹੀਂ ਕਹਿ ਸਕਦਾ ਕਿ ਉਨ੍ਹਾਂ ਨੂੰ ਇਥੋਂ ਤੱਕ ਪਹੁੰਚਾਉਣ ਵਿਚ ਕਿਸੇ ਹੋਰ ਦਾ ਹੱਥ ਸੀ। ਉਨ੍ਹਾਂ ਦੀ ਸ਼ਖਸੀਅਤ ਦਾ ਚੜ੍ਹਤ-ਵਿਕਾਸ ਗੁਰੂ ਮਿਹਰ ਨਾਲ ਜੋੜ ਕੇ ਵੇਖੇ ਬਿਨਾ ਸਮਝਿਆ ਹੀ ਨਹੀਂ ਜਾ ਸਕਦਾ।
ਜਥੇਦਾਰ ਟੌਹੜਾ ਜੋ ਨਜ਼ਰ ਆਉਂਦੇ ਸਨ, ਉਸ ਨਾਲੋਂ ਕਿਤੇ ਵੱਧ ਸਮਰਥਾ ਦੇ ਉਹ ਮਾਲਕ ਸਨ। ਉਨ੍ਹਾਂ ਦੀ ਇਸ ਸਮਰਥਾ ਦਾ ਕੌਮ ਨੇ ਉਨਾ ਲਾਭ ਨਹੀਂ ਉਠਾਇਆ, ਜਿੰਨਾ ਉਠਾਇਆ ਜਾ ਸਕਦਾ ਸੀ। ਇਹ ਵੱਖਰਾ ਮਸਲਾ ਹੈ ਕਿ ਉਨ੍ਹਾਂ ਦੀ ਪੰਥਕ-ਸਮਰਥਾ ਅਤੇ ਮਿਲੇ ਹੋਏ ਪੰਥਕ-ਅਵਸਰ ਇਕਸੁਰਤਾ ਵਿਚ ਕਿਉਂ ਨਹੀਂ ਨਿਭ ਸਕੇ? ਪਰ ਇਹ ਸੱਚ ਤਾਂ ਸਭ ਦੇ ਸਾਹਮਣੇ ਹੈ ਕਿ ਉਨ੍ਹਾਂ ਦੀ ਸ਼ਖਸੀਅਤ ਦੇ ਸੇਕ ਨਾਲ ਵਿਰੋਧੀ ਭਾਵਨਾਵਾਂ ਵੀ ਪਿਘਲ ਕੇ ਇਕਸੁਰ ਹੋ ਜਾਂਦੀਆਂ ਰਹੀਆਂ ਹਨ। ਉਨ੍ਹਾਂ ਦੀ ਮਕਬੂਲੀਅਤ ਦਾ ਭੇਦ ਇਸੇ ਸੱਚ ਵਿਚ ਛੁਪਿਆ ਹੋਇਆ ਸੀ।
ਸਾਧਾਰਨ ਪੇਂਡੂ ਮਾਪਿਆਂ ਦੇ ਅਸਾਧਾਰਨ ਪੁੱਤਰ ਜਥੇਦਾਰ ਟੌਹੜਾ ਨੇ ਆਪਣੀ ਸ਼ਖਸੀਅਤ, ਵਿਹਾਰ ਤੇ ਨੈਤਿਕਤਾ ਦਾ ਸਿੱਕਾ ਆਪਣੇ ਜਿਉਂਦੇ ਜੀਅ ਆਪਣਿਆਂ ਅਤੇ ਹਮਾਇਤੀਆਂ ਦੇ ਨਾਲ ਵਿਰੋਧੀਆਂ ਤੋਂ ਵੀ ਮੰਨਵਾਇਆ। ਉਹ ਕਦੇ ਆਪਣੀਆਂ ਜੜ੍ਹਾਂ ਨਾਲੋਂ ਨਾ ਟੁੱਟੇ ਅਤੇ ਇਸੇ ਕਰਕੇ ਉਨ੍ਹਾਂ ਨੂੰ ਸਿੱਖੀ, ਸਿੱਖ-ਸਿਆਸਤ ਅਤੇ ਸਿੱਖ-ਪਛਾਣ ਵਿਚ ਫਰਕ ਕਰਨ ਦੀ ਕਦੇ ਲੋੜ ਹੀ ਮਹਿਸੂਸ ਨਹੀਂ ਸੀ ਹੋਈ।
ਜਥੇਦਾਰ ਟੌਹੜਾ ਦੀ ਬਜ਼ੁਰਗੀ ਨੂੰ ਅਕਾਲੀ ਦਲ ਜਾਂ ਸ਼੍ਰæੋਮਣੀ ਕਮੇਟੀ ਦੀ ਅਹੁਦੇਦਾਰੀ ਦਾ ਕੋਈ ਬੰਧਨ ਵੀ ਨਹੀਂ ਸੀ। ਇਸੇ ਲਈ ਅਕਾਲੀ ਸਿਆਸੀ ਪ੍ਰਸੰਗ ਵਿਚ ਤਾਕਤ ਵਿਚ ਹੋਣ ਜਾਂ ਨਾ ਹੋਣ, ਜਥੇਦਾਰ ਟੌਹੜਾ ਦੀ ਸਿਰਦਾਰੀ ਹਰ ਤਰ੍ਹਾਂ ਸਥਾਪਤ ਰਹਿੰਦੀ ਸੀ। ਖੇਤਰੀ ਸਿਆਸਤ ਦਾ ਜੇ ਅਕਾਲੀ ਦਲ ਨੂੰ ਮੋਢੀ ਮੰਨਿਆ ਜਾਵੇ ਤਾਂ ਜਥੇਦਾਰ ਟੌਹੜਾ ਨਿਰਸੰਦੇਹ ਇਸ ਦੇ ਘਾੜਿਆਂ ਵਿਚੋਂ ਗਿਣੇ ਜਾ ਸਕਦੇ ਹਨ। ਅਕਾਲੀ ਦਲ ਦਾ ਪ੍ਰਧਾਨ ਭਾਵੇਂ ਕੋਈ ਹੋਵੇ, ਅਕਾਲੀ ਦਲ ਵਲੋਂ ਲੜੀਆਂ ਗਈਆਂ ਸਿਆਸੀ ਜੰਗਾਂ ਵਿਚ ਕੇਂਦਰੀ ਭੂਮਿਕਾ ਜਥੇਦਾਰ ਟੌਹੜਾ ਦੀ ਹੀ ਰਹਿੰਦੀ ਸੀ। ਉਹ ਪਰੰਪਰਕ ਸਿੱਖ-ਸ਼ੈਲੀ ਵਿਚ ਧਰਮ ਅਤੇ ਸਿਆਸਤ ਦੀ ਸੰਤੁਲਿਤ ਵਰਤੋਂ ਕਰਦੇ ਰਹੇ।
ਰਸੀ ਹੋਈ ਸਿਆਸੀ ਚੇਤਨਾ ਦੇ ਮੁਜੱਸਮੇ ਜਥੇਦਾਰ ਟੌਹੜਾ ਪੰਜਾਬ ਅਤੇ ਪੰਜਾਬੀਅਤ ਦੇ ਪੰਥਕ ਰੰਗ ਵਿਚ ਰੰਗੇ ਹੋਏ ਸਿਆਸੀ ਮੁੱਦਿਆਂ ਦਾ ਕੌਮੀ ਪ੍ਰਸੰਗ ਉਭਾਰਦੇ ਰਹੇ। ਉਨ੍ਹਾਂ ਨੇ ਜਿਉਂਦੇ ਜੀਅ ਅਕਾਲੀ ਦਲ ਦੀਆਂ ਵੰਗਾਰਾਂ ਅਤੇ ਦੁਸ਼ਵਾਰੀਆਂ ਨੂੰ ਮੁੱਦਿਆਂ ਦੀ ਸਿਆਸਤ ਵਿਚ ਬਦਲਣ ਦੀ ਭੂਮਿਕਾ ਨਿਭਾਈ। ਅਜਿਹੀ ਸਥਿਤੀ ਵਿਚ ਉਹ ਧਾਰਮਿਕ ਪਰਪੱਕਤਾ ਅਤੇ ਕੌਮੀ ਪ੍ਰਤੀਬੱਧਤਾ ਨਾਲ ਨਿਭਦੇ ਰਹੇ। ਨੰਗੇ ਪਿੰਡੇ ਮੁਹਿੰਮਾਂ ਸਰ ਕਰਨ ਦੀ ਜੋ ਅਕਾਲੀ ਸਾਖ ਜਥੇਦਾਰ ਟੌਹੜਾ ਨੇ ਕਾਇਮ ਕੀਤੀ, ਉਸ ਦੀ ਕਦਰ ਉਸ ਦੇ ਸਾਥੀਆਂ ਨੇ ਕਦੇ ਉਸ ਤਰ੍ਹਾਂ ਨਾ ਪਾਈ, ਜਿਸ ਤਰ੍ਹਾਂ ਪੈਣੀ ਚਾਹੀਦੀ ਸੀ। ਉਹ ਗਲ ਪਈਆਂ ਲੜਾਈਆਂ ਸਦਾ ਹੀ ਗੁਰੂ ਵਲ ਮੂੰਹ ਕਰਕੇ ਲੜਦੇ ਰਹੇ ਅਤੇ ਸਿਆਸੀ ਸੂਰਮੇ ਵਾਂਗ ਜਿੱਤਾਂ-ਹਾਰਾਂ ਨਾਲ ਜੂਝਦਿਆਂ ਵਿਚਰਦੇ ਰਹੇ।
ਜਥੇਦਾਰ ਟੌਹੜਾ ਨੂੰ ਨੇੜਿਓਂ ਜਾਣਨ ਵਾਲੇ ਜਾਣਦੇ ਹਨ ਕਿ ਉਹ ਕੰਡਿਆਲੇ ਰਾਹਾਂ ‘ਤੇ ਨੰਗੇ ਪੈਰੀਂ ਤੁਰਨ ਵਾਲਾ ਪੰਥਕ-ਪਾਂਧੀ ਸੀ। ਇਸ ਕਰਕੇ ਉਨ੍ਹਾਂ ਬਾਰੇ ਜੇ ਸੰਖੇਪ ਵਿਚ ਬਿਆਨ ਕਰਨਾ ਹੋਵੇ ਤਾਂ ਸਮਕਾਲੀ ਸਿਆਸੀ ਪਾਰਟੀਆਂ ਦੇ ਪ੍ਰਸੰਗ ਵਿਚ ਇੰਜ ਬਿਆਨ ਕੀਤਾ ਜਾ ਸਕਦਾ ਹੈ ਕਿ ਜਥੇਦਾਰ ਟੌਹੜਾ ਨੂੰ ਇਹ ਤਾਂ ਪਤਾ ਸੀ ਕਿ ਉਨ੍ਹਾਂ ਦਾ ਵਾਹ ਪੁੱਠੀਆਂ ਸਮਝਾਂ ਵਾਲਿਆਂ ਨਾਲ ਪੈ ਗਿਆ ਹੈ ਅਤੇ ਬਿਨਾ ਜੁਰਮ ਤੋਂ ਸਜ਼ਾ ਭੁਗਤਣ ਦੇ ਉਹ ਇਸੇ ਕਰਕੇ ਆਦੀ ਹੋ ਗਏ ਸਨ। ਉਨ੍ਹਾਂ ਦੇ ਹਰ ਨੁਕਸਾਨ ਦਾ ਅਕਾਲੀ ਦਲ ਨੂੰ ਸਦਾ ਹੀ ਫਾਇਦਾ ਹੁੰਦਾ ਰਿਹਾ। ਫੈਸਲਾਕੁਨ ਸਿਆਸੀ ਫੈਸਲਿਆਂ ਵਿਚ ਜਥੇਦਾਰ ਟੌਹੜਾ ਹਮੇਸ਼ਾ ਹਰ ਮੈਦਾਨ ਵਿਚ ਕੇਂਦਰੀ ਭੂਮਿਕਾ ਨਿਭਾਉਂਦੇ ਰਹੇ।
ਭਾਰਤੀ ਸਿਆਸਤ ਵਿਚ ਅਕਾਲੀ ਸਿਆਸਤ ਦੀ ਭੂਮਿਕਾ ਨੂੰ ਖੇਤਰੀ ਹੱਦਾਂ ਤੋਂ ਮੁਕਤ ਕਰਕੇ ਕੌਮੀ ਰੰਗ ਵਿਚ ਰੰਗਣ ਦੇ ਲੇਖੇ ਜੋਖੇ ਵਿਚੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਪਾਸੇ ਨਹੀਂ ਰਖਿਆ ਜਾ ਸਕਦਾ, ਕਿਉਂਕਿ ਸਿੱਖ-ਸਿਆਸਤ ਦੀਆਂ ਵਾਗਾਂ ਮੋੜਨ ਦੀ ਜੋ ਸ਼ਾਹਸਵਾਰੀ ਜਥੇਦਾਰ ਟੌਹੜਾ ਨੇ ਕਰ ਵਿਖਾਈ ਸੀ, ਉਸ ਦਾ ਹੋਰ ਸਿੱਖ ਸਿਆਸਤਦਾਨਾਂ ਵਿਚੋਂ ਕੋਈ ਸਾਨੀ ਨਜ਼ਰ ਨਹੀਂ ਆਉਂਦਾ। ਉਨ੍ਹਾਂ ਦੀ ਹਯਾਤੀ ਵਿਚ ਪੰਜਾਬ ਦੀ ਸਿਆਸਤ ਉਨ੍ਹਾਂ ਦੇ ਦੁਆਲੇ ਘੁੰਮਦੀ ਰਹੀ। ਵਿਵਾਦਾਂ ਦੇ ਘੇਰੇ ਵਿਚ ਅਡੋਲ ਵਿਚਰਦੇ ਜਥੇਦਾਰ ਟੌਹੜਾ ਲਗਾਤਾਰ ਨਿਖਰਦੇ ਰਹਿੰਦੇ ਸਨ। ਜਿਵੇਂ ਜਿਵੇਂ ਉਨ੍ਹਾਂ ਨੂੰ ਪੰਜਾਬ ਦੀ ਸਿਆਸਤ ਤੋਂ ਲਾਂਭੇ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ, ਤਿਵੇਂ ਤਿਵੇਂ ਉਹ ਆਪਣਿਆਂ ਅਤੇ ਬੇਗਾਨਿਆਂ ਲਈ ਹੋਰ ਵਧੇਰੇ ਸਿਆਸੀ ਲੋੜ ਜਾਂ ਸਿਆਸੀ ਮਜਬੂਰੀ ਬਣਦੇ ਰਹੇ।
ਸਿੱਖ ਸਿਆਸਤਦਾਨਾਂ ਦੀ ਗੁਆਚੀ ਹੋਈ ਭਰੋਸੇਯੋਗਤਾ ਵਿਚ ਜਥੇਦਾਰ ਟੌਹੜਾ ਬਹੁਤ ਯਾਦ ਆਉਂਦੇ ਰਹਿਣਗੇ। ਸਮਕਾਲੀ ਸਥਿਤੀ ਵਿਚ ਜਥੇਦਾਰ ਟੌਹੜਾ ਨੂੰ ਅਕਾਲੀਆਂ ਦਾ ਮਹਾਤਮਾ ਗਾਂਧੀ ਵੀ ਆਖਿਆ ਜਾ ਸਕਦਾ ਸੀ, ਪਰ ਉਹ ਗਾਂਧੀਅਨ ਸਿਆਸਤ ਦੇ ਪ੍ਰਸ਼ੰਸਕ ਕਦੇ ਵੀ ਨਹੀਂ ਸਨ। ਉਨ੍ਹਾਂ ਦੀ ਬਰਸੀ ‘ਤੇ ਵੀ ਇਹੀ ਕਹਿਣ ਨੂੰ ਜੀਅ ਕਰਦਾ ਹੈ ਕਿ ਸਿੱਖ ਕੌਮ ਨੂੰ ਜਿਉਂਦਿਆਂ ਦਾ ਮੁੱਲ ਪਾਉਣ ਵਾਲੇ ਪਾਸੇ ਤੁਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਅਤੇ ਮੜ੍ਹੀਆਂ ‘ਤੇ ਮੇਲੇ ਲਾਉਣ ਦੀ ਸਿਆਸਤ ਤੋਂ ਗੁਰੇਜ ਕਰਨਾ ਚਾਹੀਦਾ ਹੈ। ਜਥੇਦਾਰ ਟੌਹੜਾ ਦੀ ਸ਼ਖਸੀਅਤ ਦੇ ਕਿਸੇ ਵੀ ਪੱਖ ਨੁੰ ਧਿਆਨ ਵਿਚ ਰੱਖਿਆਂ ਇਹ ਸਮਝ ਆ ਜਾਂਦਾ ਹੈ ਕਿ ਉਸ ਦੀ ਸੰਭਾਲ ਸਿੱਖ ਭਾਈਚਾਰੇ ਲਈ ਖਾਸ ਕਰਕੇ ਅਤੇ ਪੰਜਾਬੀਆਂ ਤੇ ਬਾਕੀਆਂ ਲਈ ਆਮ ਕਰਕੇ ਸਿੱਖਿਆਦਾਇਕ ਹੋ ਸਕਦੀ ਹੈ।
ਜਥੇਦਾਰ ਟੌਹੜਾ ਦੀ ਛਾਂ ਵਿਚ ਬੇਸ਼ਕ ਉਨ੍ਹਾਂ ਦਾ ਬਦਲ ਪੈਦਾ ਨਹੀਂ ਹੋ ਸਕਿਆ ਕਿਉਂਕਿ ਉਨ੍ਹਾਂ ਨੇ ਅੰਮ੍ਰਿਤ-ਵਿਹੂਣੇ ਅਕਾਲੀਆਂ ਦੀ ਕਲਪਨਾ ਕਰਨ ਤੋਂ ਵੀ ਇਨਕਾਰ ਕੀਤਾ ਹੋਇਆ ਸੀ। ਉਹ ਧਰਮ ਅਤੇ ਸਿਆਸਤ ਦੀ ਇਕਸੁਰਤਾ ਦੇ ਮੁੱਦਈ ਸਨ, ਪਰ ਧਰਮ ਨੂੰ ਸਿਆਸਤ ਲਈ ਵਰਤਣ ਨੂੰ ਉਹ ਨਹੀਂ ਰੋਕ ਸਕੇ। ਸਿਆਸਤ ਵਿਚ ਉਹ ਅਭਿਮੰਨਯੂ ਵਾਂਗ ਖਾਲੀ ਹੱਥ ਵਿਰੋਧੀਆਂ ਵਿਚ ਘਿਰੇ ਹੋਏ ਵੀ ਲੱਗਣ ਲੱਗ ਪੈਂਦੇ ਸਨ। ਅਜਿਹੇ ਵੇਲੇ ਉਹ ਚੁੱਪ ਨਾਲ ਪਛਾੜਨ ਦੇ ਸਿਆਸੀ ਹਥਿਆਰ ਦੀ ਵਰਤੋਂ ਬਾਖੂਬੀ ਕਰਦੇ ਰਹੇ। ਅਜਿਹੀਆਂ ਗੱਲਾਂ ਕਰਕੇ ਹੀ ਉਹ ਬਹੁਤ ਯਾਦ ਆਉਂਦੇ ਹਨ ਅਤੇ ਆਉਂਦੇ ਰਹਿਣਗੇ।
ਆਪਣੇ ਸਮਕਾਲੀ ਪੰਥਕ ਲੀਡਰਾਂ ਵਿਚਕਾਰ ਜਥੇਦਾਰ ਟੌਹੜਾ ਸਭ ਤੋਂ ਘੱਟ ਪੜ੍ਹੇ ਲਿਖੇ ਸਨ। ਇਸ ਦੇ ਬਾਵਜੂਦ ਉਹ ਕੌਮੀ ਸਿਆਸਤ ਨਾਲ ਸੰਵਾਦ ਰਚਾਉਣ ਵੇਲੇ ਮੁੱਖ ਭੂਮਿਕਾ ਨਿਭਾਉਂਦੇ ਰਹੇ। ਸਿੱਖਾਂ ਵਾਸਤੇ ਵਿਦਿਅਕ ਪਰਪੱਕਤਾ ਕਿੰਨੀ ਜ਼ਰੂਰੀ ਹੈ, ਇਸ ਬਾਰੇ ਉਹ ਸੁਜੱਗ ਅਤੇ ਵਚਨਬੱਧ ਸਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਥਾਪਨਾ ਦੀਆਂ ਜੜ੍ਹਾਂ ਪੰਜਾਬੀ-ਅਕਾਂਖਿਆਵਾਂ ਨੂੰ ਸਰਚਾਉਣ ਦੀਆਂ ਸਿਆਸੀ ਕੋਸ਼ਿਸ਼ਾਂ ਵਿਚ ਲੱਗੀਆਂ ਹੋਈਆਂ ਹਨ। ਇਸ ਲਈ ਇਸ ਯੂਨੀਵਰਸਿਟੀ ਦੇ ਸੰਕਲਪਨ ਤੋਂ ਪ੍ਰਗਟਾਵੇ ਤਕ, ਸਿੱਖ-ਸਿਆਸਤ ਦੀ ਸਿੱਧੀ ਜਾਂ ਅਸਿੱਧੀ ਅਹਿਮ ਭੂਮਿਕਾ ਰਹੀ ਹੈ। ਇਸ ਨਾਤੇ ਜਥੇਦਾਰ ਟੌਹੜਾ ਦਾ ਇਸ ਅਕਾਦਮਿਕ ਸੰਸਥਾ ਨਾਲ ਅਪਣੱਤ ਵਾਲਾ ਰਿਸ਼ਤਾ, ਇਸ ਸੰਸਥਾ ਦੇ ਸੰਕਲਪਨ ਤੋਂ ਲੈ ਕੇ ਪ੍ਰਕਾਸ਼ਨ ਤੱਕ ਕਾਇਮ ਰਿਹਾ। ਉਨ੍ਹਾਂ ਦੀ ਯਾਦ ਵਿਚ ਯੂਨੀਵਰਸਿਟੀ ਵੱਲੋਂ ਕੀਤਾ ਗਿਆ ‘ਗੁਰਮਤਿ ਸੰਗੀਤ ਸੰਮੇਲਨ’ ਉਨ੍ਹਾਂ ਨੂੰ ਢੁਕਵੀਂ ਅਤੇ ਸੱਚੀ ਸ਼ਰਧਾਂਜਲੀ ਸਾਬਤ ਹੋਇਆ। ਬੇਸ਼ੱਕ ਇਸ ਯਾਦਗਾਰੀ ਮੌਕੇ ਦੀ ਯੋਜਨਾ ਤਤਕਾਲੀ ਵਾਈਸ ਚਾਂਸਲਰ ਡਾæ ਜਸਪਾਲ ਸਿੰਘ ਨੇ ਬਣਾਈ ਸੀ, ਪਰ ਇਸ ਵਿਚ ਹਿੱਸਾ ਹਰ ਰੰਗ ਦੇ ਅਕਾਦਮੀਸ਼ਨ ਨੇ ਹੁਮ ਹੁਮਾ ਕੇ ਲਿਆ।
ਮਰਹੂਮ ਜਥੇਦਾਰ ਟੌਹੜਾ ਪੰਜਾਬੀ ਮਾਨਸਿਕਤਾ ਵਿਚ ਆਮ ਕਰਕੇ ਅਤੇ ਸਿੱਖ ਮਾਨਸਿਕਤਾ ਵਿਚ ਖਾਸ ਕਰਕੇ ਏਨੇ ਡੂੰਘੇ ਉਤਰੇ ਹੋਏ ਸਨ ਕਿ ਉਹ ਸਾਡੇ ਵਿਚਕਾਰ ਨਾ ਹੋਣ ਦੇ ਬਾਵਜੂਦ ਬਿਲਕੁਲ ਗੈਰ ਹਾਜ਼ਰ ਨਹੀਂ ਲੱਗਦੇ। ਇਹ ਗੱਲ ਇਸ ਆਧਾਰ ‘ਤੇ ਕਹਿ ਰਿਹਾ ਹਾਂ ਕਿ ਸਾਡੇ ਵਿਚੋਂ ਬਹੁਤਿਆਂ ਕੋਲ ਉਨ੍ਹਾਂ ਬਾਰੇ ਆਪੋ ਆਪਣੀਆਂ ਯਾਦਾਂ ਦੇ ਆਧਾਰ ‘ਤੇ ਕੁਝ ਨਾ ਕੁਝ ਕਹਿਣ ਵਾਸਤੇ ਹੈ।
ਅਜਿਹੇ ਮੁਹੱਬਤੀ ਅਹਿਸਾਸ ਦਾ ਹੱਕਦਾਰ ਉਨ੍ਹਾਂ ਵਰਗਾ ਉਨ੍ਹਾਂ ਦੇ ਸਮਕਾਲੀਆਂ ਵਿਚ ਹੋਰ ਕੋਈ ਨਹੀਂ ਸੀ। ਇਸ ਮੌਕੇ ਜਦੋਂ ਮੈਨੂੰ ਮਰਹੂਮ ਜਥੇਦਾਰ ਟੌਹੜਾ ਬਾਰੇ ਲਿਖਣ ਲਈ ਕਿਹਾ ਗਿਆ ਤਾਂ ਮੈਂ ਆਪਣੇ ਆਪ ਨੂੰ ਸਵਾਲ ਕੀਤਾ ਕਿ ਜੇ ਕੋਈ ਪੁੱਛੇ ਕਿ ਟੌਹੜਾ ਸਾਹਿਬ ਆਮ ਆਦਮੀ ਲਈ ਕੀ ਸਨ, ਤਾਂ ਮੈਂ ਕੀ ਜਵਾਬ ਦਿਆਂਗਾ? ਮੈਨੂੰ ਇਹੀ ਲਗਿਆ ਕਿ ਉਨ੍ਹਾਂ ਵਰਗੇ ਹਜ਼ਾਰ ਪਹਿਲੂਆਂ ਵਾਲੇ ਇਨਸਾਨ ਬਾਰੇ ਇਕ-ਪਰਤੀ ਰਾਏ ਕਿਵੇਂ ਬਣਾਈ ਜਾ ਸਕਦੀ ਹੈ। ਕੋਸ਼ਿਸ਼ ਇਹੀ ਸੀ ਕਿ ਉਨ੍ਹਾਂ ਦੀ ਵੱਡੀ ਸ਼ਖਸੀਅਤ ਦਾ ਭੇਦ ਸਮਝਣ ਦਾ ਯਤਨ ਤਾਂ ਕੀਤਾ ਹੀ ਜਾ ਸਕਦਾ ਹੈ, ਜੋ ਉਨ੍ਹਾਂ ਦੇ ਮਿਕਨਾਤੀਸੀ-ਸੁਭਾ ਵਿਚ ਸੀ। ਇਸ ਨੂੰ ਪੱਤਰਕਾਰਾਂ ਨੇ ਇਸ ਤਰ੍ਹਾਂ ਫੜ੍ਹਨ ਦੀ ਕੋਸ਼ਿਸ਼ ਕੀਤੀ ਸੀ, “ਉਹ ਬੋਲਦੇ ਹਨ ਤਾਂ ਖਬਰ ਬਣਦੀ ਹੈ। ਜਦੋਂ ਚੁੱਪ ਰਹਿੰਦੇ ਹਨ ਤਾਂ ਖਬਰਾਂ ਬਣਦੀਆਂ ਹਨ।”
ਉਨ੍ਹਾਂ ਨੂੰ ਉਨ੍ਹਾਂ ਬਾਰੇ ਪ੍ਰਾਪਤ ਤੱਥਾਂ ਵਿਚ ਬੰਨ੍ਹਣਾ ਸੌਖਾ ਨਹੀਂ ਹੈ। ਇਸ ਦਾ ਭੇਦ, ਉਨ੍ਹਾਂ ਦੀ ਪੇਂਡੂ ਪੁੱਠ ਵਾਲੀ ਸ਼ਾਇਰਾਨਾਂ-ਤਬੀਅਤ ਵਿਚ ਨਿਹਿਤ ਸੀ। ਇਸੇ ਲਈ ਜਿਸ ਖੇਤਰ ਵਿਚ ਵੀ ਉਨ੍ਹਾਂ ਨੇ ਕੋਈ ਭੂਮਿਕਾ ਨਿਭਾਈ, ਉਸ ਨੂੰ ਉਨ੍ਹਾਂ ਨੇ ਇਸ ਤਰ੍ਹਾਂ ਰੂਹ ਨਾਲ ਨਿਭਾਇਆ ਕਿ ਉਹ ਉਨ੍ਹਾਂ ਦੇ ਕਾਵਿਕ-ਰੰਗ ਵਿਚ ਰੰਗੀਚ ਕੇ ਹੁਸੀਨ ਹੁੰਦੀ ਗਈ। ਉਨ੍ਹਾਂ ਦੀ ਕਾਵਿਕ-ਮਲੰਗੀ ਨੂੰ ਹੰਢਾਇਆ ਤਾਂ ਜਾ ਸਕਦਾ ਸੀ, ਰੋਕਿਆ ਨਹੀਂ ਸੀ ਜਾ ਸਕਦਾ। ਜਿਹੜੇ ਇਸ ਕਾਵਿਕ-ਮਲੰਗੀ ਨੂੰ ਰੋਕਣ ਵਿਚ ਫੇਲ੍ਹ ਹੋ ਜਾਂਦੇ, ਉਹ ਉਨ੍ਹਾਂ ਨੂੰ ਬਰੇਕਾਂ ਲਾਉਣ ਦੀ ਜੋੜ-ਤੋੜ ਦੀ ਸਿਆਸਤ ਵਿਚ ਪਏ ਰਹਿੰਦੇ। ਇਸ ਨਾਤੇ ਉਨ੍ਹਾਂ ਦੀ ਸਪੀਡ ਤਾਂ ਘਟਦੀ ਵਧਦੀ ਰਹਿੰਦੀ, ਪਰ ਉਹ ਲਗਾਤਾਰ ਤੁਰਦੇ ਵੀ ਰਹੇ ਅਤੇ ਪ੍ਰਸਥਿਤੀਆਂ ਨੂੰ ਪ੍ਰਭਾਵਿਤ ਵੀ ਕਰਦੇ ਰਹੇ। ਪੰਥਕ ਹਲਕਿਆਂ ਵਿਚ ਜਦੋਂ ਵੀ ਖਤਰਿਆਂ ਦੀ ਕਿਸੇ ਵੀ ਪਰਤ ਦੀ ਗੱਲ ਚੱਲੇਗੀ ਤਾਂ ਉਹ ਪੰਥਕ ਸੁਰ ਵਿਚ ‘ਖਤਰਿਆਂ ਦੇ ਸਫਲ ਖਿਲਾੜੀ’ ਵਜੋਂ ਲੰਬਾ ਸਮਾਂ ਚੇਤੇ ਕੀਤੇ ਜਾਂਦੇ ਰਹਿਣਗੇ।