ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਮੁੜ ਸਵਾਲਾਂ ਦੇ ਘੇਰੇ ਵਿਚ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦੇ ਕਾਰਜਕਾਲ ਦੌਰਾਨ ਭਰਤੀ ਕੀਤੇ 523 ਮੁਲਾਜ਼ਮ ਬਰਖਾਸਤ ਕਰ ਕੇ ਨਵਾਂ ਵਿਵਾਦ ਸਹੇੜ ਲਿਆ ਹੈ। ਕਮੇਟੀ ਦੇ ਨਵੇਂ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਲਈ ਉਸ ਸਮੇਂ ਨਮੋਸ਼ੀ ਹੋਰ ਵਧ ਗਈ ਜਦੋਂ ਪ੍ਰੋæ ਬਡੂੰਗਰ ਵੱਲੋਂ ਦਾਅਵਾ ਕਰ ਦਿੱਤਾ ਗਿਆ ਕਿ ਸਾਰੀਆਂ ਭਰਤੀਆਂ ਨਿਯਮਾਂ ਮੁਤਾਬਕ ਹੋਈਆਂ ਸਨ।

ਪ੍ਰੋæ ਬਡੂੰਗਰ ਨੇ ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਲੌਂਗੋਵਾਲ ਨੂੰ ਇਹ ਸਲਾਹ ਵੀ ਦੇ ਦਿੱਤੀ ਕਿ ਜੇ ਕੋਈ ਸ਼ੱਕ ਹੈ ਤਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਦੋ ਸਾਬਕਾ ਜੱਜਾਂ ਜਾਂ ਮੌਜੂਦਾ ਸਿੱਖ ਜੱਜ ਦੀ ਕਮੇਟੀ ਤੋਂ ਪੜਤਾਲ ਕਰਵਾ ਲਈ ਜਾਵੇ। ਉਨ੍ਹਾਂ ਇਹ ਤਰਕ ਵੀ ਦਿੱਤਾ ਕਿ ਜੇ ਉਨ੍ਹਾਂ ਵੱਲੋਂ ਕੀਤੀਆਂ ਨਿਯੁਕਤੀਆਂ ਤੇ ਤਰੱਕੀਆਂ ਗਲਤ ਹਨ ਤਾਂ ਡਾæ ਰੂਪ ਸਿੰਘ ਨੂੰ ਵੀ ਉਨ੍ਹਾਂ ਨੇ ਹੀ ਮੁੱਖ ਸਕੱਤਰ ਬਣਾਇਆ ਸੀ ਤੇ ਐਜੂਕੇਸ਼ਨ ਦੇ ਮੌਜੂਦਾ ਡਾਇਰੈਕਟਰ ਤੇ ਡਿਪਟੀ ਡਾਇਰੈਕਟਰ ਦੀਆਂ ਵੀ ਨਿਯੁਕਤੀਆਂ ਕੀਤੀਆਂ ਸਨ। ਫਿਰ ਅਜਿਹੇ ਸ਼ਖਸਾਂ ਨੂੰ ਕਿਉਂ ਨਹੀਂ ਛੇੜਿਆ ਗਿਆ? ਇਹ ਵੀ ਚਰਚਾ ਹੈ ਕਿ ਮੁਲਾਜ਼ਮਾਂ ਨੂੰ ਫਾਰਗ ਕਰਨ ਦੀ ਸਾਰੀ ਪ੍ਰਕਿਆ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ‘ਤੇ ਹੋਈ ਹੈ। ਫਾਰਗ ਕੀਤੇ ਜ਼ਿਆਦਾਤਰ ਮੁਲਾਜ਼ਮ, ਕਮੇਟੀ ਪ੍ਰਧਾਨ ਦੀ ਚੋਣ ਸਮੇਂ ਅਕਾਲੀ ਦਲ ਖਿਲਾਫ ਬਾਗੀ ਰੁਖ ਅਪਣਾਉਣ ਵਾਲੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਰਿਸ਼ਤੇਦਾਰ ਹਨ।
ਦੱਸ ਦਈਏ ਕਿ ਸਾਬਕਾ ਪ੍ਰਧਾਨ ਬਡੂੰਗਰ, ਅਕਾਲੀ ਦਲ ਬਾਦਲ ਦੇ ਕਹੇ ਵਿਚ ਨਾ ਹੋਣ ਕਾਰਨ ਚਰਚਾ ਵਿਚ ਰਹੇ ਹਨ। ਉਨ੍ਹਾਂ ਨੇ ਪਿਛਲੇ ਪ੍ਰਧਾਨਾਂ ਦੇ ਕਈ ਫੈਸਲੇ ਉਲਟਾਏ ਸਨ। ਉਧਰ, ਫਾਰਗ ਕੀਤੇ ਮੁਲਾਜ਼ਮਾਂ ਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਦੇ ਜ਼ਿਆਦਾਤਰ ਮੈਂਬਰ ਵੀ ਮੌਜੂਦਾ ਪ੍ਰਧਾਨ ਦੇ ਫੈਸਲੇ ਖਿਲਾਫ ਡਟ ਗਏ ਹਨ। ਬਹੁਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਧੀਆਂ-ਪੁੱਤਾਂ ਤੋਂ ਇਲਾਵਾ ਕਰੀਬੀਆਂ ਨੂੰ 31 ਮਾਰਚ ਨੂੰ ਨੌਕਰੀ ਤੋਂ ਫਾਰਗ ਕਰ ਕੇ ਘਰੋ-ਘਰੀ ਤੋਰ ਦਿੱਤਾ ਗਿਆ। ਸਿਰਫ ਲੰਬੀ ਦੇ ਕਰੀਬ ਤਿੰਨ ਦਰਜਨ ਮੁਲਾਜ਼ਮਾਂ ਦੀ ਛਾਂਟੀ ਹੋਈ ਹੈ ਜਿਸ ਕਾਰਨ ਅੰਦਰੋ-ਅੰਦਰੀ ਸ਼੍ਰੋਮਣੀ ਕਮੇਟੀ ਮੈਂਬਰ ਨਾਰਾਜ਼ ਹਨ। ਨਾਰਾਜ਼ਗੀ ਦਾ ਨਤੀਜਾ ਹੈ ਕਿ ਵਿਸਾਖੀ ਮੇਲੇ ਦੀ ਤਿਆਰੀ ਮੀਟਿੰਗ ਵਿਚ ਸਿਰਫ ਇਕ ਮੈਂਬਰ ਪੁੱਜਿਆ, ਜਿਸ ਕਾਰਨ ਇਹ ਮੀਟਿੰਗ ਰੱਦ ਕਰਨੀ ਪਈ।
ਇਸ ਤੋਂ ਪਹਿਲਾਂ 26 ਮਾਰਚ ਨੂੰ ਦਮਦਮਾ ਸਾਹਿਬ ਵਿਖੇ ਰੱਖੀ ਇਕ ਹੋਰ ਮੀਟਿੰਗ ਵਿਚੋਂ ਤਕਰੀਬਨ ਸਾਰੇ ਮੈਂਬਰ ਗੈਰਹਾਜ਼ਰ ਰਹੇ। ਸ਼੍ਰੋਮਣੀ ਕਮੇਟੀ ਨੇ ਹੁਣ ਵਿਸਾਖੀ ਮੇਲੇ ਦੀ ਤਿਆਰੀ ਲਈ ਤੀਜੀ ਵਾਰ 5 ਅਪਰੈਲ ਨੂੰ ਮੀਟਿੰਗ ਰੱਖੀ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਬਜਟ ਮੀਟਿੰਗ ਵਿਚੋਂ 76 ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਗੈਰਹਾਜ਼ਰੀ ਵੀ ਵੱਡਾ ਮੁੱਦਾ ਬਣਿਆ। ਮੁਲਾਜ਼ਮਾਂ ਦੀ ਛਾਂਟੀ ਤੋਂ ਕਈ ਅਕਾਲੀ ਨੇਤਾ ਵੀ ਦੁਖੀ ਹਨ। ਬਠਿੰਡਾ ਜਿਲ੍ਹੇ ਦੇ ਦੋ ਸ਼੍ਰੋਮਣੀ ਕਮੇਟੀ ਮੈਂਬਰਾਂ ਦੀਆਂ ਧੀਆਂ ਨੂੰ ਨੌਕਰੀ ਤੋਂ ਫਾਰਗ ਕੀਤਾ ਗਿਆ ਹੈ, ਜਿਸ ਕਰ ਕੇ ਉਹ ਨਾਰਾਜ਼ ਹਨ। ਮਾਨਸਾ ਜ਼ਿਲ੍ਹੇ ਦੇ ਦੋ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਕਰੀਬ ਇਕ ਦਰਜਨ ਕਰੀਬੀਆਂ ਦੀ ਛਾਂਟੀ ਹੋਈ ਹੈ। ਸੂਤਰ ਆਖਦੇ ਹਨ ਕਿ ਕੋਈ ਟਾਂਵਾ ਮੈਂਬਰ ਹੀ ਹੋਵੇਗਾ, ਜਿਸ ਦਾ ਕੋਈ ਨਾ ਕੋਈ ਰਿਸ਼ਤੇਦਾਰ ਜਾਂ ਨੇੜਲਾ ਛਾਂਟੀ ਦੀ ਮਾਰ ਹੇਠ ਨਾ ਆਇਆ ਹੋਵੇ। ਬਹੁਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਗਿਲਾ ਕੀਤਾ ਹੈ।
ਯਾਦ ਰਹੇ ਕਿ ਸ਼੍ਰੋਮਣੀ ਕਮੇਟੀ ਵਿਚ ਵਾਧੂ ਤੇ ਸਿਫਾਰਸ਼ੀ ਨਿਯੁਕਤੀਆਂ ਦਾ ਮੁੱਦਾ ਕੋਈ ਨਵਾਂ ਨਹੀਂ ਹੈ। ਹਮੇਸ਼ਾ ਦੋਸ਼ ਲੱਗਦੇ ਆਏ ਹਨ ਕਿ ਕਮੇਟੀ ਵਿਚ ਕੰਮ ਕਰ ਰਹੇ ਬਹੁਤੇ ਮੁਲਾਜ਼ਮ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਜਥੇਦਾਰਾਂ ਦੇ ਰਿਸ਼ਤੇਦਾਰ ਹਨ। ਇਸ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਸਮੇਂ ਵੀ ਇਹ ਮਸਲਾ ਉਠਿਆ ਸੀ ਜਿਸ ਪਿੱਛੋਂ ਪ੍ਰੋæ ਬਡੂੰਗਰ ਸਮੇਂ ਹੋਈਆਂ 700 ਤੋਂ ਵੱਧ ਨਿਯੁਕਤੀਆਂ ਦੀ ਜਾਂਚ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਜਾਂਚ ਕਮੇਟੀ ਬਣਾਈ ਗਈ ਸੀ। ਇਸ ਕਮੇਟੀ ਨੇ ਪਹਿਲੇ ਪੜਾਅ ਦੀ ਜਾਂਚ ਮੁਕੰਮਲ ਕਰਦਿਆਂ 523 ਭਰਤੀਆਂ ਨੂੰ ਨਿਯਮਾਂ ਦੀ ਉਲੰਘਣਾ ਕਰ ਕੇ ਕੀਤੀਆਂ ਗਈਆਂ ਭਰਤੀਆਂ ਕਰਾਰ ਦਿੱਤਾ। ਇਸ ਜਾਂਚ ਕਮੇਟੀ ਨੇ ਹੀ ਨਿਯੁਕਤੀਆਂ ਰੱਦ ਕਰਨ ਦੀ ਸਿਫਾਰਸ਼ ਕੀਤੀ ਸੀ।
________________
ਸਾਜ਼ਿਸ਼ ਤਹਿਤ ਹੋਈ ਕਾਰਵਾਈ: ਬਡੂੰਗਰ
ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦਾ ਦਾਅਵਾ ਹੈ ਕਿ ਇਨ੍ਹਾਂ ਨਿਯੁਕਤੀਆਂ ਤੇ ਤਰੱਕੀਆਂ ਲਈ ਉਨ੍ਹਾਂ ਗੁਰਮਤਿ ਮਰਿਆਦਾ ਤੇ ਪੰਜਾਬ ਸਿੱਖ ਗੁਰਦੁਆਰਾ ਐਕਟ 1925 ਦੇ ਤੈਅ ਨਿਯਮਾਂ ਦੀ 100 ਫੀਸਦੀ ਪਾਲਣਾ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧ ਵੱਲੋਂ ਉਨ੍ਹਾਂ ਦੇ ਨਿਰੋਲ ਗੁਰਸਿੱਖੀ ਤੇ ਇਮਾਨਦਾਰੀ ਵਾਲੇ ਅਕਸ ਨੂੰ ਤਹਿਸ-ਨਹਿਸ ਕਰਨ ਦੀ ਸਾਜ਼ਿਸ਼ ਰਚੀ ਗਈ ਹੈ।
__________________
ਫਿਲਮ ‘ਨਾਨਕ ਸ਼ਾਹ ਫਕੀਰ’ ਖਿਲਾਫ ਰੋਹ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫਿਲਮ ‘ਨਾਨਕ ਸ਼ਾਹ ਫਕੀਰ’ ਬਾਰੇ ਯੂ-ਟਰਨ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸ਼੍ਰੋਮਣੀ ਕਮੇਟੀ ਨੇ 19 ਮਾਰਚ 2018 ਨੂੰ ਇਸ ਫਿਲਮ ਦੀ ਗੁਰੂ ਘਰਾਂ ਵਿਚ ਪ੍ਰਚਾਰ ਕਰਨ ਲਈ ਆਗਿਆ ਦਿੱਤੀ ਸੀ ਤੇ ਹੁਣ ਇਨ੍ਹਾਂ ਹੁਕਮਾਂ ਨੂੰ ਵਾਪਸ ਲੈ ਲਿਆ ਹੈ। ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਦਾ ਕਹਿਣਾ ਹੈ ਕਿ ਫਿਲਮ ਤੈਅ ਕੀਤੇ ਦਿਨ 13 ਅਪਰੈਲ ਨੂੰ ਹੀ ਜਾਰੀ ਕੀਤੀ ਜਾਵੇਗੀ। ਉਧਰ, ਸਿੱਖ ਜਥੇਬੰਦੀਆਂ ਵੱਲੋਂ ਫਿਲਮ ਨੂੰ ਇਤਰਾਜ਼ਯੋਗ ਦੱਸਦੇ ਹੋਏ ਰੋਸ ਮਾਰਚ ਕੀਤੇ ਜਾ ਰਹੇ ਹਨ। ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਹਰਿੰਦਰ ਸਿੱਕਾ ਨੇ ਆਮ ਵਿਅਕਤੀਆਂ ਕੋਲੋਂ ਗੁਰੂ ਨਾਨਕ ਦਾ ਕਿਰਦਾਰ ਕਰਵਾ ਕੇ ਵੱਡੀ ਗਲਤੀ ਕੀਤੀ ਹੈ। 2015 ਵਿਚ ਵੀ ਇਸ ਫਿਲਮ ਨੂੰ ਰਿਲੀਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਰੋਸ ਕਾਰਨ ਰਿਲੀਜ਼ ਨਹੀਂ ਹੋ ਸਕੀ ਸੀ।