ਵਾਸ਼ਿੰਗਟਨ: ਅਮਰੀਕਾ ਅਤੇ ਕੈਨੇਡਾ ਦੇ ਕੁਝ ਸੂਬਿਆਂ ਵਿਚ ਅਪਰੈਲ ਮਹੀਨੇ ਨੂੰ ‘ਸਿੱਖ ਜਾਗਰੂਕਤਾ ਤੇ ਸ਼ਲਾਘਾ ਮਹੀਨੇ’ ਵਜੋਂ ਮਨਾਉਣ ਦਾ ਐਲਾਨ ਕਰ ਕੇ ਭਾਈਚਾਰੇ ਨੂੰ ਵੱਡਾ ਮਾਣ ਦਿੱਤਾ ਗਿਆ ਹੈ।
ਅਮਰੀਕਾ ਦੇ ਨਿਊ ਜਰਸੀ ਤੇ ਡੈਲਾਵੇਅਰ ਸੂਬੇ ਨੇ ਅਪਰੈਲ ਨੂੰ ‘ਸਿੱਖ ਜਾਗਰੂਕਤਾ ਅਤੇ ਸ਼ਲਾਘਾ ਮਹੀਨੇ’ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ। ਸਰਕਾਰੀ ਤੌਰ ਉਤੇ ਅਪਰੈਲ ਮਹੀਨੇ ਵਿਚ ਸਿੱਖ ਧਰਮ ਬਾਰੇ ਜਾਗਰੂਕਤਾ ਫੈਲਾਈ ਜਾਵੇਗੀ। ਨਿਊਜਰਸੀ ਅਸੈਂਬਲੀ ਨੇ ਇਸ ਸਬੰਧੀ ਸਾਂਝਾ ਐਲਾਨਨਾਮਾ ਤਿਆਰ ਕੀਤਾ ਹੈ। ਇਸ ਵਿਚ ਸਿੱਖਾਂ ਵਿਰੁਧ ਅਸਹਿਣਸ਼ੀਲਤਾ ਘਟਾਉਣ ਲਈ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਦਾ ਫੈਸਲਾ ਕੀਤਾ ਗਿਆ। ਇਸ ਮਤੇ ਨੂੰ ਨਿਊਜਰਸੀ ਵਿਧਾਨ ਸਭਾ ਦੇ ਦੋਵੇਂ ਸਦਨਾਂ ਪ੍ਰਤੀਨਿਧ ਸਭਾ ਅਤੇ ਸੈਨੇਟ ਨੇ ਸਰਬਸੰਮਤੀ ਦੇ ਨਾਲ ਪ੍ਰਵਾਨ ਕਰ ਲਿਆ।
ਇਸੇ ਤਰ੍ਹਾਂ ਡੈਲਾਵੇਅਰ ਸੂਬੇ ਵਿਚ ਪੂਰਾ ਮਹੀਨਾ ਲੋਕਾਂ ਨੂੰ ਅਸਲ ਸਿੱਖੀ ਦੇ ਫਲਸਫ਼ੇ ਬਾਰੇ ਸਿਖਿਅਤ ਕੀਤਾ ਜਾਵੇਗਾ। ਸੂਬੇ ਦੇ ਰਾਜਪਾਲ ਜੌਹਨ ਕਾਰਨੇ ਨੇ ਅਪਰੈਲ ਨੂੰ ‘ਸਿੱਖ ਜਾਗਰੂਕਤਾ ਮਹੀਨਾ’ ਐਲਾਨਦਿਆਂ ਕਿਹਾ ਕਿ ਸਿੱਖਾਂ ਨੇ ਭਾਈਚਾਰੇ ਲਈ ਵਿਰਲੀਆਂ ਸੇਵਾਵਾਂ ਸ਼ੁਰੂ ਕਰ ਕੇ ਮਾਣ ਤਾਣ ਤੇ ਪ੍ਰਸ਼ੰਸਾ ਕਮਾਈ ਹੈ। ਸੂਬੇ ਦੀ ਅਸੈਂਬਲੀ ਜਿਸ ਵਿਚ ਪ੍ਰਤੀਨਿਧ ਸਭਾ ਤੇ ਸੈਨੇਟ ਦੇ ਮੈਂਬਰ ਸ਼ਾਮਲ ਹਨ, ਨੇ ‘ਸਿੱਖ ਜਾਗਰੂਕਤਾ ਮਹੀਨਾ’ ਸਬੰਧੀ ਮਤੇ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਹੈ।
ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ (ਬੀæਸੀæ) ਦੀ ਸਰਕਾਰ ਨੇ ਵੀ ਅਪਰੈਲ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਮਨਾਉਣ ਦਾ ਐਲਾਨ ਕੀਤਾ। ਇਸ ਦਾ ਐਲਾਨ ਪਿਛਲੇ ਸਾਲ ਤਤਕਾਲੀ ਪ੍ਰੀਮੀਅਰ ਕ੍ਰਿਸਟੀ ਕਲਾਰਕ ਨੇ ਕੀਤਾ ਸੀ, ਪਰ ਮੌਜੂਦਾ ਐਨæਡੀæਪੀæ ਸਰਕਾਰ ਨੇ ਇਸ ਨੂੰ ਲਾਗੂ ਕਰ ਦਿੱਤਾ ਹੈ। ਬੀæਸੀæ ਦੀ ਲੈਫਟੀਨੈਂਟ ਗਵਰਨਰ ਵੱਲੋਂ ਇਸ ਐਲਾਨ ਨੂੰ ਲਾਗੂ ਕੀਤੇ ਜਾਣ ਉਤੇ ਸਹੀ ਪਾ ਦਿੱਤੀ ਗਈ ਹੈ। ਅਪਰੈਲ ਵਿਚ ਵਿਸਾਖੀ ਮੌਕੇ ਸਿੱਖ ਧਰਮ ਦਾ ਮੁੱਢ ਬੱਝਾ ਹੋਣ ਕਾਰਨ ਇਹ ਮਹੀਨਾ ਸਾਰੀ ਦੁਨੀਆਂ ‘ਚ ਵਸੇ ਸਿੱਖਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ ਤੇ ਪਿਛਲੀ ਸਦੀ ਦੀ ਸ਼ੁਰੂਆਤ ਤੋਂ ਹੀ ਸਿੱਖਾਂ ਵੱਲੋਂ ਬੀæਸੀæ ‘ਚ ਆਉਣ ਅਤੇ ਇਸ ਦੀ ਆਰਥਿਕਤਾ ਵਿਚ ਵੱਡਾ ਯੋਗਦਾਨ ਪਾਉਣ ਕਾਰਨ ਇਹ ਮਹੀਨਾ ਇਸ ਸੂਬੇ ਲਈ ਵੀ ਖਾਸ ਬਣ ਜਾਂਦਾ ਹੈ। ਇਸ ਫੈਸਲੇ ਦਾ ਸਿੱਖ ਜਥੇਬੰਦੀਆਂ ਵੱਲੋਂ ਸਵਾਗਤ ਕੀਤਾ ਗਿਆ ਹੈ।