ਚੰਡੀਗੜ੍ਹ: ਪੰਜਾਬ ਸਰਕਾਰ ਦੇ ਦੋ ਮੰਤਰੀਆਂ ਵੱਲੋਂ ਅਕਾਲੀ ਦਲ ਦੇ ਸਿਖਰਲੇ ਆਗੂਆਂ ਖਿਲਾਫ ਪੰਜਾਬ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਕੀਤੇ ਜਬਰਦਸਤ ਹਮਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਅਗਲੇ ਸਮੇਂ ਵਿਚ ਸਿਰਦਰਦੀ ਵਧਾ ਸਕਦੇ ਹਨ। ਇਸੇ ਕਾਰਨ ਕੈਪਟਨ ਨੂੰ ਅਕਾਲੀ ਆਗੂਆਂ ਪ੍ਰਤੀ Ḕਉਦਾਰਵਾਦੀ, ਸਮਝੌਤਾਵਾਦੀ’ ਪਹੁੰਚ ਛੱਡ ਕੇ ਕਾਰਵਾਈ ਕਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ।
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਹਿਲਾਂ ਹੀ ਅਕਾਲੀ ਆਗੂਆਂ ਅਤੇ ਖਾਸ ਕਰ ਕੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਹਮਲੇ ਕਰਦੇ ਸਨ ਤੇ ਵਿਧਾਨ ਸਭਾ ਦੇ ਸਦਨ ਵਿਚ ਦੋਵਾਂ ਵਿਚਾਲੇ ਅਕਸਰ ਹੀ ਤਲਖਕਲਾਮੀ ਹੁੰਦੀ ਰਹੀ ਹੈ, ਪਰ ਹੁਣ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਖਿਲਾਫ਼ ਮੋਰਚਾ ਖੋਲ੍ਹ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਟਰਾਂਸਪੋਰਟ ਕਾਰੋਬਾਰ, ਹੋਟਲ ਕਾਰੋਬਾਰ ਅਤੇ ਚਿੱਟਾ ਵੇਚ ਕੇ ਪੈਸਾ ਬਣਾਇਆ ਹੈ। ਰਾਜਨੀਤਕ ਹਲਕਿਆਂ ਦਾ ਕਹਿਣਾ ਹੈ ਕਿ ਚਿੱਟੇ ਦੇ ਮੁੱਦੇ ਉਤੇ ਦੋ ਮੰਤਰੀ ਖੁੱਲ੍ਹੇਆਮ ਅਕਾਲੀ ਆਗੂਆਂ ਖਿਲਾਫ਼ ਮੈਦਾਨ ਵਿਚ ਨਿੱਤਰ ਆਏ ਹਨ ਤੇ ਦੋ ਹੋਰ ਮੰਤਰੀ ਵਜ਼ਾਰਤ ਵਿਚ ਇਸ ਮੁੱਦੇ ਉਤੇ ਉਨ੍ਹਾਂ ਨਾਲ ਹਨ। ਦਬਵੀਂ ਸੁਰ ਵਿਚ ਇਕ, ਦੋ ਹੋਰਾਂ ਦੀ ਸਹਿਮਤੀ ਹੈ। ਚਾਲੀ ਵਿਧਾਇਕਾਂ ਨੇ ਪਹਿਲਾਂ ਵੀ ਇਸ ਮੁੱਦੇ ਉਤੇ ਮੁੱਖ ਮੰਤਰੀ ਨੂੰ ਪੱਤਰ ਭੇਜਿਆ ਸੀ, ਜਿਸ ਵਿਚ ਚਿੱਟੇ ਦੇ ਮੁੱਦੇ ਉਤੇ ਸਾਬਕਾ ਅਕਾਲੀ ਮੰਤਰੀ ਤੇ ਹੋਰ ਅਕਾਲੀ ਆਗੂਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਸੀ। ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਆਖ ਕੇ ਟਾਲ ਦਿੱਤਾ ਕਿ ਕਾਂਗਰਸ ਦੇ ਚਾਲੀ ਵਿਧਾਇਕਾਂ ਦੀ ਮੰਗ ਸਾਲ ਪੁਰਾਣੀ ਹੈ ਤੇ ਇਸ ਨੂੰ ਭੁੱਲ ਜਾਣਾ ਚਾਹੀਦਾ ਹੈ।
ਇਸ ਮੁੱਦੇ ਉਤੇ ਐਸ਼ਟੀæਐਫ਼ ਬਣਾਈ ਗਈ ਹੈ ਤੇ ਉਸ ਦੀ ਰਿਪੋਰਟ ਦੇ ਆਧਾਰ ਉਤੇ ਹੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਮੁੱਖ ਮੰਤਰੀ ਉਤੇ ਦੋਸ਼ ਲਾਉਂਦੇ ਹਨ ਕਿ ਮੁੱਖ ਮੰਤਰੀ ਅਤੇ ਬਾਦਲਾਂ ਵਿਚਾਲੇ ਸਮਝੌਤਾ ਹੋ ਚੁੱਕਾ ਹੈ ਅਤੇ ਇਸ ਕਰ ਕੇ ਮੁੱਖ ਮੰਤਰੀ ਭ੍ਰਿਸ਼ਟਾਚਾਰ ਕਰਨ ਅਤੇ ਚਿੱਟਾ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਤੋਂ ਪਾਸਾ ਵੱਟ ਰਹੇ ਹਨ। ਕਾਂਗਰਸ ਸਰਕਾਰ ਦੇ ਇਕ ਸਾਲ ਦੇ ਕਾਰਜਕਾਲ ਵਿਚ ਹੀ ਸੂਬੇ ਵਿਚ ਬੇਵਿਸ਼ਵਾਸੀ ਦਾ ਮਾਹੌਲ ਬਣਦਾ ਜਾ ਰਿਹਾ ਹੈ ਤੇ ਇਸ ਸਥਿਤੀ ਵਿਚ ਮੁੱਖ ਮੰਤਰੀ ਕੋਲ ਕਾਰਵਾਈ ਕਰਨ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਰਹਿ ਜਾਵੇਗਾ।
_______________________
ਮਨਪ੍ਰੀਤ ਦੀਆਂ ਟਿੱਪਣੀਆਂ ‘ਤੇ ਭੜਕੇ ਸੁਖਬੀਰ
ਚੰਡੀਗੜ੍ਹ: ਮਨਪ੍ਰੀਤ ਸਿੰਘ ਬਾਦਲ ਵੱਲੋਂ ਆਪਣੇ ਤਾਏ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਅਤੇ ਕਰੀਬੀ ਰਿਸ਼ਤੇਦਾਰਾਂ (ਮਜੀਠੀਆ ਪਰਿਵਾਰ) ਖਿਲਾਫ਼ ਕੀਤੀਆਂ ਤਿੱਖੀਆਂ ਟਿੱਪਣੀਆਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਮੈਦਾਨ ਵਿਚ ਨਿੱਤਰ ਆਏ ਹਨ। ਛੋਟੇ ਬਾਦਲ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਜਾਂ ਤਾਂ ਇਨ੍ਹਾਂ ਦੋਸ਼ਾਂ ਨੂੰ ਸਾਬਤ ਕਰਨ ਜਾਂ ਫਿਰ ਰਾਜਨੀਤੀ ਛੱਡ ਦੇਣ। ਜੇਕਰ ਵਿੱਤ ਮੰਤਰੀ ਇਸ ਦੋਸ਼ ਨੂੰ ਸਾਬਤ ਕਰ ਦਿੰਦੇ ਹਨ ਤਾਂ ਉਹ (ਸੁਖਬੀਰ) ਹਮੇਸ਼ਾ ਲਈ ਰਾਜਨੀਤੀ ਛੱਡ ਦੇਣਗੇ।
_____________________________
ਤਾਈ ਦੇ ਭੋਗ ‘ਚ ਸ਼੍ਰੋਮਣੀ ਕਮੇਟੀ ਦਾ ਲੰਗਰ ਵਰਤਿਆ: ਮਨਪ੍ਰੀਤ
ਵਿੱਤ ਮੰਤਰੀ ਮਨਪ੍ਰੀਤ ਸਿੰਘ ਨੇ ਬਾਦਲ ਪਰਿਵਾਰ ‘ਤੇ ਸਿੱਧਾ ਹੱਲਾ ਬੋਲਦਿਆਂ ਕਿਹਾ, ḔḔਜਦੋਂ ਮੇਰੀ ਤਾਈ ਜੀ (ਸੁਰਿੰਦਰ ਕੌਰ ਬਾਦਲ) ਦੀ ਮੌਤ ਹੋਈ ਤਾਂ ਭੋਗ ਮੌਕੇ ਲੰਗਰ ਅਤੇ ਪ੍ਰਸ਼ਾਦ ਸ਼੍ਰੋਮਣੀ ਕਮੇਟੀ ਦਾ ਹੀ ਵਰਤਾਇਆ ਗਿਆ, ਜਦੋਂ ਕਿ ਗਰੀਬ ਤੋਂ ਗਰੀਬ ਬੰਦਾ ਵੀ ਅਜਿਹੇ ਮੌਕੇ ਆਪਣੇ ਘਰੋਂ ਖਰਚਾ ਕਰਦਾ ਹੈ।” ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਪੰਜਾਬ ਦਾ ਸਭ ਤੋਂ ਅਮੀਰ ਪਰਿਵਾਰ ਹੈ, ਪਰ ਸੁਰਿੰਦਰ ਕੌਰ ਦੀ ਕੈਂਸਰ ਦੀ ਬਿਮਾਰੀ ਦਾ ਇਲਾਜ ਪੰਜਾਬ ਸਰਕਾਰ ਨੇ ਕਰਾਇਆ।