ਬਜਟ ਇਜਲਾਸ: ਅਹਿਮ ਮਸਲਿਆਂ ਦੀ ਥਾਂ ਆਪਸੀ ਖੁੰਧਕਬਾਜ਼ੀ ਰਹੀ ਭਾਰੂ

ਆਪਣੇ ਹਲਕੇ ਦੀਆਂ ਸਮੱਸਿਆਵਾਂ ਤੱਕ ਸੀਮਤ ਰਹੇ ਵਿਧਾਇਕ
ਚੰਡੀਗੜ੍ਹ: ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਸਮਾਪਤ ਹੋਏ ਬਜਟ ਸੈਸ਼ਨ ਦੌਰਾਨ ਬਹੁਤੇ ਵਿਧਾਇਕ ਆਪੋ-ਆਪਣੇ ਹਲਕੇ ਦੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਉਠਾਉਣ ਤੱਕ ਹੀ ਸੀਮਤ ਰਹੇ। ਇਸ ਤੋਂ ਪਤਾ ਲੱਗਦਾ ਹੈ ਕਿ ਅਜੇ ਪੰਜਾਬ ਵਿਚ ਅਜਿਹੇ ਛੋਟੇ-ਮੋਟੇ ਮੁੱਦੇ ਹੀ ਲੋਕਾਂ ਲਈ ਮੁਸੀਬਤ ਬਣੇ ਪਏ ਹਨ। ਪੰਜਾਬ ਨੂੰ ਦਰਪੇਸ਼ ਗੰਭੀਰ ਮੁੱਦੇ ਜਿਵੇਂ ਬੇਰੁਜ਼ਗਾਰੀ, ਡਰੱਗ, ਵਿੱਤੀ ਸੰਕਟ, ਅਮਨ ਤੇ ਕਾਨੂੰਨ, ਭ੍ਰਿਸ਼ਟਾਚਾਰ, ਧਰਤੀ ਹੇਠਾਂ ਡੂੰਘੇ ਤੇ ਜ਼ਹਿਰੀਲੇ ਹੋ ਰਹੇ ਪਾਣੀ, ਟਰੈਫਿਕ ਦੀ ਸਮੱਸਿਆ ਤੇ ਹਾਦਸਿਆਂ ਵਿਚ ਰੋਜ਼ਾਨਾ ਵਿਆਪਕ ਪੱਧਰ ਉਤੇ ਜਾ ਰਹੀਆਂ ਕੀਮਤੀ ਜਾਨਾਂ, ਕੈਂਸਰ ਅਤੇ ਸਿੱਖਿਆ ਤੇ ਸਿਹਤ ਦੇ ਖੇਤਰ ਵਿਚ ਆਏ ਨਿਘਾਰ ਉਪਰ ਕੋਈ ਸੰਜੀਦਾ ਬਹਿਸ ਨਹੀਂ ਹੋ ਸਕੀ।

ਜੇ ਕਿਸੇ ਵੇਲੇ ਵਿਧਾਨ ਸਭਾ ਵਿਚ ਗੰਭੀਰ ਮੁੱਦੇ ਉਠੇ ਵੀ ਹਨ ਤਾਂ ਉਹ ਗਾਲੀ-ਗਲੋਚ, ਮਿਹਣੋਂ-ਮਿਹਣੀ, ਬੋਲ-ਕੁਬੋਲ ਤੇ ਸ਼ਰੀਕੇਬਾਜ਼ੀ ਦੀ ਭੇਟ ਚੜ੍ਹ ਗਏ।
ਬਜਟ ਸੈਸ਼ਨ ਦੌਰਾਨ ਵਿੱਤੀ ਅੰਕੜਿਆਂ ਦੀ ਥਾਂ ਬੋਲ-ਕੁਬੋਲ ਸੁਣਨ ਨੂੰ ਮਿਲੇ। ਵਿਧਾਨ ਸਭਾ ਦੇ ਸੈਸ਼ਨ ਦੌਰਾਨ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਵੀ ਲਹਿਰਾ ਤੇ ਮੂਨਕ ਹਸਪਤਾਲ ਵਿਚ ਡਾਕਟਰਾਂ ਦੀਆਂ ਖਾਲੀ ਅਸਾਮੀਆਂ ਦਾ ਮੁੱਦਾ ਉਠਾਉਣਾ ਪਿਆ। ਵਿਧਾਇਕ ਨੱਥੂ ਰਾਮ ਨੇ ਜਿਥੇ ਹਲਕੇ ਬਲੂਆਣਾ ਦੇ ਪਿੰਡ ਧਰਮਪੁਰਾ ਦੇ ਪਾਣੀ ਦੀ ਸਪਲਾਈ ਲਈ ਵਾਟਰ ਵਰਕਸ ਦੀਆਂ ਨਾਕਸ ਪਾਈਪਾਂ ਦਾ ਮੁੱਦਾ ਉਠਾਇਆ, ਉਥੇ ਵਿਧਾਇਕ ਦਰਸ਼ਨ ਲਾਲ ਨੇ ਹਲਕਾ ਬਲਾਚੌਰ ਦੇ ਸਕੂਲਾਂ ਤੇ ਕਾਲਜਾਂ ਵਿਚ ਵੋਕੇਸ਼ਨਲ, ਸਾਇੰਸ ਤੇ ਕਾਮਰਸ ਦੀਆਂ ਕਲਾਸਾਂ ਸ਼ੁਰੂ ਕਰਨ ਦੀ ਅਰਜੋਈ ਕੀਤੀ। ਹਲਕਾ ਬੰਗਾ ਦੇ ਵਿਧਾਇਕ ਡਾæ ਸੁਖਵਿੰਦਰ ਕੁਮਾਰ ਨੇ ਇਸ ਹਲਕੇ ਦੇ ਧਰਤੀ ਹੇਠਲੇ ਨਾ-ਪੀਣਯੋਗ ਪਾਣੀ ਅਤੇ ਪਿੰਡ ਗੁਣਾਚੌਰ ਦੇ ਕਮਿਊਨਿਟੀ ਸੈਂਟਰ ਦਾ ਮੁੱਦਾ ਉਠਾਇਆ। ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਜਿਲ੍ਹਾ ਰੈੱਡ ਕਰਾਸ ਸੁਸਾਇਟੀ ਬਠਿੰਡਾ ਵੱਲੋਂ ਚਲਾਏ ਜਾ ਰਹੇ ਨਸ਼ਾ ਛਡਾਊ ਕੇਂਦਰ ਦਾ ਮੁੱਦਾ ਉਠਾਇਆ। ਹਲਕਾ ਨਕੋਦਰ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਆਪਣੇ ਹਲਕੇ ਦੇ ਕਈ ਪਿੰਡਾਂ ਦੇ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਦਾ ਮੁੱਦਾ ਉਠਾਇਆ। ਇਸੇ ਤਰ੍ਹਾਂ ਸੰਸਦ ਮੈਂਬਰ ਰਹੇ ਵਿਧਾਇਕ ਵਿਜੇਇੰਦਰ ਸਿੰਗਲਾ ਨੇ ਧੂਰੀ ਤੋਂ ਬਰਨਾਲਾ ਵਾਇਆ ਰਾਣੀਕੇ ਦੀ ਸੜਕ ਦੀ ਮੰਦੀ ਹਾਲਤ ਦਾ ਮਾਮਲਾ ਉਠਾਇਆ।
ਵਿਧਾਇਕਾ ਰੁਪਿੰਦਰ ਕੌਰ ਰੂਬੀ ਨੂੰ ਸਰੂਪਾ ਬਸਤੀ ਘੁੱਦਾ ਦੇ ਐਂਲੀਮੈਂਟਰੀ ਸਕੂਲ ਦੇ ਗੇਟ ਮੂਹਰਲੇ ਕੱਚੇ ਰਸਤੇ ਦਾ ਮੁੱਦਾ ਵਿਧਾਨ ਸਭਾ ਵਿਚ ਉਠਾਉਣਾ ਪਿਆ। ਵਿਧਾਇਕ ਜੈ ਕ੍ਰਿਸ਼ਨ ਰੋੜੀ ਨੂੰ ਗੜ੍ਹਸ਼ੰਕਰ ਤੋਂ ਨਵਾਂ ਸ਼ਹਿਰ ਵਾਲੀ ਸੜਕੀ ਦੀ ਮੰਦੀ ਹਾਲਤ ਅਤੇ ਮੁਹਾਲੀ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਪਿੰਡ ਬਲੌਂਗੀ ਲਾਈਟ ਪੁਆਇੰਟ ਤੋਂ ਪੀæਸੀæਐਲ਼ ਲਾਈਟ ਪੁਆਇੰਟ ਵਾਲੀ ਸੜਕ ਦੀ ਖਸਤਾ ਹਾਲਤ ਸਦਨ ਵਿਚ ਬਿਆਨ ਕਰਨੀ ਪਈ। ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਕੁਲਬੀਰ ਸਿੰਘ ਜ਼ੀਰਾ, ਸੰਗਤ ਸਿੰਘ ਗਿਲਚੀਆਂ, ਪਵਨ ਕੁਮਾਰ ਆਦੀਆ, ਸਤਕਾਰ ਕੌਰ, ਨਿਰਮਲ ਸਿੰਘ, ਵਿਧਾਇਕ ਅਮਿਤ ਵਿਜ, ਪਿਰਮਲ ਸਿੰਘ ਖ਼ਾਲਸਾ, ਹਰਮਿੰਦਰ ਸਿੰਘ ਗਿੱਲ, ਲਖਵੀਰ ਸਿੰਘ ਲੱਖਾ ਆਦਿ ਨੂੰ ਵੀ ਆਪਣੇ ਹਲਕਿਆਂ ਦੀਆਂ ਛੋਟੀਆਂ-ਛੋਟੀਆਂ ਮੁਸ਼ਕਲਾਂ ਵਿਧਾਨ ਸਭਾ ਵਿੱਚ ਦੱਸਣੀਆਂ ਪਈਆਂ।
_______________________
ਵਿਧਾਨ ਸਭਾ ਅੰਦਰ ਨਾ ਪੁੱਜੀ ਮੁਲਾਜ਼ਮਾਂ ਦੇ ਸੰਘਰਸ਼ ਦੀ ਗੂੰਜ
ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਸਾਂਝੀਆਂ ਮੰਗਾਂ ਡੀਏ ਦੀਆਂ ਤਿੰਨ ਬਕਾਇਆ ਕਿਸ਼ਤਾਂ ਰਿਲੀਜ਼ ਕਰਨ, ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਲਦ ਰਿਲੀਜ਼ ਕਰਨ, ਪੰਜਵੇਂ ਤਨਖਾਹ ਕਮਿਸ਼ਨ ਦੀ ਸਿਫਾਰਸ਼ ਅਨੁਸਾਰ 125ਡੀਏ ਮੁਢਲੀ ਤਨਖਾਹ ਵਿਚ ਜੋੜ ਕੇ ਅੰਤਰਿਮ ਸਹਾਇਤਾ ਦੀ ਦੂਜੀ ਕਿਸ਼ਤ ਦੇਣ, ਪੁਰਾਣੀਆਂ ਡੀਏ ਦੀਆਂ ਕਿਸ਼ਤਾਂ ਦਾ 22 ਮਹੀਨਿਆਂ ਦਾ ਬਕਾਇਆ ਰਿਲੀਜ਼ ਕਰਨ ਆਦਿ ਲਈ ਬਾਹਰ ਨਾਅਰੇ ਲਾਉਂਦੀਆਂ ਰਹੀਆਂ ਹਨ, ਪਰ ਵਿਧਾਨ ਸਭਾ ਵਿਚ ਹੁਕਮਰਾਨ ਧਿਰ ਸਮੇਤ ਵਿਰੋਧੀ ਧਿਰਾਂ ਨੇ ਇਨ੍ਹਾਂ ਮੰਗਾਂ ਦਾ ਜ਼ਿਕਰ ਤੱਕ ਨਹੀਂ ਕੀਤਾ।