ਸ਼੍ਰੋਮਣੀ ਕਮੇਟੀ ਦਾ 1159 ਕਰੋੜ ਦਾ ਬਜਟ ਪ੍ਰਵਾਨ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿੱਤੀ ਵਰ੍ਹੇ 2018-19 ਵਾਸਤੇ ਲਗਭਗ 1159 ਕਰੋੜ 67 ਲੱਖ ਰੁਪਏ ਦਾ ਅਨੁਮਾਨਿਤ ਬਜਟ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਬਜਟ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਅਖਤਿਆਰੀ ਫੰਡਾਂ ਵਿਚ ਦੋ ਲੱਖ ਰੁਪਏ ਦਾ ਸਾਲਾਨਾ ਵਾਧਾ ਕਰ ਦਿੱਤਾ ਗਿਆ ਹੈ। ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋਈ ਜਨਰਲ ਹਾਊਸ ਦੀ ਮੀਟਿੰਗ ਵਿਚ ਬਜਟ ਪਾਸ ਕੀਤਾ ਗਿਆ।

ਬਜਟ ਵਿਚ ਸੈਕਸ਼ਨ 85 ਹੇਠ ਸਿੱਧੇ ਆਉਂਦੇ ਗੁਰਦੁਆਰਿਆਂ ਅਤੇ ਇਨ੍ਹਾਂ ਨਾਲ ਜੋੜੇ ਗਏ ਗੁਰਦੁਆਰਿਆਂ ਦਾ ਬਜਟ 688 ਕਰੋੜ 94 ਲੱਖ ਰੁਪਏ ਰੱਖਿਆ ਗਿਆ ਹੈ। ਧਰਮ ਪ੍ਰਚਾਰ ਕਮੇਟੀ ਦਾ ਬਜਟ 76 ਕਰੋੜ ਰੁਪਏ, ਵਿਦਿਅਕ ਅਦਾਰਿਆਂ ਦਾ ਬਜਟ 228 ਕਰੋੜ ਰੁਪਏ, ਪ੍ਰਿੰਟਿੰਗ ਪ੍ਰੈੱਸਾਂ ਲਈ 7 ਕਰੋੜ 98 ਲੱਖ ਰੁਪਏ ਬਜਟ ਰੱਖਿਆ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਨਿੱਜੀ ਬਜਟ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ, ਜਿਨ੍ਹਾਂ ਦਾ ਕੁਲ ਜੋੜ 158æ75 ਕਰੋੜ ਰੁਪਏ ਹੈ, ਜਿਸ ਵਿਚ ਜਨਰਲ ਬੋਰਡ ਫੰਡ 66 ਕਰੋੜ 25 ਲੱਖ, ਟਰੱਸਟ ਫੰਡ 56 ਕਰੋੜ ਅਤੇ ਵਿੱਦਿਆ ਫੰਡ 36 ਕਰੋੜ 50 ਲੱਖ ਰੁਪਏ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਬਜਟ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸਮੂਹ 233 ਅਦਾਰਿਆਂ ਦਾ ਬਜਟ ਹੈ। ਬਜਟ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਲਈ ਵਿਸ਼ੇਸ਼ ਬਜਟ ਰੱਖਿਆ ਗਿਆ ਹੈ, ਜਿਸ ਤਹਿਤ ਗੁਰਮਤਿ ਸਮਾਗਮ ਕੀਤੇ ਜਾਣਗੇ, ਸੁਲਤਾਨਪੁਰ ਲੋਧੀ ਵਿੱਚ ਯਾਦਗਾਰਾਂ ਉਸਾਰੀਆਂ ਜਾਣਗੀਆਂ।
ਵਿਸ਼ੇਸ਼ ਯਾਦਗਾਰ ਗੁਰਦੁਆਰਾ ਸੰਤ ਘਾਟ ਦੇ ਨੇੜੇ ਸਥਾਪਤ ਹੋਵੇਗੀ, ਜਿਥੇ ਇਕ ਮੀਨਾਰ ਤੇ ੴ ਦਾ ਵਿਸ਼ਾਲ ਚਿੰਨ੍ਹ ਬਣੇਗਾ। ਪੱਛੜੇ ਇਲਾਕਿਆਂ ਖਾਸ ਕਰ ਕੇ ਪਿੰਡਾਂ ਵਿਚ ਮੁਢਲੀਆਂ ਮੈਡੀਕਲ ਸਹੂਲਤਾਂ ਦੇਣ ਲਈ ਮੈਡੀਕਲ ਵੈਨਾਂ ਖਰੀਦਣ ਵਾਸਤੇ 90 ਲੱਖ ਰੁਪਏ ਰੱਖੇ ਗਏ ਹਨ। ਜਦੋਂਕਿ ਡਾਕਟਰੀ ਸਹੂਲਤਾਂ ਤੇ ਦਵਾਈਆਂ ਲਈ 25 ਲੱਖ ਰੁਪਏ ਰੱਖੇ ਗਏ ਹਨ, ਕੈਂਸਰ ਪੀੜਤ ਫੰਡ ਵਿਚ 9 ਕਰੋੜ 50 ਲੱਖ ਰੁਪਏ, ਕੁਦਰਤੀ ਆਫਤਾਂ ਵੇਲੇ ਮਨੁੱਖੀ ਭਲਾਈ ਲਈ 61 ਲੱਖ ਰੁਪਏ, ਖਾਲਸਾਈ ਖੇਡਾਂ ਤੇ ਸਾਬਤ ਸੂਰਤ ਸਿੱਖ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ 63 ਲੱਖ ਰੁਪਏ ਰੱਖੇ ਗਏ ਹਨ। ਸਿੱਖ ਰੈਫਰੈਂਸ ਲਾਇਬਰੇਰੀ ਦੇ ਨਵੀਨੀਕਰਨ ਲਈ 25 ਲੱਖ ਰੁਪਏ, ਪੰਥਕ ਵਿਦਵਾਨਾਂ ਤੇ ਧਾਰਮਿਕ ਸ਼ਖਸੀਅਤਾਂ ਦੇ ਸਨਮਾਨ ਲਈ 50 ਲੱਖ ਰੁਪਏ, 1984 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਬੱਚਿਆਂ ਨੂੰ ਉਚੇਰੀ ਸਿੱਖਿਆ ਲਈ 30 ਲੱਖ ਰੁਪਏ ਰੱਖੇ ਗਏ ਹਨ। ਇਸ ਤੋਂ ਇਲਾਵਾ ਦੇਸ਼ ਭਰ ਦੇ ਸਿੱਖਿਆ ਬੋਰਡਾਂ ਵਿਚੋਂ ਪਹਿਲੇ 20 ਸਥਾਨ ਪ੍ਰਾਪਤ ਕਰਨ ਵਾਲੇ ਅੰਮ੍ਰਿਤਧਾਰੀ ਬੱਚਿਆਂ ਦੇ ਸਨਮਾਨ ਲਈ, ਧਾਰਮਿਕ ਵਿੱਦਿਆ ਦੇ ਹੋਰ ਪਾਸਾਰ ਵਾਸਤੇ, ਆਈਏਐਸ ਤੇ ਇਸ ਦੇ ਬਰਾਬਰ ਪ੍ਰੀਖਿਆਵਾਂ ਵਿਚ ਚੁਣੇ ਜਾਣ ਵਾਲੇ ਸਾਬਤ ਸੂਰਤ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਵੀ ਫੰਡ ਰੱਖੇ ਗਏ ਹਨ।
_________________________
19 ਮਤਿਆਂ ਨੂੰ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ
ਸਮਾਗਮ ਵਿਚ ਕੁੱਲ 19 ਮਤੇ ਪੜ੍ਹੇ ਗਏ, ਜਿਨ੍ਹਾਂ ਨੂੰ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ ਗਈ। ਇਨ੍ਹਾਂ ਵਿਚ ਸਿੱਖ ਰੈਫਰੈਂਸ ਲਾਇਬਰੇਰੀ ਦਾ ਅਮੁੱਲਾ ਖ਼ਜ਼ਾਨਾ ਵਾਪਸ ਕਰਨ ਲਈ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਗਈ ਹੈ, ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ, ਮਾਂ ਬੋਲੀ ਪੰਜਾਬੀ ਨੂੰ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਵਿਚ ਢੁਕਵਾਂ ਮਾਣ ਸਨਮਾਨ ਦੇਣ ਦੀ ਮੰਗ, ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਖੁੱਲ੍ਹੇ ਲਾਂਘੇ ਦੀ ਮੰਗ, ਹਵਾਈ ਅੱਡਿਆਂ ਉੱਤੇ ਦਸਤਾਰ ਦੀ ਸ਼ਾਨ ਨੂੰ ਬਹਾਲ ਰੱਖਣ ਦੀ ਮੰਗ, ਜੀæਐਸ਼ਟੀæ ਖਤਮ ਕਰਨ ਦੀ ਮੰਗ, ਸੈਂਸਰ ਬੋਰਡ ਵਿੱਚ ਸਿੱਖ ਪ੍ਰਤੀਨਿਧ ਵਜੋਂ ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ਸ਼ਾਮਲ ਕਰਨ, ਆਨੰਦ ਮੈਰਿਜ ਐਕਟ ਨੂੰ ਦੇਸ਼ ਭਰ ਵਿਚ ਲਾਗੂ ਕਰਨ, ਵਿਦੇਸ਼ਾਂ ਵਿਚ ਸਿੱਖਾਂ ਤੇ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਲਈ ਉਪਰਾਲੇ ਕਰਨ ਦੀ ਮੰਗ, ਸ੍ਰੀ ਹਰਿਮੰਦਰ ਸਾਹਿਬ ਨੂੰ ਆਉਣ ਵਾਲੇ ਰਸਤਿਆਂ ਨੂੰ ਖੁੱਲ੍ਹੇ ਕਰਨ ਦੀ ਮੰਗ, ਜੰਮੂ ਕਸ਼ਮੀਰ ਵਿਚ ਵਸਦੇ ਸਿੱਖਾਂ ਨੂੰ ਘੱਟ ਗਿਣਤੀਆਂ ਵਾਲੀਆਂ ਵਿਸ਼ੇਸ਼ ਸਹੂਲਤਾਂ ਦੇਣ ਦੀ ਮੰਗ ਆਦਿ ਮਤੇ ਸ਼ਾਮਲ ਹਨ। ਅੱਜ ਦੇ ਬਜਟ ਸਮਾਗਮ ਵਿਚ ਲਗਭਗ 115 ਸ਼੍ਰੋਮਣੀ ਕਮੇਟੀ ਮੈਂਬਰ ਹਾਜ਼ਰ ਸਨ।
______________________
ਬਜਟ ‘ਤੇ ਨੋਟਬੰਦੀ ਤੇ ਜੀæਐਸ਼ਟੀæ ਦੀ ਮਾਰ
2018-19 ਵਰ੍ਹੇ ਦਾ ਇਹ ਬਜਟ 1159 ਕਰੋੜ 67 ਲੱਖ ਰੁਪਏ ਦਾ ਹੈ, ਜੋ ਕਿ ਪਿਛਲੇ ਵਰ੍ਹੇ 2017-18 ਦੇ ਬਜਟ 1106æ59 ਕਰੋੜ ਨਾਲੋਂ ਲਗਭਗ 53 ਕਰੋੜ ਰੁਪਏ ਵੱਧ ਹੈ। ਬਜਟ ਵਿਚ ਭਾਵੇਂ ਵਾਧਾ ਹੋਇਆ ਹੈ ਪਰ ਵਾਧੇ ਦੀ ਦਰ ਵਿਚ ਕਮੀ ਆਈ ਹੈ। ਪਿਛਲੇ ਵਰ੍ਹੇ ਦੇ ਬਜਟ ਵਿਚ 88æ1 ਕਰੋੜ ਰੁਪਏ ਦਾ ਵਾਧਾ ਹੋਇਆ ਸੀ। ਸ਼੍ਰੋਮਣੀ ਕਮੇਟੀ ਅਧਿਕਾਰੀਆਂ ਮੁਤਾਬਕ ਨੋਟਬੰਦੀ ਕਾਰਨ ਗੁਰਦੁਆਰਿਆਂ ਦੀ ਗੋਲਕ ਵਿਚ ਅਤੇ ਦਾਨ ਦੀ ਰਕਮ ਵਿਚ ਕਮੀ ਆਈ ਹੈ। ਇਸ ਤੋਂ ਇਲਾਵਾ ਹੁਣ ਤੱਕ ਸ਼੍ਰੋਮਣੀ ਕਮੇਟੀ ਸਾਢੇ ਚਾਰ ਕਰੋੜ ਰੁਪਏ ਜੀæਐਸ਼ਟੀæ ਟੈਕਸ ਦੇ ਭੁਗਤਾਨ ਵਜੋਂ ਅਦਾ ਕਰ ਚੁੱਕੀ ਹੈ।