ਇਰਾਕ ਤੋਂ ਲਾਸ਼ਾਂ ਬਣ ਪਰਤੇ 38 ਭਾਰਤੀ ਕਾਮੇ

ਚੰਡੀਗੜ੍ਹ: ਇਰਾਕ ਵਿਚ ਮਾਰੇ ਗਏ 39 ਭਾਰਤੀਆਂ ਵਿਚੋਂ 38 ਦੀਆਂ ਅਸਥੀਆਂ (ਬਚੇ ਖੁਚੇ ਅੰਗ) ਵਾਲੇ ਤਾਬੂਤ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ। ਇਨ੍ਹਾਂ ਵਿਚ 27 ਅਸਥੀਆਂ ਪੰਜਾਬੀਆਂ ਦੀਆਂ, ਚਾਰ ਹਿਮਾਚਲ ਪ੍ਰਦੇਸ਼ ਅਤੇ ਸੱਤ ਪੱਛਮੀ ਬੰਗਾਲ ਤੇ ਬਿਹਾਰ ਨਾਲ ਸਬੰਧਤ ਵਿਅਕਤੀਆਂ ਦੀਆਂ ਸਨ। ਇਨ੍ਹਾਂ ਨੌਜਵਾਨਾਂ ਨੂੰ ਆਈæਐਸ਼ ਅਤਿਵਾਦੀਆਂ ਵੱਲੋਂ ਅਗਵਾ ਕਰ ਕੇ ਮਾਰ ਦਿੱਤਾ ਗਿਆ ਸੀ।

ਹਵਾਈ ਅੱਡੇ ਉਤੇ ਅਸਥੀਆਂ ਲੈਣ ਲਈ ਪੰਜਾਬ ਵਿਚੋਂ ਵੱਖ-ਵੱਖ ਥਾਵਾਂ ਤੋਂ ਵਾਰਸ ਪੁੱਜੇ ਹੋਏ ਸਨ ਅਤੇ ਬੜਾ ਗਮਗੀਨ ਮਾਹੌਲ ਬਣਿਆ ਹੋਇਆ ਸੀ। ਇਸ ਮੌਕੇ 27 ਪੰਜਾਬੀਆਂ ਦੀਆਂ ਦੇਹਾਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰਾਪਤ ਕੀਤੀਆਂ। ਹਿਮਾਚਲ ਦੇ ਚਾਰ ਮ੍ਰਿਤਕਾਂ ਦੀਆਂ ਅਸਥੀਆਂ ਉਥੋਂ ਦੇ ਖੁਰਾਕ ਸਪਲਾਈ ਤੇ ਖਪਤਕਾਰ ਮੰਤਰੀ ਕਿਸ਼ਨ ਕਪੂਰ ਨੇ ਲਈਆਂ। ਪੱਛਮੀ ਬੰਗਾਲ ਤੇ ਬਿਹਾਰ ਨਾਲ ਸਬੰਧਤ ਸੱਤ ਜਣਿਆਂ ਦੀਆਂ ਅਸਥੀਆਂ ਇਥੋਂ ਇਕ ਹੋਰ ਹਵਾਈ ਜਹਾਜ਼ ਲੈ ਕੇ ਕੇਂਦਰੀ ਮੰਤਰੀ ਕੋਲਕਾਤਾ ਲਈ ਰਵਾਨਾ ਹੋ ਗਏ। ਪੰਜਾਬੀਆਂ ਦੀਆਂ ਅਸਥੀਆਂ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਪ੍ਰਬੰਧਾਂ ਰਾਹੀਂ ਐਂਬੂਲੈਂਸਾਂ ਵਿਚ ਤੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਬੰਧਤ ਜ਼ਿਲ੍ਹਿਆਂ ਨੂੰ ਭੇਜੀਆਂ ਗਈਆਂ।
ਸ੍ਰੀ ਸਿੱਧੂ ਨੇ ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਵਾਲੇ ਨਾਲ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ ਪੰਜ-ਪੰਜ ਲੱਖ ਰੁਪਏ ਨਗਦ ਅਤੇ ਪਰਿਵਾਰ ਦੇ ਇਕ-ਇਕ ਜੀਅ ਨੂੰ ਯੋਗਤਾ ਮੁਤਾਬਕ ਨੌਕਰੀ ਦੇਣ ਦਾ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਵੀ ਇਨ੍ਹਾਂ ਪਰਿਵਾਰਾਂ ਨੂੰ ਪਿਛਲੇ ਤਿੰਨ ਸਾਲਾਂ ਤੋਂ ਲਗਭਗ 20 ਹਜ਼ਾਰ ਰੁਪਏ ਮਾਸਕ ਮਦਦ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਟਰੈਵਲ ਏਜੰਟਾਂ ਦੇ ਝਾਂਸੇ ਵਿਚ ਆ ਕੇ ਗਲਤ ਢੰਗ ਨਾਲ ਵਿਦੇਸ਼ ਜਾਣਾ ਚਿੰਤਨ ਦਾ ਮਾਮਲਾ ਹੈ ਅਤੇ ਇਸ ਨੂੰ ਵਿਧਾਨ ਸਭਾ ਵਿਚ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ।
ਇਸ ਮੌਕੇ ਜਨਰਲ ਵੀæਕੇæ ਸਿੰਘ ਨੇ ਵੀ ਪੀੜਤ ਪਰਿਵਾਰਾਂ ਨਾਲ ਦੁਖ ਸਾਂਝਾ ਕੀਤਾ, ਪਰ ਕੇਂਦਰ ਵਲੋਂ ਪੀੜਤਾਂ ਦੀ ਮਦਦ ਸਬੰਧੀ ਕੋਈ ਐਲਾਨ ਨਹੀਂ ਕੀਤਾ ਗਿਆ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਦੇ ਜੀਆਂ ਦੇ ਵੇਰਵੇ ਮੰਗੇ ਗਏ ਹਨ ਅਤੇ ਉਨ੍ਹਾਂ ਨੂੰ ਯੋਗਤਾ ਦੇ ਆਧਾਰ ਉਤੇ ਮਦਦ ਕੀਤੀ ਜਾਵੇਗੀ। ਪਰਿਵਾਰਾਂ ਵੱਲੋਂ ਆਪਣੇ ਵਿੱਛੜੇ ਜੀਆਂ ਦੀਆਂ ਅਸਥੀਆਂ ਨੂੰ ਆਖਰੀ ਵਾਰ ਦੇਖਣ ਦੀ ਕੀਤੀ ਜਾ ਰਹੀ ਮੰਗ ਬਾਰੇ ਕੇਂਦਰੀ ਮੰਤਰੀ ਨੇ ਆਖਿਆ ਕਿ ਡੀæਐਨæਏæ ਟੈਸਟ ਕਰਨ ਵਾਲੀ ਇਰਾਕ ਦੀ ਮੋਰਟਲ ਫਾਊਂਡੇਸ਼ਨ ਨੇ ਸਲਾਹ ਦਿੱਤੀ ਹੈ ਕਿ ਤਾਬੂਤ ਨਾ ਖੋਲ੍ਹੇ ਜਾਣ ਕਿਉਂਕਿ ਟੈਸਟ ਕਰਨ ਸਮੇਂ ਕਈ ਤਰ੍ਹਾਂ ਦੇ ਰਸਾਇਣਾਂ ਦੀ ਵਰਤੋਂ ਕੀਤੀ ਗਈ ਹੈ, ਜੋ ਹਾਨੀਕਾਰਕ ਹੋ ਸਕਦੇ ਹਨ। ਪਹਿਲਾਂ ਪੀੜਤਾਂ ਦੇ ਪਰਿਵਾਰਕ ਜੀਆਂ ਨੇ ਇਸ ਮੰਗ ਨੂੰ ਲੈ ਕੇ ਹਵਾਈ ਅੱਡੇ ਵਿਚ ਧਰਨਾ ਵੀ ਦਿੱਤਾ। ਪਿੰਡ ਭੋਏਵਾਲ ਦੀ ਗੁਰਪਿੰਦਰ ਕੌਰ, ਜਿਸ ਦਾ ਭਰਾ ਇਰਾਕ ਵਿਚ ਮਾਰਿਆ ਗਿਆ ਹੈ, ਨੇ ਆਖਿਆ ਕਿ ਪਰਿਵਾਰ ਆਪਣੇ ਜੀਆਂ ਦੇ ਅੰਤਿਮ ਦਰਸ਼ਨ ਕਰਨਾ ਚਾਹੁੰਦੇ ਹਨ। ਸੰਗਰੂਰ ਦੇ ਮਹਿੰਦਰਪਾਲ, ਜਿਸ ਦਾ ਛੋਟਾ ਭਰਾ ਪ੍ਰਿਤਪਾਲ ਇਰਾਕ ਵਿਚ ਮਾਰਿਆ ਗਿਆ, ਨੇ ਕਿਹਾ ਕਿ ਉਨ੍ਹਾਂ ਨੂੰ ਦੇਹਾਂ ਦੇਖਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਪ੍ਰਿਤਪਾਲ ਦੇ ਦੋ ਬੱਚੇ ਹਨ ਅਤੇ ਉਸ ਦਾ ਬੇਟਾ ਨੀਰਜ ਵੀ ਪੁੱਜਾ ਹੋਇਆ ਸੀ। ਕੁਝ ਪਰਿਵਾਰਾਂ ਨੇ ਦੋਸ਼ ਲਾਇਆ ਕਿ ਹੁਣ ਤਕ ਸਰਕਾਰਾਂ ਵਲੋਂ ਕੋਈ ਮਦਦ ਨਹੀਂ ਮਿਲੀ। ਆਪਣੇ ਕਮਾਊ ਜੀਆਂ ਦੀ ਮੌਤ ਤੋਂ ਉਨ੍ਹਾਂ ਨੂੰ ਮੰਦਹਾਲੀ ਵਿਚੋਂ ਲੰਘਣਾ ਪੈ ਰਿਹਾ ਹੈ।
____________________
ਕੜਿਆਂ ਅਤੇ ਲੰਮੇ ਵਾਲਾਂ ਤੋਂ ਹੋਈ ਸੀ ਲਾਸ਼ਾਂ ਦੀ ਪਛਾਣ
ਅੰਮ੍ਰਿਤਸਰ: 2014 ਵਿਚ ਲਾਪਤਾ ਹੋਏ 39 ਭਾਰਤੀਆਂ ਸਬੰਧੀ ਜਨਰਲ ਵੀæਕੇæ ਸਿੰਘ ਚਾਰ ਵਾਰ ਇਰਾਕ ਜਾ ਚੁੱਕੇ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਭਾਰਤੀਆਂ ਦੀਆਂ ਅਸਥੀਆਂ ਇਰਾਕ ਦੇ ਸ਼ਹਿਰ ਮੋਸੂਲ ਨੇੜੇ ਬਦੋਸ਼ਾ ਇਲਾਕੇ ਵਿਚ ਇਕ ਟਿੱਲੇ ਹੇਠਾਂ ਦੱਬੀਆਂ ਹੋਈਆਂ ਸਨ, ਜਿਥੇ ਹੋਰ ਵੀ ਅਣਗਿਣਤ ਲਾਸ਼ਾਂ ਨੂੰ ਦਫਨਾਇਆ ਗਿਆ ਸੀ। ਟਿੱਲੇ ਦੀ ਗੈਰਕੁਦਰਤੀ ਦਿੱਖ ਕਾਰਨ ਇਸ ਬਾਰੇ ਸ਼ੱਕ ਹੋਇਆ ਅਤੇ ਇਰਾਕੀ ਫੌਜ ਨੇ ਰਾਡਾਰ ਰਾਹੀਂ ਇਸ ਦੀ ਘੋਖ ਕੀਤੀ ਤਾਂ ਪਤਾ ਲਗਾ ਕਿ ਇਥੇ ਅਣਗਿਣਤ ਲਾਸ਼ਾਂ ਦੱਬੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਬਹੁਤੇ ਪੰਜਾਬੀਆਂ ਦੀ ਪਛਾਣ ਉਨ੍ਹਾਂ ਦੇ ਕੜਿਆਂ ਅਤੇ ਲੰਮੇ ਵਾਲਾਂ ਤੋਂ ਹੋਈ। ਇਹ ਕੜੇ ਅਤੇ ਲੰਮੇ ਵਾਲ ਦੇਖ ਕੇ ਹੀ ਇਸ ਬਾਰੇ ਭਾਰਤ ਸਰਕਾਰ ਨੂੰ ਸੂਚਿਤ ਕੀਤਾ ਤੇ ਭਾਰਤ ਸਰਕਾਰ ਨੇ ਸਬੰਧਤ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਦੇ ਡੀæਐਨæਏæ ਦੇ ਨਮੂਨੇ ਲੈ ਕੇ ਅਸਥੀਆਂ ਨਾਲ ਮਿਲਾਉਣ ਵਾਸਤੇ ਇਰਾਕ ਭੇਜੇ। 38 ਭਾਰਤੀਆਂ ਦੇ ਡੀæਐਨæਏæ ਮਿਲ ਗਏ ਹਨ ਜਦੋਂਕਿ ਇਕ ਰਾਜੂ ਯਾਦਵ ਦਾ ਡੀæਐਨæਏæ ਸਿਰਫ 70 ਫੀਸਦੀ ਮਿਲਿਆ ਹੈ। ਇਸ ਲਈ ਉਸ ਦੀ ਲਾਸ਼ ਭਾਰਤ ਨਹੀਂ ਲਿਆਂਦੀ ਜਾ ਸਕੀ।