ਸ਼ਾਹਕੋਟ ਉਪ ਚੋਣ ਲਈ ਸਿਆਸੀ ਧਿਰਾਂ ਨੇ ਕੀਤੇ ਕਮਰਕੱਸੇ

ਜਲੰਧਰ: ਸ਼ਾਹਕੋਟ ਉਪ ਚੋਣ ਲਈ ਪੰਜਾਬ ਦੀਆਂ ਸਿਆਸੀ ਪਾਰਟੀਆਂ ਵਿਚ ਹਿਲਜੁਲ ਸ਼ੁਰੂ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਉਪ ਚੋਣ ਲਈ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਕਾਂਗਰਸ ਨੇ ਵੀ ਮੋਰਚਾ ਸੰਭਾਲ ਲਿਆ ਹੈ। ਸੱਤਾਧਾਰੀ ਧਿਰ ਹੋਣ ਕਰ ਕੇ ਕਾਂਗਰਸ ਦੇ ਹਾਰੇ ਹੋਏ ਆਗੂਆਂ ਦੀ ਨਿਗ੍ਹਾ ਸ਼ਾਹਕੋਟ ਹਲਕੇ ਉਤੇ ਟਿਕੀ ਹੋਈ ਹੈ। ਟਿਕਟ ਦੀ ਦੌੜ ਵਿਚ ਲੱਗੇ ਸੀਨੀਅਰ ਕਾਂਗਰਸੀ ਆਗੂਆਂ ਵਿਚ ਹੁਣ ਲਾਲ ਸਿੰਘ ਦਾ ਨਾਂ ਵੀ ਬੋਲਣ ਲੱਗ ਪਿਆ ਹੈ। ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਵੀ ਸ਼ਾਹਕੋਟ ਤੋਂ ਉਪ ਚੋਣ ਲੜਨ ਲਈ ਦੌੜ ਵਿਚ ਦੱਸੇ ਜਾ ਰਹੇ ਹਨ।

ਨਕੋਦਰ ਵਿਧਾਨ ਸਭਾ ਹਲਕੇ ਤੋਂ ਚੋਣ ਹਾਰ ਚੁੱਕੇ ਜਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਜਗਬੀਰ ਬਰਾੜ ਤੇ ਸ਼ਾਹਕੋਟ ਹਲਕੇ ਤੋਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਲੜਨ ਵਾਲੇ ਕਾਂਗਰਸੀ ਆਗੂ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਮੁੜ ਟਿਕਟ ਹਾਸਲ ਕਰਨ ਲਈ ਜ਼ੋਰ-ਅਜ਼ਮਾਈ ਕਰ ਰਹੇ ਹਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕਰੀਬੀ ਡਾæ ਨਵਜੋਤ ਸਿੰਘ ਦਾਹੀਆ ਵੀ ਟਿਕਟ ਦੇ ਦਾਅਵੇਦਾਰਾਂ ਵਿਚੋਂ ਹਨ। ਸੀਨੀਅਰ ਕਾਂਗਰਸੀ ਆਗੂਆਂ ਵਿਚ ਸਾਬਕਾ ਮੰਤਰੀ ਅਵਤਾਰ ਹੈਨਰੀ ਤੇ ਸਾਬਕਾ ਮੰਤਰੀ ਅਮਰਜੀਤ ਸਿੰਘ ਸਮਰਾ ਵੀ ਸ਼ਾਹਕੋਟ ਵਿਚ ਚੋਣ ਲੜਨਾ ਚਾਹੁੰਦੇ ਹਨ। ਕਾਂਗਰਸ ਲਈ ਸਭ ਤੋਂ ਵੱਡੀ ਚੁਣੌਤੀ ਉਮੀਦਵਾਰ ਦੀ ਚੋਣ ਹੀ ਹੈ। ਸੱਤਾਧਾਰੀ ਧਿਰ ਹੋਣ ਕਾਰਨ ਬਹੁਤੇ ਕਾਂਗਰਸੀ ਆਗੂਆਂ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਜਿਤਾਉਣ ਲਈ ਸਰਕਾਰ ਪੂਰਾ ਜ਼ੋਰ ਲਾਵੇਗੀ। ਕਾਂਗਰਸੀ ਆਗੂ ਇਸ ਹਲਕੇ ਉਤੇ ਆਪਣੀ ਪੱਕੀ ਜਿੱਤ ਮੰਨ ਕੇ ਹੀ ਟਿਕਟ ਲਈ ਜ਼ੋਰ-ਅਜ਼ਮਾਈ ਕਰ ਰਹੇ ਹਨ। ਸ਼ਾਹਕੋਟ ਦੇ ਸਿਆਸੀ ਪਿਛੋਕੜ ਉਤੇ ਨਜ਼ਰ ਮਾਰੀ ਜਾਵੇ ਤਾਂ ਇਹ ਹਲਕਾ ਅਕਾਲੀ ਦਲ ਦਾ ਗੜ੍ਹ ਰਿਹਾ ਹੈ। ਸਾਲ 1985 ਵਿਚ ਬਣੀ ਬਰਨਾਲਾ ਸਰਕਾਰ ਵੇਲੇ ਹਲਕੇ ਦਾ ਨਾਂ ਲੋਹੀਆਂ ਵਿਧਾਨ ਸਭਾ ਹਲਕਾ ਸੀ। ਉਦੋਂ ਇਸ ਹਲਕੇ ਤੋਂ ਬਲਵੰਤ ਸਿੰਘ ਚੋਣ ਜਿੱਤ ਕੇ ਵਿੱਤ ਮੰਤਰੀ ਬਣੇ ਸਨ। 1992 ਦੀਆਂ ਵਿਧਾਨ ਸਭਾ ਚੋਣਾਂ ਦਾ ਸ਼੍ਰੋਮਣੀ ਅਕਾਲੀ ਦਲ ਨੇ ਬਾਈਕਾਟ ਕੀਤਾ ਸੀ ਤੇ ਇਸ ਹਲਕੇ ਤੋਂ ਕਾਂਗਰਸ ਦੇ ਬ੍ਰਿਜ ਭੁਪਿੰਦਰ ਸਿੰਘ ਲਾਲੀ ਚੋਣ ਜਿੱਤੇ ਸਨ। 1997 ਵਿਚ ਪਹਿਲੀ ਵਾਰ ਅਜੀਤ ਸਿੰਘ ਕੋਹਾੜ ਨੇ ਚੋਣ ਲੜੀ ਸੀ ਤੇ ਉਹ 27 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤੇ ਸਨ। 2002 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਦੋਂ ਪੰਜਾਬ ਵਿਚ ਕਾਂਗਰਸ ਦੀ ਹਵਾ ਸੀ, ਤਾਂ ਵੀ ਇਸ ਹਲਕੇ ਤੋਂ ਅਜੀਤ ਸਿੰਘ ਕੋਹਾੜ ਹੀ ਜੇਤੂ ਰਹੇ ਸਨ।
2007 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਅਜੀਤ ਸਿੰਘ ਕੋਹਾੜ ਨੇ ਕਾਂਗਰਸ ਦੇ ਪੈਰ ਨਹੀਂ ਲੱਗਣ ਦਿੱਤੇ ਸਨ। 2012 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਲੋਹੀਆਂ ਹਲਕੇ ਦਾ ਨਾਂ ਬਦਲ ਕੇ ਸ਼ਾਹਕੋਟ ਰੱਖ ਦਿੱਤਾ ਗਿਆ ਸੀ ਤੇ ਇਸ ਹਲਕੇ ਵਿਚ ਮਹਿਤਪੁਰ ਦਾ ਇਲਾਕਾ ਵੀ ਸ਼ਾਮਲ ਹੋ ਗਿਆ ਸੀ। ਅਜੀਤ ਸਿੰਘ ਕੋਹਾੜ ਨੇ ਲਗਾਤਾਰ ਆਪਣੀ ਚੌਥੀ ਜਿੱਤ ਦਰਜ ਕਰ ਕੇ ਇਸ ਹਲਕੇ ਦੇ ਅਕਾਲੀ ਪੱਖੀ ਹੋਣ ਦਾ ਸਬੂਤ ਦਿੱਤਾ ਸੀ। ਉਪ ਚੋਣ ਦੇ ਐਲਾਨ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗ ਚੁੱਕਾ ਹੈ, ਜਦੋਂ ਪਿਛਲੀਆਂ ਚੋਣਾਂ ਲੜਨ ਵਾਲਾ ਉਨ੍ਹਾਂ ਦਾ ਉਮੀਦਵਾਰ ਅਕਾਲੀ ਦਲ ਵਿਚ ਸ਼ਾਮਲ ਹੋ ਗਿਆ।
____________________
ਅਕਾਲੀ ਦਲ ਨੂੰ ਕੋਹਾੜ ਪਰਿਵਾਰ ‘ਤੇ ਭਰੋਸਾ
ਪੰਜਾਬ ਵਿਚ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਜੀਤ ਸਿੰਘ ਕੋਹਾੜ ਪੰਜਵੀਂ ਵਾਰ ਚੋਣ ਜਿੱਤੇ ਸਨ। ਇਕ ਸਾਲ ਵਿਚ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਔਖੇ ਲੋਕਾਂ ਤੇ ਮੁਲਾਜ਼ਮਾਂ ਦੀ ਨਰਾਜ਼ਗੀ ਅਤੇ ਮਰਹੂਮ ਅਜੀਤ ਸਿੰਘ ਕੋਹਾੜ ਦੇ ਦੇਹਾਂਤ ਕਾਰਨ ਹਮਦਰਦੀ ਵਾਲੀਆਂ ਵੋਟ ਦਾ ਲਾਹਾ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਅਜੀਤ ਸਿੰਘ ਕੋਹਾੜ ਦੇ ਪੁੱਤ ਨਾਇਬ ਸਿੰਘ ਕੋਹਾੜ ਨੂੰ ਉਮੀਦਵਾਰ ਐਲਾਨ ਕੇ ਪਹਿਲਕਦਮੀ ਕੀਤੀ ਹੈ। ਨਾਇਬ ਸਿੰਘ ਕੋਹਾੜ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਹੀ ਹਲਕੇ ਵਿਚ ਸਿਆਸੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਸਨ ਤੇ ਉਨ੍ਹਾਂ ਨੇ ਹਲਕੇ ਦਾ ਦੌਰਾ ਵੀ ਕਰ ਲਿਆ ਹੈ।