ਫੋਨ ਟੈਪਿੰਗ ਬਾਰੇ ਭਾਜਪਾ ਦੀ ਅੰਦਰੂਨੀ ਜੰਗ ਵੱਲ ਜਾਂਦੇ ਸੰਕੇਤ

ਜਤਿੰਦਰ ਪਨੂੰ
ਭਾਰਤੀ ਰਾਜਨੀਤੀ ਦੀ ਜਿਹੜੀ ਕੜ੍ਹੀ ਵਿਚ ਇਸ ਵੇਲੇ ਕੜਛੀ ਘੁੰਮਾਈ ਜਾ ਰਹੀ ਹੈ, ਉਸ ਵਿਚ ਕਈ ਮੁੱਦੇ ਹੋਰ ਵੀ ਹਨ, ਤੇ ਇੱਕ ਤੋਂ ਇੱਕ ਚੜ੍ਹਦੇ ਮਹੱਤਵ ਵਾਲੇ ਹਨ, ਪਰ ਇਨ੍ਹਾਂ ਸਾਰਿਆਂ ਉਤੇ ਟੈਲੀਫੋਨ ਟੈਪਿੰਗ ਦਾ ਮਾਮਲਾ ਭਾਰੂ ਹੋ ਗਿਆ ਹੈ। ਇਹ ਕੋਈ ਛੋਟੀ ਗੱਲ ਵੀ ਨਹੀਂ ਕਿ ਦੇਸ਼ ਦੀ ਪਾਰਲੀਮੈਂਟ ਵਿਚ ਉਪਰਲੇ ਸਦਨ ਦੇ ਵਿਰੋਧੀ ਧਿਰ ਦੇ ਆਗੂ ਦਾ ਫੋਨ ਟੈਪ ਹੁੰਦਾ ਫੜਿਆ ਜਾਵੇ। ਜਾਂਚ ਜਦੋਂ ਅੱਗੇ ਵਧੀ ਤਾਂ ਖਿਲਾਰਾ ਕਈ ਹੋਰ ਆਗੂਆਂ ਦੇ ਫੋਨ ਵੀ ਟੈਪ ਹੋਣ ਤੱਕ ਪਹੁੰਚ ਗਿਆ ਅਤੇ ਕਈ ਕਾਰੋਬਾਰੀ ਘਰਾਣਿਆਂ ਦੇ ਫੋਨਾਂ ਬਾਰੇ ਵੀ ਇਹੋ ਸੂਚਨਾਵਾਂ ਸਾਹਮਣੇ ਆਉਣ ਲੱਗ ਪਈਆਂ। ਇਸ ਕਰ ਕੇ ਇਸ ਤੋਂ ਹੰਗਾਮਾ ਹੋਣਾ ਹੀ ਸੀ। ਕਈ ਸਵਾਲ ਪੁੱਛੇ ਗਏ, ਜਿਨ੍ਹਾਂ ਦੇ ਜਵਾਬ ਦੇਣ ਵਿਚ ਦੇਸ਼ ਦੇ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦੀ ਲਾਚਾਰਗੀ ਇੱਕ ਵਾਰੀ ਫਿਰ ਪ੍ਰਗਟ ਹੋ ਗਈ ਤੇ ਵਿਰੋਧੀ ਧਿਰ ਦੇ ਹੱਲੇ ਉਦੋਂ ਤੱਕ ਤੇਜ਼ ਹੁੰਦੇ ਗਏ, ਜਦੋਂ ਤੱਕ ਮੀਡੀਏ ਨੇ ਇਹ ਗੱਲ ਸਾਹਮਣੇ ਨਾ ਰੱਖ ਦਿੱਤੀ ਕਿ ਇਸ ਮਾਮਲੇ ਵਿਚ ਜਿਹੜੇ ਲੋਕ ਬਹੁਤਾ ਰੌਲਾ ਪਾ ਰਹੇ ਹਨ, ਗੁਨਾਹ ਦੀ ਪੈੜ ਵੀ ਉਨ੍ਹਾਂ ਦੇ ਆਪਣੇ ਘਰ ਵੱਲ ਜਾਂਦੀ ਜਾਪਦੀ ਹੈ।
ਹੈਰਾਨੀ ਵਾਲਾ ਇਹ ਸੱਚ ਕਿੱਦਾਂ ਦਾ ਹੈ, ਇਸ ਦੀ ਗੱਲ ਕਰਨ ਤੋਂ ਪਹਿਲਾਂ ਇਹ ਜਾਣ ਲਿਆ ਜਾਵੇ ਕਿ ਜਿਸ ਦਿਨ ਇਸ ਗੱਲ ਦੀ ਭਿਣਕ ਪਈ ਕਿ ਭਾਜਪਾ ਆਗੂ ਅਤੇ ਰਾਜ ਸਭਾ ਦੇ ਆਪੋਜ਼ੀਸ਼ਨ ਲੀਡਰ ਅਰੁਣ ਜੇਤਲੀ ਦਾ ਫੋਨ ਟੈਪ ਕੀਤਾ ਗਿਆ ਹੈ, ਇਸ ਨੂੰ ਭਾਜਪਾ ਨੇ ਅਠੱਤੀ ਸਾਲ ਪਹਿਲਾਂ ਦੇ ਐਮਰਜੈਂਸੀ ਦੌਰ ਦੀ ਵਾਪਸੀ ਕਿਹਾ ਸੀ। ਮਾਮਲੇ ਦੀ ਜੜ੍ਹ ਇਹ ਸੂਚਨਾ ਬਣੀ ਕਿ ਇੱਕ ਮੋਬਾਈਲ ਫੋਨ ਕੰਪਨੀ ਤੋਂ ਇੱਕ ਸੀਨੀਅਰ ਪੁਲਿਸ ਅਫਸਰ ਨੇ ਅਰੁਣ ਜੇਤਲੀ ਦੇ ਫੋਨ ਦੀ ਕਾਲ-ਡਿਟੇਲ ਮੰਗੀ ਸੀ ਤੇ ਜਦੋਂ ਕੰਪਨੀ ਨੇ ਇਸ ਦੀ ਤਸਦੀਕ ਕਰਨੀ ਚਾਹੀ ਤਾਂ ਉਸ ਅਫਸਰ ਨੇ ਹੈਰਾਨ ਹੋ ਕੇ ਕਿਹਾ ਕਿ ਉਸ ਨੇ ਇਹ ਸੂਚਨਾ ਕਦੇ ਮੰਗੀ ਹੀ ਨਹੀਂ। ਬਾਅਦ ਵਿਚ ਪਤਾ ਲੱਗਾ ਕਿ ਦਿੱਲੀ ਪੁਲਿਸ ਦੇ ਆਮ ਕਰ ਕੇ ਡਿਊਟੀ ਤੋਂ ਗੈਰਹਾਜ਼ਰ ਰਹਿਣ ਵਾਲੇ ਇੱਕ ਸਿਪਾਹੀ ਨੇ ਉਸ ਅਫਸਰ ਦੀ ਈ-ਮੇਲ ਵਰਤ ਕੇ ਕੰਪਨੀ ਵਾਲਿਆਂ ਤੋਂ ਇਹ ਸੂਚਨਾ ਲੈਣ ਦੀ ਕੋਸ਼ਿਸ਼ ਕੀਤੀ ਸੀ। ਇਹ ਗੰਭੀਰ ਮਾਮਲਾ ਸੀ। ਅਫਸਰ ਇਨਾ ਲਾਪਰਵਾਹ ਨਾ ਵੀ ਹੋਵੇ ਤਾਂ ਹੁਣ ਈ-ਮੇਲ ਹੈਕ ਕਰਨ ਵਾਲੇ ਇਨੇ ਕੁ ਤੇਜ਼ ਹੋ ਗਏ ਹਨ ਕਿ ਕਿਸੇ ਦੀ ਈ-ਮੇਲ ਵੀ ਕੱਢ ਕੇ ਕਿਸੇ ਨੂੰ ਸੁਨੇਹਾ ਘੱਲ ਸਕਦੇ ਹਨ। ਸਾਨੂੰ ਵੀ ਕਈ ਵਾਰ ਕਈ ਲੋਕਾਂ ਦੇ ਹੈਰਾਨੀਜਨਕ ਈ-ਮੇਲ ਸੁਨੇਹੇ ਮਿਲੇ ਹਨ ਕਿ ਉਹ ਸੰਕਟ ਵਿਚ ਹਨ ਤੇ ਕੁਝ ਪੈਸਿਆਂ ਦੀ ਮਦਦ ਦੀ ਲੋੜ ਹੈ ਪਰ ਜਦੋਂ ਵੀ ਫੋਨ ਕਰ ਕੇ ਪੁੱਛਿਆ ਗਿਆ ਤਾਂ ਝੂਠਾ ਸੁਨੇਹਾ ਕਿਸੇ ਹੋਰ ਨੇ ਭੇਜਿਆ ਨਿਕਲਿਆ ਸੀ। ਇਹ ਹੁਣ ਆਮ ਗੱਲ ਹੁੰਦੀ ਜਾਂਦੀ ਹੈ ਪਰ ਕੁਝ ਹੋਰ ਗੱਲਾਂ ਧਿਆਨ ਮੰਗਦੀਆਂ ਹਨ।
ਧਿਆਨ ਮੰਗਦੀਆਂ ਇਨ੍ਹਾਂ ਗੱਲਾਂ ਵਿਚੋਂ ਇੱਕ ਇਹ ਹੈ ਕਿ ਜਿਸ ਸਿਪਾਹੀ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਪਿੱਛੋਂ ਗ੍ਰਿਫਤਾਰੀਆਂ ਦਾ ਸਿਲਸਿਲਾ ਚੱਲਿਆ ਹੈ, ਉਹ ਮਾਮੂਲੀ ਤਨਖਾਹ ਲੈਣ ਵਾਲਾ ਬੰਦਾ ਮਹਿੰਗੀਆਂ ਕਾਰਾਂ ਉਤੇ ਦਿੱਲੀ ਵਿਚ ਘੁੰਮਦਾ ਸੀ ਤੇ ਕਿਸੇ ਪੁਲਿਸ ਅਫਸਰ ਨੇ ਕਦੀ ਚੈਕ ਹੀ ਨਹੀਂ ਸੀ ਕੀਤਾ। ਆਮ ਕਰ ਕੇ ਡਿਊਟੀ ਤੋਂ ਗੈਰਹਾਜ਼ਰ ਰਹਿੰਦਾ ਸੀ, ਪਰ ਪੁਲਿਸ ਦਫਤਰ ਆ ਕੇ ਕਿਸੇ ਕੰਪਿਊਟਰ ਦੀ ਵਰਤੋਂ ਵੀ ਕਰ ਲੈਂਦਾ ਸੀ। ਇੰਜ ਕਰਨ ਵਾਲਾ ਬੰਦਾ ਕੱਲ੍ਹ ਨੂੰ ਕੋਈ ਵੱਡਾ ਖਤਰਾ ਵੀ ਖੜਾ ਕਰ ਸਕਦਾ ਸੀ। ਸਾਫ ਹੈ ਕਿ ਪੁਲਿਸ ਅਫਸਰਾਂ ਦੀ ਲਾਪਰਵਾਹੀ ਦੀ ਇਹ ਇੱਕ ਭੱਦੀ ਮਿਸਾਲ ਹੈ। ਗ੍ਰਹਿ ਮੰਤਰੀ ਨੇ ਕਿਸੇ ਅਫਸਰ ਵਿਰੁਧ ਕਾਰਵਾਈ ਦਾ ਸੰਕੇਤ ਨਹੀਂ ਦਿੱਤਾ। ਕਿਉਂਕਿ ਉਸ ਨੇ ਕਿਸੇ ਅਫਸਰ ਦੇ ਵਿਰੁਧ ਕਾਰਵਾਈ ਦਾ ਸੰਕੇਤ ਨਹੀਂ ਦਿੱਤਾ, ਇਸ ਲਈ ਵਿਰੋਧੀ ਧਿਰ ਨੂੰ ਇਹ ਕਹਿਣ ਦਾ ਮੌਕਾ ਆਪਣੇ ਆਪ ਮਿਲ ਗਿਆ ਕਿ ਸਰਕਾਰ ਦੇ ਪੱਖ ਵਿਚ ਕੁਝ ਕਾਲਾ ਜ਼ਰੂਰ ਹੈ।
ਇਸ ਦੇ ਬਾਅਦ ਜੋ ਕੁਝ ਮੀਡੀਆ ਸਾਹਮਣੇ ਲੈ ਆਇਆ, ਉਸ ਦੀ ਪਹਿਲੀ ਗੱਲ ਇਹ ਹੈ ਕਿ ਅਰੁਣ ਜੇਤਲੀ ਇਕੱਲੇ ਦੇ ਫੋਨ ਦੀ ਕਾਲ-ਡਿਟੇਲ ਨਹੀਂ ਕੱਢਵਾਈ ਗਈ, ਕਈ ਹੋਰ ਲੋਕਾਂ ਬਾਰੇ ਵੀ ਸੂਚਨਾ ਮੰਗੀ ਗਈ ਹੈ। ਦੂਸਰੀ ਇਹ ਕਿ ਜਿਨ੍ਹਾਂ ਦੀ ਕਾਲ-ਡਿਟੇਲ ਮੰਗੀ ਗਈ, ਉਨ੍ਹਾਂ ਵਿਚੋਂ ਬਹੁਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਹਨ ਤੇ ਉਨ੍ਹਾਂ ਵਿਚੋਂ ਕਈ ਇਹੋ ਜਿਹੇ ਹਨ, ਜਿਨ੍ਹਾਂ ਦਾ ਆਪੋ ਵਿਚ ਬੋਲਚਾਲ ਤੱਕ ਨਹੀਂ ਤੇ ਇੱਕ ਦੂਸਰੇ ਦੇ ਪੱਕੇ ਵਿਰੋਧੀ ਹਨ। ਤੀਸਰੀ ਇਹ ਕਿ ਦਿੱਲੀ ਵਾਲੇ ਸਿਪਾਹੀ ਤੋਂ ਬਾਅਦ ਜਿਹੜਾ ਪ੍ਰਾਈਵੇਟ ਜਾਸੂਸ ਅਰਵਿੰਦ ਫੜਿਆ ਗਿਆ, ਉਹ ਵੀ ਉਨ੍ਹਾਂ ਦੇ ਇੱਕ ਆਪਣੇ ਨੇਤਾ ਸੁਧਾਂਸ਼ੂ ਮਿੱਤਲ ਦਾ ਨੇੜੂ ਰਹਿ ਚੁੱਕਾ ਹੈ ਤੇ ਭਾਜਪਾ ਨੇਤਾ ਸੁਧਾਂਸ਼ੂ ਮਿੱਤਲ ਆਪ ਵੀ ਕਾਫੀ ਚਰਚਿਤ ਹੈ। ਸੁਧਾਂਸ਼ੂ ਮੰਨ ਰਿਹਾ ਹੈ ਕਿ ਉਸ ਦਾ ਇਸ ਜਾਸੂਸ ਨਾਲ ਨੇੜ ਰਹਿ ਚੁੱਕਾ ਹੈ ਪਰ ਕਮਾਲ ਇਹ ਹੈ ਕਿ ਸੁਧਾਂਸ਼ੂ ਮਿੱਤਲ ਦੇ ਆਪਣੇ ਫੋਨ ਦੀ ਕਾਲ-ਡਿਟੇਲ ਵੀ ਇਸ ਜਾਸੂਸ ਨੇ ਕੱਢਵਾਈ ਹੋਈ ਸੀ। ਇਸ ਤੋਂ ਬਾਅਦ ਕੇਂਦਰੀ ਮੰਤਰੀ ਹਰੀਸ਼ ਰਾਵਤ ਨੂੰ ਇਹ ਕਹਿਣ ਦਾ ਮੌਕਾ ਮਿਲ ਗਿਆ ਕਿ ਇਹ ਸਾਰਾ ਕਚਰਾ ਭਾਜਪਾ ਵਾਲਿਆਂ ਦੇ ਆਪਣੇ ਘਰ ਵਿਚ ਪੈਦਾ ਹੋਇਆ ਸੀ ਤੇ ਸਾਡੇ ਵੱਲ ਸੁੱਟ ਕੇ ਆਪਣਾ ਅੰਦਰੂਨੀ ਸੰਕਟ ਟਾਲਣਾ ਚਾਹੁੰਦੇ ਹਨ।
ਅਸਲੀਅਤ ਇਹ ਹੋ ਸਕਦੀ ਹੈ ਕਿ ਇਸ ਵਿਚ ਭਾਜਪਾ ਆਗੂ ਇੱਕ ਦੂਸਰੇ ਬਾਰੇ ਕੁਝ ਨਾ ਕੁਝ ‘ਹੱਥ ਵਿਚ’ ਰੱਖਣ ਤੇ ਮੌਕਾ ਆਏ ਤੋਂ ਵਰਤਣ ਦੀ ਖੇਡ ਖੇਡ ਰਹੇ ਹੋਣ। ਕਰਨਾਟਕ ਦੇ ਖਾਣ-ਮਾਫੀਆ ਮੰਨੇ ਜਾਂਦੇ ਰੈਡੀ ਭਰਾਵਾਂ ਨੂੰ ਕੇਂਦਰੀ ਭਾਜਪਾ ਆਗੂ ਸੁਸ਼ਮਾ ਸਵਰਾਜ ਵੱਲੋਂ ਸਰਪ੍ਰਸਤੀ ਦੇਣ ਦਾ ਕਿੱਸਾ ਕਿਸੇ ਹੋਰ ਨੇ ਬਾਹਰ ਕੱਢ ਕੇ ਨਹੀਂ ਸੀ ਲਿਆਂਦਾ, ਇਹ ਉਸ ਪਾਰਟੀ ਦੇ ਅੰਦਰੂਨੀ ਕਲੇਸ਼ ਦਾ ਕ੍ਰਿਸ਼ਮਾ ਸੀ। ਇਦਾਂ ਕਈ ਵਾਰੀ ਕਾਂਗਰਸ ਵਿਚ ਵੀ ਹੁੰਦਾ ਹੈ। ਰਾਜਸੀ ਖੇਤਰ ਦੇ ਘੁਲਾਟੀਏ ਇੱਕ ਦੂਸਰੇ ਵਿਰੁਧ ਕਈ ਕੁਝ ਕਰ ਲੈਂਦੇ ਹਨ। ਜਦੋਂ ਨਰਿੰਦਰ ਮੋਦੀ ਨੂੰ ਇਹ ਜਾਪਿਆ ਸੀ ਕਿ ਉਸ ਦੇ ਖਿਲਾਫ ਆਰ ਐਸ ਐਸ ਲੀਡਰਸ਼ਿਪ ਦਾ ਇੱਕ ਪ੍ਰਤੀਨਿਧ ਕੋਈ ਗੁੱਟਬੰਦੀ ਕਰਨ ਲੱਗ ਪਿਆ ਹੈ ਤਾਂ ਅਗਲੇ ਦਿਨੀਂ ਉਸ ਆਰ ਐਸ ਐਸ ਪ੍ਰਤੀਨਿਧ ਦੀ ਬਲਿਊ ਸੀ ਡੀ ਬਾਜ਼ਾਰਾਂ ਵਿਚ ਆ ਗਈ ਸੀ। ਇਹ ਕਿਸੇ ਹੋਰ ਦਾ ਕੰਮ ਨਹੀਂ ਸੀ, ਭਾਜਪਾ ਅਤੇ ਆਰ ਐਸ ਐਸ ਦੇ ਆਪਣੇ ਬੰਦਿਆਂ ਦਾ ਸਾਰਾ ਕੁਝ ਕੀਤਾ ਹੋਇਆ ਸੀ।
ਰਹੀ ਗੱਲ ਫੋਨ ਟੈਪ ਕਰਨ ਦੀ, ਇਸ ਮਾਮਲੇ ਵਿਚ ਟੈਪਿੰਗ ਨਹੀਂ ਹੋਈ, ਸਿਰਫ ਕਾਲ-ਡਿਟੇਲ ਕਢਾਉਣ ਦੀ ਕੋਸ਼ਿਸ਼ ਹੋਈ ਹੈ, ਜਿਸ ਤੋਂ ਇਹ ਪਤਾ ਲੱਗ ਸਕੇ ਕਿ ਉਸ ਬੰਦੇ ਦਾ ਕਿਸ ਨਾਲ ਕਿੰਨਾ ਕੁ ਸੰਪਰਕ ਹੈ। ਉਂਜ ਟੈਲੀਫੋਨ ਟੈਪ ਕਰਨ ਦਾ ਭਾਰਤ ਵਿਚ ਪੁਰਾਣਾ ਰਿਵਾਜ ਹੈ। ਇੱਕ ਖੁਫੀਆ ਸੇਵਾ ਵਿਚ ਲੱਗੇ ਰਹੇ ਅਧਿਕਾਰੀ ਨੇ ਰਿਟਾਇਰ ਹੋਣ ਦੇ ਬਾਅਦ ਲਿਖੀ ਆਪਣੀ ਕਿਤਾਬ ਵਿਚ ਇਹ ਵੀ ਲਿਖ ਦਿੱਤਾ ਸੀ ਕਿ ਉਹ ਸਰਕਾਰ ਦੇ ਕਹਿਣ ਉਤੇ ਨਹਿਰੂ-ਗਾਂਧੀ ਪਰਿਵਾਰ ਦੀ ਇੱਕ ਬੀਬੀ ਦੇ ਘਰ ਵਿਚ ਲੱਗੇ ਫੋਨ ਟੈਪ ਕਰਨ ਦੇ ਜੰਤਰ ਫਿੱਟ ਕਰਵਾਉਣ ਗਿਆ ਸੀ। ਅੱਜ ਦਾ ਯੁੱਗ ਹੁੰਦਾ ਤਾਂ ਇਹ ਤਰੱਦਦ ਨਹੀਂ ਸੀ ਕਰਨਾ ਪੈਣਾ। ਹੁਣ ਇਹੋ ਜਿਹੇ ਜੰਤਰ ਆ ਗਏ ਹਨ ਕਿ ਕੋਈ ਬੰਦਾ ਕਿਸੇ ਦੇ ਘਰ ਦੇ ਅੱਗੇ ਖੜੀ ਗੱਡੀ ਵਿਚ ਬੈਠਾ ਉਸ ਦੇ ਸਾਰੇ ਫੋਨ ਦੀ ਗੱਲਬਾਤ ਰਿਕਾਰਡ ਕਰ ਸਕਦਾ ਹੈ ਤੇ ਇਸ ਦਾ ਅਗਲੇ ਨੂੰ ਪਤਾ ਵੀ ਨਹੀਂ ਲੱਗਦਾ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਇਹੋ ਦੋਸ਼ ਅਕਾਲੀ ਦਲ (ਬਾਦਲ) ਨੇ ਲਾਇਆ ਸੀ ਤੇ ਜਦੋਂ ਅਕਾਲੀ-ਭਾਜਪਾ ਸਰਕਾਰ ਆ ਗਈ ਤਾਂ ਇਸ ਦੋਸ਼ ਦੀ ਲਪੇਟ ਵਿਚ ਆਏ ਕਈ ਵੱਡੇ ਪੁਲਿਸ ਅਫਸਰਾਂ ਨੂੰ ਖੁੱਡੇ ਲਾਉਣ ਤੋਂ ਇਲਾਵਾ ਉਨ੍ਹਾਂ ਦੇ ਖਿਲਾਫ ਕੇਸ ਵੀ ਦਰਜ ਕਰਵਾਏ ਗਏ ਸਨ। ਜਾਣਨ ਵਾਲੀ ਵੱਡੀ ਗੱਲ ਇਹ ਨਹੀਂ ਕਿ ਬਾਅਦ ਵਿਚ ਉਨ੍ਹਾਂ ਅਫਸਰਾਂ ਵਿਰੁਧ ਬਣੇ ਕੇਸਾਂ ਦਾ ਕੀ ਬਣਿਆ, ਸਗੋਂ ਇਹ ਹੈ ਕਿ ਕਿਸੇ ਵੀ ਰਾਜ ਦੀ ਕੋਈ ਵੀ ਸਰਕਾਰ ਇਸ ਖੇਡ ਨੂੰ ਖੇਡਣ ਤੋਂ ਨਹੀਂ ਰਹਿੰਦੀ ਤੇ ਮੰਨਦੀ ਵੀ ਕੋਈ ਨਹੀਂ ਹੁੰਦੀ।
ਸਾਨੂੰ ਦੋ ਕੁ ਸਾਲ ਪਹਿਲਾਂ ਦਾ ਟੈਲੀਕਾਮ ਸਕੈਂਡਲ ਯਾਦ ਕਰਨਾ ਚਾਹੀਦਾ ਹੈ। ਉਸ ਵਿਚ ਇੱਕ ਬੀਬੀ ਨੀਰਾ ਰਾਡੀਆ ਦਾ ਨਾਂ ਗੂੰਜਿਆ ਸੀ ਤੇ ਪਤਾ ਇਹ ਲੱਗਾ ਸੀ ਕਿ ਸਿਰਫ ਪੰਦਰਾਂ ਲੱਖ ਰੁਪਏ ਨਾਲ ਏਅਰ ਲਾਈਨ ਕੰਪਨੀ ਖੋਲ੍ਹਣ ਦਾ ਇਰਾਦਾ ਬਣਾਈ ਫਿਰਦੀ ਉਹ ਬੀਬੀ ਕੁਝ ਦਿਨਾਂ ਵਿਚ ਹੀ ਨੌਂ ਸੌ ਕਰੋੜ ਰੁਪਏ ਦੀ ਮਾਲਕ ਬਣ ਗਈ ਸੀ। ਮੀਡੀਆ ਦੇ ਦੋ ਵੱਡੇ ਮਹਾਂਰਥੀ ਵੀ ਉਸ ਨਾਲ ਜੁੜੇ ਦੱਸੇ ਗਏ ਸਨ ਤੇ ਕਈ ਵੱਡੇ ਕਾਰਪੋਰੇਟ ਘਰਾਣਿਆਂ ਵਾਲੇ ਵੀ ਉਸ ਨਾਲ ਸਬੰਧਾਂ ਦਾ ਲਾਭ ਲੈ ਕੇ ਟੈਲੀਕਾਮ ਦੇ ਸਪੈਕਟਰਮ ਅਲਾਟ ਕਰਵਾਉਣ ਲਈ ਜਾਣੇ ਗਏ ਸਨ। ਜਦੋਂ ਉਸ ਬੀਬੀ ਦੀਆਂ ਫੋਨ ਉਤੇ ਕੀਤੀਆਂ ਗੱਲਾਂ ਦੀ ਕਹਾਣੀ ਬਾਹਰ ਆਈ ਤੇ ਇੱਕ ਅਖਬਾਰ ਨੇ ਉਹ ਗੱਲਬਾਤ ਛਾਪਣੀ ਸ਼ੁਰੂ ਕੀਤੀ ਤਾਂ ਸਭ ਤੋਂ ਪਹਿਲਾਂ ਦੇਸ਼ ਦਾ ਵੱਡਾ ਉਦਯੋਗਪਤੀ ਰਤਨ ਟਾਟਾ ਸੁਪਰੀਮ ਕੋਰਟ ਗਿਆ ਸੀ ਕਿ ਮੇਰੀ ਨਿੱਜਤਾ ਦੀ ਉਲੰਘਣਾ ਹੁੰਦੀ ਹੈ। ਉਨ੍ਹਾਂ ਟੇਪਾਂ ਦਾ ਸਾਰਾ ਸੱਚ ਅਜੇ ਤੱਕ ਵੀ ਸਾਹਮਣੇ ਨਹੀਂ ਆ ਸਕਿਆ, ਪਰ ਇਹ ਗੱਲ ਮੰਨ ਲਈ ਗਈ ਸੀ ਕਿ ਕਿਸੇ ਏਜੰਸੀ ਨੇ ਨੀਰਾ ਰਾਡੀਆ ਦੀਆਂ ਸ਼ੱਕੀ ਸਰਗਰਮੀਆਂ ਕਾਰਨ ਉਸ ਦੇ ਫੋਨ ਟੈਪ ਕਰਵਾਏ ਸਨ, ਜਿਨ੍ਹਾਂ ਦੇ ਆਧਾਰ ਉਤੇ ਉਸ ਨੂੰ ਹੱਥ ਪਾਇਆ ਜਾ ਸਕਿਆ ਸੀ।
ਨੀਰਾ ਰਾਡੀਆ ਤੋਂ ਪਹਿਲਾਂ ਇੱਕ ਸੀਨੀਅਰ ਆਈ ਏ ਐਸ ਅਫਸਰ ਰਵੀ ਇੰਦਰ ਸਿੰਘ ਦਾ ਮਾਮਲਾ ਬਾਹਰ ਆਇਆ ਸੀ, ਜਿਹੜਾ ਆਪਣੇ ਸਰਕਾਰੀ ਬੰਗਲੇ ਵਿਚ ਰਹਿਣ ਦੀ ਥਾਂ ਇੱਕ ਆਲੀਸ਼ਨ ਨਿੱਜੀ ਬੰਗਲੇ ਵਿਚ ਰਹਿੰਦਾ ਸੀ ਤੇ ਉਸ ਕੋਲ ਮਹਿੰਗੀਆਂ ਕਾਰਾਂ ਦਾ ਕਾਫਲਾ ਹੁੰਦਾ ਸੀ। ਉਹ ਚਾਲ-ਚੱਲਣ ਵੱਲੋਂ ਵੀ ਕਾਲੇ ਕਿਰਦਾਰ ਦਾ ਸੀ। ਕੁਝ ਸ਼ੱਕ ਪੈਣ ਉਤੇ ਉਸ ਦੇ ਫੋਨ ਟੈਪ ਕੀਤੇ ਗਏ ਤਾਂ ਪਤਾ ਲੱਗਾ ਕਿ ਉਹ ਆਪਣੀ ਸਰਕਾਰੀ ਪਦਵੀ ਦੀ ਦੁਰਵਰਤੋਂ ਕਰ ਕੇ ਕੁਝ ਲੋਕਾਂ ਨੂੰ ਲਾਭ ਪੁਚਾਉਂਦਾ ਤੇ ਮਾਲ ਕਮਾਉਂਦਾ ਸੀ। ਇੱਕ ਅਮਰੀਕੀ ਕੰਪਨੀ ਟੈਲੀਕਾਰਡੀਆ ਦੀ ਫਾਈਲ ਨੂੰ ਜਦੋਂ ਉਸ ਨੇ ਪਾਸ ਕੀਤਾ ਤਾਂ ਪਹਿਲਾ ਸ਼ੱਕ ਉਦੋਂ ਪਿਆ, ਜਿਹੜਾ ਉਸ ਦੀ ਗ੍ਰਿਫਤਾਰੀ ਤੱਕ ਚਲਾ ਗਿਆ ਸੀ। ਫੌਜ ਦੇ ਕਈ ਵੱਡੇ ਅਫਸਰਾਂ ਦੇ ਫੋਨ ਵੀ ਟੈਪ ਕੀਤੇ ਜਾਣ ਦਾ ਕਈ ਵਾਰੀ ਰੌਲਾ ਪਿਆ ਹੈ ਤੇ ਪਿਛਲੇ ਫੌਜ ਮੁਖੀ ਵੀ ਕੇ ਸਿੰਘ ਦੇ ਖਿਲਾਫ ਵੀ ਇਹ ਦੋਸ਼ ਲੱਗਾ ਸੀ ਕਿ ਉਸ ਨੇ ਆਪਣੇ ਤੌਰ ਉਤੇ ਇੱਕ ਵਿਸ਼ੇਸ਼ ਖੁਫੀਆ ਸੈਲ ਇਨ੍ਹਾਂ ਕੰਮਾਂ ਵਾਸਤੇ ਬਣਾ ਲਿਆ ਸੀ, ਜਿਸ ਦੀ ਹਰ ਰਿਪੋਰਟ ਸਿੱਧੀ ਉਸੇ ਨੂੰ ਮਿਲਦੀ ਸੀ। ਕਈ ਰਾਜਾਂ ਦੀ ਪੁਲਿਸ ਵੀ ਏਦਾਂ ਦੇ ਕੰਮ ਕਰ ਲੈਂਦੀ ਹੈ ਤੇ ਮੌਕੇ ਦੀਆਂ ਸਰਕਾਰਾਂ ਨੂੰ ਇਸ ਦਾ ਪਤਾ ਨਹੀਂ ਲੱਗਦਾ। ਸਰਕਾਰਾਂ ਜਾਂ ਸਰਕਾਰੀ ਏਜੰਸੀਆਂ ਤੋਂ ਇਲਾਵਾ ਇਹ ਕੰਮ ਬਾਹਰੋ ਬਾਹਰ ਕੁਝ ਹੋਰ ਲੋਕ ਵੀ ਕਰ ਲੈਂਦੇ ਹਨ। ਸਲਮਾਨ ਖਾਨ ਨੇ ਐਸ਼ਵਰਿਆ ਰਾਏ ਨੂੰ ਇੱਕ ਵਾਰੀ ਰਾਤ ਨੂੰ ਸ਼ਰਾਬ ਪੀ ਕੇ ਫੋਨ ਉਤੇ ਗਾਲ੍ਹਾਂ ਕੱਢ ਦਿੱਤੀਆਂ ਤਾਂ ਉਸ ਦੀ ਰਿਕਾਰਡਿੰਗ ਇੱਕ ਅਖਬਾਰ ਵਿਚ ਛਪ ਗਈ ਸੀ, ਜਿਸ ਬਾਰੇ ਉਸ ਰਾਜ ਦੀ ਕਿਸੇ ਏਜੰਸੀ ਨੂੰ ਉਸ ਵਕਤ ਤੱਕ ਪਤਾ ਹੀ ਨਹੀਂ ਸੀ।
ਗੱਲ ਫਿਰ ਆ ਜਾਂਦੀ ਹੈ ਭਾਜਪਾ ਆਗੂਆਂ ਦੇ ਫੋਨਾਂ ਦੀ ਕਾਲ-ਡਿਟੇਲ ਕਢਾਉਣ ਦੇ ਮੁੱਦੇ ਦੀ। ਇਸ ਵਾਰ ਫਸ ਗਏ ਪ੍ਰਾਈਵੇਟ ਜਾਸੂਸ ਅਰਵਿੰਦ ਦੀ ਜਿਸ ਭਾਜਪਾ ਆਗੂ ਸੁਧਾਂਸ਼ੂ ਮਿੱਤਲ ਦੇ ਨਾਲ ਨੇੜਤਾ ਜ਼ਾਹਰ ਹੋਈ ਹੈ, ਉਸ ਦੇ ਨਾਲ ਇੱਕ ਵਾਰੀ ਭਾਜਪਾ ਦੇ ਰਾਜ ਸਭਾ ਵਿਚ ਆਗੂ ਅਰੁਣ ਜੇਤਲੀ ਦਾ ਵੱਡਾ ਪੇਚਾ ਪੈ ਚੁਕਾ ਹੈ। ਜਦੋਂ 2009 ਦੀਆਂ ਪਾਰਲੀਮੈਂਟ ਚੋਣਾਂ ਹੋਣ ਵਾਲੀਆਂ ਸਨ, ਉਸ ਤੋਂ ਪਹਿਲਾਂ ਸੁਧਾਂਸ਼ੂ ਮਿੱਤਲ ਨੂੰ ਪਾਰਟੀ ਹਾਈ ਕਮਾਨ ਨੇ ਕੁਝ ਕੰਮਾਂ ਲਈ ਇੰਚਾਰਜ ਲਾ ਦਿੱਤਾ, ਜਿਨ੍ਹਾਂ ਦਾ ਚਾਰਜ ਪਹਿਲਾਂ ਅਰੁਣ ਜੇਤਲੀ ਕੋਲ ਸੀ ਤੇ ਅਰੁਣ ਜੇਤਲੀ ਇਸ ਤੋਂ ਏਨਾ ਚਿੜਿਆ ਕਿ ਉਸ ਨੇ ਪਾਰਟੀ ਛੱਡ ਕੇ ਘਰ ਬੈਠ ਜਾਣ ਦਾ ਐਲਾਨ ਹੀ ਕਰ ਦਿੱਤਾ ਸੀ। ਫਿਰ ਭਾਜਪਾ ਲੀਡਰਸ਼ਿਪ ਨੇ ਸਮਝੌਤਾ ਕਰਵਾਇਆ ਸੀ। ਰੇੜਕਾ ਕੁਝ ਪਾਰਟੀ ਕੰਮਾਂ ਦਾ ਨਹੀਂ, ਸਗੋਂ ਇਹ ਸੀ ਕਿ ਮਰਹੂਮ ਪਰਮੋਦ ਮਹਾਜਨ ਜਿਹੜੇ ਕੰਮ ਵਾਜਪਾਈ ਦੌਰ ਵਿਚ ਕਰਦਾ ਹੁੰਦਾ ਸੀ, ਉਨ੍ਹਾਂ ਕੰਮਾਂ ਨੂੰ ਸਾਂਭਣ ਦੀ ਖਿੱਚੋਤਾਣ ਸੀ। ਵੱਡਾ ਕੰਮ ਇਹ ਸੀ ਕਿ ਭਾਜਪਾ ਨੂੰ ਮੋਟੇ ਚੰਦੇ ਦੇਣ ਵਾਲੇ ਕਾਰਪੋਰੇਟ ਘਰਾਣਿਆਂ ਨਾਲ ਸੰਪਰਕ ਕਿਸ ਆਗੂ ਰਾਹੀਂ ਰੱਖਿਆ ਜਾਵੇ, ਤੇ ਇਸ ਕੰਮ ਵਿਚ ਜੇਤਲੀ ਤੇ ਮਿੱਤਲ ਦੋਵੇਂ ਇੱਕ ਦੂਸਰੇ ਦੇ ਸ਼ਰੀਕ ਬਣ ਖੜੋਤੇ ਸਨ। ਹੁਣ ਜਦੋਂ ਭਾਜਪਾ ਦੇ ਅੰਦਰ ਇਹ ਜੰਗ ਚੱਲ ਰਹੀ ਹੈ ਕਿ ਅਗਲੇ ਸਾਲ ਆ ਰਹੀਆਂ ਚੋਣਾਂ ਵਿਚ ਪ੍ਰਧਾਨ ਮੰਤਰੀ ਦੀ ਪਦਵੀ ਲਈ ਕਿਸ ਨੂੰ ਉਮੀਦਵਾਰ ਬਣਾਇਆ ਜਾਵੇ ਤਾਂ ਨਰਿੰਦਰ ਮੋਦੀ ਤੋਂ ਇਲਾਵਾ ਜਿਹੜੇ ਅੱਧੀ ਦਰਜਨ ਦਾਅਵੇਦਾਰ ਹਨ, ਉਨ੍ਹਾਂ ਨੂੰ ਵੀ ਇੱਕ ਦੂਸਰੇ ਦੇ ਹੀਜ-ਪਿਆਜ਼ ਦੀ ਜਾਣਕਾਰੀ ਰੱਖਣ ਦੀ ਲੋੜ ਹੋਣਾ ਸੁਭਾਵਕ ਹੈ। ਕੱਲ੍ਹ ਨੂੰ ਭਾਵੇਂ ਇਸ ਵਿਚ ਕਾਂਗਰਸੀ ਆਗੂਆਂ ਦੀ ਕਾਰਸਤਾਨੀ ਵੀ ਨਿਕਲ ਆਵੇ, ਅੱਜ ਦੀ ਘੜੀ ਮਾਮਲਾ ਭਾਜਪਾ ਦੀ ਖਾਨਾਜੰਗੀ ਦਾ ਹੀ ਜਾਪ ਰਿਹਾ ਹੈ।

Be the first to comment

Leave a Reply

Your email address will not be published.