ਨਾਕਹੁ ਕਾਟੀ ਕਾਨਹੁ ਕਾਟੀ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਯਕੀਨ ਤਾਂ ਆਉਂਦਾ ਨਹੀਂ ਕਿ ਪਰੀਪੂਰਨ ਪਰਮਾਤਮਾ ਆਪਣਾ ‘ਸਟੇਟਸ’ ਦਿਖਾਉਣ ਲਈ ਕਿਸੇ ‘ਕੰਪੀਟੀਸ਼ਨ’ ਵਿਚ ਪਿਆ ਹੋਵੇਗਾ ਪਰ ਇਸ ਪੌਰਾਣਕ ਕਥਾ ਦਾ ਭਗਤ ਕਬੀਰ ਦੇ ਇਸ ਸ਼ਬਦ ਨਾਲ ਢੋਅ ਮੇਲ ਮਿਲਾਇਆ ਜਾਂਦਾ ਪੜ੍ਹ ਕੇ ਸੱਚ ਨਾ ਸਹੀ, ਪਰ ‘ਸੱਚ ਜਿਹਾ’ ਜ਼ਰੂਰ ਮਹਿਸੂਸ ਹੋਣ ਲੱਗ ਪੈਂਦਾ ਹੈ। ਵੈਸੇ ਵੀ ਇਹੋ ਜਿਹੀਆਂ ਕਥਾ-ਕਹਾਣੀਆਂ ਦਾ ਖੁਰਾ ਖੋਜ ਲੱਭਣ ਦਾ ਕੰਮ ਖੋਜੀ ਇਤਿਹਾਸਕਾਰਾਂ ਦੇ ਜ਼ਿੰਮੇ ਛੱਡ ਕੇ ਸਾਨੂੰ ਇਨ੍ਹਾਂ ਤੋਂ ਸੇਧ ਹੀ ਲੈ ਲੈਣੀ ਚਾਹੀਦੀ ਹੈ, ਅੰਬਾਂ ਦੇ ਦਰੱਖਤ ਗਿਣਨ ਦੀ ਥਾਂ ਅੰਬ ਚੂਪਣ ਦਾ ਸੁਆਦ ਹੀ ਲੈਣਾ ਚਾਹੀਦਾ ਹੈ। ਕੁਝ ਇਹੋ ਜਿਹੀ ਭਾਵਨਾ ਅਧੀਨ ਇਹ ਦਿਲਚਸਪ ਕਥਾ ਲਿਖ ਰਿਹਾ ਹਾਂ।
ਕਹਿੰਦੇ ਹਨ, ਇਕ ਵਾਰ ਲੱਛਮੀ ਭਾਵ ਮਾਇਆ ਦੀ ਰੱਬ ਨਾਲ ਬਹਿਸ ਹੋ ਗਈ ਕਿ ਸਾਡੇ ਦੋਹਾਂ ਵਿਚੋਂ ਵਡਿਆਈ ਕਿਸ ਦੀ ਜ਼ਿਆਦਾ ਹੈ? ਹੰਕਾਰ ਵਿਚ ਆਈ ਲੱਛਮੀ ਇਹ ਦਾਅਵਾ ਕਰਨ ਲੱਗੀ ਕਿ ਸਗਲ ਬ੍ਰਹਿਮੰਡ ਵਿਚ ਮੇਰਾ ਹੀ ਪਸਾਰਾ ਛਾਇਆ ਹੋਇਆ ਹੈ, ਇਸ ਕਾਰਨ ਵੱਡੀ ਤਾਂ ਮੈਂ ਹਾਂ। ਹੰਕਾਰੀ ਹੋਈ ਲੱਛਮੀ ਦਾ ਇਹ ਦਾਅਵਾ ਸੁਣ ਕੇ ਭਗਵਾਨ ਜੀ ਵੀ ਤੈਸ਼ ਵਿਚ ਆ ਗਏ। ਉਨ੍ਹਾਂ ਆਪਣੇ ਸਰਬ ਕਲਾ ਸਮਰੱਥ ਹੋਣ ਦਾ ਐਲਾਨ ਕਰ ਦਿੱਤਾ।
“ਇੰਜ ਨਹੀਂ ਮੈਂ ਮੰਨਦੀ, ਮੇਰੇ ਨਾਲ ਮਾਤ ਲੋਕ ਵਿਚ ਚੱਲੋ, ਫਿਰ ਦੇਖਦੇ ਹਾਂ ਕਿ ਕੌਣ ਕਿੰਨੇ ਪਾਣੀ ਵਿਚ ਹੈ?” ਲੱਛਮੀ ਦਾ ਇਹ ਚੈਲੰਜ ਕਬੂਲ ਕਰਦਿਆਂ ਭਗਵਾਨ ਜੀ ਝੱਟ ਤਿਆਰ ਹੋ ਗਏ।
ਆਪੋ-ਆਪਣਾ ਹੁਲੀਆ ਬਦਲ ਕੇ ਦੋਵੇਂ ਮਾਤ ਲੋਕ ਵਿਚ ਘੁੰਮਣ ਲੱਗੇ। ਲੱਛਮੀ ਨੇ ਰਾਜ ਮਹਿਲਾਂ ਵਰਗੇ ਕਿਸੇ ਅਮੀਰਜ਼ਾਦੇ ਦੇ ਘਰ ਵੱਲ ਇਸ਼ਾਰਾ ਕਰ ਕੇ ਭਗਵਾਨ ਨੂੰ ਕਿਹਾ ਕਿ ਤੁਸੀਂ ਉਸ ਘਰ ਵਿਚ ਰੈਣ ਬਸੇਰਾ ਕਰ ਕੇ ਵਿਖਾਉ, ਤੁਹਾਨੂੰ ਆਪਣੀ ਔਕਾਤ ਦਾ ਪਤਾ ਲੱਗ ਜਾਵੇਗਾ। ਪੰਡਿਤ ਦਾ ਰੂਪ ਧਾਰੇ ਭਗਵਾਨ ਨੇ ਬੜੇ ਮਾਣ ਨਾਲ ਉਸ ਅਮੀਰ ਘਰ ਦਾ ਦਰਵਾਜ਼ਾ ਖੜਕਾਇਆ। ਰਾਤ ਗੁਜ਼ਾਰਨ ਦੀ ਬੇਨਤੀ ਕੀਤੀ ਜੋ ਮਾਲਕ ਨੇ ਸਵੀਕਾਰ ਕਰ ਲਈ। ਨਿਵੇਕਲੇ ਜਿਹੇ ਕਮਰੇ ਵਿਚ ਪੰਡਿਤ ਜੀ ਦਾ ਲਕਾ-ਤੁਕਾ ਟਿਕਾ ਦਿੱਤਾ ਗਿਆ।
ਹਾਲੇ ਪੰਡਿਤ ਜੀ ਆਪਣੇ ਆਸਣ ‘ਤੇ ਬਿਰਾਜੇ ਹੀ ਸਨ ਕਿ ਮਨਮੋਹਣੀ ਔਰਤ ਦਾ ਰੂਪ ਧਾਰ ਕੇ ਛਮ-ਛਮ ਕਰਦੀ ਲੱਛਮੀ ਉਸ ਘਰ ਆ ਵੜੀ। ਆਉਂਦੀ ਨੇ ਹੀ ਘਰਵਾਲਿਆਂ ਅੱਗੇ ਰਾਤ ਰਹਿਣ ਦੀ ਮੰਗ ਰੱਖਦਿਆਂ ਆਪਣੀ ਖਾਸੀਅਤ ਵੀ ਆਖ ਸੁਣਾਈ। ਅਖੇ, ਮੇਰੇ ਕੋਲ ਕਲਾ ਹੈ ਜਿਸ ਰਾਹੀਂ ਮੈਂ ਆਪਣੇ ਜੂਠੇ ਭਾਂਡਿਆਂ ਨੂੰ ਸੋਨੇ ਦੇ ਬਣਾ ਦਿੰਦੀ ਹਾਂ, ਭਾਵੇਂ ਕਿਸੇ ਧਾਤ ਦੇ ਵੀ ਹੋਣ। ਨਾਲ ਹੀ ਆਪਣੀ ਇਕ ਹੋਰ ਸਿਫ਼ਤ ਇਹ ਸੁਣਾ ਦਿੱਤੀ ਕਿ ਜਿਨ੍ਹਾਂ ਭਾਂਡਿਆਂ ਵਿਚ ਮੈਂ ਇਕ ਵਾਰ ਕੁਝ ਛਕ ਲਵਾਂ, ਉਹ ਦੂਜੀ ਵਾਰ ਨਹੀਂ ਵਰਤਦੀ। ਹਰ ਵਾਰ ਨਵੇਂ ਬਰਤਨਾਂ ਵਿਚ ਹੀ ਅੰਨ-ਜਲ ਛਕਾਂਗੀ। ਇਹ ਗੱਲਾਂ ਸੁਣ ਕੇ ਅਮੀਰਜ਼ਾਦੇ ਦੀਆਂ ਵਾਛਾਂ ਖਿੜ ਗਈਆਂ। ਰਾਤ ਹੀ ਕਿਉਂ, ਇਸ ਨੂੰ ਉਦੋਂ ਤੱਕ ਪ੍ਰਾਹੁਣੀ ਬਣਾਈ ਰੱਖਾਂਗੇ ਜਿੰਨਾ ਚਿਰ ਘਰ ਦੇ ਸਾਰੇ ਭਾਂਡੇ ਸੋਨੇ ਦੇ ਨਹੀਂ ਹੋ ਜਾਂਦੇ। ਇਹ ਵਿਉਂਤ ਸੋਚਦਾ ਮਾਲਕ ਹੁੱਬ ਕੇ ਬੋਲਿਆ, “ਦੇਵੀ ਜੀ, ਸਾਡੇ ਧੰਨ ਭਾਗ ਜੋ ਸਾਡੇ ਘਰ ਤੁਹਾਡੇ ਪਵਿੱਤਰ ਚਰਨ ਪਏ। ਇਹ ਘਰ ਹੀ ਤੁਹਾਡਾ ਹੈ। ਇਕ ਰਾਤ ਕੀ, ਜਿੰਨਾ ਚਿਰ ਮਰਜ਼ੀ ਇਥੇ ਨਿਵਾਸ ਰੱਖੋ।”
“ਮੇਰੀ ਇਕ ਸ਼ਰਤ ਹੋਰ ਵੀ ਹੈæææ”, ਮੁਸਕਰਾਉਂਦਿਆਂ ਉਹ ਬੋਲੀ, “ਮੈਂ ਤੁਹਾਡੇ ਘਰ ਦੇ ਸਾਰੇ ਕਮਰੇ ਦੇਖਾਂਗੀ, ਜਿਹੜਾ ਮੈਨੂੰ ਸਭ ਤੋਂ ਵੱਧ ਅਰਾਮਦੇਹ ਲੱਗਿਆ, ਉਥੇ ਹੀ ਆਪਣਾ ਬਿਸਤਰਾ ਲਾਵਾਂਗੀ।” ਹੱਥੀਂ ਬੰਨ੍ਹੀ ਸ਼ਰਤ ਪ੍ਰਵਾਨ ਕਰ ਲਈ ਗਈ। ਲਿਸ਼ਕੋਰੇ ਮਾਰਦੇ ਅਸਤਰਾਂ-ਬਸਤਰਾਂ ਵਾਲੀ ਪ੍ਰਾਹੁਣੀ ਸਾਰੇ ਕਮਰਿਆਂ ਦਾ ਮੁਆਇਨਾ ਕਰਨ ਲੱਗੀ। ਘਰ ਦੇ ਸਾਰੇ ਜੀਅ ਉਹਦੇ ਪਿੱਛੇ-ਪਿੱਛੇ ਹੱਥ ਜੋੜੀ ਘੁੰਮ ਰਹੇ ਸਨ। ਘੁੰਮਦਿਆਂ-ਘੁਮਾਉਂਦਿਆਂ ਜਿਸ ਕਮਰੇ ਵਿਚ ਪੰਡਿਤ ਬਣੇ ਭਗਵਾਨ ਜੀ ਟੇਢੇ ਹੋਏ ਬੈਠੇ ਸਨ, ਉਸ ਕਮਰੇ ਵਿਚ ਰੁਕਦਿਆਂ ਉਹ ਬੋਲੀ ਕਿ ਮੈਨੂੰ ਆਹ ਕਮਰਾ ਹੀ ਪਸੰਦ ਆਇਆ ਹੈ।
ਪ੍ਰਾਹੁਣੀ ਨੂੰ ‘ਸਤਿ ਬਚਨ’ ਕਹਿ ਕੇ ਘਰ ਦਾ ਮਾਲਕ ਅੰਦਰ ਬੈਠੇ ਪੰਡਿਤ ਵੱਲ ਸਿੱਧਾ ਹੋ ਲਿਆ, “ਪੰਡਿਤ ਜੀ, ਇਥੋਂ ਆਪਣਾ ਫੱਟੀ ਬਸਤਾ ਚੁੱਕ ਕੇ ਕਿਸੇ ਹੋਰ ਕਮਰੇ ਵਿਚ ਰੱਖ ਲਉ, ਇਥੇ ਇਹ ਬੀਬੀ ਜੀ ਰਹਿਣਗੇ।” ਆਨਾ-ਕਾਨੀ ਕਰਦਿਆਂ ਪੰਡਿਤ ਨੇ ਆਖਿਆ ਕਿ ਮੈਨੂੰ ਬੁੱਢੇ ਨੂੰ ਕਾਹਨੂੰ ਇਥੋਂ ਉਠਾਲਦੇ ਹੋ, ਇਹਨੂੰ ਕੋਈ ਹੋਰ ਕਮਰਾ ਦੇ ਦਿਉ। ਹੋਰ ਕਮਰੇ ਦੀ ਗੱਲ ਸੁਣ ਕੇ ਸਿਰ ਫੇਰਦੀ ਪ੍ਰਾਹੁਣੀ ਵੱਲ ਦੇਖਦਿਆਂ ਘਰ ਦਾ ਮਾਲਕ ਇਕ ਦਮ ਲੋਹਾ ਲਾਖਾ ਹੋ ਗਿਆ, “ਤੂੰ ਇਥੋਂ ਤੁਰਦਾ ਬਣ।” ਇਹ ਕਹਿ ਕੇ ਮਾਲਕ ਨੇ ਪੰਡਿਤ ਦਾ ਸਾਮਾਨ ਲਪੇਟਣਾ ਸ਼ੁਰੂ ਕਰ ਦਿੱਤਾ। ਕਮਰੇ ‘ਚੋਂ ਧੱਕੇ ਨਾਲ ਬਾਹਰ ਕੱਢੇ ਹੋਏ ਨਿੰਮੋਝੂਣੇ ਪੰਡਿਤ ਨੇ ਮਾਲਕ ਨੂੰ ਹੌਲੀ ਦੇਣੇ ਕਿਹਾ ਵੀ ਕਿ ਭਗਤਾ, ਤੇਰੇ ਨਾਲ ਛਲ ਹੋ ਰਿਹਾ ਐ, ਸਮਝ ਜਾ। ਲੇਕਿਨ ਆਪਣਾ ਸਾਰਾ ਘਰ ਸੋਨੇ ਦੇ ਭਾਂਡਿਆਂ ਨਾਲ ਭਰਨ ਦੇ ਚਾਅ ਵਿਚ ਅੰਨ੍ਹਾ ਹੋਇਆ ਮਾਲਕ ਬੋਲਿਆ, “ਸਾਡੀ ਚਿੰਤਾ ਛੱਡ ਕੇ ਤੂੰ ਇਥੋਂ ਤਿੱਤਰ ਹੋ।”
“ਪਛਤਾਵੇਂਗਾ ਭੋਲਿਆ”, ਕਹਿ ਕੇ ਪੰਡਿਤ ਜੀ ਤਾਂ ਆਪਣਾ ਝੋਲਾ ਚੁੱਕ ਕੇ ਗਲੀ ਵਿਚ ਆ ਗਿਆ, ਪਰ ਜਦੋਂ ਕਮਰੇ ਵਿਚ ਪ੍ਰਾਹੁਣੀ ਨੂੰ ਬੈਠੀ ਛੱਡ ਕੇ ਘਰ ਦੇ ਉਸ ਦੇ ਖਾਣ-ਪੀਣ ਲਈ ਲੈ ਕੇ ਉਥੇ ਵਾਪਸ ਆਏ ਤਾਂ ਉਥੇ ਕਾਂ ਨਾ ਪਰਿੰਦਾ। ਛਿੱਥਾ ਪਿਆ ਘਰ ਦਾ ਮਾਲਕ ਪੰਡਿਤ ਦੀ ਭਾਲ ਵਿਚ ਬਾਹਰ ਦੌੜਿਆ, ਲੇਕਿਨ ਭਗਵਾਨ ਤੇ ਲੱਛਮੀ ਦੋਵੇਂ ਕਿਤੇ ਏਕਾਂਤ ਵਿਚ ਹੋਈ ਬੀਤੀ ਦਾ ਵਿਸ਼ਲੇਸ਼ਣ ਕਰ ਰਹੇ ਸਨ।
“ਦੇਖਿਆ ਮੇਰਾ ਪ੍ਰਤਾਪ?” ਮੁਸਕੜੀਏਂ ਹੱਸਦੀ ਲੱਛਮੀ ਦੇ ਮਖੌਲੀਏ ਸਵਾਲ ਦਾ ਜਵਾਬ ਦਿੰਦਿਆਂ ਭਗਵਾਨ ਬੋਲੇ, “ਤੇਰਾ ਭਗਤ, ਛੇਤੀ ਹੀ ਮੇਰੀ ਭਾਲ ਵਿਚ ਬਾਹਰ ਦੌੜਿਆ ਸੀ, ਲੇਕਿਨ ਹੁਣ ਤੂੰ ਮੇਰੇ ਭਗਤ ਦਾ ਜਲਵਾ ਦੇਖੀਂ।” ਇਹ ਕਹਿ ਕੇ ਭਗਵਾਨ ਨੇ ਮਾਇਆ ਦੇ ਕੰਨ ਵਿਚ ਕੁਝ ਕਿਹਾ ਤੇ ਉਸ ਨੂੰ ਖੱਡੀ ਬੁਣ ਰਹੇ ਭਗਤ ਕਬੀਰ ਕੋਲ ਭੇਜ ਦਿੱਤਾ।
ਅਮੀਰੀ ਠਾਠ ਨਾਲ ਸਜੀ-ਧਜੀ ਔਰਤ ਦੇ ਰੂਪ ਵਿਚ ਲੱਛਮੀ ਭਗਤ ਕਬੀਰ ਕੋਲ ਜਾ ਪਹੁੰਚੀ। ਕੱਛ ‘ਚ ਚੁੱਕੇ ਹੋਏ ਸੂਤ ਦੀ ਭਗਤ ਜੀ ਅੱਗੇ ਢੇਰੀ ਲਾਉਂਦਿਆਂ ਕਹਿਣ ਲੱਗੀ ਕਿ ਮੈਂ ਤੈਨੂੰ ਦੁੱਗਣੀ ਮਜ਼ਦੂਰੀ ਦੇ ਦਿਆਂਗੀ, ਸਾਰਿਆਂ ਤੋਂ ਪਹਿਲਾਂ ਮੇਰੇ ਸੂਤ ਦਾ ਕੱਪੜਾ ਬੁਣ ਦੇਹ। ਕਬੀਰ ਜੀ ਨੇ ਬੜੀ ਨਿਮਰਤਾ ਨਾਲ ਆਖਿਆ ਕਿ ਮੈਂ ਅਜਿਹਾ ਨਹੀਂ ਕਰ ਸਕਦਾ। ਸੂਤ ਰੱਖ ਜਾ, ਵਾਰੀ ਆਈ ਤੋਂ ਹੀ ਇਸ ਦਾ ਕੱਪੜਾ ਬੁਣਾਂਗਾ। ਝੂਠੇ-ਮੂਠੇ ਤਰਲੇ ਕਰਦਿਆਂ ਔਰਤ ਕਹਿਣ ਲੱਗੀ ਕਿ ਮੇਰੇ ਘਰ ਵਿਆਹ ਰੱਖਿਆ ਹੋਇਆ ਹੈ, ਮੈਨੂੰ ਹਰ ਹਾਲਤ ਵਿਚ ਕੱਪੜਿਆਂ ਦੀ ਸਖ਼ਤ ਜ਼ਰੂਰਤ ਹੈ, ਇਸ ਲਈ ਮੈਂ ਤਿੱਗਣੀ-ਚੌਗਣੀ ਮਜ਼ਦੂਰੀ ਦੇਣ ਲਈ ਵੀ ਤਿਆਰ ਹਾਂ।
“ਦੁੱਗਣੇ-ਚੌਗਣੇ ਪੈਸੇ ਦੇਣ ਦੇ ਲਾਲਚ, ਬੀਬਾ ਜੀ ਕਿਸੇ ਹੋਰ ਨੂੰ ਦਿਓ ਕਿਰਪਾ ਕਰ ਕੇ। ਜੇ ਮੈਂ ਲੋਭ-ਲਾਲਚ ਵਿਚ ਆ ਕੇ ਕਿਸੇ ਦੀ ਵਾਰੀ ਮਾਰ ਦਿਆਂ, ਤੇਰਾ ਸੂਤ ਪਹਿਲਾਂ ਬੁਣ ਦੇਵਾਂ ਤਾਂ ਮੇਰੀ ਸੁੱਚੀ ਕਿਰਤ ਭ੍ਰਿਸ਼ਟ ਹੋ ਜਾਵੇਗੀ।” ਭਗਤ ਜੀ ਦੇ ਮੂੰਹੋਂ ਖਰੇ-ਖਰੇ ਬਚਨ ਸੁਣ ਕੇ ਔਰਤ ਨੇ ਗਿਣਤੀਆਂ-ਮਿਣਤੀਆਂ ਤੋਂ ਪਰ੍ਹੇ ਮੂੰਹ ਮੰਗੀ ਰਕਮ ਦੇਣ ਦੀ ਪੇਸ਼ਕਸ਼ ਕਰ ਦਿੱਤੀ, ਲੇਕਿਨ ਭਗਤ ਜੀ ਟੱਸ ਤੋਂ ਮੱਸ ਨਾ ਹੋਏ। ਉਸ ਦੇ ਲੋਭ-ਲਾਲਚਾਂ ਨੂੰ ਠੁਕਰਾਉਂਦਿਆਂ ਨੰਨਾ ਹੀ ਫੜੀ ਰੱਖਿਆ।
ਸ਼ਾਮ ਪਈ ਆਪਣਾ ਸੂਤ ਕਬੀਰ ਦੀ ਖੱਡੀ ਕੋਲੇ ਛੱਡ ਕੇ ਔਰਤ ਦੂਜੇ ਦਿਨ ਆਉਣ ਦਾ ਕਹਿ ਕੇ ਉਥੋਂ ਚਲੇ ਗਈ। ਉਸ ਨੇ ਰਾਤੋ-ਰਾਤ ਇਕ ਹੋਰ ਕੌਤਕ ਵਰਤਾਇਆ, ਕਬੀਰ ਜੀ ਦੀ ਕੁੰਭਲ (ਢਾਈ ਕੁ ਫੁੱਟ ਵਰਗਾਕਾਰ ਅਤੇ ਤਿੰਨ-ਚਾਰ ਫੁੱਟ ਡੂੰਘਾ ਚੌਰਸ ਟੋਆ ਜਿਸ ਵਿਚ ਖੱਡੀ ਬੁਣਨ ਵਾਲੇ ਲੱਤਾਂ ਲਮਕਾਈ ਰੱਖਦੇ ਹਨ) ਸੋਨੇ ਦੀਆਂ ਮੋਹਰਾਂ ਨਾਲ ਭਰ ਦਿੱਤੀ।
ਦੂਜੇ ਦਿਨ ਅੰਮ੍ਰਿਤ ਵੇਲੇ ਜਦੋਂ ਕਬੀਰ ਜੀ ਨੇ ਦੇਖਿਆ ਕਿ ਕੁੰਭਲ ਤਾਂ ਝਮਾ-ਝਮ ਕਰ ਰਹੀ ਹੈ। ਬਿਗਾਨਾ ਧਨ ਦੇਖ ਕੇ ਉਹ ਬੜੇ ਦੁਖੀ ਹੋਏ। ਉਨ੍ਹਾਂ ਉਸੇ ਵੇਲੇ ਕਹੀ ਲੁਹਾਂਡਾ ਲਿਆ ਅਤੇ ਢੇਰ ਕੂੜਾ ਸੁੱਟਣ ਵਾਂਗ ਸਾਰੀਆਂ ਮੋਹਰਾਂ ਬਾਹਰ ਸੁੱਟ ਦਿੱਤੀਆਂ। ਸਾਰੀ ਕੁੰਭਲ ਸਾਫ ਕਰ ਕੇ ਭਗਤ ਜੀ ਹਾਲੇ ਤਾਣੀ ਤਣ ਰਹੇ ਸਨ ਕਿ ਉਹੀ ਔਰਤ ਹਾਜ਼ਰ ਹੋਈ। ਢੇਰ ਉਪਰ ਸੁੱਟੀਆਂ ਮੋਹਰਾਂ ਦੇਖ ਕੇ ਉਹ ਦੰਗ ਰਹਿ ਗਈ। ਕਬੀਰ ਨੂੰ ਖਰੀਦਣ ਦਾ ਉਸ ਦਾ ਇਹ ਮਨਸੂਬਾ ਵੀ ਸਿਰੇ ਨਾ ਚੜ੍ਹ ਸਕਿਆ। ਅੰਮ੍ਰਿਤ ਵੇਲੇ ਸਿਮਰਨ ਕਰਦਿਆਂ ਕੱਪੜਾ ਬੁਣਨ ਦੀ ਬਜਾਏ ਭਗਤ ਕਬੀਰ ਨੂੰ ਆਉਂਦਿਆਂ ਹੀ ਪਹਿਲਾਂ ਕੁੰਭਲ ਵਿਹਲੀ ਕਰਨ ਦਾ ਦੁਕੰਮਣ ਕਰਨਾ ਪੈ ਗਿਆ ਸੀ। ਇਸ ਲਈ ਕਬੀਰ ਜੀ ਜ਼ਰਾ ਹਿਰਖੇ ਬੈਠੇ ਸਨ। ਉਤੋਂ ਉਹੀ ਔਰਤ ਸਵੇਰੇ ਸੁਵਖਤੇ ਆ ਕੇ ਫੇਰ ਪੋਲਣੀਆਂ ਪਾਉਣ ਲੱਗ ਪਈ। ਮੰਨਣ ‘ਚ ਤਾਂ ਗੱਲ ਆਉਂਦੀ ਨਹੀਂ ਕਿ ਸ਼ਾਂਤੀ ਸਰੂਪ ਕਬੀਰ ਜੀ ਨੂੰ ਐਨਾ ਗੁੱਸਾ ਚੜ੍ਹ ਗਿਆ ਹੋਵੇਗਾ, ਲੇਕਿਨ ਕਥਾ ਲਿਖਣ ਵਾਲਾ ਲਿਖਦਾ ਹੈ ਕਿ ਉਨ੍ਹਾਂ ਨੇ ਨੜੀਆਂ ਕੱਟਣ ਲਈ ਰੱਖਿਆ ਚਾਕੂ ਚੁੱਕਿਆ ਤੇ ਖਿਝ ਕੇ ਲੱਛਮੀ ਦਾ ਨੱਕ ਵੀ ਵੱਢ ਦਿੱਤਾ ਅਤੇ ਕੰਨ ਵੀ ਕੁਤਰ ਸੁੱਟੇ। ਸੰਪਰਦਾਈ ਕਹਿੰਦੇ ਨੇ ਕਿ ਉਸ ਵੇਲੇ ਕਬੀਰ ਜੀ ਨੇ ਇਹ ਸ਼ਬਦ ਉਚਾਰਿਆ ਜਿਸ ਦੀਆਂ ਆਖਰੀ ਪੰਕਤੀਆਂ ਹਨ,
ਨਾਕਹੁ ਕਾਟੀ ਕਾਨਹੁ ਕਾਟੀ
ਕਾਟਿ ਕੂਟਿ ਕੈ ਡਾਰੀ॥
ਕਹੁ ਕਬੀਰ ਸੰਤਨ ਕੀ ਬੈਰਨਿ,
ਤੀਨਿ ਲੋਕ ਕੀ ਪਿਆਰੀ॥
ਲੱਛਮੀ ਦਾ ‘ਨੱਕ ਵਢਾ’ ਅਤੇ ‘ਕੰਨ ਵਢਾ’ ਨਵਾਂ ਰੂਪ ਦੇਖ ਕੇ ਭਗਵਾਨ ਜੀ ਖੂਬ ਹੱਸੇ। ਕਹਿਣ ਲੱਗੇ ਕਿ ਹੇ ਲੱਛਮੀ, ਤੈਨੂੰ ਇਹ ਸਦਾ ਲਈ ਸਬਕ ਮਿਲ ਗਿਆ।
ਤਦ ਦੀ ਹੀ ਇਹ ਮਨੌਤ ਬਣੀ ਹੋਈ ਦੱਸੀ ਜਾਂਦੀ ਹੈ ਕਿ ਜਿਥੇ ਲੋਭ ਲਾਲਚ, ਛਲ ਕਪਟ ਅਤੇ ਸੀਨਾਜ਼ੋਰੀ ਦਾ ਬੋਲ-ਬਾਲਾ ਹੋਵੇ, ਉਥੇ ਲੱਛਮੀ ਭੱਜੀ ਭੱਜੀ ਜਾਂਦੀ ਹੈ। ਇਸ ਦੇ ਉਲਟ ਜਿਥੇ ਹੱਕ ਸੱਚ, ਇਨਸਾਫ਼ ਅਤੇ ਇਮਾਨਦਾਰੀ ਦੀ ਗੱਲ ਚਲਦੀ ਹੋਵੇ, ਉਧਰ ਲੱਛਮੀ ਡਰਦੀ ਡਰਦੀ ਜਾਂਦੀ ਹੈ। ਉਸ ਨੂੰ ਯਾਦ ਆ ਜਾਂਦਾ ਹੈ ਕਿ ਮੇਰੇ ਨੱਕ-ਕੰਨ ਵੱਢਣ ਵਾਲਾ ਸ਼ਖਸ ਵੀ ਇਹੋ ਜਿਹਾ ਭਗਤ ਹੀ ਸੀ।

Be the first to comment

Leave a Reply

Your email address will not be published.