ਤਿੰਨ ਸਦੀਆਂ ਪੁਰਾਣੇ ਹੱਥ ਲਿਖਤ ਸਰੂਪ ਮਿਲੇ

ਚੰਡੀਗੜ੍ਹ: ਮਹਾਰਾਸ਼ਟਰ ਤੇ ਆਂਧਰਾ ਪ੍ਰਦੇਸ਼ ਦੇ ਪਿੰਡਾਂ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਦੇ 300 ਸਾਲ ਪੁਰਾਣੇ ਦੁਰਲੱਭ 10 ਹੱਥ ਲਿਖਤ ਸਰੂਪ ਮਿਲੇ ਹਨ। ਇਨ੍ਹਾਂ ਵਿਚੋਂ ਸੱਤ ਹੱਥ ਲਿਖਤ ਸਰੂਪ ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚੋਂ ਮਿਲੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਦੇ 150 ਸਾਲ ਪੁਰਾਣੇ ਪੱਥਰ ਛਾਪੇ ਵਾਲੇ ਸਰੂਪ ਵੀ ਮਹਾਂਰਾਸ਼ਟਰ ਦੇ ਪਿੰਡਾਂ ਵਿਚੋਂ ਮਿਲੇ ਹਨ। ਇਹ ਸਾਰੇ ਸਰੂਪ ਪਿੰਡਾਂ ਦੇ ਗੈਰ-ਸਿੱਖ ਲੋਕ ਪੀੜ੍ਹੀ  ਦਰ ਪੀੜ੍ਹੀ ਸਤਿਕਾਰ ਸਹਿਤ ਸਾਂਭਦੇ ਆ ਰਹੇ ਹਨ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹ ਸਰੂਪ ਉਨ੍ਹਾਂ ਦੇ ਪੂਰਵਜਾਂ ਕੋਲ ਕਿਥੋਂ ਪਹੁੰਚੇ।
ਪੁਰਾਤਨ ਵਿਰਾਸਤੀ ਸਾਹਿਤ ਦਾ ਕੰਪਿਊਟਰੀਕਰਨ ਕਰਕੇ ਉਸ ਨੂੰ ਸਾਂਭਣ ਦਾ ਉਪਰਾਲਾ ਕਰ ਰਹੀ ਸੰਸਥਾ ‘ਪੰਜਾਬ ਡਿਜੀਟਲ ਲਾਇਬ੍ਰੇਰੀ ਚੰਡੀਗੜ੍ਹ’ ਦੀ ਟੀਮ ਪਿਛਲੇ ਦਿਨੀਂ ਔਰੰਗਾਬਾਦ ਵਿਚ ਗੁਰਦੁਆਰਾ ਸਾਹਿਬ ਵਿਚ ਮੌਜੂਦ ਦਸਵੇਂ ਪਾਤਸ਼ਾਹ ਦੇ ਜ਼ਫ਼ਰਨਾਮੇ ਦਾ ਕੰਪਿਊਟਰੀਕਰਨ ਕਰਨ ਲਈ ਗਈ ਸੀ। ਟੀਮ ਨੂੰ ਪਤਾ ਲੱਗਾ ਕਿ ਔਰੰਗਾਬਾਦ ਨੇੜਲੇ ਪਿੰਡਾਂ ਦੇਬੇਗਾਉਂ, ਸ੍ਰੀਰਾਮਪੁਰ ਤੇ ਹੋਰ ਪਿੰਡਾਂ ਦੇ ਕੁਝ ਗੈਰ-ਸਿੱਖ ਪਰਿਵਾਰਾਂ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਦੇ 250 ਤੋਂ 300 ਸਾਲ ਪੁਰਾਤਨ ਸਰੂਪ ਮੌਜੂਦ ਹਨ ਜਦੋਂ ਟੀਮ ਨੇ ਪਿੰਡਾਂ ਵਿਚ ਜਾ ਕੇ ਇਨ੍ਹਾਂ ਪਰਿਵਾਰਾਂ ਨਾਲ ਸੰਪਰਕ ਕੀਤਾ ਤਾਂ ਉਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਮਿਲੇ ਜੋ 300 ਸਾਲ ਪੁਰਾਣੇ ਹਨ ਤੇ ਦਸਮ ਗ੍ਰੰਥ ਦੇ ਦੋ ਸਰੂਪ ਮਿਲੇ ਜੋ 250 ਸਾਲ ਪੁਰਾਣੇ ਹਨ।
ਸੰਸਥਾ ਮੁਤਾਬਕ ਈਸ਼ਵਰ ਸਿੰਘ ਨਾਮੀ ਵਿਅਕਤੀ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 300 ਸਾਲ ਪੁਰਾਣੇ ਦੋ ਸਰੂਪ ਤੇ 250 ਸਾਲ ਪੁਰਾਣੇ ਦਸਮ ਗ੍ਰੰਥ ਦਾ ਸਰੂਪ ਮਿਲਿਆ ਹੈ। ਇਸ ਤੋਂ ਬਾਅਦ ਟੀਮ ਹੈਦਰਾਬਾਦ ਗਈ ਜਿਥੇ ਗੰਗਾਰੈਡੀ ਨਾਮ ਦੇ ਇਲਾਕੇ ‘ਚ ਰਹਿੰਦੇ ਇਕ ਗੈਰ-ਸਿੱਖ ਪਰਿਵਾਰ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਦਾ 250 ਸਾਲ ਪੁਰਾਣਾ ਇਕ-ਇਕ ਸਰੂਪ ਮਿਲਿਆ ਹੈ। ਔਰੰਗਬਾਦ ਵਿਚ ਹੀ ਟੀਮ ਨੂੰ ਵੱਖ-ਵੱਖ ਪਰਿਵਾਰਾਂ ਤੋਂ 150 ਸਾਲ ਤੋਂ ਪੁਰਾਤਨ ਪੱਥਰ ਛਾਪੇ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਾਰ ਤੇ ਇਕ ਦਸਮ ਗ੍ਰੰਥ ਦਾ ਸਰੂਪ ਮਿਲਿਆ ਹੈ।
ਟੀਮ ਵੱਲੋਂ ਉਪਰੋਕਤ ਸਾਰੇ ਪਰਿਵਾਰਾਂ ਨੂੰ ਪੇਸ਼ਕਸ਼ ਕੀਤੀ ਗਈ ਹੈ ਕਿ ਉਹ ਇਨ੍ਹਾਂ ਸਰੂਪਾਂ ਨੂੰ ਲਿਜਾ ਕੇ ਇਨ੍ਹਾਂ ਦਾ ਕੰਪਿਊਟਰੀਕਰਨ ਕਰਨਾ ਚਾਹੁੰਦੇ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇੰਟਰਨੈੱਟ ‘ਤੇ ਇਨ੍ਹਾਂ ਸਰੂਪਾਂ ਦੇ ਦਰਸ਼ਨ ਕਰ ਸਕਣ। ਪਰਿਵਾਰਾਂ ਦਾ ਕਹਿਣਾ ਸੀ ਕਿ ਉਹ ਇਹ ਸਰੂਪ ਟੀਮ ਨੂੰ ਨਹੀਂ ਦੇ ਸਕਦੇ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਨੂੰ ਸਰੂਪ ਵਾਪਸ ਨਹੀਂ ਮਿਲਣਗੇ ਪਰ ਗੱਲਬਾਤ ਤੋਂ ਬਾਅਦ ਪਰਿਵਾਰਾਂ ਨਾਲ ਇਸ ਗੱਲ ਦੀ ਸਹਿਮਤੀ ਬਣੀ ਕਿ ਟੀਮ ਉਨ੍ਹਾਂ ਦੇ ਘਰਾਂ ਵਿਚ ਜਾਕੇ ਹੀ ਸਾਰੇ ਸਰੂਪਾਂ ਦਾ ਕੰਪਿਊਟਰੀਕਰਨ ਕਰੇਗੀ।
ਇਸ ਤੋਂ ਬਾਅਦ ਸਮੂਹ ਸਰੂਪਾਂ ਦਾ ਕੰਪਿਊਟਰੀਕਰਨ ਕੀਤਾ ਗਿਆ। 250 ਤੋਂ 300 ਸਾਲ ਪਹਿਲਾਂ ਉਪਰੋਕਤ ਪਰਿਵਾਰਾਂ ਦੇ ਬਜ਼ੁਰਗਾਂ ਕੋਲ ਇਹ ਪੁਰਾਤਨ ਸਰੂਪ ਕਿਵੇਂ ਪਹੁੰਚੇ, ਇਸ ਬਾਰੇ ਤਾਂ ਪਤਾ ਨਹੀਂ ਪਰ ਪੱਥਰ ਛਾਪੇ ਵਾਲੇ ਸਰੂਪਾਂ ਬਾਰੇ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਜਦੋਂ ਸਿੱਖ, ਧਰਮ ਪ੍ਰਚਾਰ ਲਈ ਉਪਰੋਕਤ ਇਲਾਕਿਆਂ ਵਿਚ ਗਏ ਹੋਣਗੇ ਤਾਂ ਉਸ ਵੇਲੇ ਪੱਥਰ ਛਾਪੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਚਾਰ ਤੇ ਦਸਮ ਗ੍ਰੰਥ ਦੇ ਇਕ ਸਰੂਪ ਦੀ ਛਪਾਈ ਹੋਈ ਹੋਵੇਗੀ।

Be the first to comment

Leave a Reply

Your email address will not be published.