ਜ਼ਰਾ ਹਲਕੀ ਗੱਲ ਕਰ ਲਈਏ

ਬਲਜੀਤ ਬਾਸੀ
ਬੜੀ ਸਿਧੀ ਜਿਹੀ ਗੱਲ ਹੈ ਤੇ ਸ਼ਾਇਦ ਹਲਕੀ ਵੀ ਕਿ ਜੋ ਚੀਜ਼ ਚੁੱਕਣ ਵਿਚ ਭਾਰੀ ਨਾ ਲੱਗੇ, ਉਹ ਹਲਕੀ ਹੁੰਦੀ ਹੈ। ਪਰ ਗੱਲ ਇਥੇ ਹੀ ਨਹੀਂ ਮੁੱਕਦੀ। ਹਲਕਾ/ਹਲਕੀ ਸ਼ਬਦ ਘੇਰੇ ਵਿਚ ਅਰਥਾਂ ਦੇ ਹੋਰ ਵੀ ਕਈ ਉਪਗ੍ਰਹਿ ਮੰਡਲਾਉਂਦੇ ਹਨ। ਕੋਈ ਤੁਛ ਜਾਂ ਮਹੱਤਵਹੀਣ ਵਸਤੂ, ਵਿਸ਼ਾ, ਵਿਚਾਰ ਹਲਕੇ ਕਹਾਉਂਦੇ ਹਨ। ਜੋ ਰੰਗ ਗੂੜ੍ਹਾ ਨਹੀ, ਜੋ ਰਾਗ ਪੱਕਾ ਨਹੀਂ, ਜੋ ਚਾਹ ਗਾੜ੍ਹੀ ਜਾਂ ਡੱਕਾ ਗੱਡਵੀਂ ਨਹੀਂ, ਜਿਸ ਪਾਣੀ ਵਿਚ ਲੂਣ ਨਾ ਹੋਣ, ਜਿਸ ਲੱਸੀ ਵਿਚ ਛਿੱਡੀਆਂ ਨਾ ਹੋਣ-ਸਮਝੋ ਇਹ ਸਭ ਹਲਕੇ ਹਨ। ਘਟ ਉਪਜਾਊ ਜ਼ਮੀਨ ਹਲਕੀ ਕਹਾਉਂਦੀ ਹੈ। ਘਟ ਮਾਤਰਾ ਵਾਲੀ ਗਿਜ਼ਾ ਵੀ ਹਲਕੀ ਹੈ ਤੇ ਘਟ ਪੌਸ਼ਟਿਕ ਗੁਣਾਂ ਵਾਲਾ ਭੋਜਨ ਵੀ। ਇਸ ਹਿਸਾਬ ਨਾਲ ਮੂੰਗੀ-ਮਸਰ ਹਲਕੇ ਹਨ ਪਰ ਮੀਟ ਮੱਛੀ ਭਾਰੇ। ਬੁਖਾਰ ਘਟ ਹੋਵੇ ਤਾਂ ਹਲਕਾ ਹੈ ਤੇ ਜੋ ਕੁੱਟ ਥੋੜੀ ਜਾਂ ਜ਼ੋਰ ਨਾਲ ਨਾ ਪਵੇ, ਉਹ ਹਲਕੀ ਹੈ। ਲਿਹਾਜਾ ਸਜ਼ਾ ਵੀ ਹਲਕੀ ਭਾਰੀ ਹੁੰਦੀ ਹੈ ਤੇ ਹਰਜਾਨਾ ਜਾਂ ਜੁਰਮਾਨਾ ਵੀ।
ਹਲਕਾ ਸ਼ਬਦ ਨੇ ਤਾਂ ਬੰਦਿਆਂ ਦੇ ਚਰਿਤਰ ‘ਤੇ ਵੀ ਹੱਲਾ ਬੋਲਿਆ ਹੈ। ਜੋ ਗੰਭੀਰ ਨਾ ਹੋਵੇ, ਅਰਥਾਤ ਹੋਛਾ ਤੇ ਛਿਛੋਹਰਾ ਹੋਵੇ, ਉਹ ਹਲਕਾ ਆਦਮੀ ਹੁੰਦਾ ਹੈ, ਔਰਤ ਅਪਵਾਦ ਨਹੀਂ! ਸੌਖਾ ਕੰਮ ਜਾਂ ਕਸਰਤ ਹਲਕੀ ਹੈ। ਕੰਨਿਆਂ ਦੇ ਵਿਆਹ ਜਿਹੀ ਜਿੰਮੇਵਾਰੀ ਤੋਂ ਸੁਰਖਰੂ ਹੋ ਕੇ ਬੰਦਾ ਹਲਕਾ ਹੁੰਦਾ ਹੈ ਤੇ ਬੁੜੇ ਦਾ ‘ਕੱਠ ਕਰਕੇ ਵੀ। ਨਹਾਉਣ ਪਿਛੋਂ ਮਲੀਨਤਾ ਤੋਂ ਮੁਕਤ ਹੋ ਕੇ ਵੀ ਹਲਕਾ ਮਹਿਸੂਸ ਕਰੀਦਾ ਹੈ ਤੇ ਜ਼ੋਰ ਦੀ ਆਏ ਪਖਾਨੇ ਤੋਂ ਖਲਾਸ ਹੋ ਕੇ ਵੀ। ਹਲਕੇ ਕਪੜੇ ਹੁੰਦੇ ਹਨ, ਘਟੀਆ ਮਾਲ ਹਲਕਾ ਹੁੰਦਾ ਹੈ। ਹਲਕੇ ਦੇ ਅੱਗੇ ਫੁਲਕਾ ਲੱਗ ਕੇ ਤਾਂ ਜਾਣੋਂ ਹਲਕੇ ਦਾ ਰਹਿੰਦਾ ਹੀ ਕੁਝ ਨਹੀਂ। ਹਲਕਾ-ਫੁਲਕਾ ਗੀਤ ਵੀ ਹੁੰਦਾ ਹੈ। ਗੱਲ ਕੀ ਕਿਸੇ ਵੀ ਮੁੱਲਵਾਨ ਗੁਣ ਤੋਂ ਹੀਣ ਹੋਣ ਦੀ ਸਥਿਤੀ ਹਲਕੀ ਹੁੰਦੀ ਹੈ। ਅਸਲ ਵਿਚ ਕੋਸ਼ਕਾਰੀ ਕਰਦਿਆਂ ਕਿਸੇ ਸ਼ਬਦ ਦੇ ਅਰਥ-ਮੰਡਲ ਦੀ ਪੂਰੀ ਪਰਿਕਰਮਾ ਕੀਤੀ ਜਾਂਦੀ ਹੈ। ਨੋਟ ਕੀਤਾ ਗਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਸਿਰਫ ਭਗਤ ਕਬੀਰ ਨੇ ਹੀ ਇਹ ਸ਼ਬਦ ਵਰਤਿਆ ਹੈ,
ਸਹਜ ਕੀ ਅਕਥ ਕਥਾ ਹੈ ਨਿਆਰੀ॥
ਤਲਿ ਨਹੀ ਚਢੈ ਜਾਇ ਨ ਮੁਕਾਤੀ
ਹਲੁਕੀ ਲਗੈ ਨ ਭਾਰੀ॥
ਅਰਥਾਤ ਅਡੋਲਤਾ ਦੀ ਨਿਵੇਕਲੀ ਹੀ ਸਥਿਤੀ ਹੈ, ਇਸ ਨੂੰ ਤੋਲਿਆ ਨਹੀਂ ਜਾ ਸਕਦਾ, ਇਸ ਨੂੰ ਜਾਣਿਆ ਨਹੀਂ ਜਾ ਸਕਦਾ, ਇਹ ਨਾ ਹਲਕੀ ਹੈ, ਨਾ ਭਾਰੀ।
ਚਲੋ, ਅੱਜ ਦੇਖੀਏ ਇਨੇ ਅਰਥਾਂ ਨਾਲ ਭਾਰਾ ਹੋਇਆ ਹਲਕਾ ਸ਼ਬਦ ਕਿਧਰੋਂ ਆ ਧਮਕਿਆ। ਅਸਲ ਵਿਚ ਇਹ ਸ਼ਬਦ ਬੜੀ ਚੁਸਤੀ-ਚਲਾਕੀ ਅਤੇ ਟੇਢ-ਮੇਢੇ ਢੰਗ ਨਾਲ ਪੰਜਾਬੀ ਤੇ ਹੋਰ ਭਾਸ਼ਾਵਾਂ ਵਿਚ ਘੁਸਿਆ ਹੈ। ਭਾਵੇਂ ਹਲਕੇ ਦੇ ਅਰਥਾਂ ਵਾਲਾ ‘ਲਘੂ’ ਸ਼ਬਦ ਵੀ ਪੰਜਾਬੀ ਭਾਸ਼ਾ ਵਿਚ ਪ੍ਰਵੇਸ਼ ਕਰ ਗਿਆ ਹੈ ਪਰ ਆਮ ਬੋਲ-ਚਾਲ ਵਿਚ ਇਸ ਦੀ ਵਰਤੋਂ ਲਘੂ ਜਿਹੀ ਹੀ ਹੈ। ਲਿਖਤੀ ਰੂਪ ਵਿਚ ਜ਼ਰੂਰ ਇਸ ਦੇ ਅਕਸਰ ਹੀ ਦਰਸ਼ਨ ਹੋ ਜਾਂਦੇ ਹਨ ਜਿਵੇਂ ਲਘੂ ਮਨੁਖ, ਲਘੂ ਕਹਾਣੀ, ਲਘੂ ਫਿਲਮ, ਲਘੂ ਉਦਯੋਗ। ਪਿਸ਼ਾਬ ਦੀ ਹਾਜਤ ਨੂੰ ਲਘੂ ਸ਼ੰਕਾ ਕਿਹਾ ਜਾਂਦਾ ਹੈ ਜਿਸ ਨੂੰ ਸਕੂਲੀ ਬੱਚੇ ਦੋ ਨੰਬਰ ਕਹਿੰਦੇ ਹਨ। ਸਾਹਿਤਕਾਰ ਲੋਕ ਲਘੂ ਜਿਹੇ ਸ਼ਬਦ ਵਰਤ ਕੇ ਬਹੁਤ ਵੱਡੇ ਵੱਡੇ ਮਹਿਸੂਸ ਕਰਦੇ ਹਨ। ਅਸੀਂ ਜਾਣਦੇ ਹਾਂ ਕਿ ਛੰਦ-ਸ਼ਾਸਤਰ ਦਾ ਸਾਰਾ ਮਸਲਾ ਹੀ ਵਜ਼ਨੀ ਹੈ। ਸੋ, ਦੂਹਰੇ ਭਾਰ ਵਾਲੀ ਗੁਰੂ ਮਾਤਰਾ ਦੇ ਮੁਕਾਬਲੇ ਇਕਹਿਰੇ ਭਾਰ ਵਾਲੀ ਮਾਤਰਾ ਜਿਵੇਂ ਔਕੜ, ਸਿਹਾਰੀ ਆਦਿ ਨੂੰ ਲਘੂ ਕਿਹਾ ਜਾਂਦਾ ਹੈ। ‘ਸਭ ਤੋਂ ਛੋਟਾ’ ਦੇ ਅਰਥਾਂ ਵਿਚ ਇਸ ਤੋਂ ਇਕ ਸ਼ਬਦ ਬਣਿਆ ਹੈ ‘ਲਘੂਤਮ’ ਜੋ ਗਣਿਤ ਪੜ੍ਹਦੇ-ਪੜ੍ਹਦੇ ਕਈਆਂ ਦੀ ਜਾਨ ਦਾ ਖੌ ਬਣਿਆ ਹੈ। ਸੰਸਕ੍ਰਿਤ ਵਿਚ ਬਹੁਤ ਸਾਰੇ ਵਿਸ਼ੇਸ਼ਣਾਂ ਪਿਛੇ ‘ਉਤਮ’ ਲਾ ਕੇ ਇਸ ਦਾ ਤੀਜਾ ਦਰਜਾ ਬਣਾ ਲਿਆ ਜਾਂਦਾ ਹੈ। ਇਨ੍ਹਾਂ ਵਿਚੋਂ ਕੁਝ ਸ਼ਬਦ ਪੰਜਾਬੀ ਵਿਚ ਵੀ ਸਮਾ ਗਏ ਹਨ ਜਿਵੇਂ ਸਰਵੋਤਮ, ਮਹੱਤਮ, ਨਿਊਨਤਮ। ਸੰਸਕ੍ਰਿਤ ਵਿਚ ਲਘੂ ਦਾ ਮੁਢਲਾ ਅਰਥ ਘਟ ਵਜ਼ਨੀ, ਛੁਹਲਾ, ਕਾਹਲਾ, ਤੇਜ਼, ਚੁਸਤ, ਸੁਬਕ ਆਦਿ ਹਨ। ਅਸਲ ਵਿਚ ਸੰਸਕ੍ਰਿਤ ਵਿਚ ਲਘੂ ਦੇ ਉਹ ਸਾਰੇ ਅਰਥ ਹਨ ਜੋ ‘ਹਲਕਾ’ ਸ਼ਬਦ ਦੇ ਉਪਰ ਗਿਣਾਏ ਗਏ ਹਨ। ਕਹਿਣ ਦਾ ਭਾਵ ਹੈ ਕਿ ਹਲਕਾ ਸ਼ਬਦ ਨੇ ਹੀ ਸਾਡੀ ਭਾਸ਼ਾ ਵਿਚ ਆ ਕੇ ਲਘੂ ਦਾ ਥਾਂ ਲੈ ਲਿਆ ਜਦ ਕਿ ਸੰਸਕ੍ਰਿਤ ਵਿਚ ਹਲਕਾ ਸ਼ਬਦ ਹੈ ਹੀ ਨਹੀਂ।
ਜ਼ਰਾ ਸਾਹ ਰੋਕੋ, ਤੁਹਾਨੂੰ ਪਤੇ ਦੀ ਗੱਲ ਦੱਸਾਂ, ‘ਹਲਕਾ’ ਸ਼ਬਦ ‘ਲਘੂ’ ਦਾ ਹੀ ਪੂਰਵਵਰਤੀ ਰੂਪ ਹੈ। ਲਘੂ ਤੋਂ ਇਕ ਹੋਰ ਵਿਸ਼ੇਸ਼ਣ ਬਣਿਆ ‘ਲਘੁਕ’ ਤੇ ਇਸ ਨੇ ਪ੍ਰਾਕ੍ਰਿਤ ਵਿਚ ਰੂਪ ਧਾਰਿਆ ‘ਲਹੁਕ’ ਅਰਥਾਤ ‘ਘ’ ਧੁਨੀ ‘ਹ’ ਵਿਚ ਬਦਲ ਗਈ। ਪੰਜਾਬੀ ਵਿਚ ਲਹੁਕਾ ਜਾਂ ਲਾਹੁਕਾ ਸ਼ਬਦ ‘ਛੋਕਰਾ’ ਦੇ ਅਰਥਾਂ ਵਿਚ ਵਰਤਿਆ ਮਿਲਦਾ ਹੈ। ਮਿਸਾਲ ਵਜੋਂ ਬਲਰਾਜ ਸਿੱਧੂ ਦੀ ਇਕ ਕਹਾਣੀ ਵਿਚ ਫਿਕਰਾ ਹੈ, “ਆਹ ਤਾਂ ਜਮਾਂ ਹੀ ਕਾਕੀ ਦੇ ਹਾਣ-ਪਰਵਾਣ ਦਾ ਲਹੁਕਾ ਜਿਹਾ ਮੁੱਛ-ਫੁੱਟ ਗਭਰੂ ਹੈ।” ਮਜ਼ੇ ਵਾਲੀ ਗੱਲ ਹੈ ਕਿ ਇਸ ‘ਲਹੁਕ’ ਦਾ ਜੋ ਅਚੰਭਾਜਨਕ ਪਰਿਵਰਤਨ ਹੋਇਆ, ਉਹ ਹੈ ਵਰਣ-ਵਿਪਰੈ ਦੀ ਪ੍ਰਕਿਰਿਆ ਦੁਆਰਾ ਇਸ ਦਾ ‘ਹਲਕਾ’ ਸ਼ਬਦ ਵਿਚ ਪਰਿਵਰਤਿਤ ਹੋ ਜਾਣਾ। ਮਤਲਬ ਕਿ ‘ਹ’ ਤੇ ‘ਲ’ ਧੁਨੀ ਨੇ ਆਪਸ ਵਿਚ ਸਥਾਨ ਵਟਾ ਲਏ। ਇਹ ਭਾਣਾ ਪ੍ਰਾਕ੍ਰਿਤ ਵਿਚ ਹੀ ਵਾਪਰ ਗਿਆ ਸੀ। ਇਥੇ ਇਹ ਦੱਸਣਾ ਵੀ ਯੋਗ ਹੈ ਕਿ ‘ਸੰਘ, ਗਲਾ’ ਦੇ ਅਰਥਾਂ ਵਾਲਾ ‘ਹਲਕ’ ਸ਼ਬਦ ਹੋਰ ਹੈ ਤੇ ਇਹ ਅਰਬੀ ਤੋਂ ਆਇਆ ਹੈ। ‘ਲਘੂ’ ਤੋਂ ਹੀ ‘ਲਹੁ’ ਸ਼ਬਦ ਬਣਿਆ ਜਿਸ ਦੇ ਕਈ ਭਾਸ਼ਾਵਾਂ ਵਿਚ ਰੂਪ ਮਿਲਦੇ ਹਨ ਜਿਨਾਂ ਦਾ ਅਰਥ ਹਲਕਾ, ਛੋਟਾ ਜਾਂ ਨਿੱਕਾ ਹੈ। ਇਕ ਭਾਸ਼ਾ ਵਿਚ ‘ਲਹੂ ਲਹੂ’ ਦਾ ਅਰਥ ਹੌਲੀ ਹੌਲੀ, ਸਹਿਜੇ ਸਹਿਜੇ ਹੈ। ਪ੍ਰਸਿਧ ਕੋਸ਼ਕਾਰ ਲਿਲੀ ਟਰਨਰ ਅਨੁਸਾਰ ‘ਯੁਵਕ’ ਦੇ ਅਰਥਾਂ ਵਾਲਾ ਪੰਜਾਬੀ ਸ਼ਬਦ ‘ਲਵਾ’ ਇਸੇ ਦਾ ਵਿਉਤਪਤ ਰੂਪ ਹੈ। ਪਰ ‘ਲਹੁ’ ਸ਼ਬਦ ਤੋਂ ਜੋ ਬਹੁਤ ਜਾਣਿਆ ਪਛਾਣਿਆ ਸ਼ਬਦ ਬਣਿਆ ਉਹ ਹੈ, ਹੌਲਾ। ਇਸ ਨੇ ਹਲਕਾ ਦੀ ਤਰ੍ਹਾਂ ਹੀ ਵਰਣ-ਵਿਪਰੈ ਦੀ ਪ੍ਰਸੂਤ ਪੀੜਾ ਨੂੰ ਹੰਢਾਇਆ। ਹੌਲਾ ਸ਼ਬਦ ਦੇ ਕਈ ਅਰਥ ਲਗਭਗ ਹਲਕਾ ਵਾਲੇ ਹੀ ਹਨ ਪਰ ਠੇਠ ਪੰਜਾਬੀ ਵਿਚ ਇਸ ਦੀ ਵਰਤੋਂ ਵੱਧ ਹੁੰਦੀ ਹੈ। ਹੌਲਾ ਦੀਆਂ ਕੁਝ ਆਪਣੇ ਅਰਥ ਪਰਛਾਵੇਂ ਵੀ ਹਨ। ਜਿਵੇਂ ਧੀਮਾ ਧੀਮਾ ਚਲਣ ਨੂੰ ਹੌਲੀ ਹੌਲੀ ਚਲਣਾ ਤਾਂ ਕਿਹਾ ਜਾ ਸਕਦਾ ਹੈ, ਹਲਕਾ ਹਲਕਾ ਨਹੀਂ, ‘ਜ਼ਰਾ ਹੌਲੇ ਹੋਲੇ ਚੱਲੋ ਮੋਰੇ ਸਾਜਨਾ’ ਵਿਚ ਹੌਲੇ ਦੀ ਥਾਂ ਤੇ ਹਲਕਾ ਲਾ ਕੇ ਤਾਂ ਦੇਖੋ। “ਉਹਨੂੰ ਹੋ ਜਾਏ ਪਿਆਰ ਮੇਰੇ ਨਾਲ ਹੌਲੀ ਹੌਲੀ” ਦੀ ਥਾਂ “ਉਹਨੂੰ ਹੋ ਜਾਏ ਪਿਆਰ ਮੇਰੇ ਨਾਲ ਹਲਕਾ ਹਲਕਾ” ਕਰਕੇ ਦੇਖੋ, ਅਰਥਾਂ ਵਿਚ ਕਿੰਨਾ ਫਰਕ ਪੈ ਗਿਆ ਹੈ। ਕਿਸੇ ਨੂੰ ਹੌਲਾ ਕਰਨਾ ਦਾ ਅਰਥ ਉਸ ਨੂੰ ਕੁੱਟ ਕੇ ਸਿਧਾ ਕਰਨਾ ਹੈ। ਇਥੇ ਹਲਕਾ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਹਾਂ ਕਿਸੇ ਨੂੰ ਕੁੱਟ ਕੇ ਆਪਣਾ ਹੱਥ ਜ਼ਰੂਰ ਹੌਲਾ ਕਰ ਲਿਆ ਜਾਂਦਾ ਹੈ। ‘ਹੱਥ ਹੌਲਾ ਕਰਨਾ’ ਮੁਹਾਵਰੇ ਨੂੰ ਵੀ ‘ਹੱਥ ਹਲਕਾ ਕਰਨਾ’ ਨਹੀਂ ਬਣਾਇਆ ਜਾ ਸਕਦਾ। ਦੂਜੇ ਪਾਸੇ ਪਤਲੀ ਚਾਹ, ਫਿਕੇ ਰੰਗ ਆਦਿ ਲਈ ਹੌਲਾ ਸ਼ਬਦ ਨਹੀਂ ਵਰਤਿਆ ਜਾ ਸਕਦਾ। ਬਾਰਸ਼ ਹਲਕੀ ਹਲਕੀ ਪੈਂਦੀ ਹੈ ਪਰ ਰੇਡੀਉ ਆਦਿ ਦੀ ਆਵਾਜ਼ ਹੌਲੀ ਚੰਗੀ ਲਗਦੀ ਹੈ ਨਾ ਕਿ ਹਲਕੀ!
ਲਘੂ ਜਾਂ ਹਲਕਾ ਸ਼ਬਦ ਦੇ ਹੋਰ ਹਿੰਦ-ਯੂਰਪੀ ਭਾਸ਼ਾਵਾਂ ਵਿਚ ਸੁਜਾਤੀ ਸ਼ਬਦ ਮਿਲਦੇ ਹਨ। ਅੰਗਰੇਜ਼ੀ ਦਾ ਹਲਕੇ ਦੇ ਅਰਥਾਂ ਵਾਲਾ ਲਗਿਹਟ ਸ਼ਬਦ ਇਸ ਦਾ ਸਕਾ ਹੈ। ਇਸ ਵਿਚ ਹਲਕੇ ਜਾਂ ਲਘੂ ਦੇ ਬਹੁਤ ਸਾਰੇ ਅਰਥ ਉਪਲਬਧ ਹਨ। ਅੰਗਰੇਜ਼ੀ ਵਿਚ ਲਗਿਹਟ ਜਾਂ ਅਲਗਿਹਟ ਦਾ ਅਰਥ ਉਤਰਨਾ, ਘਟਣਾ, ਛੱਡਣਾ ਵੀ ਹੁੰਦਾ ਹੈ। ਇਸ ਵਿਚ ਅਸਲੀ ਭਾਵ ਵੀ ਕਿਸੇ ਚੀਜ਼ ਨੂੰ ਭਾਰੇ ਤੋਂ ਹਲਕਾ ਬਣਾ ਦੇਣਾ ਹੀ ਹੈ। ਮਿਸਾਲ ਵਜੋਂ ਜੇ ਘੋੜੇ ਤੋਂ ਉਤਰਿਆ ਜਾਵੇ ਤਾਂ ਅਸੀਂ ਘੋੜੇ ਨੂੰ ਆਪਣੇ ਭਾਰ ਤੋਂ ਮੁਕਤ ਹੀ ਕਰ ਦਿੰਦੇ ਹਾਂ। ਅੰਗਰੇਜ਼ੀ ਦਾ ਇਕ ਹੋਰ ਸ਼ਬਦ ਲੀਵਰ (ਲeਵeਰ) ਵੀ ਇਸੇ ਸਿਲਸਿਲੇ ਵਿਚ ਆਉਂਦਾ ਹੈ। ਇਹ ਫਰਾਂਸੀਸੀ ਰਾਹੀਂ ਹੁੰਦਾ ਹੋਇਆ ਅੰਤਮ ਤੌਰ ‘ਤੇ ਲਾਤੀਨੀ ਭਾਸ਼ਾ ਵਿਚੋਂ ਨਿਕਲਿਆ ਹੈ। ਇਸ ਦਾ ਅਰਥ ਤੁਲ ਹੁੰਦਾ ਹੈ। ਲਾਤੀਨੀ ਦਾ ਸ਼ਬਦ ਹੈ ਲeਵਅਰe ਜਿਸ ਦਾ ਅਰਥ ਚੁਕਣਾ ਹੁੰਦਾ ਹੈ, ਅੰਗਰੇਜ਼ੀ ਸ਼ਬਦ ਅਲਲeਵਅਿਟe ਜਿਸ ਦਾ ਅਰਥ ਭਾਰ ਘਟਾਉਣਾ ਹੁੰਦਾ ਹੈ-ਇਸੇ ਤੋਂ ਬਣਿਆ ਹੈ। ਓਲeਵਅਟਿਨ, eਲeਵਅਟੋਰ ਸ਼ਬਦ ਵੀ ਇਸੇ ਨਾਲ ਜਾ ਜੁੜਦੇ ਹਨ। ਅੰਗਰੇਜ਼ੀ ਸ਼ਬਦ ਲeਵੇ ਦਾ ਮੁਢਲਾ ਭਾਵ ਵੀ ਕਿਸੇ ਨੂੰ (ਪੈਸੇ ਟਕੇ) ਤੋਂ ਹਲਕੇ ਕਰਨਾ ਹੀ ਹੈ। æeਵਟੇ ਦਾ ਮਤਲਬ ਹਲਕਾਪਣ, ਹੋਛਾਪਣ ਹੁੰਦਾ ਹੈ। ੍ਰeਲਇਵe ਸ਼ਬਦ ਲੈ ਲਵੋ। ਇਸ ਵਿਚ ਕਿਸੇ ਨੂੰ ਆਰਜ਼ੀ ਤੌਰ ‘ਤੇ ਦੁਖ, ਤਕਲੀਫ਼, ਭੁਖ, ਤਣਾਅ, ਬੋਰੀਅਤ, ਤੰਗੀ ਤੁਰਸ਼ੀ ਆਦਿ ਦੇ ਭਾਰ ਤੋਂ ਹਲਕਾ ਕਰਨਾ ਹੀ ਹੈ। ਉਂਜ ਜੇ ਕਿਸੇ ਚੰਗੀ ਭਲੀ ਨੌਕਰੀ ਕਰਦੇ ਨੂੰ ਰਿਲੀਵ ਕਰ ਦਿੱਤਾ ਜਾਵੇ ਤਾਂ ਉਸ ‘ਤੇ ਵਿੱਤੀ ਬੋਝ ਹੀ ਪਵੇਗਾ। ਇਸ ਸਿਲਸਿਲੇ ਵਿਚ ਰeਲeਵਅਨਟ ਸ਼ਬਦ ਵੀ ਰੈਲੇਵੈਂਟ ਹੈ ਪਰ ਇਸ ਦੀ ਵਿਆਖਿਆ ਮੈਂ ਤੁਹਾਡੇ ਉਪਰ ਛਡਦਾ ਹਾਂ। ਫੇਫੜੇ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ ਲੰਗ (ਲੁਨਗ) ਦਾ ਵੀ ਇਸ ਨਾਲ ਰਿਸ਼ਤਾ ਹੈ। ਲੰਗ ਦਾ ਸ਼ਾਬਦਿਕ ਅਰਥ ਹਲਕਾ ਅੰਗ ਹੈ। ਬਹੁਤ ਸਾਰੀਆਂ ਯੂਰਪੀ ਭਾਸ਼ਾਵਾਂ ਵਿਚ ਫੇਫੜੇ ਲਈ ਇਸ ਨਾਲ ਮਿਲਦੇ-ਜੁਲਦੇ ਸ਼ਬਦ ਹੀ ਹਨ।

Be the first to comment

Leave a Reply

Your email address will not be published.