ਪ੍ਰਬੰਧਕਾਂ ਨੇ ਹੀ ਲਵਾਈ ਗੁਰਦੁਆਰੇ ‘ਚ ਕਿਰਪਾਨ ‘ਤੇ ਰੋਕ

ਅੰਮ੍ਰਿਤਸਰ (ਬਿਊਰੋ): ਅਮਰੀਕਾ ਦੇ ਰੋਚੈਸਟਰ ਸ਼ਹਿਰ ਦੇ ਗੁਰਦੁਆਰੇ ਵਿਚ ਛੇ ਇੰਚ ਤੋਂ ਵੱਡੀ ਕਿਰਪਾਨ ਪਹਿਨਣ ‘ਤੇ ਲਾਈ ਰੋਕ ਦੇ ਮਾਮਲੇ ਦੀ ਜਾਂਚ ਰਿਪੋਰਟ ਇਥੇ ਅਕਾਲ ਤਖ਼ਤ ਪੁੱਜ ਗਈ ਹੈ ਜਿਸ ਵਿਚ ਪ੍ਰਬੰਧਕਾਂ ਨੂੰ ਹੀ ਕਸੂਰਵਾਰ ਦੱਸਿਆ ਗਿਆ ਹੈ। 
ਤਿੰਨ ਸਫ਼ਿਆਂ ਦੀ ਇਸ ਰਿਪੋਰਟ ਵਿਚ ਜਾਂਚ ਟੀਮ ਨੇ ਲਿਖਿਆ ਹੈ ਕਿ ਇਸ ਗੁਰਦੁਆਰੇ ਵਿਚ ਛੇ ਇੰਚ ਤੋਂ ਵੱਡੀ ਕਿਰਪਾਨ ਪਹਿਨਣ ‘ਤੇ ਅਦਾਲਤ ਵੱਲੋਂ ਲਾਈ ਗਈ ਰੋਕ ਲਈ ਪ੍ਰਬੰਧਕ ਖ਼ੁਦ ਹੀ ਜ਼ਿੰਮੇਵਾਰ ਹਨ। ਉਨ੍ਹਾਂ ਨੇ ਹੀ ਇਸ ਬਾਰੇ ਅਦਾਲਤ ਵਿਚ ਹਲਫ਼ੀਆ ਬਿਆਨ ਦਾਇਰ ਕਰਕੇ ਅਪੀਲ ਕੀਤੀ ਹੈ ਕਿ ਗੁਰਦੁਆਰੇ ਦੀ ਹਦੂਦ ਵਿਚ ਛੇ ਇੰਚ ਤੋਂ ਵੱਡੀ ਕਿਰਪਾਨ ਪਹਿਨਣ ਤੇ ਹੋਰ ਹਥਿਆਰ ਲਿਆਉਣ ‘ਤੇ ਰੋਕ ਲਾਈ ਜਾਵੇ ਤਾਂ ਜੋ ਇਥੇ ਆਉਣ ਵਾਲੀ ਸੰਗਤ ਡਰਿਆ ਮਹਿਸੂਸ ਨਾ ਕਰੇ। ਉਨ੍ਹਾਂ ਕਿਰਪਾਨ ਨੂੰ ਖ਼ਤਰਨਾਕ ਹਥਿਆਰ ਦੱਸਿਆ ਹੈ। ਗੁਰਦੁਆਰੇ ਦੀ ਸੰਗਤ ਵਿਚ ਵੀ ਅੰਮ੍ਰਿਤਧਾਰੀ ਸਿੱਖਾਂ ਦੀ ਗਿਣਤੀ ਘੱਟ ਹੈ ਤੇ ਵਧੇਰੇ ਅੰਮ੍ਰਿਤਧਾਰੀ ਸਿੱਖ ਰਸਮੀ ਕਿਰਪਾਨ ਨਹੀਂ ਪਹਿਨਦੇ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਮਰਿਆਦਾ ਨੂੰ ਪੂਰਾ ਕਰਨ ਲਈ ਛੋਟੀ ਸੰਕੇਤਕ ਕਿਰਪਾਨ ਨੂੰ ਕੰਘੇ ਦੇ ਨਾਲ ਪੱਗ ਹੇਠਾਂ ਰੱਖਿਆ ਜਾ ਸਕਦਾ ਹੈ। ਉਨ੍ਹਾਂ ਦਸਤਾਰ ਦੀ ਅਹਿਮੀਅਤ ਨੂੰ ਵੀ ਅੱਖੋਂ ਪਰੋਖੇ ਕੀਤਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਜਿਨ੍ਹਾਂ ਪਰਿਵਾਰਾਂ ਦੇ ਘਰਾਂ ਵਿਚ ਪਾਠ ਪੂਜਾ ਲਈ ਸਥਾਨ ਬਣਿਆ ਹੋਇਆ ਹੈ, ਉਨ੍ਹਾਂ ਨੂੰ ਗੁਰਦੁਆਰੇ ਆਉਣ ਦੀ ਲੋੜ ਨਹੀਂ ਹੈ।
ਜਾਂਚ ਕਮੇਟੀ ਦੇ ਕੋਆਰਡੀਨੇਟਰ ਨੇ ਲਿਖਿਆ ਕਿ ਅਦਾਲਤ ਨੇ ਇਸ ਹਲਫ਼ੀਆ ਬਿਆਨ ਦੇ ਆਧਾਰ ‘ਤੇ ਗੁਰਦੁਆਰਾ ਰੋਚੈਸਟਰ ਵਿਚ ਕਿਰਪਾਨ ਪਹਿਨਣ ‘ਤੇ ਪਾਬੰਦੀ ਲਾ ਦਿੱਤੀ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਇਸ ਪਾਬੰਦੀ ਨਾਲ ਸਿੱਖ ਜੀਵਨ ਜਾਚ ‘ਤੇ ਮਾੜਾ ਅਸਰ ਪਵੇਗਾ ਤੇ ਇਸ ਨਾਲ ਵਿਸ਼ਵ ਭਰ ਦੇ ਗੁਰਦੁਆਰਿਆਂ ਵਿਖੇ ਵੀ ਅਜਿਹੀ ਰੋਕ ਲੱਗਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਪ੍ਰਬੰਧਕਾਂ ਨੇ ਅਦਾਲਤ ਨੂੰ ਸਿੱਖਾਂ ਤੇ ਸਿੱਖ ਰਹਿਤ ਮਰਿਆਦਾ ਬਾਰੇ ਗਲਤ ਬਿਆਨ ਦਿੱਤੇ ਹਨ ਜਿਸ ਵਿਚ ਸਹਿਜਧਾਰੀਆਂ ਨੂੰ ਵੀ ਅੰਮ੍ਰਿਤਧਾਰੀ ਸਿੱਖ ਦਰਸਾਇਆ ਹੈ।
ਗੁਰਦੁਆਰੇ ਦਾ ਮੁੱਖ ਪ੍ਰਬੰਧਕ ਖ਼ੁਦ ਗ਼ੈਰ ਕੇਸਧਾਰੀ ਹੈ ਪਰ ਉਹ ਅੰਮ੍ਰਿਤਧਾਰੀ ਹੋਣ ਦਾ ਦਾਅਵਾ ਕਰਦਾ ਹੈ। ਜਾਂਚ ਦੌਰਾਨ ਗੁਰਦੁਆਰੇ ਦੇ ਬੋਰਡ ਦੇ ਟਰਸੱਟੀਆਂ ਨੇ ਜਾਂਚ ਵਿਚ ਕੋਈ ਸਹਿਯੋਗ ਨਹੀਂ ਦਿੱਤਾ ਹੈ ਤੇ ਜਾਂਚ ਕਮੇਟੀ ਨੂੰ ਮਾਨਤਾ ਦੇਣ ਤੋਂ ਵੀ ਇਨਕਾਰ ਕੀਤਾ ਹੈ। ਕਮੇਟੀ ਨੇ ਸਿਫਾਰਸ਼ ਕੀਤੀ ਹੈ ਕਿ ਗੁਰਦੁਆਰੇ ਦੇ ਪ੍ਰਬੰਧਕਾਂ ਖ਼ਿਲਾਫ਼ ਗੁਰਮਰਿਆਦਾ ਅਨੁਸਾਰ ਕਾਰਵਾਈ ਹੋਵੇ। ਜਾਂਚ ਕਮੇਟੀ ਵੱਲੋਂ ਭੇਜੀ ਗਈ ਰਿਪੋਰਟ ਦੀ ਪੁਸ਼ਟੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕੀਤੀ ਹੈ।
ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਇਹ ਸਿੱਖ ਸਿਧਾਤਾਂ ਨਾਲ ਜੁੜਿਆ ਗੰਭੀਰ ਮਾਮਲਾ ਹੈ ਜਿਸ ਨੂੰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਵਿਚਾਰਨ ਮਗਰੋਂ ਅਗਲਾ ਫ਼ੈਸਲਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰੋਚੈਸਟਰ ਦੇ ਗੁਰਦੁਆਰੇ ਵਿਖੇ ਵੱਡੀ ਕਿਰਪਾਨ ਪਹਿਨਣ ‘ਤੇ ਅਦਾਲਤ ਵੱਲੋਂ ਲਾਈ ਰੋਕ ਤੇ ਇਸ ਨਾਲ ਜੁੜੇ ਹੋਰ ਮਾਮਲਿਆਂ ਬਾਰੇ ਇਥੇ ਸਿੱਖ ਸੰਗਤ ਦੀਆਂ ਸ਼ਿਕਾਇਤਾਂ ਆਈਆਂ ਸਨ। ਇਸ ਆਧਾਰ ‘ਤੇ ਮਾਮਲੇ ਦੀ ਜਾਂਚ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਕਮੇਟੀ ਵਿਚ ਸਾਰੇ ਮੈਂਬਰ ਵਿਦੇਸ਼ਾਂ ਤੋਂ ਹਨ ਤੇ ਇਸ ਦਾ ਕੁਆਰਡੀਨੇਟਰ ਸਿੱਖ ਧਰਮਾ ਜਥੇਬੰਦੀ ਦੇ ਆਗੂ ਭਾਈ ਸਤਪਾਲ ਸਿੰਘ ਖਾਲਸਾ ਨੂੰ ਬਣਾਇਆ ਗਿਆ ਸੀ। ਉਨ੍ਹਾਂ ਇਸ ਮਾਮਲੇ ਦੀ ਪੜਤਾਲ ਕਰਕੇ ਆਪਣੀ ਰਿਪੋਰਟ ਭੇਜੀ ਹੈ।

Be the first to comment

Leave a Reply

Your email address will not be published.