ਨੌਜਵਾਨ ਲੇਖਕ ਜਸਵੀਰ ਸਿੰਘ ਰਾਣਾ ਨਵੀਂ ਪੀੜ੍ਹੀ ਦੇ ਲੇਖਕਾਂ ਵਿਚੋਂ ਹੈ। ਉਸ ਨੇ ਆਪਣੇ ਆਲੇ-ਦੁਆਲੇ ਵਿਚੋਂ ਘਟਨਾਵਾਂ ਅਤੇ ਪਾਤਰਾਂ ਨੂੰ ਆਧਾਰ ਬਣਾ ਕੇ ਬੜੀਆਂ ਖੂਬਸੂਰਤ ਕਹਾਣੀਆਂ ਲਿਖੀਆਂ ਹਨ। ਇਸ ਕਹਾਣੀ ‘ਤੀਜੀ ਅੱਖ ਦਾ ਚਾਨਣ’ ਵਿਚ ਵੀ ਉਸ ਦਾ ਇਹੀ ਰੰਗ ਉਭਰਦਾ ਹੈ। ਸਭ ਕੁਝ ਸਹਿਜ ਵਿਚੋਂ ਹੀ ਨਿਕਲਦਾ ਹੈ। ਅਸਲ ਵਿਚ ਲੇਖਕ ਕਹਾਣੀ ਲਿਖਣ ਲਈ ਕਿਸੇ ਉਚੇਚ ਵਿਚ ਨਹੀਂ ਪੈਂਦਾ। ਉਹ ਸ਼ਬਦ ਚੁਣਦਾ ਹੈ ਤਾਂ ਕਹਾਣੀ ਜਨਮ ਲੈ ਲੈਂਦੀ ਹੈ। ਇਸ ਕਹਾਣੀ ਦਾ ਮੁੱਖ ਪਾਤਰ ਅਜਿਹਾ ਬਾਲ ਹੈ ਜਿਸ ਨੂੰ ਅੱਖਾਂ ਤੋਂ ਨਹੀਂ ਦਿਸਦਾ ਅਤੇ ਉਸ ਦੇ ਘਰ ਦੇ ਹਾਲਾਤ ਵੀ ਉਸ ਨੂੰ ਲਗਾਤਾਰ ਝੰਬੀ ਰੱਖਦੇ ਹਨ, ਪਰ ਉਹ ਅੱਖਾਂ ਤੋਂ ਬਗੈਰ ਹੀ ਆਪਣੇ ਆਲੇ-ਦੁਆਲੇ ਨਾਲ ਡੂੰਘਾ ਜੁੜਿਆ ਹੋਇਆ ਹੈ। ਲੇਖਕ ਨੇ ਇਸ ਕਹਾਣੀ ਵਿਚ ਆਰਥਿਕ ਅਤੇ ਸਮਾਜਕ ਸਰੋਕਾਰਾਂ ਬਾਰੇ ਬਹੁਤ ਗੁੱਝੀਆਂ ਚੋਟਾਂ ਕੀਤੀਆਂ ਹਨ। -ਸੰਪਾਦਕ
ਜਸਵੀਰ ਸਿੰਘ ਰਾਣਾ
ਫੋਨ: 91-98156-59220
“ਪੀਪੇ ‘ਚ ਆਟਾ ਤਾਂ ਹੈ ਨੀ! ਰੋਟੀ ਦੱਸ ਕਿੱਥੋਂ ਲਾਹਾਂ!” ਮਾਂ ਦੀ ਆਵਾਜ਼ ਆਈ।
“ਕਰਦੀ ਐਂ ਕਿ ਨਹੀਂ ਚੁੱਪ! ਕਿਮੇਂ ਸਵੇਰੇ ਈ ਰੌਲਾ ਪਾਉਣ ਲੱਗੀ ਐ!” ਬਾਪੂ ਉਚੀ-ਉਚੀ ਬੋਲਣ ਲੱਗ ਪਿਆ।
ਉਨ੍ਹਾਂ ਦੀਆਂ ਆਵਾਜ਼ਾਂ ਸੁਣ ਕੇ ਮੇਰੀ ਨੀਂਦ ਟੁੱਟ ਗਈ। ਆਖਰ ਇਹ ਲੜਾਈ ਕਦੋਂ ਮੁੱਕਣੀ ਸੀ? ਪਿਆ-ਪਿਆ ਮੈਂ ਸੋਚਣ ਲੱਗ ਪਿਆ। ਬਾਪੂ, ਕਿਰਪਾਲ ਕਿਆਂ ਨਾਲ ਸੀਰੀ ਸੀ। ਉਥੋਂ ਉਹਨੂੰ ਤਿੰਨ ਵੇਲੇ ਰੋਟੀ ਮਿਲਦੀ, ਪਰ ਕਈ ਵਾਰੀ ਉਸ ਨੂੰ ਰਾਤ ਵੇਲੇ ਬਹੁਤ ਭੁੱਖ ਲੱਗਦੀ। ਉਹ ਸਵੇਰੇ ਹੀ ਰੋਟੀ ਮੰਗਣ ਲੱਗ ਪੈਂਦਾ। ਬੱਸ ਲੜਾਈ ਛਿੜ ਪੈਂਦੀ।
ਜਦੋਂ ਦੀ ਮੇਰੀ ਸੁਰਤ ਸੰਭਲੀ, ਮੈਂ ਦੋਵਾਂ ਨੂੰ ਲੜਦੇ ਹੀ ਸੁਣਦਾ ਆ ਰਿਹਾ ਸੀ। ਉਨ੍ਹਾਂ ਨੂੰ ਲੜਦਾ ਛੱਡ ਮੈਂ ਦੋਹਾਂ ਹੱਥਾਂ ਨਾਲ ਮੰਜਾ ਟੋਹਿਆ। ਖੱਬਾ ਹੱਥ ਬਾਹੀ ਨਾਲ ਜਾ ਟਕਰਾਇਆ। ਮੈਂ ਬਾਹੀ ਫੜੀ। ਉਠ ਕੇ ਬੈਠਾ ਹੋ ਗਿਆ। ਫਿਰ ਲੱਤਾਂ ਹੇਠ ਲਮਕਾ ਲਈਆਂ। ਮੇਰਾ ਇੱਕ ਪੈਰ ਕੰਧ ਨਾਲ ਜਾ ਲੱਗਿਆ। ਮੈਂ ਕੰਧ ਛੋਹੀ, ਹੌਲੀ-ਹੌਲੀ ਹੇਠਾਂ ਉਤਰਿਆ। ਤੇ ਫਿਰ ਤੱਕ ਨਾਲ ਹੀ ਨਲਕੇ ਵੱਲ ਤੁਰ ਪਿਆ।
ਨਲਕੇ ਤੋਂ ਹੱਥ-ਮੂੰਹ ਧੋ ਕੇ ਮੈਂ ਚੁੱਲ੍ਹੇ ਵੱਲ ਹੋ ਲਿਆ।
“ਲੈ ਫੜ, ਪਹਿਲਾਂ ਮੂੰਹ ਪੂੰਝ ਲੈ! ਫਿਰ ਆਹ ਚਾਹ ਪੀ ਲਈਂ ਭੋਰਾ!” ਮੈਨੂੰ ਬਾਪੂ ਦਾ ਪਰਨਾ ਫੜਾਉਂਦੀ ਹੋਈ ਮਾਂ ਬੋਲੀ।
ਹੱਥ-ਮੂੰਹ ਪੂੰਝ ਕੇ ਮੈਂ ਪਰਨਾ ਉਸ ਨੂੰ ਫੜਾ ਦਿੱਤਾ। ਉਹਨੇ ਮੇਰੇ ਹੱਥ ਚਾਹ ਦਾ ਗਿਲਾਸ ਫੜਾ ਦਿੱਤਾ।
ਚਾਹ ਪੀ ਕੇ ਮੈਂ ਗਿਲਾਸ ਹੇਠਾਂ ਰੱਖ ਦਿੱਤਾ। ਬਾਪੂ ਦੀ ਆਵਾਜ਼ ਨਹੀਂ ਆ ਰਹੀ ਸੀ। ਮੈਂ ਪੁੱਛਣ ਲੱਗ ਪਿਆ, “ਬਾਪੂ ਕਿੱਥੇ ਗਿਆ ਮਾਂ?”
“ਜਿੱਥੋਂ ਰੋਟੀ ਮਿਲਦੀ ਐ!” ਆਖਦੀ ਮਾਂ ਲੋਕਾਂ ਦਾ ਗੋਹਾ-ਕੂੜਾ ਕਰਨ ਤੁਰ ਪਈ।
ਉਹਦੀ ਬੀਹੀ ਵਿਚ ਤੁਰੀ ਜਾਂਦੀ ਦੀ ਆਵਾਜ਼ ਆਈ, “ਨਹਾ ਕੇ ਸਕੂਲ ਚਲਿਆ ਜਾਈਂ।”
ਪਹਿਲਾਂ ਤਾਂ ਮੈਂ ਬੈਠਾ ਖਾਸਾ ਚਿਰ ਸੋਚਦਾ ਰਿਹਾ। ਕਿੰਨੀਆਂ ਹੀ ਗੱਲਾਂ ਮੇਰੇ ਦਿਮਾਗ਼ ਵਿਚ ਆਈ ਗਈਆਂ, ਪਰ ਸਕੂਲ ਤਾਂ ਜਾਣਾ ਪੈਣਾ ਸੀ। ਇੱਕ ਇਹੀ ਤਾਂ ਥਾਂ ਸੀ ਜਿੱਥੇ ਗਿਆਨ ਦਾ ਸੂਰਜ ਚੜ੍ਹਦਾ ਸੀ। ਜਿੱਥੇ ਜਾ ਕੇ ਮੇਰੇ ਅੰਦਰ ਰੌਸ਼ਨੀ ਫੈਲਦੀ। ਮੇਰਾ ਦਿਮਾਗ਼ ਚੱਲਣ ਲੱਗਦਾ। ਨਹੀਂ ਤਾਂ ਚਾਰੇ ਪਾਸੇ ਘੁੱਪ ਹਨੇਰਾ ਸੀ।
ਦੂਜੀ ਕਲਾਸ ‘ਚ ਮੇਰੀ ਨਜ਼ਰ ਘਟਣ ਲੱਗ ਪਈ ਸੀ। ਜਦੋਂ ਆਥਣ ਹੁੰਦੀ, ਮੈਨੂੰ ਧੁੰਦਲਾ-ਧੁੰਦਲਾ ਦਿੱਸਣ ਲੱਗ ਪੈਂਦਾ। ਚੀਜ਼ਾਂ ਦੇ ਭੁਲੇਖੇ ਜਿਹੇ ਪੈਂਦੇ। ਕਿਤੇ ਡਿੱਗ ਨਾ ਪਵਾਂ। ਕਿਸੇ ਦੇ ਵਿਚ ਨਾ ਵੱਜਾਂ। ਮੈਂ ਸੰਭਲ-ਸੰਭਲ ਕੇ ਤੁਰਦਾ। ਜਦੋਂ ਰਾਤ ਹੋ ਜਾਂਦੀ, ਫਿਰ ਤਾਂ ਕੁਝ ਨਾ ਦਿੱਸਦਾ। ਮੈਂ ਘਰੋਂ ਨਾ ਨਿਕਲਦਾ। ਸਾਝਰੇ ਹੀ ਰੋਟੀ ਖਾ ਕੇ ਪੈ ਜਾਂਦਾ, ਨੀਂਦ ਆ ਜਾਂਦੀ। ਸਵੇਰ ਦਾ ਸੂਰਜ ਮੇਰੇ ਲਈ ਰੌਸ਼ਨੀ ਲੈ ਕੇ ਆਉਂਦਾ ਸੀ।
ਸ਼ਾਇਦ ਹੁਣ ਵੀ ਸੂਰਜ ਚੜ੍ਹ ਆਇਆ ਸੀ। ਮੈਂ ਆਲੇ-ਦੁਆਲੇ ਵੇਖਿਆ, ਪਰ ਕੁਝ ਨਜ਼ਰ ਨਾ ਆਇਆ। ਮੈਂ ਪੀੜ੍ਹੀ ਤੋਂ ਉਠ ਕੇ ਹੌਲੀ-ਹੌਲੀ ਨਲਕੇ ਵੱਲ ਤੁਰ ਪਿਆ।
ਜਿਉਂ ਹੀ ਨਲਕਾ ਗੇੜਿਆ, ਪਾਣੀ ਹੇਠਾਂ ਡਿੱਗਣ ਲੱਗ ਪਿਆ। ਬਾਲਟੀ ਕਿੱਧਰ ਗਈ! ਅੱਗੇ ਤਾਂ ਮਾਂ ਨਲਕੇ ਹੇਠਾਂ ਰੱਖ ਜਾਂਦੀ ਸੀ। ਪਤਾ ਨਹੀਂ ਅੱਜ ਕਿਉਂ ਭੁੱਲ ਗਈ। ਮੈਂ ਸੋਚੀਂ ਪੈ ਗਿਆ। ਬਾਲਟੀ ਕਿੱਥੇ ਸੀ। ਲੱਭਣ ਲਈ ਮੈਂ ਹੇਠਾਂ ਬੈਠ ਗਿਆ। ਧਰਤੀ ‘ਤੇ ਹੱਥ ਮਾਰ-ਮਾਰ ਲੱਭਣ ਲੱਗ ਪਿਆ। ਬੈਠਾ-ਬੈਠਾ ਹੀ ਤੁਰਨ ਲੱਗਿਆ। ਜਦੋਂ ਕੰਧ ਕੋਲ ਪਹੁੰਚਿਆ, ਮੇਰਾ ਹੱਥ ਕਾਸੇ ਵਿਚ ਵੱਜਿਆ। ਬਾਲਟੀ ਸੀ। ਮੈਂ ਚੁੱਕ ਕੇ ਨਲਕੇ ਹੇਠ ਲਿਆ ਰੱਖੀ। ਫਿਰ ਨਲਕਾ ਗੇੜਨ ਲੱਗਾ। ਬਾਲਟੀ ਭਰਨ ਲੱਗਿਆ।
ਇਹ ਮੇਰਾ ਰੋਜ਼ ਦਾ ਕੰਮ ਸੀ। ਆਪ ਹੀ ਨਲਕੇ ਤੱਕ ਜਾਂਦਾ। ਪਾਣੀ ਦੀ ਬਾਲਟੀ ਭਰਦਾ। ਪਹਿਲਾਂ-ਪਹਿਲਾਂ ਤਾਂ ਔਖਾ ਜਿਹਾ ਲੱਗਿਆ, ਪਰ ਬਾਅਦ ਵਿਚ ਕੱਪੜੇ ਵੀ ਆਪ ਪਾਉਣ ਲੱਗ ਪਿਆ ਸੀ।
ਨਹਾ ਕੇ ਮੈਂ ਕੱਪੜੇ ਪਾ ਲਏ। ਕੰਧ ਫੜ-ਫੜ ਪੇਟੀ ਕੋਲ ਗਿਆ। ਉਸ ‘ਤੋਂ ਬਸਤਾ ਚੁੱਕਿਆ। ਮੋਢੇ ਟੰਗਿਆ। ਖੂੰਜੇ ਵਿਚ ਪਈ ਸੋਟੀ ਚੁੱਕੀ। ਤੇ ਫਿਰ ਉਸ ਨਾਲ ਧਰਤੀ ਨੂੰ ਟੋਂਹਦਾ ਸਕੂਲ ਵੱਲ ਤੁਰ ਪਿਆ।
“ਸਿੱਧਾ ਈ ਤੁਰਿਆ ਜਾਹæææ।” ਛੱਜੂ ਕੇ ਘਰ ਕੋਲ ਪੁੱਜਾ ਤਾਂ ਆਵਾਜ਼ ਆਈ।
ਛੱਜੂ ਹੀ ਸੀ। ਅੱਜ ਤਾਂ ਉਹ ਵੀ ਠੀਕ ਰਸਤਾ ਦੱਸ ਰਿਹਾ ਸੀ।
ਸ਼ਾਇਦ ਉਸ ‘ਤੇ ਰਾਤ ਵਾਲੀ ਘਟਨਾ ਦਾ ਅਸਰ ਸੀ।
ਅਭਿਆਸ ਨਾਲ ਮੈਂ ਦਿਨੇ ਤਾਂ ਇਕੱਲਾ ਹੀ ਤੁਰਨ-ਫਿਰਨ ਲੱਗ ਪਿਆ ਸੀ, ਹੁਣ ਮੈਂ ਚਾਹੁੰਦਾ ਸੀ ਕਿ ਰਾਤ ਨੂੰ ਵੀ ਤੁਰ ਕੇ ਵੇਖਾਂ। ਮੈਂ ਇਕੱਲਾ ਹੀ ਤੁਰਾਂ। ਨਾ ਡਿੱਗਾਂ। ਨਾ ਕਿਸੇ ਦੇ ਵਿਚ ਵੱਜਾਂ। ਇਸ ਲਈ ਮੈਂ ਕਿਸੇ ਜੁਗਤ ਦੀ ਭਾਲ ਵਿਚ ਸੀ।
ਕੱਲ੍ਹ ਰਾਤ ਉਹ ਜੁਗਤ ਲੱਭ ਗਈ। ਘਰੇ ਮਾਂ ਦੀ ਪੇਟੀ ਉਹਲੇ ਖ਼ਾਸੀਆਂ ਪੁਰਾਣੀਆਂ ਚੀਜ਼ਾਂ ਪਈਆਂ ਸਨ। ਉਨ੍ਹਾਂ ਵਿਚ ਇੱਕ ਲਾਲਟੈਣ ਵੀ ਸੀ। ਮੈਂ ਮਾਂ ਨੂੰ ਕਹਿ ਕੇ ਉਹ ਕਢਵਾ ਲਈ। ਉਹਨੇ ਪੂੰਝ-ਸੁਆਰ ਕੇ ਨਵੀਂ ਕੱਢ ਦਿੱਤੀ। ਫਿਰ ਉਸ ਵਿਚ ਤੇਲ ਪਵਾ ਲਿਆ। ਮੈਂ ਕੀ ਕਰਨਾ ਚਾਹੁੰਦਾ ਸੀ, ਮਾਂ ਨੂੰ ਸਾਰਾ ਕੁਝ ਦੱਸ ਦਿੱਤਾ। ਮੇਰੀ ਸਕੀਮ ਸੁਣ ਕੇ ਉਹ ਕਹਿੰਦੀ, “ਦੇਖ ਕਿੰਨਾ ਦਿਮਾਗ਼ੀ ਐ ਮੇਰਾ ਪੁੱਤ।æææਰੱਬ ਦਾ ਦੱਸ ਤੈਂ ਕੀ ਵਿਗਾੜਿਆ ਸੀ। ਤੇਰੀ ਅੱਖਾਂ ਦੀ ਜੋਤ ਖੋਹ ਕੇ ਲੈ ਗਿਆ।”
ਜਿਉਂ ਹੀ ਰਾਤ ਹੋਈ, ਮਾਂ ਨੇ ਲਾਲਟੈਣ ਜਗਾ ਕੇ ਮੈਨੂੰ ਫੜਾ ਦਿੱਤੀ। ਇੱਕ ਹੱਥ ਸੋਟੀ, ਦੂਜੇ ਵਿਚ ਲਾਲਟੈਣ। ਧਰਤੀ ‘ਤੇ ਸੋਟੀ ਮਾਰਦਾ ਮੈਂ ਬਾਹਰ ਵੱਲ ਤੁਰ ਪਿਆ। ਦਰਾਂ ਤੱਕ ਮਾਂ ਮੇਰੇ ਨਾਲ ਆਈ। ਹਨੇਰੇ ਵਿਚ ਲਾਲਟੈਣ ਚੁੱਕੀ ਜਦੋਂ ਮੈਂ ਬੀਹੀ ਦਾ ਪਰਲਾ ਮੋੜ ਮੁੜਿਆ ਤਾਂ ਮੈਨੂੰ ਲੱਗਿਆ, ਕੋਈ ਤੇਜ਼-ਤੇਜ਼ ਤੁਰਿਆ ਆ ਰਿਹਾ ਸੀ। ਆਉਣ ਵਾਲਾ ਕਿੱਧਰ ਦੀ ਲੰਘੂ, ਮੈਂ ਅਜੇ ਸੋਚ ਹੀ ਰਿਹਾ ਸੀ ਕਿ ਕੋਈ ਠਾਹ ਦੇਣੀ ਮੇਰੇ ਵਿਚ ਵੱਜਿਆ। ਮੇਰੀ ਸੋਟੀ ਤੇ ਲਾਲਟੈਣ ਪਤਾ ਨਹੀਂ ਕਿੱਥੇ ਜਾ ਡਿੱਗੀਆਂ। ਮੈਂ ਪਰ੍ਹਾਂ ਜਾ ਡਿੱਗਿਆ। ਸ਼ਾਇਦ ਮੂਹਰਿਓਂ ਆਉਣ ਵਾਲਾ ਵੀ ਡਿੱਗ ਪਿਆ ਸੀ।
ਪਹਿਲਾਂ ਉਹ ਉਠਿਆ। ਮੈਂ ਆਪਣੀ ਸੋਟੀ, ਲਾਲਟੈਣ ਲੱਭਣ ਲੱਗ ਪਿਆ ਪਰ ਕੁਝ ਲੱਭ ਨਹੀਂ ਸੀ ਰਿਹਾ।
“ਆਹ ਸੋਟੀæææਆਹ ਲੈ ਫੜ ਲਾਲਟੈਣ।” ਮੈਨੂੰ ਖੜ੍ਹਾ ਕਰਦਾ ਹੋਇਆ ਵੱਜਣ ਵਾਲਾ ਬੋਲਿਆ।
ਦੋਵੇਂ ਚੀਜ਼ਾਂ ਫੜ ਮੈਂ ਘਰ ਨੂੰ ਮੁੜਨ ਹੀ ਲੱਗ ਸੀ, ਉਹਨੇ ਪਿੱਛੋਂ ਆਵਾਜ਼ ਮਾਰੀ, “ਨਾ ਇੱਕ ਗੱਲ ਦੱਸ?”
“ਹਾਂ ਜੀ।” ਮੈਂ ਰੁਕ ਗਿਆ।
ਉਹ ਕਹਿੰਦਾ, “ਤੈਨੂੰ ਅੱਖਾਂ ਤੋਂ ਤਾਂ ਦਿਸਦਾ ਨੀ, ਫਿਰ ਤੂੰ ਆਹ ਲਾਲਟੈਣ ਕਿਉਂ ਚੁੱਕੀ ਤੁਰਿਆ ਜਾਂਦਾ ਸੀ। ਇਹ ਕਾਹਦੇ ਲਈ?”
“ਇਹ ਲਾਲਟੈਣ ਮੇਰੇ ਲਈ ਨਹੀਂ, ਤੁਹਾਡੇ ਲਈ ਐæææਜਿਨ੍ਹਾਂ ਨੂੰ ਦਿਸਦਾ।” ਆਖ ਕੇ ਮੈਂ ਹੌਲੀ-ਹੌਲੀ ਘਰ ਨੂੰ ਤੁਰ ਪਿਆ। ਥੋੜ੍ਹੀ ਦੂਰ ਜਾ ਕੇ ਮੈਨੂੰ ਆਵਾਜ਼ ਦੀ ਪਛਾਣ ਆ ਗਈ। ਛੱਜੂ ਸੀ।
“ਬੱਸ ਸਿੱਧਾ ਈ ਤੁਰਿਆ ਜਾਹ।” ਪਹਿਲਾਂ ਗ਼ਲ਼ਤ ਰਸਤਾ ਦੱਸਣ ਵਾਲਾ ਛੱਜੂ ਅੱਜ ਮੈਨੂੰ ਸਹੀ ਰਸਤਾ ਦਿਖਾ ਰਿਹਾ ਸੀ। ਬੀਹੀ ਦੇ ਪਰਲੇ ਮੋੜ ਤੱਕ ਮੈਨੂੰ ਉਹਦੀ ਆਵਾਜ਼ ਸੁਣਦੀ ਰਹੀ।
ਮੋੜ ਮੁੜ ਕੇ ਮੈਂ ਸਿੱਧਾ ਹੀ ਸਿੱਧਾ ਤੁਰ ਪਿਆ।
ਮੇਰਾ ਚਾਨਣ ਮੁਨਾਰਾ ਮੇਰਾ ਸਕੂਲ ਬੱਸ ਥੋੜ੍ਹੀ ਹੀ ਦੂਰ ਸੀ। ਸਕੂਲ ਜਾਣ ਤੋਂ ਪਹਿਲਾਂ ਮੇਰੀ ਦੁਨੀਆਂ ਹਨੇਰੀ ਸੀ। ਜਿਸ ਸਾਲ ਮੈਂ ਸਕੂਲ ਦਾਖਲ ਹੋਇਆ, ਮੇਰੀ ਭੈਣ ਦੂਜੀ ਵਿਚ ਸੀ। ਉਹ ਦੋ ਸਾਲ ਮੇਰੀਆਂ ਅੱਖਾਂ ਬਣੀ ਰਹੀ। ਮੈਂ ਉਹਦਾ ਹੱਥ ਫੜ ਕੇ ਸਕੂਲ ਜਾਂਦਾ ਰਿਹਾ।
ਜਦੋਂ ਉਹ ਪੰਜਵੀਂ ਪਾਸ ਕਰ ਕੇ ਛੇਵੀਂ ਵਿਚ ਹੋਈ, ਉਹ ਇੱਕ ਦਿਨ ਆਥਣੇ ਮਾਂ ਨਾਲ ਖੇਤਾਂ ਵੱਲ ਕੱਖ ਲੈਣ ਗਈ ਸੀ। ਵੱਟ ‘ਤੇ ਕੱਖ ਖੋਤਦੀ ਜਦੋਂ ਉਹ ਅਗਾਂਹ ਵਧੀ, ਉਹਦਾ ਪੈਰ ਖੁੱਡ ਉਪਰ ਜਾ ਟਿਕਿਆ। ਉਸ ਵਿਚ ਸੱਪ ਸੀ। ਉਹਨੇ ਡੰਗ ਮਾਰਿਆ। ਘਰ ਆਉਣ ਤੱਕ ਭੈਣ ਦਾ ਸਰੀਰ ਨੀਲਾ ਹੋ ਗਿਆ। ਉਹ ਬਾਪੂ ਦੇ ਹੱਥਾਂ ਵਿਚ ਹੀ ਮਰ ਗਈ।
ਉਹਦੀ ਮੌਤ ਨਾਲ ਮੈਂ ਡਰ ਗਿਆ। ਮਨ ਬੜਾ ਦੁਖੀ ਹੋਇਆ। ਇੱਕ ਦਿਨ ਅਜੀਬ ਖਿਆਲ ਆਇਆ। ਹੁਣ ਕਿਵੇਂ ਸਕੂਲ ਜਾਇਆ ਕਰਾਂਗਾ।
“ਹੁਣ ਤੇਰੇ ਅੰਦਰ ਸਕੂਲ ਦਾ ਰਾਹ ਬਣ ਗਿਆ ਮਨੀæææ।” ਇੱਕ ਰਾਤ ਸੁਪਨੇ ਵਿਚ ਦਿਸੀ ਭੈਣ ਮੈਨੂੰ ਇਸ਼ਾਰਾ ਕਰ ਰਹੀ ਸੀ।
ਉਹ ਠੀਕ ਕਹਿੰਦੀ ਸੀ। ਐਨੇ ਸਾਲਾਂ ਵਿਚ ਮੇਰੇ ਅੰਦਰ ਸਕੂਲ ਦਾ ਰਾਹ ਬਣ ਗਿਆ ਸੀ। ਜਿਸ ਦਿਨ ਭੈਣ ਸਕੂਲ ਨਾ ਆਉਂਦੀ, ਮੈਂ ਇਕੱਲਾ ਹੀ ਆ ਜਾਂਦਾ। ਕਈ ਵਾਰ ਛੱਜੂ ਸ਼ਰਾਰਤ ਕਰ ਦਿੰਦਾ। ਉਹ ਆਖਦਾ, “ਮਨੀ, ਤੂੰ ਗ਼ਲ਼ਤ ਰਾਹ ਪੈ ਗਿਆ। ਆ ਜਾ ਐਧਰ ਨੂੰ ਆ ਜਾæææ।”
ਮੇਰਾ ਹੱਥ ਫੜ ਉਹ ਗ਼ਲ਼ਤ ਰਾਹ ਪਾ ਦਿੰਦਾ, ਪਰ ਥੋੜ੍ਹੀ ਦੂਰ ਜਾ ਕੇ ਮੈਨੂੰ ਪਤਾ ਲੱਗ ਜਾਂਦਾ। ਬੀਹੀ ਦੀਆਂ ਉਚੀਆਂ-ਨੀਵੀਆਂ ਇੱਟਾਂ, ਮੋੜ-ਘੋੜ ਤੇ ਲੋਕਾਂ ਦੀਆਂ ਆਵਾਜ਼ਾਂ।
ਸਕੂਲ ਵਿਚੋਂ ਜੁਆਕਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਮੈਂ ਸੋਟੀ ਨਾਲ ਧਰਤੀ ਟੋਂਹਦਾ ਆਵਾਜ਼ਾਂ ਦੀ ਦਿਸ਼ਾ ਵੱਲ ਤੁਰ ਪਿਆ।
“ਆ ਜਾ ਮਨੀ, ਤੈਨੂੰ ਕਲਾਸ ਵਿਚ ਛੱਡ ਕੇ ਆਵਾਂ।” ਗੇਟ ਵੜਨ ਸਾਰ ਪੰਜਵੀਂ ਵਾਲਾ ਰੋਡੂ ਮੇਰੇ ਵੱਲ ਭੱਜਿਆ ਆਇਆ।
ਮੇਰਾ ਹੱਥ ਫੜ ਉਹ ਕਮਰੇ ਵੱਲ ਤੁਰ ਪਿਆ। ਸੋਟੀ ਤੇ ਬਸਤਾ ਰੱਖ ਮੈਂ ਟਾਟ ‘ਤੇ ਬਹਿ ਗਿਆ।
“ਹਾਂ ਬਈ ਮਨੀ, ਤਿਆਰੀ ਐ ਅੱਜ ਫਿਰ।” ਥੋੜ੍ਹੀ ਦੇਰ ਬਾਅਦ ਮਾਸਟਰ ਜੀ ਦੀ ਆਵਾਜ਼ ਆਈ।
“ਸਾਸਰੀ ਕਾਲ ਮਾਸਟਰ ਜੀ। ਹਾਂ ਜੀ ਤਿਆਰੀ ਐ।” ਆਵਾਜ਼ ਦੀ ਦਿਸ਼ਾ ਵੱਲ ਮੂੰਹ ਕਰ ਮੈਂ ਸਵੇਰੇ ਲੜਦੇ ਮਾਂ-ਬਾਪੂ ਬਾਰੇ ਸੋਚਣ ਲੱਗ ਪਿਆ।
ਬਾਹਰ ਸਵੇਰ ਦੀ ਸਭਾ ਦੀ ਘੰਟੀ ਵੱਜਣ ਲੱਗ ਪਈ। ਰੌਲਾ ਬੰਦ ਹੋਣ ਲੱਗ ਪਿਆ। ਸਾਰੇ ਬੱਚੇ ਲਾਈਨ ਵਿਚ ਖੜ੍ਹੇ। ਮੈਨੂੰ ਵੀ ਰੋਡੂ ਲੈਣ ਆ ਗਿਆ, “ਆ ਜਾ ਮਨੀ, ਪਰੇਅਰ ਹੋਣ ਲੱਗ ਪੀ।”
ਉਹਦਾ ਹੱਥ ਫੜੀ ਮੈਂ ਆਪਣੀ ਕਲਾਸ ਦੀ ਲਾਈਨ ਵਿਚ ਜਾ ਕੇ ਖੜ੍ਹ ਗਿਆ।
ਮਾਸਟਰ ਜੀ ਨੇ ਸਾਵਧਾਨ-ਵਿਸ਼ਰਾਮ ਕਰਵਾਈ। ਸ਼ਬਦ ਤੋਂ ਬਾਅਦ ਜਨ-ਗਨ-ਮਨ ਕਰਵਾਈ ਗਈ। ਦੋਹਾਂ ਦੇ ਵਿਚਕਾਰ ਮਾਸਟਰ ਜੀ ਨੇ ਚੰਗੀਆਂ ਗੱਲਾਂ ਦੱਸੀਆਂ। ਉਹ ਕਹਿੰਦੇ, “ਜਿਹੜਾ ਕੁਝ ਤੁਹਾਡੇ ਆਲੇ-ਦੁਆਲੇ ਵਾਪਰਦਾ ਹੈæææਤੁਸੀਂ ਉਸ ਨੂੰ ਵਾਕਾਂ ਵਿਚ ਵਰਤੋ, ਤੁਹਾਡੇ ਵੱਧ ਨੰਬਰ ਆਉਣਗੇ।”
ਇਹ ਗੱਲ ਉਹ ਅਕਸਰ ਕਹਿੰਦੇ ਸਨ। ਅਸੀਂ ਇੰਜ ਹੀ ਕਰਦੇ। ਮੇਰਾ ਜਵਾਬ ਸਭ ਤੋਂ ਵੱਖਰਾ ਹੁੰਦਾ। ਉਹ ਮੈਨੂੰ ਆਉਣ ਸਾਰ ਪੁੱਛਦੇ, “ਹਾਂ ਬਈ ਮਨੀ, ਤਿਆਰੀ ਐ ਅੱਜ ਫਿਰ?”
ਮੇਰੀ ਪੂਰੀ ਤਿਆਰੀ ਸੀ। ਮੈਨੂੰ ਫਟਾਫਟ ਕਲਾਸ ਵਿਚ ਜਾਣ ਦੀ ਉਡੀਕ ਸੀ।
“ਚਲੋ ਬਈ ਪਹਿਲੀ ਆਲੇ ਆਪਣੀ ਕਲਾਸ ਵਿਚ ਚਲੋæææ।” ਮਾਸਟਰ ਜੀ ਵਾਰੀ-ਵਾਰੀ ਸਭ ਨੂੰ ਕਲਾਸਾਂ ਵਿਚ ਭੇਜਣ ਲੱਗ ਪਏ।
ਸਾਡੀ ਕਲਾਸ ਵੀ ਕਮਰੇ ਵਿਚ ਜਾ ਬੈਠੀ। ਕੁਝ ਦੇਰ ਬੱਚਿਆਂ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ।
ਫਿਰ ਚੁੱਪ ਵਰਤ ਗਈ। ਮਾਸਟਰ ਜੀ ਆ ਗਏ ਸਨ। ਉਹ ਆਉਣ ਸਾਰ ਸਾਨੂੰ ਪੜ੍ਹਾਉਣ ਲੱਗ ਪਏ, “ਹਾਂ ਬਈ, ਕੱਲ੍ਹ ਮੈਂ ਤੁਹਾਨੂੰ ਇੱਕ ਸ਼ਬਦ ਦਿੱਤਾ ਸੀ ‘ਵਾਰੀ’। ਅੱਜ ਤੁਸੀਂ ਉਹਦੇ ਵਾਕ ਬਣਾ ਕੇ ਸੁਣਾਉਂਗੇ।”
ਮੈਂ ਆਪਣਾ ਸਾਰਾ ਧਿਆਨ ਆਵਾਜ਼ਾਂ ਵੱਲ ਲਾ ਲਿਆ।
“ਚੱਲ ਬਈ ਜਗਜੀਤ, ਵਾਰੀ ਸ਼ਬਦ ਦਾ ਵਾਕ ਬਣਾ।” ਮਾਸਟਰ ਜੀ ਬੋਲੇ।
ਜਗਜੀਤ ਦੇ ਉਠਣ ਦੀ ਆਵਾਜ਼ ਆਈ। ਪਹਿਲਾਂ ਉਹਨੇ ਆਪਣੇ ਕੱਪੜੇ ਝਾੜੇ। ਫਿਰ ਬੋਲਿਆ, “ਮਾਸਟਰ ਜੀ, ਮੇਰੇ ਕੋਲ ਬਹੁਤ ਕੱਪੜੇ ਨੇ। ਇੱਕ ਕਮੀਜ਼ ਪਾਉਣ ਦੀ ਵਾਰੀ ਹਫ਼ਤੇ ਪਿੱਛੋਂ ਆਉਂਦੀ ਐ।”
“ਵਾਹ ਬਈ ਵਾਹ, ਚੱਲ ਕਮਲ ਤੂੰ ਸੁਣਾ।” ਮਾਸਟਰ ਦੀ ਆਵਾਜ਼ ਸੁਣ ਕਮਲ ਉਠ ਕੇ ਖੜ੍ਹੀ ਹੋ ਗਈ। ਕਹਿੰਦੀ, “ਮਾਸਟਰ ਜੀ, ਅੱਜ ਨਹਿਰ ਤੋਂ ਖੇਤਾਂ ਨੂੰ ਪਾਣੀ ਲਾਉਣ ਦੀ ਸਾਡੀ ਵਾਰੀ ਐ।”
“ਵਾਹ ਬਈ ਵਾਹ, ਕਮਾਲ ਕਰ’ਤੀ ਕਮਲ ਨੇ। ਚੱਲ ਬਈ ਮਨੀ, ਹੁਣ ਤੂੰ ਵਾਰੀ ਸ਼ਬਦ ਦਾ ਵਾਕ ਬਣਾ।” ਮਾਸਟਰ ਜੀ ਦੀ ਆਵਾਜ਼ ਸੁਣ ਮੈਂ ਹੌਲੀ-ਹੌਲੀ ਉਠ ਕੇ ਖੜ੍ਹਾ ਹੋ ਗਿਆ।
“ਮਾਸਟਰ ਜੀ, ਜਿਨ੍ਹਾਂ ਦੇ ਮੇਰਾ ਬਾਪੂ ਸੀਰੀ ਐ, ਉਥੋਂ ਉਹਨੂੰ ਤਿੰਨ ਟਾਈਮ ਦੀ ਰੋਟੀ ਮਿਲਦੀ ਐ। ਉਸ ਵਿਚੋਂ ਸਵੇਰੇ ਬਾਪੂ ਦੀ, ਦੁਪਹਿਰੇ ਮਾਂ ਦੀ, ਤੇ ਰਾਤ ਨੂੰ ਰੋਟੀ ਖਾਣ ਦੀ ਮੇਰੀ ਵਾਰੀ ਹੁੰਦੀ ਐ।” ਜਵਾਬ ਦਿੰਦਾ-ਦਿੰਦਾ ਮੈਂ ਹੇਠਾਂ ਬੈਠ ਗਿਆ।
ਸਾਰੀ ਕਲਾਸ ਵਿਚ ਚੁੱਪ ਛਾ ਗਈ। ਕੁਝ ਦੇਰ ਬਾਅਦ ਮਾਸਟਰ ਜੀ ਦੀ ਆਵਾਜ਼ ਆਈ, “ਵੇਖੋ ਬੱਚਿਓ, ਮਨੀ ਨੂੰ ਭਾਵੇਂ ਅੱਖਾਂ ਤੋਂ ਨਹੀਂ ਦਿੱਸਦਾ ਪਰ ਇਸ ਅੰਦਰ ਗਿਆਨ ਦਾ ਸੂਰਜ ਚੜ੍ਹ ਚੁੱਕਾ ਹੈ। ਇੱਕ ਦਿਨ ਇਹ ਹਰ ਤਰ੍ਹਾਂ ਦਾ ਹਨੇਰਾ ਦੂਰ ਕਰੇਗਾ।”
ਮਾਸਟਰ ਜੀ ਦੀ ਗੱਲ ਸੁਣ ਮੇਰੇ ਮੱਥੇ ਵਿਚ ਕੁਝ ਜਗਣ ਲੱਗ ਪਿਆ। ਮੈਨੂੰ ਜਾਣੋਂ ਕਿੰਨਾ ਹੀ ਕੁਝ ਦਿੱਸਣ ਲੱਗ ਪਿਆ।
Leave a Reply