ਜਲੰਧਰ: ਡੇਰਾ ਸੱਚਖੰਡ ਬੱਲਾਂ ਦਾ ਗ੍ਰੰਥ ‘ਅੰਮ੍ਰਿਤਬਾਣੀ’ ਵਿਵਾਦਾਂ ਵਿਚ ਘਿਰ ਗਿਆ ਹੈ। ਡੇਰਾ ‘ਦੇਹਰਾ ਗੁਰੂ ਰਵਿਦਾਸ’ ਦੇ ਮਹੰਤ ਪ੍ਰਸ਼ੋਤਮ ਲਾਲ ਨੇ ਦੋਸ਼ ਲਾਇਆ ਕਿ ਡੇਰਾ ਸੱਚਖੰਡ ਬੱਲਾਂ ਵੱਲੋਂ ਤਿਆਰ ਕੀਤੇ ਗਏ ਗ੍ਰੰਥ ‘ਅੰਮ੍ਰਿਤਬਾਣੀ’ ਵਿਚ ‘ਸ੍ਰੀ ਰਵਿਦਾਸ ਦੀਪ ਗ੍ਰੰਥ’ ਵਿਚੋਂ 80 ਫ਼ੀਸਦੀ ਬਾਣੀ ਲੈ ਕੇ ਸ਼ਾਮਲ ਕੀਤੀ ਗਈ ਹੈ। ਉਨ੍ਹਾਂ ਦਾਆਵਾ ਕੀਤਾ ਹੈ ਕਿ 1908 ਵਿਚ ਸੰਤ ਹੀਰਾ ਦਾਸ ਵੱਲੋਂ ਹੱਥ ਲਿਖਤ ‘ਸ੍ਰੀ ਰਵਿਦਾਸ ਦੀਪ ਗ੍ਰੰਥ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਗ੍ਰੰਥ ਨੂੰ ਪਹਿਲੀ ਵਾਰ 1912 ਵਿਚ ਛਾਪਿਆ ਗਿਆ ਸੀ ਤੇ ਉਦੋਂ ਸੰਗਤ ਨੂੰ ਇਸ ਦੀਆਂ 500 ਦੇ ਕਰੀਬ ਕਾਪੀਆਂ ਦਿੱਤੀਆਂ ਗਈਆਂ ਸਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ‘ਅੰਮ੍ਰਿਤਬਾਣੀ’ ਗ੍ਰੰਥ ‘ਤੇ ਪਾਬੰਦੀ ਲਾਈ ਜਾਵੇ।
ਉਨ੍ਹਾਂ ਦਾਅਵਾ ਕੀਤਾ ਕਿ ਇਹ ਸਿੱਧਾ ਹੀ ਕਾਪੀਰਾਈਟ ਦੀ ਉਲੰਘਣਾ ਹੈ। ਮਹੰਤ ਪ੍ਰਸ਼ੋਤਮ ਲਾਲ ਨੇ ਦੋਸ਼ ਲਾਇਆ ਕਿ ਅੱਜ ਤੋਂ ਤਿੰਨ ਸਾਲ ਪਹਿਲਾਂ ਡੇਰਾ ਬੱਲਾਂ (ਜਲੰਧਰ) ਦੇ ਸੰਤਾਂ-ਮਹਾਂਪੁਰਖਾਂ ਵੱਲੋਂ ਜੋ ‘ਅੰਮ੍ਰਿਤਬਾਣੀ’ ਕਾਂਸ਼ੀ (ਬਨਾਰਸ) ਤੋਂ ਰਿਲੀਜ਼ ਕੀਤੀ ਗਈ ਸੀ ਤੇ ਸ੍ਰੀ ਗੁਰੂ ਰਵਿਦਾਸ ਨੂੰ ਮੰਨਣ ਵਾਲੀ ਸੰਗਤ ਨੂੰ ਇਸ ਨੂੰ ਆਪਣਾ ਧਾਰਮਿਕ ਗ੍ਰੰਥ ਮੰਨਣ ਲਈ ਹੁਕਮ ਕੀਤਾ ਸੀ, ਉਸ ਵਿਚ ਬਹੁਤੀ ਬਾਣੀ ਸੰਤ ਹੀਰਾ ਦਾਸ ਵੱਲੋਂ 1908 ਵਿਚ ਰਚਿਤ ਧਾਰਮਿਕ ਗ੍ਰੰਥ ‘ਰਵਿਦਾਸ ਦੀਪ’ ਵਿਚੋਂ ਚੋਰੀ ਕਰਕੇ ਦਰਜ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਡੇਰਾ ਬੱਲਾਂ ਵੱਲੋਂ ਸ੍ਰੀ ਗੁਰੂ ਰਵਿਦਾਸ ਨੂੰ ਮੰਨਣ ਵਾਲੀ ਦੇਸ਼ ਵਿਦੇਸ਼ ਦੀ ਸੰਗਤ ਨੂੰ ਇਹ ਕਿਹਾ ਗਿਆ ਹੈ ਕਿ ਅੰਮ੍ਰਿਤਬਾਣੀ ਡੇਰਾ ਬੱਲਾਂ ਵੱਲੋਂ ਤਿਆਰ ਕੀਤੀ ਗਈ ਹੈ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਰਵਿਦਾਸਦੀਪ ਗ੍ਰੰਥ ਨੂੰ ਛਾਪਣ ਦੇ ਸਾਰੇ ਹੱਕ ਉਨ੍ਹਾਂ ਕੋਲ ਰਾਖਵੇਂ ਹਨ। ਉਨ੍ਹਾਂ ਦੱਸਿਆਕਿ ਇਸ ਗ੍ਰੰਥ ਨੂੰ ਪਹਿਲੀ ਵਾਰ ਸੰਤ ਹੀਰਾ ਦਾਸ ਨੇ 1908 ਵਿਚ ਆਪਣੇ ਹੱਥੀਂ ਲਿਖਿਆ ਸੀ। ਉਹ ਹੱਥ ਲਿਖਤ ਵੀ ਉਨ੍ਹਾਂ ਕੋਲ ਮੌਜੂਦ ਹੈ।
1912 ਵਿਚ ਇਸ ਨੂੰ ਪੰਜਾਬੀ ਵਿਚ ਛਪਵਾਕੇ ਸੰਗਤ ਨੂੰ ਭੇਟ ਕੀਤਾ ਗਿਆ ਸੀ। ਇਸ ਦੀਆਂ 500 ਕਾਪੀਆਂ ਛਪਵਾਈਆਂ ਗਈਆਂ ਸਨ। ਉਸ ਤੋਂ ਬਾਅਦ 1984 ਵਿਚ ਭਗਤ ਰਾਮ ਦਿਆਲ (ਡੇਰਾ ਸੰਤ ਲਾਲ ਦਾਸ ਗੋਪਾਲ ਮੋਚਨ ਹਰਿਆਣਾ) ਨੇ ਮਹੰਤ ਸ਼ਰਧਾ ਰਾਮ ਤੇ ਮਹੰਤ ਪਰਮਾਨੰਦ ਤੋਂ ਮਨਜ਼ੂਰੀ ਲੈ ਕੇ ਇਸ ਦਾ ਹਿੰਦੀ ਅਨੁਵਾਦ ਛਪਵਾਇਆ। ਮਹੰਤ ਪ੍ਰਸ਼ੋਤਮ ਲਾਲ ਨੇ ਅੱਗੇ ਕਿਹਾ ਕਿ ਅੰਮ੍ਰਿਤਬਾਣੀ ਪੁਸਤਕ ਨੂੰ ਜੇ ਰਵਿਦਾਸ ਦੀਪ ਗ੍ਰੰਥ ਦਾ ਉਤਾਰਾ ਹੀ ਕਹਿ ਲਿਆ ਜਾਵੇ ਤਾਂ ਇਹ ਅੱਤ-ਕਥਨੀ ਨਹੀਂ। ਰਵਿਦਾਸ ਦੀਪ ਗ੍ਰੰਥ ਵਿਚੋਂ ਜੋ ਬਾਣੀ ਲਈ ਗਈ ਹੈ, ਉਸ ਵਿਚ ਮੰਗਲਾ ਚਰਨ, ਬਾਰਾ ਮਾਹਾਂ, 105 ਸ਼ਲੋਕ ਤੇ 46 ਸ਼ਬਦ ਹੂ-ਬਹੂ ਅੰਮ੍ਰਿਤਬਾਣੀ ਵਿਚ ਛਾਪ ਦਿੱਤੇ ਗਏ ਹਨ।
ਫਰਕ ਸਿਰਫ਼ ਇਹ ਪਾਇਆ ਹੈ ਕਿ ਜਿਥੇ-ਜਿਥੇ ਸੰਤ ਹੀਰਾ ਦਾਸ ਦਾ ਨਾਂ ਆਉਂਦਾ ਹੈ, ਉਥੇ ਉਨ੍ਹਾਂ ਨੇ ਉਹ ਲਾਈਨ ਕੱਟ ਕੇ ਕੋਈ ਹੋਰ ਲਾਈਨ ਜੋੜ ਦਿੱਤੀ ਹੈ ਜਾਂ ਕੱਟ ਦਿੱਤੀ ਹੈ। ਮਹੰਤ ਪ੍ਰਸ਼ੋਤਮ ਲਾਲ ਨੇ ਇਹ ਵੀ ਦੱਸਿਆ ਕਿ ਦੇਹਰਾ ਸ੍ਰੀ ਗੁਰੂ ਰਵਿਦਾਸ ਮੰਦਿਰ ਚੱਕ ਹਕੀਮ ਉਹ ਇਤਿਹਾਸਕ ਅਸਥਾਨ ਹੈ, ਜਿਥੇ ਗੁਰੂ ਰਵਿਦਾਸ ਤੇ ਗੁਰੂ ਕਬੀਰ ਚੂਹੜਕਾਣੇ ਨੂੰ ਜਾਂਦੇ ਹੋਏ ਆਏ ਸਨ ਤੇ 70 ਦਿਨ ਇਸੇ ਸਥਾਨ ‘ਤੇ ਠਹਿਰੇ ਸਨ।
ਸੰਤ ਹੀਰਾ ਦਾਸ ਨੇ 1855 ਵਿਚ ਇਸ ਸਥਾਨ ‘ਤੇ ਮੰ ਦਰ ਦਾ ਨਿਰਮਾਣ ਸ਼ੁਰੂ ਕਰਵਾਇਆ ਤੇ 1888 ਵਿਚ ਇਹ ਤਿਆਰ ਹੋ ਗਿਆ। ਮਹੰਤ ਪ੍ਰਸ਼ੋਤਮ ਲਾਲ ਨੇ ਦਾਅਵਾ ਕੀਤਾ ਕਿ ਸੰਤ ਹੀਰਾ ਦਾਸ ਦੀ ਪੰਜਵੀਂ ਪੀੜ੍ਹੀ ਵਿਚੋਂ ਦਾਸ ਇਸ ਸਥਾਨ ਦੀ ਸੇਵਾ ਨਿਭਾਅ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਡੇਰਾ ਬੱਲਾਂ ਦੇ ਜਿਨ੍ਹਾਂ ਵੀ ਲੋਕਾਂ ਨੇ ਧਾਰਮਿਕ ਗ੍ਰੰਥ ਵਿਚੋਂ ਬਾਣੀ ਚੋਰੀ ਕੀਤੀ ਹੈ, ਉਹ 15 ਦਿਨਾਂ ਦੇ ਵਿਚ ਮੁਆਫ਼ੀ ਮੰਗਣ ਤੇ ਹੁਣ ਤੱਕ ਜਿੰਨੀਆਂ ਵੀ ਅੰਮ੍ਰਿਤਬਾਣੀ ਦੀਆਂ ਕਾਪੀਆਂ ਜਿਥੇ-ਜਿਥੇ ਵੀ ਭੇਜੀਆਂ ਹਨ, ਉਹ ਵਾਪਸ ਮੰਗਵਾ ਕੇ ਸਾਡੇ ਸਪੁਰਦ ਕਰਨ। ਅਜਿਹਾ ਨਾ ਕਰਨ ‘ਤੇ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Leave a Reply