ਜੋ ਹਰਿ ਪ੍ਰਭ ਭਾਣਾ ਸੋ ਥੀਆ…

ਮੇਜਰ ਕੁਲਾਰ ਬੋਪਾਰਾਏ ਕਲਾਂ
916-273-2856
ਜਿਵੇਂ ਪੰਛੀ ਉਡਦੇ ਤਾਂ ਅਸਮਾਨ ਵਿਚ ਨੇ, ਪਰ ਉਨ੍ਹਾਂ ਦਾ ਰੈਣ-ਬਸੇਰਾ ਧਰਤੀ ਉਤੇ ਹੁੰਦਾ ਹੈ; ਇਸੇ ਤਰ੍ਹਾਂ ਇਨਸਾਨ ਜਿੰਨੀਆਂ ਮਰਜ਼ੀ ਪ੍ਰਵਾਜ਼ਾਂ ਭਰ ਲਵੇ ਪਰ ਉਹ ਹਮੇਸ਼ਾ ਜੁੜਿਆ ਆਪਣੀ ਜਨਮ ਭੋਇੰ ਨਾਲ ਹੁੰਦਾ ਹੈ। ਅੱਜ ਤੱਕ ਕੋਈ ਵੀ ਆਪਣੀ ਜ਼ਿੰਦਗੀ ਵਿਚ ਖੁਸ਼ੀ ਨਾਲ ਨੱਚਦਾ ਨਹੀਂ ਮਿਲੇਗਾ। ਗੱਲਾਂ ਕਰਦੇ-ਕਰਦੇ ਅਖੀਰ ਵਿਚ ਕਹਿ ਦੇਵੇਗਾ, “ਬਾਕੀ ਤਾਂ ਪਰਮਾਤਮਾ ਨੇ ਸਭ ਕੁਝ ਦੇ ਦਿੱਤਾ, ਬੱਸ ਆਹ ਛੋਟੇ ਦੇ ਰੱਬ ਮੁੰਡਾ ਦੇ ਦੇਵੇ, ਫਿਰ ਸਭ ਠੀਕ ਹੋ ਜਾਊ।” ਇਕ ਦਾ ਨਹੀਂ, ਸਾਡਾ ਸਾਰਿਆਂ ਦਾ ਇਹੀ ਹਾਲ ਹੈ। ਇਕ ਮੰਗ ਪੂਰੀ ਹੋਈ ਤਾਂ ਅਗਲੀ ਤਿਆਰ ਹੋ ਜਾਂਦੀ ਹੈ, ਤੇ ਮੰਗਦਿਆਂ ਦੀ ਸਾਡੀ ਜ਼ਿੰਦਗੀ ਮੁੱਕ ਜਾਂਦੀ ਹੈ। ਦੁੱਖਾਂ ਦੀ ਜਿਹੜੀ ਕਹਾਣੀ ਅੱਜ ਲਿਖਣ ਲੱਗਿਆ ਹਾਂ, ਸ਼ਾਇਦ ਤੁਸੀਂ ਵੀ ਪੜ੍ਹ ਕੇ ਇਹੀ ਸੋਚੋਗੇ ਕਿ ਹੇ ਪਰਮਾਤਮਾ! ਹੋਰ ਦੇਣ ਨਾਲੋਂ ਜਿਹੜੀਆਂ ਦਾਤਾਂ ਦਿੱਤੀਆਂ ਨੇ, ਉਨ੍ਹਾਂ ਦੀ ਸਲਾਮਤੀ ਬਖ਼ਸ਼ੀਂ!!
ਰੋਜ਼ੀ ਰੋਟੀ ਦੇ ਹੀਲੇ-ਵਸੀਲੇ ਵਿਚ ਲੱਗਿਆ ਪ੍ਰਗਟ ਕੈਨੇਡਾ ਤੋਂ ਅਮਰੀਕਾ ਟਰੱਕ ਲੈ ਕੇ ਆਉਂਦਾ ਹੈ। ਤਿੰਨ ਸਾਲ ਪਹਿਲਾਂ ਕਿਸੇ ਪੰਜਾਬੀ ਢਾਬੇ ਤੋਂ ਉਸ ਦੇ ਹੱਥ ‘ਪੰਜਾਬ ਟਾਈਮਜ਼’ ਅਖ਼ਬਾਰ ਲੱਗ ਗਿਆ ਅਤੇ ਉਹ ਵੀ ਇਸ ਦਾ ਪੱਕਾ ਪਾਠਕ ਬਣ ਗਿਆ। ਹੁਣ ਜਿੱਥੇ ਵੀ ਹੁੰਦੈ, ਆਪਣੇ ਨਵੇਂ ਤਕਨੀਕ ਵਾਲੇ ਫੋਨ ‘ਤੇ ਅਖਬਾਰ ਪੜ੍ਹ ਲੈਂਦਾ ਹੈ। ਪ੍ਰਗਟ ਮੈਨੂੰ ਪਿਛਲੇ ਹਫ਼ਤੇ ਇਕ ਟਰੱਕ ਸਟਾਪ ‘ਤੇ ਮਿਲਿਆ ਅਤੇ ਆਪਣੀ ਦੁੱਖਾਂ ਭਰੀ ਕਹਾਣੀ ਇੰਜ ਸੁਣਾਈ:
ਮੇਰੀ ਵੱਡੀ ਭੈਣ ਗਿਆਨੋ, ਮੈਂ ਤੇ ਛੋਟੀ ਭੈਣ ਤਾਰੋ ਤਿੰਨੇ ਜਣੇ ਅਜੇ ਛੋਟੇ-ਛੋਟੇ ਹੀ ਸਾਂ ਜਦੋਂ ਬੇਬੇ ਅੱਖਾਂ ਮੀਟ ਗਈ। ਇਕ ਸਾਲ ਤਾਂ ਬਾਪੂ, ਬੇਬੇ ਨੂੰ ਯਾਦ ਕਰ ਕੇ ਰੋਂਦਾ ਰਿਹਾ ਤੇ ਸਾਨੂੰ ਹਿੱਕ ਨਾਲ ਲਾਉਂਦਾ ਰਿਹਾ, ਫਿਰ ਬਾਪੂ ਨੇ ਦੂਜਾ ਵਿਆਹ ਕਰਵਾਉਣ ਦੀ ਸਲਾਹ ਬਣਾ ਲਈ। ਸਾਡੇ ਪਿੰਡੋਂ ਹੀ ਕਿਸੇ ਨੇ ਬਾਪੂ ਦਾ ਦੂਜਾ ਵਿਆਹ ਕਰਵਾ ਦਿੱਤਾ। ਮਤਰੇਈ ਮਾਂ ਦੇ ਦੋ ਨਿਆਣੇ ਵੀ ਨਾਲ ਆ ਗਏ। ਸਾਡੇ ਹਾਣੀ ਹੀ ਮੁੰਡਾ ਜੰਟਾ ਤੇ ਕੁੜੀ ਸ਼ਿੰਦੋ। ਹੁਣ ਬਾਪੂ ਤੇ ਮਤਰੇਈ ਮਾਂ ਦੋ ਹੋ ਗਏ, ਤੇ ਅਸੀਂ ਨਿਆਣੇ ਪੰਜ। ਮਹੀਨਾ ਤਾਂ ਮਤਰੇਈ ਨੇ ਵਧੀਆ ਕੱਢਿਆ ਪਰ ਬਾਅਦ ਵਿਚ ਫਿਰ ਮਤਰੇਈਆਂ ਵਾਲਾ ਆਢਾ ਲਾਉਣਾ ਸ਼ੁਰੂ ਕਰ ਦਿੱਤਾ। ਮਤਰੇਈ ਮਾਂ ਬੇਬੇ ਨਾਲੋਂ ਸਨੁੱਖੀ ਤਾਂ ਕੁਝ ਜ਼ਿਆਦਾ ਸੀ, ਪਰ ਬੇਬੇ ਨਾਲੋਂ ਸਚਿਆਰੀ ਕਿਤੇ ਘੱਟ ਸੀ। ਰੋਟੀ ਟੁੱਕ ਦੇ ਆਹਰ ਵਿਚ ਮੇਰੀਆਂ ਭੈਣਾਂ ਅੱਗੇ ਹੁੰਦੀਆਂ ਤੇ ਖਾਣ ਵਕਤ ਜੰਟਾ ਤੇ ਸ਼ਿੰਦੋ। ਗਿਆਨੋ ਨੇ ਕਈ ਵਾਰ ਕਹਿਣਾ, “ਬੇਬੇ, ਪਹਿਲਾਂ ਰੋਟੀ ਪ੍ਰਗਟ ਵੀਰ ਨੂੰ ਦੇ ਆਵਾਂ?” ਅੱਗਿਓਂ ਮਤਰੇਈ ਮਾਂ ਨੇ ਪੰਜਾਹ ਬੋਲ ਬੋਲਣੇ। ਜਿਹੜੇ ਵਕਤ ਗਿਆਨੋ ਦੇ ਹੱਥ ਕਿਤਾਬਾਂ ਹੋਣੀਆਂ ਚਾਹੀਦੀਆਂ ਸਨ, ਉਸ ਵਕਤ ਵਿਚਾਰੀ ਦੇ ਸਿਰ ਗੋਹੇ ਦੀ ਟੋਕਰੀ ਰੱਖ ਦਿੱਤੀ। ਬਾਪੂ ਨੇ ਮੈਨੂੰ ਤਾਂ ਪੰਜ ਸੱਤ ਸਾਲ ਪੜ੍ਹਨ ਭੇਜ ਦਿੱਤਾ, ਪਰ ਗਿਆਨੋ ਤੇ ਤਾਰੋ ਤਾਂ ਵਿਚਾਰੀਆਂ ਕਾਇਦਾ ਵੀ ਨਾ ਟੱਪੀਆਂ। ਬਾਪੂ ਮੇਰਾ ਮੇਰੇ ਨਾਨਕਿਆਂ ਤੋਂ ਡਰਦਾ ਸੀ ਪਰ ਮਤਰੇਈ ਦੇ ਪੇਕਿਆਂ ਦੀ ਸ਼ਹਿ ‘ਤੇ ਸਾਨੂੰ ਕੁੱਟਣੋਂ ਬਾਜ਼ ਨਹੀਂ ਸੀ ਆਉਂਦਾ। ਦੁੱਖਾਂ ਦੀ ਭੱਠੀ ਵਿਚ ਤੜਫਦਿਆਂ ਅਸੀਂ ਵੱਡੇ ਹੋ ਗਏ। ਹੁਣ ਮੈਨੂੰ ਪੂਰੀ ਸਮਝ ਆ ਗਈ ਸੀ। ਮੈਂ ਮਤਰੇਈ ਮਾਂ ਦਾ ਪਹਿਲਾ ਸਹੁਰਾ ਪਿੰਡ ਘੁੰਮ ਆਇਆ। ਅੜਬ ਸੁਭਾਅ ਕਰ ਕੇ ਮਤਰੇਈ ਦਾ ਉਥੋਂ ਛੱਡ-ਛਡਾ ਹੋ ਗਿਆ ਸੀ।
ਜੰਟਾ ਤੇ ਸ਼ਿੰਦੋ ਤਾਂ ਸਕੂਲ ਜਾਂਦੇ ਪਰ ਅਸੀਂ ਤਿੰਨੇ ਜਣੇ ਪਿਓ ਨਾਲ ਖੇਤੀ ਦਾ ਕੰਮ ਕਰਵਾਉਂਦੇ। ਬਾਈ! ਮੈਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ, ਮੇਰੀਆਂ ਭੈਣਾਂ ਜਦੋਂ ਮੀਂਹ ਵਿਚ ਪੱਠੇ ਵੱਢਦੀਆਂ, ਬਿਜਲੀ ਗੜ੍ਹਕਦੀ, ਉਹ ਦੋਵੇਂ ਮੈਨੂੰ ਆਪਣੀ ਬੁੱਕਲ ਵਿਚ ਲੈ ਲੈਂਦੀਆਂ ਕਿ ਬਿਜਲੀ ਸਾਡੇ ‘ਤੇ ਡਿੱਗ ਪਵੇ, ਪਰ ਪ੍ਰਗਟ ਵੀਰ ਨੂੰ ਕੁਝ ਨਾ ਹੋਵੇ। ਗਿਆਨੋ ਭੈਣ ਮੁਟਿਆਰ ਹੋ ਗਈ, ਮੇਰੀ ਬੇਬੇ ਵਾਂਗ ਉਹ ਬੜੀ ਸਚਿਆਰੀ ਨਿਕਲੀ। ਇਕ ਦਿਨ ਮਤਰੇਈ ਮਾਂ ਨੇ ਮੇਰੇ ਸਾਹਮਣੇ ਗਿਆਨੋ ਦੇ ਥੱਪੜ ਮਾਰਿਆ ਤੇ ਮੈਂ ਮਤਰੇਈ ਦਾ ਭੂਤ ਕੱਢ ਦਿੱਤਾ। ਉਸ ਦਿਨ ਤੋਂ ਮਤਰੇਈ ਮਾਂ ਮੇਰੀ ਮਾਂ ਤੋਂ ਵੀ ਸਿਆਣੀ ਹੋ ਗਈ।
ਹੁਣ ਬੇਬੇ ਗਿਆਨੋ ਦਾ ਦਾਜ ਬਣਾਉਣ ਲਈ ਗਿਆਨੋ ਨੂੰ ਕਹਿੰਦੀ। ਦਾਜ ਬਣਾਉਂਦਿਆਂ ਹੀ ਗਿਆਨੋ ਵਾਸਤੇ ਫੌਜੀ ਮੁੰਡਾ ਮਿਲ ਗਿਆ। ਗਿਆਨੋ ਰੋਂਦੀ ਕੁਰਲਾਉਂਦੀ ਡੋਲੀ ਬੈਠ ਸਹੁਰੇ ਘਰ ਤੁਰ ਗਈ। ਅਜੇ ਗਿਆਨੋ ਦੇ ਸਹੁਰਿਆਂ ਨਾਲ ਘੁਲੇ-ਮਿਲੇ ਵੀ ਨਹੀਂ ਸੀ ਕਿ ਸਾਡਾ ਬਾਪੂ ਪੂਰਾ ਹੋ ਗਿਆ। ਬਾਪੂ ਦੇ ਹਲ ਦੀ ਮੁੰਨੀ ਮੇਰੇ ਹੱਥ ਆ ਗਈ। ਅਜੇ ਮੈਂ ਕਬੀਲਦਾਰੀ ਦੇ ਟੇਢੇ-ਮੇਢੇ ਸਿਆੜ ਕੱਢ ਕੇ ਕਬੀਲਦਾਰੀ ਦਾ ਹਲ ਸਿੱਖ ਹੀ ਰਿਹਾ ਸੀ ਕਿ ਕਾਰਗਿਲ ਦੀ ਜੰਗ ਲੱਗ ਗਈ। ਗਿਆਨੋ ਦਾ ਪ੍ਰਾਹੁਣਾ ਇਸ ਜੰਗ ਵਿਚ ਸ਼ਹੀਦ ਹੋ ਗਿਆ। ਸਿਖਰ ਦੁਪਹਿਰੇ ਸਾਡੇ ‘ਤੇ ਬਿਜਲੀ ਡਿੱਗ ਪਈ। ਪ੍ਰਾਹੁਣੇ ਦਾ ਜੋ ਕੁਝ ਮਿਲਿਆ, ਉਸ ਦੇ ਭਰਾ ਰੱਖ ਗਏ ਜਾਂ ਬੇਬੇ-ਬਾਪੂ ਨੇ ਸਾਂਭ ਲਿਆ। ਗਿਆਨੋ ਫਿਰ ਵਾਪਸ ਆ ਗਈ। ਗਿਆਨੋ ਨੂੰ ਦੇਖ ਕੇ ਮਨ ਬਹੁਤ ਦੁਖੀ ਹੁੰਦਾ, ਪਰ ਬੰਦਾ ਕੀ ਕਰੇ? ਸਭ ਮੁਕੱਦਰਾਂ ਦੀ ਖੇਡ ਹੁੰਦੀ ਹੈ!
ਗਿਆਨੋ ਦਾ ਦੁੱਖ ਹਿੱਕ ‘ਤੇ ਰੱਖ ਕੇ ਤਾਰੋ ਲਈ ਮੁੰਡਾ ਲੱਭਿਆ। ਉਨ੍ਹਾਂ ਕੋਲ ਦੋ ਮਿੰਨੀ ਬੱਸਾਂ ਸਨ। ‘ਚੱਲੋ ਕੁੜੀ ਮੌਜ ਕਰੇਗੀ’, ਕਹਿੰਦਿਆਂ ਤਾਰੋ ਦੇ ਹੱਥ ਪੀਲੇ ਕੀਤੇ। ਤਾਰੋ ਦਾ ਵਿਆਹ ਕਰ ਕੇ ਮੈਂ ਗਿਆਨੋ ਨੂੰ ਦੁਬਾਰਾ ਤੋਰਨਾ ਚਾਹੁੰਦਾ ਸੀ, ਪਰ ਉਹ ਅਜੇ ਦੁਬਾਰਾ ਵਿਆਹ ਕਰਵਾਉਣ ਨੂੰ ਮੰਨਦੀ ਨਹੀਂ ਸੀ। ਤਾਰੋ ਨੂੰ ਵਿਆਹਿਆਂ ਸਾਲ ਕੁ ਹੋਇਆ ਕਿ ਉਸ ਦੇ ਦੋ ਜੋੜੀਆਂ ਕੁੜੀਆਂ ਹੋ ਗਈਆਂ। ਰੱਬ ਨੇ ਦੁੱਖਾਂ ‘ਤੇ ਮਲ੍ਹਮਾਂ ਨਹੀਂ ਲਾਈਆਂ ਸਗੋਂ ਲੂਣ ਪਾਇਆ। ਅਜੇ ਤਾਂ ਪੰਜੀਰੀ ਦੇ ਕੇ ਆਏ ਹੀ ਸੀ ਕਿ ਤਾਰੋ ਦੇ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ। ਛੇ ਮਹੀਨਿਆਂ ਦੀਆਂ ਕੁੜੀਆਂ ਸੰਭਾਲਣੀਆਂ ਔਖੀਆਂ ਹੋ ਗਈਆਂ। ਫਿਰ ਇਕ ਦਿਨ ਤਾਰੋ ਦਾ ਸੱਸ-ਸੁਹਰਾ ਆਏ ਤੇ ਉਨ੍ਹਾਂ ਨੇ ਹੱਥ ਜੋੜਦਿਆਂ ਗਿਆਨੋ ਦਾ ਰਿਸ਼ਤਾ ਮੰਗ ਲਿਆ।
ਗਿਆਨੋ ਪਹਿਲਾਂ ਤਾਂ ਮੰਨਦੀ ਨਹੀਂ ਸੀ, ਛੋਟੀਆਂ ਬੱਚੀਆਂ ਦਾ ਵਾਸਤਾ ਪਾ ਕੇ ਉਸ ਨੂੰ ਵਿਆਹ ਲਈ ਮਨਾ ਲਿਆ। ਚਾਰ ਲਾਵਾਂ ਦੇ ਕੇ ਗਿਆਨੋ ਤੋਰ ਦਿੱਤੀ। ਤਾਰੋ ਦੇ ਸਹੁਰੇ ਵੀ ਚੰਗੇ ਸਨ, ਜਿਨ੍ਹਾਂ ਨੇ ਇਹ ਕਾਰਜ ਸਿਰੇ ਲਾਇਆ ਸੀ। ਹੁਣ ਸ਼ਿੰਦੋ ਵੀ ਪੜ੍ਹਨੋਂ ਹਟ ਗਈ। ਮਾਂ ਕਹਿੰਦੀ, ‘ਪ੍ਰਗਟਾ, ਇਹਦੇ ਲਈ ਮੁੰਡਾ ਲੱਭ ਤੇ ਇਹਨੂੰ ਵੀ ਤੋਰ ਦੇਈਏ। ਭੈਣਾਂ ਵਿਆਹੁੰਦਿਆਂ ਮੈਂ ਸੋਚਦਾ ਕਿ ਜਿੰਨਾ ਦੁੱਖ ਮੈਨੂੰ ਹੁਣ ਮਿਲ ਰਿਹਾ ਹੈ, ਇੰਨਾ ਦੁੱਖ ਤਾਂ ਮਾਂ ਮਰੀ ਦਾ ਵੀ ਨਾ ਹੁੰਦਾ, ਜੇ ਬਾਪੂ ਦੂਜਾ ਵਿਆਹ ਨਾ ਕਰਾਉਂਦਾ। ਬਹੁਤਾ ਜ਼ਿਆਦਾ ਸੁੱਖ ਤਾਂ ਬਾਪੂ ਨੇ ਵੀ ਨਹੀਂ ਭੋਗਿਆ, ਉਹ ਵੀ ਜ਼ਿੰਦਗੀ ਨਾਲ ਦੋ-ਚਾਰ ਹੁੰਦਾ ਹੋਇਆ ਮੈਨੂੰ ਕਬੀਲਦਾਰੀ ਦੇ ਭਾਰ ਹੇਠ ਦੱਬ ਗਿਆ।
ਖ਼ੈਰ! ਮੈਂ ਸ਼ਿੰਦੋ ਲਈ ਡੁਬਈ ਤੋਂ ਆਇਆ ਮੁੰਡਾ ਪਸੰਦ ਕਰ ਲਿਆ। ਸ਼ਿੰਦੋ ਦੇ ਵਿਆਹ ‘ਤੇ ਮੈਂ ਖਰਚਾ ਆਪਣੀਆਂ ਭੈਣਾਂ ਨਾਲੋਂ ਜ਼ਿਆਦਾ ਕੀਤਾ। ਮਾਂ ਵੀ ਇਸ ਸਭ ਨੂੰ ਦੇਖ ਰਹੀ ਸੀ ਕਿ ਮੈਂ ਇਨ੍ਹਾਂ ਨਾਲ ਕੀ ਕਰਦੀ ਰਹੀ, ਤੇ ਇਹ ਮੇਰੀ ਧੀ ‘ਤੇ ਜਾਨ ਵਾਰਨ ਤੱਕ ਜਾਂਦਾ ਹੈ। ਸ਼ਿੰਦੋ ਆਪਣੇ ਘਰ ਖੁਸ਼ ਸੀ। ਸਾਨੂੰ ਉਸ ਵੱਲੋਂ ਠੰਢੀ ਹਵਾ ਆਉਂਦੀ ਸੀ। ਮਾਂ ਤਾਂ ਠੀਕ ਰਹਿੰਦੀ ਸੀ, ਪਰ ਜੰਟਾ ਕਈ ਵਾਰ ਸ਼ਰਾਬ ਪੀ ਕੇ ਤੂੰ-ਤੂੰ, ਮੈਂ-ਮੈਂ ਕਰਨ ਲੱਗ ਜਾਂਦਾ ਸੀ। ਮੇਰਾ ਮਨ ਬੜਾ ਦੁਖੀ ਹੁੰਦਾ ਕਿ ‘ਬਾਪੂ, ਤੇਰੇ ਬੀਜੇ ਕੰਡੇ ਮੈਨੂੰ ਚੁਗਣੇ ਪੈ ਰਹੇ ਨੇ।’ ਮਾਂ ਮੁੜ-ਮੁੜ ਕਹਿੰਦੀ, “ਪ੍ਰਗਟਾ! ਮੈਨੂੰ ਨਹੀਂ ਲੱਗਦਾ ਜੰਟੇ ਨੂੰ ਕੋਈ ਰਿਸ਼ਤਾ ਕਰਵਾ ਦੇਊ। ਪੁੱਤ, ਤੂੰ ਹੀ ਵਿਆਹ ਕਰਵਾ ਲੈ। ਮੈਨੂੰ ਵੀ ਕੰਮ ਤੋਂ ਛੁੱਟੀ ਮਿਲ ਜਾਊਗੀ।” ਮੈਂ ਮਾਂ ਨੂੰ ਬਹਾਨੇ ਲਾ ਛੱਡਦਾ।
ਫਿਰ ਮੈਂ ਡੇਅਰੀ ਦੁੱਧ ਪਾਉਣ ਗਿਆ ਤਾਂ ਪਿੰਡ ਦਾ ਪੰਚ ਕਹਿੰਦਾ, “ਪ੍ਰਗਟ, ਆਹ ਦੇਖ ਅਖ਼ਬਾਰ ਵਿਚ ਕੈਨੇਡਾ ਦਾ ਰਿਸ਼ਤਾ ਤੇਰੇ ਲਈ।” ਇਸ਼ਤਿਹਾਰ ਵਿਚਲੇ ਫੋਨ ‘ਤੇ ਮੈਂ ਕਾਲ ਕਰ ਦਿੱਤੀ। ਕੁੜੀ ਵਾਲਿਆਂ ਨੇ ਗੱਲਬਾਤ ਕਰਨ ਲਈ ਦਿਨ ਰੱਖ ਲਿਆ। ਪੰਚ ਵਿਚੋਲਾ ਬਣ ਗਿਆ। ਗੱਲ ਸ਼ਾਇਦ ਹਾਸੇ ਮਜ਼ਾਕ ਵਿਚ ਹੋ ਰਹੀ ਸੀ, ਪਰ ਕਹਿੰਦੇ ਨੇ ਸੰਜੋਗ ਜ਼ੋਰਾਵਰ ਹੁੰਦੇ ਨੇæææਸਾਡਾ ਵਿਆਹ ਹੋ ਗਿਆ।
ਮੇਰੀ ਇਸ ਘਰਵਾਲੀ ਦਾ ਪਹਿਲਾਂ ਵੀ ਵਿਆਹ ਹੋ ਚੁੱਕਾ ਸੀ। ਘਰਵਾਲਾ ਇਸ ਨੂੰ ਕੈਨੇਡਾ ਤਾਂ ਲੈ ਆਇਆ ਪਰ ਉਹ ਨਿੱਤ ਦਾ ਸ਼ਰਾਬੀ ਬੰਦਾ ਸੀ। ਦੋ ਸਾਲ ਬਾਅਦ ਤਲਾਕ ਹੋ ਗਿਆ। ਬੱਚਾ ਅਜੇ ਕੋਈ ਨਹੀਂ ਸੀ, ਫਿਰ ਦੋ ਸਾਲ ਬਾਅਦ ਇਹ ਇੰਡੀਆ ਗਈ ਤਾਂ ਸਾਡੇ ਘਰ ਦੇ ਹਾਲਾਤ ਦੇਖ ਕੇ, ਤੇ ਮੇਰੇ ਵੱਲ ਦੇਖ ਕੇ ਪਤਾ ਨਹੀਂ ਇਹਦੇ ਮਨ ਕੀ ਮਿਹਰ ਪਈ, ਇਹ ਮੇਰੇ ਨਾਲ ਵਿਆਹ ਕਰਵਾ ਕੇ ਮੈਨੂੰ ਇਥੇ ਲੈ ਆਈ। ਮਾਂ ਨੇ ਵੀ ਬਥੇਰੀ ਖੁਸ਼ੀ ਮਨਾਈ, ਭੈਣਾਂ ਨੇ ਵੀ ਤੇ ਪਿੰਡ ਵਾਲਿਆਂ ਨੇ ਵੀ। ਬਾਈ ਜੀ, ਜਿਵੇਂ ਕਈ ਵਾਰ ਬੰਦਾ ਪਰਮਾਤਮਾ ਵੱਲੋਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਨਹੀਂ ਕਰਦਾ, ਸਗੋਂ ਜਿਹੜੀ ਦਾਤ ਨਾ ਮਿਲੀ ਹੋਵੇ, ਉਸ ਵਾਸਤੇ ਪਰਮਾਤਮਾ ਨਾਲ ਗਿਲਾ ਕਰਦਾ ਹੈ; ਪਰ ਮੇਰੇ ‘ਤੇ ਦੁੱਖਾਂ ਦੇ ਪਹਾੜ ਡਿੱਗਦੇ ਰਹੇ ਤੇ ਮੇਰੇ ਹੱਥ ਭਾਣੇ ਵਿਚ ਜੁੜਦੇ ਰਹੇ। ਸਾਲ ਬਾਅਦ ਮੇਰੇ ਘਰ ਪੁੱਤਰ ਹੋਇਆ। ਸੋਚਿਆ ਲੋਹੜੀ ‘ਤੇ ਪਿੰਡ ਜਾਵਾਂਗੇ। ਸਭ ਨੂੰ ਬੁਲਾ ਕੇ ਇਕੱਠ ਕਰ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਾਂਗੇ, ਪਰ ਰੱਬ ਤਾਂ ਉਲਟਾ ਮੇਰੇ ਵੱਲ ਨਿਸ਼ਾਨੇ ਲਾਉਣ ਨੂੰ ਤਿਆਰ ਬੈਠਾ ਸੀ। ਗਿਆਨੋ ਤੇ ਉਸ ਦਾ ਪ੍ਰਾਹੁਣਾ, ਸੱਸ ਤੇ ਸਹੁਰਾ-ਚਾਰਾਂ ਜਣਿਆਂ ਦਾ ਐਕਸੀਡੈਂਟ ਹੋ ਗਿਆ ਤੇ ਚਾਰਾਂ ਨੇ ਪਾਣੀ ਵੀ ਨਾ ਮੰਗਿਆ। ਮੈਨੂੰ ਪਤਾ ਲੱਗਿਆ ਤਾਂ ਅਸੀਂ ਗਏ। ਫਿਰ ਪੁੱਤ ਦੀ ਖੁਸ਼ੀ ਕੀ ਮਨਾਉਣੀ ਸੀ? ਸਾਰੇ ਘਰ ਵਿਚੋਂ ਸਿਰਫ਼ ਮੇਰੀਆਂ ਦੋ ਭਾਣਜੀਆਂ ਬਚੀਆਂ ਜੋ ਉਸ ਦਿਨ ਗੁਆਂਢਣ ਕੋਲ ਸਨ। ਉਨ੍ਹਾਂ ਦਾ ਘਰ ਉਜੜ ਚੁਕਾ ਸੀ।
ਮੈਂ ਸਸਕਾਰ ‘ਤੇ ਨਹੀਂ ਸੀ ਪਹੁੰਚ ਸਕਿਆ, ਪਰ ਅੰਤਿਮ ਅਰਦਾਸ ਵਿਚ ਹਾਜ਼ਰ ਹੋ ਕੇ ਮਨ ਨੂੰ ਭਾਣਾ ਮੰਨਣ ਲਈ ਕਹਿੰਦਾ ਰਿਹਾ। ਮੈਂ ਅੱਜ ਤੱਕ ਸੋਚਦਾ ਹਾਂ ਕਿ ਮੇਰੇ ਅਤੇ ਮੇਰੀਆਂ ਭੈਣਾਂ ਦੇ ਰੱਬ ਨੇ ਕਿਹੋ ਜਿਹੇ ਲੇਖ ਲਿਖੇ ਸਨ। ਘਰ ਸਾਡਾ ਵੀ ਉਜੜਿਆਂ ਵਰਗਾ ਹੀ ਹੋਇਆ ਪਿਆ ਸੀ। ਦੋਹਾਂ ਭਾਣਜੀਆਂ ਨੂੰ ਘਰ ਲਿਆਂਦਾ। ਜੰਟੇ ਦਾ ਵਿਆਹ ਕਰ ਦਿੱਤਾ। ਮਾਂ ਵੀ ਹੁਣ ਕੁੱਬੀ ਹੋਈ ਪਈ ਸੀ। ਫਿਰ ਰੋਂਦੇ ਹੋਏ ਜਹਾਜ਼ ਚੜ੍ਹ ਆਏ। ਹੁਣ ਪਿੰਡ ਵਾਲੇ ਘਰ ਦਾ ਖਰਚਾ ਵੀ ਇਥੋਂ ਭੇਜਦਾ ਹਾਂ। ਭਾਣਜੀਆਂ ਨੂੰ ਪੜ੍ਹਾ ਰਿਹਾ ਹਾਂ। ਦੁੱਖ ਤਾਂ ਜ਼ਿੰਦਗੀ ਵਿਚ ਬਹੁਤ ਮਿਲੇ, ਪਰ ਪਰਮਾਤਮਾ ਅੱਗੇ ਇਹੀ ਅਰਦਾਸ ਕੀਤੀ ਕਿ ਇਹ ਸਭ ਤੇਰੇ ਹੁਕਮ ਵਿਚ ਹੀ ਹੋ ਰਿਹਾ ਹੈ। ਅਰਦਾਸ ਅਤੇ ਬਾਣੀ ਨਾਲ ਮਨ ਟਿਕਾਉ ਵਿਚ ਰਹਿੰਦਾ ਹੈ। ਹਰ ਸਾਲ ਪਿੰਡ ਜਾ ਆਉਂਦਾ ਹਾਂ। ਪਰਮਾਤਮਾ ਕਿਰਪਾ ਕਰੇ, ਐਂਤਕੀ ਪੰਜਾਬ ਗਏ ਤਾਂ ਹਜ਼ੂਰ ਸਾਹਿਬ ਤੋਂ ਅੰਮ੍ਰਿਤ ਛਕ ਕੇ ਸਿੰਘ ਸਜ ਜਾਣਾ ਹੈ, ਇਹੀ ਮੇਰੀ ਤਮੰਨਾ ਹੈæææਪਰਮਾਤਮਾ ਜਲਦੀ ਪੂਰੀ ਕਰ ਦੇਵੇ।
ਪ੍ਰਗਟ ਦੀ ਕਹਾਣੀ ਸੁਣਦਾ ਮੈਂ ਦੋ-ਤਿੰਨ ਵਾਰ ਰੋ ਪਿਆ ਤੇ ਇਹ ਕਹਾਣੀ ਲਿਖਦਾ ਤਾਂ ਕਈ ਵਾਰ ਰੋਇਆ ਹਾਂ। ਪ੍ਰਗਟ ਦੀ ਕਹਾਣੀ ਸੁਣ ਕੇ ਮੈਨੂੰ ਲੱਗਦਾ ਹੈ ਕਿ ਪਰਮਾਤਮਾ ਨੇ ਸਾਡੇ ‘ਤੇ ਬਹੁਤ ਕਿਰਪਾ ਰੱਖੀ ਹੋਈ ਹੈ। ਰੱਬ ਰਾਖਾæææ।

Be the first to comment

Leave a Reply

Your email address will not be published.