ਉਲੰਪਿਕ ਵਿਚ ਕਿੱਸਾ ਕੁਸ਼ਤੀ ਦਾ

ਦਲਬਾਰਾ ਸਿੰਘ ਮਾਂਗਟ
ਫੋਨ: 269-267-9621
ਅੱਜ ਕੱਲ੍ਹ ਖੇਡ ਜਗਤ ਵਿਚ ‘ਕੁਸ਼ਤੀ ਤੋਂ ਬਿਨਾਂ ਉਲੰਪਿਕ’ ਭਖਦੇ ਕੋਲੇ ਵਰਗਾ ਵਿਸ਼ਾ ਬਣਿਆ ਹੋਇਆ ਹੈ। ਕੌਮਾਂਤਰੀ ਉਲੰਪਿਕ ਕਮੇਟੀ (ਆਈæਓæਸੀæ) ਨੇ ਸੰਨ 2020 ਦੀਆਂ ਖੇਡਾਂ, ਜੋ ਅਜੇ ਤੈਅ ਹੀ ਨਹੀਂ ਹੋਈਆਂ ਕਿ ਕਿਹੜੇ ਸ਼ਹਿਰ ਹੋਣਗੀਆਂ, ਵਿਚੋਂ ਕੁਸ਼ਤੀ ਨੂੰ ਬਾਹਰ ਰੱਖਣ ਲਈ ਮਤਾ ਪਾਸ ਕੀਤਾ ਹੈ। ਇਹ ਖਬਰ ਸੁਣ ਕੇ ਹਰ ਖੇਡ ਪ੍ਰੇਮੀ, ਖਾਸ ਤੌਰ ‘ਤੇ ਪਹਿਲਵਾਨਾਂ ਦੇ ਚਿਹਰਿਆਂ ਉਤੇ ਨਿਰਾਸ਼ਾ ਨਜ਼ਰ ਆ ਰਹੀ ਹੈ। ਕੁਸ਼ਤੀ ਪੁਰਾਤਨ ਸਮੇਂ ਤੋਂ ਪ੍ਰਚਲਿਤ ਹੈ ਜਿਸ ਨੂੰ ਰਾਜੇ-ਮਹਾਰਾਜੇ ਵੀ ਪਸੰਦ ਕਰਦੇ ਆਏ ਹਨ ਅਤੇ ਮੰਗੋਲੀਆ ਦੇਸ਼ ਦੀ ਇਹ ਕੌਮੀ ਖੇਡ ਹੈ। ਕੁਸ਼ਤੀ 1896 ਦੀਆਂ ਏਥਨਜ਼ (ਯੂਨਾਨ-ਗਰੀਸ) ਤੋਂ ਸ਼ੁਰੂ ਹੋਈਆਂ ਪਹਿਲੀਆਂ ਉਲੰਪਿਕ ਖੇਡਾਂ ਤੋਂ ਲੈ ਕੇ ਲਗਾਤਾਰ ਚਲਦੀ ਆ ਰਹੀ ਹੈ। ਇਸ ਵਿਚ ਸੱਤ ਮਹਾਂਦੀਪਾਂ ਦੇ ਪਹਿਲਵਾਨ ਵੱਖੋ-ਵੱਖ ਭਾਰ ਅਤੇ ਸਟਾਈਲ ਵਿਚ ਆਪਣੇ ਜੌਹਰ ਦਿਖਾਉਂਦੇ ਹਨ ਅਤੇ ਜਿੱਤਾਂ ਹਾਸਲ ਕਰ ਕੇ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰਦੇ ਹਨ ਕਿਉਂਕਿ ਇਨਾਮਾਂ ਦੀ ਵੰਡ ਮੌਕੇ ਖਿਡਾਰੀ ਦੇ ਦੇਸ਼ ਦਾ ਝੰਡਾ ਅਤੇ ਕੌਮੀ ਗੀਤ ਬਾਕਾਇਦਾ ਪੇਸ਼ ਕੀਤਾ ਜਾਂਦਾ ਹੈ।
ਪਿਛਲੇ ਸਾਲ ਲੰਡਨ ਵਿਚ ਹੋਈਆਂ ਉਲੰਪਿਕ ਖੇਡਾਂ ਵਿਚ ਭਾਰਤੀ ਪਹਿਲਵਾਨਾਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ, ਬਲਕਿ 2004 ਏਥਨਜ਼ ਉਲੰਪਿਕ ਵਿਚ ਪਹਿਲੀ ਵਾਰ ਮਹਿਲਾ ਵਰਗ ਨੂੰ ਵੀ ਕੁਸ਼ਤੀ ਮੁਕਾਬਲਿਆਂ ਲਈ ਸ਼ਾਮਲ ਕੀਤਾ ਗਿਆ ਅਤੇ ਵਧੀਆ ਨਤੀਜੇ ਵੀ ਦੇਖਣ ਵਿਚ ਆਏ। ਜੇ ਹੁਣ ਇਸ ਖੇਡ ਨੂੰ ਉਲੰਪਿਕ ਵਿਚੋਂ ਕੱਢ ਦਿੱਤਾ ਗਿਆ ਤਾਂ ਇਸ ਦਾ ਆਉਣ ਵਾਲੀ ਖੇਡ-ਪਨੀਰੀ ਉਤੇ ਭੈੜਾ ਅਸਰ ਪਵੇਗਾ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ, ਜਿਥੋਂ ਹਰ ਖੇਡ ਦੀ ਪਿਉਂਦ ਸ਼ੁਰੂ ਹੁੰਦੀ ਹੈ, ਵਿਚ ਕੀ ਇਹ ਖੇਡ ਬੰਦ ਕਰ ਦਿੱਤੀ ਜਾਵੇਗੀ? ਕੀ ਚੰਦਗੀ ਰਾਮ ਅਤੇ ਗੁਰੂ ਹਨੂੰਮਾਨ ਦੇ ਅਖਾੜੇ ਖ਼ਤਮ ਹੋ ਜਾਣਗੇ? ਕੀ ਮੰਨਣਹਾਣੇ ਦੀਆਂ ਕੁਸ਼ਤੀਆਂ ਲੋਪ ਹੋ ਜਾਣਗੀਆਂ? ਕੀ ਪਹਿਲਵਾਨ ਆਪਣਾ ‘ਉਲੰਪਿਕ ਸੁਪਨਾ’ ਨਹੀਂ ਲੈ ਸਕਣਗੇ? ਲਗਦਾ ਹੈ ਜਿਵੇਂ ਆਈæਓæਸੀæ ਮੈਂਬਰਾਂ ਦੀ ਸੋਚ ਕਿਲਾ ਰਾਏਪੁਰ ਦੀਆਂ ਖੇਡਾਂ ਵਿਚੋਂ ਬੈਲਗੱਡੀਆਂ ਦੀਆਂ ਦੌੜਾਂ ਬੰਦ ਕਰਵਾਉਣ ਵਰਗੀ ਹੋ ਗਈ ਹੋਵੇ ਅਤੇ ਨੌਬਤ ਕੋਰਟ-ਕਚਹਿਰੀ ਦਾ ਦਰਵਾਜ਼ਾ ਖੜਕਾਉਣ ਤੱਕ ਦੀ ਬਣ ਜਾਵੇ!
ਕੁਸ਼ਤੀ ਇਤਿਹਾਸ ਦੇ ਪੰਨੇ ਫਰੋਲ ਕੇ ਦੇਖੀਏ ਤਾਂ ਪਹਿਲਵਾਨ ਦਾਰਾ ਸਿੰਘ, ਜਿਸ ਦਾ ਸਟਾਈਲ ਭਾਵੇਂ ਵੱਖਰਾ ਸੀ, ਦਾ ਨਾਂ ਹਰ ਇਕ ਦੀ ਜ਼ੁਬਾਨ ‘ਤੇ ਉਭਰ ਕੇ ਆਉਂਦਾ ਹੈ ਅਤੇ ਗਾਮੇ ਪਹਿਲਵਾਨ ਦੇ ਬੁੱਤ ਨੂੰ ਅੱਜ ਵੀ ਇੰਗਲੈਂਡ ਦੀਆਂ ਸੜਕਾਂ ਸਲਾਮ ਕਰਦੀਆਂ ਹਨ। ਇਹੋ ਨਹੀਂ, ਪੰਜਾਬ ਦੇ ਖੇਡ ਮਹਿਕਮੇ ਦੇ ਸਾਬਕਾ ਡਾਇਰੈਕਟਰ ਕਰਤਾਰ ਸਿੰਘ ਨੇ ਅਣਗਿਣਤ ਤਮਗੇ ਜਿੱਤ ਕੇ ਕੌਮ ਦਾ ਨਾਂ ਉਚਾ ਕੀਤਾ। ਭਾਰਤੀ ਰਾਜਧਾਨੀ ਵਿਚ 1969 ਦੇ ਵਿਸ਼ਵ ਕੁਸ਼ਤੀ ਮੁਕਾਬਲਿਆਂ ਵਿਚ ਉਤਰ ਪ੍ਰਦੇਸ਼ ਦੇ ਗਰੀਬ ਘਰਾਣੇ ਦੇ ਵਸਨੀਕ ਬਿਸ਼ੰਬਰ ਸਿੰਘ ਨੇ ਇਕੋ ਇਕ ਮੈਡਲ ਜਿੱਤ ਕੇ ਦੇਸ਼ ਦੀ ਇੱਜ਼ਤ ਬਚਾਈ ਸੀ।
ਇਸ ਮੁੱਦੇ ‘ਤੇ ਲੇਖਕ ਨੇ ਕੈਲੀਫੋਰਨੀਆ ਰਹਿੰਦੇ ਪੁਰਾਣੇ ਮਿੱਤਰ ਬਾਲ ਭਗਵਤ ਦਾ ਕਹਿਣਾ ਹੈ ਕਿ ਮੇਰੀ ਜ਼ਿੰਦਗੀ ਵਿਚ ਬਹੁਤ ਉਤਰਾਅ-ਚੜ੍ਹਾਅ ਆਏ, ਪਰ ਉਲੰਪਿਕ ਵਿਚੋਂ ਕੁਸ਼ਤੀ ਨੂੰ ਬਾਹਰ ਰੱਖਣ ਦੀ ਖ਼ਬਰ ਸੁਣ ਕੇ ਵੱਡੀ ਸੱਟ ਵੱਜੀ ਹੈ। ਬਾਲ ਭਗਵਤ ਨੇ ਪਟਿਆਲਾ ਦੇ ਸਪੋਰਟਸ ਇੰਸਟੀਚਿਊਟ ਵਿਚ ਆਪਣਾ ਕੈਰੀਅਰ ਵਿਦੇਸ਼ੀ ਮਾਹਿਰ ਹਮੇਦੀ ਨਾਲ ਰੈਸਲਿੰਗ ਕੋਚ ਦੇ ਤੌਰ ‘ਤੇ ਸ਼ੁਰੂ ਕੀਤਾ ਤੇ 30 ਸਾਲ ਅਨੇਕਾਂ ਪਹਿਲਵਾਨਾਂ ਨੂੰ ਮਿੱਟੀ ਦੇ ਅਖਾੜੇ ਤੋਂ ਲੈ ਕੇ ਗੱਦੇ ਵਾਲੀ ਕੁਸ਼ਤੀ ਦੇ ਨਾਇਕ ਬਣਾਇਆ ਅਤੇ ਦੇਸ਼ ਦੇ ਪਹਿਲੇ ‘ਹਾਲ ਆਫ਼ ਫੇਮ’, ‘ਦਰੋਣਾਚਾਰੀਆ ਐਵਾਰਡੀ ਕੋਚ’ ਤੇ ‘ਕੌਮਾਂਤਰੀ ਰੈਫਰੀ’ ਹੋਣ ਦਾ ਮਾਣ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਕੁਸ਼ਤੀ ਸ਼ਤਰੰਜ ਵਰਗੀ ਖੇਡ ਨਾਲੋਂ ਕਿਤੇ ਵੱਧ ਅਹਿਮ ਹੈ ਕਿਉਂਕਿ ਸ਼ਤਰੰਜ ਵਿਚ ਤਾਂ ਖੇਡਣ ਵਾਲੇ ਔਜਾਰ ਮੌਜੂਦ ਹੁੰਦੇ ਹਨ ਪਰ ਕੁਸ਼ਤੀ ਵਿਚ ਸਵੈ-ਭਰੋਸਾ, ਤਾਕਤ, ਹੱਲਾ, ਲਚਕ ਆਦਿ ਜਿੱਤਾਂ-ਹਾਰਾਂ ਦਾ ਫੈਸਲਾ ਕਰਨ ਵਿਚ ਰੋਲ ਅਦਾ ਕਰਦੇ ਹਨ। ਕੋਚ ਭਗਵਤ ਦਾ ਕਹਿਣਾ ਹੈ ਕਿ ਹਰ ਮੁਲਕ ਦੀ ਕੁਸ਼ਤੀ ਸੰਸਥਾ ਦੇ ਨਾਲ-ਨਾਲ ਉਲੰਪਿਕ ਸੰਘ ਨੂੰ ਵੀ ਇਕੱਠਿਆਂ ਹੋ ਕੇ ਢੁੱਕਵੀਂ ਅਤੇ ਜ਼ੋਰਦਾਰ ਅਪੀਲ ਕਰਨੀ ਚਾਹੀਦੀ ਹੈ, ਇਹ ਸਮੇਂ ਦੀ ਲੋੜ ਹੈ ਕਿਉਂਕਿ ਸੰਚਾਰ ਐਸਾ ਹਥਿਆਰ ਹੈ ਜਿਸ ਅੱਗੇ ਵੱਡੇ ਵੱਡਿਆਂ ਨੇ ਹਾਰ ਮੰਨੀ ਹੈ। ਕੁਝ ਦੇਸ਼ਾਂ-ਇਰਾਨ, ਰੂਸ, ਜਰਮਨੀ, ਕੋਰੀਆ ਨੇ ਆਪਣਾ ਰੋਸ ਪ੍ਰਗਟ ਕੀਤਾ ਹੈ ਅਤੇ ਅਮਰੀਕੀ ਕੌਮੀ ਕੋਚ ਨੇ ਸ਼ਿਕਾਇਤ ਦਰਜ ਕਰਾਈ ਹੈ। ਕੁਸ਼ਤੀ ਉਲੰਪਿਕ ਦੇ ਸ਼ੁਰੂ ਤੋਂ ਸੀ ਅਤੇ ਕੱਲ੍ਹ ਵੀ ਰਹਿਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਕੁਸ਼ਤੀ ਨੂੰ ਪਹਿਲਾਂ ਹੀ ਮੀਡੀਆ ਵਿਚ ਪ੍ਰਚਾਰ ਪੱਖੋਂ ਪਛਾੜਿਆ ਗਿਆ ਹੈ ਪਰ ਇਹ ਕਿਸੇ ਨੇ ਕਦੀ ਨਹੀਂ ਸੀ ਸੋਚਿਆ ਕਿ ਕਦੀ ਉਲੰਪਿਕ ਵਿਚ ਵੀ ਇਸ ਨੂੰ ਗ੍ਰਹਿਣ ਲੱਗ ਜਾਵੇਗਾ। ਸਮਾਂ ਕਿਸੇ ਦਾ ਵੀ ਇੰਤਜ਼ਾਰ ਨਹੀਂ ਕਰਦਾ ਪਰ ਕਿਤੇ ਐਸਾ ਨਾ ਹੋ ਜਾਵੇ ਕਿ ਹਾæææਹਾ, ਹੀæææਹੀ ਵਿਚ ਹੀ ਵਕਤ ਖ਼ਤਮ ਹੋ ਜਾਵੇ; ਭਾਵ ਕੁਸ਼ਤੀ ਜਗਤ ਨੂੰ ਆਈæਓæਸੀæ ਦੀ ਪੀਟਰਸਬਰਗ (ਰੂਸ) ਵਿਚ ਹੋਣ ਵਾਲੀ ਬੈਠਕ ਵਿਚ ਧੜੱਲੇਦਾਰ ਅਪੀਲ ਰੱਖਣੀ ਚਾਹੀਦੀ ਹੈ ਜਿਸ ਵਿਚ ਇਹ ਵਿਚਾਰ ਕੀਤੀ ਜਾਵੇ ਕਿ ਕਿਹੜੀ ਖੇਡ-ਬੇਸਬਾਲ, ਸਾਫਟਬਾਲ, ਕਰਾਟੇ, ਸਕੁਐਸ਼, ਰੋਲਰ ਸਪੋਰਟਸ, ਕਲਾਈਂਬਿੰਗ, ਸਪੋਰਟਸ ਅਤੇ ਵੇਕ ਬੋਰਡਿੰਗ 2020 ਦੀਆਂ ਉਲੰਪਿਕ ਖੇਡਾਂ ਵਿਚ ਸ਼ਾਮਲ ਕਰਨਾ ਹੈ? ਅੰਤਿਮ ਫੈਸਲਾ ਸਤੰਬਰ ਵਿਚ ਅਰਜਨਟਾਈਨਾ ਦੇ ਸ਼ਹਿਰ ਬਿਊਨਸ ਏਅਰਜ਼ ਵਿਚ ਵੋਟਾਂ ਜ਼ਰੀਏ ਕੀਤਾ ਜਾਣਾ ਹੈ।
ਕੌਮਾਂਤਰੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਰੈਫਲ ਮਾਰਟੀਨਜ਼ ਨੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜੇ ਕੁਸ਼ਤੀ ਨੂੰ ਉਲੰਪਿਕ ਵਿਚੋਂ ਬਾਹਰ ਕੱਢ ਦਿੱਤਾ ਗਿਆ ਤਾਂ ਪਹਿਲਵਾਨ ਆਪਣੇ ਆਪ ਨੂੰ ਉਲੰਪਿਕ ਖਿਡਾਰੀ ਕਿਵੇਂ ਸਾਬਤ ਕਰ ਸਕਣਗੇ? ਇਸ ਖੇਡ ਨਾਲ ਜੁੜੇ ਅਨੇਕਾਂ ਕੋਚ, ਰੈਫਰੀ ਅਤੇ ਸਬੰਧਤ ਕਾਮਿਆਂ ਨੂੰ ਆਪਣੇ ਰੁਜ਼ਗਾਰ ਦਾ ਹੀ ਖਤਰਾ ਖੜ੍ਹਾ ਹੋ ਗਿਆ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪਹਿਲਵਾਨ ਦੇ ਖੂਨ ਨੇ ਕਦੇ ਹਾਰ ਹੁੰਦਿਆਂ ਵੀ ਹਾਰ ਨਹੀਂ ਮੰਨੀ, ਬਲਕਿ ਜਿੱਤ ਦੀ ਖਾਤਰ ਉਸ ਦਾ ਮਨ ਹਮੇਸ਼ਾ ਉਬਾਲੇ ਖਾਂਦਾ ਰਿਹਾ ਹੈ, ਹੁਣ ਲੋੜ ਕੇਵਲ ਇਕਜੁੱਟ ਹੋ ਕੇ ਤਕੜਾ ਹੰਭਲਾ ਮਾਰਨ ਦੀ ਹੈ ਤਾਂ ਕਿ ਆਈæਓæਸੀæ ਨੂੰ ਫੈਸਲਾ ਵਾਪਸ ਲੈਣ ਲਈ ਮਜਬੂਰ ਹੋਣਾ ਪਵੇ।
_____________________________________________
ਬੁਲਗਾਰੀਆ ਦਾ ਕੋਚ ਭੁੱਖ ਹੜਤਾਲ ‘ਤੇ
ਬੁਲਗਾਰੀਆ ਦਾ 38 ਸਾਲਾ ਕੁਸ਼ਤੀ ਕੋਚ ਆਰਮਨ ਨਜ਼ਰਯਾਨ ਜਿਸ ਨੇ ਕੁਸ਼ਤੀ ਨੂੰ ਉਲੰਪਿਕ ਵਿਚੋਂ ਕੱਢਣ ਖਿਲਾਫ ਤਿੰਨ ਮਾਰਚ ਨੂੰ ਆਪਣੀ ਲੰਮੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਉਸ ਨੇ ਐਲਾਨ ਕੀਤਾ ਹੈ ਕਿ ਉਹ ਕੌਮਾਂਤਰੀ ਉਲੰਪਿਕ ਕਮੇਟੀ ਦਾ ਧਿਆਨ ਕੁਸ਼ਤੀ ਵੱਲ ਦਿਵਾਉਣ ਲਈ 22 ਮਾਰਚ ਤੱਕ ਅੰਨ ਮੂੰਹ ਨਹੀਂ ਲਾਵੇਗਾ। ਯਾਦ ਰਹੇ ਕਿ 22 ਮਾਰਚ ਨੂੰ ਤਬਿਲਸੀ (ਜਾਰਜੀਆ) ਵਿਚ ਯੂਰਪੀ ਚੈਂਪੀਅਨਸ਼ਿਪ ਸ਼ੁਰੂ ਹੋ ਰਹੀ ਹੈ। ਨਜ਼ਰਯਾਨ 1996 ਅਤੇ 2000 ਵਿਚ ਦੋ ਵਾਰ ਉਲੰਪਿਕ ਚੈਂਪੀਅਨ ਰਹਿ ਚੁੱਕਾ ਹੈ। ਉਹ ਛੇ ਵਾਰ ਯੂਰਪੀ ਚੈਂਪੀਅਨ (1994, 1995, 1998, 1999, 2002 ਤੇ 2003) ਅਤੇ ਤਿੰਨ ਵਾਰ ਵਿਸ਼ਵ ਚੈਂਪੀਅਨ (2002, 2003 ਤੇ 2005) ਰਿਹਾ ਹੈ। 2007 ਵਿਚ ਕੌਮਾਂਤਰੀ ਕੁਸ਼ਤੀ ਫੈਡਰੇਸ਼ਨ ਨੇ ਉਸ ਨੂੰ ‘ਹਾਲ ਆਫ ਫੇਮ’ ਦਾ ਮਾਣ ਦਿੱਤਾ। ਬੁਲਗਾਰੀਆ ਦੇ ਕੁਸ਼ਤੀ ਸੰਘ ਦੇ ਮੁਖੀ ਵੈਲੇਨਟਾਈਨ ਯਰਦਾਨੋਵ ਪਹਿਲਾਂ ਹੀ ਆਪਣਾ ਰੋਸ ਪ੍ਰਗਟ ਕਰ ਚੁੱਕੇ ਹਨ। ਉਨ੍ਹਾਂ 1996 ਵਿਚ ਜਿੱਤਿਆ ਆਪਣਾ ਉਲੰਪਿਕ ਸੋਨ ਤਗਮਾ ਕੌਮਾਂਤਰੀ ਉਲੰਪਿਕ ਕਮੇਟੀ ਨੂੰ ਇਸ ਦੇ ਲਾਸੇਨ (ਸਵਿਟਜ਼ਰਲੈਂਡ) ਵਿਖੇ ਸਥਿਤ ਹੈਡਕੁਆਰਟਰ ਜਾ ਕੇ ਮੋੜ ਦਿੱਤਾ ਸੀ। ਬੁਲਗਾਰੀਆ ਦੀ ਕੁੜੀਆਂ ਦੀ ਕੁਸ਼ਤੀ ਦੇ ਕੋਚ ਸੇਰਾਫਮ ਬਰਜ਼ਾਕੋਵ ਨੇ ਵੀ ਐਲਾਨ ਕੀਤਾ ਹੈ ਕਿ ਉਹ ਵੀ ਨਜ਼ਰਯਾਨ ਦੇ ਨਾਲ ਭੁੱਖ ਹੜਤਾਲ ‘ਤੇ ਬੈਠੇਗਾ।

Be the first to comment

Leave a Reply

Your email address will not be published.