ਆਮ ਆਦਮੀ ਪਾਰਟੀ ਦੇ ਵੀਹ ਵਿਧਾਇਕ ਬਹਾਲ

ਨਵੀਂ ਦਿੱਲੀ: ਅੰਦਰੂਨੀ ਖਾਨਾਜੰਗੀ ਤੇ ਕੇਂਦਰ ਸਰਕਾਰ ਦੀ ਬੇਰੁਖੀ ਦੀ ਮਾਰ ਝੱਲ ਰਹੀ ਆਮ ਆਦਮੀ ਪਾਰਟੀ ਲਈ ਖੁਸ਼ੀ ਵਾਲੀ ਖਬਰ ਹੈ। ਦਿੱਲੀ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਦਿੱਲੀ ਹਾਈ ਕੋਰਟ ਨੇ ਲਾਭ ਦੇ ਦੋਹਰੇ ਅਹੁਦਿਆਂ ਦੇ ਮਾਮਲੇ ਵਿਚ ਰਾਹਤ ਦਿੰਦਿਆਂ ਚੋਣ ਕਮਿਸ਼ਨ ਵੱਲੋਂ ਉਨ੍ਹਾਂ ਨੂੰ ਵਿਧਾਨ ਸਭਾ ਤੋਂ ਬਰਖਾਸਤ ਕਰਨ ਦੇ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਤੇ ਭਾਰਤੀ ਚੋਣ ਕਮਿਸ਼ਨ ਨੂੰ ਮੁੜ ਤੋਂ ਇਸ ਮਾਮਲੇ ਦੀ ਸੁਣਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਅਦਾਲਤ ਨੇ ਕਿਹਾ ਹੈ ਕਿ ਵਿਧਾਇਕਾਂ ਦਾ ਪੱਖ ਨਾ ਸੁਣ ਕੇ ਕੁਦਰਤੀ ਨਿਆਂ ਨਹੀਂ ਦਿੱਤਾ ਗਿਆ।

ਬੈਂਚ ਨੇ 79 ਸਫੇ ਦੇ ਫੈਸਲੇ ਵਿੱਚ ਕਿਹਾ ਕਿ 19 ਜਨਵਰੀ 2018 ਦਾ ਚੋਣ ਕਮਿਸ਼ਨ ਦਾ ਫੈਸਲਾ ਵਿਗਾੜ ਵਾਲਾ ਹੈ ਤੇ ਚੋਣ ਕਮਿਸ਼ਨ ਕੁਦਰਤੀ ਨਿਆਂ ਦੇ ਸਿਧਾਂਤ ਦੀ ਪਾਲਣਾ ਕਰਨ ਵਿਚ ਨਾਕਾਮ ਰਿਹਾ ਜੋ ਕਿ ਕਾਨੂੰਨ ਦੀ ਗੜਬੜੀ ਸੀ ਕਿਉਂਕਿ ਵਿਧਾਇਕਾਂ ਦੀ ਜਬਾਨੀ ਸੁਣਵਾਈ ਨਹੀਂ ਕੀਤੀ ਗਈ ਸੀ।
ਖਚਾਖਚ ਭਰੀ ਅਦਾਲਤ ਵਿਚ ਫੈਸਲਾ ਸੁਣਾਏ ਜਾਂਦਿਆਂ ਹੀ Ḕਆਪ’ ਦੇ ਵੀਹ ਵਿਧਾਇਕ ਖੁਸ਼ੀ ਨਾਲ ਖੀਵੇ ਹੋ ਉਠੇ। ਇਨ੍ਹਾਂ ਵਿਧਾਇਕਾਂ ਨੂੰ ਚੋਣ ਕਮਿਸ਼ਨ ਨੇ ਕੇਜਰੀਵਾਲ ਸਰਕਾਰ ਵੱਲੋਂ ਸੰਸਦੀ ਸਕੱਤਰ ਬਣਾਏ ਜਾਣ ਕਰ ਕੇ ਲਾਭ ਦਾ ਦੋਹਰਾ ਅਹੁਦਾ ਮੰਨਦਿਆਂ ਬਰਖਾਸਤ ਕਰ ਦਿੱਤਾ ਸੀ। ਚੋਣ ਕਮਿਸ਼ਨ ਕੋਲ ਤਤਕਾਲੀ ਰਾਸ਼ਟਰਪਤੀ ਨੇ ਮਾਮਲਾ ਭੇਜਿਆ ਸੀ ਤੇ ਚੋਣ ਕਮਿਸ਼ਨ ਨੇ ਉਸ ਦੇ ਅਨੁਸਾਰ ਵਿਧਾਨ ਸਭਾ ਤੋਂ ਮੈਂਬਰੀ ਰੱਦ ਕਰ ਦਿੱਤੀ ਸੀ। ਵਿਧਾਇਕਾਂ ਨੇ ਕਮਿਸ਼ਨ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ।
Ḕਆਪ’ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਉਸ ਦੇ ਵੀਹ ਵਿਧਾਇਕਾਂ ਨੂੰ ਅਯੋਗ ਠਹਿਰਾਏ ਜਾਣਾ ਚੁਣੀ ਹੋਈ ਸਰਕਾਰ ਨੂੰ ਅਸਥਿਰ ਕਰਨ ਦੀ ਗੰਭੀਰ ਕੋਸ਼ਿਸ਼ ਸੀ ਅਤੇ ਚੋਣ ਕਮਿਸ਼ਨਰ ਇਸ ਕਾਰਵਾਈ ਲਈ ਅਸਤੀਫਾ ਦੇਣ ਜਾਂ ਫਿਰ ਮੁਆਫੀ ਮੰਗਣ। Ḕਆਪ’ ਦੀ ਦਿੱਲੀ ਇਕਾਈ ਦੇ ਮੁੱਖ ਬੁਲਾਰੇ ਸੌਰਵ ਭਾਰਦਵਾਜ ਨੇ ਸਾਬਕਾ ਮੁੱਖ ਚੋਣ ਕਮਿਸ਼ਨਰ ਏ ਕੇ ਜਿਓਤੀ ਨੂੰ ਨਿਸ਼ਾਨਾਂ ਬਣਾਉਂਦਿਆਂ ਕਿਹਾ ਕਿ ਉਸ ਨੇ ਇਹ ਫੈਸਲਾ ਕੇਂਦਰ ਸਰਕਾਰ ਨੂੰ ਖੁਸ਼ ਕਰਨ ਲਈ ਕੀਤਾ ਸੀ।
____________________
ਵਿਧਾਇਕਾਂ ਨੂੰ ਸਿਰਫ ਫੌਰੀ ਰਾਹਤ: ਕਾਂਗਰਸ
ਇਹ ਮੁੱਦਾ ਉਠਾਉਣ ਵਾਲੇ ਕਾਂਗਰਸ ਦੇ ਸੂਬਾ ਪ੍ਰਧਾਨ ਅਜੈ ਮਾਕਨ ਨੇ ਕਿਹਾ ਕਿ ਉਹ ਵਿਧਾਇਕਾਂ ਵੱਲੋਂ ਦੋਹਰੇ ਲਾਭ ਦਾ ਮਾਮਲਾ ਮੁੜ ਚੋਣ ਕਮਿਸ਼ਨ ਕੋਲ ਲੈ ਕੇ ਜਾਣਗੇ।
ਉਨ੍ਹਾਂ ਕਿਹਾ ਕਿ ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਕੁਦਰਤੀ ਨਿਆਂ ਤਹਿਤ ਵਿਧਾਇਕਾਂ ਦਾ ਪੱਖ ਮੁੜ ਸੁਣਨ ਲਈ ਕਿਹਾ ਹੈ ਪਰ ਹਾਈ ਕੋਰਟ ਨੇ ਰਾਸ਼ਟਰਪਤੀ ਦੇ ਫੈਸਲੇ ਮਗਰੋਂ ਚੋਣ ਕਮਿਸ਼ਨ ਦੇ ਫੈਸਲੇ ਨੂੰ ਗਲਤ ਕਰਾਰ ਨਹੀਂ ਦਿੱਤਾ, ਇਹ ਫੌਰੀ ਰਾਹਤ ਹੀ ਹੈ।
_______________________
ਸੱਚ ਦੀ ਜਿੱਤ ਹੋਈ: ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸੱਚ ਦੀ ਜਿੱਤ ਹੈ ਤੇ ਦਿੱਲੀ ਦੇ ਲੋਕਾਂ ਵੱਲੋਂ ਚੁਣੇ ਨੁਮਾਇੰਦਿਆਂ ਨੂੰ ਗਲਤ ਤਰੀਕੇ ਨਾਲ ਬਰਖਾਸਤ ਕੀਤਾ ਗਿਆ ਸੀ। ਤਿਲਕ ਨਗਰ ਦੇ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਹੁਣ ਦਿੱਲੀ ਵਿਚ ਉਪ ਚੋਣਾਂ ਨਹੀਂ ਹੋਣਗੀਆਂ ਤੇ ਵਿਧਾਇਕ ਲੋਕਾਂ ਦੇ ਕੰਮ ਕਰ ਸਕਣਗੇ।
Ḕਆਪ’ ਦੇ ਬੁਲਾਰੇ ਵਿਧਾਇਕ ਸੌਰਭ ਭਾਰਦਵਾਜ ਨੇ ਫੈਸਲੇ ਮਗਰੋਂ ਕਿਹਾ ਕਿ ਤਤਕਾਲੀ ਚੋਣ ਕਮਿਸ਼ਨ ਨੇ ਕੇਂਦਰ ਨੂੰ ਖੁਸ਼ ਕਰਨ ਲਈ Ḕਆਪ’ ਵਿਧਾਇਕਾਂ ਨੂੰ ਬਰਖਾਸਤ ਕਰ ਕੇ ਲੋਕਤੰਤਰੀ ਰਵਾਇਤਾਂ ਦਾ ਘਾਣ ਕੀਤਾ ਸੀ। ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਕਿਹਾ ਕਿ ਅਦਾਲਤੀ ਫੈਸਲੇ ਮਗਰੋਂ ਮੌਜੂਦਾ ਚੱਲ ਰਹੇ ਬਜਟ ਸੈਸ਼ਨ ਦੌਰਾਨ ਸਦਨ ਦੀ ਕਾਰਵਾਈ ਵਿਚ ਉਹ ਵੀਹ ਵਿਧਾਇਕਾਂ ਨੂੰ ਸ਼ਾਮਲ ਹੋਣ ਦੇਣਗੇ।
_______________________________
ਛੋਟੇਪੁਰ ਨੇ ‘ਆਪ’ ਦੇ ਬਾਗੀਆਂ ਨੂੰ ਕੀਤਾ ਤੀਜੇ ਮੋਰਚੇ ਲਈ ਰਾਜ਼ੀ
ਬਠਿੰਡਾ: ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਮੁਆਫੀਨਾਮੇ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। ਪਾਰਟੀ ਦੀ ਪੰਜਾਬ ਇਕਾਈ ਬੇਸ਼ੱਕ ਟੁੱਟਣ ਤੋਂ ਬਚ ਗਈ, ਪਰ Ḕਆਪ’ ਦੇ ਸੰਸਦ ਮੈਂਬਰ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਨਾਲ ਮਿਲ ਕੇ ਸੁੱਚਾ ਸਿੰਘ ਛੋਟੇਪੁਰ ਤੀਜੇ ਮੋਰਚੇ ਦਾ ਗਠਨ ਕਰਨ ਦੀ ਤਿਆਰੀ ਵਿਚ ਹਨ।
ਆਮ ਆਦਮੀ ਪਾਰਟੀ ਦੇ ਸਾਬਕਾ ਪ੍ਰਧਾਨ ਤੇ Ḕਆਪਣਾ ਪੰਜਾਬ ਪਾਰਟੀ’ ਦੇ ਮੁਖੀ ਸੁੱਚਾ ਸਿੰਘ ਛੋਟੇਪੁਰ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੰਜਾਬ ਹਿਤੈਸ਼ੀ ਹੋਰ ਪਾਰਟੀਆਂ ਤੇ Ḕਆਪ’ ਦੇ ਵਿਧਾਇਕਾਂ ਨਾਲ ਵੀ ਗੱਲਬਾਤ ਕੀਤੀ ਜਾਏਗੀ। ਕੇਜਰੀਵਾਲ ਦੇ ਮੁਆਫੀਨਾਮਿਆਂ ਬਾਰੇ ਛੋਟੇਪੁਰ ਨੇ ਕਿਹਾ ਕਿ ਉਹ ਡਰ ਗਏ ਹਨ। ਕੇਜਰੀਵਾਲ ਜਾਂ ਤਾਂ ਕਿਸੇ ਦੇ ਸਟਿੰਗ ਦਾ ਸ਼ਿਕਾਰ ਹੋਏ ਹਨ ਜਾਂ ਫਿਰ ਫਿਰ ਅਕਾਲੀ ਦਲ ਨਾਲ ਵੱਡੀ ਸੌਦੇਬਾਜ਼ੀ ਹੋਈ ਹੈ। ਉਨ੍ਹਾਂ ਨੇ ਮਜੀਠੀਆ ਵੱਲੋਂ ਵਿਧਾਨ ਸਭਾ ਵਿਚ Ḕਆਪ’ ਪ੍ਰਤੀ ਦਿਖਾਈ ਹਮਦਰਦੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਹੁਣ ਸਭ ਕੁਝ ਸਪਸ਼ਟ ਹੈ। ਛੋਟੇਪੁਰ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਹਿਤੈਸ਼ੀ ਬਿਲਕੁਲ ਨਹੀਂ। ਉਨ੍ਹਾਂ ਦੇ ਭਾਸ਼ਣਾਂ ਨੇ ਗਰੀਬ ਲੋਕਾਂ ਦਾ ਅਕਾਲੀਆਂ ਨਾਲ ਵੈਰ ਪਾਇਆ ਹੈ।
ਤੀਜੇ ਮੋਰਚੇ ਬਾਰੇ ਛੋਟੇਪੁਰ ਨੇ ਕਿਹਾ ਕਿ ਪੰਜਾਬ ਵਿਚ ਤੀਜੇ ਮੋਰਚੇ ਦੀ ਲੋੜ ਹੈ। ਉਹ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ ਨਾਲ ਮਿਲ ਕੇ ਤੀਜੇ ਮੋਰਚੇ ਦਾ ਗਠਨ ਕਰ ਰਹੇ ਹਨ। ਪੰਜਾਬ ਹਿਤੈਸ਼ੀ ਪਾਰਟੀਆਂ ਨਾਲ ਮਿਲ ਕੇ ਇਸ ਮੋਰਚੇ ਦਾ ਵਿਸਥਾਰ ਕੀਤਾ ਜਾਵੇਗਾ।