ਪੰਜਾਬ ਵਿਧਾਨ ਸਭਾ ‘ਚ ਰਿਹਾ ਟਕਰਾਅ ਵਾਲਾ ਮਾਹੌਲ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿਚ ਅਕਾਲੀਆਂ ਤੇ ਕਾਂਗਰਸੀਆਂ ਦਰਮਿਆਨ ਟਕਰਾਅ ਵਾਲਾ ਮਹੌਲ ਰਿਹਾ। ਅਕਾਲੀਆਂ ਤੇ ਕਾਂਗਰਸੀਆਂ ਦਰਮਿਆਨ ਕਈ ਵਾਰੀ ਝੜਪਾਂ ਹੋਈਆਂ ਜਿਸ ਕਾਰਨ ਕਈ ਵਾਰੀ ਟਕਰਾਅ ਦਾ ਮਹੌਲ ਬਣਿਆ। ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਰਾਜਪਾਲ ਦੇ ਭਾਸ਼ਨ ਉਤੇ ਚੱਲ ਰਹੀ ਬਹਿਸ ਵਿਚ ਹਿੱਸਾ ਲੈਂਦਿਆਂ ਜਿਵੇਂ ਹੀ ਕੈਪਟਨ ਸਰਕਾਰ ਉਤੇ ਪੰਜਾਬੀ ਬੋਲਦੇ ਖੇਤਰਾਂ ਅਤੇ ਚੰਡੀਗੜ੍ਹ ਦੇ ਮੁੱਦਿਆਂ ਉਪਰ ਮੂੰਹ ਫੇਰਨ ਦੇ ਦੋਸ਼ ਲਾਏ ਤਾਂ ਕਾਂਗਰਸੀ ਵਿਧਾਇਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਅਕਾਲੀਆਂ ਤੇ ਕਾਂਗਸੀਆਂ ਦਰਮਿਆਨ ਇਸ ਮੌਕੇ 1984 ਦੇ ਸਿੱਖ ਕਤਲੇਆਮ ਦੇ ਮੁੱਦੇ ਉਤੇ ਵੀ ਤਿੱਖੀ ਬਹਿਸ ਤੇ ਝੜਪਾਂ ਹੋਈਆਂ।

ਅਕਾਲੀ ਵਿਧਾਇਕ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਲਿਖਤੀ ਹਲਫੀਆ ਬਿਆਨ ਦੇ ਕੇ 90 ਹਜ਼ਾਰ ਕਰੋੜ ਰੁਪਏ ਦੇ ਖੇਤੀ ਕਰਜ਼ੇ ਮੁਆਫ ਕਰਨ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਸਰਕਾਰ 329 ਕਰੋੜ ਰੁਪਏ ਦੀ ਕਰਜ਼ਾ ਮੁਆਫੀ ਦੀਆਂ ਫੜ੍ਹਾਂ ਮਾਰ ਰਹੀ ਹੈ ਜਦਕਿ ਮੁੱਖ ਮੰਤਰੀ ਨੇ ਰਾਸ਼ਟਰੀ, ਸਹਿਕਾਰੀ ਬੈਂਕਾਂ ਅਤੇ ਆੜ੍ਹਤੀਆਂ ਕੋਲੋਂ ਲਏ 90 ਹਜ਼ਾਰ ਕਰੋੜ ਰੁਪਏ ਦੇ ਸਾਰੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਕੀਤਾ ਸੀ। ਕਾਂਗਰਸ ਦੀ ਕਰਜ਼ਾ ਮੁਆਫੀ ਸਕੀਮ ਦੇ ਮੁੱਖ ਚਿਹਰੇ ਬੁੱਧ ਸਿੰਘ, ਜਿਸ ਦੀ ਕੈਪਟਨ ਅਮਰਿੰਦਰ ਨਾਲ ਕਾਂਗਰਸ ਦੇ ਇਸ਼ਤਿਹਾਰਾਂ ਵਿਚ ਫੋਟੋ ਛਾਪੀ ਗਈ ਸੀ, ਨੂੰ ਵੀ ਕਰਜ਼ਾ ਮੁਆਫੀ ਦਾ ਲਾਭ ਨਹੀਂ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਕੁਰਕੀ ਖਤਮ ਕਰਨ ਦਾ ਵਾਅਦਾ ਵੀ ਝੂਠਾ ਹੈ, ਕਿਉਂਕਿ ਮੁੱਖ ਮੰਤਰੀ ਸਦਨ ਵਿਚ ਇਹ ਗੱਲ ਸਵੀਕਾਰ ਕਰ ਚੁੱਕੇ ਹਨ ਕਿ 1986 ਤੋਂ ਬਾਅਦ ਪੰਜਾਬ ਵਿਚ ਕੋਈ ਕੁਰਕੀ ਨਹੀਂ ਹੋਈ। ਪਰ ਸਰਕਾਰ ਵੱਲੋਂ ਹਾਈ ਕੋਰਟ ਵਿਚ ਇਹ ਬਿਆਨ ਦੇਣ ਨਾਲ ਕਿ ਉਹ ਇਸ ਦੇ ਖਿਲਾਫ ਨਹੀਂ ਹੈ, ਇਸ ਨੇ ਸੱਚ ਹੋ ਜਾਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਦੇ ਹੋਂਦ ਵਿਚ ਆਉਣ ਮਗਰੋਂ 400 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਉਨ੍ਹਾਂ ਸਰਕਾਰ ਦੀ ਹਰ ਘਰ ਵਿਚ ਨੌਕਰੀ ਦੇਣ ਦੇ ਵਾਅਦੇ ਤੋਂ ਮੁਕਰਨ ਲਈ ਵੀ ਨਿਖੇਧੀ ਕੀਤੀ।
_______________________
ਅਕਾਲੀਆਂ ਤੇ ਕਾਂਗਰਸੀਆਂ ‘ਤੇ ਰਲੇ ਹੋਣ ਦੇ ਦੋਸ਼
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਬਿਰਧ, ਬਿਮਾਰ ਤੇ ਕੰਮ ਨਾ ਕਰਨ ਵਾਲਾ ਵਿਅਕਤੀ ਕਰਾਰ ਦਿੰਦਿਆਂ ਅਕਾਲੀ-ਭਾਜਪਾ ਸਰਕਾਰ ਦੇ ਦਸ ਸਾਲਾਂ ਦੇ ਭ੍ਰਿਸ਼ਟ ਕਾਰਨਾਮਿਆਂ ਉਤੇ ਪਰਦਾ ਪਾਉਣ ਦੇ ਦੋਸ਼ ਲਾਏ ਹਨ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਸਿੰਜਾਈ ਵਿਭਾਗ ਵਿਚ ਚੰਮ ਦੀਆਂ ਚਲਾਉਣ ਵਾਲੇ ਤੇ ਇਕ ਹਜ਼ਾਰ ਕਰੋੜ ਰੁਪਏ ਦਾ ਘਪਲਾ ਕਰਨ ਵਾਲੇ ਗੁਰਿੰਦਰ Ḕਭਾਪਾ’ ਤੇ ਪੁੱਡਾ, ਗਮਾਡਾ ਵਿਚ 1200 ਕਰੋੜ ਰੁਪਏ ਦਾ ਘਪਲਾ ਕਰਨ ਵਾਲੇ ਸੁਰਿੰਦਰ ਸਿੰਘ ਪਹਿਲਵਾਨ ਨੂੰ ਤਾਂ ਹੱਥ ਪਾ ਲਿਆ ਜਾਂਦਾ ਹੈ ਪਰ ਇਨ੍ਹਾਂ ਦੋਹਾਂ ਘਪਲੇਬਾਜ਼ਾਂ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਨੂੰ ਪੁੱਛਿਆ ਤੱਕ ਨਹੀਂ ਜਾ ਰਿਹਾ।
________________________
ਸਿੱਧੂ ਤੇ ਮਜੀਠੀਆ ਦੇ ਕੁਬੋਲਾਂ ਦੀ ਚਰਚਾ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇਕ-ਦੂਸਰੇ ਵਿਰੁੱਧ ਮਾੜੀ ਭਾਸ਼ਾ ਵਰਤ ਕੇ ਸਦਨ ਦੀ ਪਵਿੱਤਰਤਾ ਨੂੰ ਸ਼ਰਮਸਾਰ ਕੀਤਾ। ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਦੋਵਾਂ ਵੱਲੋਂ ਨਿਰੰਤਰ ਸਦਨ ਵਿਚ ਬੋਲੇ ਜਾ ਰਹੇ ਨਾ-ਸੁਣਨਯੋਗ ਸ਼ਬਦਾਂ ਦਾ ਮੁੱਦਾ ਸਪੀਕਰ ਕੋਲ ਉਠਾਇਆ ਪਰ ਦੂਜੇ ਪਾਸੇ ਹਾਊਸ ਵਿਚ ਮੌਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋਹਾਂ ਦੇ ਕੁਬੋਲਾਂ ਨੂੰ ਚੁੱਪ ਕਰ ਕੇ ਸੁਣਦੇ ਰਹੇ। ਜਦੋਂ ਸ੍ਰੀ ਸਿੱਧੂ ਪ੍ਰਸ਼ਨ ਕਾਲ ਦੌਰਾਨ ਵਿਧਾਇਕ ਪਵਨ ਕੁਮਾਰ ਆਦੀਆ ਦੇ ਸ਼ਾਮ ਚੁਰਾਸੀ ਦੇ ਕਸਬੇ ਹਰਿਆਣਾ ਵਿਚਲੇ ਬੱਸ ਅੱਡੇ ਨੂੰ ਬਣਾਉਣ ਬਾਰੇ ਜਵਾਬ ਦੇ ਰਹੇ ਸਨ ਤਾਂ ਉਸ ਵੇਲੇ ਸ੍ਰੀ ਮਜੀਠੀਆ ਵੱਲੋਂ ਟੋਕਣ ਕਾਰਨ ਤਕਰਾਰ ਪੈਦਾ ਹੋ ਗਿਆ। ਸਪੀਕਰ ਨੇ ਦੋਵਾਂ ਨੂੰ ਚੁੱਪ ਕਰਵਾਉਣ ਦਾ ਯਤਨ ਕੀਤਾ ਅਤੇ ਦੋਵਾਂ ਵੱਲੋਂ ਵਰਤੇ ਇਤਰਾਜ਼ਯੋਗ ਸ਼ਬਦ ਕਾਰਵਾਈ ਵਿਚੋਂ ਕਟਵਾ ਦਿੱਤੇ।