ਪੰਜਾਬ ਪੁਲਿਸ ਨੇ ਹੀ ਨਾ ਲੱਗਣ ਦਿੱਤੇ ਨਸ਼ਿਆਂ ਖਿਲਾਫ ਮੁਹਿੰਮ ਦੇ ਪੈਰ

ਕੈਗ ਦੀ ਰਿਪੋਰਟ ਵਿਚ ਪੁਲਿਸ ਦੀ ਕਾਰਗੁਜ਼ਾਰੀ ‘ਤੇ ਉਠੇ ਸਵਾਲ
ਚੰਡੀਗੜ੍ਹ: ਇਹ ਗੱਲ ਹੁਣ ਖੁੱਲ੍ਹ ਕੇ ਸਾਹਮਣੇ ਆਉਣ ਲੱਗੀ ਹੈ ਕਿ ਪੰਜਾਬ ਵਿਚ ਨਸ਼ਿਆਂ ਖਿਲਾਫ਼ ਮੁਹਿੰਮਾਂ ਦੇ ਪੰਜਾਬ ਪੁਲਿਸ ਨੇ ਹੀ ਪੈਰ ਨਹੀਂ ਲੱਗਣ ਦਿੱਤੇ। ਕੰਪਟਰੋਲਰ ਤੇ ਆਡੀਟਰ ਜਨਰਲ (ਕੈਗ) ਦੀ ਸਾਲ 2016-17 ਦੀ ਆਡਿਟ ਰਿਪੋਰਟ ਵਿਚ ਪੁਲਿਸ ਦੀ ਨਾਲਾਇਕ ਬਾਰੇ ਵੱਡੇ ਖੁਲਾਸਾ ਕੀਤੇ ਹਨ। ਰਿਪੋਰਟ ਅਨੁਸਾਰ ਪਿਛਲੇ ਵਰ੍ਹੇ ਨਸ਼ਾ ਤਸਕਰੀ ਨਾਲ ਸਬੰਧਤ ਕੇਸਾਂ ਵਿਚੋਂ ਜਿਹੜੇ 756 ਮੁਲਜ਼ਮ ਬਰੀ ਹੋਏ, ਉਨ੍ਹਾਂ ਵਿਚੋਂ 532 ਭਾਵ 70 ਫੀਸਦੀ ਪੁਲਿਸ ਮੁਲਾਜ਼ਮਾਂ ਦੀਆਂ ਨੁਕਸਦਾਰ ਗਵਾਹੀਆਂ ਕਾਰਨ ਦੋਸ਼ ਮੁਕਤ ਕਰਾਰ ਦਿੱਤੇ ਗਏ।

ਇਹ ਰਿਪੋਰਟ ਦੱਸਦੀ ਹੈ ਕਿ ਨਸ਼ਾ ਤਸਕਰਾਂ ਤੇ ਪੁਲਿਸ ਮੁਲਾਜ਼ਮਾਂ ਦਰਮਿਆਨ ਜਾਂ ਤਾਂ ਵੱਡੀ ਹੱਦ ਤੱਕ ਮਿਲੀਭੁਗਤ ਸੀ ਅਤੇ ਜਾਂ ਫਿਰ ਪੁਲਿਸ ਨੇ ਨਿਰਦੋਸ਼ ਬੰਦੇ ਫੜ ਕੇ ਮੁਕੱਦਮੇ ਬਣਾ ਦਿੱਤੇ। ਇਨ੍ਹਾਂ ਕਾਰਨਾਂ ਕਰ ਕੇ ਹੀ ਪੰਜਾਬ ਵਿਚ ਨਸ਼ਾਖੋਰੀ ਅਤੇ ਨਸ਼ਿਆਂ ਦਾ ਕਾਰੋਬਾਰ ਘਟਣ ਦਾ ਨਾਂ ਨਹੀਂ ਲੈ ਰਿਹਾ।
ਇਹ ਰਿਪੋਰਟ ਅਕਾਲੀ-ਭਾਜਪਾ ਸਰਕਾਰ ਦੇ ਆਖਰੀ ਸਾਲ ਸੀ। ਇਹ ਵੀ ਦੱਸਿਆ ਗਿਆ ਹੈ ਹਾਲਾਤ ਹੁਣ ਵੀ ਉਸੇ ਤਰ੍ਹਾਂ ਹਨ। ਦਰਅਸਲ, ਨਵੀਂ ਸਰਕਾਰ ਦੀ ਆਮਦ ਦੇ ਬਾਵਜੂਦ ਪੁਲਿਸ ਦੇ ਕੰਮ-ਢੰਗ ਵਿਚ ਵੀ ਕੋਈ ਤਬਦੀਲੀ ਨਹੀਂ ਆਈ। Ḕਕੈਗ’ ਰਿਪੋਰਟ ਅਨੁਸਾਰ ਸਾਲ 2016-17 ਦੌਰਾਨ ਐਨ.ਡੀ.ਪੀ.ਐਸ਼ ਐਕਟ ਦੇ ਤਹਿਤ ਦਰਜ ਕੇਸਾਂ ਨਾਲ ਸਬੰਧਤ ਨਸ਼ਿਆਂ ਦੇ ਨਮੂਨੇ 23 ਤੋਂ 476 ਦਿਨ ਬਾਅਦ ਪ੍ਰਯੋਗਸ਼ਾਲਾਵਾਂ ਵਿਚ ਪਰਖ ਲਈ ਭੇਜੇ ਗਏ। ਜਦੋਂ ਸੈਂਪਲ ਇੰਨੇ ਦਿਨਾਂ ਤੱਕ ਥਾਣਿਆਂ ਅੰਦਰ ਪਏ ਰਹਿਣਗੇ ਤਾਂ ਉਨ੍ਹਾਂ ਨਾਲ ਛੇੜਛਾੜ ਹੋਣ ਦੀ ਗੁੰਜਾਇਸ਼ ਹਰ ਸਮੇਂ ਬਣੀ ਰਹੇਗੀ। ਇਹ ਦੇਰੀ 33 ਫੀਸਦੀ ਮੁਲਜ਼ਮਾਂ ਦੇ ਬਰੀ ਹੋਣ ਵਿਚ ਸਹਾਈ ਹੋਈ। Ḕਕੈਗ’ ਰਿਪੋਰਟ ਇਹ ਵੀ ਖੁਲਾਸਾ ਕਰਦੀ ਹੈ ਕਿ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ੍ਹਣ ਵਿਚ ਰਾਜਾਂ ਦੀ ਸਹਾਇਤਾ ਕਰਨ ਦੀ ਸਕੀਮ ਦਾ ਪੰਜਾਬ ਸਰਕਾਰ ਨੇ 2014 ਵਿਚ ਲਾਹਾ ਲੈਣਾ ਸ਼ੁਰੂ ਕੀਤਾ ਜਦੋਂ ਕਿ ਸਕੀਮ 2009 ਵਿਚ ਸ਼ੁਰੂ ਹੋ ਗਈ ਸੀ। ਜ਼ਿਕਰਯੋਗ ਹੈ ਕਿ 2014 ਵਿਚ ਜਦੋਂ ਇਸ ਸਕੀਮ ਅਧੀਨ ਮਾਇਕ ਸਹਾਇਤਾ ਲਈ ਕੇਂਦਰ ਨੂੰ ਬੇਨਤੀ ਕੀਤੀ ਗਈ, ਉਦੋਂ ਤੱਕ ਪੰਜਾਬ ਦੇ ਹੁਕਮਰਾਨ ਗੱਠਜੋੜ ਨੂੰ ਸਭ ਪਾਸੇ Ḕਚਿੱਟਾ ਚਿੱਟਾ’ ਕਰਨ ਬਦਲੇ ਵੋਟਰਾਂ ਹੱਥੋਂ ਲੋਕ ਸਭਾ ਚੋਣਾਂ ਵਿਚ ਕਰਾਰੀ ਮਾਰ ਪੈ ਚੁੱਕੀ ਸੀ।
ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਰੈਲੀਆਂ ਵਿਚ ਗੁਟਕਾ ਸਾਹਿਬ ਹੱਥ ਵਿਚ ਲੈ ਕੇ ਤਿੰਨ ਮਹੀਨਿਆਂ ਅੰਦਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਸਹੂੰ ਖਾਧੀ ਸੀ।
____________________
ਸਾਬਕਾ ਡੀ.ਐਸ਼ਪੀ. 15 ਕਿਲੋ ਅਫੀਮ ਸਣੇ ਗ੍ਰਿਫਤਾਰ
ਮੁਹਾਲੀ: ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸ਼ਟੀ.ਐਫ਼) ਵੱਲੋਂ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਤਾਣਾ ਵਿਚ ਨਾਕਾ ਲਾ ਕੇ ਪੰਜਾਬ ਪੁਲਿਸ ਦੇ ਸਾਬਕਾ ਡੀ.ਐਸ਼ਪੀ., ਡੇਰੇ ਦੇ ਮੁਖੀ ਅਤੇ ਇਕ ਹੋਰ ਵਿਅਕਤੀ ਨੂੰ 15 ਕਿੱਲੋ ਅਫੀਮ (ਤਰਲ) ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਸਾਬਕਾ ਡੀ.ਐਸ਼ਪੀ. ਹਕੀਕਤ ਰਾਏ, ਡੇਰਾ ਮੁਖੀ ਬਿਕਰਮ ਨਾਥ ਅਤੇ ਸਵਰਨ ਸਿੰਘ ਵਜੋਂ ਹੋਈ ਹੈ।
______________________
ਪੁਲਿਸ ਦੇ ਹੱਕ ਵਿਚ ਨਿੱਤਰੇ ਕੈਪਟਨ
ਚੰਡੀਗੜ੍ਹ: ਪੰਜਾਬ ਦੇ ਆਡਿਟ ਵਿਭਾਗ ਵੱਲੋਂ ਪੇਸ਼ ਕੀਤੀ ਰਿਪੋਰਟ ਵਿਚ ਨਸ਼ੇ ਖਿਲਾਫ਼ ਲੜਨ ਲਈ ਪੰਜਾਬ ਪੁਲਿਸ ਦੀ ਤਿਆਰੀ ‘ਚ ਘਾਟ ਦੱਸੇ ਜਾਣ ਉਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਰਿਪੋਰਟ ਪੁਰਾਣੇ ਤੱਥਾਂ ਉਤੇ ਅਧਾਰਤ ਹੈ, ਜਦਕਿ ਪੰਜਾਬ ਪੁਲਿਸ ਕੋਲ ਨਸ਼ੇ ਖਿਲਾਫ਼ ਲੜਾਈ ਲੜਨ ਲਈ ਹਰ ਸਹੂਲਤ ਮੌਜੂਦ ਹੈ। ਮੁੱਖ ਮੰਤਰੀ ਨੇ ਸਫਾਈ ਦਿੰਦਿਆਂ ਕਿਹਾ ਕਿ”ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਅਸੀਂ ਸਪੈਸ਼ਲ ਟਾਸਕ ਫੋਰਸ ਬਣਾਈ ਹੈ, ਜੋ ਕਿ ਆਪਣਾ ਕੰਮ ਠੀਕ ਕਰ ਰਹੀ ਹੈ।
_______________________________
ਭਾਰਤ ਵਿਚ ਨਸ਼ਿਆਂ ਦੀ ਬਰਾਮਦਗੀ ਹੱਦਾਂ ਟੱਪੀ
ਨਵੀਂ ਦਿੱਲੀ: ਕੌਮੀ ਅਪਰਾਧ ਬਿਊਰੋ (ਐਨ.ਸੀ.ਬੀ.) ਦੀ ਤਾਜ਼ਾ ਰਿਪੋਰਟ ਮੁਤਾਬਕ ਦੇਸ਼ ਵਿਚ ਅਫੀਮ, ਹੈਰੋਇਨ ਤੇ ਕੈਨਾਬੀਜ਼ ਜਿਹੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਪਿਛਲੇ ਪੰਜ ਸਾਲਾਂ ਵਿਚ 300 ਫੀਸਦੀ ਤੋਂ ਜ਼ਿਆਦਾ ਵਧੀ ਗਈ ਹੈ। ਪਿਛਲੇ ਪੰਜ ਸਾਲਾਂ ਵਿਚੋਂ 2017 ਵਿਚ ਨਸ਼ੀਲੇ ਪਦਾਰਥਾਂ ਦੀ ਸਭ ਤੋਂ ਵੱਧ ਬਰਾਮਦਗੀ ਹੋਈ ਜੋ 3.6 ਲੱਖ ਕਿਲੋਗ੍ਰਾਮ ਹੈ।
ਐਨ.ਸੀ.ਬੀ. ਦੀ ਰਿਪੋਰਟ ਮੁਤਾਬਕ ਪਿਛਲੇ ਪੰਜ ਸਾਲਾਂ ਵਿਚ ਦੇਸ਼ ਦੀਆਂ ਵੱਖ-ਵੱਖ ਏਜੰਸੀਆਂ ਨੇ 2,551 ਕਿਲੋ ਅਫੀਮ (ਹੈਰੋਇਨ ਬਣਾਉਣ ਲਈ ਵਰਤੋਂ), 2,146 ਕਿਲੋ ਹੈਰੋਇਨ, 3,52,379 ਕਿਲੋਗ੍ਰਾਮ ਕੈਨਬੀਜ (ਭੰਗ ਦੀ ਬੂਟੀ), 3,218 ਕਿਲੋਗ੍ਰਾਮ ਹਸ਼ੀਸ਼ (ਕੈਨਾਬੀਜ਼ ਰਾਈਨ) ਤੇ 69 ਕਿਲੋਗ੍ਰਾਮ ਕੋਕੀਨ (ਇਸ ਨਸ਼ੀਲੇ ਪਦਾਰਥਾਂ ਦੀ ਭਾਰਤ ਵਿਚ ਮੁੱਖ ਤੌਰ Ḕਤੇ ਤਸਕਰੀ ਪਾਰਟੀਆਂ ਵਿਚ ਹੁੰਦੀ ਹੈ) ਜ਼ਬਤ ਕੀਤੀ ਸੀ।
ਪਿਛਲੇ ਸਾਲ 3.60 ਲੱਖ ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥ ਬਰਾਮਦ ਹੋਏ, ਜਦਕਿ 2016 ਵਿਚ ਇਹ 3.01 ਲੱਖ ਕਿਲੋਗ੍ਰਾਮ ਸੀ, 2015 ਵਿਚ 1 ਲੱਖ ਕਿਲੋਗ੍ਰਾਮ, 2014 ਵਿਚ 1.1 ਲੱਖ ਕਿਲੋਗ੍ਰਾਮ ਤੇ 2013 ਵਿਚ ਇਕ ਲੱਖ ਕਿਲੋਗ੍ਰਾਮ ਸੀ। ਪਿਛਲੇ 5 ਸਾਲਾਂ ਵਿਚ ਇਨ੍ਹਾਂ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ਦੀ ਗਿਣਤੀ ਸਭ ਤੋਂ ਵੱਧ ਹੈ। ਸਭ ਰਾਜਾਂ ਤੇ ਏਜੰਸੀਆਂ ਦੇ ਅੰਕੜਿਆਂ ਨੂੰ ਇਕੱਠਾ ਕਰਨ ਤੋਂ ਬਾਅਦ ਤਾਜ਼ਾ ਰਿਪੋਰਟ ਪੇਸ਼ ਕੀਤੀ ਗਈ ਹੈ। ਇਸ ਦਾ ਖੁਲਾਸਾ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕੀਤਾ। ਹਸ਼ੀਸ਼ ਤੇ ਕੋਕੀਨ ਨੂੰ ਛੱਡ ਕੇ, ਬਾਕੀ ਸਾਰੇ ਨਸ਼ੀਲੇ ਪਦਾਰਥਾਂ ਨੂੰ ਪਿਛਲੇ 5 ਸਾਲਾਂ ਦੌਰਾਨ, 2017 ਵਿਚ ਸਭ ਤੋਂ ਵੱਧ ਬਰਾਮਦਗੀ ਕੀਤੀ ਗਈ। ਸੀਨੀਅਰ ਅਧਿਕਾਰੀ ਨੇ ਕਿਹਾ, ਪਿਛਲੇ ਪੰਜ ਸਾਲਾਂ ਵਿਚ ਹੋਇਆਂ ਬਰਾਮਦਗੀਆਂ ਦਾ 2017 ਵਿਚ ਹੋਈ ਰਿਕਵਰੀ ਨਾਲ ਕੋਈ ਮੇਲ ਨਹੀਂ।”
ਪਿਛਲੇ ਸਾਲ ਸੂਬਿਆਂ ਵਿਚ ਪੰਜਾਬ ਤੋਂ 505.86 ਕਿਲੋਗ੍ਰਾਮ ਅਫੀਮ ਜਬਤ ਕੀਤੀ ਗਈ। ਇਸ ਤੋਂ ਬਾਅਦ ਰਾਜਸਥਾਨ 426.95 ਕਿਲੋਗ੍ਰਾਮ ਸੀ, ਜਦੋਂਕਿ ਗੁਜਰਾਤ ਵਿਚ 1,017 ਕਿਲੋਗ੍ਰਾਮ ਹੈਰੋਇਨ ਜਬਤ ਕੀਤੀ ਗਈ। ਪੰਜਾਬ ਵਿਚ 406 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ। ਆਂਧਰਾ ਪ੍ਰਦੇਸ਼ ਵਿੱਚ 78,767 ਕਿਲੋਗ੍ਰਾਮ ਕੈਨਾਬਿਸ ਬਰਾਮਦ ਹੋਇਆ, ਜਦਕਿ 2017 ਵਿਚ ਉੜੀਸਾ 55,875 ਕਿਲੋਗ੍ਰਾਮ ਹੋਇਆ।
ਉਤਰ ਪ੍ਰਦੇਸ਼ ਵਿਚ ਸਭ ਤੋਂ ਵੱਧ ਹਸ਼ੀਸ਼ (ਜੋ ਚਰਸ ਵਜੋਂ ਵੀ ਜਾਣਿਆ ਜਾਂਦਾ ਹੈ) 702 ਕਿਲੋਗ੍ਰਾਮ ਫੜਿਆ ਗਿਆ, ਜਦੋਂਕਿ ਮੱਧ ਪ੍ਰਦੇਸ਼ 625 ਕਿਲੋਗ੍ਰਾਮ ਹੈ। ਦਿੱਲੀ ਵਿਚ 30 ਕਿਲੋ ਕੋਕੀਨ ਸਭ ਤੋਂ ਵੱਧ ਜ਼ਬਤ ਕੀਤੀ ਮਹਾਰਾਸ਼ਟਰ ਵਿਚ 21.83 ਕਿਲੋਗ੍ਰਾਮ ਜ਼ਬਤ ਹੋਈ। ਰਿਪੋਰਟ ਵਿਚ ਇਹ ਵੀ ਗੱਲ ਦੱਸੀ ਗਈ ਹੈ ਕਿ 2017 ਕਿਸ ਤਰੀਕੇ ਨਾਲ ਨਸ਼ੇ ਦੀ ਤਸਕਰੀ ਕੀਤੀ ਜਾਂਦੀ ਸੀ।
ਅਫੀਮ ਮਨੀਪੁਰ, ਝਾਰਖੰਡ, ਬਿਹਾਰ, ਰਾਜਸਥਾਨ, ਉਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਤੋਂ ਦੇਸ਼ ਦੇ ਹੋਰ ਹਿੱਸਿਆਂ ਵਿਚ ਫੈਲਾਈ ਜਾਂਦੀ ਹੈ, ਜਦੋਂਕਿ ਭਾਰਤ ਵਿਚ ਹੈਰੋਇਨ ਦੀ ਵੱਡੀ ਖੇਪ ਪੰਜਾਬ ਤੇ ਜੰਮੂ-ਕਸ਼ਮੀਰ ਵਿਚ ਭਾਰਤ-ਪਾਕਿਸਤਾਨ ਸਰਹੱਦ ਰਾਹੀਂ ਦੇਸ਼ ਵਿਚ ਪਹੁੰਚਾਈ ਜਾਂਦੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜੰਮੂ-ਕਸ਼ਮੀਰ ਤੋਂ ਮਹਾਰਾਸ਼ਟਰ, ਰਾਜਸਥਾਨ, ਗੋਆ ਤੇ ਗੁਜਰਾਤ ਵਿਚ ਚਰਸ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੋਕੀਨ ਜ਼ਿਆਦਾਤਰ ਹਵਾਈ ਅੱਡੇ ਬਰਾਮਦ ਹੋਈ ਹੈ।