ਪਾਕਿਸਤਾਨ ‘ਚ ਭਗਤ ਸਿੰਘ ਦੇ ਕੇਸ ਸਬੰਧੀ ਦਸਤਾਵੇਜ਼ਾਂ ਦੀ ਪ੍ਰਦਰਸ਼ਨੀ

ਲਾਹੌਰ: ਸ਼ਹੀਦ ਭਗਤ ਸਿੰਘ ਨੂੰ ਫਾਂਸੀ ਲਾਏ ਜਾਣ ਤੋਂ 86 ਸਾਲ ਬਾਅਦ ਪਾਕਿਸਤਾਨ ਨੇ ਪਹਿਲੀ ਵਾਰ ਉਸ ਦੇ ਕੇਸ ਨਾਲ ਸਬੰਧਤ ਕੁਝ ਰਿਕਾਰਡ ਪ੍ਰਦਰਸ਼ਿਤ ਕੀਤਾ। ਇਨ੍ਹਾਂ ਵਿਚ ਭਗਤ ਸਿੰਘ ਨੂੰ ਫਾਂਸੀ ਲਾਏ ਜਾਏ ਦਾ ਸਰਟੀਫਿਕੇਟ ਵੀ ਸ਼ਾਮਲ ਹੈ। ਇਸ ਨੁਮਾਇਸ਼ ਵਿਚ ਸ਼ਹੀਦ ਭਗਤ ਸਿੰਘ ਵੱਲੋਂ ਲਾਹੌਰ ਸੈਂਟਰਲ ਜੇਲ੍ਹ ਵਿਚੋਂ ਰਾਜਸੀ ਕੈਦੀ ਐਲਾਨੇ ਜਾਣ ਉਪਰੰਤ ਏ-ਕਲਾਸ ਦੀ ਸਹੂਲਤ ਲੈਣ ਲਈ ਲਿਖੇ ਪੱਤਰ ਵੀ ਸ਼ਾਮਲ ਕੀਤੇ ਗਏ।

ਦਸਤਾਵੇਜ਼ਾਂ ਵਿਚ ਕ੍ਰਾਂਤੀਕਾਰੀਆਂ ਹੱਥੋਂ ਮਾਰੇ ਗਏ ਪੁਲਿਸ ਅਧਿਕਾਰੀ ਜਾਹਨ ਪੀ. ਸਾਂਡਰਸ ਅਤੇ ਸਿਪਾਹੀ ਚਰਨ ਸਿੰਘ ਦੀਆਂ ਪੋਸਟ ਮਾਰਟਮ ਰਿਪੋਰਟਾਂ ਸਮੇਤ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਰਾਜਗੁਰੂ ਤੇ ਸੁਖਦੇਵ ਨੂੰ ਦੋਸ਼ੀ ਠਹਿਰਾਉਣ ਬਾਰੇ ਅਦਾਲਤ ਦਾ ਹੁਕਮ, ਕਾਲੇ ਵਾਰੰਟ ਅਤੇ ਉਨ੍ਹਾਂ ਨੂੰ ਫਾਂਸੀ ਉਤੇ ਲਟਕਾਉਣ ਦੀ ਪੁਸ਼ਟੀ ਬਾਰੇ ਜੇਲ੍ਹ ਦੇ ਦਰੋਗਾ ਦੀ ਰਿਪੋਰਟ ਵੀ ਸ਼ਾਮਲ ਕੀਤੀ ਗਈ। ਨੁਮਾਇਸ਼ ਵਿਚ ਭਗਤ ਸਿੰਘ ਵੱਲੋਂ ਜੇਲ੍ਹ ਦੀ ਸਜ਼ਾ ਦੌਰਾਨ ਮੰਗਵਾਈਆਂ ਕਿਤਾਬਾਂ, ਨਾਵਲ, ਕ੍ਰਾਂਤੀਕਾਰੀ ਸਾਹਿਤ ਸਮੇਤ ਪੰਜਾਬ ਟਰੈਜਿਡੀ (ਤ੍ਰਾਸਦੀ), ਜ਼ਖਮੀ ਪੰਜਾਬ, ਗੰਗਾ ਦਾਸ ਡਾਕੂ, ਸੁਲਤਾਨਾ ਡਾਕੂ, ਈਵੋਲੂਸ਼ਨ ਆਫ ਸਿਇਨ ਫੈਨ ਅਤੇ ਹਿਸਟਰੀ ਆਫ ਸਿਇਨ ਫੈਨ ਆਦਿ ਪੁਸਤਕਾਂ ਦਰਸ਼ਕਾਂ ਦੀ ਵਧੇਰੇ ਖਿੱਚ ਦਾ ਕੇਂਦਰ ਬਣੀਆਂ ਰਹੀਆਂ।
ਇਸ ਤੋਂ ਇਲਾਵਾ ਲਾਹੌਰ ਦੀ ਰਾਵੀ ਰੋਡ ਉਤੇ ਸਥਿਤ ਫੈਕਟਰੀ, ਗਵਾਲ ਮੰਡੀ ਆਬਾਦੀ ਅਤੇ ਮੁਜੰਗ ਚੁੰਗੀ ਦੇ ਕਿਰਾਏ ਦੇ ਘਰ ਅਤੇ ਮਿਕਲਿਓਡ ਰੋਡ ਸਥਿਤ ਕਸ਼ਮੀਰ ਬਿਲਡਿੰਗ ਸਮੇਤ ਉਨ੍ਹਾਂ ਹੋਟਲਾਂ ਦਾ ਰਿਕਾਰਡ ਵੀ ਪ੍ਰਦਰਸ਼ਤ ਕੀਤਾ ਗਿਆ, ਜਿਥੇ ਭਗਤ ਸਿੰਘ ਅਤੇ ਉਸ ਦੇ ਦੂਸਰੇ ਸਾਥੀ ਰੂਪੋਸ਼ ਰਹਿਣ ਸਮੇਂ ਰਹੇ। ਉਕਤ ਦਸਤਾਵੇਜ਼ਾਂ ਦੇ ਇਲਾਵਾ ਨੁਮਾਇਸ਼ ਵਿਚ ਡੀ.ਏ.ਵੀ. ਕਾਲਜ ਲਾਹੌਰ (ਹੁਣ ਇਸਲਾਮੀਆ ਕਾਲਜ, ਸਿਵਲ ਲਾਈਨਜ਼) ਦਾ ਦਾਖਲਾ ਰਜਿਸਟਰ ਵੀ ਸ਼ਾਮਲ ਕੀਤਾ ਗਿਆ, ਜਿਥੇ ਦਾਖਲਾ ਲੈਣ ਸਮੇਂ ਭਗਤ ਸਿੰਘ ਦਾ ਨਾਂ ਦਰਜ ਕੀਤਾ ਗਿਆ ਸੀ। ਦਸਤਾਵੇਜ਼ਾਂ ਵਿਚ ਇਹ ਵੀ ਜਾਣਕਾਰੀ ਦਰਜ ਕੀਤੀ ਗਈ ਹੈ ਕਿ ਸਾਂਡਰਸ ਨੂੰ ਡੀ.ਏ.ਵੀ. ਕਾਲਜ ਅੰਦਰੋਂ ਅੱਠ ਵਾਰ ਗੋਲੀ ਮਾਰੀ ਗਈ ਸੀ। ਇਕ ਹੋਰ ਸਾਥੀ ਚੰਦਰ ਸ਼ੇਖਰ ਆਜ਼ਾਦ ਨੇ ਇਕ ਗੋਲੀ ਸਿਪਾਹੀ ਚਰਨ ਸਿੰਘ ਨੂੰ ਮਾਰੀ, ਜੋ ਭਗਤ ਸਿੰਘ ਅਤੇ ਰਾਜਗੁਰੂ ਦਾ ਪਿੱਛਾ ਕਰ ਰਿਹਾ ਸੀ। ਇਨ੍ਹਾਂ ਦੇ ਇਲਾਵਾ ਕੇਸ ਫਾਈਲਾਂ ਵਿਚ ਉਹ ਦਸਤਾਵੇਜ਼ ਵੀ ਸ਼ਾਮਲ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਅੰਗਰੇਜ਼ ਪੁਲਿਸ ਅਤੇ ਏਜੰਸੀਆਂ ਨੇ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਨ ਲਈ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿਚ 24-25 ਵਾਰ ਛਾਪੇਮਾਰੀ ਕੀਤੀ। ਦਸਤਾਵੇਜ਼ਾਂ ਵਿਚ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਫੌਜ ਅਤੇ ਨੌਜਵਾਨ ਭਾਰਤ ਸਭਾ ਦਾ ਮੈਨੀਫੈਸਟੋ ਅਤੇ ਹੋਰ ਦਸਤਾਵੇਜ਼ ਵੀ ਸ਼ਾਮਲ ਕੀਤੇ ਗਏ।
ਦਸਤਾਵੇਜ਼ਾਂ ਵਿਚ ਇਹ ਵੀ ਜਾਣਕਾਰੀ ਦਰਜ ਕੀਤੀ ਗਈ ਹੈ ਕਿ ਲਾਹੌਰ ਸਾਜ਼ਿਸ਼ ਕੇਸ ਅਧੀਨ ਦੋਸ਼ੀ ਕਰਾਰ ਦਿੱਤੇ ਗਏ ਭਗਤ ਸਿੰਘ, ਸੁਖਦੇਵ ਤੇ ਸ਼ਿਵਰਾਮ ਰਾਜਗੁਰੂ ਸਬੰਧੀ ਚੱਲੇ ਕੇਸ ਵਿਚ ਪੁਲਿਸ ਵੱਲੋਂ 457 ਗਵਾਹ ਭੁਗਤਾਏ ਗਏ, ਜਿਨ੍ਹਾਂ ਵਿਚੋਂ ਹੰਸ ਰਾਜ ਵੋਹਰਾ, ਜੈ ਗੋਪਾਲ, ਪੀ.ਐਨ. ਗੋਸ਼ਤੇ ਮਨਮੋਹਨ ਬੈਨਰਜੀ ਦੀ ਜੁੰਡਲੀ ਨੇ ਸਰਕਾਰੀ ਗਵਾਹਾਂ ਵਜੋਂ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਗਵਾਹੀਆਂ ਦਿੱਤੀਆਂ। ਇਨ੍ਹਾਂ ਦੇ ਇਲਾਵਾ ਇਕ ਰਿਪੋਰਟ ‘ਚ ਇਹ ਵੀ ਜਾਣਕਾਰੀ ਦਰਜ ਹੈ ਕਿ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਫਾਂਸੀ ਸਮੇਂ ਆਪਣੇ ਅੱਥਰੂਆਂ ਉਤੇ ਕਾਬੂ ਨਾ ਰੱਖ ਸਕਣ ਵਾਲੇ ਲਾਹੌਰ ਜੇਲ੍ਹ ਦੇ ਡਿਪਟੀ ਸੁਪਰਡੈਂਟ ਖ਼ਾਨ ਸਾਹਿਬ ਮੁਹੰਮਦ ਅਕਬਰ ਖ਼ਾਂ ਨੂੰ ਇਸ ਹਮਦਰਦੀ ਦਾ ਖ਼ਮਿਆਜ਼ਾ ਆਪਣੀ ਨੌਕਰੀ ਤੋਂ ਬਰਖ਼ਾਸਤ ਹੋਣ ਦੀ ਸੂਰਤ ਵਿਚ ਭੁਗਤਣਾ ਪਿਆ।