ਆਫੀਆ ਸਦੀਕੀ ਦਾ ਜਹਾਦ-7

ਤੁਸੀਂ ਪੜ੍ਹ ਚੁਕੇ ਹੋæææ
ਲੇਖਕ ਹਰਮਹਿੰਦਰ ਚਾਹਲ ਨੇ ‘ਆਫੀਆ ਸਦੀਕੀ ਦਾ ਜਹਾਦ’ ਦੇ ਬਹਾਨੇ 20ਵੀਂ ਸਦੀ ਦੇ ਪਿਛਲੇ ਦਹਾਕਿਆਂ ਦੌਰਾਨ ਉਬਾਲੇ ਮਾਰਦੇ ਵਕਤ ਦੀ ਬਾਤ ਪਾਈ ਹੈ। 1972 ਵਿਚ ਪਾਕਿਸਤਾਨ ‘ਚ ਜੰਮੀ ਆਫੀਆ ਸਦੀਕੀ ਦੀ ਇਹ ਕਹਾਣੀ ਰੌਂਗਟੇ ਖੜ੍ਹੇ ਕਰਨ ਵਾਲੀ ਹੈ। ਸੁਨੱਖੀ ਸੂਰਤ ਅਤੇ ਬੁਲੰਦ ਸੀਰਤ ਦੀ ਮਾਲਕ ਆਫੀਆ ਨੇ ਅਮਰੀਕਾ ਵਿਚ ਉਚ ਸਿੱਖਿਆ ਹਾਸਲ ਕੀਤੀ ਅਤੇ ਡਾਕਟਰ ਬਣੀ। ਕਿਸੇ ਨੂੰ ਚਿਤ-ਚੇਤਾ ਵੀ ਨਹੀਂ ਸੀ ਕਿ ਇਸ ਕੁੜੀ ਦਾ ਨਾਂ ਇੰਨੀ ਵੱਡੀ ਪੱਧਰ ਉਤੇ ਜਹਾਦ ਨਾਲ ਜੁੜ ਜਾਵੇਗਾ। ਬਾਅਦ ਵਿਚ ਅਮਰੀਕੀ ਜੇਲ੍ਹਾਂ ਵਿਚ ਇਸ ਕੁੜੀ ਨਾਲ ਜੋ ਹੋਈ-ਬੀਤੀ, ਉਹ ਸੁਣ ਕੇ ਤਾਂ ਪੱਥਰ-ਦਿਲ ਵੀ ਕੰਬ ਉਠਦੇ ਹਨ। ਇਹ ਅਸਲ ਵਿਚ ਇਕੱਲੀ ਆਫੀਆ ਦੀ ਕਥਾ-ਕਹਾਣੀ ਨਹੀਂ, ਸਗੋਂ ਉਸ ਪੀੜ੍ਹੀ ਦੀ ਹੋਣੀ ਦਾ ਬਿਆਨ ਹੈ ਜੋ ਜਹਾਦ ਦੇ ਨਾਂ ਹੇਠ ਰੜੇ ਮੈਦਾਨ ਵਿਚ ਕੁੱਦ ਪਏ।æææਪਾਕਿਸਤਾਨ ‘ਚ ਆਫੀਆ ਦੀ ਮਾਂ ਇਸਮਤ ਜਹਾਨ, ਮਜ਼ਹਬੀ ਤਾਲੀਮ ਦੇ ਖੇਤਰ ਦੀ ਉਘੀ ਸ਼ਖਸੀਅਤ ਸੀ ਤੇ ਇਸ ਮਜ਼ਹਬੀ ਤਾਲੀਮ ਦਾ ਆਫੀਆ ਉਤੇ ਬਹੁਤ ਗੂੜ੍ਹਾ ਰੰਗ ਚੜ੍ਹਿਆ। ਆਲੇ-ਦੁਆਲੇ ਦੇ ਮਾਹੌਲ ਨੇ ਵੀ ਅਸਰ ਪਾਇਆ। ਆਫੀਆ ਦੇ ਪਰਿਵਾਰ ਦਾ ‘ਜਹਾਦੀ’ ਜਨਰਲ ਜ਼ਿਆ-ਉਲ-ਹੱਕ ਅਤੇ ਹੋਰ ਕਹਿੰਦੇ-ਕਹਾਉਂਦੇ ਪਰਿਵਾਰਾਂ ਨਾਲ ਰਾਬਤਾ ਸੀ। ਫਿਰ ਉਹ ਪੜ੍ਹਾਈ ਲਈ ਆਪਣੇ ਭਰਾ ਮੁਹੰਮਦ ਅਲੀ ਕੋਲ ਅਮਰੀਕਾ ਪੁੱਜ ਗਈ। ਅਲੀ ਕੋਲ ਆਉਂਦੇ ਉਸ ਦੇ ਦੋਸਤਾਂ ਨਾਲ ਉਹ ਅਕਸਰ ਇਸਲਾਮ ਬਾਰੇ ਬਹਿਸਾਂ ਕਰਦੀ। ਉਸ ਦੀ ਹਰ ਗੱਲ ਮਜ਼ਹਬ ਦੇ ਪ੍ਰਸੰਗ ਵਿਚ ਹੁੰਦੀ। ਇਸਲਾਮ ਉਸ ਨੂੰ ਦੁਨੀਆਂ ਦਾ ਨਿਆਰਾ ਅਤੇ ਬਿਹਤਰ ਮਜ਼ਹਬ ਜਾਪਦਾ ਸੀ। ਇਸੇ ਜੋਸ਼ ਵਿਚ ਉਹ ਦੂਜੇ ਮਜ਼ਹਬਾਂ ਦੀ ਕਦਰ ਕਰਨਾ ਵੀ ਭੁੱਲ ਜਾਂਦੀ। ਉਸ ਦੀ ਲੋਚਾ ਸੰਸਾਰ ਉਤੇ ਇਸਲਾਮ ਦਾ ਬੋਲਬਾਲਾ ਸੀ। ਉਹ ਬੋਸਟਨ ਦੀ ਪ੍ਰਸਿੱਧ ਸੰਸਥਾ ਮੈਸਾਚੂਸੈਟਸ ਇੰਸੀਚਿਊਟ ਆਫ ਟੈਕਨਾਲੋਜੀ ਵਿਚ ਦਾਖਲ ਹੋਈ ਤਾਂ ਆਪਣੀ ਲਿਆਕਤ ਕਰ ਕੇ ਛੇਤੀ ਹੀ ਮਕਬੂਲ ਹੋ ਗਈ। ਉਥੇ ਉਸ ਦਾ ਸੰਪਰਕ ਮੁਸਲਿਮ ਸਟੂਡੈਂਟਸ ਐਸੋਸੀਏਸ਼ਨ ਨਾਲ ਹੋਇਆ ਤੇ ਫਿਰ ਜਹਾਦੀਆਂ ਨਾਲ। ਜਹਾਦੀਆਂ ਦਾ ਮੁੱਖ ਨਾਅਰਾ ਵੱਧ ਤੋਂ ਵੱਧ ਕਾਫਰ ਮਾਰਨ ਦਾ ਸੀ। ਇਨ੍ਹਾਂ ਨੇ 26 ਫਰਵਰੀ 1993 ਨੂੰ ਵਰਲਡ ਟਰੇਡ ਸੈਂਟਰ ਦੀ ਪਾਰਕਿੰਗ ਵਿਚ ਧਮਾਕਾ ਕੀਤਾ। ਛੇਤੀ ਹੀ ਧਮਾਕੇ ਦਾ ਮੁੱਖ ਸੂਤਰਦਾਰ ਸ਼ੇਖ ਉਮਰ ਅਬਦੁਲ ਰਹਿਮਾਨ ਫੜਿਆ ਗਿਆ। 1993 ਦੀਆਂ ਛੁੱਟੀਆਂ ਵਿਚ ਆਫੀਆ ਪਾਕਿਸਤਾਨ ਗਈ ਅਤੇ ਤਕਰੀਰਾਂ ਕੀਤੀਆਂ। ਸੁਣਨ ਵਾਲੇ ਅਸ਼-ਅਸ਼ ਕਰ ਉਠੇ। ਵਾਪਸੀ ਵੇਲੇ ਉਹ ਅਤਿਅੰਤ ਊਰਜਾ ਨਾਲ ਭਰੀ ਪਈ ਸੀ। ਉਹ ਜਹਾਦ ਨਾਲ ਹੋਰ ਡੂੰਘਾ ਜੁੜ ਗਈ। ਘਰਵਾਲਿਆਂ ਦੇ ਜ਼ੋਰ ਪਾਉਣ ‘ਤੇ ਉਸ ਦਾ ਨਿਕਾਹ ਫੋਨ ਉਤੇ ਹੀ ਅਹਿਮਦ ਮੁਹੰਮਦ ਖਾਨ ਨਾਲ ਪੜ੍ਹਿਆ ਗਿਆ ਜੋ ਪਾਕਿਸਤਾਨ ਰਹਿੰਦਾ ਸੀ।æææਹੁਣ ਅੱਗੇ ਪੜ੍ਹੋæææ

ਹਰਮਹਿੰਦਰ ਚਹਿਲ
ਚਹਅਹਅਲਸ57@ੇਅਹੋ।ਚੋਮ
ਫੋਨ: 703-362-3239

ਅਕਤੂਬਰ 1995 ‘ਚ ਅਮਜਦ ਅਮਰੀਕਾ ਪਹੁੰਚਿਆ। ਉਸ ਦੀ ਨਵੀਂ ਨਵੇਲੀ ਦੁਲਹਨ ਆਫੀਆ ਸ਼ਿਕਾਗੋ ਏਅਰਪੋਰਟ ‘ਤੇ ਉਸ ਨੂੰ ਉਡੀਕ ਰਹੀ ਸੀ। ਉਥੋਂ ਉਹ ਅਮਜਦ ਨੂੰ ਲੈ ਕੇ ਫੌਜ਼ੀਆ ਦੇ ਅਪਾਰਟਮੈਂਟ ਆ ਗਈ। ਫਿਰ ਉਹ ਹੋਟਲ ਚਲੇ ਗਏ। ਤਕਰੀਬਨ ਦੋ ਹਫਤਿਆਂ ਦਾ ਵਕਤ ਉਨ੍ਹਾਂ ਹੋਟਲ ‘ਚ ਹੀ ਗੁਜ਼ਾਰਿਆ। ਅਗਲੇ ਦੋ ਕੁ ਮਹੀਨੇ ਉਹ ਫੌਜ਼ੀਆ ਦੇ ਘਰ ਰਹੇ। ਫਿਰ ਉਹ ਬੋਸਟਨ (ਮੈਸਾਚੂਸੈਟਸ) ਚਲੇ ਆਏ। ਇੱਥੇ ਆ ਕੇ ਉਨ੍ਹਾਂ ਕਿਸੇ ਵੱਡੀ ਬਿਲਡਿੰਗ ਦੇ ਹੇਠਲੇ ਲੈਵਲ ‘ਤੇ ਨਿੱਕਾ ਜਿਹਾ ਅਪਾਰਟਮੈਂਟ ਲੈ ਲਿਆ ਤੇ ਆਪਣੀ ਜ਼ਿੰਦਗੀ ਸ਼ੁਰੂ ਕਰ ਦਿੱਤੀ। ਅਮਜਦ ਨੂੰ ਇਹ ਛੋਟਾ ਜਿਹਾ ਅਪਾਰਟਮੈਂਟ ਬਿਲਕੁਲ ਵੀ ਨਾ ਭਾਇਆ। ਉਹ ਵੱਡੇ ਪਰਿਵਾਰ ਅਤੇ ਚੰਗੇ ਖਾਂਦੇ ਪੀਂਦੇ ਘਰ ‘ਚੋਂ ਆਇਆ ਸੀ। ਪਾਕਿਸਤਾਨ ‘ਚ ਉਹ ਤਿੰਨ ਭਰਾ, ਮਾਂ ਪਿਉ ਨਾਲ ਭਰੇ ਪੂਰੇ ਪਰਿਵਾਰ ‘ਚ ਰਹਿੰਦੇ ਸਨ। ਇੱਥੇ ਇਹ ਖੁੱਡ ਜਿਹੀ ਥਾਂ ਉਸ ਨੂੰ ਚੰਗੀ ਨਹੀਂ ਲੱਗਦੀ ਸੀ। ਸਮਾਂ ਪਾ ਕੇ ਉਨ੍ਹਾਂ ਸ਼ਹਿਰ ਤੋਂ ਬਾਹਰ ਛੋਟੇ ਜਿਹੇ ਕਸਬੇ ਮਾਲਡੇਨ ਵਿਚ ਵੱਡੇ ਹਾਈਵੇ 95 ਤੋਂ ਥੋੜ੍ਹਾ ਜਿਹਾ ਹਟਵਾਂ ਕਾਫੀ ਵੱਡਾ ਅਤੇ ਖੁੱਲ੍ਹਾ-ਡੁੱਲ੍ਹਾ ਅਪਾਰਟਮੈਂਟ ਲੈ ਲਿਆ। ਇੱਥੇ ਆ ਕੇ ਅਮਜਦ ਬਹੁਤ ਖੁਸ਼ ਹੋਇਆ। ਉਸ ਦੀ ਵਿਆਹੁਤਾ ਜ਼ਿੰਦਗੀ ਬਹੁਤ ਵਧੀਆ ਢੰਗ ਨਾਲ ਸ਼ੁਰੂ ਹੋਈ ਸੀ। ਉਹ ਆਫੀਆ ਨੂੰ ਜੀ ਜਾਨ ਨਾਲ ਚਾਹੁਣ ਲੱਗਿਆ ਸੀ ਤੇ ਆਫੀਆ ਵੀ ਅਮਜਦ ਨੂੰ ਡੂੰਘੀ ਮੁਹੱਬਤ ਕਰਨ ਲੱਗੀ ਸੀ। ਦੋਹਾਂ ਨੂੰ ਲੱਗਦਾ ਸੀ ਕਿ ਉਹ ਇੱਕ-ਦੂਜੇ ਲਈ ਹੀ ਬਣੇ ਹਨ। ਇਨ੍ਹੀਂ ਦਿਨੀਂ ਦੋਨਾਂ ਵਿਚਕਾਰ ਪਿਆਰ ਮੁਹੱਬਤ ਦੀਆਂ ਗੱਲਾਂ ਹੀ ਨਹੀਂ ਸਨ ਮੁੱਕਦੀਆਂ। ਅਮਜਦ ਨੂੰ ਲੱਗਦਾ ਸੀ ਕਿ ਇਹ ਭੋਲੀ ਭਾਲੀ ਜਿਹੀ ਕੁੜੀ ਕਦੇ ਗੁੱਸੇ ਤਾਂ ਹੁੰਦੀ ਹੀ ਨਹੀਂ ਹੋਣੀ। ਫਿਰ ਇੱਕ ਦਿਨ ਗੱਲਾਂ ਕਰਦਿਆਂ ਆਫੀਆ ਨੇ ਅਚਾਨਕ ਕੁਝ ਅਜਿਹਾ ਕਿਹਾ ਕਿ ਅਮਜਦ ਦੇ ਮੂੰਹ ‘ਚ ਕੁੜੱਤਣ ਘੁਲ ਗਈ। ਉਹ ਬੋਲੀ, “ਅਮਜਦ, ਮੈਨੂੰ ਪਿਛਲੀਆਂ ਗਰਮੀਆਂ ‘ਚ ਐਫ਼ਬੀæਆਈæ ਲੱਭਦੀ ਰਹੀ ਸੀ।”
“ਕਿਸ ਸਿਲਸਿਲੇ ਵਿਚ?” ਉਹ ਹੈਰਾਨ ਹੋ ਕੇ ਆਫੀਆ ਵੱਲ ਝਾਕਿਆ।
“ਇਹ ਤਾਂ ਪਤਾ ਨ੍ਹੀਂ, ਪਰ ਮੈਂ ਇੱਕ ਗੱਲ ਦੱਸ ਦਿੰਨੀ ਆਂ ਕਿ ਜੇ ਅਜਿਹਾ ਕਦੇ ਦੁਬਾਰਾ ਹੋਇਆ ਤਾਂ ਮੈਂ ਅਮਰੀਕਾ ‘ਚ ਨ੍ਹੀਂ ਰਹਿਣਾ।”
“ਪਰ ਪਤਾ ਤਾਂ ਲੱਗੇ ਕਿ ਗੱਲ ਕੀ ਐ। ਕੋਈ ਤਾਂ ਵਜ੍ਹਾ ਹੋਊਗੀ ਕਿ ਐਫ਼ਬੀæਆਈæ ਤੇਰੇ ਮਗਰ ਆਈ। ਤੂੰ ਜੋ ਕਹਿ ਰਹੀ ਐਂ ਕਿ ਜੇ ਉਹ ਦੁਬਾਰਾ ਆਏ ਤਾਂ ਤੂੰ ਇੱਥੇ ਨ੍ਹੀਂ ਰਹਿਣਾ, ਤਾਂ ਤੈਨੂੰ ਮਾੜਾ ਮੋਟਾ ਤਾਂ ਸ਼ੱਕ ਹੋਊਗਾ ਈ ਕਿ ਉਹ ਕਿਸ ਗੱਲ ਕਰ ਕੇ ਤੈਨੂੰ ਲੱਭਣ ਆਏ ਸਨ।”
“ਮੈਂ ਕਹਿ ਦਿੱਤਾ ਨਾ ਕਿ ਮੈਨੂੰ ਪਤਾ ਨ੍ਹੀਂ ਐ।” ਇੰਨਾ ਕਹਿ ਕੇ ਆਫੀਆ ਉਠ ਕੇ ਤੁਰ ਗਈ। ਅਮਜਦ ਭੁਚੱਕਿਆਂ ਵਾਂਗੂੰ ਉਸ ਵੱਲ ਵੇਖਦਾ ਰਿਹਾ। ਪਹਿਲੀ ਵਾਰ ਉਹ ਆਫੀਆ ਨੂੰ ਗੁੱਸੇ ‘ਚ ਵੇਖ ਰਿਹਾ ਸੀ। ਦੋ ਦਿਨ ਉਹ ਇਸੇ ਤਰ੍ਹਾਂ ਘੁੱਟੀ-ਵੱਟੀ ਜਿਹੀ ਤੁਰੀ ਫਿਰੀ। ਕੁਝ ਦਿਨਾਂ ਪਿੱਛੋਂ ਉਹ ਫਿਰ ਘੁਲ-ਮਿਲ ਗਈ। ਅਮਜਦ ਵੀ ਇਹ ਗੱਲ ਭੁੱਲ ਗਿਆ, ਪਰ ਅਗਲੀ ਵਾਰ ਉਸ ਨੇ ਆਫੀਆ ਦਾ ਹੋਰ ਭਿਆਨਕ ਰੂਪ ਵੇਖਿਆ। ਅਸਲ ਵਿਚ ਇਸ ਤੋਂ ਪਹਿਲਾਂ ਅਮਜਦ ਦਾੜ੍ਹੀ ਵਧਾ ਕੇ ਤੇ ਟ੍ਰਿਮ ਕਰ ਕੇ ਰੱਖਦਾ ਸੀ। ਉਸ ਨੇ ਪਾਕਿਸਤਾਨ ਵਿਚ ਰਹਿੰਦਿਆਂ ਸੁਣਿਆਂ ਹੋਇਆ ਸੀ ਕਿ ਅਮਰੀਕਾ ਵਿਚ ਅਜਿਹੀ ਦਿੱਖ ਵਾਲੇ ਆਦਮੀ ਨੂੰ ਵੱਖਰੀ ਨਿਗ੍ਹਾ ਨਾਲ ਵੇਖਿਆ ਜਾਂਦਾ ਹੈ। ਉਂਜ ਉਹ ਰੋਜ਼ੇ ਵੀ ਰੱਖਦਾ ਸੀ ਤੇ ਨਮਾਜ਼ ਵੀ ਪੜ੍ਹ ਲੈਂਦਾ ਸੀ, ਪਰ ਉਹ ਕੱਟੜ ਨਹੀਂ ਸੀ। ਇਸ ਲਈ ਉਸ ਨੇ ਆਪਣੀ ਸਹੂਲਤ ਲਈ ਇੱਕ ਦਿਨ ਸ਼ੇਵ ਕਰਵਾ ਦਿੱਤੀ। ਉਹ ਘਰ ਆਇਆ ਤਾਂ ਪਹਿਲਾਂ ਤਾਂ ਆਫੀਆ ਉਸ ਨੂੰ ਪਛਾਣ ਹੀ ਨਾ ਸਕੀ। ਫਿਰ ਇੱਕ ਦਮ ਭੜਕੀ, “ਤੈਨੂੰ ਸ਼ਰਮ ਨਾ ਆਈ ਦਾੜ੍ਹੀ ਕਟਵਾਉਂਦੇ ਨੂੰ?”
“ਕਿਉਂ ਇਸ ਵਿਚ ਸ਼ਰਮ ਵਾਲੀ ਕਿਹੜੀ ਗੱਲ ਐ। ਮੈਂ ਕੀ ਕੋਈ ਗੁਨਾਹ ਕਰ ਦਿੱਤਾ?”
“ਮੁਸਲਮਾਨ ਹੋ ਕੇ ਤੂੰ ਮੂੰਹ ਸਫਾ ਚੱਟ ਕਰਵਾਈ ਫਿਰਦਾ ਐਂ ਤੇ ਅਜੇ ਪੁੱਛਦਾ ਐਂ ਕਿ ਕੀ ਗੁਨਾਹ ਕਰ ਦਿੱਤਾ।”
“ਮੈਂ ਇੱਕ ਮਜ਼ਹਬੀ ਆਗੂ ਦੀ ਸਲਾਹ ਲਈ ਸੀ, ਉਸ ਦਾ ਕਹਿਣਾ ਹੈ ਕਿ ਕਿਸੇ ਚੰਗੇ ਕੰਮ ਲਈ ਤੁਹਾਨੂੰ ਦਾੜ੍ਹੀ ਕਟਵਾਉਣੀ ਪਵੇ ਤਾਂ ਤੁਸੀਂ ਕਟਵਾ ਸਕਦੇ ਓ। ਜਦੋਂ ਮੌਕਾ ਮਿਲੇ ਤਾਂ ਫਿਰ ਰੱਖ ਲਉ।”
“ਤੂੰ ਅਜਿਹਾ ਕਿਹੜਾ ਚੰਗਾ ਕੰਮ ਕਰਨ ਲੱਗ ਪਿਐਂ ਕਿ ਦਾੜ੍ਹੀ ਰੱਖਿਆਂ ਉਹ ਕੰਮ ਨ੍ਹੀਂ ਹੋ ਸਕਦਾ ਸੀ?”
“ਆਫੀਆ, ਮੈਂ ਪੜ੍ਹਾਈ ਸ਼ੁਰੂ ਕਰ ਲਈ ਐ, ਹਰ ਰੋਜ਼ ਕਾਲਜ ਜਾਂਦਾ ਹਾਂ। ਮੈਂ ਨ੍ਹੀਂ ਚਾਹੁੰਦਾ ਕਿ ਉਥੇ ਲੋਕ ਮੈਨੂੰ ਹੋਰ ਈ ਨਜ਼ਰਾਂ ਨਾਲ ਵੇਖਣ।”
“ਅੱਛਾ ਤੈਨੂੰ ਮੁਸਲਮਾਨ ਹੋਣ ਕਰ ਕੇ ਸ਼ਰਮ ਆਉਂਦੀ ਐ।”
“ਇਹ ਗੱਲ ਨ੍ਹੀਂ ਐ। ਤੂੰ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰ।”
ਬਹਿਸ ਵਧਦੀ ਗਈ। ਆਫੀਆ ਕੋਈ ਗੱਲ ਸੁਣਨ ਦੀ ਬਜਾਏ ਭਖਦੀ ਹੀ ਗਈ। ਆਖਰ ਉਹ ਇੰਨੇ ਗੁੱਸੇ ‘ਚ ਆ ਗਈ ਕਿ ਨੇੜੇ ਹੁੰਦੀ ਅਮਜਦ ਦੀ ਛਾਤੀ ‘ਚ ਮੁੱਕੀਆਂ ਮਾਰਦੀ ਚੀਕਣ ਚਿਲਾਉਣ ਲੱਗੀ। ਪਹਿਲਾਂ ਤਾਂ ਅਮਜਦ ਨੂੰ ਬਹੁਤ ਗੁੱਸਾ ਆਇਆ, ਪਰ ਜਦੋਂ ਉਸ ਨੇ ਵੇਖਿਆ ਕਿ ਆਫੀਆ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਉਸ ਨੂੰ ਜੁਆਕਾਂ ਵਾਂਗ ਕੁੱਟ ਰਹੀ ਹੈ ਤਾਂ ਮਨ ਹੀ ਮਨ ਉਸ ਨੂੰ ਹਾਸਾ ਆਇਆ। ਉਸ ਨੇ ਵਿਰੋਧ ਛੱਡ ਦਿੱਤਾ। ਆਖਰ ਆਫੀਆ ਮੁੱਕੀਆਂ ਮਾਰਦੀ ਹਫ ਗਈ। ਉਸ ਨੇ ਪਲ ਭਰ ਅਮਜਦ ਵੱਲ ਵੇਖਿਆ ਤੇ ਫਿਰ ਉਸ ਦੀ ਛਾਤੀ ਨਾਲ ਲੱਗ ਕੇ ਉਸ ਦੁਆਲੇ ਬਾਹਾਂ ਵਲਦੀ ਉਚੀ ਉਚੀ ਰੋਣ ਲੱਗੀ। ਅਮਜਦ ਨੇ ਉਸ ਨੂੰ ਛਾਤੀ ਨਾਲ ਘੁੱਟ ਲਿਆ। ਉਨ੍ਹਾਂ ਵਿਚਲੀ ਸਾਰੀ ਕੁੜੱਤਣ ਚਲੀ ਗਈ। ਇਸ ਦੇ ਨਾਲ ਹੀ ਅਮਜਦ ਨੂੰ ਉਸ ਦੇ ਰੁੱਸਣ ਅਤੇ ਇਸ ਤਰ੍ਹਾਂ ਆਪੇ ਮੰਨ ਜਾਣ ਦਾ ਨਿਰਾਲਾ ਢੰਗ ਪਿਆਰਾ ਲੱਗਿਆ। ਜ਼ਿੰਦਗੀ ਆਪਣੇ ਢੰਗ ਨਾਲ ਫਿਰ ਚੱਲਣ ਲੱਗੀ, ਪਰ ਆਫੀਆ ਨੇ ਅਮਜਦ ਤੋਂ ਇਹ ਵਾਇਦਾ ਲਿਆ ਕਿ ਉਹ ਛੇਤੀ ਹੀ ਫਿਰ ਤੋਂ ਦਾੜ੍ਹੀ ਵਧਾ ਲਵੇਗਾ। ਕੁਝ ਹੀ ਹਫਤੇ ਲੰਘੇ ਸਨ ਕਿ ਇੱਕ ਦਿਨ ਉਹ ਨਵੀਂ ਸਕੀਮ ਲੈ ਕੇ ਘਰ ਆਈ।
“ਅਮਜਦ, ਮੈਂ ਤੇ ਸੁਲੇਮਾਨ ਅਹਿਮਰ ਨੇ ਕੰਮ ਸੋਚਿਆ ਐ।”
“ਇਹ ਸੁਲੇਮਾਨ ਕੌਣ ਐਂ?”
“ਇਹ ਬੈਨੇਵੋਲੈਂਸ ਇੰਟਰਨੈਸ਼ਨਲ ਜਥੇਬੰਦੀ ਦਾ ਡਾਇਰੈਕਟਰ ਐ। ਤੈਨੂੰ ਪਤਾ ਐ ਕਿ ਮੈਂ ਚੈਰਿਟੀ ਦੇ ਕੰਮ ਦੇ ਸਿਲਸਿਲੇ ਵਿਚ ਅਜਿਹੇ ਲੋਕਾਂ ਨੂੰ ਮਿਲਦੀ ਰਹਿੰਦੀ ਆਂ।”
“ਕੀ ਐ ਤੁਹਾਡਾ ਇਹ ਨਵਾਂ ਖਿਆਲ?” ਅਮਜਦ ਨੇ ਸੋਚਿਆ ਕਿ ਆਫੀਆ ਉਸ ਨੂੰ ਫਿਰ ਤੋਂ ਦਾੜ੍ਹੀ ਵਧਾਉਣ ਜਾਂ ਕੋਈ ਅਜਿਹਾ ਹੀ ਕੰਮ ਕਹੂਗੀ।
“ਕਿਉਂ ਨਾ ਆਪਾਂ ਦੋਨੋਂ ਬੋਸਨੀਆ ਚੱਲੀਏ?”
“ਬੋਸਨੀਆ? ਉਹ ਕਿਉਂ?”
“ਮੈਂ ਉਥੇ ਜਾ ਕੇ ਅਨਾਥਾਂ ਲਈ ਸਕੂਲ ਖੋਲ੍ਹ ਲਊਂਗੀ ਤੇ ਤੂੰ ਕੋਈ ਹਸਪਤਾਲ ਚਲਾ ਲਈਂ। ਕੁਝ ਦੇਰ ਪਿੱਛੋਂ ਆਪਾਂ ਸੱਚਮੁੱਚ ਦੇ ਜਹਾਦ ਵਿਚ ਸ਼ਾਮਲ ਹੋਜਾਂਗੇ।”
ਉਸ ਦੀ ਗੱਲ ਸੁਣ ਕੇ ਅਮਜਦ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਉਸ ਨੂੰ ਕੋਈ ਗੱਲ ਹੀ ਨਾ ਅਹੁੜੀ। ਉਸ ਦੇ ਤਾਂ ਇਹ ਸੁਣ ਕੇ ਹੀ ਹੋਸ਼ ਗੁੰਮ ਹੋ ਗਏ ਕਿ ਉਸ ਦੀ ਘਰਵਾਲੀ ਜਹਾਦ ਵੱਲ ਇੰਨੀ ਉਲਾਰ ਹੈ। ਉਹ ਕੁਝ ਦੇਰ ਚੁੱਪ ਰਿਹਾ, ਫਿਰ ਬੋਲਿਆ, “ਆਫੀਆ, ਮੈਂ ਇੱਥੇ ਪੜ੍ਹਨ ਆਇਆਂ, ਲੜਨ ਨਹੀਂ। ਮੇਰਾ ਜ਼ਿੰਦਗੀ ਦਾ ਨਿਸ਼ਾਨਾ ਚੰਗੀ ਪੜ੍ਹਾਈ ਕਰ ਕੇ ਮੈਡੀਕਲ ਦੇ ਖੇਤਰ ਵਿਚ ਪ੍ਰੈਕਟਿਸ ਕਰਨ ਦਾ ਐ। ਮੈਂ ਅਜਿਹੇ ਕੰਮਾਂ ‘ਚ ਹਿੱਸਾ ਲੈਣ ਵਾਲਾ ਇਨਸਾਨ ਨ੍ਹੀਂ ਆਂ।”
“ਪਰ ਵਿਆਹ ਤੋਂ ਪਹਿਲਾਂ ਤੂੰ ਜਹਾਦ ‘ਚ ਸ਼ਾਮਲ ਹੋਣ ਲਈ ਹਾਮੀ ਕਿਉਂ ਭਰੀ ਸੀ ਫਿਰ?”
ਉਸ ਦੀ ਗੱਲ ਸੁਣ ਕੇ ਅਮਜਦ ਨੂੰ ਧੱਕਾ ਲੱਗਿਆ। ਉਸ ਨੂੰ ਉਹ ਵੇਲਾ ਯਾਦ ਆਇਆ ਜਦੋਂ ਮੁਫਤੀ ਸਾਹਿਬ ਨੇ ਉਸ ਨੂੰ ਪੁੱਛਿਆ ਸੀ ਕਿ ਲੋੜ ਪੈਣ ‘ਤੇ, ਕੀ ਉਹ ਜਹਾਦ ਵਿਚ ਹਿੱਸਾ ਲਵੇਗਾ ਤੇ ਉਸ ਨੇ ਇਸ ਨੂੰ ਵਿਆਹ ਤੋਂ ਪਹਿਲਾਂ ਦੀ ਮਜ਼੍ਹਬੀ ਰਸਮ ਸਮਝਦਿਆਂ ‘ਹਾਂ’ ਕਹਿ ਦਿੱਤੀ ਸੀ। ਅੱਜ ਉਸ ਨੂੰ ਲੱਗਿਆ ਕਿ ਮੁਫਤੀ ਸਾਹਿਬ ਨੇ ਇਹ ਗੱਲ ਆਫੀਆ ਦੇ ਕਹਿਣ ‘ਤੇ ਹੀ ਉਸ ਨੂੰ ਪੁੱਛੀ ਹੋਵੇਗੀ।
“ਤੂੰ ਬੋਲਦਾ ਕਿਉਂ ਨ੍ਹੀਂ? ਕੀ ਸੱਪ ਸੁੰਘ ਗਿਆ ਤੈਨੂੰ?” ਆਫੀਆ ਗਰਮ ਹੋਣ ਲੱਗੀ ਤਾਂ ਅਮਜਦ ਚੁੱਪ ਕਰ ਕੇ ਘਰੋਂ ਬਾਹਰ ਨਿਕਲ ਗਿਆ। ਅਗਲੇ ਦੋ ਦਿਨ ਉਨ੍ਹਾਂ ਵਿਚਕਾਰ ਤਣਾਅ ਰਿਹਾ, ਪਰ ਤੀਜੇ ਦਿਨ ਆਫੀਆ ਨੂੰ ਪਤਾ ਲੱਗਿਆ ਕਿ ਉਹ ਗਰਭਵਤੀ ਹੈ। ਇਸ ਗੱਲ ਨੇ ਉਨ੍ਹਾਂ ਵਿਚਲੀਆਂ ਸਭ ਕੁੜੱਤਣਾ ਦੂਰ ਕਰ ਦਿੱਤੀਆਂ। ਆਫੀਆ ਬੋਸਨੀਆ ਜਾਣ ਵਾਲੀ ਗੱਲ ਭੁੱਲ-ਭੁਲਾ ਗਈ। ਅਮਜਦ ਨੇ ਆਫੀਆ ਦੇ ਗਰਭ ਬਾਰੇ ਆਪਣੇ ਅਤੇ ਉਸ ਦੇ ਮਾਪਿਆਂ ਦੇ ਘਰ ਦੱਸਿਆ ਤਾਂ ਸਾਰੇ ਖੁਸ਼ੀ ਫੈਲ ਗਈ। ਇਸੇ ਦੌਰਾਨ ਆਫੀਆ ਦੀ ਮਾਂ ਨੇ ਅਮਜਦ ਨਾਲ ਆਫੀਆ ਦੇ ਭਵਿੱਖ ਨੂੰ ਲੈ ਕੇ ਗੱਲ ਸ਼ੁਰੂ ਕੀਤੀ, “ਅਮਜਦ, ਆਫੀਆ ਕਹਿ ਰਹੀ ਐ ਕਿ ਹੁਣ ਉਸ ਨੇ ਅੱਗੇ ਪੜ੍ਹਨਾ ਐ?”
“ਹੈਂ, ਇਸ ਹਾਲਤ ਵਿਚ? ਅੰਮੀ ਹੁਣ ਤਾਂ ਉਸ ਨੂੰ ਆਰਾਮ ਕਰਨਾ ਚਾਹੀਦਾ ਐ।”
“ਅਮਜਦ ਤੂੰ ਨ੍ਹੀਂ ਜਾਣਦਾ ਇਸ ਕੁੜੀ ‘ਚ ਕਿੰਨੀ ਅਨਰਜੀ ਭਰੀ ਹੋਈ ਐ। ਤੂੰ ਇਸ ਦੀ ਜ਼ਿਦ ਵੀ ਜਾਣਦਾ ਐਂ। ਜੇ ਇਸ ਨੇ ਤੈਅ ਕਰ ਲਿਆ ਕਿ ਇਸ ਨੇ ਹੁਣੇ ਪੜ੍ਹਾਈ ਸ਼ੁਰੂ ਕਰਨੀ ਐਂ ਤਾਂ ਇਹ ਸ਼ੁਰੂ ਕਰ ਕੇ ਹੀ ਰਹੇਗੀ।”
“ਮੈਂ ਤਾਂ ਕਹਿੰਦਾ ਸੀ ਕਿ ਬੱਚੇ ਦੇ ਜਨਮ ਤੱਕ ਇਸ ਨੂੰ ਆਰਾਮ ਕਰਨਾ ਚਾਹੀਦਾ ਐ।”
“ਨ੍ਹੀਂ ਅਮਜਦ, ਇਹ ਜੋ ਕਰਨਾ ਚਾਹੁੰਦੀ ਐ ਕਰਨ ਦੇ। ਤੂੰ ਵੇਖੀਂ ਇਸ ਨੇ ਇਨ੍ਹਾਂ ਹਾਲਾਤ ਵਿਚ ਵੀ ਕਲਾਸ ‘ਚੋਂ ਟਾਪ ਕਰ ਜਾਣਾ ਐਂ; ਪਰ ਤੂੰ ਇੱਕ ਗੱਲ ਜ਼ਰੂਰ ਕਰ।”
“ਹਾਂ ਦੱਸੋ?”
“ਮੈਂ ਚਾਹੁੰਨੀ ਆਂ ਕਿ ਇਹ ਡਾਕਟਰ ਬਣੇ, ਕਮ ਸੇ ਕਮ ਇਸ ਦੇ ਨਾਂ ਨਾਲ ਡਾਕਟਰ ਜ਼ਰੂਰ ਲੱਗੇ।”
“ਪਰ ਇਸ ਦਾ ਮੁਢਲਾ ਖੇਤਰ ਤਾਂ ਹੋਰ ਐ। ਫਿਰ ਇਸ ਸਟੇਜ ‘ਤੇ ਆ ਕੇæææ।”
“ਤੂੰ ਇਸ ਨੂੰ ਕਹਿ ਕਿ ਇਹ ਨਿਊਰੋਸਾਇੰਸ ਦੇ ਖੇਤਰ ‘ਚ ਅੱਗੇ ਦੀ ਪੜ੍ਹਾਈ ਕਰੇ।”
“ਅੰਮੀ, ਉਸ ਖੇਤਰ ‘ਚ ਤਾਂ ਦਿਮਾਗੀ ਮਿਹਨਤ ਬਹੁਤ ਕਰਨੀ ਪਵੇਗੀ।”
“ਜਦੋਂ ਇਸ ਦੇ ਸਾਹਮਣੇ ਚੈਲਿੰਜ ਹੋਵੇ, ਉਦੋਂ ਹੀ ਇਸ ਦੀ ਸਾਰੀ ਤਾਕਤ ਵਰਤੋਂ ‘ਚ ਆਉਂਦੀ ਐ। ਬੱਸ ਤੂੰ ਇਸ ਨੂੰ ਮੇਰੀ ਕਹੀ ਗੱਲ ਮੰਨਵਾ।”
ਇਸ ਪਿੱਛੋਂ ਅਮਜਦ ਨੇ ਆਫੀਆ ਨਾਲ ਗੱਲ ਤੋਰੀ। ਉਸ ਨੇ ਪਹਿਲੀ ਗੱਲ ਤਾਂ ਇਹੀ ਕਹੀ ਕਿ ਉਸ ਨੂੰ ਅੱਗੇ ਪੜ੍ਹਨ ਤੋਂ ਨਾ ਰੋਕਿਆ ਜਾਵੇ। ਨਾਲ ਹੀ ਇਹ ਵੀ ਦੱਸ ਦਿੱਤਾ ਕਿ ਉਸ ਨੂੰ ਅੰਮੀ ਦੀ ਚਾਹਤ ਦਾ ਪਤਾ ਹੈ। ਇਸੇ ਲਈ ਉਸ ਨੇ ਨਿਊਰੋਸਾਇੰਸ ਦੇ ਕਾਗਨੇਟਿਵ ਖੇਤਰ ‘ਚ ਪੀਐਚæਡੀæ ਕਰਨ ਦਾ ਮਨ ਬਣਾ ਲਿਆ ਹੈ। ਅਮਜਦ ਹੈਰਾਨ ਰਹਿ ਗਿਆ ਜਦੋਂ ਉਸ ਨੂੰ ਪਤਾ ਲੱਗਿਆ ਕਿ ਆਫੀਆ ਨੇ ਆਪਣੇ ਤੌਰ ‘ਤੇ ਇਸ ਲਈ ਦਾਖਲਾ ਵੀ ਲੈ ਲਿਆ ਹੈ ਤੇ ਪੜ੍ਹਾਈ ਸ਼ੁਰੂ ਹੋਣ ਵਾਲੀ ਹੈ। ਉਸ ਨੂੰ ਆਪਣੀ ਪਤਨੀ ਦੀ ਕੁਸ਼ਲਤਾ ‘ਤੇ ਮਾਣ ਮਹਿਸੂਸ ਹੋਇਆ।
“ਆਫੀਆ ਤੂੰ ਇਸ ਦੇ ਲਈ ਕਿਹੜਾ ਕਾਲਜ ਚੁਣਿਆਂ ਐ?”
“ਮੈਂ ਬਰੈਂਡੀਜ਼ ਯੂਨੀਵਰਸਿਟੀ ਚੁਣੀ ਐਂ। ਉਨ੍ਹਾਂ ਮੇਰਾ ਪੜ੍ਹਾਈ ਦਾ ਰਿਕਾਰਡ ਵੇਖਦਿਆਂ ਹੀ ਮੈਨੂੰ ਦਾਖਲਾ ਦਿੱਤਾ ਐ। ਤੈਨੂੰ ਪਤਾ ਈ ਐ ਕਿ ਮਾੜੇ ਮੋਟੇ ਨੂੰ ਤਾਂ ਉਹ ਨੇੜੇ ਦੀ ਵੀ ਨ੍ਹੀਂ ਲੰਘਣ ਦਿੰਦੇ।”
“ਪਰ ਆਫੀਆ ਤੂੰ ਉਥੇ ਕਿਵੇਂ ਅਡਜਸਟ ਕਰੇਂਗੀ? ਤੈਨੂੰ ਪਤਾ ਈ ਐ ਕਿ ਉਹ ਯੂਨੀਵਰਸਿਟੀ ਤਾਂ ਯਹੂਦੀਆਂ ਦੀ ਐ।”
“ਹਾਂ, ਮੈਨੂੰ ਪਤਾ ਐ; ਪਰ ਮੈਨੂੰ ਵੀ ਉਥੇ ਈ ਕੰਮ ਕਰਨ ‘ਚ ਮਜ਼ਾ ਆਉਂਦਾ ਐ ਜਿੱਥੇ ਕੁਝ ਵੱਖਰਾ ਕਰਨ ਨੂੰ ਹੋਵੇ। ਤੂੰ ਵੇਖੀਂ ਸਹੀ, ਮੈਂ ਉਨ੍ਹਾਂ ਦੀ ਯੂਨੀਵਰਸਿਟੀ ਦੀ ਅਹੀ ਤਹੀ ਕਿਵੇਂ ਫੇਰਦੀ ਆਂ।”
“ਤੇਰੀ ਮਰਜ਼ੀ ਐ। ਵੈਸੇ ਮੈਨੂੰ ਪਤਾ ਐ ਕਿ ਤੇਰੇ ਲਈ ਦੁਨੀਆਂ ‘ਚ ਕੁਝ ਵੀ ਔਖਾ ਨ੍ਹੀਂ ਐ।”
ਬਹਿਸ ਖਤਮ ਹੋ ਗਈ ਤੇ ਆਫੀਆ ਨੇ ਯੂਨੀਵਰਸਿਟੀ ਜਾਣਾ ਸ਼ੁਰੂ ਕਰ ਦਿੱਤਾ। ਬਰੈਂਡੀਜ਼ ਭਾਵੇਂ ਆਪਣੇ ਤੌਰ ‘ਤੇ ਧਰਮ ਨਿਰਪੇਖ ਰਹਿਣ ਦੀ ਕੋਸ਼ਿਸ਼ ਕਰਦੀ ਸੀ, ਪਰ ਉਸ ਦੇ ਸਾਰੇ ਤਾਣੇ-ਬਾਣੇ ‘ਤੇ ਯਹੂਦੀਆਂ ਦਾ ਸੱਭਿਆਚਾਰ ਭਾਰੂ ਸੀ। ਆਫੀਆ ਵਰਗੀ ਕੱਟੜ ਮੁਸਲਮਾਨ ਲਈ ਤਾਂ ਇੱਥੇ ਅਡਜਸਟ ਕਰਨਾ ਔਖਾ ਹੀ ਸੀ। ਉਂਜ, ਆਫੀਆ ਅੰਦਰੋਂ ਖੁਸ਼ ਸੀ ਕਿਉਂਕਿ ਅਜਿਹੇ ਵਿਰੋਧਾਭਾਸ ਵਿਚੋਂ ਹੀ ਉਸ ਨੂੰ ਮਜ਼ਾ ਆਉਂਦਾ ਸੀ। ਖੈਰ, ਜਦੋਂ ਉਸ ਨੇ ਯੂਨੀਵਰਸਿਟੀ ਜਾਣਾ ਸ਼ੁਰੂ ਕੀਤਾ ਤਾਂ ਉਸ ਵੇਲੇ ਉਹ ਸੱਤ ਮਹੀਨਿਆਂ ਦੀ ਗਰਭਵਤੀ ਸੀ। ਪੜ੍ਹਾਈ ਸ਼ੁਰੂ ਹੁੰਦਿਆਂ ਹੀ ਆਫੀਆ ਨੇ ਯਹੂਦੀ ਸੱਭਿਆਚਾਰ ਬਾਰੇ ਪੜ੍ਹਨਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਉਸ ਨੇ ਇਜ਼ਰਾਇਲ ਦੀ ਇੰਟੈਲੀਜੈਂਸ ਏਜੰਸੀ ਮੁਸਾਦ ਬਾਰੇ ਵੀ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਸ਼ਾਇਦ ਉਹ ਆਪਣੇ ਹੋਣ ਵਾਲੇ ਦੁਸ਼ਮਣ ਬਾਰੇ ਪੂਰੀ ਜਾਣਕਾਰੀ ਲੈ ਲੈਣੀ ਚਾਹੁੰਦੀ ਸੀ। ਉਹ ਇਸਲਾਮੀ ਲਿਬਾਸ ‘ਚ ਲਿਪਟੀ ਹੋਈ ਪਹਿਲੇ ਦਿਨ ਕਾਲਜ ਪਹੁੰਚੀ। ਉਸ ਦਾ ਇਸ ਤਰ੍ਹਾਂ ਦਾ ਪਹਿਰਾਵਾ ਜਾਂ ਉਸ ਦਾ ਮੁਸਲਮਾਨ ਹੋਣਾ ਉਸ ਲਈ ਕੋਈ ਮੁਸ਼ਕਿਲ ਪੈਦਾ ਨਹੀਂ ਸੀ ਕਰਦਾ, ਸਗੋਂ ਇੱਕ ਗੱਲ ਹੋਰ ਸੀ।
ਆਫੀਆ ਦੀ ਸੋਚਣੀ ਸੀ ਕਿ ਇਹ ਯੂਨੀਵਰਸਿਟੀ ਆਪਣੇ ਆਪ ਨੂੰ ਧਰਮ ਨਿਰਪੇਖ ਕਹਿੰਦੀ ਹੈ ਜਦੋਂ ਕਿ ਅੰਦਰੋਂ ਇਹ ਬਿਲਕੁਲ ਯਹੂਦੀ ਰੰਗ ਵਿਚ ਰੰਗੀ ਹੋਈ ਹੈ। ਬੱਸ, ਇਸੇ ਗੱਲ ਨੂੰ ਆਧਾਰ ਬਣਾ ਕੇ ਉਹ ਯੂਨੀਵਰਸਿਟੀ ਨਾਲ ਆਢਾ ਲਾਉਣ ਲਈ ਤਿਆਰ ਹੋ ਰਹੀ ਸੀ। ਇਸ ਦਾ ਪਹਿਲਾ ਰੰਗ ਉਸ ਨੇ ਆਪਣੀ ਪਹਿਲੀ ਤਕਰੀਰ ਵਿਚ ਹੀ ਵਿਖਾ ਦਿੱਤਾ। ਹੋਰਨਾਂ ਦੀ ਤਰ੍ਹਾਂ ਉਸ ਨੂੰ ਵੀ ਕਿਸੇ ਖਾਸ ਖੇਤਰ ਵਿਚ ਰਿਸਰਚ ਕਰ ਕੇ ਪਰਚਾ ਲਿਖਣ ਅਤੇ ਪੜ੍ਹਨ ਲਈ ਕਿਹਾ ਗਿਆ। ਉਸ ਦੇ ਪਰਚੇ ਦਾ ਵਿਸ਼ਾ ਸੀ, ‘ਪਰੈਗਨੈਂਟ ਵੋਮੈਨ ਐਂਡ ਅਲਕੋਹਲ।’ ਉਸ ਨੇ ਆਪਣੇ ਪਰਚੇ ‘ਚ ਕਿਹਾ ਕਿ ਗਰਭਵਤੀ ਔਰਤ ਦੇ ਸ਼ਰਾਬ ਪੀਣ ਨਾਲ ਹੋਣ ਵਾਲੇ ਬੱਚੇ ਦੇ ਦਿਮਾਗ ‘ਤੇ ਅਸਰ ਪੈਂਦਾ ਹੈ। ਇੱਥੋਂ ਤੱਕ ਤਾਂ ਠੀਕ ਸੀ, ਪਰ ਉਸ ਨੇ ਅੱਗੇ ਕਿਹਾ ਕਿ ਇਸੇ ਕਰ ਕੇ ਤਾਂ ਅੱਲਾ ਨੇ ਕੁਰਾਨ ਵਿਚ ਸ਼ਰਾਬ ਪੀਣ ਦੀ ਮਨਾਹੀ ਕੀਤੀ ਹੋਈ ਹੈ। ਉਸ ਦੇ ਪ੍ਰੋਫੈਸਰ ਇਸ ਗੱਲ ਤੋਂ ਨਾਰਾਜ਼ ਹੋ ਗਏ। ਉਹ ਉਸ ਨੂੰ ਸਮਝਾਉਂਦੇ ਹੋਏ ਬੋਲੇ, “ਵੇਖ ਆਫੀਆ, ਆਪਾਂ ਸਾਇੰਟਿਸਟ ਆਂ। ਆਪਾਂ ਉਹੀ ਗੱਲ ਕਹਿ ਸਕਦੇ ਆਂ ਜੋ ਸਿੱਧ ਕਰ ਸਕਦੇ ਹੋਈਏ। ਡਾਕਟਰਾਂ ਨੇ ਸ਼ਰਾਬ ਪੀਣ ਵਾਲੀਆਂ ਤੇ ਨਾ ਪੀਣ ਵਾਲੀਆਂ, ਗਰਭਵਤੀ ਔਰਤਾਂ ‘ਤੇ ਸਟੱਡੀ ਕੀਤੀ ਹੈ। ਇੱਥੋਂ ਹੀ ਇਹ ਗੱਲ ਸਾਬਤ ਹੋ ਕੇ ਸਾਹਮਣੇ ਆਈ ਕਿ ਸ਼ਰਾਬ ਪੀਣ ਵਾਲੀਆਂ ਦੇ ਬੱਚੇ ਦਿਮਾਗੀ ਤੌਰ ‘ਤੇ ਸਹੀ ਡਿਵੈਲਪ ਨ੍ਹੀਂ ਹੁੰਦੇ। ਆਪਾਂ ਇਸੇ ਸਟੱਡੀ ਦੇ ਆਧਾਰ ‘ਤੇ ਇਹ ਗੱਲ ਕਹਿ ਸਕਦੇ ਆਂ ਕਿ ਪਰੈਗਨੈਂਸੀ ਦੌਰਾਨ ਸ਼ਰਾਬ, ਬੱਚੇ ‘ਤੇ ਮਾੜਾ ਅਸਰ ਪਾਉਂਦੀ ਐ।”
“ਨ੍ਹੀਂ ਇਹ ਇਸ ਤਰ੍ਹਾਂ ਨ੍ਹੀਂ ਐæææ।” ਉਹ ਉਨ੍ਹਾਂ ਦੀਆਂ ਗੱਲਾਂ ਦਾ ਉਤਰ ਦਿੰਦੀ ਪਲ ਭਰ ਰੁਕੀ ਤੇ ਫਿਰ ਬੋਲਣ ਲੱਗੀ, “ਜੋ ਕੁਛ ਵੀ ਹੈ, ਉਹ ਸਭ ਕੁਰਾਨ ਅੰਦਰ ਦਰਜ ਐ। ਸਾਨੂੰ ਸਾਇੰਟਿਸਟਾਂ ਨੂੰ ਚਾਹੀਦਾ ਐ ਕਿ ਕੁਰਾਨ ਦੀ ਪੜ੍ਹਾਈ ਕਰ ਕੇ ਉਸੇ ਹਿਸਾਬ ਆਪਣੇ ਅੱਗੇ ਦੇ ਕੰਮਾਂ ਨੂੰ ਸੇਧ ਦੇਈਏ।”
ਉਸ ਦੀ ਗੱਲ ਸੁਣ ਕੇ ਪ੍ਰੋਫੈਸਰ ਹੋਰ ਵੀ ਪ੍ਰੇਸ਼ਾਨ ਹੋ ਗਏ। ਉਨ੍ਹਾਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਟੱਸ ਤੋਂ ਮੱਸ ਨਾ ਹੋਈ। ਅਗਾਂਹ ਵੀ ਉਹ ਆਪਣੇ ਪਰਚਿਆਂ ‘ਚ ਕੁਰਾਨ ‘ਚੋਂ ਲਏ ਕੁਟੇਸ਼ਨ ਵਰਤਦੀ ਰਹੀ। ਇਸ ਨਾਲ ਉਸ ਦਾ ਡਿਪਾਰਟਮੈਂਟ ਉਸ ਨਾਲ ਹੋਰ ਨਾਰਾਜ਼ ਹੁੰਦਾ ਗਿਆ। ਇਸ ਤੋਂ ਵੀ ਅੱਗੇ ਲੰਘਦਿਆਂ ਆਫੀਆ ਨੇ ਇਸ ਯੂਨੀਵਰਸਿਟੀ ਬਾਰੇ ਲਿਖਣਾ ਸ਼ੁਰੂ ਕਰ ਦਿੱਤਾ ਕਿ ਮਜ਼ਹਬ ਦੇ ਮਾਮਲੇ ਬਾਰੇ ਆਪਣੇ ਆਪ ਨੂੰ ਨਿਰਲੇਪ ਦੱਸਣ ਵਾਲੀ ਇਹ ਯੂਨੀਵਰਸਿਟੀ ਅਤਿ ਦਰਜੇ ਦੀ ਕੱਟੜ ਹੈ। ਆਖਰ ਉਸ ਨੂੰ ਨੋਟਿਸ ਮਿਲ ਗਿਆ ਕਿ ਜਾਂ ਤਾਂ ਉਹ ਆਪਣੀ ਹੱਦ ਅੰਦਰ ਰਹੇ, ਨਹੀਂ ਤਾਂ ਉਸ ਦੇ ਖਿਲਾਫ ਐਕਸ਼ਨ ਲਿਆ ਜਾਵੇਗਾ। ਉਹ ਡਰੀ ਨਹੀਂ, ਸਗੋਂ ਸਿੱਧੀ ਡੀਨ ਦੇ ਦਫਤਰ ਪਹੁੰਚੀ। ਡੀਨ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਅੱਗਿਓਂ ਹੋਰ ਚਿੜ੍ਹਦੀ ਹੋਈ ਬੋਲੀ, “ਜਾਂ ਤਾਂ ਮੈਨੂੰ ਚੁੱਪ ਕਰ ਕੇ ਮੇਰੀ ਡਾਕਟਰੇਟ ਕਰਨ ਦਿਉ, ਨਹੀਂ ਤਾਂ ਫਿਰ ਮੈਂ ਤੁਹਾਡੇ ਖਿਲਾਫ ਅਜਿਹਾ ਮੋਰਚਾ ਖੋਲਾਂਗੀ ਕਿ ਤੁਹਾਡੀ ਰੈਪੂਟੇਸ਼ਨ ਦੀ ਐਸੀ ਤੈਸੀ ਫੇਰ ਦਿਆਂਗੀ।”
ਉਸ ਦੀ ਗੱਲ ਸੁਣ ਕੇ ਡੀਨ ਨੇ ਪਲ ਭਰ ਸੋਚਿਆ ਤੇ ਫਿਰ ਬੋਲਿਆ, “ਮਿਸ ਆਫੀਆ, ਜੇ ਤੂੰ ਵਾਅਦਾ ਕਰੇਂ ਕਿ ਚੁੱਪ-ਚਾਪ ਆਪਣੀ ਪੜ੍ਹਾਈ ਤੱਕ ਹੀ ਸੀਮਤ ਰਹੇਂਗੀ ਤਾਂ ਮੈਂ ਤੇਰੇ ਡਿਪਾਰਟਮੈਂਟ ਨੂੰ ਹਦਾਇਤ ਕਰ ਦਿੰਦਾ ਆਂ ਕਿ ਤੈਨੂੰ ਨਾਜਾਇਜ਼ ਤੰਗ ਨਾ ਕੀਤਾ ਜਾਵੇ।”
ਆਪਸੀ ਸਹਿਮਤੀ ਤੋਂ ਬਾਅਦ ਗੱਲ ਠੰਢੀ ਤਾਂ ਪੈ ਗਈ, ਪਰ ਡੀਨ ਨੇ ਉਸ ਦੇ ਡਿਪਾਰਟਮੈਂਟ ਨੂੰ ਅੰਦਰ ਖਾਤੇ ਕਹਿ ਦਿੱਤਾ ਕਿ ਜਿਵੇਂ ਕਿਵੇਂ ਕਰ ਕੇ ਵਕਤ ਕਟੀ ਕਰੋ ਤੇ ਇਸ ਆਫਤ ਤੋਂ ਖਹਿੜਾ ਛੁਡਾਉ। ਉਦੋਂ ਨੂੰ ਆਫੀਆ ਦੀ ਮਾਂ ਇਸਮਤ ਪਾਕਿਸਤਾਨ ਤੋਂ ਉਨ੍ਹਾਂ ਕੋਲ ਆ ਗਈ। ਉਹ ਆਫੀਆ ਦੇ ਹੋਣ ਵਾਲੇ ਬੱਚੇ ਕਰ ਕੇ ਉਸ ਦੀ ਮਦਦ ਲਈ ਆਈ ਸੀ। ਇਸ ਕਰ ਕੇ ਆਫੀਆ ਦਾ ਵੀ ਧਿਆਨ ਵੰਡਿਆ ਗਿਆ। ਇਸਮਤ ਨੂੰ ਬੱਚੇ ਦੀ ਸੰਭਾਲ ਕਰਨ ਲਈ ਸਪੈਸ਼ਲ ਵੀਜ਼ਾ ਮਿਲਿਆ ਸੀ ਜਿਸ ਕਰ ਕੇ ਅੱਗੇ ਜਾ ਕੇ ਉਸ ਨੂੰ ਗਰੀਨ ਕਾਰਡ ਵੀ ਮਿਲ ਗਿਆ। ਆਫੀਆ ਨੇ ਮਿੱਥੇ ਵਕਤ ਤੋਂ ਪਹਿਲਾਂ ਹੀ ਆਪਣੀ ਪੜ੍ਹਾਈ ਚੰਗੇ ਨੰਬਰਾਂ ‘ਚ ਪਾਸ ਕਰ ਲਈ। ਉਸ ਦਾ ਸਿਰਫ ਲੈਬਾਰਟਰੀ ਕੰਮ ਮੁਕਾਉਣਾ ਰਹਿ ਗਿਆ ਸੀ। ਇਸ ਦੇ ਲਈ ਉਹ ਰਾਤਾਂ ਦੀਆਂ ਸ਼ਿਫਟਾਂ ‘ਚ ਆਉਂਦੀ ਜਾਂ ਫਿਰ ਐਤਵਾਰ ਦੇ ਦਿਨ ਆ ਜਾਂਦੀ। ਇੱਥੇ ਜੋ ਉਸ ਦਾ ਇੰਚਾਰਜ ਸੀ, ਉਹ ਪੁਰਾਣੇ ਖਿਆਲਾਂ ਦਾ ਵਡੇਰੀ ਉਮਰ ਦਾ ਯਹੂਦੀ ਸੀ। ਉਸ ਨੂੰ ਆਫੀਆ ਨੇ ਕਿਹਾ ਕਿ ਬੱਚੇ ਕਰ ਕੇ ਉਸ ਲਈ ਦਿਨ ਦੇ ਟਾਈਮ ਆਉਣਾ ਔਖਾ ਹੈ। ਉਸੇ ਨੇ ਆਫੀਆ ਨੂੰ ਆਪਣਾ ਲੈਬ ਵਰਕ ਰਾਤ ਦੀ ਸ਼ਿਫਟ ‘ਚ ਜਾਂ ਵੀਕ ਐਂਡ ‘ਤੇ ਕਰਨ ਦੀ ਇਜਾਜ਼ਤ ਦੇ ਦਿੱਤੀ। ਆਫੀਆ ਨੇ ਉਸ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ, “ਸਰ, ਤੁਹਾਡੀ ਬੜੀ ਮਿਹਰਬਾਨੀ ਜੋ ਤੁਸੀਂ ਮੇਰੀ ਸਕੈਜੂਅਲ ਬਦਲਣ ਵਿਚ ਮਦਦ ਕੀਤੀ ਐ।”
“ਕੋਈ ਗੱਲ ਨ੍ਹੀਂ ਆਫੀਆ, ਤੂੰ ਮੇਰੀ ਧੀ ਵਰਗੀ ਐਂ। ਤੇਰੀ ਮੱਦਦ ਕਰਨਾ ਮੇਰਾ ਫਰਜ਼ ਐ।”
“ਸਰ ਤੁਸੀਂ, ਤੁਹਾਡੀ ਸੋਚ ਕਰ ਕੇ ਕਿਸੇ ਬਹੁਤ ਹੀ ਮਜ਼ਹਬੀ ਮੁਸਲਮਾਨ ਵਰਗੇ ਲੱਗਦੇ ਓ।”
“ਅੱਛਾ, ਇਸਲਾਮ ਵਿਚ ਵੀ ਇਸ ਤਰ੍ਹਾਂ ਹੀ ਸੋਚਿਆ ਜਾਂਦਾ ਹੈ?”
“ਹਾਂ ਸਰ, ਤੁਸੀਂ ਇਸਲਾਮ ਬਾਰੇ ਕੋਈ ਕਿਤਾਬ ਪੜ੍ਹ ਕੇ ਤਾਂ ਵੇਖੋ।”
“ਚੰਗਾ, ਕਦੇ ਤੈਨੂੰ ਕੋਈ ਚੰਗੀ ਜਿਹੀ ਕਿਤਾਬ ਮਿਲੀ ਤਾਂ ਮੇਰੇ ਲਈ ਲੈਂਦੀ ਆਵੀਂ। ਮੈਂ ਜ਼ਰੂਰ ਪੜ੍ਹਾਂਗਾ।”
ਇਸ ਪਿੱਛੋਂ ਆਫੀਆ ਨੇ ਉਸ ਦੇ ਘਰ ਵੱਡੇ ਵੱਡੇ ਮੁਸਲਮਾਨ ਸਕਾਲਰਾਂ ਦੀਆਂ ਕਿਤਾਬਾਂ ਦੇ ਢੇਰ ਲਾ ਦਿੱਤੇ, ਪਰ ਉਸ ਨੂੰ ਪੜ੍ਹਨ ਦੀ ਵਿਹਲ ਕਿੱਥੇ ਸੀ! ਉਧਰ ਆਫੀਆ ਸਮਝਦੀ ਸੀ ਕਿ ਉਹ ਇਹ ਸਾਰੀਆਂ ਕਿਤਾਬਾਂ ਬੜੀ ਰੁਚੀ ਨਾਲ ਪੜ੍ਹ ਰਿਹਾ ਹੈ। ਇੱਕ ਦਿਨ ਉਸ ਨੇ ਪੁੱਛ ਲਿਆ, “ਸਰ, ਤੁਹਾਨੂੰ ਕਿਵੇਂ ਲੱਗੀਆਂ ਇਹ ਕਿਤਾਬਾਂ?”
“ਚੰਗੀਆਂ ਹਨ। ਚੰਗੇ ਵਿਚਾਰ ਹਨ ਇਨ੍ਹਾਂ ਲੇਖਕਾਂ ਦੇ।” ਉਸ ਨੇ ਪੜ੍ਹੀ ਭਾਵੇਂ ਇਕ ਵੀ ਕਿਤਾਬ ਨਹੀਂ ਸੀ ਪਰ ਆਫੀਆ ਦਾ ਦਿਲ ਰੱਖਣ ਲਈ ਇਹ ਗੱਲ ਕਹਿ ਦਿੱਤੀ। ਇਸ ਤੋਂ ਉਤਸ਼ਾਹਤ ਹੋ ਕੇ ਆਫੀਆ ਉਸ ਦੇ ਘਰ ਜਾਣ ਲੱਗ ਪਈ। ਟੀਚਰ ਨੂੰ ਉਸ ਬਾਰੇ ਜ਼ਿਆਦਾ ਪਤਾ ਨਹੀਂ ਸੀ ਪਰ ਉਸ ਦਾ ਭੋਲਾਪਣ ਚੰਗਾ ਲੱਗਦਾ ਸੀ। ਉਹ ਉਸ ਨੂੰ ਆਮ ਹੀ ਕਹਿ ਦਿੰਦਾ ਕਿ ਤੂੰ ਤਾਂ ਮੇਰੀ ਧੀ ਐਂ। ਜਦੋਂ ਲੈਬ ਵਰਕ ਖਤਮ ਹੋ ਗਿਆ ਤਾਂ ਆਫੀਆ ਇੱਕ ਦਿਨ ਉਸ ਦੇ ਘਰ ਗਈ। ਆਮ ਗੱਲਾਂ-ਬਾਤਾਂ ਹੋਈਆਂ। ਫਿਰ ਉਹ ਬੋਲੀ, “ਸਰ, ਤੁਸੀਂ ਮੈਨੂੰ ਆਪਣੀ ਧੀ ਮੰਨਦੇ ਓਂ?”
“ਹਾਂ, ਮੈਂ ਤੈਨੂੰ ਆਪਣੀ ਧੀ ਸਮਝਦਾ ਆਂ।”
“ਸਰ ਫਿਰ ਆਪਣੀ ਧੀ ਦੀ ਇੱਕ ਗੱਲ ਮੰਨ ਲਉ।”
“ਹਾਂ, ਬੋਲ ਬੇਟੇ।”
“ਤੁਸੀਂ ਇਸਲਾਮ ਅਪਨਾ ਲਉ।”
“ਹੈਂ!!” ਇਹ ਗੱਲ ਸੁਣ ਕੇ ਉਸ ਦਾ ਰੰਗ ਉਡ ਗਿਆ। ਉਸ ਨੂੰ ਪਲ ਭਰ ਕੋਈ ਗੱਲ ਈ ਨਾ ਅਹੁੜੀ। ਉਹ ਭੁਚੱਕਾ ਜਿਹਾ ਆਫੀਆ ਵੱਲ ਝਾਕਿਆ। ਉਹ ਮੁਸਕਰਾ ਰਹੀ ਆਫੀਆ ਦੇ ਚਿਹਰੇ ਵੱਲ ਵੇਖ ਰਿਹਾ ਸੀ। ਨਾਲ ਹੀ ਉਹ ਇਸ ਮਾਸੂਮ ਮੁਸਕਰਾਹਟ ਦੇ ਪਿੱਛੇ ਛੁਪੇ ਚਿਹਰੇ ਨੂੰ ਪਛਾਣ ਰਿਹਾ ਸੀ।
“ਮਿਸ ਆਫੀਆ, ਹੁਣ ਤੂੰ ਜਾ ਸਕਦੀ ਐਂ। ਆਪਣਾ ਲੈਬ ਵਰਕ ਮੁੱਕ ਗਿਆ ਐ। ਆਪਣਾ ਟੀਚਰ ਅਤੇ ਵਿਦਿਆਰਥੀ ਦਾ ਨਾਤਾ ਵੀ ਖਤਮ ਹੋ ਚੁੱਕਿਆ ਐ। ਮੈਂ ਚਾਹੂੰਗਾ ਕਿ ਤੂੰ ਮੈਨੂੰ ਅੱਗੇ ਜ਼ਿੰਦਗੀ ‘ਚ ਕਦੇ ਵੀ ਨਾ ਮਿਲੇਂ।” ਇੰਨਾ ਕਹਿੰਦਿਆਂ ਉਹ ਉਠਿਆ। ਆਫੀਆ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲੀ ਤਾਂ ਟੀਚਰ ਨੇ ਭੜਾਕ ਦੇਣੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ।
ਉਧਰ, ਅਫਗਾਨਿਸਤਾਨ ਵਿਚ ਬਹੁਤ ਕੁਝ ਬਦਲ ਰਿਹਾ ਸੀ। ਸੋਵੀਅਤ ਯੂਨੀਅਨ ਦੇ ਉਥੋਂ ਨਿਕਲ ਜਾਣ ਤੋਂ ਬਾਅਦ ਵੱਖੋ-ਵੱਖਰੇ ਗਰੁੱਪਾਂ ਦੇ ਸਿਪਾਹ-ਸਲਾਰ ਰਲ-ਮਿਲ ਕੇ ਸਰਕਾਰ ਚਲਾ ਰਹੇ ਸਨ। ਫਿਰ ਉਥੇ ਨਵੀਂ ਜਥੇਬੰਦੀ ਪੈਦਾ ਹੋ ਗਈ। ਇਸ ਨਵੀਂ ਜਥੇਬੰਦੀ ਨੂੰ ਤਾਲਿਬਾਨ ਯਾਨਿ ਵਿਦਿਆਰਥੀ ਚਲਾ ਰਹੇ ਸਨ। ਅਫਗਾਨਿਸਤਾਨ ਤੋਂ ਆਏ ਰਿਫਊਜੀਆਂ ਦੇ ਬੱਚਿਆਂ ਲਈ ਪਾਕਿਸਤਾਨ ਵਿਚ ਜੋ ਮਦਰੱਸੇ ਖੋਲ੍ਹੇ ਗਏ ਸਨ, ਇਨ੍ਹਾਂ ਅੰਦਰ ਉਨ੍ਹਾਂ ਨੂੰ ਮਜ਼ਹਬੀ ਤਾਲੀਮ ਦੇਣ ਦੇ ਨਾਲ-ਨਾਲ ਲੜਾਈ ਲਈ ਵੀ ਤਿਆਰ ਕੀਤਾ ਗਿਆ ਸੀ। ਅਫਗਾਨਿਸਤਾਨ ਦੇ ਜਿਸ ਮੰਨੇ-ਪ੍ਰਮੰਨੇ ਮਜ਼ਹਬੀ ਰਹਿਨੁਮਾ ਦੀ ਅਗਵਾਈ ਵਿਚ ਇਹ ਕੰਮ ਹੋਇਆ ਸੀ, ਉਸ ਦਾ ਨਾਂ ਸੀ ਮੁੱਲਾ ਉਮਰ। ਮੁੱਲਾ ਉਮਰ ਨੇ ਸੋਵੀਅਤ ਯੂਨੀਅਨ ਨਾਲ ਲੜਾਈ ਵੇਲੇ ਵੱਡਾ ਰੋਲ ਅਦਾ ਕੀਤਾ ਸੀ। ਮੁੱਲਾ ਉਮਰ ਦੇ ਤਾਲਿਬਾਨ ਨੂੰ ਪਾਕਿਸਤਾਨ ਤੋਂ ਬਿਨਾਂ ਸਾਊਦੀ ਅਰਬ ਸਰਕਾਰ ਦੀ ਪੂਰੀ ਹਮਾਇਤ ਹਾਸਲ ਸੀ। ਖੈਰ, ਜਦੋਂ ਉਸ ਨੇ ਆਪਣੇ ਤਾਲਿਬਾਨ ਦੀ ਫੌਜ, ਅਫਗਾਨਿਸਤਾਨ ਅੰਦਰ ਉਤਾਰੀ ਤਾਂ ਉਥੇ ਦੇ ਵਾਰ ਲੌਰਡਾਂ ਨੂੰ ਭਾਜੜਾਂ ਪੈ ਗਈਆਂ। ਤਾਲਿਬਾਨ ਨੌਜਵਾਨ ਅਤੇ ਬੜੇ ਜੋਸ਼ੀਲੇ ਸਨ ਜੋ ਇਨ੍ਹਾਂ ਵਾਰ ਲੌਰਡਾਂ ਦੀਆਂ ਫੌਜਾਂ ਨੂੰ ਹਰ ਫਰੰਟ ‘ਤੇ ਹਾਰ ਦਿੰਦੇ ਚਲੇ ਗਏ। ਆਖਰ 1995 ‘ਚ ਆ ਕੇ ਤਾਲਿਬਾਨ ਨੇ ਵਾਰ ਲੌਰਡਾਂ ਦਾ ਲੱਕ ਤੋੜ ਦਿੱਤਾ ਅਤੇ ਅਫਗਾਨਿਸਤਾਨ ਦੇ ਉਤਰ ਵੱਲ ਦੇ ਥੋੜ੍ਹੇ ਜਿਹੇ ਇਲਾਕੇ ਨੂੰ ਛੱਡ ਕੇ ਸਾਰੇ ਅਫਗਾਨਿਸਤਾਨ ‘ਤੇ ਆਪਣਾ ਕਬਜ਼ਾ ਜਮਾ ਲਿਆ। ਲੋਕਾਂ ਨੂੰ ਲੱਗਿਆ ਕਿ ਹੁਣ ਪੁਰਾਣੇ ਲੀਡਰਾਂ ਦੀਆਂ ਵਹਿਸ਼ੀ ਕਾਰਵਾਈਆਂ ਤੋਂ ਖਹਿੜਾ ਛੁੱਟ ਜਾਵੇਗਾ, ਪਰ ਇਹ ਉਨ੍ਹਾਂ ਦਾ ਭੁਲੇਖਾ ਸਾਬਤ ਹੋਇਆ। ਤਾਲਿਬਾਨ ਨੇ ਆਉਂਦਿਆਂ ਹੀ ਅਜਿਹੇ ਸ਼ਰੀਅਤ ਕਾਨੂੰਨ ਲਾਗੂ ਕੀਤੇ ਕਿ ਲੋਕਾਂ ਦਾ ਸਾਹ ਲੈਣਾ ਵੀ ਔਖਾ ਹੋ ਗਿਆ। ਇਨ੍ਹਾਂ ਨਵੇਂ ਕਾਨੂੰਨਾਂ ਨੇ ਖਾਸ ਕਰ ਔਰਤ ਦਾ ਤਾਂ ਗਲਾ ਹੀ ਦਬਾ ਦਿੱਤਾ। ਹਰ ਖੇਤਰ ਵਿਚ ਉਨ੍ਹਾਂ ਦੀ ਆਜ਼ਾਦੀ ਖਤਮ ਕਰ ਦਿੱਤੀ ਗਈ। ਔਰਤਾਂ ਦੇ ਸਕੂਲ ਕਾਲਜ ਬੰਦ ਕਰ ਦਿੱਤੇ ਗਏ। ਔਰਤਾਂ ਨੂੰ ਨੌਕਰੀ ਕਰਨ ਤੋਂ ਰੋਕ ਦਿੱਤਾ ਗਿਆ। ਇਕੱਲੀ ਔਰਤ ਦੇ ਘਰੋਂ ਨਿਕਲਣ ‘ਤੇ ਪਾਬੰਦੀ ਲਾ ਦਿੱਤੀ ਗਈ। ਬਿਨਾਂ ਕਿਸੇ ਨੇੜਲੇ ਰਿਸ਼ਤੇਦਾਰ ਦੇ ਉਹ ਘਰੋਂ ਬਾਹਰ ਨਹੀਂ ਜਾ ਸਕਦੀ ਸੀ। ਔਰਤਾਂ ਉਤੇ ਬੱਸ ਪਾਬੰਦੀਆਂ ਹੀ ਪਾਬੰਦੀਆਂ ਸਨ। ਹਾਰ-ਸ਼ਿੰਗਾਰ ‘ਤੇ ਪਾਬੰਦੀ, ਚੰਗਾ ਪਹਿਨਣ ‘ਤੇ ਪਾਬੰਦੀ। ਉਚੀ ਅੱਡੀ ਦੇ ਸੈਂਡਲ ਪਾਉਣ ‘ਤੇ ਪਾਬੰਦੀ। ਬਾਹਰ ਕਿਧਰੇ ਵੀ ਉਚੀ ਹੱਸਣ ‘ਤੇ ਪਾਬੰਦੀ। ਗੀਤ-ਸੰਗੀਤ ਦੇ ਸਟੋਰ ਵਗੈਰਾ ਅੱਗ ਲਾ ਕੇ ਸਾੜ ਦਿੱਤੇ ਗਏ। ਖ਼ਬਰਾਂ ਤੋਂ ਬਿਨਾਂ ਰੇਡੀਉ ਤੋਂ ਹੋਰ ਪ੍ਰੋਗਰਾਮ ਰੋਕ ਦਿੱਤੇ ਗਏ ਅਤੇ ਸਿਨੇਮਾ ਘਰ ਬੰਦ ਕਰ ਦਿੱਤੇ ਗਏ। ਗਾਉਣਾ ਨੱਚਣਾ ਬੰਦ। ਸਾਹਿਤ, ਕਵਿਤਾ ਆਦਿ ਦੀਆਂ ਕਿਤਾਬਾਂ ਬੰਦ। ਗੱਲ ਕੀ, ਕੋਈ ਅਜਿਹਾ ਖੇਤਰ ਨਹੀਂ ਸੀ ਜਿੱਥੇ ਮਜ਼ਹਬੀ ਪਾਬੰਦੀ ਨਾ ਲੱਗੀ ਹੋਵੇ।
ਤਾਲਿਬਾਨ ਦੀ ਇਸ ਲੀਡਰਸ਼ਿਪ ਨੂੰ ਪਾਕਿਸਤਾਨ ਦੀ ਪੂਰੀ ਸਰਪ੍ਰਸਤੀ ਹਾਸਲ ਸੀ। ਪਾਕਿਸਤਾਨ ਦਾ ਮਜ਼ਹਬੀ ਗਰੁਪ ਦਿਉਬੰਦੀ ਇਸ ਸਾਰੀ ਲਹਿਰ ਦੇ ਪਿੱਛੇ ਸੀ। ਆਫੀਆ ਦੇ ਪਰਿਵਾਰ ਦਾ ਇਸੇ ਦਿਉਬੰਦੀ ਨਾਲ ਸਬੰਧ ਸੀ। ਸੋ, ਆਫੀਆ ਇਸ ਸਭ ਨੂੰ ਬੜੀ ਰੁਮਾਂਚਤਕਾ ਨਾਲ ਵੇਖ ਰਹੀ ਸੀ। ਜਦੋਂ ਤਾਲਿਬਾਨ ਨੇ ਮਨੁੱਖੀ ਹੱਕਾਂ ਦਾ ਘਾਣ ਕਰਨ ਦੀ ਕੋਈ ਕਸਰ ਨਾ ਛੱਡੀ ਤਾਂ ਯੂæਐਨæਓæ ਨੇ ਅਫਗਾਨਿਸਤਾਨ ਨੂੰ ਸਾਰੀ ਮੱਦਦ ਬੰਦ ਕਰ ਦਿੱਤੀ। ਇਸ ਤੋਂ ਚਿੜ੍ਹ ਕੇ ਕੱਟੜ ਲੀਡਰਾਂ ਨੇ ਅਲ-ਰਸ਼ੀਦ ਨਾਂ ਦੀ ਜਥੇਬੰਦੀ ਸ਼ੁਰੂ ਕਰ ਲਈ ਜਿਸ ਦਾ ਕੰਮ ਤਾਲਿਬਾਨ ਲਈ ਫੰਡਾਂ ਦਾ ਪ੍ਰਬੰਧ ਕਰਨਾ ਸੀ। ਇਸ ਨੇ ਆਪਣੇ ਅਖਬਾਰ ਵੀ ਕੱਢ ਦਿੱਤੇ। ਆਫੀਆ ਇਸ ਸਭ ਦੇ ਹੱਕ ਵਿਚ ਸੀ। ਉਸ ਨੇ ਇਨ੍ਹਾਂ ਅਖਬਾਰਾਂ ਲਈ ਕਈ ਲੇਖ ਵੀ ਲਿਖੇ। ਇਸੇ ਦਰਮਿਆਨ ਅਮਰੀਕਾ ਨੇ ਅਫਗਾਨ ਸਰਕਾਰ ਨੂੰ ਆਗਾਹ ਕੀਤਾ ਕਿ ਉਹ ਸਾਊਦੀ ਅਰਬ ਦੇ ਕਰੋੜਪਤੀ ਇੰਤਹਾਪਸੰਦ ਉਸਾਮਾ ਬਿਨ-ਲਾਦਿਨ ਨੂੰ ਪਨਾਹ ਦੇਣੀ ਬੰਦ ਕਰੇ, ਪਰ ਤਾਲਿਬਾਨ ਸਰਕਾਰ ਨੇ ਇਸ ਗੱਲ ਦੀ ਕੋਈ ਪ੍ਰਵਾਹ ਨਾ ਕੀਤੀ। ਆਫੀਆ ਇਸ ਗੱਲ ਕਰ ਕੇ ਵੀ ਤਾਲਿਬਾਨ ਦੇ ਹੱਕ ਵਿਚ ਨਿੱਤਰੀ। ਉਸ ਦੇ ਲਈ ਉਸਾਮਾ ਬਿਨ-ਲਾਦਿਨ ਹੀਰੋ ਸੀ।
ਉਸਾਮਾ ਬਿਨ-ਲਾਦਿਨ ਪਹਿਲੀ ਵਾਰ ਅਮਰੀਕਾ ਦੀਆਂ ਨਜ਼ਰਾਂ ਵਿਚ 1993 ‘ਚ ਉਦੋਂ ਆਇਆ ਜਦੋਂ ਵਰਲਡ ਟਰੇਡ ਸੈਂਟਰ ਦੇ ਨਾਰਥ ਟਾਵਰ ਅੰਦਰ ਰਮਜ਼ੀ ਯੂਸਫ ਦੁਆਰਾ ਕੀਤੇ ਗਏ ਬੰਬ ਧਮਾਕੇ ਵਾਲਾ ਕੇਸ ਸ਼ੁਰੂ ਹੋਇਆ। ਜਾਂਚ ਵਿਚ ਪਤਾ ਲੱਗਾ ਕਿ ਆਪਣੀ ਰੂਪੋਸ਼ ਜ਼ਿੰਦਗੀ ਦੌਰਾਨ ਰਮਜ਼ੀ ਯੂਸਫ, ਉਸਾਮਾ ਦੇ ਗੈਸਟ ਹਾਊਸ ਵਿਚ ਠਹਿਰਦਾ ਰਿਹਾ ਸੀ। ਉਸਾਮਾ ਸਾਊਦੀ ਅਰਬ ਦਾ ਅਮੀਰ ਬੰਦਾ ਸੀ ਅਤੇ ਅਫਗਾਨਿਸਤਾਨ ਵਿਚ ਸੋਵੀਅਤ ਯੂਨੀਅਨ ਖਿਲਾਫ ਲੜਦਾ ਰਿਹਾ ਸੀ। ਪਿੱਛੋਂ ਉਸ ਨੂੰ ਉਸ ਦੀ ਆਪਣੀ, ਸਾਊਦੀ ਅਰਬ ਦੀ ਸਰਕਾਰ ਨੇ ਬਗਾਵਤੀ ਕਾਰਵਾਈਆਂ ਕਾਰਨ ਮੁਲਕ ‘ਚੋਂ ਕੱਢ ਦਿੱਤਾ ਸੀ। ਉਹ ਕੁਝ ਦੇਰ ਸੁਡਾਨ ਰਿਹਾ ਅਤੇ ਮੁੱਲਾਂ ਉਮਰ ਦੀ ਤਾਲਿਬਾਨ ਸਰਕਾਰ ਬਣਨ ਪਿੱਛੋਂ ਉਸ ਨੇ ਅਫਗਾਨਿਸਤਾਨ ਵਿਚ ਡੇਰੇ ਲਾ ਲਏ।
ਆਫੀਆ ਨੂੰ ਉਸਾਮਾ ਬਿਨ-ਲਾਦਿਨ ਦੀ ਜੀਵਨ ਸ਼ੈਲੀ ਨੇ ਬਹੁਤ ਪ੍ਰਭਾਵਤ ਕੀਤਾ। ਜਦੋਂ ਉਹ ਭੁੰਝੇ ਬੈਠ ਕੇ ਖਾ ਰਿਹਾ ਹੁੰਦਾ ਜਾਂ ਆਪਣੇ ਸਾਥੀਆਂ ਨਾਲ ਜੰਗਲਾਂ ‘ਚ ਭਟਕ-ਭੌਂ ਰਿਹਾ ਹੁੰਦਾ ਤਾਂ ਆਫੀਆ ਦੀਆਂ ਅੱਖਾਂ ਭਰ ਆਉਂਦੀਆਂ। ਉਹ ਸੋਚਦੀ ਕਿ ਜੇ ਇਹ ਚਾਹੇ ਤਾਂ ਕਿਸੇ ਸ਼ਹਿਜਾਦੇ ਵਾਲੀ ਜ਼ਿੰਦਗੀ ਬਤੀਤ ਕਰ ਸਕਦਾ ਹੈ, ਪਰ ਇਸ ਨੇ ਸਭ ਕੁਝ ਮਜ਼ਹਬ ਨੂੰ ਅਰਪਣ ਕਰ ਦਿੱਤਾ ਹੈ। ਆਫੀਆ ਦੇ ਦਿਲ ‘ਚ ਮੁਹੰਮਦ ਸਾਹਿਬ ਤੋਂ ਪਿੱਛੋਂ ਜੇ ਕਿਸੇ ਦੀ ਇੱਜ਼ਤ ਸੀ ਤਾਂ ਉਹ ਉਸਾਮਾ ਬਿਨ-ਲਾਦਿਨ ਦੀ ਸੀ।
(ਚਲਦਾ)

Be the first to comment

Leave a Reply

Your email address will not be published.