ਚੰਡੀਗੜ੍ਹ: ਪੰਜਾਬੀਆਂ ਦੀ ਪ੍ਰਾਹੁਣਚਾਰੀ ਪੂਰੀ ਦੁਨੀਆ ਵਿਚ ਮਸ਼ਹੂਰ ਰਹੀ ਹੈ। ਕੋਈ ਜ਼ਮਾਨਾ ਹੁੰਦਾ ਸੀ ਜਦ ਇਸ ਪ੍ਰਾਹੁਣਚਾਰੀ ਵਿਚ ਸਾਦਗੀ ਤੇ ਅਪਣੱਤ ਭਾਰੂ ਹੁੰਦੀ ਸੀ ਪਰ ਜਿਵੇਂ-ਜਿਵੇਂ ਸਮਾਜ ਵਿਚ ਪਦਾਰਥਕ ਕਦਰਾਂ-ਕੀਮਤਾਂ ਦਾ ਬੋਲਬਾਲਾ ਭਾਰੂ ਹੁੰਦਾ ਗਿਆ ਤਿਵੇਂ-ਤਿਵੇਂ ਸਾਦਗੀ ਤੇ ਅਪਣੱਤ ਦੀ ਭਾਵਨਾ ਵੀ ਖੰਭ ਲਾ ਕੇ ਉੱਡਣ ਲੱਗ ਪਈ। ਹੁਣ ਵਿਆਹਾਂ ਜਾਂ ਹੋਰ ਰਸਮਾਂ ਲਈ ਕੀਤੇ ਜਾਣ ਵਾਲੇ ਸਮਾਗਮ ਆਪਣੀ ਅਪਣੱਤ ਤੇ ਸ਼ਰੀਕੇਦਾਰੀ ਦੀ ਭਾਵਨਾ ਤੋਂ ਪੂਰੀ ਤਰ੍ਹਾਂ ਦੂਰ ਹੋ ਕੇ ਸਮਾਜਿਕ ਸ਼ੌਹਰਤ ਦਾ ਵਿਖਾਵਾ ਬਣ ਕੇ ਰਹਿ ਗਏ ਹਨ।
ਪਰਿਵਾਰਕ ਸਾਂਝ ਵਾਲੇ ਸਮਾਗਮਾਂ ਵਿਚ ਵੀ ਵੱਡੇ ਇਕੱਠ ਤੇ ਠਾਠ ਬੰਨ੍ਹ ਕੇ ਆਪਣਾ ਰੁਤਬਾ ਤੇ ਸ਼ੌਹਰਤ ਦਿਖਾਉਣ ਨੂੰ ਵਧੇਰੇ ਤਰਜੀਹ ਦਿੱਤੀ ਜਾਂਦੀ ਹੈ। ਪਿਛਲੇ ਸਾਲਾਂ ਦੌਰਾਨ ਬਹੁਤ ਸਾਰੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵੱਲੋਂ ਵਿਆਹ ਤੇ ਹੋਰ ਸਮਾਜਿਕ ਸਮਾਗਮਾਂ ਉੱਪਰ ਫਜ਼ੂਲ-ਖਰਚੀ ਨੂੰ ਘੱਟ ਕਰਨ ਤੇ ਅਜਿਹੇ ਸਮਾਗਮ ਸਾਦਗੀ ਭਰਪੂਰ ਬਣਾਉਣ ਲਈ ਉਪਰਾਲੇ ਕੀਤੇ ਜਾਂਦੇ ਰਹੇ ਹਨ ਪਰ ਹੋ ਉਲਟਾ ਰਿਹਾ ਹੈ। ਸਾਦਗੀ ਦੀ ਥਾਂ ਵੱਡੇ ਅਡੰਬਰ ਤੇ ਸ਼ੁਹਰਤ ਭਰੀਆਂ ਗੱਲਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਉੱਚ ਮੱਧ ਵਰਗ ਦੇ ਵਿਆਹ ਸਮਾਗਮਾਂ ਦੀ ਚਮਕ-ਦਮਕ ਦੇਖ ਕੇ ਸਮਾਜ ਦੇ ਬਾਕੀ ਵਰਗ ਖਾਸ ਕਰ ਮੱਧ ਵਰਗ ਇਸ ਦੌੜ ਵਿਚ ਸ਼ਾਮਲ ਹੋ ਰਿਹਾ ਹੈ ਤੇ ਨਾ-ਮੁੱਕਣ ਤੇ ਨਾ ਰੁਕਣ ਵਾਲੀ ਅਜਿਹੀ ਦੌੜ ਮੱਧ ਵਰਗ ਉੱਚ ਮੱਧ ਵਰਗ ਦਾ ਕਚੂੰਮਰ ਕੱਢ ਰਹੀ ਹੈ ਪਰ ਨੱਕ ਰੱਖਣ ਤੇ ਦਿਖਾਵੇ ਲਈ ਹਰ ਕੋਈ ਵਿਤੋਂ ਬਾਹਰਾ ਹੋ ਕੇ ਅਜਿਹੇ ਖਰਚ ਕਰ ਰਿਹਾ ਹੈ। ਪੈਲੇਸਾਂ ਵਿਚ ਵਿਆਹ ਕਰਨੇ ਤਾਂ ਹੁਣ ਤਕਰੀਬਨ ਆਮ ਵਰਤਾਰਾ ਹੋ ਗਿਆ ਹੈ ਪਰ ਵਿਆਹਾਂ ਵਿਚ ਹਜ਼ਾਰਾਂ ਦੀ ਗਿਣਤੀ ਦੇ ਇਕੱਠ ਕਰਨੇ ਤੇ ਫਿਰ ਬੇਹੱਦ ਮਹਿੰਗੇ ਖਾਣੇ ਤੇ ਵਿਦੇਸ਼ੀ ਸ਼ਰਾਬ ਪਰੋਸਣ ਦਾ ਰਿਵਾਜ ਵੀ ਕਾਫੀ ਵੱਡੇ ਪੱਧਰ ‘ਤੇ ਪ੍ਰਚਲਿਤ ਹੋ ਗਿਆ ਹੈ। ਜਲੰਧਰ, ਲੁਧਿਆਣਾ, ਪਟਿਆਲਾ, ਅ੍ਰੰਮਿਤਸਰ ਤੇ ਮੁਹਾਲੀ ਵਿਚ ਅਜਿਹੇ ਪੈਲੇਸ ਵੀ ਹਨ ਜਿਨ੍ਹਾਂ ਵਿਚ ਹਜ਼ਾਰਾਂ ਪ੍ਰਾਹੁਣਿਆਂ ਦੀ ਖਾਤਰ ਦੇ ਬੰਦੋਬਸਤ ਹੁੰਦੇ ਹਨ। ਅਜਿਹੇ ਪੈਲੇਸਾਂ ਦਾ ਕਿਰਾਇਆ ਵੀ ਦੋ ਤੋਂ ਛੇ ਲੱਖ ਰੁਪਏ ਤੱਕ ਹੈ ਤੇ ਇਥੇ ਪ੍ਰਤੀ ਪਲੇਟ ਖਾਣਾ 1500 ਰੁਪਏ ਤੋਂ 2500 ਰੁਪਏ ਦੇ ਵਿਚਕਾਰ ਪੈਂਦਾ ਹੈ। ਇਸ ਤਰ੍ਹਾਂ ਇਕ ਹਜ਼ਾਰ ਦੇ ਕਰੀਬ ਦਾਅਵਤ ਵਾਲੇ ਸਮਾਗਮ ਦਾ ਸਿਰਫ ਖਾਣੇ ਦਾ ਖਰਚਾ ਹੀ 20-25 ਲੱਖ ਰੁਪਏ ਤੱਕ ਹੁੰਦਾ ਹੈ। ਸ਼ਰਾਬ ਦੇ ਮਾਮਲੇ ਵਿਚ ਵੀ ਪੰਜਾਬੀ ਦੁਨੀਆ ਨੂੰ ਮਾਤ ਪਾਉਂਦੇ ਹਨ। ਉੱਚ ਵਰਗ ਦੇ ਹੁੰਦੇ ਵਿਆਹ ਸਮਾਗਮਾਂ ਵਿਚ ਹੁਣ ਭਾਰਤ ਦੀ ਬਣੀ ਸ਼ਰਾਬ ਪਰੋਸਣੀ ਸ਼ਾਨ ਨੂੰ ਵੱਟਾ ਲਾਉਣ ਵਾਲੀ ਗੱਲ ਬਣ ਗਈ ਹੈ। ਜਲੰਧਰ ਜੀæਟੀæ ਰੋਡ ਉੱਪਰ ਪੈਂਦੇ ਇਕ ਵੱਡੇ ਕਿਲ੍ਹਾਨੁਮਾ ਪੈਲੇਸ ਵਿਚ ਢਾਈ ਹਜ਼ਾਰ ਤੋਂ ਵਧੇਰੇ ਪੁੱਜੇ ਮਹਿਮਾਨਾਂ ਦੀ ਵਿਆਹ ਪਾਰਟੀ ਵਿਚ ਬਲੈਕ ਲੇਬਲ ਪਾਣੀ ਦੀ ਤਰ੍ਹਾਂ ਵਹਾਈ ਗਈ।
ਪੈਲੇਸ ਕਾਰੋਬਾਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਇਕ ਹਜ਼ਾਰ ਦੇ ਕਰੀਬ ਮਹਿਮਾਨਾਂ ਵਾਲੇ ਅਜਿਹੇ ਸ਼ਾਹੀ ਵਿਆਹ ਦੇ ਇਕ ਦਿਨ ਦੇ ਸਮਾਗਮ ਦਾ ਖਰਚਾ ਹੀ 24-25 ਲੱਖ ਰੁਪਏ ਤੱਕ ਹੁੰਦਾ ਹੈ। ਵਿਆਹ ਵੀ ਇਕ ਦਿਨ ਦੀ ਰਸਮ ਨਹੀਂ ਰਹੇ। ਸ਼ਗਨ ਪਾਉਣ, ਮੁੰਦਰੀ ਪਾਉਣ, ਲੇਡੀਜ਼ ਸੰਗੀਤ, ਵਿਆਹ ਤੇ ਰਿਸੈਪਸ਼ਨ ਦੇ ਰੂਪ ਵਿਚ 6-7 ਦਿਨ ਅਜਿਹੇ ਜਸ਼ਨ ਚਲਦੇ ਹਨ। ਅਜਿਹੇ ਜਸ਼ਨ ਵਾਲੇ ਵਿਆਹ ਉੱਪਰ ਕਿਸੇ ਵੀ ਤਰ੍ਹਾਂ 50 ਲੱਖ ਰੁਪਏ ਤੋਂ ਘੱਟ ਖਰਚ ਨਹੀਂ ਆਉਂਦਾ। ਇਹ ਸਿਰਫ ਹੋਟਲ, ਪੈਲੇਸ ਤੇ ਖਾਣ-ਪੀਣ ਦੇ ਖਰਚੇ ਹਨ।
ਅਰਥ-ਸ਼ਾਸਤਰੀਆਂ ਦਾ ਮੰਨਣਾ ਹੈ ਕਿ ਗ਼ੈਰ ਜ਼ਰੂਰੀ ਕੰਮਾਂ ਉੱਪਰ ਏਨੇ ਵੱਡੇ ਖਰਚੇ ਪੰਜਾਬ ਦੀ ਆਰਥਿਕਤਾ ਦੀ ਮਜ਼ਬੂਤੀ ਲਈ ਨਹੀਂ ਸਗੋਂ ਪੰਜਾਬ ਨੂੰ ਆਰਥਿਕ ਮੰਦਹਾਲੀ ਵਾਲੇ ਪਾਸੇ ਲਿਜਾਣ ਦਾ ਹੀ ਕਾਰਨ ਬਣਨਗੇ।
Leave a Reply