ਭਾਰਤ ਅਜੇ ਵੀ ਸਾਫ ਪਾਣੀ ਮੁਹੱਈਆ ਕਰਵਾਉਣ ਵਿਚ ਨਾਕਾਮ

ਚੰਡੀਗੜ੍ਹ: ਆਜ਼ਾਦੀ ਦੇ ਸੱਤ ਦਹਾਕਿਆਂ ਮਗਰੋਂ ਵੀ ਭਾਰਤ ਦੇਸ਼ ਦੇ ਨਾਗਰਿਕਾਂ ਨੂੰ ਸਾਫ ਪਾਣੀ ਮੁਹੱਈਆ ਨਹੀਂ ਕਰਵਾ ਸਕਿਆ। ਵਿਸ਼ਵ ਜਲ ਦਿਵਸ ਮੌਕੇ ਜਾਰੀ ਰਿਪੋਰਟ ਵਿਚ ਇਹ ਖੁਲਾਸਾ ਹੋਇਆ ਹੈ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਯੂਗਾਂਡਾ, ਨਾਈਜਰ, ਮੌਜ਼ੰਬੀਕ, ਭਾਰਤ ਤੇ ਪਾਕਿਸਤਾਨ ਅਜਿਹੇ ਮੁਲਕਾਂ ਵਿਚ ਸ਼ੁਮਾਰ ਹਨ ਜਿਥੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਅੱਧੇ ਘੰਟੇ ਦੇ ਸਫਰ ਮਗਰੋਂ ਵੀ ਸਾਫ ਪਾਣੀ ਮਿਲਣਾ ਮੁਸ਼ਕਲ ਹੈ।

ਵਾਟਰਏਡਸ ਦੀ ਰਿਪੋਰਟ ਮੁਤਾਬਕ 16æ3 ਕਰੋੜ ਲੋਕਾਂ ਕੋਲ ਸਾਫ ਪੀਣ ਵਾਲੇ ਪਾਣੀ ਦੀ ਪਹੁੰਚ ਨਹੀਂ ਹੈ ਤੇ ਇਹ ਗਿਣਤੀ ਪਿਛਲੇ ਸਾਲ ਵਧੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਨੂੰ 2022 ਤੱਕ ਹਰ ਘਰ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਾਉਣ ਦੇ ਆਪਣੇ ਟੀਚੇ ਲਈ ਵਾਤਾਵਰਨ ਬਦਲਾਅ, ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਤੇ ਪ੍ਰਦੂਸ਼ਣ ਸਮੇਤ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਵਾਤਾਵਰਨ ਤਬਦੀਲੀ ਕਰ ਕੇ ਮੌਸਮ ਹੋਰ ਖਰਾਬ ਹੋਵੇਗਾ ਜਿਸ ਨਾਲ ਨਵੀਆਂ ਚੁਣੌਤੀਆਂ ਖੜ੍ਹੀਆਂ ਹੋਣਗੀਆਂ। ਪਿਛਲੇ ਸਾਲ ਨਵੰਬਰ ਵਿਚ ਭਾਰਤ ਨੇ ਆਪਣੇ ਦਿਹਾਤੀ ਜਲ ਪ੍ਰੋਗਰਾਮ ‘ਚ ਬਦਲਾਅ ਕੀਤਾ ਸੀ ਤਾਂ ਜੋ ਹਰ ਪਿੰਡ ਦੇ 90 ਫੀਸਦੀ ਘਰਾਂ ‘ਚ 2022 ਤੱਕ ਪਾਈਪਾਂ ਰਾਹੀਂ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾ ਸਕੇ।
ਰਿਪੋਰਟ ‘ਚ ਇਹ ਵੀ ਦਰਸਾਇਆ ਗਿਆ ਹੈ ਕਿ ਦੁਨੀਆਂ ਦੇ ਸਭ ਤੋਂ ਵੱਧ ਆਬਾਦੀ ਵਾਲੇ ਮੁਲਕਾਂ- ਚੀਨ ਤੇ ਭਾਰਤ ਵਿਚ ਸਾਲ 2000 ਤੋਂ ਲੋਕਾਂ ਨੂੰ ਸਾਫ ਪਾਣੀ ਮੁਹੱਈਆ ਕਰਾਉਣ ਦੀ ਗਿਣਤੀ ‘ਚ ਵਾਧਾ ਹੋਇਆ ਹੈ। ਭਾਰਤ ‘ਚ 30 ਕਰੋੜ ਲੋਕਾਂ ਨੂੰ ਪਾਣੀ ਮੁਹੱਈਆ ਕਰਵਾਇਆ ਗਿਆ ਹੈ ਜਿਸ ਦੀ ਗਿਣਤੀ ਅਮਰੀਕਾ ਦੀ ਆਬਾਦੀ ਦੇ ਬਰਾਬਰ ਹੈ।
___________________________
ਪੰਜਾਬ ਵਿਚ ਜ਼ਮੀਨਦੋਜ਼ ਪਾਣੀ ਦਾ ਡਿੱਗਦਾ ਪੱਧਰ ਵੱਡੀ ਸਮੱਸਿਆ
ਪਟਿਆਲਾ: ਪੰਜਾਬ ਦੀ 72 ਫੀਸਦੀ ਖੇਤੀ ਇਸ ਵੇਲੇ ਟਿਊਬਵੈੱਲਾਂ ਉਤੇ ਨਿਰਭਰ ਹੋ ਗਈ ਹੈ, ਜਿਨ੍ਹਾਂ ਦੀ ਗਿਣਤੀ 14æ5 ਲੱਖ ਉਤੇ ਪਹੁੰਚ ਗਈ ਹੈ। ਪਿਛਲੀ ਸਰਕਾਰ ਨੇ ਬਿਨਾਂ ਕਿਸੇ ਠੋਸ ਨੀਤੀ ਉਤੇ 70 ਹਜ਼ਾਰ ਤੋਂ ਵੱਧ ਟਿਊਬਵੈੱਲ ਲਗਵਾ ਦਿੱਤੇ, ਹਾਲਾਂਕਿ ਟੀਚਾ ਇਕ ਲੱਖ ਤੋਂ ਵੱਧ ਰੱਖਿਆ ਗਿਆ ਸੀ। ਕਈ ਟਿਉੂਬਵੈਲ ਤਾਂ ਉਥੇ ਲੱਗ ਗਏ, ਜਿਥੇ ਪਹਿਲਾ ਟਿਊਬਵੈੱਲ ਮਸਾਂ 10-15 ਫੁੱਟ ਦੂਰੀ ‘ਤੇ ਲੱਗਿਆ ਹੋਇਆ ਹੈ। ਸਿੱਟਾ ਇਹ ਨਿਕਲਿਆ ਕਿ ਪੰਜਾਬ ਦੀ ਧਰਤੀ ਹੇਠਲਾ ਪਾਣੀ ਨਿਰੰਤਰ ਹੇਠਾਂ ਜਾ ਰਿਹਾ ਹੈ। ਪੰਜਾਬ ਅੰਦਰ ਝੋਨੇ ਕਾਰਨ ਹੀ ਪਾਣੀ ਦਾ ਪੱਧਰ ਨਿਰੰਤਰ ਹੇਠਾਂ ਡਿਗਣਾ ਜਾਰੀ ਹੈ। ਸਭ ਤੋਂ ਖਤਰਨਾਕ ਅੰਕੜਾ ਜਿਲ੍ਹਾ ਹੁਸ਼ਿਆਰਪੁਰ ਦਾ ਹੈ, ਇਥੇ ਮੁਕੇਰੀਆਂ, ਹਾਜੀਪੁਰ, ਦਸੂਹਾ ਤੇ ਟਾਂਡਾ ਨੂੰ ਛੱਡ ਕੇ ਇਕ ਦਹਾਕੇ ਅੰਦਰ ਪਾਣੀ ਦਾ ਪੱਧਰ 59æ25 ਮੀਟਰ ਤੇ ਇਕ ਸਾਲ ਅੰਦਰ ਭਾਵ ਜੂਨ 2016 ਤੋਂ ਜੂਨ 2017 ਤੱਕ ਪਾਣੀ ਦਾ ਪੱਧਰ 1æ88 ਮੀਟਰ ਹੇਠਾਂ ਜਾ ਡਿੱਗਿਆ ਹੈ। ਇਸੇ ਤਰ੍ਹਾਂ ਰੋਪੜ ਦੇ ਆਨੰਦਪੁਰ ਸਾਹਿਬ ਤੇ ਨੂਰਪੁਰ ਬੇਦੀ ‘ਚ ਪਾਣੀ ਦਾ ਪੱਧਰ 32æ59 ਅਤੇ ਇਕ ਸਾਲ ‘ਚ 1æ14 ਮੀਟਰ ਹੇਠਾਂ ਡਿੱਗ ਗਿਆ ਹੈ।