ਰਾਜ ਸਭਾ ਵਿਚ ਵੀ ਪੱਕੇ ਪੈਰੀਂ ਹੋਈ ਭਾਜਪਾ

ਨਵੀਂ ਦਿੱਲੀ: ਭਾਰਤ ਦੀ ਸੰਸਦ ਦੇ ਉਪਰਲੇ ਸਦਨ ਰਾਜ ਸਭਾ ਦੀਆਂ 59 ਸੀਟਾਂ ਲਈ ਹੋਈਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਰਾਜ ਸਭਾ ਵਿਚ ਸਥਿਤੀ ਬਦਲ ਕੇ ਭਾਰਤੀ ਜਨਤਾ ਪਾਰਟੀ ਦੇ ਪੱਖ ਵਿਚ ਹੋ ਗਈ ਹੈ। ਭਾਜਪਾ ਨੇ ਇਨ੍ਹਾਂ ਵਿਚੋਂ 28 ਸੀਟਾਂ ਉਤੇ ਜਿੱਤ ਹਾਸਲ ਕੀਤੀ ਹੈ। ਪਿਛਲੇ ਦਿਨੀਂ ਬਿਹਾਰ ਅਤੇ ਉਤਰ ਪ੍ਰਦੇਸ਼ ਵਿਚ ਲੋਕ ਸਭਾ ਲਈ ਹੋਈ ਉਪ-ਚੋਣ ਵਿਚ ਭਾਜਪਾ ਉਮੀਦਵਾਰਾਂ ਦੀ ਹਾਰ ਤੋਂ ਬਾਅਦ ਪਾਰਟੀ ਲਈ ਰਾਜ ਸਭਾ ਦੀ ਇਹ ਜਿੱਤ ਬਹੁਤ ਮਾਇਨੇ ਰੱਖਦੀ ਹੈ।

ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਤਿਹਾਸ ਵਿਚ ਅਜਿਹਾ ਦੂਜੀ ਵਾਰ ਹੋਇਆ ਹੈ ਕਿ ਰਾਜ ਸਭਾ ਵਿਚ ਕਾਂਗਰਸ ਘੱਟ ਗਿਣਤੀ ਵਿਚ ਆ ਗਈ ਹੈ ਅਤੇ ਭਾਜਪਾ ਬਹੁਮਤ ਵਿਚ ਹੈ। ਹਾਲ ਹੀ ਵਿਚ ਹੋਈਆਂ ਚੋਣਾਂ ਵਿਚ ਭਾਜਪਾ ਨੂੰ 11 ਨਵੇਂ ਮੈਂਬਰਾਂ ਦਾ ਸਾਥ ਮਿਲਿਆ ਹੈ। ਇਸ ਜਿੱਤ ਤੋਂ ਬਾਅਦ ਰਾਜ ਸਭਾ ਵਿਚ ਭਾਜਪਾ ਦੇ ਮੈਂਬਰਾਂ ਦੀ ਗਿਣਤੀ 69 ਹੋ ਗਈ ਹੈ, ਜਦ ਕਿ ਕਾਂਗਰਸ ਦੇ ਮੈਂਬਰਾਂ ਦੀ ਗਿਣਤੀ 54 ਤੋਂ ਘਟ ਕੇ 52 ਰਹਿ ਗਈ ਹੈ। ਰਾਜ ਸਭਾ ਲਈ ਹੋਣ ਵਾਲੀਆਂ ਚੋਣਾਂ ਵਿਚ ਵੋਟਰ ਸਿਰਫ ਸਬੰਧਤ ਸੂਬੇ ਦੇ ਵਿਧਾਇਕ ਹੀ ਹੁੰਦੇ ਹਨ ਅਤੇ ਜਿਸ ਪਾਰਟੀ ਦੇ ਜ਼ਿਆਦਾ ਵਿਧਾਇਕ ਹੁੰਦੇ ਹਨ, ਉਸ ਦੇ ਉਮੀਦਵਾਰ ਹੀ ਜਿੱਤ ਪ੍ਰਾਪਤ ਕਰਦੇ ਹਨ। ਮੌਜੂਦਾ ਚੋਣ ਵਿਚ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਇਕ-ਇਕ ਵੋਟਰ ਦੀ ਕ੍ਰਾਸ-ਵੋਟਿੰਗ ਨਾਲ ਬਸਪਾ ਦੇ ਉਮੀਦਵਾਰ ਭੀਮ ਰਾਓ ਅੰਬੇਡਕਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਉਤਰ ਪ੍ਰਦੇਸ਼ ਵਿਚ ਸਪਾ ਅਤੇ ਬਸਪਾ ਵਿਚਕਾਰ 25 ਸਾਲ ਬਾਅਦ ਇਕ ਸਮਝੌਤੇ ਦੀ ਸਥਿਤੀ ਵੀ ਬਣੀ ਸੀ ਪਰ ਇਸ ਦੇ ਬਾਵਜੂਦ ਦੋਵਾਂ ਦਾ ਸਾਂਝਾ ਉਮੀਦਵਾਰ ਹਾਰ ਗਿਆ ਅਤੇ ਭਾਜਪਾ ਦਾ ਅਨਿਲ ਅਗਰਵਾਲ ਜਿੱਤ ਗਿਆ। ਉਤਰ ਪ੍ਰਦੇਸ਼ ਵਿਚ ਸਪਾ ਅਤੇ ਬਸਪਾ ਗੱਠਜੋੜ ਨੇ ਬਿਨਾਂ ਸ਼ੱਕ ਉਪ-ਚੋਣਾਂ ਵਿਚ ਗੋਰਖਪੁਰ ਅਤੇ ਫੂਲਪੁਰ ਦੀਆਂ ਦੋਵੇਂ ਸੀਟਾਂ ਉਤੇ ਜਿੱਤ ਹਾਸਲ ਕਰ ਕੇ ਇਕ ਵਾਰ ਤਾਂ ਸੋਚਣ ਲਈ ਮਜਬੂਰ ਕਰ ਦਿੱਤਾ ਸੀ ਪਰ ਰਾਜ ਸਭਾ ਦੀ ਚੋਣ ਵਿਚ ਸਪਾ ਦੀਆਂ 5 ਅਤੇ ਕਾਂਗਰਸ ਦੀਆਂ 2 ਸੀਟਾਂ ਚਲੇ ਜਾਣ ਨਾਲ ਇਨ੍ਹਾਂ ਪਾਰਟੀਆਂ ਨੂੰ ਬਿਨਾਂ ਸ਼ੱਕ ਧੱਕਾ ਲੱਗਿਆ ਹੈ। 17 ਸੂਬਿਆਂ ਵਿਚ ਰਾਜ ਸਭਾ ਲਈ ਚੋਣਾਂ ਹੋਈਆਂ ਹਨ, ਪਰ ਸਭ ਤੋਂ ਵੱਧ ਮੈਂਬਰਾਂ ਵਾਲਾ ਸੂਬਾ ਉਤਰ ਪ੍ਰਦੇਸ਼ ਹੈ, ਜਿਥੋਂ ਭਾਜਪਾ ਨੇ ਆਪਣੇ ਸਾਰੇ 9 ਉਮੀਦਵਾਰਾਂ ਨੂੰ ਕਾਮਯਾਬ ਬਣਾਇਆ ਹੈ।
23 ਮਾਰਚ ਨੂੰ ਦੇਸ਼ ਦੇ 7 ਸੂਬਿਆਂ ਦੀਆਂ 26 ਸੀਟਾਂ ਲਈ ਵੋਟਾਂ ਹੋਈਆਂ ਸਨ, ਜਦਕਿ 10 ਸੂਬਿਆਂ ਦੀਆਂ 33 ਸੀਟਾਂ ਉਤੇ ਪਹਿਲਾਂ ਹੀ ਨਿਰਵਿਰੋਧ ਮੈਂਬਰ ਚੁਣੇ ਜਾ ਚੁੱਕੇ ਸਨ। ਦੇਸ਼ ਦੀ ਸੰਸਦੀ ਪ੍ਰਣਾਲੀ ਵਿਚ ਕਈ ਵਾਰ ਲੋਕ ਸਭਾ ਵਿਚ ਕਈ ਬਿੱਲ ਪਾਸ ਹੋ ਜਾਣ ਦੇ ਬਾਵਜੂਦ ਰਾਜ ਸਭਾ ਵਿਚ ਬਹੁਮਤ ਨਾ ਮਿਲਣ ਕਾਰਨ ਪਛੜ ਕੇ ਰਹਿ ਜਾਂਦੇ ਹਨ। ਇਨ੍ਹਾਂ ਚੋਣਾਂ ਵਿਚ ਭਾਜਪਾ ਦੇ 7 ਕੇਂਦਰੀ ਮੰਤਰੀ ਵੀ ਰਾਜ ਸਭਾ ਦੀ ਚੋਣ ਜਿੱਤ ਗਏ ਹਨ।
__________________________
ਮਾਇਆਵਤੀ ਨੇ ਸੰਘ ਨੂੰ ਕੀਤਾ ਖਬਰਦਾਰ
ਲਖਨਊ: ਬਸਪਾ ਸੁਪਰੀਮੋ ਮਾਇਆਵਤੀ ਨੇ ਭਾਜਪਾ ਅਤੇ ਆਰæਐਸ਼ਐਸ਼ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਸਮਾਜਵਾਦੀ ਪਾਰਟੀ ਨਾਲ ਬਣੀ ਉਨ੍ਹਾਂ ਦੀ ਸਾਂਝ ਨੂੰ ਤੋੜਨ ਦੀ ਸਾਜ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਦ੍ਰਿੜ੍ਹਤਾ ਨਾਲ ਇਹ ਗੱਲ ਆਖੀ ਕਿ ਸਮਾਜਵਾਦੀ ਪਾਰਟੀ ਦੇ ਨਾਲ ਉਨ੍ਹਾਂ ਦੀ ਸਾਂਝ ਰਾਜ ਸਭਾ ਚੋਣਾਂ ਵਿਚ ਉਨ੍ਹਾਂ ਦਾ ਉਮੀਦਵਾਰ ਹਾਰਨ ਨਾਲ ਪ੍ਰਭਾਵਿਤ ਨਹੀਂ ਹੋਵੇਗੀ।
ਮਾਇਆਵਤੀ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਆਪਣੇ ਉਮੀਦਵਾਰ ਜਯਾ ਬੱਚਨ ਦੀ ਜਿੱਤ ਦੀ ਖੁਸ਼ੀ ਮਨਾਉਣ ਲਈ ਰੱਖੇ ਸਮਾਗਮ ਨੂੰ ਰੱਦ ਕਰ ਦਿੱਤਾ ਕਿਉਂਕਿ ਭਾਈਵਾਲ ਬਸਪਾ ਦਾ ਉਮੀਦਵਾਰ ਹਾਰ ਗਿਆ ਸੀ। ਮਾਇਆਵਤੀ ਨੇ ਕਿਹਾ ਕਿ ਬਸਪਾ ਅਤੇ ਸਮਾਜਵਾਦੀ ਪਾਰਟੀ ਵਿਚਕਾਰ ਬਣੀ Ḕਸਮਝ’ ਉਤੇ ਇਸ ਹਾਰ ਦਾ ਕੋਈ ਅਸਰ ਨਹੀਂ ਪਿਆ। ਬਸਪਾ ਇਸ ਸਾਂਝ ਨੂੰ ਹੋਰ ਵਧਾਉਣਾ ਚਾਹੁੰਦੀ ਹੈ ਜਿਸ ਸਦਕਾ ਫੂਲਪੁਰ ਅਤੇ ਗੋਰਖਪੁਰ ਦੀਆਂ ਦੋ ਲੋਕ ਸਭਾ ਸੀਟਾਂ ਉਤੇ ਭਾਜਪਾ ਨੂੰ ਹਾਰ ਦਿੱਤੀ ਜਾ ਸਕੀ ਹੈ।