ਡਾ. ਸੰਤੋਖ ਸਿੰਘ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਬਣੇ

ਅੰਮ੍ਰਿਤਸਰ: ਸਿੱਖਾਂ ਦੀ ਸਦੀ ਪੁਰਾਣੀ ਧਾਰਮਿਕ ਅਤੇ ਵਿਦਿਅਕ ਸੰਸਥਾ ਚੀਫ ਖਾਲਸਾ ਦੀਵਾਨ ਦਾ ਪ੍ਰਧਾਨ ਡਾ. ਸੰਤੋਖ ਸਿੰਘ ਨੂੰ ਚੁਣ ਲਿਆ ਗਿਆ ਹੈ। ਮੁੜ ਹੋਈਆਂ ਚੋਣਾਂ ਦੌਰਾਨ ਸਰਬਜੀਤ ਸਿੰਘ ਨੂੰ ਮੀਤ ਪ੍ਰਧਾਨ ਅਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਨੂੰ ਆਨਰੇਰੀ ਸਕੱਤਰ ਚੁਣਿਆ ਗਿਆ ਹੈ। ਚੋਣਾਂ ਵਿਚ ਨਿੱਤਰੇ ਧਨਰਾਜ ਸਿੰਘ ਧੜੇ ਨੂੰ ਕਰਾਰੀ ਹਾਰ ਮਿਲੀ ਹੈ ਅਤੇ ਉਨ੍ਹਾਂ ਦਾ ਕੋਈ ਵੀ ਉਮੀਦਵਾਰ ਚੀਫ ਖਾਲਸਾ ਦੀਵਾਨ ਦਾ ਅਹੁਦੇਦਾਰ ਨਹੀਂ ਬਣ ਸਕਿਆ। ਰਾਜ ਮਹਿੰਦਰ ਸਿੰਘ ਮਜੀਠਾ ਧੜੇ ਦਾ ਉਮੀਦਵਾਰ ਸੁਰਿੰਦਰ ਸਿੰਘ ਰੁਮਾਲਿਆਂ ਵਾਲਾ ਆਨਰੇਰੀ ਸਕੱਤਰ ਦੇ ਅਹੁਦੇ ਵਾਸਤੇ ਚੁਣਿਆ ਗਿਆ ਹੈ। ਪ੍ਰਧਾਨ ਦੀ ਚੋਣ ਲੜਨ ਵਾਲੇ ਡਾ. ਸੰਤੋਖ ਸਿੰਘ ਨੂੰ 152 ਵੋਟਾਂ, ਰਾਜ ਮਹਿੰਦਰ ਸਿੰਘ ਮਜੀਠਾ ਨੂੰ 142 ਅਤੇ ਧਨਰਾਜ ਸਿੰਘ ਨੂੰ 65 ਵੋਟਾਂ ਮਿਲੀਆਂ।

ਮੀਤ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ ਵਾਲੇ ਸਰਬਜੀਤ ਸਿੰਘ ਨੂੰ ਸਭ ਤੋਂ ਵੱਧ 160 ਵੋਟਾਂ, ਨਿਰਮਲ ਸਿੰਘ ਨੂੰ 157 ਅਤੇ ਬਲਦੇਵ ਸਿੰਘ ਚੌਹਾਨ ਨੂੰ ਸਿਰਫ 41 ਵੋਟਾਂ ਮਿਲੀਆਂ। ਆਨਰੇਰੀ ਸਕੱਤਰ ਦੇ ਅਹੁਦੇ ਉਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲਿਆਂ ਅਤੇ ਸੰਤੋਖ ਸਿੰਘ ਸੇਠੀ ਦਰਮਿਆਨ ਫਸਵਾਂ ਮੁਕਾਬਲਾ ਸੀ। ਸ੍ਰੀ ਸੁਰਿੰਦਰ ਸਿੰਘ ਨੂੰ 158 ਅਤੇ ਸੰਤੋਖ ਸਿੰਘ ਸੇਠੀ ਨੂੰ 155 ਵੋਟਾਂ ਮਿਲੀਆਂ ਜਦਕਿ ਗੁਰਿੰਦਰ ਸਿੰਘ ਚਾਵਲਾ ਸਿਰਫ 46 ਵੋਟਾਂ ਹੀ ਲੈ ਸਕੇ। ਚੀਫ ਖਾਲਸਾ ਦੀਵਾਨ ਦੇ 511 ਮੈਂਬਰਾਂ ਵਿਚੋਂ 363 ਨੇ ਵੋਟਾਂ ਪਾਈਆਂ। ਤਕਰੀਬਨ 5-6 ਪਤਿਤ ਮੈਂਬਰਾਂ ਨੂੰ ਵੋਟ ਪਾਉਣ ਤੋਂ ਰੋਕਿਆ ਗਿਆ। ਵੋਟਾਂ ਪਾਉਣ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਇਥੇ ਚੀਫ ਖਾਲਸਾ ਦੀਵਾਨ ਦੇ ਗੁਰਦੁਆਰਾ ਹਾਲ ਵਿਚ ਸਮੂਹ ਮੈਂਬਰਾਂ ਦੀ ਮੀਟਿੰਗ ਹੋਈ, ਜਿਸ ਵਿਚ ਪਿਛਲੀ ਮੀਟਿੰਗ ਦੀ ਕਾਰਵਾਈ ਦੀ ਪੁਸ਼ਟੀ ਕੀਤੀ ਗਈ। ਅਰਦਾਸ ਮਗਰੋਂ ਵੋਟਾਂ ਪਾਉਣ ਦੀ ਪ੍ਰਕਿਰਿਆ ਅਰੰਭ ਹੋਈ, ਜੋ 1.30 ਵਜੇ ਤੋਂ 5.30 ਵਜੇ ਤੱਕ ਜਾਰੀ ਰਹੀ।
ਵੋਟਾਂ ਦੀ ਗਿਣਤੀ ਮਗਰੋਂ ਗੁਰਦੁਆਰੇ ਦੇ ਹਾਲ ਵਿਚ ਰਿਟਰਨਿੰਗ ਅਧਿਕਾਰੀਆਂ ਡਾ. ਐਸ਼ਪੀ. ਸਿੰਘ, ਇਕਬਾਲ ਸਿੰਘ ਲਾਲਪੁਰਾ ਅਤੇ ਪ੍ਰਿੰਸੀਪਲ ਡਾ. ਬਲਜਿੰਦਰ ਸਿੰਘ ਵੱਲੋਂ ਨਤੀਜਿਆਂ ਦਾ ਐਲਾਨ ਕੀਤਾ ਗਿਆ। ਵੋਟਾਂ ਪਾਉਣ ਅਤੇ ਗਿਣਤੀ ਦੀ ਪ੍ਰਕਿਰਿਆ ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ ਗਿੱਲ ਦੀ ਨਿਗਰਾਨੀ ਹੇਠ ਮੁਕੰਮਲ ਹੋਈ। ਉਨ੍ਹਾਂ ਵੱਲੋਂ ਹੀ ਜੇਤੂ ਮੈਂਬਰਾਂ ਦੇ ਨਾਂਵਾਂ ਦਾ ਐਲਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਵਰ੍ਹੇ ਦਸੰਬਰ ਵਿਚ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਵਾਇਰਲ ਹੋਈ ਇਤਰਾਜ਼ਯੋਗ ਵੀਡਿਓ ਕਾਰਨ ਸਿੱਖ ਸੰਸਥਾ ਵਿਚ ਇਹ ਸੰਕਟ ਪੈਦਾ ਹੋਇਆ ਸੀ, ਜੋ ਇਸ ਚੋਣ ਨਾਲ ਸਮਾਪਤ ਹੋ ਗਿਆ ਹੈ।
_____________________________
ਵਿਦਿਆ ਦੇ ਘੇਰੇ ਦਾ ਹੋਵੇਗਾ ਪਸਾਰ: ਡਾ. ਸੰਤੋਖ ਸਿੰਘ
ਨਵੇਂ ਚੁਣੇ ਪ੍ਰਧਾਨ ਨੇ ਕਿਹਾ ਕਿ ਦੀਵਾਨ ਵੱਲੋਂ ਵਿਦਿਆ ਦੇ ਘੇਰੇ ਦੇ ਹੋਰ ਪਸਾਰ ਲਈ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਛੇਤੀ ਹੀ ਇਕ ਮੀਟਿੰਗ ਸੱਦ ਕੇ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ ਦੇਣ ਅਤੇ ਮੁੜ ਦਾਖਲਾ ਫੀਸ ਨਾ ਲੈਣ ਸਬੰਧੀ ਫੈਸਲਿਆਂ ਉਤੇ ਵਿਚਾਰ ਕੀਤਾ ਜਾਵੇਗਾ। ਪਤਿਤ ਮੈਂਬਰਾਂ ਸਬੰਧੀ ਵੀ ਵਿਦਵਾਨਾਂ ਨਾਲ ਵਿਚਾਰ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸੰਸਥਾ ਵਿਚ ਮੁੜ ਕਿਸੇ ਔਰਤ ਨਾਲ ਛੇੜਖਾਨੀ ਦੀ ਘਟਨਾ ਨਾ ਵਾਪਰੇ, ਉਸ ਨੂੰ ਰੋਕਣ ਲਈ ਵਿਸ਼ੇਸ਼ ਕਮੇਟੀ ਬਣਾਈ ਜਾਵੇਗੀ। ਚਰਨਜੀਤ ਸਿੰਘ ਚੱਢਾ ਨੂੰ ਮੁੜ ਮੈਂਬਰ ਵਜੋਂ ਸ਼ਾਮਲ ਕਰਨ ਸਬੰਧੀ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਇਸ ਮਾਮਲੇ ਉਤੇ ਸੰਵਿਧਾਨ ਮੁਤਾਬਕ ਕਾਰਵਾਈ ਹੋਵੇਗੀ।