ਗੈਰਕਾਨੂੰਨੀ ਟਰੈਵਲ ਏਜੰਟਾਂ ਦੇ ਪੰਜੇ ਵਿਚ ਆਇਆ ਪੰਜਾਬ

ਬਠਿੰਡਾ: ਗੈਰਕਾਨੂੰਨੀ ਟਰੈਵਲ ਏਜੰਟਾਂ ਦੇ ਪੰਜੇ ਵਿਚ ਪੰਜਾਬ ਪੂਰੀ ਤਰ੍ਹਾਂ ਫਸ ਗਿਆ ਹੈ। ਇਰਾਕ ਘਟਨਾ ਵੀ ਇਸ ਗੈਰਕਾਨੂੰਨੀ ਧੰਦੇ ਦੇ ਰਾਹ ਨਹੀਂ ਰੋਕ ਸਕੀ। ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਹੁਣ ਗੈਰਕਾਨੂੰਨੀ ਏਜੰਟਾਂ ਦੇ ਵੇਰਵੇ ਨਸ਼ਰ ਕੀਤੇ ਗਏ ਹਨ, ਜਿਨ੍ਹਾਂ ਵਿਚ ਪੰਜਾਬ ਦੇਸ਼ ਭਰ ਵਿਚੋਂ ਤੀਜੇ ਨੰਬਰ ਉਤੇ ਹੈ। ਮੁਲਕ ਭਰ ਵਿਚ 520 ਗੈਰਕਾਨੂੰਨੀ ਏਜੰਟਾਂ ਦੀ ਸ਼ਨਾਖਤ ਹੋਈ ਹੈ, ਜਿਨ੍ਹਾਂ ਤੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ। ਇਨ੍ਹਾਂ ਵਿਚ ਸਭ ਤੋਂ ਵੱਧ ਮਹਾਰਾਸ਼ਟਰ ਦੇ 90 ਗੈਰਕਾਨੂੰਨੀ ਏਜੰਟ ਹਨ ਅਤੇ 86 ਗੈਰਕਾਨੂੰਨੀ ਏਜੰਟਾਂ ਨਾਲ ਦਿੱਲੀ ਦੂਸਰੇ ਨੰਬਰ ਉਤੇ ਹੈ। ਪੰਜਾਬ ਵਿਚ 82 ਗੈਰਕਾਨੂੰਨੀ ਏਜੰਟ ਸ਼ਨਾਖਤ ਕੀਤੇ ਗਏ ਹਨ, ਜਿਨ੍ਹਾਂ ਉਤੇ ਉਂਗਲ ਉਠੀ ਹੈ।

ਵਿਦੇਸ਼ ਮੰਤਰਾਲੇ ਵੱਲੋਂ ਨਸ਼ਰ ਕੀਤੇ ਗਏ ਵੇਰਵਿਆਂ ਅਨੁਸਾਰ ਚੰਡੀਗੜ੍ਹ ਦੇ ਵੀ 26 ਗੈਰਕਾਨੂੰਨੀ ਏਜੰਟ ਸ਼ਾਮਲ ਹਨ। ਹਰਿਆਣਾ ਦੇ 13, ਰਾਜਸਥਾਨ ਦੇ 14, ਹਿਮਾਚਲ ਪ੍ਰਦੇਸ਼ ਦਾ ਇਕ, ਮੱਧ ਪ੍ਰਦੇਸ਼ ਦੇ ਅੱਠ, ਬਿਹਾਰ ਦੇ 12, ਯੂæਪੀæ ਦੇ 71 ਅਤੇ ਜੰਮੂ ਕਸ਼ਮੀਰ ਦੇ ਦੋ ਗੈਰਕਾਨੂੰਨੀ ਏਜੰਟ ਸ਼ਨਾਖਤ ਹੋਏ ਹਨ। ਪੰਜਾਬ ਸਰਕਾਰ ਵੱਲੋਂ Ḕਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2012′ ਤਹਿਤ ਟਰੈਵਲ ਏਜੰਟਾਂ ਲਈ ਰਜਿਸਟ੍ਰੇਸ਼ਨ ਲਾਜ਼ਮੀ ਕੀਤੀ ਗਈ ਹੈ। ਐਕਟ ਦੇ ਬਾਵਜੂਦ ਬਹੁਤੇ ਏਜੰਟਾਂ ਨੇ ਹਾਲੇ ਤੱਕ ਰਜਿਸਟ੍ਰੇਸ਼ਨ ਨਹੀਂ ਕਰਵਾਈ ਹੈ। ਵਿਦੇਸ਼ ਮੰਤਰਾਲੇ ਅਨੁਸਾਰ ਪੰਜਾਬ ਵਿਚ ਸਭ ਤੋਂ ਵੱਧ ਮੁਹਾਲੀ ਵਿਚ 26 ਗੈਰਕਾਨੂੰਨੀ ਏਜੰਟ ਸ਼ਨਾਖ਼ਤ ਹੋਏ ਹਨ ਜਦੋਂ ਕਿ ਲੁਧਿਆਣਾ ਵਿਚ ਡੇਢ ਦਰਜਨ ਗੈਰਕਾਨੂੰਨੀ ਏਜੰਟਾਂ ਦੀ ਸ਼ਨਾਖਤ ਹੋਈ ਹੈ।
ਇਸੇ ਤਰ੍ਹਾਂ ਜਲੰਧਰ, ਹੁਸ਼ਿਆਰਪੁਰ, ਜ਼ੀਰਕਪੁਰ, ਪਟਿਆਲਾ, ਰੋਪੜ, ਬਠਿੰਡਾ ਆਦਿ ਵਿਚ ਵੀ ਗੈਰਕਾਨੂੰਨੀ ਏਜੰਟ ਹਨ। ਮੰਤਰਾਲੇ ਨੇ ਇਨ੍ਹਾਂ ਏਜੰਟਾਂ ਤੋਂ ਬਚਣ ਦੀ ਅਪੀਲ ਕੀਤੀ ਹੈ। ਪੰਜਾਬ ਵਿਚ ਹੁਣ ਤੱਕ ਸਿਰਫ 1180 ਟਰੈਵਲ ਏਜੰਟਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ, ਜਿਨ੍ਹਾਂ ਵਿਚ ਸਭ ਤੋਂ ਵੱਧ ਜਿਲ੍ਹਾ ਜਲੰਧਰ ਵਿਚ 287 ਏਜੰਟਾਂ ਦੀ ਰਜਿਸਟ੍ਰੇਸ਼ਨ ਹੋਈ ਹੈ। ਮਾਨਸਾ ਜਿਲ੍ਹੇ ਵਿਚ ਕੋਈ ਵੀ ਏਜੰਟ ਰਜਿਸਟਰਡ ਨਹੀਂ ਹੈ ਜਦੋਂ ਕਿ ਸੰਗਰੂਰ ਵਿਚ ਇਕ, ਫਾਜ਼ਿਲਕਾ ਤੇ ਫਿਰੋਜ਼ਪੁਰ ਜਿਲ੍ਹੇ ਵਿਚ ਦੋ ਰਜਿਸਟਰਡ ਟਰੈਵਲ ਏਜੰਟ ਹਨ। ਇਵੇਂ ਜਿਲ੍ਹਾ ਲੁਧਿਆਣਾ ਵਿਚ 134, ਅੰਮ੍ਰਿਤਸਰ ਵਿਚ 122, ਪਟਿਆਲਾ ਵਿਚ 84, ਬਰਨਾਲਾ ਵਿਚ 27, ਮੋਗਾ ਵਿਚ 25, ਮੁਕਤਸਰ ਵਿਚ 12, ਬਠਿੰਡਾ ਵਿਚ 5 ਅਤੇ ਕਪੂਰਥਲਾ ਵਿਚ 68 ਟਰੈਵਲ ਏਜੰਟਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੋਈ ਹੈ।
ਕੇਂਦਰ ਸਰਕਾਰ ਕੋਲ ਗੈਰਕਾਨੂੰਨੀ ਏਜੰਟਾਂ ਖਿਲਾਫ਼ ਲੰਘੇ ਛੇ ਵਰ੍ਹਿਆਂ ਵਿਚ 1342 ਸ਼ਿਕਾਇਤਾਂ ਪੁੱਜੀਆਂ ਹਨ, ਜਿਨ੍ਹਾਂ ਵਿਚੋਂ ਕੇਂਦਰ ਨੇ 1206 ਸ਼ਿਕਾਇਤਾਂ ਸਬੰਧਤ ਰਾਜ ਸਰਕਾਰਾਂ ਨੂੰ ਕਾਰਵਾਈ ਲਈ ਭੇਜ ਦਿੱਤੀਆਂ ਹਨ। ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਹਦਾਇਤਾਂ ਵੀ ਦਿੱਤੀਆਂ ਹਨ ਕਿ ਵਿਦੇਸ਼ਾਂ ਵਿਚ ਰੁਜ਼ਗਾਰ ਦਾ ਲਾਰਾ ਲਾਉਣ ਵਾਲੇ ਏਜੰਟਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।
_______________________
ਇਰਾਕ ਦੁਖਾਂਤ ਦੇ ਪੀੜਤਾਂ ‘ਤੇ ਦੂਹਰੀ ਮਾਰ
ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਇਰਾਕ ਵਿਚ 39 ਭਾਰਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਤੋਂ ਬਾਅਦ ਪੀੜਤ ਪਰਿਵਾਰ ਦੂਹਰੀ ਮਾਰ ਝੱਲ ਰਹੇ ਹਨ। ਇਕ ਪਾਸੇ ਉਹ ਆਪਣੇ ਪਿਆਰਿਆਂ ਦੀਆਂ ਲਾਸ਼ਾਂ ਦੀ ਸਪੁਰਦਗੀ ਲਈ ਦਰ-ਬਦਰ ਭਟਕ ਰਹੇ ਹਨ, ਉਥੇ ਉਹ ਮਾਲੀ ਦਿੱਕਤਾਂ ਨਾਲ ਵੀ ਦੋ-ਚਾਰ ਹੋ ਰਹੇ ਹਨ। ਪੰਜਾਬ ਨਾਲ ਸਬੰਧਤ ਪੀੜਤ ਪਰਿਵਾਰ ਰਾਜਧਾਨੀ ਦਿੱਲੀ ਵਿਚ ਡੇਰੇ ਲਾਈ ਬੈਠੇ ਹਨ ਅਤੇ ਕਿਸੇ ਤਰ੍ਹਾਂ ਆਪਣੇ ਪਿਆਰਿਆਂ ਸਬੰਧੀ ਜਾਣਕਾਰੀ ਲੈਣ ਲਈ ਧੱਕੇ ਖਾ ਰਹੇ ਹਨ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸਾਰੀਆਂ ਰਸਮੀ ਕਾਰਵਾਈਆਂ ਮੁਕੰਮਲ ਹੋਣ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਭਾਰਤ ਵਾਪਸ ਲਿਆਉਣ ਦੀ ਗੱਲ ਕਹੀ ਸੀ, ਪਰ ਇਸ ਸਬੰਧੀ ਹੋਰ ਜਾਣਕਾਰੀ ਨਾ ਮਿਲਣ ਉਤੇ ਉਹ ਦਿੱਲੀ ਵਿਚ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵਿਚ ਹਨ।
ਇਸੇ ਕਵਾਇਦ ਵਿਚ ਪੀੜਤ ਪਰਿਵਾਰਾਂ ਨੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਨੀਲ ਜਾਖੜ ਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨਾਲ ਮੁਲਾਕਾਤ ਕੀਤੀ। ਪੰਜਾਬ ਭਵਨ ਵਿਚ ਮੁਲਾਕਾਤ ਤੋਂ ਬਾਅਦ ਸੁਨੀਲ ਜਾਖੜ ਨੇ ਕੇਂਦਰ ਦੇ ਅਸੰਵੇਦਨਸ਼ੀਲ ਰਵੱਈਏ ਉਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰ ਵੱਲੋਂ ਇਨ੍ਹਾਂ ਨਾਲ ਮੁਲਾਕਾਤ ਕਰਨ ਦੀ ਥਾਂ ਸਿਰਫ 5 ਵਿਅਕਤੀਆਂ ਨਾਲ ਮੁਲਾਕਾਤ ਦੀ ਸ਼ਰਤ ਲਗਾਉਣੀ ਮੰਦਭਾਗਾ ਹੈ।
ਜਾਖੜ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕੀਤੀ ਗਈ Ḕਮਨ ਕੀ ਬਾਤ’ ਵਿਚ ਪੀੜਤ ਪਰਿਵਾਰਾਂ ਲਈ ਹਮਦਰਦੀ ਦਾ ਇਕ ਵੀ ਲਫਜ਼ ਨਾ ਕਹੇ ਜਾਣ ਨੂੰ ਵੀ ਅਫਸੋਸਜਨਕ ਕਰਾਰ ਦਿੱਤਾ। ਪੀੜਤ ਪਰਿਵਾਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਵੀ ਮੁਲਾਕਾਤ ਕਰ ਕੇ ਪੂਰੀ ਜਾਣਕਾਰੀ ਲੈਣ ਲਈ ਯਤਨਸ਼ੀਲ ਹਨ।