ਜਪੁਜੀ ਦਾ ਰੱਬ (ਕਿਸ਼ਤ 10)

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਜਪੁ ਇਕ ਪਰੰਪਰਾਗਤ ਸ਼ਬਦ ਹੈ ਜਿਸ ਦਾ ਪ੍ਰਚਲਿਤ ਅਰਥ ਹੈ, ‘ਵਾਰ ਵਾਰ ਮੂੰਹੋਂ ਬੋਲਣਾ’ ਭਾਵ ਕਿਸੇ ਦਿੱਤੇ ਸ਼ਬਦ ਜਾਂ ਇਬਾਰਤ ਦਾ ਲਗਾਤਾਰ ਉਚਾਰਨ ਕਰਨਾ। ਕਈ ਲੋਕ ਇਸ ਦਾ ਮਤਲਬ ਗੁਣ-ਗੁਣਾ ਕੇ ਜਾਂ ਖਾਮੋਸ਼ ਰਹਿ ਕੇ ਮਨ ਵਿਚ ਹੀ ਸਿਮਰਨ/ਯਾਦ ਕਰਨ ਦੀ ਕ੍ਰਿਆ ਵੀ ਸਮਝਦੇ ਹਨ। ਇਹ ਇਕ ਬ੍ਰਾਹਮਣਵਾਦੀ ਪ੍ਰਕ੍ਰਿਆ ਹੈ, ਜਿਸ ਰਾਹੀਂ ਪੰਡਿਤ ਲੋਕ ਵੇਦ ਪੁਰਾਣਾਂ ਦੇ ਮੰਤਰਾਂ ਦਾ ਜਾਪ ਕਰਦੇ ਹਨ। ਉਹ ਅਜਿਹਾ ਗਿਣ ਕੇ ਕਰਦੇ ਹਨ ਤੇ ਗਿਣਤੀ ਦਾ ਹਿਸਾਬ ਰੱਖਣ ਲਈ ਮਣਕਿਆਂ ਦੀ ਮਾਲਾ ਫੇਰਦੇ ਹਨ। ਜਾਪ ਰਾਹੀਂ ਉਹ ਆਮ ਤੌਰ ‘ਤੇ ਕਿਸੇ ਦੇਵੀ-ਦੇਵਤੇ ਜਾਂ ਸ਼ਕਤੀ ਨੂੰ ਪ੍ਰਸੰਨ ਕਰ ਕੇ ਕਿਸੇ ਮੰਤਵ ਲਈ ਪ੍ਰਾਰਥਨਾ ਕਰਦੇ ਹਨ। ਇਹ ਮੰਤਵ ਮੁਕਤੀ ਪ੍ਰਾਪਤੀ ਦਾ ਵੀ ਹੋ ਸਕਦਾ ਹੈ ਤੇ ਯੱਗ, ਹਵਨ ਤੇ ਵਿਆਹ ਸ਼ਾਦੀ ਜਿਹੇ ਕਿਸੇ ਕਾਰਜ ਨੂੰ ਸਹੀ ਸਲਾਮਤ ਪੂਰ ਚਾੜ੍ਹਨ ਦਾ ਵੀ। ਇਸ ਕ੍ਰਿਆ ਦਾ ਕੋਈ ਫਾਇਦਾ ਹੈ ਜਾਂ ਨਹੀਂ, ਇਹ ਹਿੰਦੂ ਮੱਤ ਵਾਲੇ ਹੀ ਜਾਣਨ।

ਮੂਲ ਮੰਤਰ ਪਿੱਛੇ ‘ਜਪੁ’ ਲਿਖਿਆ ਵੇਖ ਕੇ ਕਈ ਸਿੱਖ ਵਿਦਵਾਨ ਸਮਝਦੇ ਹਨ ਕਿ ਗੁਰੂ ਜੀ ਨੇ ਮੂਲ ਮੰਤਰ ਨੂੰ ਵੀ ਹਿੰਦੂ ਮੰਤਰਾਂ ਵਾਂਗ ਜਪਣ ਦੀ ਤਾਕੀਦ ਕੀਤੀ ਹੈ। ਕਈ ਸਿੱਖਾਂ ਨੇ ਤਾਂ ਇਹ ਹਿਸਾਬ ਵੀ ਲਾ ਰੱਖਿਆ ਹੈ ਕਿ ਕਿੰਨੀ ਵਾਰ ਜਪ ਭਾਵ ਜਾਪ ਕਰਨ ਨਾਲ ਕੀ ਪ੍ਰਭਾਵ ਪੈਣਾ ਹੈ। ਦੂਜੇ ਪਾਸੇ ਕਈ ਕੱਟੜ-ਪੰਥੀ ਸਿੱਖ ਵਿਦਵਾਨ ਜਪੁ ਨੂੰ ਮੂਲ ਮੰਤਰ ਦਾ ਭਾਗ ਹੀ ਨਹੀਂ ਮੰਨਦੇ। ਉਹ ਸਿੱਖਾਂ ਨੂੰ ਹਿੰਦੂਆਂ ਤੋਂ ਵੱਖ ਮੰਨਦੇ ਹਨ, ਇਸ ਲਈ ਚਿੰਤਾ ਕਰਦੇ ਹਨ ਕਿ ਜਪੁ ਨੂੰ ਮੂਲ ਮੰਤਰ ਦਾ ਹਿੱਸਾ ਸਮਝ ਕੇ ਕਿਤੇ ਸਿੱਖ ਇਸ ਦਾ ਮੰਤਰਾਂ ਵਾਂਗ ਜਾਪ ਹੀ ਨਾ ਕਰਨ ਲਗ ਜਾਣ। ਉਨ੍ਹਾਂ ਦਾ ਤਰਕ ਹੈ ਕਿ ਗੁਰੂ ਸਾਹਿਬ ਨੇ ਜਪੁ ਨੂੰ ਮੂਲ ਮੰਤਰ ਤੋਂ ਨਿਖੇੜ ਕੇ ਲਿਖਿਆ ਹੈ, ਇਸ ਲਈ ਇਹ ਮੂਲ ਮੰਤਰ ਦਾ ਭਾਗ ਹੋਣ ਦੀ ਥਾਂ ਜਪੁਜੀ ਦਾ ਸਿਰਲੇਖ ਹੈ। ਪਰ ਇਹ ਦੋਵੇਂ ਵਿਚਾਰ ਦਰੁਸਤ ਨਹੀਂ ਹਨ। ਗੁਰੂ ਸਾਹਿਬ ਨੇ ਤਾਂ ਕੇਵਲ ਜਪੁ ਸ਼ਬਦ ਲਿਖਿਆ ਹੈ, ਸਿਰਲੇਖ ਦੀ ਗੱਲ ਨਹੀਂ ਲਿਖੀ। ਉਨ੍ਹਾਂ ਨੇ ਉਪਰਲੇ ਭਾਗ ਦਾ ਨਾਂ ਮੂਲ ਮੰਤਰ ਵੀ ਨਹੀਂ ਰੱਖਿਆ। ਇਹ ਸੰਗਿਆ ਸਿੱਖ ਵਿਦਵਾਨਾਂ ਨੇ ਆਪ ਹੀ ਦਿੱਤੀ ਹੈ। ਜੇ ਉਹ ਮੂਲ ਮੰਤਰ ਨੂੰ ਮੰਤਰ ਦਾ ਦਰਜਾ ਦੇ ਸਕਦੇ ਹਨ ਤਾਂ ਜਪੁ ਨੂੰ ਜਾਪ ਸਮਝਣ ਵੇਲੇ ਸੰਗਦੇ ਕਿਉਂ ਹਨ? ਮੰਤਰ ਤਾਂ ਜਪਿਆ ਹੀ ਜਾਂਦਾ ਹੈ। ਇਸ ਗੱਲ ਨੂੰ ਮੰਨ ਕੇ ਇਸ ਤੋਂ ਇਨਕਾਰੀ ਹੋਣਾ ਤਰਕਹੀਣ ਜਾਪਦਾ ਹੈ। ਇੱਥੇ ਫਿਰ ਵਿਦਵਾਨ ਆਪਣੀਆਂ ਆਪ ਮੁਹਾਰੀਆਂ ਸੋਚਾਂ ਦੇ ਜਾਲ ਵਿਚ ਫਸ ਜਾਂਦੇ ਹਨ। ਜੇ ਉਹ ਗੁਰੂ ਸਾਹਿਬ ਦੇ ਵਿਅਕਤਿਤਵ ਤੇ ਉਨ੍ਹਾਂ ਦੀ ਬਾਣੀ ਵਲ ਥੋੜ੍ਹਾ ਧਿਆਨ ਦੇਣ ਤਾਂ ਕਦੇ ਅਜਿਹੇ ਧਰਮ ਸੰਕਟ ਵਿਚ ਨਾ ਫਸਣ।
ਪਹਿਲੀ ਗੱਲ, ਗੁਰੂ ਨਾਨਕ ਨੇ ਕਦੇ ਆਪਣੀ ਬਾਣੀ ਨੂੰ ਸਿਰਲੇਖ ਨਹੀਂ ਦਿੱਤੇ। ਗੁਰੂ ਗ੍ਰੰਥ ਸਾਹਿਬ ਵਿਚ ਜੋ ਸਿਰਲੇਖ ਮਿਲਦੇ ਹਨ, ਉਹ ਰਾਗਾਂ, ਛੰਦਾਂ ਤੇ ਮਹੱਲਿਆਂ ਮੁਤਾਬਕ ਹਨ, ਜੋ ਗੁਰੂ ਅਰਜਨ ਦੇਵ ਨੇ ਸੰਪਾਦਨਾ ਵੇਲੇ ਦਿੱਤੇ ਸਨ। ਜੇ ਗੁਰੂ ਨਾਨਕ ਦੇ ਦਿੱਤੇ ਕੋਈ ਸਿਰਲੇਖ ਹੁੰਦੇ ਤਾਂ ਪੰਚਮ ਗੁਰੂ ਇਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਜਰੂਰ ਦਰਜ ਕਰਦੇ। ਅਜਿਹੇ ਪ੍ਰਮਾਣ ਦੀ ਅਣਹੋਂਦ ਵਿਚ ਜਪੁ ਨੂੰ ਜਪੁਜੀ ਦਾ ਸਿਰਲੇਖ ਨਹੀਂ ਮੰਨਿਆ ਜਾ ਸਕਦਾ। ਦੂਜੇ, ਜੇ ਇੱਦਾਂ ਮੰਨ ਵੀ ਲਈਏ ਤਾਂ ਜਪੁਜੀ ਦਾ ਸਿਰਲੇਖ ਬਣ ਕੇ ਵੀ ਜਪੁ ਸ਼ਬਦ ਤਾਂ ਉਥੇ ਹੀ ਰਹੇਗਾ ਤੇ ਇਸ ਦੇ ਅਰਥ ਵੀ ਉਹੀ ਰਹਿਣਗੇ, ਜਿਨ੍ਹਾਂ ਤੋਂ ਕੁਝ ਵਿਦਵਾਨ ਖਿਸਕਣਾ ਚਾਹੁੰਦੇ ਹਨ। ਫਰਕ ਇਹ ਹੈ ਕਿ ਫਿਰ ਇਹ ਮੂਲ ਮੰਤਰ ਦੀ ਥਾਂ ਜਪੁਜੀ ‘ਤੇ ਲਾਗੂ ਹੋਣਗੇ। ਦਰਅਸਲ ਇਸ ਦੇ ਇੱਥੇ ਦਰਜ ਕਰਨ ਦੇ ਅਰਥ ਤੇ ਮੰਤਵ ਕੁਝ ਹੋਰ ਹੀ ਹਨ, ਜਿਨ੍ਹਾਂ ਨੂੰ ਵਿਚਾਰਨ ਦੀ ਲੋੜ ਹੈ।
ਇਸ ਸਬੰਧੀ ਸਪਸ਼ਟ ਕਰ ਦੇਣਾ ਬਣਦਾ ਹੈ ਕਿ ਮੂਲ ਮੰਤਰ ਸ਼ਬਦ ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਸਿਰਫ ਇਕ ਵਾਰ ਆਇਆ ਹੈ। ਗੁਰੂ ਨਾਨਕ ਨੇ ‘ਮੂਲ ਮੰਤ੍ਰ ਹਰਿ ਨਾਮੁ ਰਸਾਇਣੁ’ ਲਿਖ ਕੇ ਇਸ ਨੂੰ ਪਰਮ ਸਤਿ ਦੇ ਅਸਲ ਨਾਮ ਦਾ ਰਸਾਇਣ ਭਾਵ ਅੰਦਰੂਨੀ ਰਚਨਾ ਦੇ ਗਿਆਨ ਦਾ ਵਿਧੀ-ਸਾਰ ਦੱਸਿਆ ਹੈ। ਮੂਲ ਮੰਤਰ ਕਹੇ ਜਾਣ ਵਾਲੇ ਸਾਰੇ ਸ਼ਬਦ-ਸੰਗ੍ਰਿਹ ਵਿਚ ਕੇਵਲ ੴ ਦਾ ਸੂਤਰ ਹੀ ਇਸ ਵਿਗਿਆਨਿਕ ਮੁਦਰਾ ਵਾਲੀ ਪਰਿਭਾਸ਼ਾ ‘ਤੇ ਪੂਰਾ ਉਤਰਦਾ ਹੈ। ਬਾਕੀ ਦੇ ਸਾਰੇ ਸ਼ਬਦ ਉਹ ਗੁਣ ਹਨ ਜੋ ੴ ਦੇ ‘ਗੁਰ’ ਮੁਤਾਬਕ ਪਤਾ ਲੱਗੇ ਹਨ। ਪਰ ਪਰੰਪਰਾ ਅਨੁਸਾਰ ਵਿਦਵਾਨ ਅੱਜ ਕੱਲ ੴ ਤੋਂ ਲੈ ਕੇ ਗੁਰਪ੍ਰਸਾਦਿ ਤੀਕ ਦੀ ਸਾਰੀ ਇਬਾਰਤ ਨੂੰ ਹੀ ਮੂਲ ਮੰਤਰ ਕਹਿਣ ਲੱਗ ਪਏ ਹਨ। ਉਨ੍ਹਾਂ ਦੇ ਅਜਿਹਾ ਕਰਨ ਕਰਕੇ ਹਥਲੀ ਲਿਖਤ ਵਿਚ ਵੀ ਇਵੇਂ ਹੀ ਮੰਨਿਆ ਗਿਆ ਹੈ।
ਗੁਰੂ ਨਾਨਕ ਨੇ ਹਿੰਦੂ ਮਤ ਦੀਆਂ ਬਹੁਤ ਸਾਰੀਆਂ ਮਾਨਤਾਵਾਂ ਤੇ ਰਸਮਾਂ ਨੂੰ ਨਕਾਰਿਆ ਹੈ। ਇਨ੍ਹਾਂ ਵਿਚ ਜਾਪ ਜਾਂ ਜਪਣ ਦੀ ਕ੍ਰਿਆ ਵੀ ਸ਼ਾਮਲ ਹੈ। ਉਨ੍ਹਾਂ ਨੇ ਇਸ ਨੂੰ ਅੰਧ-ਵਿਸ਼ਵਾਸ ‘ਤੇ ਆਧਾਰਤ ਦੱਸਿਆ ਹੈ ਕਿਉਂਕਿ ਇਹ ਤਰਕ-ਸੰਗਤ ਨਹੀਂ ਹੈ। ਦੁਨਿਆਵੀ ਕਾਰਜ ਜਪਣ ਜਾਂ ਸੋਚਣ ਨਾਲ ਨਹੀਂ ਹੁੰਦੇ ਸਗੋਂ ਕੁਦਰਤ ਦੇ ਨਿਯਮਾਂ ਨੂੰ ਸਮਝਣ ਤੇ ਉਨ੍ਹਾਂ ਅਨੁਸਾਰ ਯੋਗ ਕੰਮ ਕਰਨ ਨਾਲ ਹੁੰਦੇ ਹਨ। ਗੁਰੂ ਜੀ ਨੇ ਯੋਗ ਕੰਮ ਨੂੰ ‘ਕਰਮ’ ਦਾ ਨਾਂ ਦਿੱਤਾ ਹੈ। ਇਸ ਦਾ ਸਬੂਤ ਬਹਿਸ ਵਿਚ ਨਹੀਂ, ਅਨੁਭਵ ਵਿਚ ਹੈ। ਇਹ ਸਬੂਤ ਗੁਰੂ ਜੀ ਨੇ ਅੱਗੇ ਚਲ ਕੇ ਬਿਆਨਿਆ ਵੀ ਹੈ, ‘ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ॥’ ਅਰਥਾਤ ਸਾਰੀ ਸ੍ਰਿਸ਼ਟੀ ਗਾਹ ਕੇ ਵੇਖ ਲਵੋ, ਯੋਗ ਕੰਮ ਕੀਤੇ ਬਿਨਾ ਨਾ ਕਿਸੇ ਨੂੰ ਕੁਝ ਮਿਲਦਾ ਹੈ ਤੇ ਨਾ ਕੋਈ ਕੁਝ ਲੈ ਸਕਦਾ ਹੈ। ਇਹ ਦਲੀਲ ਉਨ੍ਹਾਂ ਨੇ ਕਿਸੇ ਦੇਵੀ-ਦੇਵਤੇ ਨੂੰ ਪੁੱਛ ਕੇ ਜਾਂ ਕੋਈ ਧਰਮ ਗ੍ਰੰਥ ਪੜ੍ਹ ਕੇ ਨਹੀਂ ਦਿੱਤੀ ਸਗੋਂ ਸਾਰੀ ਦੁਨੀਆਂ ਘੁੰਮ ਕੇ ਇਸ ਦੇ ਵਰਤਾਰਿਆਂ ਨੂੰ ਵੇਖ-ਪਰਖ ਕੇ ਆਪਣੇ ਤਜਰਬੇ ਨਾਲ ਲਿਖੀ ਹੈ। ਅਰਥਾਤ ਗੁਰੂ ਨਾਨਕ ਦੇ ‘ਜਪੁ’ ਦੇ ਅਰਥ ਪਰੰਪਰਾਗਤ ਅੰਧ-ਵਿਸ਼ਵਾਸੀ ਰਟਨ ਦੇ ਬਿਲਕੁਲ ਉਲਟ ਹਨ। ਜਪੁ ਦੇ ਇਹ ਅਰਥ ਮਨ ਵਿਚ ਬਿਠਾਉਣੇ ਤੇ ਸਮਝਾਉਣੇ ਬਣਦੇ ਹਨ, ਨਾ ਕਿ ਇਨ੍ਹਾਂ ਨੂੰ ਹਿੰਦੂ ਸਮਝ ਕੇ ਕੰਨੀ ਕਤਰਾਉਣੀ।
ਇਥੇ ‘ਜਪੁ’ ਦੇ ਕੀ ਅਰਥ ਹਨ? ਭਗਤੀ ਮਾਰਗ ਤੇ ਗਿਆਨ ਮਾਰਗ ਦੇ ਉਦੇਸ਼, ਦਿਸ਼ਾ ਅਤੇ ਕ੍ਰਿਆ-ਸ਼ੈਲੀ ਇਕ ਦੂਜੇ ਤੋਂ ਬਿਲਕੁਲ ਉਲਟ ਹਨ। ਭਗਤੀ ਮਾਰਗ ਦੇ ਪੈਰੋਕਾਰਾਂ ਦਾ ਉਦੇਸ਼ ਭਗਤੀ ਰਾਹੀਂ ਕੋਈ ਸਵਾਰਥ ਪੂਰਾ ਕਰਨਾ, ਲਾਭ ਜਾਂ ਮੋਕਸ਼ ਪ੍ਰਾਪਤ ਕਰਨਾ, ਕਰਾਮਾਤ ਦਿਖਾਉਣ ਜਿਹਾ ਕੋਈ ਮਕਸਦ ਹੁੰਦਾ ਹੈ। ਗਿਆਨ ਮਾਰਗ ਦਾ ਮਨੋਰਥ ਗਿਆਨ ਜਾਂ ਜਾਣਕਾਰੀ ਰਾਹੀਂ ਭਾਣੇ ਦੇ ਹੁਕਮ ਭਾਵ ਨਿਯਮਾਂ ਨੂੰ ਭਾਲ ਕੇ ਉਨ੍ਹਾਂ ਅਨੁਸਾਰ ਯੋਗ ਕਾਰਜ ਕਰਨਾ ਹੁੰਦਾ ਹੈ।
ਕਿਉਂਕਿ ਗੁਰੂ ਨਾਨਕ ਦਾ ਮਨੋਰਥ ੴ ਦੀ ਗਣਿਤੀ ਵਿਧੀ ਭਾਵ ਸਮੁੱਚੇ ਵਿਗਿਆਨ ਦੇ ਵਿਧੀ-ਵਿਧਾਨ ਰਾਹੀਂ ਕੁਦਰਤ ਦੇ ਨਿਯਮਾਂ ਦਾ ਗਿਆਨ ਹਾਸਲ ਕਰਨਾ ਸੀ, ਇਸ ਲਈ ਉਹ ਗਿਆਨ ਮਾਰਗੀ ਸਨ। ਸ਼ਬਦ ‘ਜਪੁ’ ਤੋਂ ਉਨ੍ਹਾਂ ਦਾ ਭਾਵ ਭਗਤੀ ਮਾਰਗ ਵਾਲਾ ਭਾਵ ਗੁਣ ਗੁਣਾ ਕੇ ਰਟਨ ਵਾਲਾ ਪਾਠ ਨਹੀਂ ਸੀ ਸਗੋਂ ਤਰਕ, ਵਿਵੇਕ ਤੇ ਬੁੱਧੀ ਦੀ ਵਰਤੋਂ ਰਾਹੀਂ ਸਹੀ ਜਾਣਕਾਰੀ ਪ੍ਰਾਪਤ ਕਰਨ ਦਾ ਅਨੁਭਵ-ਪ੍ਰਧਾਨ ਉਪਰਾਲਾ ਸੀ। ਜਿਨ੍ਹਾਂ ਨੇ ਗੁਰੂ ਨਾਨਕ ਦੇ ਇਸ ਸ਼ਬਦ ਦੇ ਸਹੀ ਅਰਥ ਸਮਝਣੇ ਹੋਣ, ਉਹ ਆਈਜ਼ਾਕ ਐਸੀਮੋਵ (ੀਸਅਅਚ Aਸਮੋਵ) ਦੀ ਪੁਸਤਕ ‘ਵਰਲਡਜ਼ ਵਿਦਇਨ ਵਰਲਡਜ਼’ (ੱੋਰਲਦਸ ੱਟਿਹਨਿ ੱੋਰਲਦਸ) ਨੂੰ ਪੜ੍ਹਨ, ਜਿਸ ਵਿਚ ਲੇਖਕ ਨੇ ਦਰਸਾਇਆ ਹੈ ਕਿ ਕਿਵੇਂ ਤਰਕ ਤੇ ਅਨੁਭਵ ਸਹਾਰੇ ਮਨੁੱਖਤਾ ਇਕ ਇਕ ਕਰਕੇ ਪਿਛਲੇ ਦੋ ਸੌ ਸਾਲਾਂ ਵਿਚ ਗਿਆਨ ਦੀਆਂ ਪੁਲਾਂਘਾਂ ਭਰ ਕੇ ਕਿੱਥੇ ਤੋਂ ਕਿੱਥੇ ਪਹੁੰਚ ਗਈ ਹੈ। ਦੂਜੇ ਪਾਸੇ ਰਵਾਇਤੀ ਜਾਪ ਦਾ ਅਨੁਭਵ ਇਹ ਹੈ ਕਿ ਭਗਤ-ਜਨ ਪੂਜਾ-ਪਾਠ ਤੇ ਧਰਮ-ਕਰਮ ਦੇ ਨਾਂ ਹੇਠ ਧਰਮ ਅਸਥਾਨ ਬਣਾਉਣ ਤੇ ਸੰਭਾਲਣ ਵਿਚ ਹੀ ਉਲਝੇ ਹੋਏ ਹਨ।
ਹੁਣ ਪ੍ਰਸ਼ਨ ਉਠਦਾ ਹੈ ਕਿ ਜੇ ‘ਜਪੁ’ ਹਿੰਦੂਤਵੀ ਧਾਰਮਿਕ ਕਰਮ-ਕਾਂਡਾਂ ਨਾਲ ਜੁੜਿਆ ਨਿਰਾਰਥਕ ਸ਼ਬਦ ਹੈ ਤਾਂ ਫਿਰ ਗੁਰੂ ਨਾਨਕ ਨੇ ਇਸ ਸ਼ਬਦ ਦੀ ਵਰਤੋਂ ਗਿਆਨ ਵਿਗਿਆਨ ਦੇ ਮੰਤਵ ਲਈ ਕਿਉਂ ਕੀਤੀ? ਇਹ ਜਾਣਨ ਲਈ ਸਾਨੂੰ ਉਸ ਵੇਲੇ ਦੇ ਉਨ੍ਹਾਂ ਲੋਕਾਂ ਦੀ ਮਾਨਸਿਕਤਾ ਵਲ ਜਾਣਾ ਪਵੇਗਾ ਜਿਨ੍ਹਾਂ ਨੂੰ ਗੁਰੂ ਜੀ ਸਿੱਖ ਮੱਤ ਦਾ ਰਾਹ ਦੱਸ ਰਹੇ ਸਨ। ਇਹ ਉਹ ਲੋਕ ਸਨ ਜੋ ਕਿਸੇ ਖਲਾਅ ਵਿਚੋਂ ਨਹੀਂ ਸਨ ਆਏ ਸਗੋਂ ਪੁਰਾਤਨ ਰੂੜੀਵਾਦੀ ਵਿਚਾਰਧਾਰਾਵਾਂ ਦੇ ਪੈਰੋਕਾਰ ਸਨ। ਪੂਜਾ-ਪਾਠੀ ਬਿਰਤੀਆਂ ਤੇ ਰੂੜੀਵਾਦੀ ਪਰੰਪਰਾਵਾਂ ਵਲੋਂ ਉਹ ਜਪੁ ਸ਼ਬਦ ਨਾਲ ਪਹਿਲਾਂ ਤੋਂ ਹੀ ਪੱਕੇ ਜੁੜੇ ਹੋਏ ਸਨ। ਗੁਰੂ ਜੀ ਨੇ ਉਨ੍ਹਾਂ ਨੂੰ ਕੋਈ ਨਵਾਂ ਸ਼ਬਦ ਦੇਣ ਦੀ ਥਾਂ ਪ੍ਰਚਲਿਤ ਸ਼ਬਦ ਦੇ ਹੀ ਬਦਲਵੇਂ ਵੱਡੇ ਅਰਥ ਦੱਸ ਕੇ ਗਿਆਨ ਦੇ ਰਾਹ ਮੋੜਨ ਦੀ ਕੋਸ਼ਿਸ਼ ਕੀਤੀ। ਨਵਾਂ ਸ਼ਬਦ ਦੱਸਣ ਨਾਲ ਉਨ੍ਹਾਂ ਨੂੰ ਆਪਣੇ ਕੁਰਾਹੇਪਣ ਦਾ ਉਨਾ ਅਹਿਸਾਸ ਨਹੀਂ ਸੀ ਹੋ ਸਕਣਾ, ਜਿੰਨਾ ਪੁਰਾਣੇ ਸ਼ਬਦ ਵਿਚ ਨਵੇਂ ਅਰਥ ਪਾ ਕੇ ਹੋ ਸਕਦਾ ਸੀ। ਉਹ ਨਵਾਂ ਸ਼ਬਦ ਦੇ ਕੇ ਲੋਕਾਂ ਦੀ ਬੌਧਿਕਤਾ ਵਿਚ ਤਰੇੜ ਨਹੀਂ ਸੀ ਪਾਉਣਾ ਚਾਹੁੰਦੇ ਸਗੋਂ ਪੁਰਾਣੇ ਵਿਚ ਨਵੇਂ ਵਿਵੇਕਪੂਰਨ ਅਰਥ ਭਰ ਕੇ ਪਰੰਪਰਾਗਤ ਬੁੱਧੀ ਵਿਚ ਸੋਧ ਕਰਨੀ ਚਾਹੁੰਦੇ ਸਨ। ਅਜਿਹਾ ਕਰਕੇ ਉਨ੍ਹਾਂ ਨੇ ਕਰਮ-ਕਾਂਡੀ ਭਗਤਾਂ ਨੂੰ ਅੰਧ-ਵਿਸ਼ਵਾਸ ਤੇ ਅਗਿਆਨ ਦੀ ਲੀਹ ਤੋਂ ਲਾਹ ਕੇ ਸਹਿਜੇ ਹੀ ਸਿੱਖੀ ਦੀ ਅਨੁਭਵ-ਪ੍ਰਧਾਨ ਲੀਹ ‘ਤੇ ਪਾਉਣ ਦਾ ਯਤਨ ਕੀਤਾ। ਉਨ੍ਹਾਂ ਨੇ ਪੁਰਾਤਨ ਨੂੰ ਤਾਕਤ ਨਾਲ ਮਿਟਾਇਆ ਨਹੀਂ ਭਾਵ ਸ਼ਰਧਾਲੂ ਭੇਜ ਕੇ ਬਾਬਰੀ ਮਸਜਿਦ ਵਾਂਗੂੰ ਢੁਹਾਇਆ ਨਹੀਂ ਸਗੋਂ ਤਰਕ ਨਾਲ ਨਵਿਆਇਆ ਹੈ।
ਰਵਾਇਤੀ ਜਪ ਨੂੰ ਸਹੀ ਜਪੁ ਦੇ ਅਰਥ ਦੇ ਕੇ ਗੁਰੂ ਸਾਹਿਬ ਨੇ ਪੁਰਾਤਨ ਪਰੰਪਰਾਵਾਂ ਨਾਲ ਜੁੜੇ ਲੋਕਾਂ ਨੂੰ ਅੰਧ-ਵਿਸ਼ਵਾਸੀ ਵਿਚਾਰਾਂ ਤੇ ਰਹੁ-ਰੀਤਾਂ ਨੂੰ ਅਨੁਭਵ ਦੀ ਕਸੌਟੀ ‘ਤੇ ਪਰਖਣ ਦੀ ਸਿੱਖਿਆ ਦਿੱਤੀ। ਜਾਣੇ-ਪਛਾਣੇ ਜਪੁ ਸ਼ਬਦ ਨੂੰ ਹੀ ਗਿਆਨ ਦੀ ਪੁੱਠ ਦੇ ਕੇ ਉਨ੍ਹਾਂ ਨੇ ਸ਼ਰਧਾ-ਪੰਥੀਆਂ ਨੂੰ ਸਹਿਜ ਸੁਭਾਅ ਸਿੱਖ ਵਿਚਾਰਧਾਰਾ ਨਾਲ ਜੋੜਿਆ। ਉਂਜ ਕੋਈ ਕਿਸੇ ਨਵੀਂ ਵਿਚਾਰਧਾਰਾ ਨਾਲ ਜੁੜੇ ਜਾਂ ਨਾ, ਇਹ ਉਸ ਦੀ ਮਰਜ਼ੀ, ਪਰ ਗਲਤੀ ਦੇ ਅਹਿਸਾਸ ਦੇ ਗਹਿਰੇ ਝਟਕੇ ਨਾਲ ਪੁਰਾਣੇ ਪਾਸੇ ਤੋਂ ਨਵੇਂ ਪਾਸੇ ਜੁੜਨਾ ਲਗਭਗ ਨਿਸ਼ਚਿਤ ਹੁੰਦਾ ਹੈ। ਇਥੇ ਗੁਰੂ ਜੀ ਪੁਰਾਣੇ ਤੇ ਨਵੇਂ ਜਪੁ ਦੀ ਤੁਲਨਾ ਕਰਦਿਆਂ ਇਹ ਕਹਿੰਦੇ ਨਜ਼ਰ ਆ ਰਹੇ ਹਨ, “ਦੇਖੋ ਭਾਈ! ਉਹ ਕੀ ‘ਜਪੁ’ ਹੈ, ਅਸਲ ਜਪੁ ਤਾਂ ਇਹ ਹੈ!” ਇੱਦਾਂ ਲੱਗਦਾ ਹੈ ਕਿ ਮੂਲ ਮੰਤਰ ਵਿਚ ਨਵੀਂ ਧਾਰਨਾ ਤੇ ਨਵੀਂ ਵਿਧੀ ਪਰੋਸ ਕੇ ਉਨ੍ਹਾਂ ਕਿਹਾ ਹੋਵੇ, ‘ਉਹ ਜਾਪ ਤਾਂ ਕਰੋ ਜੇ ਜਪੁ ਕਰਨ ਵਾਲੀ ਚੀਜ਼ ਦਾ ਤੁਹਾਨੂੰ ਪਤਾ ਹੋਵੇ। ਜੇ ਉਸ ਦਾ ਪਤਾ ਹੀ ਨਹੀਂ ਤਾਂ ਇਹ ਤੋਤੇ-ਰੱਟ ਕਿਹਦੇ ਲਈ ਕਰਦੇ ਹੋ? ਜੇ ਜਪੁ ਕਰਨਾ ਹੀ ਹੈ ਤਾਂ ਸੋਚ, ਸਮਝ ਤੇ ਪਰਖ ਨਾਲ ਉਸ ਦੀ ਖੋਜ ਦਾ ਵੱਡਾ ਜਪੁ ਕਰੋ।’
ਇਹ ਉਨ੍ਹਾਂ ਦਾ ਗੱਲ ਨੂੰ ਅਸਰਦਾਰ ਢੰਗ ਨਾਲ ਕਰਨ ਤੇ ਸਮਝਾਉਣ ਦਾ ਕੌਤਕੀ ਢੰਗ ਸੀ, ਜੋ ਉਨ੍ਹਾਂ ਉਦੋਂ ਵਰਤਿਆ, ਜਦੋਂ ਬ੍ਰਹਿਮੰਡੀ ਤੇ ਵਾਯੂ-ਮੰਡਲੀ ਵਰਤਾਰਿਆਂ ਦੀ ਸਦੀਵੀ ਆਰਤੀ ਦੀ ਤੁਲਨਾ ਵਿਚ ਬ੍ਰਾਹਮਣਾਂ ਵਲੋਂ ਮੰਦਿਰਾਂ ਵਿਚ ਕੀਤੀ ਆਰਤੀ ਨੂੰ ਕਰਮ-ਕਾਂਡ ਦੱਸਿਆ। ਇਸੇ ਤਰ੍ਹਾਂ ਭੁੱਖੇ ਸਾਧੂਆਂ ਨੂੰ ਭੋਜਨ ਖਵਾਉਣ ਨੂੰ ਸੱਚਾ-ਸੌਦਾ ਕਿਹਾ ਸੀ। ਭਾਈ ਲਾਲੋ ਦੇ ਘਰ ਕੋਧਰੇ ਦੀ ਰੋਟੀ ਵਿਚ ਦੁੱਧ ਅਤੇ ਮਲਕ ਭਾਗੋ ਦੇ ਖਾਣੇ ਵਿਚ ਖੂਨ ਦਰਸਾ ਕੇ ਸੱਚੀ ਕਿਰਤ ਦਾ ਸਿਰ ਉਚਾ ਕੀਤਾ। ਇਵੇਂ ਹੀ ਹਰਿਦੁਆਰ ਵਿਚ ਗੰਗਾ ਤੋਂ ਕਰਤਾਰਪੁਰ ਦੇ ਖੇਤਾਂ ਵਲ ਪਾਣੀ ਸੁੱਟ ਕੇ ਅਤੇ ਇਕ ਦੂਜੀ ਥਾਂ ਚੰਗੇ ਲੋਕਾਂ ਨੂੰ ਉਜੜ ਜਾਣ ਤੇ ਮੰਦਿਆਂ ਨੂੰ ਵਸੇ ਰਹਿਣ ਦੀ ਭਾਖਾ ਬੋਲ ਕੇ ਉਨ੍ਹਾਂ ਨੇ ਅਨੇਕਾਂ ਵਾਰ ਅਜਿਹੀਆਂ ਹੀ ਮਨ ਝੰਜੋੜਨ ਵਾਲੀਆਂ ਕੌਤਕੀ ਗੱਲਾਂ ਕੀਤੀਆਂ। ਹਰ ਵਾਰ ਉਨ੍ਹਾਂ ਨੇ ਪ੍ਰਚਲਿਤ ਸ਼ਬਦਾਂ ਵਿਚ ਨਵੇਂ ਅਰਥ ਪਾ ਕੇ ਲੋਕਾਂ ਨੂੰ ਤਰਕ ਤੇ ਵਿਵੇਕ ਵਲ ਮੁੜਨ ਦਾ ਉਪਦੇਸ਼ ਦਿੱਤਾ। ਪੁਰਾਣੇ ਰਿਵਾਜਾਂ ਨੂੰ ਛੱਡਣ ਲਈ ਕਹਿਣ ਦੇ ਨਾਲ ਨਾਲ ਉਨ੍ਹਾਂ ਨੇ ਉਨ੍ਹਾਂ ਵਿਚ ਉਹ ਅਰਥ ਪਾਏ ਸਨ ਜੋ ਉਹ ਲੋਕਾਂ ਨੂੰ ਵਿਗਿਆਨਕ ਢੰਗ ਵਰਤ ਕੇ ਗਿਆਨ ਹਿਤ ਕਾਰਜ ਕਰਨ ਦੀ ਸੇਧ ਦੇਣ।
ਜੇ ਗੁਰੂ ਸਾਹਿਬ ਦੇ ਇਸ ਸੰਦੇਸ਼ ਨੂੰ ਸਾਧਾਰਣ ਸ਼ਬਦਾਂ ਵਿਚ ਕਹਿਣਾ ਹੋਵੇ ਤਾਂ ਇਸ ਨੂੰ ਇਵੇਂ ਕਿਹਾ ਜਾ ਸਕਦਾ ਹੈ, “ੴ ਸੂਤਰ ਦੀ ਵਿਗਿਆਨਕ ਤਰਕ ਵਾਲੀ ਗਣਿਤੀ ਵਿਧੀ ਵਰਤਦਿਆਂ ਜਿਵੇਂ ਪਰਮ ਸਤਿ ਦੇ ਕੁਝ ਮੁੱਖ ਗੁਣ ਅਰਥਾਤ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਪ੍ਰਾਪਤ ਹੋਏ ਹਨ, ਉਵੇਂ ਹੀ ਇਹ ਗੁਰ (ਵਿਧੀ) ਵਰਤ ਕੇ ਉਸ ਦੀਆਂ ਹੋਰ ਵਿਸ਼ੇਸ਼ਤਾਈਆਂ ਖੋਜਣ ਵਿਚ ਮਨ ਲਾਓ ਤਾਂ ਜੋ ਉਸ ਦੇ ਗੁਣਾਂ ਦੀ ਪਛਾਣ ਨਾਲ ਉਸ ਦਾ ਤੇ ਉਸ ਦੇ ਅਸਲ ਨਾਮ ਦਾ ਪੂਰਾ ਗਿਆਨ ਹੋ ਸਕੇ। ਇਹੀ ਅਸਲ ਜਪੁ ਹੈ।”
ਇਸ ਦੇ ਜੋ ਅਰਥ ਅਜੋਕੇ ਸਿੱਖ ਵਿਦਵਾਨ ਕਰਦੇ ਹਨ, ਉਹ ਹਨ, “ੴ ਸਰਬਉਚ ਸਰਬ-ਸ਼ਕਤੀਮਾਨ ਪਰਮਾਤਮਾ ਹੈ, ਉਹ ਸੱਚਾ ਪਾਤਸ਼ਾਹ ਹੈ, ਉਸ ਦਾ ਨਾਮ ਸੱਚਾ ਹੈ, ਦੁਨੀਆਂ ਨੂੰ ਬਣਾਉਣ ਵਾਲਾ ਉਹ ਕਰਤਾ-ਪੁਰਖ ਕਿਸੇ ਦੇ ਭੈ ਵਿਚ ਨਹੀਂ ਤੇ ਸਭ ਨੂੰ ਪਿਆਰ ਕਰਦਾ ਹੈ। ਉਹ ਮਨੁੱਖਾਂ ਤੋਂ ਉਚਾ ਤੇ ਭਿੰਨ ਹੈ। ਉਹ ਜੀਵਾਂ ਵਾਂਗ ਮਰਦਾ ਨਹੀਂ ਤੇ ਆਵਾਗਵਨ ਤੋਂ ਮੁਕਤ ਹੈ। ਉਹ ਆਪਣੀ ਸ਼ਕਤੀ ਨਾਲ ਆਪੇ ਹੀ ਦੁਨੀਆਂ ਦਾ ਮਾਲਕ ਹੈ। ਉਸ ਦਾ ਪਤਾ ਗੁਰੂ ਦੀ ਕਿਰਪਾ-ਦ੍ਰਿਸ਼ਟੀ ਨਾਲ ਲੱਗਦਾ ਹੈ। ਗੁਰੂ ਜੀ ਕਹਿੰਦੇ ਹਨ ਕਿ ਉਸ ਪਰਮਪਿਤਾ ਪਰਮਾਤਮਾ ਦੀਆਂ ਬਖਸ਼ਿਸ਼ਾਂ ਪਾਉਣ ਲਈ ਇਸ ਮੂਲ ਮੰਤਰ ਦਾ ਲਗਾਤਾਰ ਜਾਪ ਕਰੋ ਭਾਵ ਹਰ ਸਾਹ ਨਾਲ ਇਸ ਨੂੰ ਮੂੰਹੋਂ ਉਚਾਰਦੇ ਰਹੋ।” ਜ਼ਾਹਰ ਹੈ, ਇਸ ਵਿਆਖਿਆ ਵਿਚ ਮੂਲ ਮੰਤਰ ਅਤੇ ਜਪੁ ਦੇ ਭਾਵ-ਅਰਥ ਗਿਆਨਮੁਖੀ ਨਹੀਂ ਹਨ, ਸੋ ਗੁਰੂ ਨਾਨਕ ਦੇ ਆਸ਼ੇ ਮੁਤਾਬਕ ਨਹੀਂ ਹਨ। ਪਰ ਬਹੁਤੇ ਸਿੱਖ ਵਿਦਵਾਨ ਇਸ ਅਹਿਮ ਫਰਕ ਨੂੰ ਨਜ਼ਰ-ਅੰਦਾਜ਼ ਕਰਦੇ ਹਨ। ਇਸ ਕੁਤਾਹੀ ਕਾਰਨ ਆਮ ਸਿੱਖਾਂ ਵਿਚ ਪਖੰਡ-ਕਰਮੀ ਤੇ ਅਗਿਆਨਤਾਵਾਦੀ ਮਨੋ-ਬਿਰਤੀਆਂ ਪ੍ਰਵੇਸ਼ ਕਰ ਰਹੀਆਂ ਹਨ।
ਜਿਵੇਂ ਉਪਰ ਕਿਹਾ ਗਿਆ ਹੈ, ਅੱਜ ਮੂਲ ਮੰਤਰ ਤੇ ਜਪੁਜੀ ਸਾਹਿਬ ਸੱਚ ਦੀ ਸੇਧ ਹਾਸਲ ਕਰਨ ਲਈ ਨਹੀਂ ਸਗੋਂ ਇਕ ਕਰਮ-ਕਾਂਡ ਵਾਂਗ ਕਾਰਜ-ਸਿਧੀ ਲਈ ਪੜ੍ਹੇ ਜਾਂਦੇ ਹਨ। ਕੋਈ ਕਹਿੰਦਾ ਹੈ, ਸਵੇਰੇ ਉਠ ਕੇ ਜਪੁਜੀ ਦਾ ਪਾਠ ਕਰਨ ਨਾਲ ਦਿਨ ਦੇ ਸਭ ਕੰਮ ਆਸਾਨ ਹੋ ਜਾਂਦੇ ਹਨ। ਕੋਈ ਕਹਿੰਦਾ ਹੈ, ਇਸ ਨਾਲ ਜੂਨੀ-ਭ੍ਰਮਣ ਤੋਂ ਮੁਕਤੀ ਮਿਲ ਜਾਂਦੀ ਹੈ। ਸੰਤ ਅਖਵਾਉਂਦਾ ਕੋਈ ਸੱਜਣ ਕਹਿੰਦਾ ਹੈ ਕਿ ਜੇ ਪੂਰੇ ਜਪੁਜੀ ਦਾ ਪਾਠ ਨਹੀਂ ਹੋ ਸਕਦਾ ਤਾਂ ਪਹਿਲੀਆਂ ਪੰਜ ਪੌੜੀਆਂ ਦਾ ਹੀ ਪੰਜ ਵਾਰ ਕਰ ਲਵੋ, ਦੋਹਾਂ ਦਾ ਫਲ ਬਰਾਬਰ ਹੈ। ਕੋਈ ਸਾਧ ਕਹਿੰਦਾ ਹੈ, 360 ਜਪੁਜੀ ਪਾਠਾਂ ਨਾਲ ਪੁੱਤਰ-ਦਾਤ ਮਿਲਦੀ ਹੈ। ਕਈ ਭਾਈ ਪ੍ਰਚਾਰਦੇ ਹਨ ਕਿ ਜੇ ਪੰਜ ਪਉੜੀਆਂ ਦਾ ਪਾਠ ਵੀ ਨਹੀਂ ਹੋ ਸਕਦਾ, ਮੂਲ ਮੰਤਰ ਦਾ ਹੀ 108 ਵਾਰ ਕਰ ਲਵੋ, ਇਸ ਨਾਲ ਹੀ ਕਈ ਦੁਖ-ਦਲਿੱਦਰ ਤੇ ਡਰ-ਭੈ ਨੇੜੇ ਨਹੀਂ ਆਉਂਦੇ। ਕਈ ਵਿਦਵਾਨ ਲਗਦੇ ਗੁਰਮੁਖ ਚਿਹਰੇ-ਮੁਹਰੇ ਵਾਲੇ ਸਿੱਖ ਤਾਂ ਜਪੁਜੀ ਪਾਠ ਨਾਲ ਦਿਲ, ਦਿਮਾਗ ਤੇ ਗੁਰਦਿਆਂ ਦੀਆਂ ਗੰਭੀਰ ਬਿਮਾਰੀਆਂ ਠੀਕ ਕਰਨ ਦਾ ਵੀ ਦਾਅਵਾ ਕਰਦੇ ਹਨ ਤੇ ਇਸ ਖਾਤਰ ਬਾਕਾਇਦਾ ਕੈਂਪ ਲਾਉਂਦੇ ਹਨ। ਉਨ੍ਹਾਂ ਦੇ ਵਧੇਰੇ ਕੈਂਪ ਵਿਦੇਸ਼ਾਂ ਵਿਚ ਲੱਗਦੇ ਹਨ ਜਿੱਥੇ ਮਾਇਆ 60-70 ਗੁਣਾ ਵੱਧ ਮਿਲਦੀ ਹੈ। ਜਿੰਨਾ ਵੱਡਾ ਕੰਮ, ਉਨੇ ਵੱਧ ਪਾਠ। ਕੀ ਪੁਰਸ਼, ਕੀ ਬੀਬੀਆਂ, ਕੀ ਸਾਬਤ-ਸਰੂਪ ਤੇ ਕੀ ਸਹਿਜਧਾਰੀ, ਸਵੇਰੇ ਉਠਦਿਆਂ ਹੀ ਕਿਸੇ ਨਾ ਕਿਸੇ ਕਾਰਜ-ਸਿਧੀ ਨਮਿੱਤ ਮੂਲ ਮੰਤਰ ਜਾਂ ਜਪੁਜੀ ਪਾਠ ਅਰੰਭ ਕਰ ਦਿੰਦੇ ਹਨ। ਮਾਲਾ ਤੋਂ ਬਿਨਾ ਕੋਈ ਪਾਠ ਨਹੀਂ ਕਰਦਾ, ਕਿਉਂਕਿ ਪਾਠ ਗਿਣ ਕੇ ਕਰਨੇ ਹੁੰਦੇ ਹਨ। ਕਈ ਸੰਤ ਮਹੰਤ ਤਾਂ ਪੜ੍ਹਨ-ਪੜ੍ਹਾਉਣ ਤੇ ਪਾਠਾਂ ਦੀ ਗੱਲ ਛੱਡ ਸਿੱਧਾ ‘ਨਾਮ’ ਹੀ ਵੇਚਦੇ ਹਨ। ਗੱਲ ਕੀ, ਗੁਰੂ ਨਾਨਕ ਦਾ ਗਿਆਨ ਤੇ ਵਿਵੇਕ ਦਾ ‘ਮੂਲ ਮੰਤਰ’ ਅੱਜ ਧਰਮ ਤੇ ਸਵਾਰਥ ਦੀ ਆੜ ਵਿਚ ਇਕ ਤਾਂਤਰਿਕ ਵਸਤੂ ਦੇ ਤੌਰ ‘ਤੇ ਵਰਤਿਆ ਜਾਣ ਲੱਗਾ ਹੈ।
ਇਹ ਗੁਰੂ ਨਾਨਕ ਦੀ ਸਿੱਖੀ ਵਿਚਾਰਧਾਰਾ ਨਾਲ ਖਿਲਵਾੜ ਹੈ। ਉਨ੍ਹਾਂ ਨੇ ਜਪੁਜੀ ਸਾਹਿਬ ਦੀ ਬਾਣੀ ਸਿੱਖਾਂ ਨੂੰ ਪੜ੍ਹ ਕੇ ਸਿੱਖਣ ਅਤੇ ਸਿੱਖ ਕੇ ਸਹੀ ਅਮਲ ਕਰਨ ਲਈ ਦਿੱਤੀ ਸੀ, ਪਰ ਉਨ੍ਹਾਂ ਦੇ ਸਿੱਖਾਂ ਨੇ ਕੁਰਾਹੇ ਪੈ ਕੇ ਇਸ ਦਾ ਪੁਰਾਣਕ ਮੰਤਰਾਂ ਵਾਂਗ ਬਿਨਾ ਸਮਝੇ-ਬੁੱਝੇ ਰੱਟੇ ਲਾਉਣਾ ਸ਼ੁਰੂ ਕਰ ਦਿੱਤਾ ਹੈ। ਹਿੰਦੂ ਪੰਡਿਤਾਂ ਦੀ ਤਾਂ ਰੱਟੇ ਲਾਉਣ ਦੀ ਮਜਬੂਰੀ ਵੀ ਸੀ ਕਿ ਪੁਰਾਤਨ ਕਾਲ ਵਿਚ ਕਾਗਜ਼, ਕਲਮ, ਦਵਾਤ ਤੇ ਕਿਤਾਬਾਂ ਨਾ ਹੋਣ ਕਰ ਕੇ ਉਨ੍ਹਾਂ ਨੂੰ ਸਭ ਕੁਝ ਮੂੰਹ ਜ਼ੁਬਾਨੀ ਯਾਦ ਰੱਖਣਾ ਪੈਂਦਾ ਸੀ। ਪਰ ਅੱਜ ਗੁਰੂ ਦੀ ਬਾਣੀ ਗੁਟਕਿਆਂ, ਗ੍ਰੰਥਾਂ, ਸੀਡੀਆਂ ਤੇ ਹੋਰ ਕਈ ਮਾਧਿਅਮਾਂ ਵਿਚ ਆਮ ਮਿਲਦੀ ਹੈ। ਹਰ ਕੋਈ ਸੌਖ ਨਾਲ ਪੜ੍ਹ-ਸੁਣ ਕੇ ਵਿਚਾਰ ਕਰ ਸਕਦਾ ਹੈ। ਚਾਰੇ ਪਾਸੇ ਗੁਰਦੁਆਰੇ ਹਨ ਜਿੱਥੇ ਜਾ ਕੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਜਾ ਸਕਦਾ ਹੈ। ਫਿਰ ਵੀ ਅਜੋਕੇ ਸਿੱਖ ਬਾਣੀ ਨੂੰ ਸੋਚਣ ਸਮਝਣ ਦੀ ਥਾਂ ਇਸ ਦਾ ਮੁਹਾਰਨੀ ਵਾਂਗ ਮਕਾਨਕੀ ਰਟਨ ਕਰਦੇ ਹਨ। ਇਹ ਸਹੀ ਰੁਝਾਨ ਨਹੀਂ ਹੈ।
ਕਹਿਣ ਨੂੰ ਅੱਜ ਦੇ ਸਿੱਖ ਸਿੱਖੀ ਨੂੰ ਬ੍ਰਾਹਮਣਵਾਦ ਤੋਂ ਅੱਲਗ ਦੱਸਦੇ ਹਨ, ਜੋ ਬਿਲਕੁਲ ਠੀਕ ਹੈ, ਪਰ ਨਕਲ ਉਹ ਬ੍ਰਾਹਮਣਵਾਦੀਆਂ ਦੀ ਹੀ ਕਰਦੇ ਹਨ। ਉਨ੍ਹਾਂ ਨੇ ਗੁਰੂ ਸਾਹਿਬ ਤੋਂ ਬਾਣੀ ਤਾਂ ਲੈ ਲਈ ਪਰ ਗੁਰੂ ਸਾਹਿਬ ਦੇ ਸੰਕਲਪ ਨਹੀਂ ਲਏ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਪੁਰਾਤਨ ਸੰਕਲਪਾਂ ਨੂੰ ਵਿਵੇਕ ਦੀ ਕਸੌਟੀ ‘ਤੇ ਪਰਖਣ ਲਈ ਕਿਹਾ ਸੀ ਪਰ ਉਹ ਸਿੱਖੀ ਸੰਕਲਪਾਂ ਨੂੰ ਬ੍ਰਾਹਮਣਵਾਦੀ ਦ੍ਰਿਸ਼ਟੀ ਨਾਲ ਪਰਖੀ ਜਾਂਦੇ ਹਨ। ਬ੍ਰਾਹਮਣਵਾਦ ਉਹ ਆਪਣੇ ਅੰਦਰ ਪਾਲਦੇ ਹਨ, ਬਾਹਰ ਇਸ ਦਾ ਸ਼ੋਰ ਮਚਾਉਂਦੇ ਹਨ। ਇਹ ਦਵੰਧ ਖਤਮ ਕਰਨ ਲਈ ਉਹ ਬਾਣੀ ਨੂੰ ਸਹੀ ਅਰਥਾਂ ਨਾਲ ਵਿਚਾਰਨ ਤੇ ਸਹੀ ਸਿੱਖੀ ਸੋਚ ਧਾਰਨ ਕਰਨ।
ਇਸ ਤਰ੍ਹਾਂ ਉਨ੍ਹਾਂ ਨੂੰ ਪਤਾ ਲਗੇਗਾ ਕਿ ਜਿਸ ਜਪੁਜੀ ਨੂੰ ਉਹ ਦੂਜੇ ਧਾਰਮਿਕ ਸ਼ਾਸਤਰਾਂ ਵਾਂਗ ਇਕ ਨਿੱਤ-ਨੇਮੀ ਕਰਮ-ਕਾਂਡ ਦਾ ਆਮ ਜਿਹਾ ਪ੍ਰਵਚਨ ਸਮਝਦੇ ਹਨ, ਉਹ ਕਿੰਨੀ ਉਚੀ ਬਾਣੀ ਹੈ। ਇਹ ਉਹ ਬ੍ਰਹਿਮੰਡੀ ਗਿਆਨ ਹੈ ਜੋ ਪਰਮ-ਸਤਿ ਵਾਂਗ ਹੀ ਸਦੀਵੀ ਹੈ। ਅਸੰਖ ਵਾਰ ਦੁਨੀਆਂ ਮਿਟੇ ਤੇ ਅਸੰਖ ਵਾਰ ਮਿਟ ਕੇ ਫਿਰ ਬਣੇ, ਤਦ ਵੀ ਇਸ ਦੇ ਸੱਚ ਨੂੰ ਆਂਚ ਨਹੀਂ ਆਵੇਗੀ। ਇਹ ਸੱਚ ਇੰਨਾ ਕਰੜਾ ਤੇ ਸਥਿਰ ਹੈ ਕਿ ਇਸ ਨੂੰ ਹਿੰਦੂਵਾਦ ਤਾਂ ਕੀ, ਕੋਈ ਹੋਰ ਵਿਚਾਰਧਾਰਾ ਵੀ ਖਰੋਂਚ ਨਹੀਂ ਲਾ ਸਕਦੀ। ਜੇ ਹਿੰਦੂਵਾਦ ਇੰਨਾ ਨਵਾਂ-ਨਰੋਆ ਹੁੰਦਾ ਤਾਂ ਸਿੱਖ ਸਿਧਾਂਤ ਪੈਦਾ ਹੀ ਨਾ ਹੁੰਦਾ। ਸਿੱਖੀ ਨੂੰ ਵਿਗਿਆਨ ਤੋਂ ਵੀ ਕੋਈ ਖਤਰਾ ਨਹੀਂ ਹੈ ਕਿਉਂਕਿ ਵਿਗਿਆਨ ਦੀ ਮੁਹਾਰ ਤਾਂ ਇਸ ਦੇ ਹੱਥ ਵਿਚ ਹੈ। ਹੋਰ ਤਾਂ ਹੋਰ, ਇਸ ਨੂੰ ਮਾਰਕਸਵਾਦੀ ਵਿਚਾਰਧਾਰਾ ਤੋਂ ਵੀ ਕੋਈ ਡਰ ਨਹੀਂ ਜਿਵੇਂ ਕਿ ਬਹੁਤੇ ਸਿੱਖ ਕਹੇ-ਸੁਣੇ ਸ਼ੰਕਾ ਕਰਦੇ ਹਨ। ਜੋ ਲੋਕ ਮਾਰਕਸਵਾਦ ਤੇ ਸਿੱਖੀ ਨੂੰ ਪਰਸਪਰ ਵਿਰੋਧੀ ਮੰਨ ਕੇ ਇਕ ਦੂਜੇ ਲਈ ਹਊਆ ਸਮਝਦੇ ਹਨ, ਉਨ੍ਹਾਂ ਨੇ ਨਾ ਮਾਰਕਸਵਾਦ ਪੜ੍ਹਿਆ ਹੈ ਤੇ ਨਾ ਸਿੱਖੀ ਨੂੰ ਸਮਝਿਆ ਹੈ। ਸੱਚ ਤਾਂ ਇਹ ਹੈ ਕਿ ਸਿੱਖੀ ਤੇ ਮਾਰਕਸਵਾਦ ਦੋਵੇਂ ਵਿਗਿਆਨਕ ਲੀਹਾਂ ‘ਤੇ ਚਲਦੀਆਂ ਇਕੋ ਭਾਵ ਦੀਆਂ ਵਿਚਾਰਧਾਰਾਵਾਂ ਹਨ। ਬੱਸ ਫਰਕ ਇਹ ਹੈ ਕਿ ਸਿੱਖੀ ਵਿਗਿਆਨ ਨੂੰ ਸੇਧ ਦਿੰਦੀ ਹੈ ਤੇ ਮਾਰਕਸਵਾਦ ਵਿਗਿਆਨ ਤੋਂ ਸੇਧ ਲੈਂਦਾ ਹੈ। ਇਹ ਕਥਨ ਪ੍ਰਸਿੱਧ ਰੋਮਨ ਚਿੰਤਕ ਥਾਮਸ ਐਕੁਆਨਸ (ਠਹੋਮਅਸ Aਤੁਨਿਅਸ) ਵਾਂਗ ਧਰਮ ਅਤੇ ਵਿਗਿਆਨ ਦੇ ਗੱਠਜੋੜ ਸਿਰ ਆਸਤਿਕਤਾ ਵਾਲੀ ਟੋਪੀ ਪਹਿਨਾਉਣ ਵਾਲੀ ਗੱਲ ਨਹੀਂ ਸਗੋਂ ਨਿਰਪੇਖ ਢੰਗ ਨਾਲ ਪਰਖਿਆ ਤੇ ਵਿਚਾਰਿਆ ਵਿਗਿਆਨਕ ਤੱਥ ਹੈ। ਕੋਈ ਮੰਨੇ ਨਾ ਮੰਨੇ, ਇਹ ਉਸ ਦੀ ਸਮਝ, ਪਰ ਇਕ ਉਚਾਈ ਤੋਂ ਵੇਖਿਆਂ ਇਹ ਇਕ ਨਿਰ-ਵਿਵਾਦ ਸੱਚਾਈ ਹੈ।
(ਚਲਦਾ)