ਕੌਨ ਜੀਤਾ ਹੈ ਤੇਰੀ ਜ਼ੁਲਫ ਕੇ ਸਰ ਹੋਨੇ ਤੱਕ…

ਸੰਗੀਤ ਦੀ ਸੰਗਤ-3
‘ਸੰਗੀਤ ਦੀ ਸੰਗਤ’ ਦੀ ਤੀਜੀ ਕੜੀ ਵਿਚ ਵੀ ਸੀਨੀਅਰ ਪੱਤਰਕਾਰ ਗੁਰਦਿਆਲ ਸਿੰਘ ਬੱਲ ਨੇ ਸੁਰਾਂ ਦੀ ਛਹਿਬਰ ਲਾਉਂਦਿਆਂ ਦੰਗ ਕਰਨ ਵਾਲੇ ਬਿਰਤਾਂਤ ਸਾਂਝੇ ਕੀਤੇ ਹਨ। ਇਹ ਬਿਰਤਾਂਤ ਦਿਲਚਸਪ ਤਾਂ ਹੈ ਹੀ ਹਨ, ਪਾਠਕ ਅੰਦਰ ਸੰਗੀਤ ਦੀਆਂ ਤਰਬਾਂ ਵੀ ਛੇੜ ਦਿੰਦੇ ਹਨ। ਇਸ ਲੇਖ ਲੜੀ ਵਿਚ ਲਿਖਾਰੀ ਨੇ ਪੁਰਾਣੇ ਵੇਲਿਆਂ ਵਿਚ ਪਿੱਪਲਾਂ-ਬੋਹੜਾਂ ਹੇਠ ਛਿੜਦੀਆਂ ਸੰਗੀਤ-ਸੁਰਾਂ ਵਾਲਾ ਰੰਗ ਬੰਨ੍ਹਿਆ ਹੈ। ਇਹ ਬਿਰਤਾਂਤ ਅਤੇ ਇਸ ਦਾ ਅੰਦਾਜ਼ ਪਾਠਕ ਦੀਆਂ ਭਾਵਨਾਵਾਂ ਨੂੰ ਆਪਣੇ ਨਾਲ ਹੜ੍ਹਾ ਕੇ ਲੈ ਜਾਂਦਾ ਹੈ।

ਇਸ ਵਾਰ ਇਸ ਲੇਖ-ਲੜੀ ਦੀ ਤੀਜੀ ਅਤੇ ਆਖਰੀ ਕੜੀ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। -ਸੰਪਾਦਕ

ਗੁਰਦਿਆਲ ਸਿੰਘ ਬੱਲ
ਫੋਨ: 647-982-6091

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਜ਼ਾਹਰ ਹੈ ਕਿ ਇਥੇ ਵੀ ਮੁੜ ਮਸਲਾ ਇਸ਼ਕ ਦਾ ਹੈ; ਚਾਹਤ ਇਸ਼ਕ ਦੀ ਇੰਤਹਾ ਦੀ ਹੈ ਅਤੇ ਅੱਗੇ ਫਿਰ ਗਜ਼ਲ ਦੇ ਬੋਲਾਂ ਨੂੰ ਹੋਰ ਵੀ ਵੱਧ ਗਹਿਰਾਈ ਤੇ ਕਰਤਾਰੀ ਪ੍ਰਦਾਨ ਕੀਤੀ ਹੈ, ਮਲਿਕਾ ਪੁਖਰਾਜ ਦੇ ਗਾਇਨ ਨੇ।
ਇਕ ਵਾਰ ਉਸਤਾਦ ਸੋਹਣ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਸੁਣਿਆ ਸੀ। ਬਾਹਰੀ ਸ਼ਕਲ ਸੂਰਤ ਤੋਂ ਉਨ੍ਹਾਂ ਦਾ ਚਿਹਨ ਚੱਕਰ ਸਾਈਂ ਅਖਤਰ ਜਾਂ ਸਾਈਂ ਜ਼ਹੂਰ ਤੋਂ ਜ਼ਿਆਦਾ ਬਿਹਤਰ ਨਹੀਂ ਸੀ ਪਰ ਅਲਾਪ ਲੈ ਕੇ ਉਨ੍ਹਾਂ ਦਾ ਗਾਇਨ ਜਿਉਂ ਜਿਉਂ ਅੱਗੇ ਵਧਿਆ, ਉਨ੍ਹਾਂ ਦੇ ਆਭਾ ਮੰਡਲ ਵਿਚ ਤੇਜ਼ੀ ਨਾਲ ਨੂਰਾਨੀ ਰੰਗ ਭਰਦਾ ਗਿਆ ਸੀ। ਉਨ੍ਹਾਂ ਨੂੰ ਵਿੰਹਦਿਆਂ ਲਗਦਾ ਇਉਂ ਸੀ, ਜਿਵੇਂ ਕੋਈ ਬੱਬਰ ਸ਼ੇਰ ਸਟੇਜ ‘ਤੇ ਆ ਬੈਠਾ ਹੋਵੇ ਅਤੇ ਉਸ ਨੇ ਦਹਾੜਨਾ ਭੁੱਲ ਕੇ ਕੋਈ ਦਰਦ ਭਰਿਆ ਮਿੱਠਾ ਰਾਗ ਅਲਾਪਣਾ ਸ਼ੁਰੂ ਕਰ ਦਿਤਾ ਹੋਵੇ…। ਤੇ ਉਸ ਸ਼ਾਮ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਚ ਮਲਿਕਾ ਪੁਖਰਾਜ ਨੂੰ ਇਕ ਸ਼ਬਦ ‘ਤੇ ਰੁਕ ਰੁਕ ਕੇ (ਤੇਰੇ ਇਸ਼ਕ ਕੀ ਇੰਤਹਾ ਚਾਹਤਾ ਹੂੰ) ਦਾ ਗਾਇਨ ਕਰਦਿਆਂ ਮੈਨੂੰ ਐਨ ਉਸੇ ਤਰ੍ਹਾਂ ਮਹਿਸੂਸ ਹੋਇਆ ਸੀ।
ਮਲਿਕਾ ਪੁਖਰਾਜ ਅਤੇ ਤਾਹਿਰਾ ਸੱਈਅਦ ਦੇ ਚੰਡੀਗੜ੍ਹ ਕਿਆਮ ਦੌਰਾਨ ਟ੍ਰਿਬਿਊਨ ਦੇ ਫੋਟੋਗਰਾਫਰ ਯੋਗ ਜੁਆਏ ਨੇ ਮਾਂ-ਧੀ ਦੀ ਤਸਵੀਰ ਜੋ ਲੈ ਲਈ ਸੀ, ਉਹ ਉਸ ਸਮੇਂ ਤੋਂ ਹੀ ਮੇਰੇ ਘਰ ਡਰਾਇੰਗ ਰੂਮ ਵਿਚ ਸਜੀ ਰਹੀ ਹੈ। ਭਲੇ ਵਕਤਾਂ ‘ਚ ਉਸ ਤਸਵੀਰ ਅੱਗੇ ਕਲੀਆਂ ਵੀ ਧਰਦਾ ਰਿਹਾ ਹਾਂ।
ਮਲਿਕਾ ਨੇ ਪਹਾੜੀ ਅਤੇ ਡੋਗਰੀ ਗੀਤ ਬੇਮਿਸਾਲ ਮਿਠਾਸ ਭਰੀ ਆਵਾਜ਼ ਵਿਚ ਗਾਏ। ਉਸ ਦਾ ਤਾਹਿਰਾ ਨਾਲ ਮਿਲ ਕੇ ਗਾਇਆ ‘ਕੂੰਜਾਂ ਆਏ ਪਈਆਂ ਪਪਰੋਲੇ’ ਲੋਕ ਗੀਤ ਅੱਜ ਵੀ ਸੁਣਿਆਂ ਦਿਲ ਵਿਚ ਧੂਹ ਪਾ ਜਾਂਦਾ ਹੈ। ਤਾਹਿਰਾ ਨੇ ‘ਤੂੰ ਚੁੰਨੀ ਲੈ ਸੁਰਮਈ ਕੁੜੇ, ਤੂੰ ਦਿੱਸੇਂ ਬੱਦਲੀ ਜਿਹੀ ਕੁੜੇ’, ‘ਧਰਤੀ ਕਲੀ ਕਰਾ ਦੇ, ਨੱਚਾਂ ਮੈਂ ਸਾਰੀ ਰਾਤ’, ਤੇ ‘ਲੰਘ ਆ ਜਾ ਪੱਤਣ ਝਨਾਂ ਦਾ ਯਾਰ’ ਵਰਗੇ ਅਨੇਕਾਂ ਖੂਬਸੂਰਤ ਪੰਜਾਬੀ ਗੀਤ ਗਾਏ। ਉਂਜ, ਮਲਿਕਾ ਪੁਖਰਾਜ ਗਜ਼ਲ ਗਾਇਨ ਦੀਆਂ ਜੋ ਸਿਖਰਾਂ ਦਾਗ ਦੇਹਲਵੀ ਦੀ ਗਜ਼ਲ:
ਜਾਹਿਦ ਨਾ ਕਹਿ ਬੁਰੀ
ਕਿ ਯੇ ਮਸਤਾਨੇ ਆਦਮੀ ਹੈਂ,
ਤੁਮ ਕੋ ਲਿਪਟ ਪੜੇਂਗੇ
ਦੀਵਾਨੇ ਆਦਮੀ ਹੈਂ
ਦੇ ਗਾਇਨ ਦੌਰਾਨ ਛੂੰਹਦੀ ਹੈ, ਉਸ ਦਾ ਕੋਈ ਪਾਰਾਵਾਰ ਹੀ ਨਹੀਂ।
ਖੈਰ! ਇਕ ਵਾਰ ਫਿਰ ਆਰਿਫ ਲੋਹਾਰ ਅਤੇ ਮੀਸ਼ਾ ਸ਼ਫੀ ਦੇ ‘ਜੁਗਨੀ’ ਗਾਇਨ ਦੇ ਜਲਵੇ ਦੀ ਗੱਲ ਕਰਦੇ ਹਾਂ। ਸੱਚਾਈ ਇਹੀ ਹੈ ਕਿ ਇਸ ‘ਜੁਗਨੀ’ ਗਾਇਨ ਬਾਰੇ ਜੋ ਕੁਝ ਮੇਰੇ ਜੀਅ ‘ਚ ਹੈ, ਉਸ ਦਾ ਹਜ਼ਾਰਵਾਂ ਹਿੱਸਾ ਵੀ ਮੇਰੇ ਕੋਲੋਂ ਦੱਸਿਆ ਨਹੀਂ ਜਾ ਸਕਿਆ ਹੋਵੇਗਾ। ਮੀਸ਼ਾ ਸ਼ਫੀ ਦਾ ‘ਇਸ਼ਕ ਆਪ ਵੀ ਅਵੱਲਾ, ਇਹਦੇ ਕੰਮ ਵੀ ਅਵੱਲੇ’ ਅਤੇ ਕਈ ਹੋਰ ਗੀਤ ਮੈਨੂੰ ਬੇਹੱਦ ਪਿਆਰੇ ਹਨ। ਤਾਹਿਰਾ ਤੋਂ ਬਿਲਕੁਲ ਹੀ ਅਲੱਗ, ਪਰ ਕਹਿਰਾਂ ਦਾ ਸੁਹੱਪਣ ਹੈ ਉਸ ਦੀ ਸਮੁੱਚੀ ਹਸਤੀ ਅਤੇ ਗਾਇਨ ਦੀ ਅਦਾਇਗੀ ਵਿਚ।
ਇਸੇ ਤਰ੍ਹਾਂ ਆਰਿਫ ਲੋਹਾਰ ਹੈ, ਉਸ ਦੇ ਬਾਪ ਆਲਮ ਲੋਹਾਰ ਨੇ 70ਵਿਆਂ ਦੇ ਸ਼ੁਰੂ ਵਿਚ ਲੰਡਨ ਜਾ ਕੇ ਜਦੋਂ ‘ਬੋਲ ਮਿੱਟੀ ਦਿਆ ਬਾਵਿਆ’ ਗੀਤ ਨਾਲ ਚਿਮਟਾ ਖੜਕਾਇਆ ਸੀ ਤਾਂ ਧੰਨ ਧੰਨ ਕਰਵਾ ਦਿਤੀ ਸੀ ਪਰ ਆਰਿਫ ਨੇ ਉਸ ਤੋਂ ਵੀ ਕਿਤੇ ਲੰਮੀ ਉਡਾਣ ਭਰ ਕੇ ਦੁਨੀਆਂ ਭਰ ਵਿਚ ਪੰਜਾਬੀ ਸਰੋਤਿਆਂ ਨੂੰ ਨਿਹਾਲ ਕੀਤਾ ਹੈ। ਉਸ ਦੇ ਕ੍ਰਿਸ਼ਮੇ ਦੀ ਸਿਖਰ ਜੇ ਦੇਖਣੀ ਹੈ ਤਾਂ ਕੋਈ ਸੱਜਣ ਉਸ ਨੂੰ ਗੀਤ:
ਇਕ ਫੁੱਲ ਮੋਤੀਏ ਦਾ
ਮਾਰ ਕੇ ਜਗਾ ਸੋਹਣੀਏ…
ਬਾਜ਼ਾਰ ਵਿਕੇਂਦੀਆਂ ਛੁਰੀਆਂ
ਇਸ਼ਕੇ ਦੀਆਂ ਚੋਭਾਂ ਬੁਰੀਆਂ
ਇਕ ਫੁੱਲ ਮੋਤੀਏ ਦਾ…

ਤੇਰੀਆਂ ਅੱਖੀਆਂ ਤੋਂ ਸਦਕੇ ਜਾਵਾਂ
ਤੇਰੇ ਨਾਂ ਇਹ ਜਿੰਦੜੀ ਲਾਵਾਂ
ਇਕ ਫੁੱਲ ਮੋਤੀਏ ਦਾ…

ਬਾਜ਼ਾਰ ਵਿਕੇਂਦੀ ਆਰੀ
ਤੇਰੇ ਮੁਖੜੇ ਤੋਂ ਜਿੰਦੜੀ ਵਾਰੀ
ਨੀ ਇਕ ਫੁੱਲ ਮੋਤੀਏ ਦਾ…

ਬਾਜ਼ਾਰ ਵਿਕੇਂਦੇ ਪਾਵੇ
ਰੱਬ ਸੱਜਣਾਂ ਨਾਲ ਮਿਲਾਵੇ
ਤੇ ਇਕ ਫੁੱਲ ਮੋਤੀਏ ਦਾ
ਮਾਰ ਕੇ ਜਗਾ ਸੋਹਣੀਏ!
ਗਾਉਂਦਿਆਂ ਜ਼ਰਾ ਸੁਣੇ! ਮੇਰੇ ਮਨ ‘ਚ ਥੋੜ੍ਹਾ ਖਦਸ਼ਾ ਸੀ ਕਿ ‘ਜੁਗਨੀ’ ਦੌਰਾਨ ਉਸ ਦੇ ਜਲਵੇ ਵਿਚ ਕਿਧਰੇ ਮੀਸ਼ਾ ਸ਼ਫੀ ਦੇ ਅਚੰਭੇ ਦੀ ਹੀ ਭੂਮਿਕਾ ਨਾ ਹੋਵੇ ਪਰ ‘ਇਕ ਫੁੱਲ ਮੋਤੀਏ ਦਾ’ ਵਾਲੇ ਗਾਇਨ ਨਾਲ ਉਹ ਮਾਹੌਲ ਵਿਚ ਜਿਵੇਂ ਫੈਲਦਾ ਹੈ, ਫੈਲਦਾ ਹੀ ਚਲਿਆ ਜਾਂਦਾ ਹੈ।
ਇਸ ਜ਼ਿਕਰ ਪਿਛੋਂ ਤਾਹਿਰਾ ਸੱਈਅਦ ਵਰਗੀ ਕਰਤਾਰੀ ਪ੍ਰਤਿਭਾ ਵਾਲੇ ਦੋ ਹੋਰ ਮਹਾਨ ਉਸਤਾਦਾਂ ਕੇ. ਐਲ਼ ਸਹਿਗਲ ਅਤੇ ਮਹਿਦੀ ਹਸਨ ਦੇ ਗਾਇਨ ਦੀ ਗੱਲ ਕੀਤਿਆਂ ਬਿਨਾ ਸਰ ਨਹੀਂ ਸਕਦਾ। ਮਹਿਦੀ ਹਸਨ ਨੇ ਪਿਛਲੀ ਸਦੀ ਦੇ 70ਵਿਆਂ ਦੇ ਸ਼ੁਰੂਆਤੀ ਸਾਲਾਂ ਦੌਰਾਨ:
ਯੇਹ ਧੂੰਆਂ ਸਾ ਕਹਾਂ ਸੇ ਉਠਤਾ ਹੈ
ਦੇਖ ਤੋ ਚਲ ਕੇ ਜਾਂ ਸੇ ਉਠਤਾ ਹੈ।
ਬੇਹੱਦ ਸੋਜ਼ਪੂਰਨ ਅੰਦਾਜ਼ ‘ਚ ਗਾ ਕੇ ਸਨਸਨੀ ਹੀ ਤਾਂ ਫੈਲਾ ਦਿਤੀ ਸੀ। ਉਹਨੇ ਪਾਕਿਸਤਾਨੀ ਗਜ਼ਲ ਗਾਇਕੀ ਵਿਚ ਮਾਨੋ ਨਵਾਂ ਇਨਕਲਾਬ ਬਰਪਾ ਕਰ ਦਿਤਾ ਸੀ। ਫਿਰ ਜਦੋਂ ਉਹਨੇ ‘ਕੂ-ਬ-ਕੂ ਫੈਲ ਗਈ ਬਾਤ ਸ਼ਨਾਸਾਈ ਕੀ’ ਗਜ਼ਲ ਹੋਰ ਵੀ ਗਹਿਰੀ, ਰਹੱਸਮਈ ਤੇ ਪੁਰਜੋਸ਼ ਆਵਾਜ਼ ਵਿਚ ਗਾਈ ਤਾਂ ਮਾਹੌਲ ਅੰਦਰ ਸੰਨਾਟਾ ਹੋਰ ਗਾੜ੍ਹਾ ਹੋ ਗਿਆ ਸੀ। ਗਜ਼ਲ ਗਾਇਨ ਦੀ ਦੁਨੀਆਂ ਵਿਚ ਕੇ. ਐਲ਼ ਸਹਿਗਲ ਤੋਂ ਅਗਾਂਹ ਤਾਂ ਕੋਈ ਕੀ ਜਾਵੇਗਾ, ਪਰ ਮਹਿਦੀ ਹਸਨ ਨੇ ਵੀ ਉਸ ਦੇ ਕਿਧਰੇ ਆਸ ਪਾਸ ਹੀ ਆਪਣੀ ਗਾਇਕੀ ਦੇ ਸਿਗਨੇਚਰ ਕੀਤੇ ਹਨ। ਸਹਿਗਲ ਬਾਬੇ ਦਾ ਕੋਈ ਵੀ ਠੁਮਰੀ ਜਾਂ ਗਜ਼ਲ ਗਾਇਨ ਸਿਖਰ ਤੋਂ ਹੇਠਾਂ ਨਹੀਂ ਹੈ। ਗਾਲਿਬ ਨੂੰ ਬੇਗਮ ਅਖਤਰ ਨੇ ਵੀ ਗਾਇਆ ਪਰ:
ਆਹ ਕੋ ਚਾਹੀਏ ਇਕ ਉਮਰ ਅਸਰ ਹੋਨੇ ਤੱਕ
ਕੌਨ ਜੀਤਾ ਹੈ ਤੇਰੀ ਜ਼ੁਲਫ ਕੇ ਸਰ ਹੋਨੇ ਤੱਕ।
ਸਮੇਤ ਅਨੇਕਾਂ ਗਜ਼ਲਾਂ ਦੇ ਗਾਇਨ ਦੌਰਾਨ ਜਿਸ ਸਿਖਰ ਨੂੰ ਸਹਿਗਲ ਸਹਿਜੇ ਹੀ ਛੂਹ ਜਾਂਦਾ ਹੈ, ਉਹ ਅਚੰਭਾਜਨਕ ਹੈ; ਉਂਜ ਉਸ ਦੀ ਗਜ਼ਲ:
ਅਬ ਕਿਆ ਬਤਾਊਂ ਕਿ
ਤੇਰੇ ਮਿਲਨੇ ਸੇ ਕਿਆ ਮਿਲਾ
ਮੰਜ਼ਿਲ ਮਿਲੀ ਮੁਰਾਦ ਮਿਲੀ
ਮੁਦਾਅ ਮਿਲਾ
ਸਭ ਕੁਝ ਮੁਝੇ ਮਿਲਾ
ਜੋ ਤੇਰਾ ਨਕਸ਼ੇ ਪਾ ਮਿਲਾ।
ਸਦਾ ਹੀ ਸਭ ਤੋਂ ਵੱਧ ਕਸ਼ਿਸ਼ ਭਰਪੂਰ ਲਗਦੀ ਰਹੀ ਹੈ।
ਇਹ ਗੱਲ 1971 ਦੀ ਹੈ। ਸਿਆਲਾਂ ਦੇ ਦਿਨ ਸਨ। ਦੇਹਰਾਦੂਨ ਦੇ ਡੀ. ਏ. ਵੀ. ਕਾਲਜ ਵਿਚ ਪੜ੍ਹਦਿਆਂ ਮੇਰੀ ਯਾਰੀ ਮਾਨਸਾ ਵਾਲੇ ਦਰਵੇਸ਼ ਅਜੀਤ ਸਿੰਘ ਭੰਗੂ ਨਾਲ ਨਵੀਂ ਨਵੀਂ ਪਈ ਸੀ। ਅਸੀਂ ਕਾਲਜ ਵਾਲੇ ਏਰੀਏ ‘ਚ ਹਰ ਸਨਿਚਰਵਾਰ ਕਰਨਪੁਰ ਮਹੱਲੇ ਦੀ ਸੁੰਨਸਾਨ ਜਿਹੀ ਸੜਕ ‘ਤੇ ਚਾਹ ਦੀ ਛੋਟੀ ਜਿਹੀ ਦੁਕਾਨ ਉਪਰ ਮਹਿਜ਼ ਸਹਿਗਲ ਬਾਬੇ ਅਤੇ ਹਬੀਬ ਵਲੀ ਮੁਹੰਮਦ ਦੀ ਗਜ਼ਲ:
ਲਗਤਾ ਨਹੀਂ ਹੈ ਜੀਅ
ਮੇਰਾ ਉਜੜੇ ਦਿਆਰ ਮੇਂ
ਜਿਨਕੀ ਬਨੀ ਹੈ ਆਲਮੇ
ਨਾ ਪਾਇਦਾਰ ਮੇਂ।
ਸੁਣਨ ਜਾਂਦੇ ਸਾਂ। ਹਬੀਬ ਵੀ ਵਿਲੱਖਣ ਅੰਦਾਜ਼ ਵਾਲਾ ਗਜ਼ਲ ਗਾਇਕ ਸੀ। ਕਮਲਾ ਝਰੀਆ ਗਾਇਨ ਜਗਤ ਦੀ ਇਕ ਹੋਰ ਸਿਖਰ ਸੀ। ਉਸ ਦਾ ਗਾਇਆ ਗੀਤ:
ਨਾ ਤੁਮ ਮੇਰੇ ਨਾ ਦਿਲ ਮੇਰਾ,
ਨਾ ਜਾਨੇ ਨਾ ਤਵਾਂ ਮੇਰੀ
ਤਸੱਵਰ ਮੇਂ ਭੀ ਆ ਸਕਤੀ
ਨਹੀਂ ਮਜਬੂਰੀਆਂ ਮੇਰੀ।
ਵੀ ਅਸੀਂ ਉਸ ਦੁਕਾਨ ਉਪਰ ਅਨੇਕਾਂ ਵਾਰ ਸੁਣਿਆ ਸੀ। ਇਹ ਗਜ਼ਲ ਮੇਰੀ ਪਸੰਦ ਸੀ ਪਰ ਭੰਗੂ ਨੂੰ:
ਮਸਤੋਂ ਕੇ ਜੋ ਅਸੂਲ ਹੈਂ
ਉਨ ਕੋ ਨਿਭਾ ਕੇ ਪੀ
ਇਕ ਬੂੰਦ ਭੀ ਨਾ ਕੱਲ ਕੇ ਲੀਏ
ਤੂੰ ਬਚਾ ਕੇ ਪੀ
ਕਿਉਂ ਕਰ ਰਹਾ ਹੈ
ਕਾਲੀ ਘਟਾਓਂ ਕਾ ਇੰਤਜ਼ਾਰ
ਉਨ ਕੀ ਸਿਆਹ ਜ਼ੁਲਫੋਂ ਪੇ
ਨਜ਼ਰੇਂ ਜਮਾ ਕੇ ਪੀ…।
ਗਜ਼ਲ ਵਧੇਰੇ ਧੂ ਪਾਉਂਦੀ ਹੁੰਦੀ ਸੀ।
ਦੁਕਾਨ ਦਾ ਮਾਲਕ ਵੀ ਬੜਾ ਦਿਲਚਸਪ ਬੰਦਾ ਸੀ। ਗਾਹਕ ਉਥੇ ਕੋਈ ਵਿਰਲਾ ਟਾਵਾਂ ਹੀ ਆਉਂਦਾ ਸੀ। ਉਹਨੂੰ ਹੱਸਦਿਆਂ ਅਸੀਂ ਘੱਟ ਹੀ ਵੇਖਿਆ ਸੀ ਪਰ ਸਾਨੂੰ ਦੂਰੋਂ ਹੀ ਦੁਕਾਨ ਵੱਲ ਆਉਂਦਿਆ ਵੇਖ ਕੇ ਉਸ ਦੇ ਚਿਹਰੇ ‘ਤੇ ਨਿੰਮੀ ਜਿਹੀ ਮੁਸਕਾਨ ਆ ਜਾਂਦੀ ਹੁੰਦੀ ਸੀ। ਮਾਸਟਰ ਮਦਨ ਦੀ ਆਵਾਜ਼ ਵਿਚ ਸਾਗਰ ਨਿਜ਼ਾਮੀ ਦੀਆਂ ਦੋਵੇਂ ਚਰਚਿਤ ਗਜ਼ਲਾਂ ਵੀ ਅਸੀਂ ਪਹਿਲੀ ਵਾਰੀਂ ਉਸ ਦੁਕਾਨ ‘ਤੇ ਹੀ ਸੁਣੀਆਂ ਸਨ। ਮਦਨ ਬਾਰੇ ਕਹਿੰਦੇ ਹਨ ਕਿ ਉਹਨੇ 8 ਵਰ੍ਹਿਆਂ ਦੀ ਉਮਰੇ ਗਾਇਨ ਸ਼ੁਰੂ ਕੀਤਾ ਅਤੇ 12 ਵਰ੍ਹਿਆਂ ਦੀ ਉਮਰ ਤਕ ਪੁੱਜਦਿਆਂ ਉਸ ਦੀ ਕਲਾਤਮਕ ਪ੍ਰਤਿਭਾ ਪੂਰੀ ਤਰ੍ਹਾਂ ਨਿਖਾਰ ਵਿਚ ਆ ਗਈ ਸੀ ਤੇ ਕਲਾ ਪਾਰਖੂਆਂ ਨੇ ਉਸ ਨੂੰ ਮਾਸਟਰ ਦੇ ਖਿਤਾਬ ਨਾਲ ਨਿਵਾਜ ਦਿਤਾ ਸੀ। ਉਨ੍ਹੀਂ ਦਿਨੀਂ ਲੋਕਾਂ ਨੂੰ ਉਸ ਦੀਆਂ ਉਨ੍ਹਾਂ ਦੋ ਗਜ਼ਲਾਂ ਦਾ ਹੀ ਪਤਾ ਸੀ! ਪਰ ਹੁਣ ਬਹੁਤ ਹੀ ਪਿਆਰੇ ਪੰਜਾਬੀ ਗੀਤ:
ਬਾਗਾਂ ਵਿਚ ਪੀਂਘਾਂ ਪਈਆਂ
ਸਭ ਸਈਆਂ ਟੁਰ ਗਈਆਂ…।
ਸਮੇਤ ਉਸ ਦੇ ਰਿਕਾਰਡ ਹੋਏ ਬਚੇ ਰਹਿ ਗਏ ਸੱਤੇ-ਅੱਠੇ ਗੀਤ ਸਹਿਜੇ ਹੀ ਨੈਟ ਉਪਰ ਸੁਣੇ ਜਾ ਸਕਦੇ ਹਨ।
ਸਹਿਗਲ, ਮਹਿਦੀ ਹਸਨ, ਮਾਸਟਰ ਮਦਨ ਅਤੇ ਕਮਲਾ ਝਰੀਆ ਤੋਂ ਬਾਅਦ ਮੇਰੀ ਸਿਮਰਤੀ ਵਿਚ ਪੰਡਿਤ ਹਰੀ ਪ੍ਰਸਾਦ ਚੌਰਸੀਆ ਦੇ ਕ੍ਰਿਸ਼ਨ ਭਗਤੀ ਦੇ ਰੰਗ ਵਿਚ ਰੰਗੇ ਹੋਏ ਬੰਸਰੀ ਵਾਦਨ ਦੀ ਯਾਦ ਆ ਗਈ ਹੈ। ਪਹਿਲਗਾਮ ਦੀ ਵਾਦੀ ਨੂੰ ਕਿਸੇ ਨੇ ਧਰਤੀ ਉਤੇ ਸਵਰਗ ਕਿਹਾ ਹੋਇਐ, ਗਰਮੀਆਂ ਦੇ ਦਿਨੀਂ ਵਾਦੀ ‘ਚ ਕੋਈ ਪਹਿਲੀ ਵਾਰ ਗਿਆ ਹੋਵੇ, ਸਵੇਰ ਦੀ ਸੈਰ ਦੌਰਾਨ ਉਥੇ ਵਗਦੀ ਸੁਗੰਧ ਸਮੀਰ ਨੂੰ ਯਾਦ ਕਰੇ, ਪੰਡਿਤ ਜੀ ਦਾ ਬੰਸਰੀ ਵਾਦਨ ਸੁਣਦਿਆਂ ਮਨ ‘ਤੇ ਐਨ ਉਸੇ ਤਰ੍ਹਾਂ ਦਾ ਆਲਮ ਤਾਰੀ ਹੋ ਜਾਂਦਾ ਹੈ। ਇਸੇ ਤਰ੍ਹਾਂ ਸਹਿਜੇ ਹੀ ਮੀਆਂ ਬੜੇ ਗੁਲਾਮ ਅਲੀ ਖਾਨ ਹੋਰਾਂ ਦੀ ਖਿਆਲ ਗਾਇਕੀ ਬਾਰੇ ਵੀ ਕਿਹਾ ਜਾ ਸਕਦਾ ਹੈ। ਬੜੇ ਗੁਲਾਮ ਅਲੀ ਦੀਆਂ ਠੁਮਰੀਆਂ:
ਮੋਰ, ਪਪਈਆ, ਕੋਇਲ ਬੋਲੇ
ਮੁੜ ਬਿਰਹਨ ਕਾ ਜੀਆ ਡੋਲੇ

ਕਾ ਕਰੂੰ ਸਾਜਨ ਆਏ ਨਾ ਬਾਲਮ
ਤੜਪਤ ਬੀਤੀ ਮੇਰੀ ਉਨ ਬਿਨ ਰਤੀਆਂ

ਨੈਣ ਮੋਰੇ ਤਰਸ ਗਏ
ਆ ਜਾ ਬਾਲਮ ਪਰਦੇਸੀ।
ਕਮਾਲ ਹਨ ਪਰ ਸਾਡੀ ਸਿਮਰਤੀ ਅੰਦਰ ਮਹਾਂ ਗਾਇਕ ਦੀ ਫਿਲਮ ‘ਮੁਗਲ-ਏ-ਆਜ਼ਮ’ ਲਈ ਗਾਈ ਠੁਮਰੀ ‘ਪ੍ਰੇਮ ਜੋਗਨ ਬਨ ਕੇ’ ਦੇ ਗਾਇਨ ਦਾ ਜਲਵਾ ਜ਼ਿਆਦਾ ਗਾੜ੍ਹੇ ਰੰਗ ‘ਚ ਅੰਕਿਤ ਹੋਇਆ ਰਿਹਾ ਹੈ। ਇਸ ਦਾ ਇਕ ਕਾਰਨ ਸ਼ਾਇਦ ਇਹ ਵੀ ਹੈ ਕਿ ਇਥੇ ਗਾਇਨ ਦੇ ਨਿਰਮਲ ਭਾਵ ਦੀ ਸਮੁੱਚੀ ਉਠਾਨ ਵਿਚ ਉਸ ਦੇ ਫਿਲਮਾਂਕਨ, ਅਰਥਾਤ ਕੇ. ਆਸਿਫ ਦੀ ਨਿਰਦੇਸ਼ਨਾ ਅਤੇ ਦਲੀਪ ਕੁਮਾਰ ਤੇ ਮਧੂਬਾਲਾ ਦੀ ਪ੍ਰਤਿਭਾ ਦਾ ਜੋੜ ਵੀ ਸ਼ਾਮਲ ਹੈ। ਮੁਹੱਬਤ ਦੇ ਪਵਿਤਰ ਜਜ਼ਬੇ ਦੇ ਇਜ਼ਹਾਰ ਦੀ ਸੂਖਮ ਕੋਮਲਤਾ, ਅਜਿਹੀ ਸਿਖਰ ਅਤੇ ਸ਼ਿੱਦਤ ਨਾਲ ਪ੍ਰਗਟਾਈ ਹੋਰ ਕਿਧਰੇ ਕਦੀ ਘੱਟ ਹੀ ਦੇਖੀ ਹੈ। ਕੇ. ਆਸਿਫ ਦੀ ਵੀ ਦਾਦ ਦੇਣੀ ਬਣਦੀ ਹੈ ਕਿ ਉਸ ਨੇ ਅਜਿਹੇ ਭਾਵ ਨੂੰ ਉਜਾਗਰ ਕਰਨ ਹਿਤ ਪਿੱਠ ਭੂਮੀ ਗਾਇਕ ਵਜੋਂ ਬੜੇ ਗੁਲਾਮ ਅਲੀ ਖਾਂ ਵਰਗੇ ਦਿਗੰਬਰ ਗਾਇਕ ਨੂੰ ਚੁਣਿਆ।
ਫਿਲਮਾਂ ਦੀ ਗੱਲ ਆਈ ਹੈ ਤਾਂ ਇਹ ਅਸੰਭਵ ਹੈ ਕਿ ਲਤਾ ਮੰਗੇਸ਼ਕਰ ਦੀ ਯਾਦ ਨਾ ਆਵੇ। ਲਤਾ ਦੇ ਬੇਸ਼ੁਮਾਰ ਸੁੰਦਰ ਗੀਤ ਹਨ ਪਰ ਸਭ ਤੋਂ ਵੱਧ ਸ਼ਿੱਦਤ ਨਾਲ ਚੇਤੇ ਆ ਰਿਹਾ ਹੈ, ਫਿਲਮ ‘ਆਹ’ ਲਈ ਮੁੱਦਤਾਂ ਪਹਿਲਾਂ ਗਾਇਆ ਉਸ ਦਾ ਗੀਤ:
ਰਾਜਾ ਕੀ ਆਏਗੀ ਬਰਾਤ
ਰੰਗੀਲੀ ਹੋ ਗੀ ਰਾਤ
ਮਗਨ ਮੈਂ ਨਾਚੂੰਗੀ…।
ਮੁਹੱਬਤ ਦੇ ਜਜ਼ਬੇ ਦੀ ਨਿਰਮਲਤਾ ਜਿਸ ਮਸੂਮੀਅਤ ਨਾਲ ਇਸ ਗੀਤ ‘ਤੇ ਅਦਾਕਾਰੀ ਕਰਦਿਆਂ ਨਰਗਿਸ ਨੇ ਉਜਾਗਰ ਕੀਤੀ ਹੈ, ਬੜੇ ਆਰਾਮ ਨਾਲ ਹੀ ਉਸ ਨੇ ਸਿਖਰ ਛੋਹੀ ਹੈ! ਔਰਤ ਦੇ ਹੁਸਨ ਦੀ ਸ਼ਾਨਾਂਮੱਤੀ ਪਵਿਤਰਤਾ ਦਾ ਇਕ ਹੋਰ ਆਯਾਮ ਫਿਲਮ ‘ਨਾਗਿਨ’ ਵਿਚ ਪਹਿਲਾਂ ਹੇਮੰਤ ਕੁਮਾਰ ਦੇ ਗੀਤ ‘ਤੇਰੇ ਦੁਆਰ ਖੜ੍ਹਾ ਇੱਕ ਜੋਗੀ’ ਦੌਰਾਨ ਪ੍ਰਦੀਪ ਕੁਮਾਰ ਅਤੇ ਉਸ ਤੋਂ ਪੂਰੇ 20 ਵਰ੍ਹੇ ਬਾਅਦ ਮੁੜ ਮੁਕੇਸ਼ ਕੁਮਾਰ ਦੇ ਗੀਤ:
ਤੇਰੇ ਮਨ ਕੀ ਗੰਗਾ
ਔਰ ਮੇਰੇ ਮਨ ਕੀ ਜਮਨਾ ਕਾ
ਬੋਲ ਰਾਧਾ ਬੋਲ
ਸੰਗਮ ਹੋਗਾ ਕਿ ਨਹੀਂ…।
ਵਿਚ ਵਿਜੈਂਤੀ ਮਾਲਾ ਨੇ ਆਪਣੇ ਮਹਿਬੂਬ ਸਾਥੀ ਰਾਜ ਕਪੂਰ ਨਾਲ ਮੋਹ ਦੇ ਪ੍ਰਗਟਾਵੇ ਦੇ ਪਲਾਂ ਦੇ ਫਿਲਮਾਂਕਣ ਦੌਰਾਨ ਖੜ੍ਹਾ ਕੀਤਾ ਸੀ।
ਦੋਵਾਂ ਫਿਲਮਾਂ ਦੇ ਇਨ੍ਹਾਂ ਅਨੂਠੇ ਦ੍ਰਿਸ਼ਾਂ ਵਿਚ ਵਿਜੈਂਤੀ ਮਾਲਾ ਤਲਾਬ ਅੰਦਰ ਤੈਰ ਰਹੀ ਹੈ, ਮਾਨੋ ਸ਼ਾਇਰੀ, ਸੰਗੀਤ ਦੀ ਆਤਮਾ ਅਤੇ ਕੁਦਰਤ ਦਾ ਕੁੱਲ ਸੁਹੱਪਣ ਉਸ ਦੇ ਵਜੂਦ ਅੰਦਰ ਇਕ ਜਾਨ ਹੋਏ ਪਏ ਹਨ।… ਤੇ ਵਿਜੈਂਤੀ ਮਾਲਾ ਦੇ ਉਮਰ ਦੇ ਵੱਖ ਵੱਖ ਪੜਾਵਾਂ ਤੇ ਇਲਾਹੀ ਮੌਜ ਵਿਚ ਕਿਸੇ ਜਲ ਪਰੀ ਦੇ ਹਾਰ ਤੈਰਨ ਦੇ ਨਜ਼ਾਰੇ ਤੱਕ ਕੇ ਕੋਈ ਵਿਰਲਾ ਸੱਜਣ ਹੀ ਹੋਵੇਗਾ ਜਿਸ ਦੇ ਜ਼ਿਹਨ ਅੰਦਰ ਆਪ-ਮੁਹਾਰੇ ਮਹਾਂ ਕਵੀ ਭਾਈ ਵੀਰ ਸਿੰਘ ਦਾ ਇਹ ਬੰਦ ਉਭਰ ਜਾਵੇ:
ਵੈਰੀ ਨਾਗ ਤੇਰਾ ਇਕ ਝਲਕਾਰਾ
ਜਦ ਅੱਖੀਆਂ ਵਿਚ ਵੱਜਦਾ
ਕਾਦਰ ਤੇ ਕੁਦਰਤ ਦਾ ਜਲਵਾ
ਲੈ ਲੈਂਦਾ ਇਕ ਸਜਦਾ…।
ਪੰਜਾਬੀ ਲੋਕ ਗਾਇਕਾਂ ਵਿਚ ਜਿਨ੍ਹਾਂ ਆਵਾਜ਼ਾਂ ਨੇ ਮੁਢਲੇ ਦਿਨਾਂ ‘ਚ ਮਨ ਨੂੰ ਧੂਹ ਪਾਈ, ਉਹ ਢਾਡੀ ਅਮਰ ਸਿੰਘ ਸ਼ੌਂਕੀ ਦੇ ‘ਸਾਹਿਬਾਂ ਵਾਜਾਂ ਮਾਰਦੀ’ ਅਤੇ ‘ਆ ਜਾ ਭਾਬੀ ਝੂਟ ਲੈ ਪੀਂਘ ਹੁਲਾਰੇ ਲੈਂਦੀ’ ਵਰਗੇ ਪੁਰਾਣੇ ਗੀਤ ਵੀ ਜ਼ਿਕਰਯੋਗ ਹਨ। ਇਸੇ ਤਰ੍ਹਾਂ ਅਮਰਜੀਤ ਗੁਰਦਾਸਪੁਰੀ ਬਹੁਤ ਬੁਲੰਦ ਗਾਇਕ ਸੀ। ਐਸ਼ ਐਸ਼ ਮੀਸ਼ਾ ਦੇ ਉਦਮ ਨਾਲ 26 ਜਨਵਰੀ 1964 ਨੂੰ ਨੈਸ਼ਨਲ ਕਾਲਜ, ਸਠਿਆਲਾ ‘ਚ ਕਰਵਾਏ ਗਏ ਸਮਾਗਮ ਵਿਚ ਪਹਿਲੀ ਵਾਰ ਉਸ ਨੂੰ ਸੁਣਨ ਦਾ ਸਬੱਬ ਬਣਿਆ। ਸਕੂਲੇ ਪੜ੍ਹਦਿਆਂ ਕਿਸੇ ਵਡੇਰੀ ਉਮਰ ਦੇ ਸਾਥੀ ਦੇ ਦੱਸਣ ‘ਤੇ ਅਸੀਂ ਉਚੇਚੇ ਉਸ ਨੂੰ ਵੇਖਣ ਲਈ ਗਏ ਸਾਂ ਅਤੇ ਉਸ ਦੇ ਗੀਤ:
ਚਿੱਟੀ ਚਿੱਟੀ ਪਗੜੀ ਘੁੱਟ ਘੁੱਟ ਬੰਨ੍ਹ ਕੇ
ਵਿਚ ਵੇ ਗੁਲਾਬੀ ਫੁੱਲ ਟੰਗਿਆ ਕਰ
ਭਲਾਂ ਤੈਨੂੰ ਮੇਰੀ ਸਹੁੰ ਈ…
ਵਿਚ ਵੇ ਗੁਲਾਬੀ…।

ਨੀਵੀਂ ਪਾਈ ਰੱਖਦਾ ਏਂ ਨਿੱਤ ਸ਼ਰਮਾਕਲਾ ਵੇ
ਭਲਾਂ ਤੈਨੂੰ ਮੇਰੀ ਸਹੁੰ ਈ…
ਸਾਡੇ ਤਾਂ ਬਨੇਰੇ ਵੱਲ ਤੱਕਿਆ ਕਰ।
ਦੀ ਪਾਕ ਪਵਿਤਰ ਲਰਜ਼ਿਸ਼ ਵੀ ਸਦਾ ਲਈ ਸਿਮਰਤੀ ਵਿਚ ਅੰਕਿਤ ਹੋ ਗਈ ਸੀ।
ਸਾਡੇ ਵਕਤਾਂ ਦੇ ਬਥੇਰੇ ਲੋਕ 50ਵਿਆਂ ਦੀਆਂ ਅਮਨ ਕਾਨਫਰੰਸਾਂ ਵਿਚ ‘ਬਾਬਾ’ ਤੇਰਾ ਸਿੰਘ ਚੰਨ ਦੇ ਲਿਖੇ ‘ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ’ ਗੀਤ ਨੂੰ ਉਸ ਦਾ ਮਾਸਟਰ-ਪੀਸ ਮੰਨਦੇ ਹਨ, ਪਰ ਮੈਨੂੰ ਉਸ ਦਾ ਸਭ ਤੋਂ ਵੱਧ ਮਨਮੋਹਕ ‘ਭਲਾਂ ਮੈਨੂੰ ਤੇਰੀ ਸਹੁੰ’ ਵਾਲਾ ਗੀਤ ਹੀ ਲੱਗਦਾ ਰਿਹਾ ਹੈ। ਇਸ ਗੀਤ ਦੇ ਸਮੇਂ ਦਾ ਜ਼ਿਕਰ ਵੀ ਉਹਨੇ ਕਈ ਥਾਈਂ ਕੀਤਾ ਹੈ ਅਤੇ ਇਹ ਜ਼ਿਕਰ ਮੈਂ ਆਪ 1964 ਵਾਲੇ ਜਲਵੇ ਤੋਂ 25-30 ਵਰ੍ਹੇ ਬਾਅਦ ਉਸ ਦੇ ਪਿੰਡ, ਉਸ ਦੇ ਘਰੇ ਗੁਜ਼ਾਰੀ ਰਾਤ ਦੌਰਾਨ ਗੱਲਬਾਤ ਸਮੇਂ ਖੁਦ ਉਸ ਦੇ ਮੂੰਹੋਂ ਵੀ ਸੁਣਿਆ ਸੀ।
ਗੁਰਦਾਸਪੁਰੀ ਦੇ ਦੱਸਣ ਅਨੁਸਾਰ, ਚੜ੍ਹਦੀ ਜਵਾਨੀ ਦੇ ਦਿਨੀਂ ਬੱਸ ‘ਤੇ ਬਾਹਰੋਂ ਕਿਤਿਓਂ ਆਉਂਦਿਆਂ ਉਸ ਦਾ ਬਾਬਾ ਬਕਾਲਾ ਵਿਖੇ ਆਪਣੀ ਪਤਨੀ ਦੀ ਕਿਸੇ ਸਕੂਲ ਮਾਸਟਰ ਸਹੇਲੀ ਦੇ ਘਰੇ ਠਹਿਰਨ ਦਾ ਸਬੱਬ ਬਣ ਗਿਆ। ਸਹੇਲੀ ਦਾ ਚਾਅ ਮਿਉਂਦਾ ਨਹੀਂ ਸੀ। ਬੈਠਿਆਂ ਬੈਠਿਆਂ ਉਹਨੇ ਅਚਾਨਕ ਹੀ ਕਿਹਾ ਕਿ ਵੀਰ ਜੀ ਤੁਸੀਂ ਬੜਾ ਸੁਹਣਾ ਗਾਉਂਦੇ ਹੋ, ਅੱਜ ਜ਼ਰਾ ਮੇਰਾ ਗੀਤ ਵੀ ਸੁਣ ਕੇ ਵੇਖੋ…। ਤੇ ਸਹੇਲੀ ਨੇ ਇਹ ਗੀਤ ਸੁਣਾਇਆ ਸੀ।
ਗੁਰਦਾਸਪੁਰੀ ਦੇ ਮੂੰਹੋਂ ਇਹ ਸੁਣਦਿਆਂ ਮੇਰੇ ਮਨ ਅੰਦਰ ਉਸ ‘ਕੁੜੀ’ ਦਾ ਸਿਰਨਾਵਾਂ ਜਾਣਨ ਦੀ ਤੀਬਰ ਇੱਛਾ ਜਾਗੀ, ਪਰ ਝਿਜਕ ਹੀ ਬਣੀ ਰਹਿ ਗਈ। ਕੁਝ ਸਮਾਂ ਪਹਿਲਾਂ ਨੈਟ ਉਪਰ ਨਿੰਦਰ ਘੁੰਗਿਆਣਵੀ ਨਾਲ ਇੰਟਰਵਿਊ ਦੌਰਾਨ ਉਨ੍ਹਾਂ ਮੇਰੀ ਮੁਲਾਕਾਤ ਤੋਂ ਹੋਰ 20-25 ਵਰ੍ਹੇ ਬਾਅਦ ਉਹੋ ਕਹਾਣੀ ਮੁੜ ਸੁਣਾਈ, ਤੇ ਇਹ ਸੁਣਦਿਆਂ ਮੈਨੂੰ ਮੁੜ ਅਫਸੋਸ ਹੋ ਰਿਹਾ ਸੀ ਕਿ ਮੈਥੋਂ ਉਦੋਂ ਗੁਰਦਾਸਪੁਰੀ ਕੋਲੋਂ ਉਸ ਕੁੜੀ ਦਾ ਪਤਾ ਪੁੱਛਿਆ ਕਿਉਂ ਨਾ ਗਿਆ। ਤੇ ਅੱਜ ਵੀ ਮੈਨੂੰ ਉਨ੍ਹਾਂ ਪਲਾਂ ਨੂੰ ਤਸੱਵਰ ਵਿਚ ਲਿਆਉਂਦਿਆਂ ਉਨ੍ਹਾਂ ਬੋਲਾਂ ਵਿਚਲੀ ਮਸੂਮੀਅਤ ਹਾਂਟ ਕਰਦੀ ਹੈ ਤੇ ਉਸ ਕੁੜੀ ਨੂੰ ਵੇਖਣ ਦੀ ਤੀਬਰ ਲੋਚਾ ਉਤਪੰਨ ਹੁੰਦੀ ਹੈ। ਦਰਵੇਸ਼ ਗਾਇਕ ਨਾਲ ਮੁਲਾਕਾਤ ਕਰ ਕੇ ‘ਪੰਜਾਬੀ ਟ੍ਰਿਬਿਊਨ’ ਲਈ ਜੋ ਫੀਚਰ ਲਿਖਿਆ, ਉਸ ਵਿਚ ਮੈਂ ਉਦੋਂ ਵੀ ਇਸ ਚਾਹਤ ਦਾ ਸੰਕੇਤ ਦਿਤਾ ਸੀ, ਪਰ ਅਖਬਾਰ ਵਿਚ ਸਪੇਸ ਦੀ ਸਦੀਵੀ ਘਾਟ ਦੀਆਂ ਮਜਬੂਰੀਆਂ ਕਾਰਨ ਐਡਿਟਿੰਗ ਦੌਰਾਨ ਉਹ ਹਵਾਲਾ ਛਾਂਗਿਆ ਗਿਆ ਜੋ ਮੇਰੀ ਜਾਚੇ ਉਸ ਫੀਚਰ ਦੀ ਜਾਨ ਸੀ!
ਆਪਣੇ ਬਿਰਤਾਂਤ ਨੂੰ ਮੇਰਾ ਇਹ ਦੱਸੇ ਬਿਨਾ ਬੰਦ ਕਰਨ ਨੂੰ ਜੀਅ ਨਹੀਂ ਕਰਦਾ ਕਿ ਮੈਨੂੰ ਸੁਰਜੀਤ ਪਾਤਰ ਦੀ ਖੁਦ ਆਪਣੀ ਆਵਾਜ਼ ਅਤੇ ਉਪਕਾਰ ਸਿੰਘ ਦੀ ਆਵਾਜ਼ ਵਿਚ:
ਕੋਈ ਡਾਲੀਆਂ ‘ਚੋਂ ਲੰਘਿਆ ਹਵਾ ਬਣ ਕੇ…।
ਹਰਪ੍ਰੀਤ ਸਿੰਘ ਮੋਗਾ ਦੀ ਆਵਾਜ਼ ਵਿਚ ਸੁਖਮਿੰਦਰ ਅੰਮ੍ਰਿਤ ਦਾ:
ਤੇਰੇ ਪਰਾਂ ‘ਚ ਰਹਿਣੀ
ਜਦ ਤੱਕ ਉਡਾਣ ਬਾਕੀ
ਰਹਿਣੇ ਨੇ ਉਦੋਂ ਤੀਕਰ
ਇਹ ਇਮਤਿਹਾਨ ਬਾਕੀ
ਦੇਖੀ ਤੂੰ ਕਿੱਥੇ ਹਾਲੇ
ਮੇਰੇ ਇਸ਼ਕ ਦੀ ਬੁਲੰਦੀ
ਆਕਾਸ਼ ਮੁੱਕ ਗਿਆ ਏ,
ਹਾਲੇ ਉਡਾਣ ਬਾਕੀ।
ਤੇ ਇਥੇ ਟੋਰਾਂਟੋ ਦੇ ਗਾਇਕ ਕੁਲਦੀਪ ਦੀਪਕ ਦੀ ਆਵਾਜ਼ ਵਿਚ:
ਇਕ ਸਾਹ ਸੱਜਣਾਂ ਦਾ
ਇਕ ਸਾਹ ਮੇਰਾ
ਕਿਹੜੀ ਰੁੱਤੇ ਅਸੀਂ
ਬੀਜੀਏ ਨੀ ਮਾਂ
ਗਹਿਣੇ ਤਾਂ ਪਈ ਸਾਡੇ
ਦਿਲ ਵਾਲੀ ਧਰਤੀ
ਹੋਰ ਕੋਈ ਜਚਦੀ ਨਾ!
ਇਕ ਸਾਹ ਸੱਜਣਾਂ ਦਾ…।
ਬੋਲਾਂ ਵਾਲੇ ਗੀਤ ਬੇਹੱਦ ਚੰਗੇ ਲੱਗੇ ਸਨ।
ਆਬਿਦਾ ਪ੍ਰਵੀਨ ਸਾਡੇ ਸਮਿਆਂ ‘ਚ ਗਾਇਨ ਜਗਤ ਦੀ ਇਕ ਹੋਰ ਸਿਖਰ ਹੈ। ਮੈਂ ਚਾਹਾਂਗਾ ਕਿ ਉਸ ਦਾ ਗੀਤ:
ਯਾਰ ਕੋ ਹਮ ਨੇ ਜਾ ਬਜਾ ਦੇਖਾ
ਕਹੀਂ ਜ਼ਾਹਿਰ ਕਹੀਂ ਛੁਪਾ ਦੇਖਾ।
ਕੋਈ ਸੱਜਣ ਸੁਣੇ ਤੇ ਜ਼ਰੂਰ ਦੱਸੇ ਕਿ ਇਸ ਨੂੰ ਸੁਣਦਿਆਂ ਉਸ ਨੂੰ ਸੰਗੀਤ ਦੇ ਪਿਤਾਮਾ ਆਰਫੀਅਸ ਦੇ ਮਿਥਕ ਦੀ ਸਦੀਆਂ ਤੋਂ ਚਲੀ ਆ ਰਹੀ ਮਕਬੂਲੀਅਤ ਦਾ ਕੁਝ ਰਾਜ਼ ਸਮਝ ਆਇਆ ਜਾਂ ਨਹੀਂ!
ਜਿੰਨੀ ਦੇਰ ਇਨਸਾਨ ਦੀ ਹੋਂਦ ਹੈ, ਉਸ ਅੰਦਰ ਸਵੈ ਦੀਆਂ ਸੀਮਾਵਾਂ ਤੋਂ ਪਾਰ ਜਾਣ ਲਈ ਰੱਬ ਸੱਚੇ ਨਾਲ ਜੁੜਨ ਜਾਂ ਕਿਸੇ ਮਹਿਬੂਬ ਤਸੱਵਰ ਪ੍ਰਤੀ ਨਿਰੰਤਰ ਸਿਜਦੇ ਦੀ ਤੜਫ ਬਣੀ ਰਹਿਣੀ ਹੈ। ਸੋ ਸਾਡੀ ਜਾਚੇ ਇਸੇ ਤੜਫ ਨੂੰ ਹੀ ਮੁਖਾਤਬ ਹੈ ਪੂਰਬ ਅਤੇ ਪੱਛਮ ਦਾ ਸਾਰਾ ਸ਼ਾਸਤਰੀ ਸੰਗੀਤ, ਵਡਾਲੀ ਭਰਾਵਾਂ ਜਾਂ ਸਾਬਰੀ ਭਰਾਵਾਂ ਦਾ ਸੂਫੀ ਗਾਇਨ ਅਤੇ ਮੈਨੂੰ ਤਾਂ ਸੁਰਿੰਦਰ ਕੌਰ, ਅਮਰਜੀਤ ਗੁਰਦਾਸਪੁਰੀ ਜਾਂ ਮੀਸ਼ਾ ਸ਼ਫੀ ਦੇ ਗੀਤਾਂ ਵਿਚੋਂ ਵੀ ਇਸੇ ਤਰ੍ਹਾਂ ਦੀ ਸੋ ਹੀ ਆਉਂਦੀ ਹੈ।
(ਸਮਾਪਤ)