ਸਿੱਖ ਸੰਸਥਾਵਾਂ ਦੀ ਵਰਤਮਾਨ ਦਸ਼ਾ ਤੇ ਦਿਸ਼ਾ

ਬਲਕਾਰ ਸਿੰਘ ਪ੍ਰੋਫੈਸਰ
ਫੋਨ: 91-93163-01328
ਦਿਸ਼ਾ ਤੇ ਦਸ਼ਾ ਨੂੰ ਇਕ ਦੂਜੇ ਦੀ ਪੂਰਕਤਾ ਵਿਚ ਵੇਖਣ ਦੀ ਵਿਲਖਣਤਾ ਸਿੱਖ-ਚਿੰਤਨ ਨੇ ਹੀ ਸਾਹਮਣੇ ਲਿਆਂਦੀ ਸੀ ਅਤੇ ਇਸ ਨਾਲ ਧਰਮ-ਚਿੰਤਨ ਨੂੰ ਭੂਤ ਤੇ ਭਵਿਖ ਦੇ ਬੰਧਨ ਤੋਂ ਮੁਕਤ ਕਰਕੇ ਧਰਮ ਨੂੰ ਵਰਤਮਾਨ ਦੇ ਧਰਮ ਵਜੋਂ ਸਥਾਪਤ ਕਰ ਦਿੱਤਾ ਗਿਆ ਸੀ। ਕਿਸੇ ਵੀ ਸਮਕਾਲ ਨੂੰ ਕਿਸੇ ਵੀ ਧਰਮ ਦੇ ਵਰਤਮਾਨ ਵਜੋਂ ਲਈਏ ਤਾਂ ਹਰ ਸਮਕਾਲ ਦੀ ਦਸ਼ਾ ਤੇ ਦਿਸ਼ਾ ਜ਼ਰੂਰੀ ਨਹੀਂ ਇੱਕੋ ਜਿਹੀ ਹੋਵੇ। ਜਿਸ ਮਾਤਰਾ ਵਿਚ ਕਿਸੇ ਵੀ ਸਮਕਾਲ ਦੀ ਦਸ਼ਾ ਤੇ ਦਿਸ਼ਾ ਇਕਸੁਰਤਾ ਵਿਚ ਹੋਵੇਗੀ,

ਉਸੇ ਮਾਤਰਾ ਵਿਚ ਸਿਧਾਂਤ ਦਾ ਅਮਲ ਤੇ ਅਮਲ ਦੇ ਸਿਧਾਂਤ ਨੂੰ ਲੈ ਕੇ ਉਹੋ ਜਿਹੀ ਜੀਵਨ-ਜਾਚ ਉਸਾਰੀ ਜਾ ਸਕੇਗੀ, ਜਿਹੋ ਜਿਹੀ ਜੀਵਨ-ਜਾਚ ਸ਼ਬਦ ਗੁਰੂ (ਗੁਰੂ ਗ੍ਰੰਥ ਸਾਹਿਬ) ਰਾਹੀਂ ਪ੍ਰਗਟ ਕਰਨ ਦੀਆਂ ਸੰਭਾਵਨਾਵਾਂ ਸਿੱਖ ਧਰਮ ਵੱਲੋਂ ਸਾਹਮਣੇ ਲਿਆਂਦੀਆਂ ਗਈਆਂ ਹਨ। ਇਸੇ ਕਰਕੇ ਸਿੱਖ ਪ੍ਰਸੰਗ ਵਿਚ ਗੁਰੂ ਕਾਲ ਦੀ ਦਿਸ਼ਾ ਤੇ ਦਸ਼ਾ ਮਿਸਲ ਕਾਲ, ਕਲੋਨੀਅਲ ਕਾਲ ਅਤੇ ਵਰਤਮਾਨ ਕਾਲ ਦੀ ਦਿਸ਼ਾ ਤੇ ਦਸ਼ਾ ਨਾ ਹੀ ਇਕੋ ਜਿਹੀਆਂ ਸਨ ਤੇ ਨਾ ਹੀ ਇਕ ਦੂਜੇ ਦੀ ਨਿਰੰਤਰਤਾ ਤੱਕ ਸੀਮਿਤ ਸਨ, ਕਿਉਂਕਿ ਹਰ ਸਮਕਾਲ ਦੀ ਦਿਸ਼ਾ, ਬੇਸ਼ੱਕ ਸਿਧਾਂਤਕਤਾ ਦੀ ਰੌਸ਼ਨੀ ਵਿਚ ਹੀ ਸਮਝਣੀ ਚਾਹੀਦੀ ਹੈ ਪ੍ਰੰਤੂ ਦਸ਼ਾ, ਕਿਸੇ ਨਾ ਕਿਸੇ ਰੂਪ ਵਿਚ ਸਮਕਾਲੀਨ ਕਾਰਨਾਂ ਤੇ ਕਾਰਜਾਂ ਅਤੇ ਸਮਾਂ ਤੇ ਸਥਾਨ ਦੀ ਸਥਾਨਕਤਾ ਨਾਲ ਜੁੜੀ ਹੋਈ ਹੁੰਦੀ ਹੈ। ਹਾਲਾਂਕਿ ਇਨ੍ਹਾਂ ਸਾਰਿਆਂ ਕਾਲਾਂ ਅਰਥਾਤ ਸਮਕਾਲਾਂ ਵਿਚ ਸਮਕਾਲੀ ਉਸਾਰ ਸਿੱਖ ਊਰਜਾ ਦੀ ਅਗਵਾਈ ਵਿਚ ਹੁੰਦਾ ਰਿਹਾ ਹੈ ਅਤੇ ਸਿੱਖ ਊਰਜਾ ਦਾ ਆਧਾਰ ਸ੍ਰੋਤ ਗੁਰੂ ਗ੍ਰੰਥ ਸਾਹਿਬ ਹੀ ਸੀ ਅਤੇ ਰਹਿਣਾ ਹੈ। ਭਾਵ ਸਿੱਖ ਸ੍ਰੋਤ ਇਕ ਹੋਣ ਦੇ ਬਾਵਜੂਦ ਸਿੱਖ ਪ੍ਰਗਟਾਵਾ ਇਕੋ ਜਿਹਾ ਕਦੇ ਵੀ ਨਹੀਂ ਸੀ। ਅਜਿਹੀ ਆਸ ਵੀ ਨਹੀਂ ਰੱਖਣੀ ਚਾਹੀਦੀ ਕਿਉਂਕਿ ਵੱਡੇ ਸੱਚ, ਛੋਟੀਆਂ ਲੋੜਾਂ ਮੁਤਾਬਕ ਪ੍ਰਗਟ ਹੁੰਦੇ ਰਹਿੰਦੇ ਹਨ। ਇਸ ਦਾ ਸਮਰਥਨ ਸ਼ਾਨਾਂਮੱਤੇ ਸਿੱਖ ਇਤਿਹਾਸ ਦੇ ਪ੍ਰਗਟਾਵਿਆਂ ਦੀ ਨਾਨਤਵਤਾ ਦੁਆਰਾ ਵੀ ਹੋ ਜਾਂਦਾ ਹੈ। ਵਿਰਾਸਤੀ ਸ਼ਾਨ ਅਤੇ ਸਮਕਾਲੀ ਪ੍ਰਗਟਾਵਿਆਂ ਦਾ ਲੇਖਾ-ਜੋਖਾ ਸਬੰਧਤ ਸੰਸਥਾਵਾਂ ਦੇ ਹਵਾਲੇ ਨਾਲ ਹੀ ਹੋਣਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਕਿਸੇ ਵੀ ਸਮਕਾਲ ਦੀ ਦਸ਼ਾ ਤੇ ਦਿਸ਼ਾ ਪ੍ਰਗਟਾਈ ਜਾ ਸਕਦੀ ਹੈ।
ਇਸ ਦ੍ਰਿਸ਼ਟੀ ਤੋਂ ਸਿੱਖ ਸੰਸਥਾਵਾਂ ਦੇ ਵਰਤਮਾਨ ਪ੍ਰਸੰਗ ਵਿਚ ਵਿਚਾਰਨ ਵਾਲੀ ਗੱਲ ਇਹ ਹੈ ਕਿ ਸਿੱਖ ਸ੍ਰੋਤ ਵੀ ਓਹੀ ਰਿਹਾ, ਸਿੱਖ ਪਛਾਣ ਤੇ ਸਿੱਖ ਵਰਤਾਰਾ ਵੀ ਓਹੀ ਰਹੇ, ਫਿਰ ਵੀ ਲੱਗਦਾ ਹੈ ਕਿ ਕੁਝ ਵੀ ਓਹੀ ਨਹੀਂ ਰਿਹਾ ਅਤੇ ਕੁਝ ਵੀ ਓਹੀ ਨਹੀਂ ਰਹਿਣਾ? ਗੁਰੂ ਸੁਰਤਿ ਨਾਲ ਜੁੜੇ ਵਰਤਾਰਿਆਂ ਨੂੰ ਗੁਰੂ ਪ੍ਰਸੰਗ ਵਿਚ ਹੀ ਸਮਝਿਆ ਜਾ ਸਕਦਾ ਹੈ। ਪੰਥਕ ਪ੍ਰਾਪਤੀਆਂ ਗੁਰੂ ਮਿਹਰ ਵਿਚ ਹੋ ਕੇ ਵੀ ਗੁਰੂ ਦਿੱਭਤਾ ਨਹੀਂ ਅਖਵਾ ਸਕਦੀਆਂ। ਮਿਸਾਲ ਵਜੋਂ ਰਹਿਤ ਮਰਿਆਦਾ ਨੂੰ ਬਾਣੀ ਵਰਗੀ ਮਾਨਤਾ ਨਹੀਂ ਦਿੱਤੀ ਜਾ ਸਕਦੀ।
ਬਾਣੀ ਆਧਾਰਤ ਸਿਧਾਂਤ, ਇਤਿਹਾਸ ਵਿਚ ਕਿਸੇ ਨਾ ਕਿਸੇ ਰੂਪ ਵਿਚ ਪ੍ਰਗਟ ਤਾਂ ਹੁੰਦੇ ਰਹਿੰਦੇ ਹਨ, ਪਰ ਇਤਿਹਾਸ ਤਾਂ ਆਪਣੇ ਆਪਣੇ ਸਮਕਾਲ ਦੀਆਂ ਸੀਮਾਵਾਂ ਵਿਚ ਰਹਿਣ ਕਰਕੇ ਕਿਸੇ ਵੀ ਸਮਕਾਲ ਦੇ ਹਾਣ ਦਾ ਹੀ ਰਹਿੰਦਾ ਹੈ। ਇਤਿਹਾਸ ਨੂੰ ਬਾਣੀ ਦਾ ਬਦਲ ਸਮਝਣ ਦੀ ਗਲਤੀ ਕਿਸੇ ਵੀ ਕਾਰਨ ਹੋ ਜਾਵੇ ਤਾਂ ਧਰਮ ਦਾ ਵਰਤਮਾਨ ਗੁਆਚਣਾ ਸ਼ੁਰੂ ਹੋ ਸਕਦਾ ਹੈ। ਸਿਧਾਂਤ ਅਤੇ ਇਤਿਹਾਸ ਦੀ ਸਾਂਝ, ਨੇਮ ਤੇ ਪ੍ਰੇਮ ਵਰਗੀ ਵੀ ਹੋਵੇ ਤਾਂ ਵੀ ਇਤਿਹਾਸ, ਸਿਧਾਂਤਕ ਪ੍ਰਗਟਾਵਾ ਨਹੀਂ ਹੋ ਸਕਦਾ ਕਿਉਂਕਿ ਇਤਿਹਾਸ ਸਿਧਾਂਤ ਦੀ ਅਗਵਾਈ ਵਿਚ ਕਿਸੇ ਵੀ ਸਮਕਾਲ ਦਾ ਪ੍ਰਗਟਾਵਾ ਮਾਤਰ ਹੀ ਹੋ ਸਕਦਾ ਹੈ। ਸਿਧਾਂਤ ਅਤੇ ਇਤਿਹਾਸ ਦਾ ਨਾਤਾ ਦਿਸ਼ਾ ਤੇ ਦਸ਼ਾ ਦੇ ਨਾਤੇ ਵਰਗਾ ਹੀ ਹੋ ਸਕਦਾ ਹੈ। ਦਿਸ਼ਾ ਸਿੱਖ-ਸੁਰ ਵਿਚ ਬਾਣੀ ਆਧਾਰਤ ਹੋਣ ਕਰਕੇ “ਇਹੁ ਵਸਤੁ ਤਜੀ ਨਹਿ ਜਾਈ…॥” (ਮੁੰਦਾਵਣੀ) ਵਰਗੀ ਅਤੇ “ਗੁਰੂ ਮਾਨਿਓ ਗ੍ਰੰਥ…” ਵਰਗੀ ਸਦ-ਤਾਜ਼ਗੀ ਹੈ, ਤੇ ਨਿਰਮਲ-ਰਹਿਣੀ ਵਾਂਗ ਸਦਕਾਲੀਨ ਪ੍ਰਗਟਾਵਾ ਹੁੰਦੀ ਹੈ। ਪਰ ਦਸ਼ਾ ਇਤਿਹਾਸ ਵਾਂਗ ਸਮਕਾਲੀ ਪ੍ਰਗਟਾਵਿਆਂ ਵਰਗੀ ਹੋਣ ਕਰਕੇ ਸੀਮਾ ਵਿਚ ਰਹੀ ਹੈ ਅਤੇ ਰਹਿਣੀ ਹੈ। ਗੁਰੂ ਕਾਲ ਵਿਚ ਵੀ ਗੁਰੂ ਘਰ ਨਾਲ ਜੁੜੇ ਹੋਏ ਗੁਰੂ ਸਾਹਿਬਾਨ ਦੇ ਵਿਰੋਧੀਆਂ ਨੂੰ ਦਿਸ਼ਾ-ਪ੍ਰਤੀਨਿਧ ਨਹੀਂ ਕਿਹਾ ਜਾ ਸਕਦਾ। ਪਰ ਉਨ੍ਹਾਂ ਦੇ ਦਸ਼ਾ-ਪ੍ਰਤੀਨਿਧ ਹੋਣ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ। ਇਸ ਦਸ਼ਾ-ਵਰਤਾਰੇ ਨੂੰ ਸਿੱਖ ਸੁਰ ਵਿਚ ਧਰਮ ਦੀ ਸਿਆਸਤ ਦਾ ਆਗਾਜ਼ ਕਹਿ ਸਕਦੇ ਹਾਂ ਅਤੇ ਇਸ ਨਾਲ ਕਿਸੇ ਵੀ ਸਮਕਾਲ ਦੀ ਦਸ਼ਾ ਨੂੰ ਸਮਝਿਆ ਜਾ ਸਕਦਾ ਹੈ। ਇਹੋ ਵਿਧੀ ਕਿਸੇ ਵੀ ਸਮਕਾਲ ਦੀ ਦਿਸ਼ਾ ਤੇ ਦਸ਼ਾ ਨੂੰ ਸਮਝਣ ਲਈ ਵਰਤਣੀ ਮੁਨਾਸਿਬ ਪ੍ਰਵਾਨ ਕਰਕੇ ਗੱਲ ਕੀਤੀ ਜਾ ਰਹੀ ਹੈ।
ਸਿੱਖ ਸੰਸਥਾਵਾਂ ਦੇ ਮੁਖੀਆਂ ਨੂੰ ਸਿੱਖ ਸੁਰ ਵਿਚ ਅਧਿਕਾਰੀ ਉਲਾਰ ਤੋਂ ਵਰਜਿਆ ਹੋਇਆ ਹੈ। ਵਰਤਮਾਨ ਵਿਚ ਸਿੱਖ ਸੰਸਥਾਵਾਂ ਦੇ ਮੁਖੀਆਂ ਦਾ ਪਦਵੀ ਦੀ ਨੈਕਿਤਾ ਦੀ ਥਾਂ ਪਦਵੀ ਦੇ ਅਧਿਕਾਰ ਨਾਲ ਜੁੜ ਜਾਣ ਕਾਰਨ ਪੈਦਾ ਹੋ ਗਏ ਹਾਲਾਤ ਵਿਚ ਦਿਸ਼ਾ ਤੇ ਦਸ਼ਾ ਦੇ ਅਮਲ ਵਿਚਕਾਰ ਨਜ਼ਰ ਆ ਰਹੇ ਵਰਤਮਾਨ ਵਰਤਾਰੇ ਤੋਂ ਲੱਗਦਾ ਹੈ ਕਿ ਦਸ਼ਾ ਨੂੰ ਦਿਸ਼ਾ ਦਾ ਕੋਈ ਫਿਕਰ ਹੀ ਨਹੀਂ ਹੈ ਕਿਉਂਕਿ ਦਿਸ਼ਾ ਵੱਲ ਦਸ਼ਾ ਦੀ ਪਿੱਠ ਹੋ ਗਈ ਹੈ। ਇਹ ਚੇਤਨਾ ਤੇ ਪ੍ਰਸਥਿਤੀਆਂ ਦਾ ਹਾਵੀ ਹੋ ਜਾਣਾ ਹੈ ਅਤੇ ਇਥੋਂ ਹੀ ਸ਼ੁਰੂ ਹੋ ਜਾਂਦੀ ਹੈ ਧਰਮ ਦੀ ਸਿਆਸਤ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਅਤੇ ਅਜਿਹੇ ਵਰਤਾਰਿਆਂ ਤੋਂ ਭੱਜਿਆ ਵੀ ਨਹੀਂ ਜਾ ਸਕਦਾ ਕਿਉਂਕਿ ਸਿੱਖੀ ਸਮੁੱਚੇ ਜੀਵਨ ਦਾ ਧਰਮ ਹੋਣ ਕਰਕੇ ਜ਼ਿੰਦਗੀ ਨਾਲ ਜੁੜੇ ਪਹਿਲੂਆਂ ਨੂੰ ਨਾਲ ਲੈਕੇ ਤੁਰਨ ਦੀ ਨੈਤਿਕ ਜਿੰਮੇਵਾਰੀ ਹੈ। ਵੈਦਿਕ ਧਰਮ ਵਲੋਂ ਚਿਤਵੇ ਚਾਰੇ ਜੁੱਗ ਅਤੇ ਸਾਮੀ ਧਰਮਾਂ ਵਲੋਂ ਚਿਤਵੇ ਨਰਕ-ਸੁਰਗ ਸਿੱਖ ਧਰਮ ਅਨੁਸਾਰ ਬੰਦੇ ਦੇ ਹਰ ਸਮਕਾਲ ਦਾ ਕਿਸੇ ਨਾ ਕਿਸੇ ਮਾਤਰਾ ਵਿਚ ਹਿੱਸਾ ਰਹੇ ਹਨ ਅਤੇ ਰਹਿਣੇ ਵੀ ਹਨ।
ਗੁਰਮਤਿ ਜੁਗਤਿ ਅਨੁਸਾਰ ਪ੍ਰਾਪਤ ਸਮਕਾਲੀ ਵਰਤਾਰਿਆਂ ਵਿਚਕਾਰ ਸਹਿਜ ਸਥਾਪਨ ਹੀ ਦਿਸ਼ਾ ਤੇ ਦਸ਼ਾ ਦਾ ਸਹਿਜ ਸਥਾਪਨ ਹੋ ਸਕਦਾ ਹੈ। ਇਸ ਕਰਕੇ ਪ੍ਰਾਪਤ ਅਰਥਾਤ ਸਮਕਾਲ ਦਾ ਸੰਤੁਲਨ-ਵਿਗਾੜ ਹੀ ਧਰਮ ਸੰਕਟ ਰਿਹਾ ਹੈ ਤੇ ਰਹਿਣਾ ਵੀ ਹੈ। ਸੰਤੁਲਨ-ਵਿਗਾੜ ਨੂੰ ਮਰਜੀ ਨਾਲ ਵਰਤ ਲੈਣ ਦੀ ਕਲਾ ਨੂੰ ਸਿਆਸਤ ਕਿਹਾ ਜਾਣ ਲੱਗ ਪਿਆ ਹੈ। ਧਰਮ ਤੋਂ ਸਿਆਸਤ ਤੱਕ ਦੀ ਯਾਤਰਾ, ਵਾਰਸ ਤੋਂ ਮਾਲਕ ਤੱਕ ਦੀ ਯਾਤਰਾ ਹੋ ਗਈ ਹੈ। ਦੂਜੇ ਨੂੰ ਆਪਣੇ ਸ਼ਿਕੰਜੇ ਵਿਚ ਕੱਸਣ ਦੀ ਇਸ ਬਿਰਤੀ ਨੂੰ ਨਾਮ-ਤਕਨਾਲੋਜੀ ਰਾਹੀਂ ਉਸਾਰੂ ਮਾਨਸਿਕਤਾ ਵਿਚ ਢਾਲਣ ਦੀ ਗੁਰਮਤਿ ਵਿਧੀ ਨਾਲ ਚੰਗੇ ਨਤੀਜੇ ਨਿਕਲਦੇ ਵੀ ਰਹੇ ਹਨ ਅਤੇ ਨਿਕਲਦੇ ਵੀ ਰਹਿ ਸਕਦੇ ਹਨ। ਕਲਜੁਗ ਨੂੰ ਆਮ ਜੀਵਨ ਵਿਚੋਂ ਖਾਰਜ ਕਰ ਸਕਣ ਦੀ ਭ੍ਰਾਂਤੀ ਤੋਂ ਮੁਕਤ ਕਰਦਿਆਂ ਕਲਜੁਗ ਵਿਚ ਨਾਮ ਨੂੰ ਹੀ ਆਧਾਰ ਮੰਨਿਆ ਹੋਇਆ ਹੈ (ਕਲਜੁਗਿ ਨਾਮੁ ਪ੍ਰਧਾਨੁ…॥ ਪੰਨਾ 995)।
ਆਧੁਨਿਕਤਾ ਦੇ ਪਰਵੇਸ਼ ਨਾਲ ਅਜਿਹੇ ਬਹੁਤ ਸਾਰੇ ਸੂਖਮ ਪਹਿਲੂ ਵੰਗਾਰੇ ਗਏ ਹਨ, ਜਿਨ੍ਹਾਂ ਰਾਹੀਂ ਸਮਕਾਲੀ ਵਰਤਾਰਿਆਂ ਦਾ ਸਹਿਜ ਸਥਾਪਤ ਕੀਤਾ ਜਾ ਸਕਦਾ ਹੈ। ਰਿਸ਼ਤਿਆ ਦਾ ਨਿੱਘ ਗੁਆਚਣ ਨਾਲ ਮਾਂਵਾਂ ਨੂੰ ਬੱਚਿਆਂ ਮੁਤਾਬਕ ਜਿਉਣ ਦੀ ਮਜਬੂਰੀ ਪੈਦਾ ਹੋ ਗਈ ਹੈ। ਇਸ ਨਾਲ ਬਚਪਨ ਤੇ ਬੁਢਾਪਾ ਰੁਲਣ ਵਾਲੇ ਰਾਹ ਪੈ ਗਏ ਹਨ। ਇਥੋਂ ਹੀ ਤੇਜ਼ੀ ਨਾਲ ਪੈਦਾ ਹੋ ਰਹੇ ਆਤਮਘਾਤੀ ਸਭਿਆਚਾਰ ਦੀ ਸ਼ੁਰੂਆਤ ਮੰਨੀ ਜਾ ਸਕਦੀ ਹੈ। ਵਿਦਿਅਕ ਅਤੇ ਧਾਰਮਿਕ ਸੰਸਥਾਵਾਂ ਸਿਆਸੀ ਅਪਹਰਣ ਕਾਰਨ ਸਮਕਾਲੀ ਸਥਿਤੀਆਂ ਨਾਲ ਸਿੱਝਣ ਦੀ ਸਮਰਥਾ ਸਾਹਮਣੇ ਨਹੀਂ ਲਿਆ ਸਕੀਆਂ। ਇਹੀ ਵਰਤਾਰਾ ਸਿੱਖ ਸੰਸਥਾਵਾਂ ਵਿਚ ਬਰਾਸਤਾ ਸਿੱਖ-ਸਿਆਸਤਦਾਨ ਆ ਵੜਿਆ ਹੈ। ਇਸ ਨਾਲ ਪੈਦਾ ਹੋਏ ਦਿਸ਼ਾ-ਭਰਮ ਅਤੇ ਦਿਸ਼ਾ-ਵਿਗਾੜ ਨੂੰ ਧਰਮ ਅਤੇ ਸਿਆਸਤ ਕਿਹਾ ਜਾਣ ਲੱਗ ਪਿਆ ਹੈ।
ਸਿਆਸਤ ਦਾ ਸੱਚ, ਸੱਚ ਦੀ ਸਿਆਸਤ ਨੂੰ ਬਹੁਤ ਪਿੱਛੇ ਛੱਡ ਗਿਆ ਹੈ ਅਤੇ ਇਸ ਵਰਤਾਰੇ ਨਾਲ ਕੌਮੀ ਪੱਧਰ ‘ਤੇ ਦਰ ਗੁਜ਼ਰ ਕਰਨ ਦੀ, ਆਮ ਬੰਦੇ ਦੀ ਆਦਤ ਬਣਦੀ ਜਾ ਰਹੀ ਹੈ। ਇਸ ਨਾਲ ਚੋਣਾਂ ਦੀ ਸਿਆਸਤ, ਲੋਕਤੰਤਰਕ ਨੈਤਿਕਤਾ ਨੂੰ ਛੱਡ ਕੇ ਪ੍ਰਬੰਧਕੀ ਉਤਮਤਾ ਦੇ ਰਾਹ ਪੈ ਗਈ ਹੈ। ਬਰਾਸਤਾ ਗੁਰਦੁਆਰਾ ਐਕਟ 1925, ਸਿੱਖ ਸੰਸਥਾਵਾਂ ਵੀ ਇਸੇ ਵਰਤਾਰੇ ਦਾ ਹਿੱਸਾ ਹੁੰਦੀਆਂ ਜਾ ਰਹੀਆਂ ਹਨ। ਇਸ ਨਾਲ ਦਿਸ਼ਾ ਉਤੇ ਦਸ਼ਾ ਦੀ ਸਰਦਾਰੀ ਸਥਾਪਤ ਹੋ ਗਈ ਹੈ ਅਤੇ ਇਸੇ ਨੂੰ ਸਿੱਖ ਸੰਸਥਾਵਾਂ ਦਾ ਅੰਦਰੋਂ ਤੇ ਬਾਹਰੋਂ ਹੋ ਰਿਹਾ ਰਾਜਸੀ-ਦਮਨ ਕਿਹਾ ਜਾ ਸਕਦਾ ਹੈ। ਇਸ ਨੂੰ ਸ਼ਹਿ ਇਸ ਕਰਕੇ ਮਿਲਦੀ ਜਾ ਰਹੀ ਹੈ ਕਿਉਂਕਿ ਇਸ ਬਾਰੇ ਲੋੜੀਂਦੇ ਸੰਵਾਦ ਦੀਆਂ ਸੰਭਾਵਨਾਵਾਂ ਨਜ਼ਰ ਨਹੀਂ ਆ ਰਹੀਆਂ। ਇਹ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਸਮਕਾਲੀ-ਤੱਦੀਆਂ ਨਾਲ ਜੁੜੀਆਂ ਇਕਹਿਰੀਆਂ ਤੇ ਉਲਾਰ ਪਰਤਾਂ ਲੋੜੀਂਦੀਆਂ ਸੰਵਾਦੀ ਸੰਭਾਵਨਾਵਾਂ ਦਾ ਰਾਹ ਰੋਕ ਦਿੰਦੀਆਂ ਹਨ। ਇਕਹਿਰਾ ਜਾਂ ਉਲਾਰ ਸੱਚ ‘ਸੁਣੀਐ’ ਤੋਂ ਭੱਜਦਾ ਹੈ ਅਤੇ ‘ਮੰਨੀਐ’ ਦੇ ਨੇੜ ਦੀ ਨਹੀਂ ਲੰਘਦਾ। ਅਜਿਹੀ ਅਵਸਥਾ ਨੂੰ ‘ਵਾਰ ਮਾਝ ਕੀ’ ਵਿਚ ਗੁਰੂ ਨਾਨਕ ਦੇਵ ਨੇ “ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥” ਕਿਹਾ ਹੈ।
ਇਸ ਬਾਰੇ ਗੱਲ ਭਾਈ ਰਣਧੀਰ ਸਿੰਘ ਦੇ ਹਵਾਲੇ ਨਾਲ ਵੀ ਅੱਗੇ ਤੋਰੀ ਜਾ ਸਕਦੀ ਹੈ। ਭਾਈ ਰਣਧੀਰ ਸਿੰਘ ਦਾ ਵਿਸ਼ਵਾਸ਼ ਹੈ ਕਿ ਅਸਲੀ ਕੌਮੀ ਸੰਭਾਵਨਾਵਾਂ ਰੂਹਾਨੀਅਤ ਦੇ ਖੇੜੇ ਨਾਲ ਹੀ ਸਾਹਮਣੇ ਆ ਸਕਦੀਆਂ ਹਨ। ਜਿਨ੍ਹਾਂ ਲੋਕਾਂ ‘ਚੋਂ ਰੂਹਾਨੀਅਤ ਗਾਇਬ ਹੋ ਜਾਂਦੀ ਹੈ, ਉਹ ਕੌਮਪ੍ਰਸਤ ਨਹੀਂ ਹੋ ਸਕਦੇ, ਜੋ ਮਹਿਜ਼ ਰਾਜ ਪ੍ਰਾਪਤੀ ਦੀ ਲਾਲਸਾ ਅਧੀਨ ਇਕ ਢੋਂਗ ਰਚ ਰਹੇ ਹੁੰਦੇ ਹਨ। ਭਾਈ ਰਣਧੀਰ ਸਿੰਘ ਦੀ ਲਿਖਤ ਵਿਚੋਂ ਲਈ ਜਾ ਰਹੀ ਇਕ ਟੂਕ, ਦਰਪੇਸ਼ ਸਮੱਸਿਆ ਨੂੰ ਸਮਝਣ ਵਿਚ ਸਹਾਇਤਾ ਕਰੇਗੀ, “ਜਿਸ ਕੌਮ ਅਤੇ ਕੌਮੀਅਤ ਅੰਦਰ ਰੂਹਾਨੀਅਤ ਵਾਲੀ ਜੀਵਨ-ਕਣੀ ਨਹੀਂ, ਐਸੇ ਨਿਰੇ ਰਾਜ-ਸਾਜ ਦੀ ਇੱਛਾ ਨੂੰ ਦੇਵ ਨੇਤ ਨਾਲ ਰਾਜ-ਸਾਜ ਮਿਲ ਵੀ ਜਾਵੇ ਤਾਂ ਇਸ ਬਾਤ ਦੀ ਕੀ ਗਾਰੰਟੀ ਹੈ ਕਿ ਉਨ੍ਹਾਂ ਦਾ ਬੁਲ-ਹਵਸੀ ਰਾਜ ਕਿਸੇ ਪਹਿਲੇ ਕਾਇਮਸ਼ੁਦਾ ਰਾਜ ਨਾਲੋਂ ਚੰਗੇਰਾ ਤੇ ਪਰਜਾ ਲਈ ਅਧਿਕ ਭਲੇਰਾ ਹੋਵੇਗਾ। ਜਿਸ ਕੌਮ ਅੰਦਰ ਵਜੀਰੀਆਂ ਸਾਂਭਣ ਦੀ ਲਾਲਸਾ ਲੱਗੀ ਹੋਵੇ, ਜਿਸ ਕੌਮੀਅਤ ਦੇ ਕੌਮਪ੍ਰਸਤ ਆਗੂ ਕੌਂਸਲਾਂ ਤੇ ਡਿਸਟ੍ਰਿਕਟ ਬੋਰਡਾਂ, ਮਿਉਂਸਪਲ ਕਮੇਟੀਆਂ ਦੀਆਂ ਮੈਂਬਰੀਆਂ ਦੀ ਪ੍ਰਾਪਤੀ ਖਾਤਰ ਆਮ ਜਨਤਾ ਨੂੰ ਸਭਿਅਤਾਹੀਣ ਤੇ ਇਖਲਾਕੋਂ ਗਿਰੇ ਹੋਏ ਲਾਲਚ ਦੇ ਕੇ ਕੌਮੀਅਤ ਦੇ ਸ਼ੀਰਾਜ਼ੇ ਨੂੰ ਪਾਸ਼ ਪਾਸ਼ ਕਰਨ ਉਤੇ ਆ ਉਤਰਨ, ਉਨ੍ਹਾਂ ਨੇ ਭਲਾ ਕੀ ਪੂਰੀਆਂ ਪਾਉਣੀਆਂ ਹਨ? ਆਪਾਪ੍ਰਸਤਾਂ ਤੋਂ ਕੌਮਪ੍ਰਸਤੀ ਨਹੀਂ ਹੋ ਸਕਦੀ। ਸੁਆਰਥੀਆਂ ਪਾਸੋਂ ਪਰਮਾਰਥ ਤੇ ਪਰਉਪਕਾਰ ਕਦੇ ਨਹੀਂ ਹੋ ਸਕਦਾ। ਖੁਦਗਰਜ਼ੀ ਲਈ ਆਪਣੇ ਭਾਈਆਂ ਨੂੰ ਪਛਾੜ ਲਤਾੜ ਕੇ ਛੋਟੀਆਂ ਛੋਟੀਆਂ ਸਿਕਦਾਰੀਆ ਅਤੇ ਅਹੁਦੇਦਾਰੀਆਂ ਨੂੰ ਜੱਫਾ ਮਾਰਨ ਵਾਲਿਆਂ ਤੋਂ ਇਹ ਆਸ ਤੱਕਣੀ ਕਿ ਕੌਮ ਤੇ ਦੇਸ਼ ਦੀ ਜਨਤਾ ਦੇ ਭਲੇ ਲਈ ਕੁਝ ਕਰਨਗੇ, ਨਿਰੀ ਖਾਮ-ਖਿਆਲੀ ਹੈ।” (ਗੁਰਮਤਿ ਲੇਖ, ਪੰਨਾ 143-44)
ਕਲੋਨੀਅਲ ਸਮਕਾਲ ਦਾ ਇਹ ਸੱਚ ਅੱਜ ਵੀ ਸਿੱਖ ਭਾਈਚਾਰੇ ਦੀ ਦਸ਼ਾ ਤੇ ਦਿਸ਼ਾ ਨੂੰ ਸਮਝਣ ਵਿਚ ਸਹਾਈ ਹੋ ਸਕਦਾ ਹੈ।
ਇਸ ਟੂਕ ਦਾ ਆਸਰਾ ਇਹ ਦੱਸਣ ਵਾਸਤੇ ਲਿਆ ਜਾ ਰਿਹਾ ਹੈ ਕਿ ਸਿਆਸਤ ਅਤੇ ਧਰਮ ਨੂੰ ਜਿਵੇਂ ‘ਮੀਰੀ-ਪੀਰੀ’ ਦੇ ਹਵਾਲੇ ਨਾਲ ਸਿੱਖ ਸਮਕਾਲ ਵਿਚ ਪ੍ਰਵਾਨ ਕਰ ਲਿਆ ਗਿਆ ਹੈ, ਇਹ ਸਿਆਸਤ ਦੀ ਲੋੜ ਹੈ ਅਤੇ ਧਰਮ ਨੂੰ ਇਸ ਵਿਚੋਂ ਮਨਫੀ ਕਰਨ ਦੀ ਮੀਸਣੀ-ਕਲਾਕਾਰੀ ਨੂੰ ਹੀ ਸਿਆਸਤ ਕਿਹਾ ਜਾ ਰਿਹਾ ਹੈ। ਇਸ ਨੂੰ ਧਰਮ ਦੀ ਲੋੜ ਸਮਝਣ ਦੇ ਭਰਮ ਵਿਚੋਂ ਜਿਨਾ ਛੇਤੀ ਬਾਹਰ ਨਿਕਲ ਸਕੀਏ, ਉਨਾ ਹੀ ਠੀਕ ਹੋਵੇਗਾ? ਇਸੇ ਕਰਕੇ ਸਿਆਸਤ, ਮਿਸਲਾਂ ਤੋਂ ਲੈ ਕੇ ਅਕਾਲੀਆਂ ਤੱਕ, ਸਿੱਖ ਧਰਮ ਦੇ ਹੱਕ ਨਾਲੋਂ ਸਿੱਖ ਧਰਮ ਦੇ ਵਿਰੋਧ ਵਿਚ ਵੱਧ ਭੁਗਤੀ ਹੈ। ਇਥੋਂ ਸਿੱਖ ਸੰਸਥਾਵਾਂ ਦੀ ਵਰਤਮਾਨ ਦਿਸ਼ਾ ਤੇ ਦਸ਼ਾ ਦੀ ਗੱਲ ਸ਼ੁਰੂ ਕੀਤੀ ਜਾ ਰਹੀ ਹੈ।
ਸਿੱਖ ਸੰਸਥਾਵਾਂ ਦੀ ਵਿਆਖਿਆ ਉਹੀ ਹੈ, ਜਿਹੜੀ ਗੁਰਦੁਆਰਾ ਸੰਸਥਾ ਦੀ ਸਿੱਖ ਸਾਹਿਤ ਵਿਚ ਪ੍ਰਾਪਤ ਹੈ। ਸੋ ਸਿੱਖ ਸੰਸਥਾਵਾਂ ਦਾ ਰੋਲ ਮਾਡਲ ਸਦਾ ਹੀ ਗੁਰਦੁਆਰਾ ਰਿਹਾ ਹੈ। ਗੁਰਦੁਆਰੇ ਦੀ ਵਿਆਖਿਆ ਭਾਈ ਕਾਹਨ ਸਿੰਘ ਨਾਭਾ ਦੇ ਸ਼ਬਦਾਂ ਵਿਚ ਇਸ ਪ੍ਰਕਾਰ ਹੈ,
“ਸਿੱਖਾਂ ਦਾ ਗੁਰਦੁਆਰਾ, ਵਿਦਿਯਾਰਥੀਆਂ ਲਈ ਸਕੂਲ, ਆਤਮ ਜਗਿਯਾਸਾ ਵਾਲਿਆਂ ਲਈ ਗਯਾਨ-ਉਪਦੇਸ਼ਕ ਅਚਾਰੀਯ, ਰੋਗੀਆਂ ਲਈ ਸ਼ਫਾਖਾਨਾ, ਭੁਖਿਆਂ ਲਈ ਅੰਨਪੂਰਣਾ, ਇਸਤ੍ਰੀ ਜਾਤਿ ਦੀ ਪਤ ਰੱਖਣ ਲਈ ਲੋਹਮਈ ਦੁਰਗ, ਅਤੇ ਮੁਸਾਫਰਾਂ ਲਈ ਵਿਸ਼੍ਰਾਮ ਦਾ ਅਸਥਾਨ ਹੈ” (ਮਹਾਨ ਕੋਸ਼, ਪੰਨਾ 417)।
ਇਹ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਕਿਸੇ ਵੀ ਧਰਮ ਦੀ ਦਿਸ਼ਾ ਤੇ ਦਸ਼ਾ ਨੂੰ ਧਰਮ ਗ੍ਰੰਥ ਅਨੁਸਾਰ ਕਰਨ ਦੀ ਜਿੰਮੇਵਾਰੀ ਸਬੰਧਤ ਧਰਮ ਦੇ ਚੇਤੰਨ ਵਰਗ ਦੀ ਹੁੰਦੀ ਹੈ। ਧਰਮ ਦੇ ਇਤਿਹਾਸ ਵਿਚ ਅਜਿਹੀ ਜਿੰਮੇਵਾਰੀ ਹਿੰਦੂ ਚੇਤਨਾ ਦੇ ਪ੍ਰਤੀਨਿਧ ਵਜੋਂ ਰਾਮਾਨੁਜ ਨੇ ਨਿਭਾਈ ਸੀ ਅਤੇ ਈਸਾਈ ਚੇਤਨਾ ਦੇ ਪ੍ਰਤੀਨਿਧ ਵਜੋਂ ਮਾਰਟਨ ਲੂਥਰ ਨੇ ਨਿਭਾਈ ਸੀ। ਜਿਹੜੇ ਧਰਮਾਂ ਦੀ ਚੇਤਨਾ ਅਜਿਹਾ ਨਹੀਂ ਕਰ ਸਕਦੀ, ਉਨ੍ਹਾਂ ਨੂੰ ਦੂਜੇ ਦੇ ਏਜੰਡੇ ‘ਤੇ ਕੰਮ ਕਰਨਾ ਪੈਂਦਾ ਹੈ ਅਤੇ ਨਤੀਜੇ ਲਗਭਗ ਉਹੋ ਜਿਹੇ ਨਿਕਲਦੇ ਹਨ, ਜਿਹੋ ਜਿਹੇ ਨਤੀਜਿਆਂ ਦੇ ਸਨਮੁਖ ਸਿੱਖ ਧਰਮ ਨੂੰ ਹੋਣਾ ਪੈ ਰਿਹਾ ਹੈ। ਇਸ ਵੇਲੇ ਦੀ ਲੋੜ ਇਹ ਵੇਖਣ ਤੇ ਸਮਝਣ ਦੀ ਹੈ ਕਿ ਸਿੱਖ ਧਰਮ ਵਰਤਮਾਨ ਵਿਚ ਕੀ ਤੇ ਕਿਵੇਂ ਦੀ ਭੂਮਿਕਾ ਨਿਭਾ ਸਕਦਾ ਹੈ? ਇਸ ਵਿਚ ਰੁਕਾਵਟ ਇਹ ਹੈ ਕਿ ਚਿੰਤਨਾਤਮਿਕ ਪ੍ਰਸੰਗ ਵਿਚ ਲੋੜੀਂਦੇ ਪਹਿਲੂਆਂ ਦੀ ਸਿੱਕੇਬੰਦ ਵਿਆਖਿਆ ਅਜੇ ਆਪਣਿਆਂ ਵੱਲੋਂ ਆਪ ਕੀਤੀ ਜਾਣੀ ਹੈ। ਇਸ ਪਾਸੇ ਜੋ ਸ਼ੁਰੂਆਤ ਭਾਈ ਗੁਰਦਾਸ ਤੋਂ ਲੈ ਕੇ ਭਾਈ ਕਾਹਨ ਸਿੰਘ ਨਾਭਾ ਤੱਕ ਹੁੰਦੀ ਰਹੀ ਸੀ, ਉਹ ਅੱਗੇ ਨਹੀਂ ਤੁਰ ਸਕੀ। ਇਸ ਨਾਲ ਸਥਿਤੀ ਇਹ ਪੈਦਾ ਹੋ ਗਈ ਹੈ ਕਿ ਜੋ ਪ੍ਰਾਪਤ ਹੈ, ਉਸ ਨੂੰ ਵੀ ਸਮਕਾਲ ਦੇ ਹਾਣ ਦਾ ਬਣਾ ਕੇ ਨਹੀਂ ਵਰਤਿਆ ਜਾ ਰਿਹਾ। ਜੇ ਸਿੱਖ-ਸਿਧਾਂਤਕੀ ਨੂੰ ਵਰਤਮਾਨ ਦੇ ਹਾਣ ਦਾ ਕਰਕੇ ਵਰਤਦੇ ਤਾਂ ਸਿੱਖ-ਫਲਸਫਾ, ਸਿੱਖ-ਥੀਆਲੋਜੀ, ਸਿੱਖ-ਵਿਆਖਿਆ ਸ਼ਾਸ਼ਤਰ, ਸਿੱਖ-ਲੋਕਤੰਤਰ ਅਤੇ ਸਿੱਖ-ਨੈਤਿਕਤਾ ਵਰਗੀ ਵਿਲੱਖਣਤਾ ਸਾਹਮਣੇ ਆ ਜਾਣੀ ਸੀ। ਇਸ ਨਾਲ ਇਹ ਸਥਾਪਤ ਕੀਤਾ ਜਾ ਸਕਦਾ ਸੀ ਕਿ ਅਧਿਆਤਮਿਕ ਪ੍ਰਸੰਗ ਵਿਚ ਸਿੱਖੀ ਹੀ ਭਾਰਤੀ ਚਿੰਤਨ ਦੀ ਅਸਲ ਵਾਰਸ ਹੈ। ਇਸ ਪੱਖੋਂ ਰਹਿ ਗਈ ਘਾਟ ਨਾਲ ਦਿਸ਼ਾ ਦੇ ਸਿੱਖ ਪ੍ਰਸੰਗ ਦਾ ਪ੍ਰਸੰਗ ਸਥਾਪਨ ਨਹੀਂ ਹੋ ਸਕਿਆ ਅਤੇ ਨਤੀਜੇ ਵਜੋਂ ਸਿੱਖ ਭਾਈਚਾਰਾ ਸ਼ੋਰੀਲੀਆਂ-ਦੁਸ਼ਵਾਰੀਆਂ (ਸਿਆਸਤ) ਅਤੇ ਬੇਲੋੜੀਆਂ ਮਜਬੂਰੀਆਂ ਦੀ ਤਲਿੱਸਮੀ ਚੁੱਪ ਵਿਚਕਾਰ ਤਣਿਆ ਗਿਆ ਹੈ। ਇਹੀ ਦਸ਼ਾ ਹੈ, ਜਿਸ ਨਾਲ ਸਿਧਾਂਤ ਉਤੇ ਸੰਸਥਾ ਨੂੰ ਅਤੇ ਬਾਣੀ ਉਤੇ ਇਤਿਹਾਸ ਨੂੰ ਪਹਿਲ ਪ੍ਰਾਪਤ ਹੋ ਗਈ ਹੈ। ਬੱਚਤ ਇਹ ਹੈ ਕਿ ਇਸ ਸਾਰੇ ਕੁਝ ਨੂੰ ਗੁਰੂ ਗ੍ਰੰਥ ਸਾਹਿਬ ਵਿਚੋਂ ਕੋਈ ਠੁਮ੍ਹਣਾ ਨਹੀਂ ਮਿਲ ਰਿਹਾ। ਇਸ ਪ੍ਰਸੰਗ ਵਿਚ ਇਹ ਪ੍ਰਵਾਨ ਕਰਕੇ ਗੱਲ ਕੀਤੀ ਜਾ ਰਹੀ ਹੈ ਕਿ ਗੁਰਦੁਆਰਾ ਸੰਸਥਾ ਹੀ ਬੇਸ਼ੱਕ ਸਿੱਖ ਸੰਸਥਾ ਦੀ ਨੁਮਾਇੰਦਗੀ ਕਰਦੀ ਰਹੀ ਹੈ, ਪਰ ਇਸ ਵਿਚ ਕੇਂਦਰੀਅਤਾ ਗੁਰੂ ਗ੍ਰੰਥ ਸਾਹਿਬ ਨੂੰ ਹੀ ਪ੍ਰਾਪਤ ਸੀ, ਹੈ ਅਤੇ ਰਹਿਣੀ ਹੈ। ਗੁਰੂ ਗ੍ਰੰਥ ਸਾਹਿਬ ਅਤੇ ਗੁਰਦੁਆਰਾ ਦਾ ਸਬੰਧ ਇਕ ਦੂਜੇ ਦੇ ਪੂਰਕ ਹੋਣ ਵਿਚ ਹੈ ਅਤੇ ਇਨ੍ਹਾਂ ਦੋਹਾਂ ਨੂੰ ਇਕ ਦੂਜੇ ਤੋਂ ਨਿਖੇੜ ਕੇ ਨਹੀਂ ਵੇਖਿਆ ਜਾ ਸਕਦਾ। ਸਿੱਖ ਸੰਸਥਾ ਤੋਂ ਪੰਥਕ ਸੰਸਥਾ ਤੱਕ ਦਾ ਸਫਰ ਵੀ ਬਹੁਤ ਅਰਥ ਭਰਪੂਰ ਹੈ। ਸਿੱਖ ਸੰਸਥਾ ਦਾ ਪ੍ਰਤੀਨਿਧ, ਹਰਿਮੰਦਰ ਸਾਹਿਬ ਹੈ ਅਤੇ ਪੰਥਕ ਸੰਸਥਾ ਦਾ ਪ੍ਰਤੀਨਿਧ ਅਕਾਲ ਤਖਤ ਸਾਹਿਬ ਹੈ। ਇਨ੍ਹਾਂ ਦੋਹਾਂ ਸ੍ਰੋਤ ਸੰਸਥਾਵਾਂ ਨੂੰ ਇਕ ਦੂਜੇ ਦੀ ਪੂਰਕਤਾ ਵਿਚ ਹੀ ਸਮਝੇ ਅਤੇ ਸਮਝਾਏ ਜਾਣ ਦੀ ਲੋੜ ਹੈ। ਇਨ੍ਹਾਂ ਦੋਹਾਂ ਵਿਚਕਾਰ ਨਾਜ਼ੁਕ-ਨਿਖੇੜ ਕਰ ਸਕਣ ਦੀ ਅਸਮਰਥਤਾ ਵਿਚੋਂ ਉਹੋ ਜਿਹੀ ‘ਸਿਆਸਤ’ ਪੈਦਾ ਹੁੰਦੀ ਰਹੀ ਹੈ, ਜਿਸ ਨੂੰ ਲੈ ਕੇ ਧਰਮ ਅਤੇ ਸਿਆਸਤ ਦਾ ਸਿੱਖ ਪ੍ਰਸੰਗ ਉਲਝਦਾ ਜਾ ਰਿਹਾ ਹੈ।
ਸਿਆਸਤ, ਗੌਂਅਮੁਖੀ ਵਰਤਾਰਾ ਹੋਣ ਕਰਕੇ ਨੈਤਿਕ-ਸੀਮਾਵਾਂ ਨੂੰ ਸਦਾ ਹੀ ਤੋੜਦਾ ਰਿਹਾ ਹੈ। ਗੌਂਅਮੁਖੀ ਵਰਤਾਰੇ ਦੀ ਚੂਲ ਵਿਅਕਤੀਗਤ ਚੌਧਰ ਰਹਿੰਦੀ ਹੈ। ਸਿੱਖ ਸੰਸਥਾ ਵਿਚ ਵਿਅਕਤੀਗਤ ਚੌਧਰ ਵਾਸਤੇ ਕੋਈ ਥਾਂ ਹੀ ਨਹੀਂ ਹੈ, ਕਿਉਂਕਿ ਵਿਅਕਤੀ-ਉਤਮਤਾ (ਜੇ ਹੈ ਵੀ) ਨੂੰ ਸੰਗਤੀ ਸੀਮਾਵਾਂ ਛੜੱਪਨ ਦੀ ਆਗਿਆ ਨਹੀਂ ਹੈ। ਇਸ ਲਈ ‘ਪੰਥ’ ਨੂੰ ਵੀ “ਗੁਰ ਸੰਗਤ ਕੀਨੀ ਖਾਲਸਾ” ਦੇ ਪ੍ਰਸੰਗ ਵਿਚ ਹੀ ਸਮਝੇ ਅਤੇ ਸਮਝਾਏ ਜਾਣ ਦੀ ਲੋੜ ਹੈ। ਇਸ ਵਿਚ ਸਾਂਝੀ ਸਮਝ, ਸਾਂਝੀ ਚੇਤਨਾ, ਸਾਂਝੀ ਯਾਦ ਅਤੇ ਸਾਂਝਾ ਅਨੁਭਵ ਸ਼ਾਮਲ ਰਹਿਣਾ ਜ਼ਰੂਰੀ ਹੈ। ਇਸ ਜ਼ਰੂਰਤ ਦੇ ਕਿਰ ਜਾਣ ਦੇ ਹਾਲਾਤ ਪੈਦਾ ਹੁੰਦੇ ਰਹੇ ਹਨ ਅਤੇ ਪੈਦਾ ਹੁੰਦੇ ਰਹਿਣੇ ਹਨ। ਅਜਿਹੇ ਹਾਲਾਤਾਂ ਨਾਲ ਨਜਿੱਠਨ ਲਈ ਪੰਥਕ ਜੂਝਣ ਅਤੇ ਸਿੱਖ ਜਦੋਜਹਿਦ ਗੁਰਮਤਿ ਸੁਰ ਵਿਚ ਹੁੰਦੀ ਰਹਿਣੀ ਚਾਹੀਦੀ ਹੈ। ਇਹ ਵਿਸ਼ਵਾਸ਼ ਸਿੱਖ ਯਾਦ ਦਾ ਹਿੱਸਾ ਹੈ ਕਿ ਕੋਈ ਵੀ ਪੰਥਕ ਜਦੋਜਹਿਦ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਹੀ ਚੱਲਦੀ ਰਹੇ ਤਾਂ ਹੀ ਗੁਰੂ ਅੰਗ ਸੰਗ ਰਹਿ ਸਕਦਾ ਹੈ। ਇਸ ਪੰਥਕ ਭਰੋਸੇ ਦੇ ਇਤਿਹਾਸ ਵਿਚ ਪ੍ਰਗਟਾਵੇ ਦਾ ਅਰੰਭ 1708 ਤੋਂ ਸ਼ੁਰੂ ਹੋ ਗਿਆ ਸੀ ਅਤੇ ਉਸ ਸਮੇਂ ਦਾ ਰੋਲ-ਮਾਡਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਹਾ ਜਾਣਾ ਚਾਹੀਦਾ ਹੈ। ਸਿੱਖ ਮਿਸਲਾਂ ਵੇਲੇ ਵੀ ਇਸ ਪੰਥਕ ਭਰੋਸੇ ਦੀ ਪਹਿਲਤਾਜ਼ਗੀ ਕਿਸੇ ਨਾ ਕਿਸੇ ਰੂਪ ਵਿਚ ਕਾਇਮ ਸੀ। ਪਰ ਮਿਸਲਾਂ ਦੇ ਜਗੀਰਦਾਰੀ ਰੰਗ ਵਿਚ ਤਬਦੀਲ ਹੋ ਜਾਣ ਨਾਲ ਧਰਮ ਵਿਚ ਸਿਆਸਤ ਦਾ ਦਖਲ ਸ਼ੁਰੂ ਹੋ ਗਿਆ ਸੀ। ਸਰਕਾਰ-ਏ-ਖਾਲਸਾ ਵੇਲੇ ਇਹ ਸਿਖਰ ‘ਤੇ ਸੀ। ਇਸ ਦੇ ਵਿਸਥਾਰ ਵਿਚ ਜਾਏ ਬਿਨਾ 20ਵੀਂ ਸਦੀ ਦੇ ਅਖੀਰ ਵਿਚ ਪੰਥਕ ਭਰੋਸੇ ਦੀ ਸੁਚੇਤ ਪਰਤ, ਸਿੰਘ ਸਭਾ ਲਹਿਰ ਦਾ ਹਵਾਲਾ, ਕਿਸੇ ਵੀ ਸਮਕਾਲ ਦੀ ਦਿਸ਼ਾ ਤੇ ਦਸ਼ਾ ਨੂੰ ਸਮਝਣ ਵਿਚ ਸਹਾਈ ਹੋ ਸਕਦਾ ਹੈ। ਸਿੰਘ ਸਭਾ ਦੀ ਨਿਰੰਤਰਤਾ ਵਿਚ ਸਿੱਖ ਨਾਬਰੀ ਦੀ ਪ੍ਰਤੀਨਿਧ ਗੁਰਦੁਆਰਾ ਸੁਧਾਰ ਲਹਿਰ ਹੋ ਗਈ ਸੀ।
ਸਿੱਖ ਚੇਤਨਾ ਅਤੇ ਸਿੱਖ ਨਾਬਰੀ ਨੂੰ ਸਰਚਾਉਣ ਲਈ ਸਿਆਸੀ ਪੈਂਤੜੇ ਦੀ ਸਿਆਸੀ ਸੰਤੁਸ਼ਟੀ ਵਾਸਤੇ ਬਣੇ ਜਾਂ ਮਿਲੇ ਗੁਰਦੁਆਰਾ ਐਕਟ 1925 ਨਾਲ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆ ਗਿਆ ਸੀ। ਇਸ ਨਾਲ ਸਿੱਖ ਭਾਈਚਾਰੇ ਨੂੰ ਕੀ ਮਿਲਿਆ, ਕੀ ਗੁਆਚਿਆ ਅਤੇ ਕੀ ਗਲ ਪੈ ਗਿਆ-ਵੱਖਰਾ ਵਿਸ਼ਾ ਹੈ। ਇਥੇ ਇਸ ਦੇ ਵਿਸਥਾਰ ਵਿਚ ਜਾਣ ਦੀ ਗੁੰਜਾਇਸ਼ ਨਹੀਂ ਹੈ ਪਰ ਇਸ ਪਿਛੋਕੜ ਵਿਚ ਸਿੱਖ ਸੰਸਥਾਵਾਂ ਉਤੇ ਸਿੱਖ ਸਿਆਸਤ ਦੀ ਹੋ ਗਈ ਈਜਾਰੇਦਾਰੀ ਦੀ ਰੌਸ਼ਨੀ ਵਿਚ ਹੀ ਸਿੱਖ ਸੰਸਥਾਵਾਂ ਦੀ ਦਿਸ਼ਾ ਤੇ ਦਸ਼ਾ ਨੂੰ ਸਮਝਿਆ ਜਾ ਸਕਦਾ ਹੈ।
ਇਹ ਇਤਿਹਾਸਕ ਸੱਚਾਈ ਹੈ ਕਿ ਪਲ ਦੀ ਸੰਭਾਲ ਵਿਚ ਹੀ ਸਫਲਤਾ ਦਾ ਭੇਦ ਛੁਪਿਆ ਹੁੰਦਾ ਹੈ। ਇਹ ਗੱਲ “ਸਚੁ ਸੁਣਾਇਸੀ ਸਚੁ ਕੀ ਬੇਲਾ”, “ਵਖਤੁ ਵੀਚਾਰੇ ਸੋ ਬੰਦਾ ਹੋਇ” ਅਤੇ “ਵਖਤੈ ਉਪਰ ਲੜਿ ਮਰੈ” ਦੇ ਆਧਾਰ ‘ਤੇ ਕਹੀ ਜਾ ਰਹੀ ਹੈ। ਸਿੰਘ ਸਭਾਈ ਸੁਜੱਗਤਾ ਨੇ ਪ੍ਰਸਤਾਵਿਤ ਸ਼੍ਰੋਮਣੀ ਕਮੇਟੀ ਨੂੰ ਸਿਆਸਤ ਤੋਂ ਬਚਾਉਣ ਵਾਸਤੇ ਸੰਭਵ ਕੋਸ਼ਿਸ਼ਾਂ ਕੀਤੀਆਂ ਸਨ। ਸਿੱਖ ਭਾਈਚਾਰੇ ਦੀਆਂ ਸਿਆਸੀ ਲੋੜਾਂ ਦੀ ਪੂਰਤੀ ਲਈ ‘ਸ਼੍ਰੋਮਣੀ ਅਕਾਲੀ ਦਲ’ ਇਸੇ ਲਈ ਬਣਾਇਆ ਗਿਆ ਸੀ ਤਾਂ ਕਿ ਸ਼੍ਰੋਮਣੀ ਕਮੇਟੀ ਨੂੰ ਪੰਥਕ ਸੁਰ ਵਿਚ ਰੱਖਿਆ ਜਾ ਸਕੇ। ਅਕਾਲੀ ਦਲ ਦਾ ਵਿਧਾਨ ਵੀ ਬਹੁਤ ਮਿਹਨਤ ਨਾਲ ਪੰਥਕ ਭਾਵਨਾ ਵਾਲਾ ਬਣਾਇਆ ਗਿਆ ਸੀ। ਪਰ ਹੌਲੀ ਹੌਲੀ ‘ਪੰਥਕ ਬੋਲ ਬਾਲਿਆਂ’ ਦੀ ਥਾਂ, ਸਿਆਸੀ ਬੋਲ ਬਾਲਿਆਂ ਨੇ ਲੈ ਲਈ ਹੈ। ਇਹੀ ਚੁਣੌਤੀ ਹੈ ਅਤੇ ਇਸ ਚੁਣੌਤੀ ਨਾਲ ਜੁੜੀਆਂ ਸਮੱਸਿਆਵਾਂ ਦੀ ਸ਼ੁਰੂਆਤ ਤਾਂ 1925 ਦੇ ਐਕਟ ਨਾਲ ਹੀ ਹੋ ਗਈ ਸੀ। ਪਰ ਆਜ਼ਾਦ ਭਾਰਤ ਦੀ ਧਰਮ ਨਿਰਪੇਖ ਸਿਆਸਤ ਵਿਚ ਸਿੱਖ ਭਾਈਚਾਰੇ ਨੂੰ ਉਸ ਪਾਸੇ ਤੁਰਨਾ ਪੈ ਗਿਆ, ਜਿਸ ਨਾਲ ਪੈਦਾ ਹੋਈਆਂ ਦੁਸ਼ਵਾਰੀਆਂ ਨੂੰ ਦਿਸ਼ਾ ਤੇ ਦਸ਼ਾ ਵਜੋਂ ਵਿਚਾਰਿਆ ਜਾ ਰਿਹਾ ਹੈ।
ਆਜ਼ਾਦ ਭਾਰਤ ਵਿਚ ਸਿੱਖ ਭਾਈਚਾਰੇ ਕੋਲ ਧਾਰਮਿਕ ਮਾਮਲਿਆਂ ਨਾਲ ਨਿਪਟਣ ਲਈ ‘ਸ਼੍ਰੋਮਣੀ ਕਮੇਟੀ ਮਾਡਲ’ ਪ੍ਰਾਪਤ ਹੈ ਅਤੇ ਸਿਆਸੀ ਮਾਮਲਿਆਂ ਨਾਲ ਨਿਪਟਣ ਲਈ ‘ਅਕਾਲੀ ਦਲ ਮਾਡਲ’ ਪ੍ਰਾਪਤ ਹੈ। ਦੋਹਾਂ ਨੂੰ ਆਪੋ ਆਪਣੀ ਭੂਮਿਕਾ ਨਿਭਾਉਂਦਿਆਂ ਇਕ ਦੂਜੇ ਦੀ ਪੂਰਕਤਾ ਵਿਚ ਰੱਖਿਆ ਜਾ ਸਕਦਾ ਸੀ ਜਾਂ ਰਖਿਆ ਜਾਣਾ ਚਾਹੀਦਾ ਸੀ। ਦੋਹਾਂ ਹੀ ਮਾਡਲਾਂ ਵਿਚ ਭਾਈਚਾਰਕ ਲੋੜ ਮੁਤਾਬਕ ਲੋੜੀਂਦੀਆਂ ਤਬਦੀਲੀਆਂ ਵੀ ਕੀਤੀਆਂ ਜਾ ਸਕਦੀਆਂ ਸਨ, ਪਰ ਹੋਇਆ ਇਸ ਨਾਲੋਂ ਬਿਲਕੁਲ ਉਲਟ। ਦੋਹਾਂ ਸੰਸਥਾਵਾਂ ਨੂੰ ਇਕ ਕਰਨ ਦੇ ਸਿਆਸੀ ਲਾਲਚ ਵਿਚ ਦੋਵੇਂ ਸੰਸਥਾਵਾਂ ਇਕ ਦੂਜੇ ਨੂੰ ਫੇਲ੍ਹ ਕਰਨ ਦੇ ਰਾਹੇ ਪੈ ਚੁਕੀਆਂ ਹਨ। ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ, ਜਦੋਂ ਇਸ ਨੂੰ ਇਸ ਪੱਖੋਂ ਵੇਖਦੇ ਹਾਂ ਕਿ ਸਿੱਖ ਭਾਈਚਾਰਾ ਸਾਰੀ ਦੁਨੀਆਂ ਵਿਚ ਫੈਲ ਗਿਆ ਹੈ, ਪਰ ਸਾਡੀਆਂ ਇਹ ਦੋਵੇਂ ਸੰਸਥਾਵਾਂ ਪੰਜਾਬੀ ਸੂਬੇ (ਅੰਮ੍ਰਿਸਰ ਤੋਂ ਅੰਬਾਲਾ) ਤੱਕ ਸਿਮਟ ਕੇ ਰਹਿ ਗਈਆਂ ਹਨ। ਦੋਵੇਂ ਸੰਸਥਾਵਾਂ ਸਿੱਖ ਭਾਈਚਾਰੇ ਦੀਆਂ ਪ੍ਰਤੀਨਿਧ ਹੋਣ ਦੀ ਤਾਂ ਗੱਲ ਹੀ ਛੱਡੋ, ਪੰਜਾਬੀ ਸੂਬੇ ਦੇ ਸਿੱਖਾਂ ਦੀਆਂ ਪ੍ਰਤੀਨਿਧ ਵੀ ਨਹੀਂ ਰਹੀਆਂ। ਇਹ ਸਾਰਾ ਕੁਝ ਦੋਹਾਂ ਸੰਸਥਾਵਾਂ ਵਲੋਂ ਇਕ ਦੂਜੇ ਦੀ ਪੂਰਕਤਾ ਵਿਚ ਰਹਿਣ ਦੀ ਧਾਰਮਿਕ ਵਿਧੀ ਨੂੰ ਛੱਡ ਕੇ ਇਕ ਦੂਜੇ ਦਾ ਸਿਆਸੀ ਲਾਹਾ ਲੈਣ ਦੀ ਸਿਆਸੀ ਦੌੜ ਦੇ ਭਾਰੂ ਹੋ ਜਾਣ ਕਰਕੇ ਵਾਪਰਿਆ ਹੈ। ਮਿਸਾਲ ਵਜੋਂ ਸ਼੍ਰੋਮਣੀ ਕਮੇਟੀ ਪੰਥਕ ਲੀਹਾ ਪਾੜ ਕੇ ਨਹੀਂ ਤੁਰ ਸਕਦੀ ਕਿਉਂਕਿ ਸ਼੍ਰੋਮਣੀ ਕਮੇਟੀ ਦੀ ਅਜਿਹੀ ਕੋਈ ਸਿਧਾਂਤਕ ਅਤੇ ਵਿਧਾਨਕ ਮਜਬੂਰੀ ਨਹੀਂ ਹੈ। ਪਰ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨਕ ਪ੍ਰਸੰਗ ਵਿਚ ਸਿਆਸੀ ਮਜਬੂਰੀ ਹੈ ਕਿ ਉਹ ਸ਼੍ਰੋਮਣੀ ਕਮੇਟੀ ਵਾਂਗ ਪੰਥਕ ਬਿਰਦ ਦੀ ਪਾਲਣਾ ਨਹੀਂ ਕਰ ਸਕਦਾ। ਕਾਰਨ, ਦੋਹਾਂ ਸੰਸਥਾਵਾਂ ਦੇ ਵੋਟ ਬੈਂਕ ਵਿਚ ਸਿੱਖ ਸ਼ਾਮਲ ਹੋਣ ਦੇ ਬਾਵਜੂਦ ਵਿਧਾਨਕ ਪ੍ਰਸੰਗ ਵਿਚ ਵੱਖ ਵੱਖ ਹਨ। ਦੋਹਾਂ ਸੰਸਥਾਵਾਂ ਨੂੰ ਇਕ ਦੂਜੇ ਦੀਆਂ ਮਜਬੂਰੀਆਂ ਦੀ ਕੀਮਤ ਦੇਣੀ ਪੈ ਰਹੀ ਹੈ ਅਤੇ ਇਸੇ ਲਈ ਦੋਵੇਂ ਸੰਸਥਾਵਾਂ ਇਕ ਦੂਜੇ ਨੂੰ ਫੇਲ੍ਹ ਕਰਨ ਵਾਲੇ ਰਾਹੇ ਪਈਆਂ ਹੋਈਆਂ ਹਨ। ਇਕ ਦੂਜੇ ਨੂੰ ਫੇਲ੍ਹ ਕਰਨ ਦੀ ਦੌੜ ਵਿਚ ਸ਼੍ਰੋਮਣੀ ਅਕਾਲੀ ਦਲ ਜੇਤੂ ਹੋ ਗਿਆ ਹੈ। ਪਰ ਅਕਾਲੀ ਦਲ ਦਾ ਇਹ ਭਰਮ ਉਸ ਵੇਲੇ ਟੁੱਟ ਜਾਂਦਾ ਹੈ, ਜਦੋਂ ਇਕ ਪਾਸੇ ਅੰਮ੍ਰਿਤਸਰ ਤੋਂ ਅੰਬਾਲੇ ਤੱਕ ਕਥਿਤ ਮੁੱਖ ਧਾਰਾ ਵਾਲੇ ਅਕਾਲੀ ਦਲ ਨੂੰ ਅੰਦਰੋਂ ਅਕਾਲੀ ਮਿਸਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦੂਜੇ ਪਾਸੇ ਬਾਹਰੋਂ ਸਿੱਖ ਬਹੁਸੰਮਤੀ ਵਾਲੇ ਪੰਜਾਬੀ ਸੂਬੇ ਵਿਚ ਕਾਂਗਰਸ ਨੂੰ ਰਾਜ ਭਾਗ ਦੀ ਵਾਰੀ ਦੇਣੀ ਪੈ ਰਹੀ ਹੈ। ਹਾਲਾਂਕਿ ਇਹ ਖਿੱਤਾ (ਪੰਜਾਬੀ ਸੂਬਾ) ਸਿਆਸੀ ਦ੍ਰਿਸ਼ਟੀ ਤੋਂ ਭਾਰਤੀ ਵਿਧਾਨ ਦੇ ਅੰਤਰਗਤ ਸਿੱਖ ਬਹੁਗਿਣਤੀ ਵਾਲਾ ਖਿੱਤਾ ਬਣਾਇਆ ਗਿਆ ਸੀ। ਇਸ ਵਾਸਤੇ ਤਾਰੀ ਗਈ ਕੀਮਤ ਵਜੋਂ ਦਸਤਕਾਰੀ ਅਸਾਸੇ ਹਰਿਆਣੇ ਨੂੰ ਦੇਣੇ ਪਏ ਸੀ ਅਤੇ ਕੁਦਰਤੀ ਅਸਾਸੇ ਹਿਮਾਚਲ ਨੂੰ।
ਖਾਲਸਾ ਜੀ ਦੇ ਬੋਲ ਬਾਲਿਆਂ ਦਾ ਜੋ ਅਰਥ ਅਕਾਲੀ ਸਿਆਸਤਦਾਨਾਂ ਨੇ ਕੱਢਿਆ ਹੋਇਆ ਹੈ, ਉਸ ਦੀ ਸਿੱਖ ਭਾਈਚਾਰੇ ਨੂੰ ਦਸ਼ਾ-ਵਿਗਾੜ ਦੇ ਰੂਪ ਵਿਚ ਬਹੁਤ ਕੀਮਤ ਤਾਰਨੀ ਪੈ ਰਹੀ ਹੈ। ਸਿੱਖ ਸਿਆਸਤਦਾਨ ਇਹੀ ਕਹੀ ਜਾ ਰਹੇ ਹਨ ਕਿ ‘ਰਾਜ ਬਿਨਾ ਨਹੀਂ ਧਰਮ ਚਲੈ ਹਹਿ’ ਪਰ ਉਹ ਇਹ ਭੁੱਲ ਜਾਂਦੇ ਹਨ ਕਿ ਇਸ ਦੇ ਅਰਥ ਅਗਲੀ ਲਾਈਨ ਨਾਲ ਰਲਾ ਕੇ ਹੀ ਕੀਤੇ ਜਾਣੇ ਚਾਹੀਦੇ ਹਨ। ਇਸ ਦੀ ਅਗਲੀ ਲਾਈਨ ਹੈ, ‘ਧਰਮ ਬਿਨਾ ਸਭ ਦਲੈ ਮਲੈ ਹਹਿ।’
ਸਿੱਖ ਭਾਈਚਾਰੇ ਦੇ ਵਿਰਾਸਤੀ ਰੋਲ ਮਾਡਲ ਉਹੀ ਰਹੇ ਹਨ, ‘ਜਿਨ੍ਹਾਂ ਨੇ ਧਰਮ ਨਹੀਂ ਹਾਰਿਆ’ ਅਤੇ ‘ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਹੀ’ ਹੈ। ਇਸ ਦ੍ਰਿਸ਼ਟੀ ਤੋਂ ਸਿੱਖ ਸਿਆਸਤਦਾਨਾਂ ਬਾਰੇ ਚੁੱਪ ਵਿਚ ਹੀ ਭਲਾ ਹੈ। ਜਿਨ੍ਹਾਂ ਨੂੰ ਇਸ ਕੰਧ ਉਤੇ ਲਿਖੀ ਹੋਈ ਸੱਚਾਈ ਦਾ ਨਹੀਂ ਪਤਾ, ਉਨ੍ਹਾਂ ਨੂੰ ਕਿਉਂ ਦੱਸਣਾ ਹੈ? ਇਨ੍ਹਾਂ ਸਭ ਗੱਲਾਂ ਨੂੰ ਨਾਲ ਲੈ ਕੇ ਹੀ ਸਿੱਖ ਸੰਸਥਾਵਾਂ ਦੀ ਦਿਸ਼ਾ ਅਤੇ ਦਸ਼ਾ ਨੂੰ ਸਮਝਿਆ ਤੇ ਸਮਝਾਇਆ ਜਾ ਸਕਦਾ ਹੈ।
ਧਰਮ ਅਤੇ ਰਾਜਨੀਤੀ ਨੂੰ ਇਕੱਠਿਆਂ ਰੱਖਣ ਲਈ ਲੋੜੀਂਦੀ ਸਿਧਾਂਤਕ ਧਰਾਤਲ ਜਿਸ ਤਰ੍ਹਾਂ ਇਸਲਾਮ ਵਿਚ ਪ੍ਰਾਪਤ ਹੈ, ਉਸ ਤਰ੍ਹਾਂ ਹੋਰ ਕਿਸੇ ਧਰਮ ਵਿਚ ਨਹੀਂ ਹੈ। ਇਹ ਇਸਲਾਮੀ ਸੰਭਾਵਨਾ ਕੇਵਲ ਤੇ ਕੇਵਲ ਯੂਨੀ ਕਲਚਰਲ ਬੋਲਬਾਲੇ ਵਿਚ ਹੀ ਸੰਭਵ ਹੋ ਸਕਦੀ ਹੈ। ਇਹ ਐਕਸਕਲਿਊਸਿਵ ਪਹੁੰਚ ਧਾਰਮਿਕ ਕੱਟੜਤਾ ਹੈ ਅਤੇ ਧਾਰਮਿਕ ਸੰਕੀਰਣਤਾ ਵਲ ਰੁਚਿਤ ਹੋਣ ਕਰਕੇ ਕਿਸੇ ਵੀ ਬਹੁ-ਸਭਿਆਚਾਰਕ ਵਰਤਾਰੇ ਵਿਚ ਸਫਲ ਸਾਬਤ ਨਹੀਂ ਹੋ ਸਕਦੀ। ਜਿਹੜਾ ਵੀ ਧਰਮ ਇਸ ਰਸਤੇ ਤੁਰਿਆ ਹੈ, ਉਸ ਦੀਆਂ ਧਾਰਮਿਕ ਸੰਸਥਾਵਾਂ ਉਤੇ ਸਿਆਸੀ ਸੱਤਾ ਦਾ ਕਬਜ਼ਾ ਹੀ ਰਿਹਾ ਹੈ। ਇਸਲਾਮ ਦੇ ਹਵਾਲੇ ਨਾਲ ਕਹਿਣਾ ਹੋਵੇ ਤਾਂ ਕਹਿਣਾ ਚਾਹੀਦਾ ਹੈ ਕਿ ਇਸਲਾਮ ਦੀ ਧਾਰਮਿਕ ਅਤੇ ਸਿਆਸੀ ਲੀਡਰਸ਼ਿਪ ਸਦਾ ਹੀ ‘ਦਾਰੁਲ ਹਰਬ’ (੍ਹੁਸe ਾ ੁਨਬeਲeਵਿeਰਸ) ਅਤੇ ‘ਦਾਰੁਲ ਇਸਲਾਮ’ (੍ਹੁਸe ਾ ਸੁਬਮਸਿਸਿਨ) ਵਿਚਕਾਰ ਵੰਡੀ ਰਹੀ ਹੈ। ਇਸ ਵੰਡ ਦੇ ਸਿੱਟਿਆ ਤੋਂ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਵੀ ਨਹੀਂ ਬਚ ਸਕੇ ਸਨ। ਇਨ੍ਹਾਂ ਦੋਹਾਂ ਸ਼ਹੀਦੀਆਂ ਦੀ ਇਸਲਾਮ ਨੂੰ ਨਹੀਂ, ਇਸਲਾਮੀ ਸਿਆਸਤ ਨੂੰ ਲੋੜ ਸੀ।
ਧਰਮ ਜੇ ਸਿਆਸਤ ਦਾ ਹਥਿਆਰ ਬਣ ਜਾਵੇ ਤਾਂ ਜਿਸ ਕਿਸਮ ਦੇ ਉਲਾਰ ਵਰਤਾਰਿਆਂ ਦਾ ਬੋਲਬਾਲਾ ਹੋ ਸਕਦਾ ਹੈ, ਉਸ ਦੀਆਂ ਮਿਸਾਲਾਂ ਦੇਸ਼ ਦੀ ਵੰਡ (1947) ਅਤੇ 1984 ਦੇ ਦੰਗਿਆਂ ਵੇਲੇ ਹੋਏ ਨਸਲਘਾਤ ਦੇ ਹਵਾਲੇ ਨਾਲ ਦਿੱਤੀਆਂ ਜਾ ਸਕਦੀਆਂ ਹਨ। ਧਰਮ ਦੇ ਨਾਂ ‘ਤੇ ਜਦੋਂ ਵੀ ਅਤੇ ਜਿਥੇ ਵੀ ਨਸਲਘਾਤ ਹੋਇਆ ਹੈ, ਉਸ ਪਿੱਛੇ ਧਰਮ ਦੀ ਆੜ ਵਿਚ ਧਰਮ ਨਾਲੋਂ ਟੁੱਟੀ ਹੋਈ ਸਿਆਸਤ ਹੀ ਕੰਮ ਕਰਦੀ ਰਹੀ ਹੈ। ਪਰ ਇਸ ਦੀ ਕੀਮਤ ਸਦਾ ਹੀ ਧਰਮ ਵਾਲਿਆਂ ਨੂੰ ਚੁਕਾਉਣੀ ਪੈਂਦੀ ਰਹੀ ਹੈ। ਇਸ ਨਾਲ ਇਸ ਨੁਕਤੇ ਦੀ ਪੁਸ਼ਟੀ ਹੋ ਜਾਂਦੀ ਹੈ ਕਿ ਧਰਮ ਨੂੰ ਸਿਆਸਤ ਠੀਕ ਬੈਠ ਹੀ ਨਹੀਂ ਸਕਦੀ। ਸਿੱਖ ਧਰਮ ਉਤੇ ਤਾਂ ਇਹ ਗੱਲ ਬਿਲਕੁਲ ਹੀ ਢੁੱਕਦੀ ਹੈ। ਸਿੱਖੀ ਕਿਸੇ ਵੀ ਸਭਿਆਚਾਰ ਨੂੰ ਨਾਲ ਲੈ ਕੇ ਤੁਰ ਸਕਣ ਦੀ ਸਮਰਥਾ ਕਰਕੇ ਧਰਮਾਂ ਵਿਚਕਾਰ ਸਿਰ-ਜੋੜ ਵਿਧੀਆਂ ਵਾਲੀ ਵਿਲੱਖਣਤਾ ਦੀ ਧਾਰਨੀ ਹੈ। ਇਸ ਦੇ ਸਮਰਥਨ ਵਿਚ ‘ਬਿਸਰਿ ਗਈ ਸਭ ਤਾਤਿ ਪਰਾਈ॥’ (ਪੰਨਾ 1299), ‘ਕੋਇ ਨਾ ਦਿਸੈ ਬਾਹਰਾ ਜੀਉ’, ‘ਸਭ ਸੇ ਲਏ ਮਿਲਾਏ ਜੀਉ’, ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਅਤੇ ‘ਸਰਬਤ ਦਾ ਭਲਾ’ ਵਰਗੇ ਪਰਸਪਰ ਪਿਆਰ ਵਾਲੇ ਨੈਤਿਕ ਸਰੋਕਾਰਾਂ ਨੂੰ ਕੇਂਦਰੀਅਤਾ ਪ੍ਰਾਪਤ ਰਹੀ ਹੈ ਅਤੇ ਰਹਿ ਸਕਦੀ ਹੈ। ਇਸ ਨੂੰ ਸ਼ਬਦ ਗੁਰੂ ਦੇ ਹਵਾਲੇ ਨਾਲ ਹੋਰ ਵੀ ਸੌਖਿਆਂ ਸਮਝਿਆ ਜਾ ਸਕਦਾ ਹੈ। ਪਰ ਇਸ ਦੇ ਵਿਸਥਾਰ ਦੀ ਇਥੇ ਗੁੰਜਾਇਸ਼ ਨਹੀਂ ਹੈ।
ਸਿੱਖ ਧਰਮ ਦੀਆਂ ਧਾਰਮਿਕ ਸੰਸਥਾਵਾਂ ਨਾਲ ਜੁੜੀ ਹੋਈ ਦਿਸ਼ਾ ਅਤੇ ਦਸ਼ਾ ਦੀ ਜੜ੍ਹ ਵਿਚ ਸਿਆਸੀ ਅਪਹਰਣ ਦੀਆਂ ਜਿਹੜੀਆਂ ਪਰਤਾਂ ਪਈਆਂ ਹੋਈਆਂ ਹਨ, ਉਨ੍ਹਾਂ ਨੂੰ ਗੁਰਮਤਿ ਸਮਝ ਮੁਤਾਬਕ ਸੁਲਝਾਇਆ ਜਾ ਸਕਦਾ ਹੈ। ਸਾਂਝੀ ਗੁਰਮਤਿ ਸਮਝ ਬਣਨ ਵਿਚ ਰੁਕਾਵਟ, ਸਿੱਖ ਸਿਆਸਤਦਾਨਾਂ ਵਲੋਂ ਪਾਈ ਜਾ ਰਹੀ ਹੈ। ਸਿੱਖ ਸਮਾਜ ਦੀਆਂ ਪ੍ਰਭਾਵਿਤ ਧਿਰਾਂ ਵਿਚੋਂ ਮੁੱਖ ਧਿਰ ਸਿੱਖ ਸਿਆਸਤਦਾਨ ਹੀ ਨਜ਼ਰ ਆਉਣ ਲਗ ਪਈ ਹੈ ਕਿਉਂਕਿ ਸਿੱਖ ਸੰਸਥਾਵਾਂ ਦੇ ਅਪਹਰਣ ਵਾਸਤੇ ਉਹ ਨਮਿਤ ਕਾਰਨ ਵੀ ਹਨ ਅਤੇ ਸਮੱਸਿਆਵਾਂ ਦੇ ਸੂਤਰਧਾਰ ਵੀ ਹਨ। ਦੂਜੇ ਨੰਬਰ ‘ਤੇ ਸਿੱਖ ਭਾਈਚਾਰੇ ਦੇ ਚੇਤੰਨ ਵਰਗ ਨੂੰ ਲੈਣਾ ਚਾਹੀਦਾ ਹੈ ਕਿਉਂਕਿ ਇਹ ਵਰਗ ਅਕਸਰ ‘ਮੈਨੂੰ ਕੀ’ ਵਿਚ ਫਸਿਆ ਹੋਇਆ ਮੂਕ ਦਰਸ਼ਕ ਬਣਿਆ ਰਿਹਾ ਹੈ ਅਤੇ ਬਣਿਆ ਹੋਇਆ ਹੈ। ਇਸ ਵਰਗ ਵਿਚੋਂ ਜੋ ਮੌਕਾ ਮਿਲੇ ਤੋਂ ਬੋਲਦੇ ਹਨ, ਉਨ੍ਹਾਂ ਨੂੰ ਹੱਕ ਜਾਂ ਵਿਰੋਧ ਦੀ ਸਿਆਸੀ-ਠੱਪੇਬੰਦੀ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਨ੍ਹਾਂ ਦੋਹਾਂ ਧਿਰਾਂ ਦੀ ਗਿਣਤੀ 5% ਤੋਂ 10% ਤੱਕ ਵੀ ਮੁਸ਼ਕਿਲ ਨਾਲ ਹੀ ਪਹੁੰਚਦੀ ਹੈ। ਬਾਕੀ ਦੇ 90% ਤੋਂ 95% ਵਾਲੇ ਬਹੁਸੰਮਤੀ ਸਿੱਖ ਭਾਈਚਾਰੇ ਨੂੰ ਬਾਲ ਬੁੱਧ ਮਾਨਸਿਕਤਾ ਜਾਂ ਕੋਮਲ ਮਾਨਸਿਕਤਾ ਵਾਲੀ ਤੀਜੀ ਕੋਟੀ ਕਿਹਾ ਜਾ ਰਿਹਾ ਹੈ। ਇਸ ਵਰਗ ਦੀ ਬੰਧੂਆ ਮਾਨਸਿਕਤਾ ਵੀ ਅਸਲ ਵਿਚ ਸਮਸਿਆ ਹੀ ਹੈ ਅਤੇ ਇਹ ਸਥਿਤੀ ਸਿੱਖ ਸਿਆਸਤਦਾਨ ਤੋਂ ਬਿਨਾ ਹੋਰ ਕਿਸੇ ਨੂੰ ਵੀ ਠੀਕ ਨਹੀਂ ਬੈਠਦੀ।
ਦਰਪੇਸ਼ ਸਿੱਖ ਸੰਕਟ ਕਿਸੇ ਹੋਰ ਨੇ ਨਹੀਂ, ਅਸੀਂ (ਸਿੱਖਾਂ ਨੇ) ਆਪ ਹੀ ਪੈਦਾ ਕੀਤੇ ਹੋਏ ਹਨ। ਇਸ ਨੂੰ ਸਮਝਣ ਲਈ ਪ੍ਰਾਪਤ ਸਿੱਖ ਵਰਤਾਰੇ ਨੂੰ ਸਮਝਣ ਦੀ ਲੋੜ ਹੈ। ਸਿੱਖ ਸਿਆਸਤਦਾਨ (ਕਿਸੇ ਵੀ ਰੰਗ ਵਾਲਾ), ਜੋ ਸਿੱਖ ਭਾਈਚਾਰੇ ਦਾ 1% ਤੋਂ ਵੀ ਘਟ ਹਿੱਸਾ ਹੈ, ਨੂੰ ਆਮ ਸਿੱਖ ਬੰਧੂਆ-ਵੋਟ ਬੈਂਕ ਵਾਂਗ ਹੀ ਨਜ਼ਰ ਆਉਂਦਾ ਹੈ। ਇਸ ਨੂੰ ਬਣਾਈ ਰੱਖਣ ਲਈ ਵਰਤੇ ਜਾ ਰਹੇ ਸਿੱਖ ਸਿਆਸਤ ਦੇ ਪੈਂਤੜਿਆਂ ਦੀ ਦਰਪੇਸ਼ ਸਮੱਸਿਆਵਾਂ ਨੂੰ ਸੁਲਝਾਉਣ ਵਿਚ ਕੋਈ ਦਿਲਚਸਪੀ ਹੀ ਨਹੀਂ ਹੈ। ਤੀਜੀ ਧਿਰ ਵਿਚ ਸਿੱਖ ਅਕਾਦਮੀਸ਼ਨਾਂ ਦੇ ਨਾਲ ਨਾਲ ਉਹ ਸਾਰੇ ਸਿੱਖ ਵੀ ਸ਼ਾਮਲ ਹਨ, ਜਿਨ੍ਹਾਂ ਦੀ ਰੋਜ਼ੀ-ਰੋਟੀ ਸਿੱਖੀ ਦੇ ਨਾਂ ‘ਤੇ ਚੱਲਦੀ ਹੈ। ਇਸ ਵਿਚ ਰਾਗੀ, ਢਾਡੀ, ਕਥਾਕਾਰ ਅਤੇ ਸਿੱਖ ਸੰਸਥਾਵਾਂ ਦੇ ਤਨਖਾਹਦਾਰ ਪ੍ਰਬੰਧਕ ਸ਼ਾਮਲ ਹਨ। ਇਸ ਵਿਚ ਵਾਧਾ ਇਹ ਕਿ ਸਿਆਸਤ, ਮੀਡੀਆ ਅਤੇ ਧਾਰਮਿਕ ਬਿਊਰੋਕਰੇਸੀ ਨੂੰ ਵੀ ਸਿੱਖ ਸਿਆਸਤਦਾਨ ਹੀ ਠੀਕ ਬੈਠਦਾ ਹੈ। ਪਰ ਲੋੜ ਪੈਣ ‘ਤੇ ਇਕ ਤੀਜੀ ਧਿਰ ਸਿੱਖ ਸਿਆਸਤਦਾਨ ਅਤੇ ਆਮ ਸਿੱਖ ਵਿਚਕਾਰ ਪੁਲ ਦਾ ਕੰਮ ਕਰਦੀ ਰਹੀ ਹੈ। ਇਸ ਹਾਲਤ ਵਿਚ ਸਿੱਖਾਂ ਨੂੰ ਦਰਪੇਸ਼ ਚੁਣੌਤੀਆਂ ਹਰ ਸਮਕਾਲ ਵਿਚ ਤਲਿੱਸਮੀ-ਮੁੱਦਾ ਹੁੰਦੀਆਂ ਰਹੀਆਂ ਹਨ।
ਸਿੱਖ-ਸੰਸਥਾਵਾਂ ਦੀ ਦਿਸ਼ਾ ਤੇ ਦਸ਼ਾ ਨੂੰ ਸਮਝਣ ਲਈ ਉਪਰੋਕਤ ਵਰਗ-ਵੰਡ ਦੇ ਨਾਲ ਨਾਲ ਸਿੱਖ ਧਰਮ ਦੇ ਸੰਸਥਾਤਮਿਕ ਰੰਗ ਅਧਿਆਤਮਿਕ, ਧਾਰਮਿਕ ਅਤੇ ਸਭਿਆਚਾਰਕ ਵੀ ਧਿਆਨ ਵਿਚ ਰੱਖਣੇ ਚਾਹੀਦੇ ਹਨ:
(A) ਅਧਿਆਤਮਕ ਆਧਾਰ ਵਾਲੇ ਸੰਸਥਾਈ ਰੰਗ ਵਿਚ ਸ਼ਬਦ ਗੁਰੂ ਨਾਲ ਜੁੜੇ ਅਨੁਭਵੀ ਸਰੋਕਾਰ ਸ਼ਾਮਲ ਰਹਿੰਦੇ ਹਨ। ਇਸ ਖੇਤਰ ਵਿਚ ਸਿੱਖੀ ਦੇ ਨਾਂ ‘ਤੇ ਚਲ ਰਹੀਆਂ ਡੇਰੇਦਾਰੀਆਂ ਦਾ ਬੇਸ਼ੱਕ ਬੋਲਬਾਲਾ ਲੱਗਣ ਲੱਗ ਪਿਆ ਹੈ, ਪਰ ਸੱਚ ਇਹ ਹੈ ਕਿ ਪੈਦਾ ਹੋ ਗਈ ਸਪੇਸ ਨੇ ਤਾਂ ਵਰਤੇ ਹੀ ਜਾਣਾ ਹੁੰਦਾ ਹੈ। ਜੇ ਇਸ ਦੀ ਕੀਮਤ ਖਾਲਸਾ-ਸੰਸਥਾਵਾਂ ਨੂੰ ਤਾਰਨੀ ਵੀ ਪੈ ਰਹੀ ਹੈ, ਤਾਂ ਵੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਸ਼ਬਦ ਗੁਰੂ ਨਾਲ ਜੁੜਨ ਦੀ ਥਾਂ ‘ਮਹਾਂਪੁਰਖਾਂ’ ਦੇ ਚਰਨਾਂ ਨਾਲ ਜੁੜਨ ਦਾ ਮਾਹੌਲ ਵੀ ਅਸੀਂ ਆਪ ਹੀ ਪੈਦਾ ਕੀਤਾ ਹੋਇਆ ਹੈ। ਇਸ ਤਰ੍ਹਾਂ ਸਿੱਖ ਸ਼ਹਿਰੀ ਦੀ ਥਾਂ ਸਿੱਖ ਵੋਟਰ ਪੈਦਾ ਕਰਨ ਦੀ ਸਿਆਸਤ ਪ੍ਰਧਾਨ ਹੋ ਗਈ ਹੈ ਅਤੇ ਸਿੱਖ ਸਿਆਸਤਦਾਨਾਂ ਨੇ ਅਧਿਆਤਮਕਤਾ ਨਾਲ ਜੁੜੇ ਗੁਰਸਿੱਖਾਂ ਨੂੰ ਵੀ ਸ਼੍ਰੋਮਣੀ ਕਮੇਟੀ ਦੇ ਵੋਟ ਬੈਂਕ ਵਜੋਂ ਵੇਖਣਾ ਤੇ ਵਰਤਣਾ ਸ਼ੁਰੂ ਕਰ ਦਿੱਤਾ ਹੈ।
(ਅ) ਧਾਰਮਿਕ ਆਧਾਰ ਵਿਚ ਸ਼ਬਦ ਗੁਰੂ ਦੀ ਅਗਵਾਈ ਵਿਚ ਪੈਦਾ ਹੋਈ ਸਿੱਖ ਸਮਝ, ਸਿੱਖ ਸ਼ਰਧਾ ਅਤੇ ਸਿੱਖ ਰਹਿਣੀ ਸ਼ਾਮਲ ਹੈ। ਇਸ ਖੇਤਰ ਦਾ ਸਮਕਾਲੀ ਰੋਲ ਮਾਡਲ ਬੜੀ ਦੇਰ ਤੋਂ ਗੁਆਚਿਆ ਹੋਇਆ ਹੈ। ਅਸਲ ਵਿਚ ਸਿੱਖਾਂ ਕੋਲੋਂ ਆਪਣੇ ਆਪਣੇ ਸਮਕਾਲ ਦਾ ਰੋਲ ਮਾਡਲ ਸਿਰਜਣ ਦੀ ਨਿਹਿਤ ਊਰਜਾ ਹੀ ਠੰਢੀ ਪੈ ਗਈ ਜਾਪਦੀ ਹੈ। ਪੈਦਾ ਹੋਈ ਸਥਿਤੀ ਦਾ ਮਾਲਕ ਸਿੱਖ ਸਿਆਸਤਦਾਨ ਬਣ ਬੈਠਾ ਹੈ। ਸਿਆਸਤ ਨੂੰ ਇਥੇ ਕਬਜ਼ੇ ਅਤੇ ਅਪਹਰਣ ਦੀ ਕਲਾ ਜਾਂ ਰਣਨੀਤੀ ਸਮਝਿਆ ਜਾ ਰਿਹਾ ਹੈ। ਧਰਮੀ ਰੋਲ ਮਾਡਲ ਦੀ ਥਾਂ ਜੇ ਸਿਆਸੀ ਰੋਲ ਮਾਡਲ ਨੇ ਲੈ ਲਈ ਹੈ ਅਤੇ ਇਸ ਦੇ ਨਤੀਜੇ ਉਹੀ ਨਿਕਲਣੇ ਕੁਦਰਤੀ ਹਨ, ਜਿਨ੍ਹਾਂ ਨੂੰ ਸਿੱਖ ਸੰਸਥਾਵਾਂ ਦੀ ਦਿਸ਼ਾ ਤੇ ਦਸ਼ਾ ਵਜੋਂ ਵਿਚਾਰਿਆ ਜਾ ਰਿਹਾ ਹੈ।
(e) ਸਭਿਆਚਾਰਕ ਆਧਾਰਾਂ ਵਿਚ ਉਹ ਸਾਰੇ ਭਾਈਚਾਰਕ ਸਰੋਕਾਰ ਸ਼ਾਮਲ ਰਹਿੰਦੇ ਹਨ, ਜਿਨ੍ਹਾਂ ਵਿਚ ਮੱਧਵਰਗੀ ਉਪਭੋਗੀ ਮਾਨਸਿਕਤਾ ਦਾ ਬੋਲਬਾਲਾ ਹੋ ਜਾਂਦਾ ਹੈ। ਇਹ ਗੌਂਅਮੁਖੀ ਵਰਤਾਰੇ ਵਾਲਾ ਖੇਤਰ ਹੈ। ਇਸ ਨੂੰ ਸਿੱਖਾਂ ਦੇ ਤੇਜ਼ੀ ਨਾਲ ਹੋ ਰਹੇ ਸ਼ਹਿਰੀਕਰਨ ਨਾਲ ਸ਼ਹਿ ਮਿਲੀ ਹੈ ਅਤੇ ਇਸ ਨਾਲ ਸਿੱਖੀ ਦੀ ਧੁਰੋਹਰ ਪੇਂਡੂ ਮਾਨਸਿਕਤਾ ਕਮਜ਼ੋਰ ਹੋਈ ਹੈ। ਆਧੁਨਿਕਤਾ ਨਾਲ ਆਈਆਂ ਸਹੂਲਤਾਂ ਦੀ ਭੂਮਿਕਾ ਨੇ ਵੀ ਪੇਂਡੂ ਮਾਨਸਿਕਤਾ ਨੂੰ ਕਮਜ਼ੋਰ ਕਰਨ ਵਿਚ ਯੋਗਦਾਨ ਪਾਇਆ ਹੈ। ਅਧਿਆਤਮ, ਧਰਮ ਅਤੇ ਸਭਿਆਚਾਰ ਇਸੇ ਕ੍ਰਮ ਵਿਚ ਹੀ ਪੈਦਾ ਹੁੰਦੇ ਹਨ, ਪਰ ਆਮ ਮਾਨਸਿਕਤਾ ਇਨ੍ਹਾਂ ਤਿੰਨਾਂ ਨੂੰ ਉਲਟੇ ਕ੍ਰਮ ਵਿਚ (ਸਭਿਆਚਾਰ, ਧਰਮ ਅਤੇ ਅਧਿਆਤਮ) ਸਮਝਣ ਵਿਚ ਸੌਖ ਮਹਿਸੂਸ ਕਰਦੀ ਹੈ। ਮਿਸਾਲ ਵਜੋਂ ਜਨਮ ਸਭਿਆਚਾਰ ਵਿਚ ਹੁੰਦਾ ਹੈ ਅਤੇ ਧਰਮ ਜਨਮ ਤੋਂ ਬਾਅਦ ਚੁਣਿਆ ਜਾਂਦਾ ਹੈ। ਇਸ ਚੋਣ ਵਿਚ ਸਭਿਆਚਾਰ ਅਤੇ ਧਰਮ ਦੀ ਸਕਰਮਕ ਭੂਮਿਕਾ ਸ਼ਾਮਲ ਰਹਿੰਦੀ ਹੈ। ਸਭਿਆਚਾਰ ਤੋਂ ਧਰਮ ਰਾਹੀਂ ਅਧਿਆਤਮ ਵਲ ਤੁਰਿਆ ਜਾ ਸਕਦਾ ਹੈ। ਇਨ੍ਹਾਂ ਤਿੰਨਾਂ ਵਿਚਕਾਰ ਪੱਕੀ ਲਕੀਰੀ ਵੰਡ ਸੰਭਵ ਹੋਣ ਦੇ ਬਾਵਜੂਦ, ਪੱਕੀ ਵੰਡ ਨਹੀਂ ਕਰਨੀ ਚਾਹੀਦੀ। ਇਹ ਦਿੱਤੇ ਹੋਏ ਕ੍ਰਮ ਵਿਚ ਇਕ ਦੂਜੇ ਨਾਲ ਜੁੜੇ ਹੋਏ ਰਹਿੰਦੇ ਹਨ ਅਤੇ ਪੱਕੀ ਵੰਡ ਨਾਲ ਇਕ ਦੂਜੇ ਨੂੰ ਫੇਲ੍ਹ ਕਰਨ ਵਾਲੇ ਰਾਹ ਤੁਰ ਪੈਂਦੇ ਹਨ। ਪਰ ਉਲਟੇ-ਪੁਲਟੇ ਕ੍ਰਮ ਵਿਚ ਵੀ ਇਹ ਘੁਸਪੈਠੀਆਂ ਵਾਂਗ ਆਪਸੀ ਨੁਕਸਾਨ ਕਰਦੇ ਰਹਿੰਦੇ ਹਨ। ਇਸੇ ਨੂੰ ਦਿਸ਼ਾ ਤੇ ਦਸ਼ਾ ਵਿਚਕਾਰ ਤਣਾਉ ਕਿਹਾ ਜਾ ਸਕਦਾ ਹੈ। ਸਿੱਖ ਭਾਈਚਾਰੇ ਵਿਚ ਸੰਸਥਾਈ ਪ੍ਰਸੰਗ ਵਿਚ ਇਹੀ ਵਾਪਰ ਰਿਹਾ ਹੈ। ਸਿੱਖ ਭਾਈਚਾਰਾ ਅਧਿਆਤਮ ਨੂੰ ਧਰਮ ਰਾਹੀਂ ਅਤੇ ਧਰਮ ਨੂੰ ਸਭਿਆਚਾਰ ਰਾਹੀਂ ਹੰਢਾਉਣ ਵਾਲੇ ਰਾਹ ਪੈ ਗਿਆ ਹੈ। ਲੋੜ ਇਨ੍ਹਾਂ ਤਿੰਨਾਂ ਦੀ ਸਾਂਝ ਅਤੇ ਵਖਰੇਵੇਂ ਨੂੰ ਸਮਝਣ ਦੀ ਹੈ।
ਦਰਪੇਸ਼ ਸੰਸਥਾਈ ਅੜਾਉਣੀ ਨੂੰ ਅਧਿਆਤਮ ਦੀ ਕੁੰਜੀ ਨਾਲ ਖੋਲ੍ਹਣ ਦੀ ਥਾਂ ਸਿਆਸਤ ਦੀ ਕੁੰਜੀ ਨਾਲ ਖੋਲ੍ਹਣ ਦੀ ਕੋਸ਼ਿਸ਼ ਨਾਲ ਸੁਲਝਣਾ ਤਾਂ ਕੀ ਹੈ, ਉਲਟਾ ਉਲਝੀ ਵੱਧ ਜਾ ਰਿਹਾ ਹੈ। ਜੋ ਕੁਝ ਵੀ ਪੰਥ ਸਿਰਜਤ ਹੈ, ਉਸ ਨੂੰ ਅਧਿਆਤਮ ਨਹੀਂ ਕਿਹਾ ਜਾ ਸਕਦਾ ਕਿਉਂਕਿ ਪੰਥਕ ਸਿਰਜਣਾ ਧਰਮ ਦਾ ਹਿੱਸਾ ਹੋਣ ਕਰਕੇ ਅਧਿਆਤਮ ਤੱਕ ਜਾਣ ਦਾ ਮਾਰਗ ਮਾਧਿਅਮ ਰਾਹੀਂ ਦਸ਼ਾ ਤੇ ਦਿਸ਼ਾ ਵਾਸਤੇ ਭੂਮਿਕਾ ਤਾਂ ਨਿਭਾ ਸਕਦੀ ਹੈ, ਪਰ ਅਧਿਆਤਮ ਵਾਂਗ ਮੰਜ਼ਲ ਨਹੀਂ ਹੋ ਸਕਦੀ।
ਸੰਸਥਾਈ ਦਿਸ਼ਾ ਤੇ ਦਸ਼ਾ ਨੂੰ ਸਮਝਣ ਵਾਸਤੇ ਸਿੱਖ ਸਭਿਅਚਾਰ ਨੂੰ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਸਭਿਆਚਾਰ ਦੀ ਅਧਿਆਤਮ ਅਤੇ ਧਰਮ ਦੇ ਹਵਾਲੇ ਨਾਲ ਭੂਮਿਕਾ ਅਹਿਮ ਰਹਿੰਦੀ ਹੈ। ਸਭਿਆਚਾਰ, ਪੰਜਾਬੀ ਸਭਿਆਚਾਰ ਅਤੇ ਸਿੱਖ ਪਰੰਪਰਾ ਇਕ ਦੂਜੇ ਨਾਲ ਜੁੜੇ ਰਹਿਣ ਕਰਕੇ ਇਕ ਦੂਜੇ ਨੂੰ ਪ੍ਰਭਾਵਿਤ ਕਰਦੇ ਰਹਿੰਦੇ ਹਨ। ਸਿੱਖ ਸਾਹਿਤ ਸਿੱਖ ਸਭਿਆਚਾਰ ਬਾਰੇ ਸੁਤੰਤਰ ਸਿੱਖ ਸਮਝ ਨੂੰ ਬਣਾਉਣ ਵਿਚ ਸਹਾਇਤਾ ਤਾਂ ਕਰ ਸਕਦਾ ਹੈ ਅਤੇ ਪੰਜਾਬੀ ਸਭਿਆਚਾਰ ਨਾਲੋਂ ਨਿਖੜਵੇਂ ਸਰੋਕਾਰਾਂ ਨੂੰ ਸਾਹਮਣੇ ਵੀ ਲਿਆ ਸਕਦਾ ਹੈ, ਪਰ ਅਸਲ ਫੈਸਲਾ ਅਧਿਆਤਮ ਦੀ ਅਗਵਾਈ ਵਿਚ ਹੀ ਕਰਨਾ ਪਵੇਗਾ। ਸਿੱਖ ਸਭਿਆਚਾਰ ਦੀ ਪ੍ਰਧਾਨ ਸੁਰ ਗੁਰੂ ਕਾਲ ਵਿਚ, ਸੰਘਰਸ਼ ਤੇ ਸਿੰਘ ਸਭਾਈ ਕਾਲ ਵਿਚ, 1947 ਦੀ ਵੰਡ ਵੇਲੇ, ਸਾਕਾ ਨੀਲਾ-ਤਾਰਾ ਵੇਲੇ ਅਤੇ 1984 ਦੇ ਦੰਗਿਆਂ ਵੇਲੇ ਵੱਖਰੀ ਵੱਖਰੀ ਸੀ। ਪਰ ਇਨ੍ਹਾਂ ਸਭ ਕਾਲਾਂ ਵਿਚ ਅਧਿਆਤਮਕ ਸੁਰ ਇਕੋ ਹੀ ਸੀ। ਜਿਹੜੀਆਂ ਸਥਿਤੀਆਂ ਵਿਚ ਕਿਸੇ ਵੀ ਸਮਕਾਲ ਦੀ ਪ੍ਰਧਾਨ ਸੁਰ ਸਿਆਸਤ ਰਹੀ ਹੋਵੇ, ਉਸ ਦੇ ਨਤੀਜੇ ਅਧਿਆਤਮ ਮੁਤਾਬਕ ਨਹੀਂ ਨਿਕਲ ਸਕਦੇ। ਅਜਿਹੀਆਂ ਸਥਿਤੀਆਂ ਨੂੰ ਗੁਰੂ ਗ੍ਰੰਥ ਸਾਹਿਬ ਵਿਚ ‘ਧਰਮ ਪੰਖ ਕਰਿ ਉਡਰਿਆ…’ ਕਿਹਾ ਹੋਇਆ ਹੈ ਅਤੇ ਇਨ੍ਹਾਂ ਵਿਚ ਅਧਿਆਤਮ ਦਾ ਕੋਈ ਰੋਲ ਅਕਸਰ ਨਹੀਂ ਹੁੰਦਾ। ਕਿਸੇ ਵੀ ਰੰਗ ਦੀ ਸਿਆਸਤ ਨੂੰ ਅਧਿਆਤਮ ਨਾਲ ਤੋੜ ਵਿਛੋੜਾ ਠੀਕ ਬੈਠਦਾ ਹੈ ਅਤੇ ਇਸੇ ਵਿਚੋਂ ਉਹ ਸਾਰੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਰਹੀਆਂ ਹਨ ਤੇ ਹੁੰਦੀਆਂ ਰਹਿਣੀਆਂ ਹਨ, ਜਿਨ੍ਹਾਂ ਦਾ ਪ੍ਰਸੰਗ-ਸਥਾਪਨ ਕਰਨ ਦੀ ਕੋਸ਼ਿਸ਼ ਦਿਸ਼ਾ ਤੇ ਦਸ਼ਾ ਦੇ ਹਵਾਲੇ ਨਾਲ ਕੀਤੀ ਜਾ ਰਹੀ ਹੈ। ਇਸ ਪ੍ਰਸੰਗ ਵਿਚ ਪ੍ਰਾਪਤ ਵੇਰਵਿਆਂ ਦੀ ਰੌਸ਼ਨੀ ਵਿਚ ਸਿਆਸਤ ਨੂੰ ਅਪਹਰਣ ਦੀ ਰਣਨੀਤੀ ਕਿਹਾ ਜਾ ਸਕਦਾ ਹੈ।
ਬਾਣੀ ਦੀ ਰੌਸ਼ਨੀ ਵਿਚ ਸਿਆਸੀ-ਸਭਿਆਚਾਰ ਨੂੰ ‘ਉਜਲੁ ਕੈਹਾਂ ਚਿਲਕਣਾ ਘੋਟਿਮ ਕਾਲੜੀ ਮਸੁ॥’ (ਪੰਨਾ 729), ‘ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ॥ (ਪੰਨਾ 470), ‘ਜਿਨ ਮਨਿ ਹੋਰੁ ਮੁਖਿ ਹੋਰੁ ਸੇ ਕਾਢੇ ਕਚਿਆ॥ (ਪੰਨਾ 488) ਅਤੇ ‘ਹਮ ਕੀਚੜ ਫਾਥੈ…’ ਰਾਹੀਂ ਸਮਝਿਆ ਤੇ ਸਮਝਾਇਆ ਜਾ ਸਕਦਾ ਹੈ। ਸਿੱਖ ਸੁਰ ਵਿਚ ਅਧਿਆਤਮ ਅਤੇ ਕਲਚਰ ਵਿਚਕਾਰ ਪੁਲ ਦੀ ਭੂਮਿਕਾ ਧਰਮ ਹੀ ਨਿਭਾਉਂਦਾ ਆ ਰਿਹਾ ਹੈ। ਆਧੁਨਿਕ ਅੰਤਰਦ੍ਰਿਸ਼ਟੀਆਂ ਨਾਲ ਇਹ ਸਾਂਝ ਤੇ ਭੂਮਿਕਾ ਵਿਚਲਤ ਹੋਈ ਹੈ ਅਤੇ ਇਸ ਵਿਚਲਨ ਦੇ ਅਸਰ ਅਧੀਨ ਸਿੱਖ ਭਾਈਚਾਰੇ ਦੀ ਦਿਸ਼ਾ ਤੇ ਦਸ਼ਾ ਵਿਚਕਾਰ ਸੰਤੁਲਨ ਗੁਆਚ ਜਾਣ ਕਰਕੇ ਦੁਸ਼ਵਾਰੀਆਂ ਵਧੀਆਂ ਹਨ। ਮਿਸਾਲ ਦੇ ਤੌਰ ‘ਤੇ ਉਕਤ ਸਾਂਝ ਵਿਚੋਂ ਪੁਲ (ਧਰਮ) ਜਦੋਂ ਵੀ ਕਮਜ਼ੋਰ ਹੋ ਜਾਵੇਗਾ ਜਾਂ ਧਰਮ ਦੀ ਭਰੋਸੇਯੋਗਤਾ ਨਹੀਂ ਰਹੇਗੀ ਤਾਂ ਧਰਮ ਦੀ ਸਿਆਸਤ, ਇਸ ਦਾ ਕੁਦਰਤੀ ਬਦਲ ਬਣ ਜਾਵੇਗੀ ਅਤੇ ਪੁਲ ਹੋ ਜਾਣ ਦੀ ਭੂਮਿਕਾ ਸਿਆਸਤ ਹੀ ਨਿਭਾਉਣੀ ਸ਼ੁਰੂ ਕਰ ਦੇਵੇਗੀ। ਇਹੀ ਤਾਂ ਹੋਇਆ ਹੈ ਅਤੇ ਹੋ ਰਿਹਾ ਹੈ। ਧਰਮ ਦੀ ਸਿਆਸਤ ਦਾ ਨਤੀਜਾ ਧਰਮ ਦੇ ਮੰਡੀਕਰਨ ਵਿਚ ਨਿਕਲਦਾ ਰਿਹਾ ਹੈ ਤੇ ਨਿਕਲਦਾ ਰਹਿਣਾ ਹੈ। ਇਸ ਨਾਲ ਜੁੜੀਆਂ ਅੜਾਉਣੀਆਂ ਹੀ ਮੁੱਦਾ ਅਤੇ ਮਸਲਾ ਹੋ ਗਈਆਂ ਹਨ।
ਮੁੱਦਿਆਂ ਅਤੇ ਮਸਲਿਆਂ ਦੀ ਸਿਆਸਤ ਕਿਸੇ ਵੀ ਰੰਗ ਦੇ ਸਭਿਆਚਾਰ ਨੂੰ ਆਪਣਾ ਹਥਿਆਰ ਬਣਾ ਲੈਂਦੀ ਹੈ। ਇਸ ਵਿਚ ਵਿਦਿਅਕ ਸੰਸਥਾਵਾਂ, ਆਰਥਕ ਲੋੜਾਂ ਅਤੇ ਸਮਾਜਕ ਮਜਬੂਰੀਆਂ ਸਭਿਆਚਾਰ ਰਾਹੀਂ ਬੰਦੇ ਨੂੰ ਪਹਿਲਾਂ ਧਰਮ ਨਾਲੋਂ ਦੂਰ ਕਰ ਲੈਂਦੀਆਂ ਹਨ ਅਤੇ ਫਿਰ ਅਧਿਆਤਮ ਨਾਲੋਂ ਤੋੜਨ ਵਿਚ ਸਫਲ ਹੋ ਜਾਂਦੀਆਂ ਹਨ। ਇਸੇ ਵਿਚੋਂ ਧਾਰਮਿਕ ਦੁਕਾਨਦਾਰੀਆਂ ਪੈਦਾ ਹੋ ਜਾਂਦੀਆਂ ਰਹੀਆਂ ਹਨ। ਇਸ ਨਾਲ ਪੈਦਾ ਹੋ ਰਹੀ ‘ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ॥ (ਪੰਨਾ 469) ਵਿਚ ਫਸੀ ਹੋਈ ਧਾਰਮਿਕ ਕੱਟੜਤਾ ਵਾਲੀ ਮਾਨਸਿਕਤਾ ਨਾਲ ਜੁੜੇ ‘ਭਰਮ ਮੂਲਕ ਕਰਮਾਂ ਅਤੇ ਅਗਿਆਨ ਕਲਪਿਤ ਬੰਧਨਾਂ’ ਨੂੰ ਅਧਿਆਤਮਕਤਾ ਦਾ ਬਦਲ ਮੰਨ ਲੈਣ ਵਾਲੇ ਰਾਹ ਪੈ ਜਾਂਦੀ ਹੈ। ਇਹ ਸਥਿਤੀ ਸਭਿਆਚਾਰ ਦੇ ਪ੍ਰਦੂਸ਼ਿਤ ਹੋ ਜਾਣ ਦੀ ਹੈ। ਮਿਸਾਲ ਵਜੋਂ ਜਿਵੇਂ ਸਿੱਖ ਭਾਈਚਾਰੇ ਵਿਚ ਸ਼ਰਾਬ ਨਸ਼ਾ ਨਹੀਂ ਰਿਹਾ। ਅੰਮ੍ਰਿਤ ਵੇਲੇ ਦੇ ਜਾਗਣ ਦੀ ਲੋੜ ਨਹੀਂ ਰਹੀ ਅਤੇ ਅਜਿਹੀਆਂ ਹੋਰ ਗੱਲਾਂ ਵੀ ਹਨ, ਜਿਨ੍ਹਾਂ ਤੋਂ ਸਾਰੇ ਵਾਕਫ ਹਨ।
ਜਿਸ ਸਭਿਆਚਾਰ ਦੀਆਂ ਜੜ੍ਹਾਂ ਸਬੰਧਤ ਅਧਿਆਤਮਕਤਾ ਵਿਚੋਂ ਉਖੜ ਜਾਣ, ਉਸ ਸਭਿਆਚਾਰ ਦੇ ਵਾਰਸਾਂ ਦੀ ਮਾਨਸਿਕਤਾ ਲਟਕਾਊ ਅਵਸਥਾ (ਤ੍ਰਿਸ਼ੰਕੂ) ਦੀ ਸ਼ਿਕਾਰ ਹੋ ਜਾਂਦੀ ਹੈ। ਅਜਿਹੀ ਮਾਨਸਿਕਤਾ ਨੂੰ ਸਿਆਸਤਨੁਮਾ ਧਰਮ ਅਤੇ ਧਰਮਨੁਮਾ ਸਿਆਸਤ ਦੇ ਸਾਧਨ ਵਜੋਂ ਵਰਤਿਆ ਜਾਣਾ ਸੌਖਾ ਲੱਗਣ ਲੱਗ ਪੈਂਦਾ ਹੈ। ਇਹ ਉਹ ਹਾਲਤ ਹੈ ਜਿਸ ਵਿਚ ਬਾਹਰੀ ਸਾਧਨ ਅਤੇ ਬਾਹਰੀ ਮਜਬੂਰੀਆਂ ਸਭਿਆਚਾਰ ਨੂੰ ਪ੍ਰਭਾਵਿਤ ਕਰਨ ਲਗ ਪੈਂਦੀਆਂ ਹਨ। ਸਬੰਧਤ ਧਰਮ ਦਾ ਔਰਤ ਵਰਗ ਸਭ ਨਾਲੋਂ ਪਹਿਲਾਂ ਅਜਿਹੀ ਸਥਿਤੀ ਵਿਚ ਪ੍ਰਭਾਵਿਤ ਹੁੰਦਾ ਹੈ। ਇਸ ਨਾਲ ਪਰਿਵਾਰਕ ਯੂਨਿਟ ਖਤਰਿਆਂ ਦੇ ਮੂੰਹ ਆ ਜਾਂਦਾ ਹੈ। ਇਸ ਦਾ ਸਿੱਧਾ ਪ੍ਰਭਾਵ ਧਾਰਮਿਕ-ਯੂਨਿਟ ‘ਤੇ ਪੈਂਦਾ ਹੈ। ਇਸ ਰਾਹ ‘ਤੇ ਸਿੱਖ ਭਾਈਚਾਰਾ ਬਹੁਤ ਦੇਰ ਦਾ ਪਿਆ ਹੋਇਆ ਹੈ ਜੋ ਅਧਿਆਤਮ ਵਲ ਨੂੰ ਬਿਲਕੁਲ ਨਹੀਂ ਜਾਂਦਾ। ਇਸ ਤੋਂ ਭੱਜਣ ਦੀ ਥਾਂ ਇਸ ਨਾਲ ਨਜਿੱਠਨ ਦੀ ਸਿੱਖ ਵਿਧੀ ਨੂੰ ਅਮਲ ਵਿਚ ਲਿਆਂਦੇ ਜਾਣ ਦੀ ਲੋੜ ਹੈ। ਅਜਿਹਾ ਦਿਸ਼ਾ ਤੇ ਦਸ਼ਾ ਵਿਚਕਾਰ ਸੰਤੁਲਨ ਸਥਾਪਤ ਕਰਕੇ ਹੀ ਸੰਭਵ ਹੋ ਸਕਦਾ ਹੈ।
ਕਿਸੇ ਵੀ ਸਥਿਤੀ ਨਾਲ ਨਿਭਦਿਆਂ ਇਹ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਸੰਕਟ ਜੇ ਅੰਦਰੋਂ ਪੈਦਾ ਹੋਵੇ ਤਾਂ ਬੀਮਾਰੀ ਹੈ। ਵੇਲੇ ਸਿਰ ਬੀਮਾਰੀ ਦਾ ਇਲਾਜ ਨਾ ਹੋਵੇ ਤਾਂ ਬੀਮਾਰੀ ਲਾਇਲਾਜ ਹੋ ਜਾਂਦੀ ਹੈ। ਪੰਜਾਬੀ ਸਭਿਆਚਾਰ ਵਿਚ ਬੀਮਾਰੀ ਜੇ ਮੌਤ ਲੱਗਣ ਲੱਗੇ ਤਾਂ ਹੀ ਇਲਾਜ ਵਲ ਭੱਜਿਆ ਜਾਂਦਾ ਹੈ। ਭੱਜਣਾ ਉਦੋਂ ਪੈਂਦਾ ਹੈ, ਜਦੋਂ ਸਹਿਜੇ ਤੁਰਨ ਦਾ ਵੇਲਾ ਖੁੰਝਾ ਲਈਏ। ਸਿੱਖਾਂ ਦਾ ਵਰਤਮਾਨ ਸੰਕਟ ਸਿਆਸਤ ਵਲੋਂ ਧਰਮ ਦੇ ਅਪਹਰਣ ਵਿਚੋਂ ਪੈਦਾ ਹੋਇਆ ਲੱਗਦਾ ਹੈ। ਸਿੱਖ ਸਿਆਸਤਦਾਨ ਉਹੋ ਜਿਹਾ ਹੀ ਵਰਗ ਹਨ, ਜਿਹੋ ਜਿਹੇ ਕਿਸੇ ਵੀ ਰੰਗ ਦੇ ਡੇਰੇਦਾਰ ਜਾਂ ਧੰਦੇਬਾਜ਼ ਹੋ ਸਕਦੇ ਹਨ। ਸਿਆਸਤ ਵੀ ਇਕ ਕਿਸਮ ਦੀ ਡੇਰਾਦਾਰੀ ਹੀ ਹੈ। ਸਿੱਖੀ ਨੂੰ ਸਿਆਸਤ ਨਾ ਕਦੇ ਪਹਿਲਾਂ ਰਾਸ ਆਈ ਹੈ, ਨਾ ਵਰਤਮਾਨ ਵਿਚ ਆ ਰਹੀ ਹੈ ਅਤੇ ਨਾ ਹੀ ਕਦੇ ਆ ਸਕਣੀ ਹੈ। ਸਿਆਸਤ ਈਜਾਰੇਦਾਰੀ ਬਿਨਾ ਚਲ ਨਹੀਂ ਸਕਦੀ ਅਤੇ ਸਿੱਖੀ ਵਿਚ ਤਾਂ ਅਧਿਆਤਮਕ ਈਜਾਰੇਦਾਰੀ ਵਾਸਤੇ ਵੀ ਕੋਈ ਥਾਂ ਨਹੀਂ ਹੈ। ਸਿਆਸਤ ਬੰਦੇ ਦੀ ਨਿਸ਼ੰਗ ਸਿਰਦਾਰੀ ਵਿਚ ਚੱਲਦੀ ਹੈ ਅਤੇ ਸਿੱਖੀ ਵਿਚੋਂ ਬੰਦਾ ਮਨਫੀ ਹੈ। ਸਿਆਸਤ ਦੇ ਧਰਮ ਉਤੇ ਹਾਵੀ ਹੋ ਜਾਣ ਨਾਲ ਹੀ ਸਿੱਖ ਭਾਈਚਾਰੇ ਦੇ ਬਹੁਤੇ ਸੰਕਟ ਪੈਦਾ ਹੋ ਗਏ ਹਨ। ਇਸ ਵਿਚੋਂ ਪੈਦਾ ਹੋਈ ਬਦਸੂਰਤੀ ਵਿਚ ਇਹ ਭਾਈਚਾਰਕ-ਸਰੋਕਾਰ ਸ਼ਾਮਲ ਹੋ ਗਏ ਹਨ:
1. ਹਰ ਸਿੱਖ ਨੂੰ ਹਰ ਸਿੱਖ ਗੁਰਭਾਈ ਨਹੀਂ ਲਗਦਾ ਅਤੇ ਇਸ ਨਾਲ ਸ਼ਰੀਕਾ ਸਭਿਆਚਾਰ ਪੈਦਾ ਹੋ ਗਿਆ ਹੈ। ਇਸੇ ਦਾ ਸਿੱਟਾ ਹੈ ਕਿ ਹਰ ਸਿੱਖ ਨੂੰ ਹਰ ਸਿੱਖ ਦੇ ਔਗੁਣ ਹੀ ਨਜ਼ਰ ਆਉਣ ਲਗ ਪਏ ਹਨ ਅਤੇ ਨਾਲ ਪਏ ਗੁਣ ਅਣਗੌਲੇ ਹੀ ਰਹਿ ਜਾਂਦੇ ਹਨ।
2. ਸਿੱਖ ਭਾਈਚਾਰੇ ਦੇ ਧਾਰਮਿਕ ਸਰੋਕਾਰ, ਦੇਸ਼ ਦੇ ਧਰਮ ਨਿਰਪੇਖ ਢਾਂਚੇ ਵਿਚ ਘੁਟਣ ਮਹਿਸੂਸ ਕਰ ਰਹੇ ਹਨ। ਇਸ ਦੀ ਸਿਆਸਤ ਵੀ ਹੋਈ ਜਾ ਰਹੀ ਹੈ।
3. ਪੰਥ ਅਤੇ ਆਮ ਸਿੱਖ ਤਣਾਓ ਵਿਚ ਆਉਂਦਾ ਚਲਾ ਜਾ ਰਿਹਾ ਹੈ। ‘ਗੁਰਸੰਗਤ ਕੀਨੀ ਖਾਲਸਾ’ ਦੀ ਵਿਧੀ ਵਿਚ ਸਿੱਖ ਤੋਂ ਖਾਲਸਾ ਦਾ ਸਫਰ ਤੈਅ ਕਰਨ ਦਾ ਸਹਿਜ, ਸੰਤੋਖ ਅਤੇ ਬਿਬੇਕ ਗੁਆਚਦਾ ਜਾ ਰਿਹਾ ਹੈ।
4. ਸਿੱਖ ਰੋਲ ਮਾਡਲ, ਧਾਰਮਿਕ ਰੋਲ ਮਾਡਲ ਦੀ ਥਾਂ ਸਿਆਸੀ ਰੋਲ ਮਾਡਲ ਹੋ ਗਿਆ ਹੈ। ਇਸ ਨਾਲ ਧਰਮ ਨੂੰ ਸਿਆਸਤ ਵਿਚ ਜਜ਼ਬ ਕਰਨ ਦੀ ਸਿਆਸਤ ਸ਼ੁਰੂ ਹੋ ਗਈ ਹੈ।
5. ਸਿੱਖੀ ਦੇ ਵਾਰਸ ਪਿੱਛਲਪੈਰੀਂ ਤੁਰਨ ਕਰਕੇ ਜਿਥੋਂ ਤੁਰੇ ਸੀ, ਉਧਰ ਨੂੰ (ਰੀਲੈਪਸਿੰਗ ਵਲ) ਸਰਪੱਟ ਦੌੜੇ ਜਾ ਰਹੇ ਹਨ। ਸੋਚੋ, ਅਗਲੀ ਪੀਹੜੀ ਦਾ ਕੀ ਬਣੇਗਾ?
ਇਸ ਵੇਲੇ (ਸਮਕਾਲ) ਦੀ ਲੋੜ ਸਿੱਖ ਸਮਝ, ਸਿੱਖ ਸਹਿਮਤੀ ਅਤੇ ਸਿੱਖ ਜਾਗ੍ਰਿਤੀ ਲਹਿਰ ਪੈਦਾ ਕਰਨ ਦੀ ਹੈ। ਇਸ ਵਾਸਤੇ ਸਭ ਤੋਂ ਪਹਿਲੀ ਲੋੜ ਸਿੱਖੀ ਦੀ ਆੜ ਵਿਚ ਪੈਦਾ ਹੋ ਗਏ ਬੇਲਗਾਮ ਸਿੱਖ ਸੁਭਾ ਨੂੰ ਠੱਲ੍ਹਣ ਦੀ ਹੈ। ਅਜਿਹਾ ਬਾਣੀ ਵਲ ਪਰਤਿਆਂ ਹੀ ਹੋ ਸਕਦਾ ਹੈ। ਇਹ ਮਸਲਾ ਰਹਿਤ ਮਰਿਆਦਾ ਦਾ ਨਹੀਂ ਹੈ ਅਤੇ ਇਸ ਨੂੰ ਰਹਿਤ ਮਰਿਆਦਾ ਦੀ ਇਕਸਾਰਤਾ ਨਾਲ ਨਹੀਂ ਸੁਲਝਾਇਆ ਜਾ ਸਕੇਗਾ? ਪਰ ਬਾਣੀ ਵਲ ਪਰਤਣ ਲਈ ਬਾਣੀ-ਪ੍ਰਸਾਰਨ ਦੇ ਪ੍ਰਾਪਤ ਸਾਧਨਾਂ ਨੂੰ ਇਨ੍ਹਾਂ ਸਾਧਨਾਂ ਦੇ ਹੋ ਰਹੇ ਮੰਡੀਕਰਨ ਤੋਂ ਬਾਹਰ ਲਿਆਉਣਾ ਪਵੇਗਾ। ਇਸ ਵਾਸਤੇ ਸਮਕਾਲੀ ਸਰੋਕਾਰਾਂ ਨਾਲ ਜੁੜੇ ਪ੍ਰਬੰਧਕੀ ਢਾਂਚੇ ਦੀ ਸਰਜਰੀ ਜ਼ਰੂਰੀ ਹੁੰਦੀ ਜਾ ਰਹੀ ਹੈ। ਇਕ ਮਿਸਾਲ ਲੈਂਦੇ ਹਾਂ, ਸਿੱਖ ਸੰਸਥਾਵਾਂ ਵਿਚ ਪਰਵੇਸ਼ ਕਰ ਗਏ ਸ਼ੋਰੀਲੇਪਨ ਦੀ। ਇਹ ਧਰਮ ਪ੍ਰਚਾਰ ਦੇ ਮੰਡੀਕਰਨ ਦਾ ਹੀ ਹਿੱਸਾ ਹੈ। ਇਸ ਨੂੰ ਸਿੱਖ ਸਰੋਕਾਰਾਂ ਵਾਸਤੇ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਮਸਲਾ-ਮੁਕਤ ਸਮਕਾਲ ਸ਼ਾਇਦ ਹੁੰਦਾ ਹੀ ਨਹੀਂ। ਮਸਲਿਆਂ ਦਾ ਤਾਂ ਸਿੱਖੀ ਅਨੁਸਾਰ ਸਹਿਜ ਸਥਾਪਨ ਹੀ ਹੋ ਸਕਦਾ ਹੈ ਅਤੇ ਹੋਣਾ ਵੀ ਚਾਹੀਦਾ ਹੈ। ਅਜਿਹਾ ਕਿਉਂ ਨਹੀਂ ਹੋ ਰਿਹਾ, ਸੋਚਿਆ ਜਾਣਾ ਚਾਹੀਦਾ ਹੈ।
ਦਿਸ਼ਾ ਅਤੇ ਦਸ਼ਾ ਨੂੰ ਪ੍ਰਭਾਵਿਤ ਕਰ ਰਹੀਆਂ ਚੁਣੌਤੀਆਂ ਅਤੇ ਮੁੱਦਿਆਂ ਦੀ ਵੰਡ ਇਸ ਪ੍ਰਕਾਰ ਕੀਤੀ ਜਾ ਸਕਦੀ ਹੈ:
(A) ਪੰਥਕ ਸੰਸਥਾਵਾਂ ਦੇ ਸਿਆਸੀ ਅਪਹਰਣ ਕਾਰਨ ਪੈਦਾ ਹੋਈ ਦਸ਼ਾ ਨਾਲ ਨਜਿੱਠਨ ਲਈ ਇਕ ਨਾਹਰਾ ਆਮ ਸਿੱਖ ਦੀ ਮਾਨਸਿਕਤਾ ਵਿਚ ਉਤਾਰੇ ਜਾਣ ਦੀ ਲੋੜ ਹੈ, ਆਉ ਬਾਣੀ ਵਲ ਪਰਤੀਏ ਅਤੇ ਉਹ ਵੀ ਵਿਚੋਲਾ-ਰਹਿਤ ਅਤੇ ਸਿੱਧਿਆਂ। ਸਿੱਖ ਅਤੇ ਗੁਰੂ ਵਿਚਕਾਰ ਗੁਰੂ ਗ੍ਰੰਥ ਸਾਹਿਬ ਅਤੇ ਗੁਰਦੁਆਰੇ ਤੋਂ ਬਿਨਾ ਹੋਰ ਕੋਈ ਵਿਚੋਲਾ ਨਹੀਂ ਹੋ ਸਕਦਾ ਅਤੇ ਨਾ ਹੀ ਹੋਣਾ ਚਾਹੀਦਾ।
(ਅ) ਆਮ ਸਿੱਖ ਦੀ ਦਸ਼ਾ-ਸੁਧਾਰ ਤੱਕ ਪਹੁੰਚਣ ਲਈ ਪਲੈਟਫਾਰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣਾਇਆ ਜਾ ਸਕਦਾ ਹੈ। ਸ਼੍ਰੋਮਣੀ ਕਮੇਟੀ ਨੂੰ ਨਾਲ ਲਏ ਬਿਨਾ ਅਕਾਲ ਤਖਤ ਸਾਹਿਬ ਨੂੰ ਸਿਆਸਤ ਮੁਕਤ ਨਹੀਂ ਕੀਤਾ ਜਾ ਸਕਦਾ। ਦਿਸ਼ਾ ਮੁਤਾਬਕ ਦਸ਼ਾ ਵਾਸਤੇ ਸਿੱਖ ਸੰਸਥਾਵਾਂ ਦੀ ਸਿੱਖ ਸਿਆਸਤਦਾਨਾਂ ਤੋਂ ਮੁਕਤੀ ਲੋੜੀਂਦੇ ਏਜੰਡੇ ਦੀ ਚੂਲ ਹੋਣੀ ਚਾਹੀਦੀ ਹੈ।
ਇਸ ਵੇਲੇ ਦੀ ਲੋੜ ਧਰਮ ਅਤੇ ਸਿਆਸਤ ਵਿਚਕਾਰ ਲਕੀਰ ਖਿੱਚਣ ਦੀ ਹੈ। ਲੋੜ ਇਹ ਵੀ ਹੈ ਕਿ ਇਸ ਪੰਥਕ ਰੀਝ ਨੂੰ ਆਮ ਸਿੱਖ ਤੱਕ ਲੈ ਕੇ ਕਿਵੇਂ ਜਾਇਆ ਜਾਵੇ? ਇਸ ਵਿਚ ਕੋਈ ਸ਼ੱਕ ਨਹੀਂ ਕਿ ਕਿਸੇ ਵੀ ਕਿਸਮ ਦੇ ਧਾਰਮਿਕ ਬਦਲ ਦੀ ਸ਼੍ਰੋਮਣੀ ਕਮੇਟੀ ਵਿਚ ਕੋਈ ਥਾਂ ਹੀ ਨਹੀਂ ਹੈ ਕਿਉਂਕਿ ਸਿਆਸੀ ਘੜਮੱਸ ਨੇ ਇਹ ਰਾਹ ਹੀ ਬੰਦ ਕਰ ਦਿੱਤਾ ਹੈ। ਇਸ ਲਈ ਲੋੜੀਂਦੇ ਬਦਲ ਵਾਸਤੇ ਲੋੜੀਂਦਾ ਪਰਸਪਰ ਵਿਸ਼ਵਾਸ਼ ਹੀ ਕਿਧਰੇ ਨਜ਼ਰ ਨਹੀਂ ਆਉਂਦਾ। ਇਹ ਤੁਰਤ ਪੈਦਾ ਵੀ ਨਹੀਂ ਹੋ ਸਕਦਾ ਕਿਉਂਕਿ ਵਿਸ਼ਵਾਸ਼ ਦੀ ਨਜ਼ਰ ਆ ਰਹੀ ਬੇਭਰੋਸਗੀ, ਬਹੁਤ ਦੇਰ ਤੋਂ ਵਿਸ਼ਵਾਸ਼ ਨੂੰ ਸੁਕਾਉਣ ਵਾਲੇ ਰਾਹ ਪਈ ਹੋਈ ਸੀ। ਲੋੜ, ਇਸ ਭਰੋਸੇ ਨਾਲ ਤੁਰ ਪੈਣ ਦੀ ਹੈ ਕਿ ਜੇ ਗੁਰੂ ਦੇ ਭਾਣੇ ਵਿਚ ਹੀ ਸਭ ਕੁਝ ਹੋਣਾ ਹੈ ਤਾਂ ਭੀੜ ਬਣਾ ਕੇ ਤੁਰਨ ਦੀ ਉਡੀਕ ਕਿਉਂ ਕੀਤੀ ਜਾਵੇ? ਇਸ ਵੇਲੇ ਤੁਰਨ ਲਈ ਸਵਾ ਲੱਖੀ ਭਾਵਨਾ ਹੀ ਕੰਮ ਆ ਸਕਦੀ ਹੈ। ਪੰਥਕ ਫੈਸਲਿਆਂ ਨੂੰ ਲਗਾਤਾਰ ਗੁਰੂ ਜੁਗਤਿ ਵਿਚ ਨਾ ਲੈਣ ਕਰਕੇ ਜਿਹੜੇ ਹਾਲਾਤ ਪੈਦਾ ਹੋ ਗਏ ਹਨ, ਉਸ ਨਾਲ ਮੁੱਦਿਆਂ ਦੀ ਨਿਸ਼ਾਨਦੇਹੀ, ਮੁਸ਼ਕਿਲਾਂ ਅਤੇ ਭਟਕਣਾਂ ਦੇ ਸਨਮੁਖ ਆ ਗਈ ਹੈ। ਇਸ ਲਈ ਇਸ ਵੇਲੇ ਦੀ ਲੋੜ ਮੁੱਦਿਆਂ ਦੀ ਨਿਸ਼ਾਨਦੇਹੀ ਕਰਕੇ, ਇਸ ਨੂੰ ਆਮ ਸਿੱਖ ਦੀ ਸਮਝ ਵਿਚ ਉਤਾਰਨ ਵਾਸਤੇ ਯਤਨ ਕਰਨ ਦੀ ਹੈ। ਇਹ ਇਸ ਆਸ ਨਾਲ ਸ਼ੁਰੂ ਕਰ ਲੈਣੀ ਚਾਹੀਦੀ ਹੈ ਕਿ ਇਸ ਸਮਕਾਲ ਦੀ ਇਸ ਸਿੱਖ ਲੋੜ ਤੋਂ ਭੱਜਿਆ ਨਹੀਂ ਜਾ ਸਕਦਾ। ਦਿਸ਼ਾ ਨੂੰ ਦੋਸ਼ ਦਿੱਤੇ ਬਿਨਾ ਦਸ਼ਾ ਨੂੰ ਸੁਧਾਰਨ ਵਾਸਤੇ ਕੀਤਾ ਗਿਆ ਇਹ ਲੇਖਾ-ਜੋਖਾ ਲੋੜੀਂਦੀ ਸੇਧ ਵਿਚ ਪੁੱਟਿਆ ਗਿਆ ਕਦਮ ਹੀ ਸਮਝਣਾ ਚਾਹੀਦਾ ਹੈ।