ਦਰਿਆ ਦੀ ਦਰਿਆ-ਦਿਲੀ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਹੈ ਤਾਂ ਫਿਜ਼ਿਕਸ ਜਿਹੇ ਖੁਸ਼ਕ ਵਿਸ਼ੇ ਦੇ ਅਧਿਆਪਕ ਪਰ ਉਨ੍ਹਾਂ ਦੀ ਵਾਰਤਕ ਵਿਚ ਕਵਿਤਾ ਜਿਹੀ ਰਵਾਨਗੀ ਹੈ। ਉਹ ਸ਼ਬਦਾਂ ਦੀ ਅਜਿਹੀ ਜੁਗਤ ਵਰਤਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ! ਇਸ ਲੇਖ ਲੜੀ ਵਿਚ ਉਨ੍ਹਾਂ ਕੁਦਰਤ ਦੀਆਂ ਨਿਆਮਤਾਂ ਨੂੰ ਸਲਾਮ ਕੀਤਾ ਹੈ ਅਤੇ ਮਨੁੱਖ ਦੀ ਇਨ੍ਹਾਂ ਪ੍ਰਤੀ ਅਕ੍ਰਿਤਘਣਤਾ ਉਤੇ ਅਫਸੋਸ ਜ਼ਾਹਰ ਕੀਤਾ ਹੈ।

ਪਿਛਲੇ ਲੇਖ ਵਿਚ ਉਨ੍ਹਾਂ ਬਾਰਸ਼ ਦੀਆਂ ਨਿਆਮਤਾਂ ਦੇ ਖਿਆਨਤਾਂ ਦੀ ਬਾਤ ਪਾਉਂਦਿਆਂ ਪਾਠਕਾਂ ਨੂੰ ਚੇਤੇ ਕਰਾਵਾਇਆ ਸੀ, “ਬਾਰਸ਼ ਵਿਚ ਭਿੱਜੋ ਤਾਂ ਕਿ ਤੁਹਾਡੇ ਗੁਨਾਹ ਧੋਤੇ ਜਾਣ, ਤੁਹਾਡੀਆਂ ਕੁਤਾਹੀਆਂ ਦੇ ਦਾਗ ਮਿੱਟ ਜਾਣ, ਅਣਜਾਣੇ ਹੀ ਦੁਖਾਏ ਦਿਲਾਂ ਦੀ ਚੀਸ ਕੁਝ ਘੱਟ ਜਾਵੇ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਦਰਿਆ ਦੀ ਮਨੁੱਖ ਨਾਲ ਅਜ਼ਲਾਂ ਤੋਂ ਸਾਂਝ ਦੀ ਬਾਤ ਪਾਉਂਦਿਆਂ ਕਿਹਾ ਹੈ, “ਇਸ ਨੇੜਤਾ ਨੇ ਮਨੁੱਖ ਨੂੰ ਵਸੀਲੇ, ਵਾਤਾਵਰਣ, ਸੁਯੋਗ ਹਾਲਾਤ ਅਤੇ ਵਰਤਮਾਨੀ ਸੁਵਿਧਾਵਾਂ ਨਾਲ ਲਬਰੇਜ਼ ਕੀਤਾ।” ਉਨ੍ਹਾਂ ਨੂੰ ਅਫਸੋਸ ਹੈ ਕਿ ਮਨੁੱਖ ਨੇ ਆਪਣੇ ਸਵਾਰਥ ਖਾਤਰ ਦਰਿਆਵਾਂ ਦੇ ਪਾਣੀ ਨੂੰ ਆਪਣੇ ਸਵਾਰਥ ਖਾਤਰ ਪਲੀਤ ਕਰ ਦਿੱਤਾ ਹੈ। ਉਹ ਸੁਚੇਤ ਕਰਦੇ ਹਨ, ਬਰੇਤਾ ਬਣ ਗਏ ਦਰਿਆਵਾਂ ਦੀ ਹੂਕ ਮਨੁੱਖ ਨੂੰ ਹਜ਼ਮ ਕਰਨ ਲੱਗਿਆਂ ਦੇਰ ਨਹੀਂ ਲਾਵੇਗੀ ਅਤੇ ਸਾਡੀਆਂ ਨਾਦਾਨੀਆਂ ਦੀ ਸਜ਼ਾ ਕਈ ਪੀੜ੍ਹੀਆਂ ਭੁਗਤਣਗੀਆਂ।…ਮਨੁੱਖੀ ਫਿਤਰਤ ਇਹ ਸਮਝਣ ਤੋਂ ਅਸਮਰਥ ਕਿ ਜੇ ਦਰਿਆ ਪਲੀਤ ਹੋ ਗਏ, ਬਿਰਖ ਨਾ ਰਹੇ, ਪਰਿੰਦੇ ਉਡਾਰੀ ਮਾਰ ਗਏ ਤਾਂ ਬਨਸਪਤੀ ਤੋਂ ਵਿਰਵੀ ਧਰਤ ‘ਤੇ ਕੀ ਨੋਟ ਖਾ ਕੇ ਜੀਵਿਆ ਜਾ ਸਕਦਾ ਏ? -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਦਰਿਆ, ਜੀਵਨ-ਨੈਂਅ, ਆਬ-ਏ-ਹਯਾਤ, ਪਿਆਸ-ਪੂਰਨਤਾ, ਪਾਕੀਜ਼ਗੀ ਦਾ ਪੀਰ ਅਤੇ ਸ਼ਫਾਫਤ ਦਾ ਬਿੰਬ।
ਦਰਿਆ, ਨਿੱਕੇ ਨਿੱਕੇ ਕਤਰਿਆਂ ਦਾ ਮਿਲ-ਬੈਠਣ ਦਾ ਸਬੱਬ, ਨਿੱਕੀਆਂ ਲਹਿਰਾਂ ਦਾ ਸੁਗਮ-ਸੰਗੀਤ, ਪੌਣਾਂ ਦਾ ਪਾਣੀ ਸੰਗ ਗੀਤ ਅਤੇ ਪਾਣੀ ਤੇ ਪੌਣ ਦੀ ਯੁਗਾਂ ਜੇਡੀ ਪ੍ਰੀਤ।
ਦਰਿਆ, ਟੀਸੀਆਂ ‘ਤੇ ਖੁਰ ਰਹੀ ਬਰਫ ਦਾ ਤਰਲ ਆਕਾਰ, ਨਿੱਕੇ-ਨਿੱਕੇ ਵਹਿਣਾਂ ਦੀ ਇਕਜੁੱਟਤਾ ਅਤੇ ਜਲ ਧਾਰਾ ਦੀ ਹੌਲੀ ਹੌਲੀ ਵੱਧ ਰਹੀ ਰਫਤਾਰ।
ਦਰਿਆ, ਛੋਟੀਆਂ ਜਲ ਧਾਰਾਵਾਂ ਅਤੇ ਝਰਨਿਆਂ ਦਾ ਆਪਸ ਵਿਚ ਮਿਲ ਕੇ ਨਦੀਆਂ-ਨਾਲਿਆਂ ਦਾ ਵੱਡ-ਆਕਾਰ ਧਾਰਨਾ। ਅਖੀਰ ਨੂੰ ਦਰਿਆ ਰੂਪੀ ਆਕਾਰ ਨਾਲ ਯੁੱਗ ਜਿਉਣ ਦਾ ਵਰਦਾਨ, ਜੀਵ ਅਤੇ ਬਨਸਪਤੀ ਦੀ ਤਲੀ ‘ਤੇ ਧਰਨਾ।
ਪਾਣੀ ਦਾ ਕੋਈ ਆਕਾਰ ਨਹੀਂ। ਨਿੱਕੀਆਂ ਨਿੱਕੀਆਂ ਨਦੀਆਂ ਮਿਲ ਕੇ ਇਸ ਨੂੰ ਦਰਿਆ ਦਾ ਆਕਾਰ ਦਿੰਦੇ ਜੋ ਮਨੁੱਖੀ ਸਭਿਅਤਾ ਦਾ ਸਭ ਤੋਂ ਮੁਢਲਾ ਅਤੇ ਕਦੀਮੀ ਸਤੰਭ।
ਦਰਿਆ, ਸ਼ਹਿਰਾਂ, ਸਭਿਅਤਾਵਾਂ, ਸਮਾਜ ਅਤੇ ਸਲਤਨਤਾਂ ਦਾ ਆਧਾਰ। ਜ਼ਿਆਦਾਤਰ ਸਭਿਅਤਾਵਾਂ ਦਰਿਆਵਾਂ ਦੇ ਕੰਢਿਆਂ ‘ਤੇ ਮੌਲੀਆਂ ਅਤੇ ਮਨੁੱਖੀ ਵਿਕਾਸ ਦਾ ਗਵਾਹ ਬਣੀਆਂ।
ਦਰਿਆ, ਅਕੀਦਤ-ਯੋਗ, ਰਹਿਬਰਾਂ ਦੀ ਠਾਹਰ, ਧਾਰਮਕ ਅਸਥਾਨਾਂ ਦਾ ਸਭ ਤੋਂ ਉਚਤਮ ਟਿਕਾਣਾ। ਜ਼ਿਆਦਾਤਰ ਇਬਾਦਤਯੋਗ ਥਾਂਵਾਂ ਦਰਿਆਵਾਂ ਦੇ ਕੰਢਿਆਂ ‘ਤੇ, ਬਾਹਰੀ ਅਤੇ ਅੰਤਰੀਵੀ ਪਾਕੀਜ਼ਗੀ ਦੀ ਇਕਮਿਕਤਾ ਦਾ ਸੰਗਮ।
ਦਰਿਆ ਦੀ ਮਨੁੱਖ ਨਾਲ ਅਜ਼ਲਾਂ ਤੋਂ ਸਾਂਝ। ਇਸ ਨੇੜਤਾ ਨੇ ਮਨੁੱਖ ਨੂੰ ਵਸੀਲੇ, ਵਾਤਾਵਰਣ, ਸੁਯੋਗ ਹਾਲਾਤ ਅਤੇ ਵਰਤਮਾਨੀ ਸੁਵਿਧਾਵਾਂ ਨਾਲ ਲਬਰੇਜ਼ ਕੀਤਾ।
ਦਰਿਆ ਵਰਗਾ ਬਣਨਾ ਮਨੁੱਖ ਦੀ ਮੁਢਲੀ ਲੋਚਾ। ਪਿਆਸੇ ਦੀ ਤਲੀ ‘ਤੇ ਅੰਮ੍ਰਿਤਮਈ ਪਾਣੀ-ਘੁੱਟਾਂ, ਕਿਨਾਰਿਆਂ ਵਰਗੇ ਪ੍ਰੇਮੀਆਂ ਨੂੰ ਜੋੜਨ ਵਾਲੀ ਤੰਦ ਅਤੇ ਜੀਵਨੀ ਸਮੁੱਚਤਾ ਦਾ ਸੰਧੂਰੀ ਰੰਗ।
ਕੌਣ ਪਾ ਸਕਦਾ ਏ ਦਰਿਆ ਵਰਗੀ ਦਰਿਆ-ਦਿਲੀ, ਜੀਵਨ-ਸਾਹ ਵੰਡਣ ਦੀ ਤੌਫੀਕ ਅਤੇ ਖੁਦ ਵਿਚੋਂ ਦੂਸਰੇ ਨੂੰ ਨਿਹਾਰਨ ਦੀ ਤਹਿਜ਼ੀਬ?
ਦਰਿਆ, ਖੁਦ ਦਾ ਖੁਦ ਨਾਲ ਸੰਵਾਦ, ਖੁਦ ਵਿਚੋਂ ਖੁਦ ਦਾ ਵਿਸਥਾਰ ਅਤੇ ਖੁਦ ਵਿਚੋਂ ਹੀ ਰੰਗਾਂ ਦੀ ਉਘੜਵੀਂ ਆਬਸ਼ਾਰ।
ਦਰਿਆ ਵਰਗੀ ਗੁਫਤਾਰ, ਰਫਤਾਰ ਅਤੇ ਵਿਹਾਰ ਹੋਵੇ ਤਾਂ ਜੀਵਨ-ਜੁਗਤਾਂ ਨੂੰ ਪਰ ਲੱਗਦੇ ਅਤੇ ਮਨੁੱਖ ਉਚੇ ਅੰਬਰੀਂ ਉਡਾਣਾਂ ਦੌਰਾਨ ਧਰਤ-ਮੋਹ ਨੂੰ ਕਦੇ ਵੀ ਮਨੋਂ ਨਾ ਵਿਸਾਰਦਾ।
ਦਰਿਆ ਵਰਗੀ ਤਾਸੀਰ ਨੂੰ ਸਿਰਜਣ ਲਈ ਧਰਤ ‘ਤੇ ਫੈਲਣਾ ਪੈਂਦਾ। ਕੰਢਿਆਂ ਵਿਚ ਬੱਝ ਕੇ ਨਿਸਚਿਤ ਆਕਾਰ ਨਿਰਧਾਰਤ ਕਰਨਾ ਪੈਂਦਾ। ਸੇਧ ਵਿਚ ਰਹਿ ਕੇ ਸੁਪਨ-ਨਗਰੀ ਨੂੰ ਜਾਂਦੇ ਰਾਹਾਂ ਵਿਚ ਕਰਮ-ਸਾਧਨਾ ਕਰਨੀ ਪੈਂਦੀ। ਤਹਿਜ਼ੀਬਾਂ, ਤਹਿਰੀਕਾਂ ਅਤੇ ਤਹਿਕੀਕਾਤ ਸਿਰਫ ਦਰਿਆਂ ਦੇ ਹਿੱਸੇ ਆਏ।
ਦਰਿਆ, ਜਲ-ਜੀਵਾਂ ਲਈ ਸੁਖਨ-ਸੰਸਾਰ, ਪੰਖੇਰੂਆਂ ਲਈ ਆਹਾਰ ਅਤੇ ਬਨਸਪਤੀ ਦਾ ਮੂਲ-ਆਧਾਰ। ਦਰਿਆਵਾਂ ਤੋਂ ਬਗੈਰ ਤਾਂ ਧਰਤੀ ਦੀ ਹਿੱਕ ‘ਤੇ ਸਿਰਫ ਰੇਗਿਸਤਾਨ ਹੀ ਉਗਦੇ।
ਦਰਿਆ ਹੀ ਹੁੰਦੇ ਜੋ ਪੰਜ ਆਬ ਬਣ ਕੇ ਕਿਸੇ ਰਹਿਤਲ ਨੂੰ ਪੰਜਾਬ ਦਾ ਨਾਮਕਰਣ ਦਿੰਦੇ, ਗੰਗਾ ਬਣ ਕੇ ਪਵਿੱਤਰ-ਧਾਰਾ ਦਾ ਲਕਬ ਮਿਲਦਾ, ਕਦੇ ਸੰਗਮ ਅਤੇ ਕਦੇ ਤ੍ਰਿਵੈਣੀਆਂ ਬਣ ਧਾਰਮਕ, ਸਮਾਜਕ ਅਤੇ ਆਰਥਕ ਸਰੋਕਾਰਾਂ ਨੂੰ ਨਵਾਂ ਆਧਾਰ ਪ੍ਰਦਾਨ ਕਰਦੇ।
ਵਗਦੇ ਪਾਣੀ ਦਾ ਕੰਢਾ, ਨਾਨਕ ਛੋਹ ਅਤੇ ਅਗੰਮੀ ਬੋਲਾਂ ਦੀ ਸੰਗਤ ਮਾਣਦਾ ਪਵਿੱਤਰ ਵੇਈਂ ਦਾ ਸੁੱਚਾ ਨਾਮ ਬਣ ਗਿਆ ਜਿਸ ਦੇ ਕੰਡਿਆਂ ‘ਤੇ ਮਰਦਾਨੇ ਦੀ ਰਬਾਬ ਅਤੇ ਬਾਬੇ ਦੇ ਇਲਾਹੀ ਬੋਲ ਨਾਦ ਬਣ ਕੇ ਫਿਜ਼ਾ ਨੂੰ ਤਰੰਗਤ ਤੇ ਅਨੰਦਤ ਕਰਦੇ ਰਹੇ।
ਦਰਿਆਵਾਂ ਦੀ ਹਿੱਕ ਵਿਚ ਉਗੇ ਬਰੇਤੇ, ਮਨੁੱਖੀ ਨਾਦਾਨੀਆਂ ਦਾ ਬਿਰਤਾਂਤ। ਬਰੇਤਾ ਬਣ ਗਏ ਦਰਿਆਵਾਂ ਦੀ ਹੂਕ ਮਨੁੱਖ ਨੂੰ ਹਜ਼ਮ ਕਰਨ ਲੱਗਿਆਂ ਦੇਰ ਨਹੀਂ ਲਾਵੇਗੀ ਅਤੇ ਸਾਡੀਆਂ ਨਾਦਾਨੀਆਂ ਦੀ ਸਜ਼ਾ ਕਈ ਪੀੜ੍ਹੀਆਂ ਭੁਗਤਣਗੀਆਂ।
ਦਰਿਆਵਾਂ ਦੀ ਨਿਰਮਲਤਾ ਜਦ ਜ਼ਹਿਰ ਬਣ ਕੇ ਮੌਤ ਦਾ ਵਣਜ ਕਰਨ ਲੱਗੇ, ਕੰਢਿਆਂ ਦੇ ਸਾਹਾਂ ਦੀ ਵੰਝਲੀ ਵਿਚੋਂ ਮਰਸੀਏ ਦੀ ਲੰਮੇਰੀ ਹੂਕ ਚੌਗਿਰਦੇ ਦੇ ਨਾਮ ਹੋ ਜਾਵੇ ਤਾਂ ਕੁਦਰਤ ਦੇ ਕਹਿਰ ਤੋਂ ਕੋਈ ਨਹੀਂ ਬਚ ਸਕਦਾ। ਅਸੀਂ ਦਰਿਆਵਾਂ ਨੂੰ ਮੌਤ ਦੀਆਂ ਝਲਾਰਾਂ ਬਣਾ ਦਿੱਤਾ ਏ ਕਿਉਂਕਿ ਨਿਜੀ ਮੁਫਾਦ ਲਈ ਮਿਲਾਏ ਹੋਏ ਜ਼ਹਿਰੀਲੇ ਤੱਤਾਂ ਤੇ ਰਸਾਇਣਾਂ ਕਾਰਨ ਮਨੁੱਖੀ ਕਮੀਨਤਾ ਰਸਾਤਲ ਤੱਕ ਗਿਰ ਗਈ ਏ।
ਦਰਿਆਵਾਂ ਵਿਚ ਉਗੀਆਂ ਸਿਸਕੀਆਂ ਬੋਲੇ ਕੰਨ ਕਿੰਜ ਸੁਣਨ, ਲਿਲਕੜੀਆਂ ਦਾ ਹੁੰਗਾਰਾ ਕੌਣ ਭਰੇ ਅਤੇ ਕੌਣ ਇਸ ਦੀ ਪੀੜਾ ਹਰੇ, ਜਦ ਇਸ ਦੇ ਟੁੱਟਦੇ ਸਾਹਾਂ ਦੀ ਡੋਰ ਨਿਸ ਦਿਨ ਟੁੱਟਣ ਟੁੱਟਣ ਕਰੇ।
ਦਰਿਆ, ਕੰਢਿਆਂ ਦੇ ਅੰਦਰ ਵਹੇ ਤਾਂ ਜੀਵਨ ਦਾ ਸੂਤਰਧਾਰ ਅਤੇ ਜਦ ਕੰਢਿਆਂ ਤੋਂ ਬੇਪ੍ਰਵਾਹ ਹੋਵੇ ਤਾਂ ਬਰਬਾਦੀ ਦਾ ਵਹਿਸ਼ੀ-ਆਕਾਰ। ਸਮਤੋਲ ਚਲੇ ਤਾਂ ਰਵਾਨੀ ਦਾ ਨਾਂ, ਸ਼ੂਕਣ ਲੱਗ ਪਵੇ ਤਾਂ ਕਿਆਮਤ ਦਾ ਕੁਨਾਂ। ਪਾਕ ਹੋਵੇ ਤਾਂ ਸਾਹਾਂ ਦੀ ਸਾਰੰਗੀ, ਪਲੀਤ ਹੋਵੇ ਤਾਂ ਜਿੰ.ਦਗੀ ਦੀ ਬੇਢੰਗੀ। ਪੈਰ ਪਲੋਸੇ ਤਾਂ ਮਮਤਾਈ ਲੋਰ, ਕੰਢਿਆਂ ਨੂੰ ਖੋਰੇ ਤਾਂ ਮੌਤ ਦਾ ਸ਼ੋਰ। ਸਹਿਜ ‘ਚ ਹੋਵੇ ਤਾਂ ਬੇੜੀ ਲਈ ਤਲ, ਖਰੂਦੀ ਹੋਵੇ ਤਾਂ ਕਬਰ-ਸਥਲ। ਲੱਕ ਲੱਕ ਹੋਵੇ ਤਾਂ ਕੋਮਲ ਛੂਹ, ਡੂੰਘਾ ਹੋਵੇ ਤਾਂ ਕਾਲ ਦਾ ਖੂਹ। ਮਟਕੀਲਾ ਹੋਵੇ ਤਾਂ ਲਹਿਰਾਂ ਦਾ ਗੀਤ, ਛੋਹਲਾ ਹੋਵੇ ਤਾਂ ਮੱਛਰੀ ਨੀਤ।
ਦਰਿਆ ਹਰ ਰੰਗ ਨੂੰ ਜੀਂਦਾ, ਥੀਂਦਾ ਤੇ ਪੀਂਦਾ ਅਤੇ ਹਰ ਰੰਗ ਵਿਚੋਂ ਜੀਵਨੀ ਆਬਸ਼ਾਰ ਨੂੰ ਨਿਰੰਤਰ ਤਾਜਗੀ ਤੇ ਤੋਰ ਬਖਸ਼ਦਾ।
ਦਰਿਆ ਕਦੇ ਮਰਦੇ ਨਹੀਂ। ਵੱਡੇ ਵੱਡੇ ਡੈਮ, ਬੰਨ, ਮੁਹਾਣਾਂ ਨੂੰ ਮੋੜਨ ਦੀਆਂ ਬੇਕਾਰ ਕੋਸ਼ਿਸਾਂ, ਮੌਕਾ ਮਿਲਣ ‘ਤੇ ਆਪਣਾ ਰਸਤਾ ਖੁਦ ਬਣਾਉਂਦੇ ਅਤੇ ਧਰਤੀ ਦੀ ਹਿੱਕ ‘ਤੇ ਨਕਸ਼ ਸਿਰਜਦੇ।
ਦਰਿਆ, ਰਾਜਿਆਂ, ਮਹਾਰਾਜਿਆਂ ਅਤੇ ਸਲਤਨਤਾਂ ਲਈ ਧੌਂਸ ਜਮਾਉਣ ਲਈ ਜੰਗ-ਧਰਾਤਲ। ਪੋਰਸ-ਸਿਕੰਦਰ ਲਈ ਬਿਆਸ ਦਾ ਕੰਢਾ ਹੋਵੇ, ਮਹਾਰਾਜਾ ਰਣਜੀਤ ਸਿੰਘ ਦਾ ਅਟਕ ਦਰਿਆ ਨੂੰ ਠਹਿਰਨ ਦਾ ਹੁਕਮ ਹੋਵੇ ਜਾਂ ਗੁਰੂ ਸਮੇਤ ਸਿੱਖ ਯੋਧਿਆਂ ਦਾ ਸਰਸਾ ਨਦੀ ਦੀ ਉਛਲਦੀ ਹਿੱਕ ਨੂੰ ਚੀਰ ਕੇ ਪਾਰ ਕਰਨ ਦਾ ਜੇਰਾ ਹੋਵੇ।
ਮਨੁੱਖ ਨੇ ਮੁਲਕ ਵੰਡੇ, ਸਰਹੱਦਾਂ ਤੇ ਹੱਦਾਂ ਨਿਰਧਾਰਤ ਕੀਤੀਆਂ। ਪਰ ਕੌਣ ਵੰਡੇਗਾ ਕੁਦਰਤੀ ਨਿਆਮਤੀ-ਸਰੂਪ ਦਰਿਆਵਾਂ ਨੂੰ, ਇਨ੍ਹਾਂ ਦੀ ਕਰਮ-ਧਾਰਨਾ ਨੂੰ, ਧਰਮ-ਬੰਦਗੀ ਨੂੰ ਅਤੇ ਜੀਵਨੀ ਅਕੀਦਤ ਨੂੰ। ਦਰਿਆਵਾਂ ਦੀ ਸਬਰ-ਸਬੂਰੀ, ਸੰਜਮ ਅਤੇ ਸਹਿਜ ਦਾ ਮਨੁੱਖੀ ਸੋਚ ਕਿਵੇਂ ਮੁਕਾਬਲਾ ਕਰੇਗੀ?
ਦਰਿਆ ਵਿਚ ਇਕਮਿਕ ਹੋਏ ਬਾਣੀ ਦੇ ਬੋਲ, ਅੱਲ੍ਹਾ ਦੀ ਅਜ਼ਾਨ ਅਤੇ ਟੱਲੀਆਂ ਦੀਆਂ ਆਵਾਜ਼ਾਂ, ਇਸ ਨੂੰ ਸਦੀਵਤਾ ਅਤੇ ਜੀਵਨ ਬਖਸ਼ਦੇ। ਤਾਹੀਉਂ ਤਾਂ ਬਜੁ.ਰਗ ਦਰਿਆਵਾਂ ਨੂੰ ਪੂਜਦੇ, ਸਦੀਵਤਾ ਦੀ ਦੁਆ ਮੰਗਦੇ ਸਨ। ਖਿਜ਼ਰ ਖਵਾਜ਼ੇ ਨੂੰ ਦਲੀਆ ਵਗੈਰਾ ਚੜ੍ਹਾਉਣਾ, ਬੀਤੇ ਸਮੇਂ ਵਿਚ ਆਮ ਹੁੰਦਾ ਸੀ। ਦਰਅਸਲ ਆਦਿ ਮਨੁੱਖ, ਅਜੋਕੇ ਮਨੁੱਖ ਨਾਲੋਂ ਜ਼ਿਆਦਾ ਸਿਆਣਾ ਤੇ ਕੁਦਰਤ ਦੇ ਵੱਧ ਨੇੜੇ ਸੀ। ਉਹ ਕੁਦਰਤੀ ਨਿਆਮਤਾਂ-ਹਵਾ, ਪਾਣੀ, ਧਰਤੀ, ਅਗਨੀ ਤੇ ਅਸਮਾਨ ਵਿਚੋਂ ਖੁਦ ਦੀ ਹੋਂਦ ਨੂੰ ਕਿਆਸਦਾ ਅਤੇ ਨਿਰਧਾਰਤ ਕਰਦਾ ਸੀ। ਖੁਦ ਵਿਚੋਂ ਕੁਦਰਤ ਨੂੰ ਮਨਫੀ ਕਰਕੇ ਅਸੀਂ ਬਹੁਤ ਕੁਝ ਗਵਾ ਚੁਕੇ ਹਾਂ।
ਦਰਿਆ, ਇਕ ਮੌਲਾ ਮਸਤ ਫਕੀਰ। ਇਸ ਦੀ ਨਿਭਦੀ ਕੰਢਿਆਂ ਸੰਗ ਸੀਰ। ਇਸ ਦੀਆਂ ਰਹਿਮਤਾਂ, ਜੀਵਨ-ਨਾਦ। ਇਸ ਦੀ ਬਰਕਤੀਂ ਜਿੰਦ ਦਾ ਸਾਜ਼। ਲਹਿਰੀਂ ਵੱਸਦਾ ਸੁਗਮ ਸੰਗੀਤ। ਕੰਢੀਂ ਉਗੇ ਪ੍ਰੇਮ ਦੀ ਰੀਤ। ਦਰਿਆ ‘ਤੇ ਚੜ੍ਹੇ ਨਾ ਮਜਹਬਾਂ ਦਾ ਰੰਗ। ਪਾਣੀ ਵਸੇਂਦੀ ਜੀਵਨ-ਉਮੰਗ।
ਇਕ ਦਰਿਆ ਸੋਚ ਦਾ ਜੋ ਅੰਦਰ ਵਗਦਾ। ਕਤਰਾ ਕਤਰਾ ਬਣ ਕਰਮ-ਜੜ੍ਹਾਂ ਨੂੰ ਸਿੰਜਦਾ। ਇਕ ਦਰਿਆ ਬੋਲਾਂ ਵਿਚ ਜੋ ਸੂਰਜ ਬਾਲ ਰਿਹਾ, ਤੇ ਹਨੇਰੀਆਂ ਜੂਹਾਂ ਨੂੰ ਚਾਨਣ ਸੰਗ ਹੰਗਾਲ ਰਿਹਾ। ਇਕ ਦਰਿਆ ਜੋ ਸਾਡੇ ਹਰਫਾਂ ਰਾਹੀਂ ਵਰਕੀਂ ਫੈਲ ਰਿਹਾ। ਹੱਕ-ਸੱਚ ਦਾ ਹੋਕਾ ਬਣ ਜਿੰਦ-ਫਸੀਲ ‘ਤੇ ਟਹਿਲ ਰਿਹਾ। ਇਕ ਦਰਿਆ ਜੋ ਕਰਮਾਂ ਰੱਤਾ ਲਿਬਾਸ ਹੰਢਾ ਰਿਹਾ। ਇਸੇ ਕਰਕੇ ਜੀਵਨੀ ਰੰਗਤ ਦਾ ਸੁੱਚਮ ਝੋਲੀ ਪਿਆ।
ਦਰਿਆ ਲੰਮੇ ਪੈਂਡਿਆਂ ਦੀ ਦਾਸਤਾਨ। ਜੀਵਨ-ਫਲਸਫਾ, ਆਦਿ ਤੋਂ ਅੰਤ ਦਾ ਸਫਰਨਾਮਾ। ਬੂੰਦ-ਸਿਰਜਣਾ ਤੋਂ ਸਮੁੰਦਰ ਵਿਚ ਸਮਾਉਣ ਤੀਕ ਦੀ ਗਾਥਾ। ਖੁਦ ਨੂੰ ਅਭੇਦ ਕਰਨ ਦਾ ਸੁੱਚਾ ਕਰਮ। ਅਭੇਦਤਾ ਵਿਚੋਂ ਹੀ ਪੁਨਰ ਸਿਰਜਣਾ ਤੇ ਪੂਰਨਤਾ ਕਮਾਉਣਾ ਅਤੇ ਖੁਦ ਦੀ ਸਿਰਜਣ ਪ੍ਰਕ੍ਰਿਆ ਦਾ ਧਰਮ ਨਿਭਾਉਣਾ।
ਦਰਿਆ ਵਗਦਾ ਰਹੇ ਤਾਂ ਜੀਵਨ-ਜੋਤ। ਸਿਸਕਣ ਲੱਗ ਪਵੇ ਤਾਂ ਟੁੱਟਦੇ ਸਾਹਾਂ ਦਾ ਸਾਜ਼। ਸਾਹਸੱਤ ਹੀਣ ਪਾਣੀਆਂ ਨੂੰ ਕਿਹੜੇ ਦਰਿਆ ਦਾ ਨਾਮ ਦੇਵੋਗੇ? ਇਸ ਦੀ ਹਿੱਕ ਵਿਚ ਉਗੇ ਬਰੇਤਿਆਂ ਵਿਚ ਪਾਣੀਆਂ ਦੇ ਸੋਗ ਨੂੰ ਕਿੰਜ ਪੁਣੋਗੇ? ਬਰੇਤੇ ਦਾ ਉਗਣਾ ਹੀ ਦਰਿਆ ਦੀ ਮੌਤ ਦਾ ਪੈਗਾਮ। ਸੰਵੇਦਨਸ਼ੀਲ ਲੋਕ ਹੀ ਇਸ ਦਰਦ ਨੂੰ ਸਮਝਣ ਅਤੇ ਦਰਿਆ ਦੀ ਸਲਾਮਤੀ ਲਈ ਸੁਯੋਗ ਯਤਨਾਂ ਜੁਟਾਉਣ ਦੇ ਸਮਰੱਥ।
ਦਰਿਆ ਰਹੇਗਾ ਤਾਂ ਮਨੁੱਖ ਰਹੇਗਾ, ਮਨੁੱਖੀ ਸਰੋਕਾਰ ਜਿੰ.ਦਾ ਰਹਿਣਗੇ, ਮਨੁੱਖੀ ਸਹੂਲਤਾਂ, ਸਾਧਨ ਅਤੇ ਸਦੀਵਤਾ ਰਹੇਗੀ। ਦਰਿਆ ਵਗਦਾ ਰਹੇ ਤਾਂ ਪਾਣੀ-ਲਹਿਰਾਂ ਮਧੁਰ-ਸੰਗੀਤ ਉਪਜਾਉਂਦੀਆਂ ਰਹਿਣਗੀਆਂ। ਪੱਤਣਾਂ ‘ਤੇ ਲੁੱਡਣ ਮਲਾਹ ਮੇਲੇ ਲਾਉਂਦੇ ਰਹਿਣਗੇ। ਕੁੜੀਆਂ-ਚਿੜੀਆਂ ਦਾ ਨਿਰੰਤਰ ਆਵਾਗਵਣ ਬਣਿਆ ਰਹੇਗਾ। ਕੰਢਿਆਂ ‘ਤੇ ਉਗੇ ਬਿਰਖ ਮੌਲਦੇ ਰਹਿਣਗੇ। ਚੌਗਿਰਦੇ ਵਿਚ ਬਨਸਪਤੀ ਨੂੰ ਮੌਲਣ ਲਈ ਮੌਫੀਕ ਮੌਸਮ, ਆਬੋ-ਹਵਾ ਅਤੇ ਨਮੀ ਮਿਲਦੀ ਰਹੇਗੀ। ਰੱਕੜਾਂ ਦੇ ਮਾਤਮ ਨਾਲੋਂ ਪੀਰਾਂ ਵਰਗੇ ਦਰਿਆਵਾਂ ਦੀ ਪਾਕੀਜ਼ਗੀ, ਪਵਿੱਤਰਤਾ ਅਤੇ ਪਰਮ-ਅਰਾਧਨਾ ਕਈ ਦਰਜੇ ਉਚਤਮ।
‘ਤੂ ਦਰੀਆਉ ਸਭ ਤੁਝ ਹੀ ਮਾਹਿ’ ਦੀ ਸਮਝ ਜਦ ਮਨੁੱਖੀ ਸੋਚ ਦਾ ਹਿੱਸਾ ਬਣ ਜਾਵੇ ਤਾਂ ਮਨੁੱਖੀ ਹਉਮੈ ਖਤਮ ਹੋ ਜਾਵੇਗੀ ਅਤੇ ਮਨੁੱਖ ਆਪਣੀ ਔਕਾਤ ਦੇ ਰੂਬਰੂ ਹੋ ਸੁਖਦ ਅਹਿਸਾਸ ਨਾਲ ਭਰ ਜਾਵੇਗਾ।
ਦਰਿਆ, ਮਨੁੱਖ ਦਾ ਮੁੱਢ ਕਦੀਮ ਦਾ ਸਾਥੀ ਅਤੇ ਓੜਕ ਤੱਕ ਸਾਥ ਨਿਭਾਉਂਦਾ। ਮਨੁੱਖ ਦੇ ਫੁੱਲ ਵੀ ਵਗਦੇ ਪਾਣੀਆਂ ਦੇ ਸਪੁਰਦ ਕਰ ਪਰਿਵਾਰ ਅੰਤਿਮ ਰਸਮਾਂ ਦੀ ਪੂਰਤੀ ਕਰਦਾ। ਆਖਰ ਨੂੰ ਪਾਣੀ ਦਾ ਜੀਅ ਪਾਣੀ ਵਿਚ ਹੀ ਸਮਾ ਜਾਂਦਾ।
ਮਨੁੱਖੀ ਫਿਤਰਤ ਇਹ ਸਮਝਣ ਤੋਂ ਅਸਮਰਥ ਕਿ ਜੇ ਦਰਿਆ ਪਲੀਤ ਹੋ ਗਏ, ਬਿਰਖ ਨਾ ਰਹੇ, ਪਰਿੰਦੇ ਉਡਾਰੀ ਮਾਰ ਗਏ ਤਾਂ ਬਨਸਪਤੀ ਤੋਂ ਵਿਰਵੀ ਧਰਤ ‘ਤੇ ਕੀ ਨੋਟ ਖਾ ਕੇ ਜੀਵਿਆ ਜਾ ਸਕਦਾ ਏ?
ਦਰਿਆ ਉਨਾ ਚਿਰ ਹੀ ਵਗਦਾ ਜਦ ਤੱਕ ਉਹ ਆਪਣੇ ਮੂਲ ਨਾਲ ਜੁੜਿਆ ਰਹਿੰਦਾ ਅਤੇ ਮੂਲ ਪ੍ਰਤੀ ਸ਼ੁਕਰਗੁਜ਼ਾਰੀ ਨਾਲ ਭਰਪੂਰ ਰਹਿੰਦਾ। ਉਸ ਨੂੰ ਸਦਾ ਚੇਤੇ ਰਹਿੰਦਾ ਕਿ ਮੂਲ-ਸਰੋਤ ਤੋਂ ਬਗੈਰ ਖੁਦ ਦੀ ਹੋਂਦ ਨੂੰ ਕਿਆਸਣਾ ਅਕਾਰਥ ਏ। ਕੀ ਮਨੁੱਖ ਅਜਿਹਾ ਸੋਚਦਾ ਏ?
ਅੰਤਰੀਵ ਵਿਚ ਵਗਦੇ ਦਰਿਆ ਨੂੰ ਕਦੇ ਗੰਧਲਾ ਨਾ ਕਰੋ। ਇਸ ਨੂੰ ਸੁੱਕਣ ਨਾ ਦਿਓ। ਇਸ ਦੀ ਨਿਰੰਤਰਤਾ ਲਈ ਸੁਹਜ, ਸਿਆਣਪ, ਸੱਚ ਅਤੇ ਸਿਦਕ ਦਾ ਮੀਂਹ ਬਰਸਾਉਂਦੇ ਰਹੋ।
ਦਰਿਆ ਕਦੇ ਰੁਕਦਾ ਨਹੀਂ। ਵਹਿਣ ਵਿਚ ਰੁਕਾਵਟਾਂ ਆਉਣ ‘ਤੇ ਰਸਤਾ ਬਦਲ ਨਵਾਂ ਰਸਤਾ ਬਣਾਉਂਦਾ, ਤੋਰ ਨੂੰ ਬਰਕਰਾਰ ਰੱਖਦਾ। ਦਰਿਆ ਨੂੰ ਕਦੇ ਵੀ ਕਾਹਲ ਨਹੀਂ ਹੁੰਦੀ ਸਮੁੰਦਰ ‘ਚ ਸਮਾਉਣ ਦੀ, ਕਿਉਂਕਿ ਉਸ ਨੂੰ ਪਤਾ ਹੁੰਦਾ ਕਿ ਉਸ ਨੇ ਇਕ ਨਾ ਇਕ ਦਿਨ ਸਮੁੰਦਰ ਵਿਚ ਸਮਾਉਣਾ ਏ। ਕਦੇ ਕਦਾਈਂ ਜ਼ਿੰਦਗੀ ਨੂੰ ਦਰਿਆ ਦਾ ਨਾਮਕਰਨ ਜਰੂਰ ਦੇਣਾ।
ਵਗਦੇ ਦਰਿਆ ਦੇ ਪਾਣੀ, ਤਾਜ਼ਗੀ ਦਾ ਸੁੱਚਾ ਨਾਮ ਜਦ ਕਿ ਖੜ੍ਹੇ ਪਾਣੀ ਬੁੱਸ ਜਾਂਦੇ। ਵਗਦੇ ਪਾਣੀ ਪਿਆਸ ਬੁਝਾਉਂਦੇ, ਬੁੱਸੇ ਪਾਣੀ ਬਿਮਾਰੀਆਂ ਨੂੰ ਸੱਦਾ।
‘ਤਿਨਾ ਦਰਿਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ’ ਅਨੁਸਾਰ ਦਰਿਆਵਾਂ ਵਰਗੇ ਲੋਕ ਹੀ ਦਰਿਆਵਾਂ ਵਰਗੇ ਲੋਕਾਂ ਨਾਲ ਸਾਂਝ ਪਾ ਨਵੇਂ ਮੁਕਾਮ ਹਾਸਲ ਕਰਦੇ।
ਦਰਿਆ ਦੀ ਰਵਾਨੀ, ਸਮੇਂ ਦੀ ਨਿਰੰਤਰ ਗਤੀ। ਕੇਰਾਂ ਲੰਘ ਗਏ ਪਾਣੀ, ਸਮੇਂ ਵਾਂਗ ਕਦੇ ਵਾਪਸ ਨਹੀਂ ਪਰਤਦੇ।
ਠਹਿਰੇ ਹੋਏ ਦਰਿਆ ਹਮੇਸ਼ਾ ਗਹਿਰੇ ਹੁੰਦੇ ਹਨ ਜਦਕਿ ਅਸ਼ਾਂਤ ਦਰਿਆ ਕੰਢਿਆਂ ਨੂੰ ਤੋੜਦੇ, ਅਸ਼ਾਂਤ ਪਲਾਂ ਦੀ ਵਹਿੰਗੀ ਢੋਂਦਿਆਂ ਹੀ ਜੀਵਨ ਪੈਂਡਾ ਖੋਟਾ ਕਰ ਜਾਂਦੇ।
ਦਰਿਆ ਦੇ ਨਿੱਤਰੇ ਪਾਣੀ ਪਾਕੀਜ਼ਗੀ ਦਾ ਪ੍ਰਮਾਣ ਜਦਕਿ ਗੰਧਲੇ ਪਾਣੀ ਮਲੀਨਤਾ ਦੀ ਗਵਾਹੀ। ਨਿੱਤਰੇ ਪਾਣੀਆਂ ਵਰਗੀ ਫਿਤਰਤ, ਮਨੁੱਖ ਦੀ ਹਾਣੀ ਹੋ ਜਾਵੇ ਤਾਂ ਜੀਵਨ-ਅਰਥਾਂ ਦਾ ਦੀਵਾ ਹਮੇਸ਼ਾ ਜਗਦਾ ਰਹਿੰਦਾ।
ਦਰਿਆ ਵਰਗੀ ਦਰਿਆ-ਦਿਲੀ ਤੇ ਰਵਾਨੀ ਅਤੇ ਅਪਣੱਤ ਤੇ ਬੇਪ੍ਰਵਾਹੀ ਨੂੰ ਜੀਵਨ ਧਰਾਤਲ ਦਾ ਨਾਮਕਰਣ ਦੇਈਏ ਤਾਂ ਜੀਵਨ-ਜੋਤ ਨੂੰ ਯੁੱਗ ਜਿਉਣ ਦਾ ਵਰਦਾਨ ਮਿਲੇਗਾ।
ਤੁਸੀਂ ਇਸ ਬਾਰੇ ਕਿੰਜ ਸੋਚਦੇ ਹੋ? ਦੱਸਣਾ ਜਰੂਰ।