ਰੋਜ਼ ਅਤੇ ਗੁਲਾਬ

ਬਲਜੀਤ ਬਾਸੀ
ਅੱਜ ਕਲ੍ਹ ਦੀ ਪੀੜ੍ਹੀ ਕਿੱਥੇ ਗੁਲਾਬ ਸ਼ਬਦ ਨੂੰ ਪਸੰਦ ਕਰਦੀ ਹੈ, ਉਸ ਲਈ ਤਾਂ ਗੁਲਾਬ ਹੈ ਰੋਜ਼ ਤੇ ਮਹਿਬੂਬ ਗੁਲਾਬੂ ਜਾਂ ਗੁਲਾਬੋ ਨਹੀਂ, ਰੋਜ਼ੀ ਹੈ। ਪਰ ਜ਼ਰਾ ਠਹਿਰੋ…!
ਗੁਲਾਬ ਨੂੰ ਫੁੱਲਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਇਕ ਪੌਰਾਣਿਕ ਕਥਾ ਅਨੁਸਾਰ ਸ੍ਰਿਸ਼ਟੀ ਦੇ ਸਿਰਜਣਹਾਰ ਬ੍ਰਹਮਾ ਤੇ ਜਗਤ ਦੇ ਪਾਲਣਹਾਰ ਵਿਸ਼ਨੂੰ ਵਿਚਕਾਰ ਇੱਕ ਵਾਰ ਇਸ ਗੱਲ ‘ਤੇ ਵਿਵਾਦ ਹੋ ਗਿਆ ਕਿ ਕਮਲ ਅਤੇ ਗੁਲਾਬ ਵਿਚੋਂ ਕਿਹੜਾ ਫੁੱਲ ਸੁਹਣੇਰਾ ਹੈ।

ਵਿਸ਼ਨੂੰ ਡਟ ਕੇ ਗੁਲਾਬ ਦੇ ਪੱਖ ਵਿਚ ਸੀ। ਉਧਰ ਬ੍ਰਹਮਾ ਨੇ ਕਦੇ ਗੁਲਾਬ ਦਾ ਫੁੱਲ ਦੇਖਿਆ ਹੀ ਨਹੀਂ ਸੀ, ਸੋ ਉਸ ਨੇ ਕਮਲ ਨੂੰ ਸੁਹਣੇਰਾ ਦੱਸਿਆ। ਜਦ ਵਿਸ਼ਨੂੰ ਨੇ ਬ੍ਰਹਮਾ ਨੂੰ ਗੁਲਾਬ ਦਾ ਫੁੱਲ ਦਿਖਾਇਆ ਤਾਂ ਚਕਾਚੌਂਧ ਹੁੰਦਿਆਂ ਉਸ ਨੂੰ ਆਪਣੇ ਪੈਂਤੜੇ ਤੋਂ ਪਿੱਛੇ ਹਟਣਾ ਪਿਆ। ਕਹਿੰਦੇ ਹਨ, ਬ੍ਰਹਮਾ ਨੇ 108 ਛੋਟੀਆਂ ਤੇ 1008 ਵੱਡੀਆਂ ਪੰਖੜੀਆਂ ਵਾਲੇ ਗੁਲਾਬ ਤੋਂ ਲਕਸ਼ਮੀ ਨਾਂ ਦੀ ਦੇਵੀ ਦੀ ਸਿਰਜਣਾ ਕੀਤੀ ਅਤੇ ਇਨਾਮ ਵਜੋਂ ਵਿਸ਼ਨੂੰ ਨੂੰ ਭੇਟ ਕੀਤੀ, ਜੋ ਉਸ ਦੀ ਦੁਲਹਨ ਬਣੀ। ਐਵੇਂ ਨਹੀਂ ਇਸਤਰੀ ਦੇ ਹੁਸਨ, ਰੰਗਤ ਅਤੇ ਨਜ਼ਾਕਤ ਦੀ ਤੁਲਨਾ ਗੁਲਾਬ ਨਾਲ ਕੀਤੀ ਜਾਂਦੀ। ਇਸ ਕਥਾ ਤੋਂ ਇਉਂ ਵੀ ਲਗਦਾ ਹੈ ਕਿ ਭਾਰਤ ਵਿਚ ਗੁਲਾਬ ਦਾ ਫੁੱਲ ਬਹੁਤ ਬਾਅਦ ਵਿਚ ਆਇਆ ਹੋਵੇਗਾ।
ਗੁਲਾਬ ਦਾ ਪੌਦਾ ਭਾਵੇਂ ਕਰੋੜਾਂ ਸਾਲਾਂ ਤੋਂ ਖੁਦਰੌ ਰੂਪ ਵਿਚ ਉਗਦਾ ਰਿਹਾ ਪਰ ਇਸ ਦੀ ਕਾਸ਼ਤ ਕੋਈ ਪੰਜ ਹਜ਼ਾਰ ਸਾਲ ਪਹਿਲਾਂ ਏਸ਼ੀਆ ਵਿਚ ਹੀ ਸ਼ੁਰੂ ਹੋਈ। ਅੱਜ ਕੁਝ ਇਕ ਪੰਖੜੀਆਂ ਤੋਂ ਲੈ ਕੇ ਅਨੇਕਾਂ ਪੰਖੜੀਆਂ ਵਾਲੇ ਭਰਪੂਰ ਗੁਲਾਬ ਮਿਲਦੇ ਹਨ। ਇਸ ਦੀਆਂ ਹਜ਼ਾਰਾਂ ਕਿਸਮਾਂ ਅਤੇ ਚਿੱਟੇ ਤੋਂ ਲੈ ਕੇ ਕਾਲੇ ਤੱਕ, ਦਰਜਨਾਂ ਰੰਗ ਹਨ। ਬਨਸਪਤੀ-ਵਿਗਿਆਨ ਵਿਚ ਕਈ ਪੌਦਿਆਂ ਦੀਆਂ ਜਾਤੀਆਂ-ਪ੍ਰਜਾਤੀਆਂ ਵਿਚ ਨਿਸਚਿਤਤਾ ਨਹੀਂ ਹੁੰਦੀ। ਅਜਿਹਾ ਘੜਮੱਸ ਕੁਝ ਹੱਦ ਤੀਕ ਗੁਲਾਬ ਦੀਆਂ ਦੱਸੀਆਂ ਜਾਂਦੀਆਂ ਕਿਸਮਾਂ ਬਾਰੇ ਵੀ ਹੈ। ਪਰ ਸਾਡਾ ਆਸ਼ਾ ਗੁਲਾਬ ਸ਼ਬਦ ਵੱਲ ਹੈ।
ਸਦੀਆਂ ਤੋਂ ਹੀ ਫੁੱਲ ਇਸਤਰੀ-ਪੁਰਸ਼ ਦੇ ਰਤੀ ਪਿਆਰ ਦੀ ਨਿਸ਼ਾਨੀ ਵਜੋਂ ਭੇਟ ਕੀਤੇ ਜਾਂਦੇ ਰਹੇ ਹਨ। ਧਾਰਮਕ ਸ਼ਰਧਾ ਪ੍ਰਗਟਾਉਣ ਲਈ ਵੀ ਫੁੱਲ ਆਪਣੇ ਆਪਣੇ ਇਸ਼ਟ ਅੱਗੇ ਭੇਟ ਕੀਤੇ ਜਾਂਦੇ ਰਹੇ ਹਨ। ਫੁੱਲਾਂ ਦੇ ਹਾਰ ਪਰੋ ਕੇ ਸਤਿਕਾਰਤ ਵਿਅਕਤੀਆਂ ਦੇ ਗਲ ਵਿਚ ਪਾਏ ਜਾਂਦੇ ਹਨ। ਸਜਾਵਟ ਵਜੋਂ ਘਰਾਂ ਤੇ ਹੋਰ ਇਮਾਰਤਾਂ ਵਿਚ ਫੁੱਲ ਉਗਾਏ ਜਾਂਦੇ ਹਨ ਅਤੇ ਗੁਲਦਸਤੇ ਬਣਾ ਕੇ ਰੱਖੇ ਜਾਂਦੇ ਹਨ। ਕਹਿਣਾ ਪਵੇਗਾ ਕਿ ਆਪਣੀ ਨਾਸਾਂ-ਖੋਲ੍ਹ ਮਹਿਕ ਕਾਰਨ ਗੁਲਾਬ ਦਾ ਫੁੱਲ ਹੀ ਹੈ ਜੋ ਸਭ ਤੋਂ ਵਧ ਭਾਵਨਾਵਾਂ ਦੀ ਸ਼ਿੱਦਤ ਪ੍ਰਗਟ ਕਰਦਾ ਹੈ। ਗੁਲਾਬ ਤੋਂ ਗੁਲਕੰਦ, ਗੁਲਾਲ, ਅਤਰ ਫਲੇਲ, ਅਰਕ ਗੁਲਾਬ ਅਤੇ ਹੋਰ ਉਪਯੋਗੀ ਵਸਤਾਂ ਅਤੇ ਔਸ਼ਧੀਆਂ ਤਿਆਰ ਕੀਤੀਆ ਜਾਂਦੀਆਂ ਹਨ। ਰਾਣੀਆਂ ਮਹਾਰਾਣੀਆਂ ਗੁਲਾਬ ਦੇ ਫੁੱਲਾਂ ਵਾਲੇ ਪਾਣੀ ਵਿਚ ਨਹਾਇਆ ਕਰਦੀਆਂ ਸਨ। ਮਹਾਰਾਜਿਆਂ ਵਲੋਂ ਗੁਲਾਬ ਦੀ ਏਨੀ ਮੰਗ ਕਾਰਨ ਰੋਮਨ ਸਾਮਰਾਜ ਦੇ ਕਿਸਾਨਾਂ ਨੂੰ ਖਾਧ ਉਤਪਾਦਾਂ ਦੀ ਥਾਂ ਗੁਲਾਬ ਉਗਾਉਣ ‘ਤੇ ਮਜਬੂਰ ਕੀਤਾ ਜਾਂਦਾ ਸੀ। ਸਤਾਰਵੀਂ ਸਦੀ ਦੌਰਾਨ ਯੂਰਪ ਵਿਚ ਗੁਲਾਬ ਨੂੰ ਮੁਦਰਾ ਵਜੋਂ ਵੀ ਵਰਤਿਆ ਜਾਂਦਾ ਸੀ।
ਗੁਲਾਬ ਤੋਂ ਗੁਲਾਬ ਸਿੰਘ, ਗੁਲਾਬਾ, ਗੁਲਾਬੂ, ਗੁਲਾਬੋ ਆਦਿ ਨਾਂ ਵੀ ਰੱਖੇ ਜਾਂਦੇ ਹਨ, “ਮੈਂ ਮਾਝੇ ਦੀ ਜੱਟੀ ਗੁਲਾਬੂ ਨਿੱਕਾ ਜਿਹਾ।” ਗੁਲਾਬ ਦਾਸ ਨਾਂ ਦੇ ਇੱਕ ਮਸ਼ਹੂਰ ਨਿਰਮਲੇ ਸਾਧੂ ਹੋਏ ਹਨ। ਗੁਲਾਬ ਸ਼ਾਇਰਾਂ ਦਾ ਮਨਪਸੰਦ ਸ਼ਬਦ ਰਿਹਾ ਹੈ। ਵਾਰਿਸ ਸ਼ਾਹ ਨੇ ਤਾਂ ਆਪਣੇ ਸ਼ਿਅਰਾਂ ਦੀ ਖੂਬਸੂਰਤ ਜੜਤ ਨੂੰ ਗੁਲਾਬ ਦੇ ਰੂਪਕ ਨਾਲ ਪ੍ਰਸਤੁਤ ਕੀਤਾ ਹੈ,
ਹੁਕਮ ਮੰਨ ਕੇ ਸੱਜਣਾਂ ਪਿਆਰਿਆਂ ਦਾ
ਕਿੱਸਾ ਅਜਬ ਬਹਾਰ ਦਾ ਜੋੜਿਆ ਏ।
ਫਿਕਰਾ ਜੋੜ ਕੇ ਖੂਬ ਦਰੁਸਤ ਕੀਤਾ
ਨਵਾਂ ਫੁੱਲ ਗੁਲਾਬ ਦਾ ਤੋੜਿਆ ਏ।
ਬਹੁਤ ਜੀਵ ਦੇ ਵਿਚ ਤਦਬੀਰ ਕਰ ਕੇ
ਫਰਹਾਦ ਪਹਾੜ ਨੂੰ ਫੋੜਿਆ ਏ।
ਸਭਾ ਵੀਣ ਕੇ ਜ਼ੇਬ ਬਣਾ ਦਿੱਤਾ
ਜਿਹਾ ਇਤਰ ਗੁਲਾਬ ਨਚੋੜਿਆ ਏ।
ਭਾਈ ਵੀਰ ਸਿੰਘ ਨੇ ‘ਹੱਟ ਮਹਿਕ ਦੀ’ ਲਾਉਣ ਵਾਲੇ ਨੂੰ ਗੁਲਾਬ ਦਾ ਫੁੱਲ ਨਾ ਤੋੜਨ ਦੀ ਸਿਖਿਆ ਦਿੱਤੀ ਹੈ।
ਔਰਤ ਜਾਤੀ ਦਾ ਚਹੇਤਾ ਸ਼ਾਇਰ ਸ਼ਿਵ ਕੁਮਾਰ ਭਲਾ ਕਿਵੇਂ ਨਾ ਇਹ ਸ਼ਬਦ ਵਰਤਦਾ,
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਰੰਗ ਗੋਰਾ ਗੁਲਾਬ ਲੈ ਬੈਠਾ।
ਗੋਰਾ ਗੁਲਾਬ? ਕਦੇ ਨਹੀਂ ਸੁਣਿਆ। ਗੁਲਾਬ ਭਾਵੇਂ ਚਿੱਟੇ ਰੰਗ ਦਾ ਵੀ ਹੁੰਦਾ ਹੈ ਪਰ ਕਵਿਤਾ ਵਿਚ ਆਮ ਤੌਰ ‘ਤੇ ਗੁਲਾਬੀ ਗੁਲਾਬ ਹੀ ਚਲਦਾ ਹੈ। ਗੁਲਾਬੀ ਸ਼ਬਦ ਦਾ ਅਰਥ ਹੀ ਪਿੰਕ (ਫਨਿਕ) ਹੈ। ਖੈਰ, ਤਿੰਨ ਗੱਗਿਆਂ ਦੇ ਅਨੁਪ੍ਰਾਸ ਤੇ ਸ਼ਬਾਬ ਨਾਲ ਤੁਕਾਂਤ ਦਾ ਮਸਲਾ ਵੀ ਹੋਣਾ ਹੈ। ਕਵੀ ਦੀ ਕਲਮ ਨੂੰ ਕੌਣ ਫੜ੍ਹ ਸਕਦਾ ਹੈ?
ਗੁਲਾਬ ਫੁੱਲ ਦੀ ਤਾਰੀਫ ਬਹੁਤ ਹੋ ਗਈ, ਹੁਣ ਜ਼ਰਾ ਗੁਲਾਬ ਸ਼ਬਦ ਵੱਲ ਆਈਏ। ਪੰਜਾਬੀ ਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਇਹ ਸ਼ਬਦ ਫਾਰਸੀ ਵਲੋਂ ਆਇਆ ਹੈ। ਇਹ ਗੁਲ+ਆਬ ਤੋਂ ਬਣਿਆ ਹੈ ਜਿਸ ਵਿਚ ਗੁੱਲ ਦਾ ਅਰਥ ਫੁੱਲ ਹੈ ਤੇ ਆਬ ਦਾ ਪਾਣੀ। ਫਾਰਸੀ ਤੇ ਅੱਗੇ ਉਰਦੂ ਵਿਚ ਵੀ ਭਾਵੇਂ ਗੁਲ ਸ਼ਬਦ ਆਮ ਤੌਰ ‘ਤੇ ਫੁੱਲ ਲਈ ਹੀ ਵਰਤਿਆ ਮਿਲਦਾ ਹੈ ਪਰ ਇਹ ਗੁਲਾਬ ਲਈ ਵੀ ਰੂੜ੍ਹ ਹੋ ਗਿਆ ਹੈ। ਉਂਜ ਫਾਰਸੀ ਵਿਚ ਗੁਲਾਬ ਨੂੰ ਆਮ ਕਰਕੇ ਗੁਲ ਸੁਰਖ ਕਿਹਾ ਜਾਂਦਾ ਹੈ। ਜਿਵੇਂ ਇਸ ਦੇ ਸ਼ਾਬਦਿਕ ਅਰਥ ਤੋਂ ਪ੍ਰਗਟ ਹੈ, ਗੁਲਾਬ ਦੇ ਫੁੱਲਾਂ ਵਾਲੇ ਪਾਣੀ ਨੂੰ ਵੀ ਗੁਲਾਬ ਕਿਹਾ ਜਾਂਦਾ ਹੈ। ਦੀਵੇ ਆਦਿ ਦੀ ਬੱਤੀ ਦੇ ਉਤਲੇ ਜਲੇ ਹੋਏ ਭਾਗ ਨੂੰ ਗੁੱਲ ਆਖਿਆ ਜਾਂਦਾ ਹੈ। ‘ਦੀਵਾ ਗੁੱਲ ਹੋ ਜਾਣਾ’ ਮੁਹਾਵਰੇ ਦਾ ਅਰਥ ਹੈ, ਸਤਿਆਨਾਸ ਹੋ ਜਾਣਾ। ਚਿਲਮ ਵਿਚ ਜਲ ਚੁਕੇ ਤਮਾਖੂ ਦੀ ਸਵਾਹ ਨੂੰ ਵੀ ਫੁੱਲ ਕਿਹਾ ਜਾਂਦਾ ਹੈ। ਸਾਡੀ ਭਾਸ਼ਾ ਵਿਚ ਅਸਥੀਆਂ ਨੂੰ ਫੁੱਲ ਕਿਹਾ ਜਾਂਦਾ ਹੈ। ਸ਼ਾਇਦ ਫਾਰਸੀ ਦਾ ਅਸਰ ਹੋਵੇ।
ਫੁੱਲ ਦੇ ਅਰਥ ਵਜੋਂ ਗੁੱਲ ਨਾਲ ਲਗ ਕੇ ਬਣਦੇ ਕੁਝ ਸੰਯੁਕਤ ਸ਼ਬਦਾਂ ਦੀ ਥੋੜ੍ਹੀ ਚਰਚਾ ਕਰ ਲਈਏ। ਅਨਾਰ ਦੇ ਫੁੱਲ ਨੂੰ ਗੁਲਾਨਾਰ ਕਿਹਾ ਜਾਂਦਾ ਹੈ ਜਿਸ ਕਰਕੇ ਇਸ ਦੇ ਫੁੱਲ ਦਾ ਅਰਗਵਾਨੀ ਰੰਗ ਗੁਲਨਾਰੀ ਕਹਾਉਂਦਾ ਹੈ, ‘ਲੈ ਦੇ ਰੇਸ਼ਮੀ ਦੁਪੱਟਾ ਨਾਲੇ ਸੂਟ ਸਵਾਦੇ ਗੁਲਾਨਾਰੀ।’ ਗੁਲਚੀਨ ਹੁੰਦਾ ਹੈ, ਫੁੱਲ ਤੋੜਨ ਵਾਲਾ, ਇਸ ਦਾ ਵਿਸਤ੍ਰਿਤ ਅਰਥ ਹੈ, ਤਮਾਸ਼ਾ ਦੇਖਣ ਵਾਲਾ। ਗੁਲਦਾਉਦੀ ਚਿੱਟੇ ਤੇ ਹੋਰ ਰੰਗਾਂ ਵਾਲੇ ਇਕ ਫੁੱਲ ਦਾ ਨਾਂ ਹੈ। ਫਾਰਸੀ ਵਿਚ ਗੁਲਕਾਰ ਹੁੰਦਾ ਹੈ, ਫੁੱਲ ਬੂਟਿਆਂ ਦੀ ਨਕਾਸ਼ੀ ਕਰਨ ਵਾਲਾ। ਅਜਿਹੀ ਕਲਾ ਦਾ ਨਾਂ ਗੁਲਕਾਰੀ ਹੈ ਜਿਸ ਦੀ ਨਕਲ ‘ਤੇ ਪੰਜਾਬੀ ਫੁਲਕਾਰੀ ਸ਼ਬਦ ਬਣਿਆ। ਯਾਦ ਰਹੇ, ਪੰਜਾਬ ਦੀ ਫੁਲਕਾਰੀ ਕਲਾ ਇਰਾਨ ਤੋਂ ਆਈ ਹੈ। ਹੋਰ ਜਾਣੇ-ਪਛਾਣੇ ਸ਼ਬਦ ਹਨ: ਗੁਲਦਸਤਾ, ਗੁਲਜ਼ਾਰ, ਗੁਲਸ਼ਨ, ਗੁਲਬਦਨ, ਗੁਲਫਾਮ।
ਫਾਰਸੀ ਵਿਚ ਗੁਲਾਬੀ ਵਿਸ਼ੇਸ਼ਣ ਦਾ ਅਰਥ ਫੁੱਲਾਂ ਨਾਲ ਸਬੰਧਤ ਵੀ ਹੈ ਤੇ ਗੁਲਾਬ ਨਾਲ ਸਬੰਧਤ ਵੀ। ਨਾਂਵ ਵਜੋਂ ਗੁਲਾਬ ਦੇ ਫੁੱਲ ਜਾਂ ਸ਼ਰਾਬ ਰੱਖਣ ਵਾਲੀ ਸੁਰਾਹੀ ਨੂੰ ਗੁਲਾਬੀ ਕਿਹਾ ਜਾਂਦਾ ਹੈ, ਕਹਿ ਲਵੋ ਫੁੱਲਦਾਨ। ਮੈਨੂੰ ਖਿਆਲ ਆਉਂਦਾ ਹੈ, ਪੰਜਾਬੀ ਵਿਚ ਥੋੜ੍ਹੇ ਨਸ਼ਈ ਲਈ ਗੁਲਾਬੀ ਸ਼ਬਦ ਵੀ ਚਲਦਾ ਹੈ। ਗੁਰੂਆਂ ਨੇ ਸੁਰਖ ਰੰਗ ਲਈ ਗੁਲਾਲ ਸ਼ਬਦ ਦੀ ਵਰਤੋਂ ਕੀਤੀ ਹੈ, “ਲਾਲੁ ਗੁਲਾਲੁ ਗਹਬਰਾ ਸਚਾ ਰੰਗ॥” (ਗਰੂ ਨਾਨਕ ਦੇਵ) ਅਤੇ ‘ਪ੍ਰੀਤਮ ਭਾਨੀ ਤਾ ਰੰਗਿ ਗੁਲਾਲ॥’ (ਗੁਰੂ ਅਰਜਨ ਦੇਵ)।
ਪੰਜਾਬੀ ਵਿਚ ਇੱਕ ਕਹਾਵਤ ਹੈ, ਨਾਂ ਵਿਚ ਕੀ ਰੱਖਿਆ ਹੈ। ਇਸ ਦੇ ਸਮਾਨੰਤਰ ਸ਼ੇਕਸਪੀਅਰ ਦਾ ਵਾਕ ‘ਰੋਜ਼ ਦਾ ਚਾਹੇ ਕੋਈ ਵੀ ਨਾਂ ਹੋਵੇ, ਇਸ ਦੀ ਖੁਸ਼ਬੂ ਓਨੀ ਹੀ ਮਧੁਰ ਹੋਵੇਗੀ’ ਰੱਖਿਆ ਜਾ ਸਕਦਾ ਹੈ। ਇਸ ਵਾਕ ਬਾਰੇ ਸ਼ਾਇਦ ਦੁਨੀਆਂ ਭਰ ਦੀਆਂ ਬੋਲੀਆਂ ਵਿਚ ਹਜ਼ਾਰਾਂ ਲੇਖ ਲਿਖੇ ਜਾ ਚੁਕੇ ਹਨ। ਬਹੁਤ ਹੀ ਸਾਧਾਰਨ ਤੇ ਸਵੈ-ਸਿੱਧ ਜਿਹਾ ਕਥਨ ਹੈ ਪਰ ਇਸ ਵਿਚਲੀ ਸੱਚਾਈ ਕੋਸ਼ਕਾਰੀ ਦੀ ਚੂਲ ਹੈ। ਖੁਦ ਹੀ ਪਰਖ ਲਓ: ਹੱਥ ਵਿਚ ਗੁਲਾਬ ਫੜ੍ਹ ਕੇ ਇਸ ਨੂੰ ਉਚੀ ਦੇ ਕੇ ‘ਗੋਹਾ’ ਕਹੋ ਤੇ ਫਿਰ ਇਸ ਨੂੰ ਸੁੰਘੋ, ਪਿਆ ਕੋਈ ਫਰਕ ਇਸ ਦੀ ਮਹਿਕ ਤੇ ਟਹਿਕ ਵਿਚ? ਦੁਨੀਆਂ ਦੀਆਂ ਹੋਰ ਬੇਸ਼ੁਮਾਰ ਭਾਸ਼ਾਵਾਂ ਵਿਚ ਗੁਲਾਬ ਲਈ ਹੋਰ ਸ਼ਬਦ ਹੋਣਗੇ ਪਰ ਕੋਈ ਵੀ ਸ਼ਬਦ ਇਸ ਦੀ ਆਭਾ ਘਟਾ ਨਹੀਂ ਸਕਦਾ।
ਨਵੀਂ ਪੀੜ੍ਹੀ ਦੇ ਪਿੱਛੇ ਲੱਗ ਕੇ ਗੁਲਾਬ ਲਈ ਭਾਵੇਂ ਇਸ ਤੋਂ ਬਹੁਤ ਵੱਖਰੀ ਧੁਨੀ ਵਾਲਾ ਅੰਗਰੇਜ਼ੀ ਸ਼ਬਦ ਰੋਜ਼ ਵਰਤ ਲਈਏ ਪਰ ਨਿਰੁਕਤਕਾਰਾਂ ਨੇ ਦੋਹਾਂ ਸ਼ਬਦਾਂ ਦੀ ਜੜ੍ਹ ਇਕ ਹੀ ਲੱਭੀ ਹੈ। ਚਲੋ, ਇਹ ਜੜ੍ਹ ਫਰੋਲੀਏ। ਅੰਗਰੇਜ਼ੀ ਦਾ ਰੋਜ਼ ਸ਼ਬਦ ਲਾਤੀਨੀ ਰੋਸਾ ਤੋਂ ਵਿਉਤਪਤ ਹੋਇਆ ਹੈ। ਬਹੁਤ ਸਾਰੀਆਂ ਯੂਰਪੀ ਆਰੀਆਈ ਭਾਸ਼ਾਵਾਂ ਜਿਵੇਂ ਫਰਾਂਸੀਸੀ, ਇਤਾਲਵੀ, ਸਪੈਨਿਸ਼, ਡੱਚ, ਜਰਮਨ, ਸਵੀਡਿਸ਼, ਸਰਬੋ-ਕਰੋਸ਼ੀਅਨ, ਰੂਸੀ, ਲਿਥੂਏਨੀਅਨ, ਆਇਰਿਸ਼, ਵੈਲਸ਼ ਆਦਿ ਵਿਚ ਰੋਜ਼ ਨਾਲ ਰਲਦੀ-ਮਿਲਦੀ ਧੁਨੀ ਵਾਲੇ ਸ਼ਬਦ ਹਨ। ਇਕ ਵਿਚਾਰ ਹੈ ਕਿ ਇਹ ਸ਼ਬਦ ਲਾਤੀਨੀ ਤੋਂ ਗਰੀਕ ਵਿਚ ਇਸ ਦੇ ਰੂਪ ‘ਰਹੋਦੋਨ’ ਤੋਂ ਇਤਾਲਵੀ ਵਿਚ ਦੀ ਹੁੰਦਾ ਹੋਇਆ ਅੰਗਰੇਜ਼ੀ ਵਿਚ ਪੁੱਜਾ। ਇਸ ਦਾ ਅੰਤਮ ਸ੍ਰੋਤ ਪੁਰਾਣੀ ਫਾਰਸੀ ਦੇ ਧਾਤੂ ‘ਵਰਦਾ’ ਨੂੰ ਮੰਨਿਆ ਗਿਆ ਹੈ। ਕੋਸ਼ਕਾਰ ਬੀਕਸ ਦਾ ਵਿਚਾਰ ਹੈ ਕਿ ਇਹ ਸ਼ਬਦ ਨਿਸ਼ਚੇ ਹੀ ਪੂਰਬ ਤੋਂ ਉਧਾਰਾ ਲਿਆ ਗਿਆ ਹੈ। ਆਰਮੀਨਅਨ ਵਿਚ ਇਸ ਸ਼ਬਦ ਦਾ ਰੂਪ ਹੈ, ਵਰਦ ਜੋ ਪੁਰਾਣੀ ਫਾਰਸੀ ਦੇ ਵਰਦਾ ਤੋਂ ਹੀ ਲਿਆ ਗਿਆ ਹੋਵੇਗਾ।
ਪ੍ਰਾਚੀਨ ਵਿਚ ਗੁਲਾਬ ਮਕਦੂਨੀਅਨ, ਥਰੇਸ਼ੀਅਨ ਅਤੇ ਫਾਰਸੀ ਬੋਲੀਆਂ ਜਾਂਦੀਆਂ ਜ਼ਬਾਨਾਂ ਦੇ ਇਲਾਕਿਆਂ ਵਿਚ ਉਗਾਇਆ ਜਾਂਦਾ ਸੀ। ਇਨ੍ਹਾਂ ਸ੍ਰੋਤਾਂ ਤੋਂ ਹੀ ਇਹ ਸ਼ਬਦ ਲਾਤੀਨੀ-ਗਰੀਕ ਵਿਚ ਪੁੱਜਾ ਹੋਵੇਗਾ। ਅਰਮਾਇਕ ਭਾਸ਼ਾ ਵਿਚ ਗੁਲਾਬ ਲਈ ਵਰਤਿਆ ਜਾਂਦਾ ਸ਼ਬਦ ਫਾਰਸੀ ਸ਼ਬਦ ਦਾ ਸਜਾਤੀ ਹੈ। ਅੱਜ ਕਲ੍ਹ ਫਾਰਸੀ ਵਿਚ ਵਰਤਿਆ ਜਾਂਦਾ ਗੁਲ ਸ਼ਬਦ ਇਸੇ ਵਰਦ ਸ਼ਬਦ ਦਾ ਹੀ ਵਿਕਸਿਤ ਰੂਪ ਹੈ। ਮੁੱਕਦੀ ਗੱਲ ਇਹ ਹੈ ਕਿ ਮੁਢਲੇ ਸ਼ਬਦ ਵਰਦ ਵਿਚੋਂ ‘ਦ’ ਧੁਨੀ ਅਲੋਪ ਹੋਣ ਨਾਲ ‘ਵਰ’ ਹਥਿਆਉਂਦਾ ਹੈ। ਫਾਰਸੀ ਦੇ ਧੁਨੀ ਵਿਕਾਸ ਨਿਯਮਾਂ ਅਨੁਸਾਰ ‘ਵਰ’ ਦੀ ‘ਵ’ ਧੁਨੀ ‘ਗ’ ਵਿਚ ਬਦਲ ਜਾਂਦੀ ਹੈ ਤੇ ‘ਰ’ ਧੁਨੀ ‘ਲ’ ਵਿਚ ਅਤੇ ਹਾਸਿਲ ਹੁੰਦਾ ਹੈ, ਗਲ ਜਾਂ ਗੁਲ ਜਿਹਾ ਸ਼ਬਦ।
ਦੂਜੇ ਪਾਸੇ ਯੂਰਪ ਵੱਲ ਜਾਂਦਿਆਂ ‘ਵਰਦ’ ਸ਼ਬਦ ਦੀ ‘ਵ’ ਧੁਨੀ ਅਲੋਪ ਹੋਣ ਨਾਲ ਰਦ ਸ਼ਬਦ ਸਾਹਮਣੇ ਆਉਂਦਾ ਹੈ ਤੇ ਰਦ ਦੀ ‘ਦ’ ਧੁਨੀ ‘ਸ’ ਵਿਚ ਬਦਲ ਜਾਂਦੀ ਹੈ। ਸੋ ਲਾਤੀਨੀ ਰੋਸ ਜਿਹਾ ਸ਼ਬਦ ਸਾਹਮਣੇ ਆਉਂਦਾ ਹੈ ਜੋ ਅੰਗਰੇਜ਼ੀ ਵਿਚ ਆ ਕੇ ਰੋਜ਼ ਬਣ ਜਾਂਦਾ ਹੈ। ਜੋ ਪਾਠਕ ਇਸ ਵਿਆਖਿਆ ਨੂੰ ਹਜ਼ਮ ਨਹੀਂ ਕਰ ਸਕਦੇ, ਉਹ ਗੁਲਕੰਦ ਖਾ ਲੈਣ, ਨਿਰੁਕਤਕਾਰਾਂ ਦੀ ਇਹੋ ਰਾਇ ਹੈ।
…ਸੋ ਹੁਣ ਰੋਜ਼ੀ ਨੂੰ ਗੁਲਾਬੋ ਕਹਿਣ ‘ਤੇ ਨੱਕ-ਬੁੱਲ੍ਹ ਅਟੇਰਨ ਵਾਲੇ ਨੌਜਵਾਨਾਂ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ, ਦੋਹਾਂ ਸ਼ਬਦਾਂ ਦਾ ਮੂਲ ਇੱਕੋ ਹੈ।